Panthak News : ਸਿੱਖ ਡਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਤੋਂ
Published : Sep 4, 2024, 9:36 am IST
Updated : Sep 4, 2024, 9:36 am IST
SHARE ARTICLE
Guru Granth Sahib Panthak News
Guru Granth Sahib Panthak News

Panthak News : ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

Guru Granth Sahib Panthak News: ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਘਰ ਫੁੱਲਾਂ ਨਾਲ ਸਜਾਏ ਗਏ ਹਨ ਤੇ ਟੈਂਟ ਵਾਲੇ ਭਾਈ ਰੰਗ-ਬਿਰੰਗੇ ਟੈਂਟ ਤੇ ਰੰਗ-ਬਰੰਗੀਆਂ ਲੜੀਆਂ, ਝੁੰਮਰ ਤੇ ਹੋਰ ਸਜਾਵਟੀ ਸਮਾਨ ਲਗਾ ਕੇ ਸੰਗਤਾਂ ਦੀ ਵਾਹ-ਵਾਹ ਖ਼ੂਬ ਖੱਟਣਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਚੁੱਪ ਗੜੁਪ ਅਖੰਡ ਪਾਠ ਰੱਖ ਕੇ ਅਖ਼ੀਰਲੇ ਦਿਨ ਭੋਗ ਪਾ ਕੇ ਰਾਗੀ ਸਿੰਘ ਫ਼ਿਲਮੀ ਗਾਣਿਆਂ ’ਤੇ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕਰਨਗੇ, ਭੋਗ ਤੋਂ ਬਾਅਦ ਭਾਂਤ ਸੁਭਾਤੇ ਲੰਗਰ ਛੱਕ ਕੇ ਸੰਗਤਾਂ ਆਪੋ ਅਪਣੇ ਘਰ ਚਲੀਆਂ ਜਾਣਗੀਆਂ। ਪ੍ਰਬੰਧਕ ਗੋਲਕ ਦੀ ਮਾਇਆ ਗਿਣਨਗੇ ਤੇ ਵੇਖਣਗੇ ਕਿੰਨੇ ਕੁ ਪੈਸੇ ਦੀ ਬੱਚਤ ਹੋਈ ਹੈ। ਇਹ ਹੈ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਤਰੀਕਾ।

ਸਿਆਣੀਆਂ ਕੌਮਾਂ ਹਰ ਕੰਮ ਬੜੀ ਹੀ ਸਿਆਣਪ ਤੇ ਸਮਝਦਾਰੀ ਨਾਲ ਕਰਦੀਆਂ ਹਨ। ਸਿਆਣੀਆਂ ਕੌਮਾਂ ਦੇ ਆਗੂਆਂ ਵਲੋਂ ਕੀਤੇ ਗਏ ਕਾਰਜ ਤੇ ਫ਼ੈਸਲੇ ਆਉਣ ਵਾਲੀ ਪੀੜ੍ਹੀ ਲਈ ਰਾਹ ਦਸੇਰਾ ਹੁੰਦੇ ਹਨ। ਪਰ ਸਾਡੇ ਅੰਨ੍ਹੇ ਆਗੂ ਸਾਨੂੰ ਸਿਆਣੇ, ਸਮਝਦਾਰ ਤੇ ਖੋਜੀ ਬਣਾਉਣ ਦੀ ਥਾਂ ਮੂਰਖ ਤੇ ਬੇਅਕਲੇ ਬਣਾ ਰਹੇ ਹਨ। ਕਰੋੜਾਂ ਰੁਪਏ ਖ਼ਰਚ ਕੇ ਵੀ ਸਾਡੀ ਆਉਣ ਵਾਲੀ ਪੀੜ੍ਹੀ ਗੁਰਬਾਣੀ ਤੋਂ ਦੂਰ ਹੁੰਦੀ ਜਾ ਰਹੀ ਹੈ। ਹੁਣ ਤਾਂ ਸਿੱਖਾਂ ਦੀ (ਸਾਰੇ ਨਹੀਂ) ਮਾਨਸਕ ਦਸ਼ਾ ਇਥੋਂ ਤਕ ਨਿਘਰ ਗਈ ਹੈ ਕਿ ਇਹ ਚੰਗੀ ਗੱਲ ਦੱਸਣ ਵਾਲੇ ਨੂੰ ਹੀ ਗਾਲਾਂ ਕੱਢਣ ਲੱਗ ਪੈਂਦੇ ਹਨ। ਪੰਥ-ਵਿਰੋਧੀ ਅਤੇ ਆਰਐਸਐਸ ਦਾ ਏਜੰਟ ਦੱਸਣ ਲੱਗ ਜਾਂਦੇ ਹਨ। ਕਈ ਤਾਂ ਇਹ ਵੀ ਆਖ ਦਿੰਦੇ ਹਨ ਕਿ ਇਹ ਸਭ ਕੁੱਝ ਲਿਖਣ ਦੇ ਤੈਨੂੰ ਪੈਸੇ ਮਿਲਦੇ ਹੋਣਗੇ ਤੇ ਕਈ ਸੋਧਾ ਲਾਉਣ ਬਾਰੇ ਵੀ ਆਖ ਦਿੰਦੇ ਹਨ। ਪਰ ਜੋ ਵੀ ਹੋਵੇ ਇਸ ਤੋਂ ਇਹ ਗੱਲ ਤਾਂ ਸਾਬਤ ਹੁੰਦੀ ਹੈ ਕਿ ਇਹ ਸਾਰੇ ਅਕਾਲ ਤਖ਼ਤ ਦੇ ਪੁਜਾਰੀਆਂ ਦੇ ਹੁਕਮ ਨੂੰ ਛਿੱਕੇ ਟੰਗ ਕੇ ਸਪੋਕਸਮੈਨ ਪੜ੍ਹਦੇ ਤਾਂ ਜ਼ਰੂਰ ਹਨ।

ਗੁਰੂ ਅਰਜਨ ਪਾਤਸ਼ਾਹ ਜੀ ਦਾ ਆਦਿ ਬੀੜ ਲਿਖਣ ਦਾ ਉਦੇਸ਼ : ਗੁਰੂ ਅਰਜਨ ਪਾਤਸ਼ਾਹ ਜੀ ਦਾ ਆਦਿ ਬੀੜ ਲਿਖਣ ਦਾ ਮਨੋਰਥ ਕੀ ਸੀ, ਇਸ ਬਾਰੇ ਪੂਰੀ ਤੇ ਸਹੀ ਜਾਣਕਾਰੀ ਹਾਸਲ ਕਰਨ ਲਈ ਸੰਗਤਾਂ ਪ੍ਰੋ. ਸਾਹਿਬ ਸਿੰਘ ਦੀ ਲਿਖੀ ਹੋਈ ਪੁਸਤਕ “ਆਦਿ ਬੀੜ ਬਾਰੇ” ਜ਼ਰੂਰ ਪੜ੍ਹਨ। ਮੋਟੇ ਤੌਰ ’ਤੇ ਜੇ ਅਸੀ ਚਰਚਾ ਕਰੀਏ ਤਾਂ ਮਨੁੱਖਤਾ ਨੂੰ ਜ਼ਿੰਦਗੀ ਜਿਉਣ ਦਾ ਸਹੀ ਰਾਹ ਦੱਸਣ ਲਈ ਹੀ ਆਦਿ ਬੀੜ ਲਿਖਵਾਈ ਗਈ ਸੀ। ਗੁਰੂ ਸਾਹਿਬ ਇਹੀ ਚਾਹੁੰਦੇ ਸਨ ਕਿ ਸਿੱਖ ਤੇ ਸਾਰੀ ਮਾਨਵਤਾ ਦੇ ਭਲੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦਾ ਜੀਵਨ ਕੁੱਝ ਨਿਯਮਾਂ ਅਧੀਨ ਚੱਲੇ, ਪੁਜਾਰੀ ਲਾਣਾ (ਬਾਬੇ, ਸਾਧ, ਪਖੰਡੀ ਧਾਰਮਕ ਆਗੂ) ਉਨ੍ਹਾਂ ਦਾ ਸਰੀਰਕ, ਮਾਨਸਕ ਤੇ ਆਰਥਕ ਸ਼ੋਸ਼ਣ ਨਾ ਕਰਨ, ਧਰਮ ਦੇ ਨਾਂ ’ਤੇ ਆਮ ਬੰਦੇ ਦੀ ਲੁੱਟ ਨਾ ਹੋਵੇ ਜਿਵੇਂ ਅੱਜ ਹੋ ਰਹੀ ਹੈ। ਉਦਾਹਰਣ ਦੇ ਤੌਰ ’ਤੇ ਅੱਜ ਸ਼ਰੇਆਮ ਗੁਰਦੁਆਰਿਆਂ ਦੇ ਬਾਹਰ ਬੋਰਡ ਲਿਖ ਕੇ ਲਗਾਏ ਹੁੰਦੇ ਹਨ ਕਿ ਅਖੰਡ ਪਾਠ ਦੀ ਭੇਟਾ 9100 ਰੁਪਏ, ਸਹਿਜ ਪਾਠ ਥੋੜਾ ਸਸਤਾ ਹੁੰਦੈ 5100 ਰੁਪਏ ’ਚ, ਕੀਰਤਨ ਭੇਟਾ 4100 ਰੁਪਏ, ਸੁਖਮਨੀ ਸਾਹਿਬ 2100 ਰੁਪਏ ’ਚ ਕੀਤਾ ਜਾਂਦਾ ਹੈ। ਸ਼ਰੇਆਮ ਪਾਠ ਤੇ ਗੁਰਬਾਣੀ ਨੂੰ ਵੇਚਿਆ ਜਾ ਰਿਹਾ ਹੈ।

ਬੜੀ ਹੀ ਸ਼ਰਮ ਦੀ ਗੱਲ ਹੈ ਕਿ ਗੁਰਬਾਣੀ ਵੇਚਣ ਵਾਲਾ ਵੀ ਸਿੱਖ ਹੈ ਤੇ ਖ਼ਰੀਦਣ ਵਾਲਾ ਵੀ ਸਿੱਖ ਹੈ। ਹੁਣ ਜ਼ਰਾ ਸੋਚੋ ਸਿੱਖੋ, ਕੀ ਗੁਰੂ ਅਰਜਨ ਸਾਹਿਬ ਨੇ ਤੁਹਾਨੂੰ ਦੁਕਾਨਦਾਰੀਆਂ ਕਰਨ ਲਈ ਗੁਰਬਾਣੀ ਲਿਖ ਕੇ ਦਿਤੀ ਸੀ। ਇਕ ਗੱਲ ਹੋਰ ਬੜੇੇ ਜੋਰਾਂ-ਸ਼ੋਰਾਂ ਨਾਲ ਪ੍ਰਚਾਰੀ ਜਾਂਦੀ ਹੈ ਕਿ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਪਾਤਿਸ਼ਾਹ ਨੇ ਪਹਿਲੇ ਗ੍ਰੰਥੀ ਥਾਪਿਆ ਜਿਸ ਦਾ ਮਾੜਾ ਨਤੀਜਾ ਇਹ ਨਿਕਲਿਆ ਕਿ ਅੱਜ ਸਾਡੇ ’ਚ ਗ੍ਰੰਥੀ ਜਮਾਤ ਪੈਦਾ ਹੋ ਗਈ। ਮਾਫ਼ ਕਰਨਾ! ਜਿਹੜੇ ਬੰਦੇ ’ਚ ਕੋਈ ਸਕਿਲ, ਕੋਈ ਕੰਮ ਕਰਨ ਦਾ ਹੁਨਰ ਨਹੀਂ ਹੁੰਦਾ ਜਾਂ ਜਿਸ ਨੂੰ ਕੋਈ ਕੰਮ ਨਹੀਂ ਮਿਲਦਾ, ਉਹ ਗ੍ਰੰਥੀ ਬਣ ਜਾਂਦੈ। ਜਦੋਂ ਪ੍ਰਬੰਧਕ ਉਨ੍ਹਾਂ ਤੋਂ ਨੌਕਰਾਂ ਵਾਗ ਕੰਮ ਲੈਂਦੇ ਹਨ ਤਾਂ ਗ੍ਰੰਥੀ ਚੀਕਾਂ ਮਾਰਦੇ ਹਨ ਕਿ ਸਾਨੂੰ ਘੱਟ ਤਨਖ਼ਾਹ ਦੇ ਕੇ ਵੱਧ ਕੰਮ ਲਿਆ ਜਾਂਦੈ।

ਹੁਣ ਸੋਚੋ ਕਿ ਕੀ ਗੁਰੂ ਜੀ ਇਹ ਚਾਹੁੰਦੇ ਸਨ ਕਿ ਤੁਸੀ ਆਦਿ ਬੀੜ ਨੂੰ ਪੜ੍ਹਨ ਵਾਲੇ ਗ੍ਰੰਥੀ ਬਣੋ ਤੇ ਇਸ ਨੂੰ ਰੁਜ਼ਗਾਰ ਦੇ ਤੌਰ ’ਤੇ ਅਪਣਾ ਲਵੋ। ਸਾਡੀ ਸਿਰਮੌਰ ਸੰਸਥਾ ਵੀ ਇਸੇ ਰਾਹ ’ਤੇ ਪਈ ਹੋਈ ਹੈ। ਅੱਜ ਇਹ ਬਿਜ਼ਨਸ ਬਣ ਗਿਆ ਹੈ ਜਦਕਿ ਗੁਰੂ ਪਾਤਿਸ਼ਾਹ ਤਾਂ ਇਹ ਚਾਹੁੰਦੇ ਸੀ ਕਿ ਸਿੱਖ ਗੁਰਬਾਣੀ ਆਪ ਪੜ੍ਹਨ। ਗੁਰਬਾਣੀ ਪੜ੍ਹ ਕੇ ਇਸ ਨੂੰ ਸਮਝ ਕੇ ਉਹ ਅਪਣਾ ਸੁਚੱਜਾ ਜੀਵਨ ਬਤੀਤ ਕਰਨ। ਮੈਂ ਗ੍ਰੰਥੀ ਸਿੰਘਾਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਉਹ ਗ੍ਰੰਥੀ ਨਾ ਬਣਨ, ਗੁਰੂ ਘਰ ਦੇ ਪ੍ਰਚਾਰਕ ਤੇ ਸੇਵਾਦਾਰ ਬਣਨ। ਅਪਣੇ ਜੀਵਨ ਦੇ ਨਿਰਬਾਹ ਲਈ ਉਹ ਕੋਈ ਨਾ ਕੋਈ ਕੰਮ ਜਾਂ ਵਪਾਰ ਦੁਕਾਨਦਾਰੀ ਕਰਨ, ਅਪਣੇ ਆਪ ’ਚ ਗੁਣ ਪੈਦਾ ਕਰਨ ਤਾਂ ਜੋ ਪ੍ਰਬੰਧਕ ਉਨ੍ਹਾਂ ’ਤੇ ਧੌਂਸ ਨਾ ਜਮਾ ਸਕਣ। 

ਕੀ ਗੁਰਬਾਣੀ ਰਸਮ ਪੂਰਤੀ ਲਈ ਲਿਖੀ ਗਈ ਸੀ: ਮੇਰਾ ਇਕ ਦੋਸਤ ਪਿਛਲੇ ਦਿਨੀ ਬਾਹਰੋਂ ਭਾਰਤ ਆਇਆ ਤੇ ਮੈਨੂੰ ਆਖਣ ਲੱਗਾ ਕਿ ਮੇਰੇ ਮਨ ਦੀ ਇੱਛਾ ਹੈ ਕਿ ਆਪਾਂ ਘਰੇ ਅਖੰਡ ਪਾਠ ਸਾਹਿਬ ਕਰਵਾ ਲਈਏ ਕਿਉਂਕਿ ਮੈਂ ਪੂਰਾ ਇਕ ਮਹੀਨਾ ਇੱਥੇ ਹੀ ਰਹਿਣਾ ਹੈ। ਮੈਂ ਕਿਹਾ ਚੰਗੀ ਗੱਲ ਹੈ ਵੀਰ, ਪ੍ਰਮਾਤਮਾ ਨੇ ਆਪਾਂ ਨੂੰ ਏਨਾ ਕੁੱਝ ਦਿਤੈ, ਆਪਾਂ ਨੂੰ ਵੀ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦੈ ਪਰ ਜੇ ਤੂੰ ਮੇਰੀ ਮੰਨੇ ਤਾਂ ਆਪਾਂ ਘਰ ’ਚ ਆਪ ਹੀ ਸਹਿਜ ਪਾਠ ਕਰ ਲੈਦੇ ਹਾਂ। ਅਸੀ ਦੋਵੇਂ ਸਕੂਲ ਤੇ ਪੰਜਾਬੀ ਯੂਨੀਵਰਸਟੀ, ਪਟਿਆਲੇ ਇਕੱਠੇ ਹੀ ਪੜ੍ਹੇ ਸੀ। ਉਸ ਨੇ ਮੇਰੀ ਗੱਲ ਮੰਨ ਲਈ। ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੋ ਭਾਗਾਂ ’ਚ ਸਨ। ਅਸੀ ਸਤਿਕਾਰ ਸਹਿਤ ਉਹ ਪੋਥੀਆਂ ਉਨ੍ਹਾਂ ਦੇ ਘਰ ਲੈ ਗਏ। ਸਵੇਰ ਵੇਲੇ ਮੈਂ ਪਾਠ ਕਰਨਾ ਤੇ ਸ਼ਾਮ ਨੂੰ ਉਸ ਨੇ ਕਰ ਦਿਆ ਕਰਨਾ। ਨਾਲੇ ਸਾਰਾ ਟੱਬਰ ਬੈਠ ਕੇ ਸੁਣਦਾ ਸੀ।

ਪ੍ਰਮਾਤਮਾ ਦੀ ਅਜਿਹੀ ਕ੍ਰਿਪਾ ਹੋਈ ਕਿ ਕੈਨੇਡਾ ਅਪਣੇ ਘਰ ਉਸ ਨੇ ਰੋਜ਼ਾਨਾ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿਤੀ। ਅੱਜ ਹਰ ਸਿੱਖ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਉਹ ਖ਼ੁਸ਼ੀ ਜਾਂ ਗਮੀ ਮੌਕੇ ਅਪਣੇ ਘਰ ਪਾਠ ਕਰਵਾਏ ਪਰ ਆਪਾਂ ਇਹ ਕਦੇ ਨਹੀਂ ਸੋਚਦੇ ਕਿ ਗੁਰਬਾਣੀ ਅਸੀ ਆਪ ਪੜ੍ਹੀਏ, ਸਾਡੇ ਘਰ ਕੋਈ ਵਿਆਹ ਹੋਵੇ, ਪੁੱਤਰ ਨੇ ਜਨਮ ਲਿਆ ਹੋਵੇ, ਕੋਈ ਦੁਕਾਨ ਜਾਂ ਬਿਜ਼ਨਸ ਸ਼ੁਰੂ ਕਰਨਾ ਹੋਵੇ ਤਾਂ ਅਸੀ ਅਖੰਡ ਪਾਠ ਜਾਂ ਸੁਖਮਨੀ ਸਾਹਿਬ ਦੇ ਪਾਠ ਜ਼ਰੂਰ ਕਰਵਾਉਦੇ ਹਾਂ ਪਰ ਗੁਰਬਾਣੀ ਆਪ ਨਹੀਂ ਪੜ੍ਹਦੇ। ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਰਸਮ ਪੂਰਤੀ ਲਈ ਵਰਤਦੇ ਹਾਂ। ਸਾਡਾ ਮਨੋਰਥ ਕੇਵਲ ਪਾਠ ਤੇ ਕੀਰਤਨ ਕਰਵਾਉਣਾ ਹੁੰਦਾ ਹੈ। 

ਸਿੱਖ ਡਰਦੇ ਵੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ: ਕੋਈ ਸਮਾਂ ਸੀ ਜਦੋਂ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ। ਮੇਰੇ ਡੈਡੀ ਸ. ਹਰਿੰਦਰ ਸਿੰਘ ਜੀ ਦਿਨ ’ਚ ਅਪਣਾ ਕੰਮ ਕਾਰ ਕਰਦੇ ਤੇ ਸ਼ਾਮ ਨੂੰ ਅਸੀ ਸਾਰੇ ਜਾਣੇ ਇਕੱਠੇ ਹੋ ਕੇ ਪਾਠ ਸੁਣਦੇ। ਕੋਈ ਸਮਾਂ ਅਜਿਹਾ ਵੀ ਸੀ ਜਦੋਂ ਸਿੱਖਾਂ ਦੇ ਘਰਾਂ ’ਚ ਆਮ ਹੀ ਬੀੜਾਂ ਹੁੰਦੀਆਂ ਸਨ। ਪਰ ਇਹ ਗੱਲਾਂ ਹੁਣ ਜੱਗ ਜ਼ਾਹਰ ਨਹੀਂ ਕੀਤੀਆਂ ਜਾਂਦੀਆਂ। ਸਿੱਖਾਂ ਨੂੰ ਜਦੋਂ ਵੀ ਸਮਾਂ ਲਗਦਾ ਉਹ ਗੁਰਬਾਣੀ ਜ਼ਰੂਰ ਪੜ੍ਹਦੇ ਸਨ। ਪਰ ਅੱਜ ਸਿੱਖਾਂ ਦੇ ਦਿਮਾਗ਼ ਅੰਦਰ ਪੁਜਾਰੀ ਲਾਣੇ ਨੇ ਸਤਿਕਾਰ ਨਾਮ ਦੀ ਕਿੱਲ ਠੋਕ ਦਿਤੀ ਹੈ। ਅਖੇ ਜੀ ਗੁਟਕਾ ਸਾਹਿਬ ਨੂੰ ਸੁੱਚੇ ਹੱਥ ਲਗਾਉਣੇ, ਨਹੀਂ ਤਾਂ ਪਾਪ ਲਗਦੈ, ਪੰਜ ਬਾਣੀਆਂ ਦਾ ਪਾਠ ਕੇਸੀਂ ਇਸ਼ਨਾਨ ਕਰ ਕੇ ਹੀ ਕਰਨਾ ਤੇ ਗੁਰਬਾਣੀ ਪੜ੍ਹਨ ਲੱਗੇ ਕੋਈ ਗ਼ਲਤੀ ਨਹੀਂ ਹੋਣੀ ਚਾਹੀਦੀ। ਆਪੇ ਬਣੇ ਸੰਤਾਂ ਨੇ  ਸਾਡੇ ਦਿਮਾਗ਼ ਵਿਚ ਵਹਿਮ ਭਰਮ ਭਰ ਦਿਤੇ ਤੇ ਸਾਡੀ ਮਨਸਕਤਾ ਇਥੋਂ ਤਕ ਗਿਰ ਗਈ ਕਿ ਅਸੀ ਗੁਰਬਾਣੀ ਪੜ੍ਹਨ ਤੋਂ ਹੀ ਡਰਨ ਲੱਗ ਪਏ। ਹਾਂ ਸਤਿਕਾਰ ਨਾਂ ਦਾ ਭੂਤ ਸਾਡੇ ਦਿਮਾਗ਼ ’ਚ ਬਿਠਾ ਦਿਤਾ ਗਿਆ। ਅੱਜ ਦਾ ਸਿੱਖ ਗੁਰੂ ਨੂੰ ਦੂਰੋਂ ਹੀ ਪੈਸਿਆਂ ਦਾ ਮੱਥਾ ਟੇਕ ਕੇ ਤੇ ਪ੍ਰਸ਼ਾਦ ਚੜ੍ਹਾ ਕੇ ਅਪਣੇ ਘਰ ਮੁੜ ਆਉਂਦਾ ਹੈ। ਅੱਜ ਦੇ ਸਿੱਖ ਅਪਣੇ ਗੁਰੂ ਦੀ ਗੋਦ ਭਾਵ ਗੁਰਬਾਣੀ ਦਾ ਅਨੰਦ ਮਾਣਨਾ ਹੀ ਨਹੀਂ ਚਾਹੁੰਦੇ। 

ਕੀ ਪੈਸੇ ਦੇ ਕੇ ਪਾਠ ਕਰਵਾਉਣ ਦਾ ਕੋਈ ਫਲ ਮਿਲਦੈ: ਜੇ ਪਿਆਸ ਤੁਹਾਨੂੰ ਲੱਗੀ ਹੈ ਤਾਂ ਪਾਣੀ ਵੀ ਤੁਹਾਨੂੰ ਹੀ ਪੀਣਾ ਪਵੇਗਾ। ਇਹ ਨਹੀਂ ਹੋ ਸਕਦਾ ਕਿ ਪਿਆਸ ਤੁਹਾਨੂੰ ਲੱਗੀ ਹੈ ਤੇ ਪਾਣੀ ਕੋਈ ਹੋਰ ਪੀ ਕੇ ਤੁਹਾਡੀ ਪਿਆਸ ਬੁਝਾ ਦੇਵੇ। ਮੇਰੇ ਨਾਲ ਕੰਮ ਕਰਦੀ ਮੇਰੀ ਇਕ ਕੁਲੀਗ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਗਿਆ। ਉਸ ਨੇ ਮੈਨੂੰ ਕਿਹਾ ਕਿ ‘‘ਮੈਂ ਤੇਰੇ ਅਕਾਉਂਟ ’ਚ ਪੈਸੇ ਟ੍ਰਾਂਸਫ਼ਰ ਕਰ ਰਹੀ ਹਾਂ ਤੇ ਤੂੰ ਫ਼ਤਿਹਗੜ੍ਹ ਸਾਹਿਬ ਜਾ ਕੇ ਅਖੰਡ ਪਾਠ ਬੁਕ ਕਰਵਾ ਦੇ। ਮੈਂ ਅਖੰਡ ਪਾਠ ਕਰਵਾ ਕੇ ਬਾਹਰ ਚਲੀ ਜਾਣਾ ਹੈ।’’ ਜਦਕਿ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਅਖੰਡ ਪਾਠ ਦੀ ਵਾਰੀ ਦੋ-ਤਿੰਨ ਸਾਲ ਬਾਅਦ ਆਉਂਦੀ ਹੈ।

ਮੈਂ ਉਸ ਨੂੰ ਮਜ਼ਾਕ ਕਰਦੇ ਹੋਏ ਕਿਹਾ ਕਿ ਪਹਿਲਾ ਤੂੰ ਬਾਹਰ ਚਲੀ ਜਾ, ਪਾਠ ਤੂੰ ਤਿੰਨ ਸਾਲ ਬਾਅਦ ਆ ਕੇ ਕਰਵਾ ਲਵੀਂ ਜਾਂ ਹੋ ਸਕਦੈ ਕਿ ਤੇਰੇ ਮਨ ਦੀ ਇਹ ਖ਼ਵਾਹਿਸ਼ ਪੂਰੀ ਹੀ ਨਾ ਹੋਵੇ। ਇਹ ਸੁਣ ਕੇ ਉਹ ਉਦਾਸ ਹੋ ਗਈ। ਕੁੱਝ ਦੇਰ ਬਾਅਦ ਮੈਂ ਉਸ ਨੂੰ ਕਿਹਾ ਕਿ ਤੂੰ ਪੰਜਾਬੀ ਪੜ੍ਹਨੀ ਜਾਣਦੀ ਤਾਂ ਹੈ, ਤੂੰ ਆਪ ਹੀ ਸਹਿਜ ਪਾਠ ਕਿਉਂ ਨਹੀਂ ਕਰ ਲੈਂਦੀ। ਪਰ ਉਹ ਨਾ ਮੰਨੀ। ਉਸ ਨੇ ਕਿਹਾ ਕਿ ਮੈਂ ਪਾਠ ਸੁਣ ਸਕਦੀ ਹਾਂ, ਮੈਨੂੰ ਪਾਠ ਕਰਨ ਤੋਂ ਝਿਜਕ ਜਹੀ ਆਉਂਦੀ ਹੈ। ਮੈਂ ਕਿਹਾ ਅਪਣੇ ਪਿਉ ਨਾਲ ਗੱਲਾਂ ਕਰਨ ’ਚ ਕਾਹਦੀ ਝਿਜਕ।

ਪਰ ਉਹ ਫਿਰ ਵੀ ਨਾ ਮੰਨੀ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਉਸ ਦੇ ਘਰ ਦੇ ਆਇਆ। ਪੋਥੀਆਂ ਘਰ ਆਈਆਂ ਵੇਖ ਕੇ  ਉਸ ਦਾ ਹੌਸਲਾ ਵਧ ਗਿਆ ਤੇ ਉਸ ਨੇ ਸਹਿਜ ਪਾਠ ਆਪ ਹੀ ਕਰ ਲਿਆ। ਹੁਣ ਉਹ ਨਿਉਜ਼ੀਲੈਂਡ ’ਚ ਫਲਾਂ ਦੇ ਇਕ ਸਟੋਰ ’ਤੇ ਕੰਮ ਕਰਦੀ ਹੈ ਤੇ ਪਾਠ ਕਰਨ ਲਗਿਆਂ ਬਿਲਕੁਲ ਵੀ ਨਹੀਂ ਝਿਜਕਦੀ। ਪੁਜਾਰੀ ਸ਼੍ਰੇਣੀ ਨੇ ਤਾਂ ਸਾਡੇ ਮਨਾਂ ’ਚ ਇਹ ਵੀ ਬਿਠਾ ਦਿਤਾ ਹੈ ਕਿ ਆਹ ਪਾਠ ਕਰਨ ਨਾਲ, ਆਹ ਮੁਰਾਦ ਪੂਰੀ ਹੋ ਜਾਵੇਗੀ ਜਦ ਕਿ ਅਜਿਹਾ ਕੁੱਝ ਨਹੀਂ ਹੁੰਦਾ। ਅੱਜਕਲ ਚੁਪਹਿਰੇ ਦਾ ਪਖੰਡ ਬੜੇ ਹੀ ਸਿਖ਼ਰ ’ਤੇ ਹੈ।

ਗਿ. ਕੇਵਲ ਸਿੰਘ ਜੀ ਨੇ ਇਸ ਪਖੰਡ ਬਾਰੇ ਪਿਛੇ ਜਿਹੇ ਬਹੁਤ ਹੀ ਸੋਹਣਾ ਲਿਖਿਆ ਸੀ। ਕੋਈ ਆਖਦਾ ਹੈ ਕਿ ਪਾਠ ਕਰਨ ਨਾਲ ਮੇਰੀ ਫਲਾਣੀ ਬਿਮਾਰੀ ਠੀਕ ਹੋ ਗਈ, ਕੋਈ ਆਖਦੈ ਕਿ ਮੇਰਾ ਆਹ ਰੁਕਿਆ ਹੋਇਆ ਕੰਮ ਠੀਕ ਹੋ ਗਿਆ, ਕੋਈ ਕੁੱਝ ਆਖਦਾ ਹੈ ਤੇ ਕੋਈ ਕੁੱਝ। ਜਿੰਨੇ ਮੂੰਹ ਓਨੀਆਂ ਗੱਪਾਂ। ਅੰਨ੍ਹੀ ਸ਼ਰਧਾ ਦਾ ਕੋਈ ਇਲਾਜ ਨਹੀਂ। ਇਸ ਦਾ ਕਾਰਨ ਹੈ ਕਿ ਅਸੀ ਦੁੱਖ-ਸੁੱਖ ਨੂੰ ਬਰਾਬਰ ਨਹੀਂ ਸਮਝਦੇ। ਦੁੱਖ ਜਾਂ ਬਿਮਾਰੀ ਦੇ ਸਮੇਂ ਅਸੀ ਡੋਲ ਜਾਦੇ ਹਾਂ। 30 ਅਗਸਤ ਨੂੰ ਇਕ ਪੰਜਾਬੀ ਫ਼ਿਲਮ ਰਿਲੀਜ਼ ਹੋਈ ਹੈ, ‘ਬੀਬੀ ਰਜਨੀ’ ਜੋ ਕਿ ਸਿਰੇ ਦਾ ਝੂਠ ਹੈ। ਇਸ ਫ਼ਿਲਮ ਵਿਚ ਤੁਹਾਨੂੰ ਇਮੋਸ਼ਨਲੀ ਬਲੈਕਮੇਲ ਕੀਤਾ ਜਾਵੇਗਾ। ਤੁਹਾਨੂੰ ਦਸਿਆ ਜਾਵੇਗਾ ਕਿ ਇਹ ਉਹ ਸਰੋਵਰ ਅਤੇ ਦੁੱਖ-ਭੰਜਨੀ ਬੇਰੀ ਹੈ ਜਿਥੇ ਇਕ ਕੋਹੜੀ ਦਾ ਕੋਹੜ ਠੀਕ ਹੋਇਆ ਸੀ ਪਰ ਉਸੇ ਸਰੋਵਰ ਦੇ ਬਿਲਕੁਲ ਨੇੜੇ ਬਹੁਤ ਹੀ ਸਤਿਕਾਰਯੋਗ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਹੈ, ਉਥੋਂ ਦਾ ਕੋਈ ਵੀ ਕੋਹੜੀ ਜਾਂ ਭਗਤ ਪੂਰਨ ਸਿੰਘ ਜੀ ਦਾ ਪਿਆਰਾ ਜਿਸ ਨੂੰ ਬਚਪਨ ਤੋਂ ਭਗਤ ਜੀ ਨੇ ਪਾਲਿਆ, ਜੋ ਕਿ ਅਪਾਹਜ ਸੀ, ਉਸ ਸਰੋਵਰ ਦੇ ਪਾਣੀ ਨਾਲ ਠੀਕ ਨਹੀਂ ਹੋਇਆ। ਭਗਤ ਪੂਰਨ ਸਿੰਘ ਨੇ ਹਜ਼ਾਰਾਂ ਹੀ ਕਿਤਾਬਾਂ ਅਤੇ ਪਰਚੇ ਛਾਪ ਕੇ ਵੰਡੇ ਪਰ ਉਨ੍ਹਾਂ ਨੇ ਕਦੇ ਵੀ ਇਹ ਨਹੀਂ ਲਿਖਿਆ ਕਿ ਕਿਸੇ ਸਰੋਵਰ ’ਚ ਨਹਾਉਣ ਨਾਲ ਕੋਈ ਬਿਮਾਰੀ ਜਾਂ ਕੋੜ੍ਹ ਠੀਕ ਹੁੰਦਾ ਹੈ। ਹਾਂ, ਠੀਕ ਉਹ ਹੁੰਦਾ ਹੈ ਜਿਨ੍ਹਾਂ ’ਚ ਸ਼ਰਧਾ ਹੁੰਦੀ ਹੈ। 

ਹੁਣ ਸ਼ਰਧਾ ਹੁੰਦੀ ਕੀ ਹੈ, ਇਸ ਦੇ ਕੀ ਨਿਯਮ ਹਨ, ਇਹ ਕਿਸੇ ਨੂੰ ਪਤਾ ਹੀ ਨਹੀਂ। ਅੰਨ੍ਹੇ ਭਗਤਾਂ ਨੂੰ ਯਾਦ ਕਰਵਾ ਦੇਈਏ ਕਿ ਅਠਵੇਂ ਗੁਰੂ, ਸ੍ਰੀ ਗੁਰੂ ਹਰ ਕ੍ਰਿਸ਼ਨ ਜੀ ਵੀ ਬਿਮਾਰੀ ਕਾਰਨ ਹੀ ਜੋਤੀ ਜੋਤ ਸਮਾਏ ਸਨ। ਉਨ੍ਹਾਂ ਨੂੰ ਸ਼ਾਇਦ ਸਿੱਖ ਦਸਣਾ ਭੁੱਲ ਗਏ ਕਿ ਤੁਸੀ ਸਰੋਵਰ ’ਚ ਇਸ਼ਨਾਨ ਕਰ ਆਉ, ਤੁਹਾਡੀ ਬਿਮਾਰੀ ਠੀਕ ਹੋ ਜਾਵੇਗੀ। ਸੋ ਮੇਰੇ ਵੀਰੋ ਭੈਣੋ ਸੱਚ ਨੂੰ ਸਮਝੋ ਤੇ ਸੱਚ ਨੂੰ ਕਬੂਲ ਕਰੋ।

ਕੀਤਾ ਕੀ ਜਾਵੇ, ਸਮੱਸਿਆ ਦਾ ਹੱਲ : ਸਾਰੀਆਂ ਸਮੱਸਿਆਵਾਂ ਦਾ ਇਕੋ ਹੱਲ ਹੈ, ਸਮਝਦਾਰ ਬਣਨਾ, ਬੁਧੀਮਾਨ ਬਣਨਾ ਤੇ ਖੋਜ ਕਰਨਾ। ਸਭ ਕੁੱਝ ਤੁਹਾਡੇ ਅੰਦਰ ਹੀ ਹੈ ਜਿਹੜਾ ਖੋਜਦਾ ਹੈ, ਉਹ ਪਾ ਲੈਂਦਾ ਹੈ। ਜਿਹੜਾ ਗੁਰਬਾਣੀ ਆਪ ਪੜ੍ਹਦਾ ਹੈ, ਉਹ ਸ੍ਰੀਰਕ ਅਤੇ ਮਾਨਸਕ ਤੌਰ ’ਤੇ ਬਲਵਾਨ ਹੋ ਜਾਂਦੈ। ਗੁਰਬਾਣੀ ਪੜ੍ਹਨ ਨਾਲ ਅਸੀ ਮਾਨਸਕ ਤੌਰ ’ਤੇ ਮਹਾਬਲੀ ਬਣ ਜਾਂਦੇ ਹਾਂ। ਜਿਵੇ ਸਾਡੇ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਨ। ਸਭ ਕੁੱਝ ਕੁਰਬਾਨ ਕਰਨ ਤੋਂ ਬਾਅਦ ਵੀ ਉਸ ਅਕਾਲ ਪੁਰਖ ਦਾ ਸ਼ੁਕਰ ਗੁਜ਼ਾਰ ਹੀ ਕੀਤਾ, ਕਦੇ ਵੀ ਅਪਣੇ ਜੀਵਨ ’ਚ ਡੋਲੇ ਨਹੀਂ। ਗੁਰਬਾਣੀ ਨੂੰ ਸਮਝ ਕੇ ਪੜ੍ਹਨਾ ਤੇ ਉਸ ਵਿਚ ਦੱਸੀਆ ਗੱਲਾਂ ’ਤੇ ਅਮਲ ਕਰਨਾ, ਇਹੀ ਸਹੀ ਰਾਹ ਹੈ।

ਅਖ਼ੀਰ ’ਚ ਮੈਂ ਆਪ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਆਉ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਅਪਣੇ ਗੁਰੂ ਨਾਲ ਪ੍ਰਣ ਕਰੀਏ ਕਿ ਅਸੀ ਗੁਰਬਾਣੀ ਆਪ ਪੜ੍ਹਾਂਗੇ ਤੇ ਆਪ ਸਮਝਾਂਗੇ। ਗੁਰੂ ਸਾਹਿਬ ਜੀ ਆਪੇ ਹੀ ਸਾਨੂੰ ਅਪਣੇ ਗਲ ਨਾਲ ਲਾ ਲੈਣਗੇ, ਜਿਹੜੇ ਵੀਰ ਭੈਣ ਅਪਣੇ ਘਰ ’ਚ ਹੀ ਸਹਿਜ ਪਾਠ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਗਿਆਨ ਸਿੰਘ ਜੀ ਮਿਨਹਾਸ (ਰਿਟਾਇਰ ਪੰਜਾਬ ਪੁਲਿਸ) ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੋ ਭਾਗਾਂ ਅਤੇ ਚਾਰ ਭਾਗਾਂ ’ਚ ਬਿਲਕੁਲ ਮੁਫ਼ਤ ਦਿਤੀਆਂ ਜਾਂਦੀਆਂ ਹਨ। ਤੁਸੀ ਇਹ ਸਾਡੇ ਪਾਸੋ ਪ੍ਰਾਪਤ ਕਰ ਸਕਦੇ ਹੋ। ਸ. ਜੋਗਿੰਦਰ ਸਿੰਘ ਜੀ ਦੀ ਸਿਖਿਆ ਮੈਨੂੰ ਹਮੇਸ਼ਾ ਯਾਦ ਰਹੇਗੀ। ਉਹ ਕਹਿੰਦੇ ਸਨ ਕਿ ਅਪਣੇ ਆਪ ਨੂੰ ਅਤੇ ਅਪਣੇ ਪ੍ਰਵਾਰਾਂ ਨੂੰ ਪੁਜਾਰੀ ਲਾਣੇ ਤੋਂ ਬਚਾ ਕੇ ਰੱਖੋ, ਇਹ ਪੁਜਾਰੀ ਲਾਣਾ ਸਿੱਖੀ ਨੂੰ ਖ਼ਤਮ ਕਰਨ ਲਈ ਹੀ ਖੜਾ ਕੀਤਾ ਗਿਆ ਹੈ। ਉਹ ਮੈਨੂੰ ਜਿਹੜਾ ਕੰਮ ਦੇ ਕੇ ਗਏ ਸੀ, ਮੈਂ ਉਹ ਜ਼ਰੂਰ ਪੂਰਾ ਕਰਾਂਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement