ਦਸਵੰਧ ਮੇਰੇ ਵੀਰੋ! ਲੋੜਵੰਦਾਂ ਲੇਖੇ ਲਾਉ!!
Published : Oct 4, 2020, 10:29 am IST
Updated : Oct 4, 2020, 10:29 am IST
SHARE ARTICLE
Dasvandh for needy people
Dasvandh for needy people

ਸਾਥੀਉ! ਇਸ ਬਜ਼ੁਰਗ ਬੀਬੀ ਦਾ ਪਤੀ ਵੀ ਦੁਨੀਆਂ ਤੋਂ ਚਲਾ ਗਿਆ ਅਤੇ ਪੁੱਤ ਦੀ ਇਕ ਦੁਰਘਟਨਾ ਵਿਚ ਮੌਤ ਹੋ ਗਈ

ਇਕ  ਬਜ਼ੁਰਗ ਬੀਬੀ ਜਿਸ ਦੀਆਂ ਦੋਵੇਂ ਅੱਖਾਂ ਖ਼ਰਾਬ ਸਨ, ਅਪਣੀ ਨੂੰਹ ਨਾਲ ਸ਼ਹਿਰ ਆਈ ਤੇ ਮੈਨੂੰ ਮਿਲ ਕੇ ਕਹਿਣ ਲੱਗੀ, ''ਪੁੱਤ, ਤੇਰੇ ਬਾਰੇ ਬੜਾ ਸੁਣਿਆ ਹੈ ਕਿ ਤੂੰ ਗ਼ਰੀਬਾਂ ਦੀ ਮਦਦ ਕਰਦਾ ਏਂ ਅਤੇ ਅੱਖਾਂ ਦੇ ਅਪਰੇਸ਼ਨ ਵੀ ਕਰਵਾਉਂਦਾ ਏਂ। ਮੈਨੂੰ ਦੋਹਾਂ ਅੱਖਾਂ ਤੋਂ ਬਹੁਤ ਧੁੰਦਲਾ ਨਜ਼ਰ ਆਉਂਦਾ ਹੈ। ਮੇਰੀਆਂ ਅੱਖਾਂ ਵੀ ਬਣਵਾ ਦੇ ਪੁੱਤਰ।''

ਉਸ ਦੀ ਮੁਸ਼ਕਲ ਸੁਣ ਕੇ ਅਤੇ ਉਸ ਦੇ ਪਰਵਾਰ ਦੀ ਜਾਣਕਾਰੀ ਲੈਣ ਤੋਂ ਬਾਅਦ ਮੈਂ ਉਸ ਨੂੰ ਹਸਪਤਾਲ ਲੈ ਗਿਆ। ਬਜ਼ੁਰਗ ਬੀਬੀ ਦੀ ਨੂੰਹ ਮੈਨੂੰ ਕਹਿਣ ਲੱਗੀ, ''ਭਾਅ ਜੀ, ਮੇਰੀਆਂ ਵੀ ਅੱਖਾਂ ਚੈੱਕ ਕਰਵਾ ਦਿਉ। ਮੇਰੇ ਵਿਚ ਦਰਦ ਰਹਿੰਦਾ ਹੈ ਅਤੇ ਦੂਰੋਂ ਨਜ਼ਰ ਨਹੀਂ ਆਉਂਦਾ।''

Dasvandh for needy people Dasvandh for needy people

ਮੈਂ ਨਾਲ ਹੀ ਉਸ ਦੀ ਪਰਚੀ ਵੀ ਬਣਾ ਦਿਤੀ। ਦੋਹਾਂ ਦੀਆਂ ਅੱਖਾਂ ਦਾ ਚੈੱਕਅਪ ਸ਼ੁਰੂ ਹੋ ਗਿਆ। ਸਾਰੇ ਚੈੱਕਅਪ ਹੋਣ ਤੋਂ ਬਾਅਦ ਡਾਕਟਰ ਨੇ ਬਜ਼ੁਰਗ ਬੀਬੀ ਦੀਆਂ ਦੋਹਾਂ ਅੱਖਾਂ ਦਾ ਅਪਰੇਸ਼ਨ ਕਰਵਾਉਣ ਲਈ ਆਖਿਆ ਅਤੇ ਉਸ ਦੀ ਨੂੰਹ ਰਾਣੀ ਨੂੰ ਨਜ਼ਰ ਵਾਲੀ ਐਨਕ ਬਣਵਾ ਕੇ ਲਗਾਉਣ ਲਈ ਕਿਹਾ, ਨਾਲ ਹੀ ਦਵਾਈਆਂ ਵੀ ਲਿਖ ਦਿਤੀਆਂ।

ਸਾਥੀਉ! ਇਸ ਬਜ਼ੁਰਗ ਬੀਬੀ ਦਾ ਪਤੀ ਵੀ ਦੁਨੀਆਂ ਤੋਂ ਚਲਾ ਗਿਆ ਅਤੇ ਪੁੱਤ ਦੀ ਇਕ ਦੁਰਘਟਨਾ ਵਿਚ ਮੌਤ ਹੋ ਗਈ ਸੀ। ਇਸ ਬਜ਼ੁਰਗ ਬੀਬੀ ਦਾ ਨਾ ਪਤੀ ਰਿਹਾ ਅਤੇ ਨਾ ਪੁੱਤ। ਇਸ ਦੀ ਵਿਧਵਾ ਹੋਈ ਨੂੰਹ ਦਾ ਅਪਣੇ ਪਤੀ ਦੀ ਮੌਤ ਕਾਰਨ ਤਣਾਅ ਕਰ ਕੇ ਸਿਰ ਦਰਦ ਹੁੰਦਾ ਸੀ ਜਿਸ ਦਾ ਉਸ ਦੀਆਂ ਅੱਖਾਂ 'ਤੇ ਅਸਰ ਪੈ ਰਿਹਾ ਸੀ। ਬਜ਼ੁਰਗ ਬੀਬੀ ਨੇ ਅਪਣੇ ਪੁੱਤ ਦੇ ਵਿਛੋੜੇ ਕਾਰਨ ਰੋ-ਰੋ ਕੇ ਅਪਣੀਆਂ ਅੱਖਾਂ ਖ਼ਰਾਬ ਕਰ ਲਈਆਂ ਸਨ। ਕੁੱਝ ਦਿਨਾ ਬਾਅਦ ਬਾਬੇ ਨਾਨਕ ਦੀ ਬਖ਼ਸ਼ਿਸ਼ ਨਾਲ ਇਨ੍ਹਾਂ ਦੋਹਾਂ ਬੀਬੀਆਂ ਦੀ ਮੁਸ਼ਕਲ ਦਾ ਹੱਲ ਹੋ ਗਿਆ।

ਇਕ ਦੀ ਅੱਖ ਦਾ ਅਪਰੇਸ਼ਨ ਕਰਵਾ ਦਿਤਾ ਗਿਆ ਅਤੇ ਦੂਸਰੀ ਨੂੰ ਨਜ਼ਰ ਵਾਲੀਆਂ ਐਨਕਾਂ ਬਣਵਾ ਦਿਤੀਆਂ ਅਤੇ ਨਾਲ ਹੀ ਖਾਣ ਵਾਲੀਆਂ ਅਤੇ ਅੱਖਾਂ ਵਿਚ ਪਾਉਣ ਵਾਲੀਆਂ ਦਵਾਈਆਂ ਲੈ ਦਿਤੀਆਂ। ਕੁੱਝ ਦਿਨਾਂ ਬਾਅਦ ਜਦੋਂ ਉਨ੍ਹਾਂ ਨੇ ਦੋਬਾਰਾ ਅੱਖਾਂ ਚੈੱਕ ਕਰਵਾਈਆਂ ਤਾਂ ਫ਼ਰਕ ਪੈ ਪਿਆ ਅਤੇ ਉਨ੍ਹਾਂ ਨੂੰ ਸਾਫ਼ ਨਜ਼ਰ ਆਉਣ ਲੱਗ ਪਿਆ।

Dasvandh for needy people Dasvandh for needy people

ਦੋਬਾਰਾ ਫਿਰ ਉਨ੍ਹਾਂ ਨੂੰ ਦਵਾਈਆਂ ਲੈ ਕੇ ਅਤੇ ਅਪਣੇ ਰਿਕਸ਼ੇ 'ਤੇ ਬਿਠਾ ਕੇ ਬੱਸ ਅੱਡੇ ਛੱਡ  ਗਿਆ। ਰਾਹ ਵਿਚ ਉਹ ਬੀਬੀ ਮੈਨੂੰ ਕਹਿਣ ਲੱਗੀ, ''ਭਾਅ ਜੀ, ਆਦਮੀ ਮੇਰਾ ਸਿਰ 'ਤੇ ਨਹੀਂ। ਮਹਿੰਗਾਈ 'ਚ ਬੜਾ ਔਖਾ ਟਾਈਮ ਪਾਸ ਕਰ ਰਹੇ ਹਾਂ। ਪਹਿਲਾਂ ਹੀ ਬੜੀ ਮੁਸੀਬਤ ਸੀ, ਅੱਖਾਂ ਖ਼ਰਾਬ ਹੋਣ ਕਰ ਕੇ ਹੋਰ ਬੜੀ ਮੁਸ਼ਕਲ ਆ ਰਹੀ ਸੀ। ਪੈਸਾ ਸਾਡੇ ਕੋਲ ਕੋਈ ਨਹੀਂ ਸੀ ਇਲਾਜ ਕਰਵਾਉਣ ਲਈ। ਤੁਸੀ ਜਿਹੜਾ ਸਾਡੇ 'ਤੇ ਉਪਕਾਰ ਕੀਤਾ ਏ ਉਸ ਲਈ ਤੁਹਾਡਾ ਬਹੁਤ ਧਨਵਾਦ।''

ਇਹ ਸੁਣ ਕੇ ਮੈਂ ਉਸ ਨੂੰ ਕਿਹਾ, ''ਭੈਣ ਜੀ, ਸਾਨੂੰ  ਬਾਬਾ ਨਾਨਕ ਨੇ ਪਰਉਪਕਾਰ ਅਤੇ ਨੇਕੀ ਕਰਨ ਦੀ ਜਿਹੜੀ ਸਿਖਿਆ ਦਿਤੀ ਹੈ, ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਜਿੰਨਾ ਹੋ ਸਕੇ ਇਹ ਜੀਵਨ ਜ਼ਰੂਰਤਮੰਦਾਂ ਦੇ ਕੰਮ ਆਵੇ। ਰਹੀ ਗੱਲ ਪੈਸੇ ਦੀ, ਨਾ ਇਹ ਪੈਸਾ ਕੋਈ ਨਾਲ ਲੈ ਕੇ ਆਇਆ ਹੈ ਅਤੇ ਨਾ ਹੀ ਕਿਸੇ ਨੇ ਨਾਲ ਲੈ ਕੇ ਜਾਣਾ ਹੈ। ਇਹ ਪੈਸਾ ਜਿੰਨਾ ਹੀ ਭਲੇ ਕੰਮਾਂ 'ਤੇ ਖ਼ਰਚੀਏ ਉਨਾ ਹੀ ਚੰਗਾ ਹੈ।'' ਇੰਨਾ ਕਹਿ ਕੇ ਮੈਂ ਉਨ੍ਹਾਂ ਨੂੰ ਬੱਸ ਅੱਡੇ ਛੱਡ ਆਇਆ।

ਇਕ ਬਜ਼ੁਰਗ ਬੀਬੀ ਦਾ ਮਜ਼ਦੂਰ ਪੁੱਤ ਕਈ ਦਿਨਾਂ ਤੋਂ ਬਿਮਾਰੀ ਹੋਣ ਕਾਰਨ ਦਿਹਾੜੀ ਕਰਨ ਨਹੀਂ ਗਿਆ। ਇਸ ਤਰ੍ਹਾਂ ਰੋਜ਼ ਕਮਾ ਕੇ ਖਾਣ ਵਾਲੇ ਕਿਰਤੀ ਕਾਮੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ। ਘਰ ਵਿਚ ਖਾਣ ਲਈ ਕੁੱਝ ਨਹੀਂ ਸੀ। ਜਿਹੜੇ ਥੋੜੇ ਬਹੁਤੇ ਪੈਸੇ ਕੋਲ ਸੀ, ਉਹ ਵੀ ਉਸ ਦੀ ਦਵਾਈ 'ਤੇ ਲੱਗ ਰਹੇ ਸਨ। ਬੱਚਿਆਂ ਦੀ ਮਾਂ ਵੀ ਢਿੱਲੀ-ਮੱਠੀ ਹੀ ਰਹਿੰਦੀ ਸੀ। ਮਜਬੂਰੀ ਵਸ ਉਹ ਅਪਣੀਆਂ ਬੱਚੀਆਂ ਨੂੰ ਲੈ ਕੇ ਪੇਕੇ ਚਲੀ ਗਈ। ਇਸ ਮਜ਼ਦੂਰ ਪਰਵਾਰ ਦੀ ਮਜਬੂਰੀ ਦਾ ਜਦੋਂ ਮੈਨੂੰ ਪਤਾ ਲਗਿਆ ਤਾਂ ਮੈਂ ਅਪਣੇ ਰਿਕਸ਼ੇ ਵਿਚ ਰੱਖੀ ਹੋਈ ਗੁਰੂ ਦੀ ਗੋਲਕ 'ਚੋਂ ਦਸਵੰਧ ਭੇਟਾ ਲੈ ਕੇ ਉਸ ਦਾ ਰਾਸ਼ਨ ਖ਼ਰੀਦ ਕੇ ਉਨ੍ਹਾਂ ਦੇ ਘਰ ਚਲਾ ਗਿਆ।

Dasvandh for needy people Dasvandh for needy people

ਅਪਣੇ ਪੁੱਤ ਦੇ ਘਰ ਆਏ ਰਾਸ਼ਨ ਨੂੰ ਵੇਖ ਕੇ ਉਸ ਦੀ ਮਾਂ ਨੇ ਅਸੀਸਾਂ ਦੀ ਝੜੀ ਲਾ ਦਿਤੀ ਤੇ ਕਹਿਣ ਲੱਗੀ, ''ਮੇਰੇ ਬੱਚਿਆਂ ਲਈ ਰੋਟੀ ਦਾ ਪ੍ਰਬੰਧ ਕਰਨ ਵਾਲਿਉ, ਰੱਬ ਤੁਹਾਡਾ ਭਲਾ ਕਰੇ।'' ਇਸ ਤਰ੍ਹਾਂ ਅਪਣੇ ਕੰਮ ਵਿਚੋਂ ਟਾਈਮ ਕੱਢ ਕੇ ਇਕ ਲੋੜਵੰਦ ਪਰਵਾਰ ਦਾ ਮਜਬੂਰੀ ਕਾਰਨ ਠੰਢਾ ਪਿਆ ਚੁੱਲ੍ਹਾ ਤਪਾਇਆ ਅਤੇ ਵੰਡ ਕੇ ਛਕਣ ਦਾ ਸਿਧਾਂਤ ਬਖ਼ਸ਼ਣ ਵਾਲੇ ਬਾਬੇ ਨਾਨਕ ਦਾ ਸ਼ੁਕਰਾਨਾ ਕਰਦਾ ਹੋਇਆ ਉਥੋਂ ਵਾਪਸ ਆਇਆ।

ਸਵੇਰੇ 7 ਵਜੇ ਦਾ ਟਾਈਮ ਸੀ। ਮੇਰੇ ਇਕ ਜਾਣਕਾਰ ਦਾ ਫ਼ੋਨ ਆਇਆ ਤੇ ਉਹ ਕਹਿਣ ਲੱਗਾ, ''ਰਾਜਬੀਰ ਭਾਅ ਜੀ, ਮੇਰੀ ਘਰਵਾਲੀ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਅਸੀ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ ਅਤੇ ਉਸ ਦਾ ਅਪਰੇਸ਼ਨ ਹੋਣਾ ਹੈ। ਡਾਕਟਰ ਨੇ ਪੈਸਿਆਂ ਦਾ ਪ੍ਰਬੰਧ ਕਰਨ ਲਈ ਆਖਿਆ ਹੈ। ਕੁੱਝ ਭੈਣ-ਭਰਾਵਾਂ ਨੂੰ ਵੀ ਕਿਹਾ ਹੈ, ਪਲੀਜ਼! ਤੁਸੀ ਵੀ ਮੇਰੀ ਮਦਦ ਜ਼ਰੂਰ ਕਰੋ। ਮੇਰੀ ਘਰਵਾਲੀ ਦੀ ਹਾਲਤ ਬਹੁਤ ਗੰਭੀਰ ਹੈ।''

ਜਦੋਂ ਕਿਸੇ ਨਾਲ ਇਹੋ ਜਿਹੀ ਅਣਹੋਣੀ ਹੋ ਜਾਵੇ ਤਾਂ ਸੱਭ ਤੋਂ ਪਹਿਲਾਂ ਉਸ ਇਨਸਾਨ ਨੂੰ ਹੌਂਸਲਾ ਦੇਣ ਦੀ ਲੋੜ ਹੁੰਦੀ ਹੈ ਕਿਉਂਕਿ ਮਾਨਸਿਕ ਤੌਰ 'ਤੇ ਮਜ਼ਬੂਤ ਮਨੁੱਖ ਹੀ ਹਾਲਾਤ ਨਾਲ ਲੜ ਸਕਦਾ ਹੈ। ਮੈਂ ਉਸ ਨੂੰ ਹੌਂਸਲਾ ਦੇ ਕੇ ਕੁੱਝ ਚਿਰ ਬਾਅਦ ਮਿਲਣ ਲਈ ਕਹਿ ਕੇ ਅਪਣਾ ਰਿਕਸ਼ਾ ਲੈ ਕੇ ਘਰੋਂ ਚਲ ਪਿਆ। ਅਪਣੀ ਪੱਕੀ ਸਵਾਰੀ ਨੂੰ ਉਸ ਦੀ ਮੰਜ਼ਿਲ 'ਤੇ ਛੱਡ ਕੇ ਮੈਂ ਵਾਪਸ ਹਸਪਤਾਲ ਆ ਗਿਆ। ਆਈ.ਸੀ.ਯੂ. ਵਿਚ ਪਈ ਹੋਈ ਉਸ ਦੀ ਘਰਵਾਲੀ ਦੀ ਹਾਲਤ ਕਾਫ਼ੀ ਨਾਜ਼ੁਕ ਸੀ। ਗ਼ਰੀਬ ਆਦਮੀ ਕੋਲ ਕਿਹੜਾ ਪੈਸਾ ਪਿਆ ਹੁੰਦਾ ਹੈ ਅਤੇ ਨਾ ਹੀ ਉਸ ਦੇ ਰਿਸ਼ਤੇਦਾਰ ਇੰਨੇ ਸਮਰੱਥ ਹੁੰਦੇ ਹਨ ਕਿ ਉਸ ਦੀ ਮਦਦ ਕਰ ਸਕਣ। ਪਰ ਫਿਰ ਵੀ ਉਨ੍ਹਾਂ ਨੇ ਉਸ ਦੀ ਕੁੱਝ ਮਦਦ ਕੀਤੀ ਤੇ ਕੁੱਝ ਪੈਸੇ ਉਸ ਨੇ ਵਿਆਜ 'ਤੇ ਲੈ ਲਏ। ਬਾਕੀ ਮੈਂ ਗੁਰੂ ਕੀ ਗੋਲਤ 'ਚੋਂ ਦਸਵੰਧ ਦੇ ਦਿਤਾ। ਸ਼ਾਮ ਤਕ ਉਹਦੀ ਘਰਵਾਲੀ ਦੀ ਸਰਜਰੀ ਹੋ ਗਈ ਅਤੇ ਉਹ ਬਚ ਗਈ।

Help is also good for youHelp 

ਕੁੱਝ ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਅਤੇ ਉਹ ਅਪਣੇ ਘਰ ਚਲੇ ਗਏ। ਬਾਅਦ ਵਿਚ ਵੀ ਦਵਾਈਆਂ ਚਲਦੀਆਂ ਰਹੀਆਂ। ਕੁੱਝ ਦਿਨਾਂ ਬਾਅਦ ਉਹ ਮੈਨੂੰ ਮਿਲਿਆ ਤਾਂ ਹੱਥ ਜੋੜ ਕੇ ਕਹਿਣ ਲੱਗਾ, ''ਰਾਜਬੀਰ ਜੀ, ਜੇਕਰ ਐਨ ਮੌਕੇ 'ਤੇ ਤੁਸੀ ਮੇਰਾ ਸਾਥ ਨਾ ਦਿੰਦੇ ਤਾਂ ਸ਼ਾਇਦ ਪਤਾ ਨਹੀਂ ਕੀ ਹੋ ਜਾਣਾ ਸੀ। ਜੇਕਰ ਮੇਰੀ ਪਤਨੀ ਨੂੰ ਕੁੱਝ ਹੋ ਜਾਂਦਾ ਤਾਂ ਮੇਰੇ ਛੋਟੇ-ਛੋਟੇ ਬੱਚੇ ਰੁਲ ਜਾਣੇ ਸਨ। ਉਹ ਤਾਂ ਅਪਣੀ ਮਾਂ ਤੋਂ ਬਿਨਾਂ ਇਕ ਪਲ ਵੀ ਨਹੀਂ ਰਹਿੰਦੇ ਅਤੇ ਨਾ ਹੀ ਉਨ੍ਹਾਂ ਬਗ਼ੈਰ ਮਾਂ ਰਹਿੰਦੀ ਹੈ। ਇਸ ਔਖੀ ਘੜੀ ਵਿਚ ਤੁਸੀ ਮੇਰਾ ਬੜਾ ਸਾਥ ਦਿਤਾ। ਉਸ ਦੀ ਜਾਨ ਬਚਾਉਣ ਲਈ ਜੋ ਤੁਸੀ ਦਸਵੰਧ ਦਿਤਾ ਅਤੇ ਨਾਲ ਹੀ ਉਸ ਦੀ ਅਹਿਮੀਅਤ ਬਾਰੇ ਦਸਿਆ, ਸੱਚਮੁੱਚ ਦਸਵੰਧ ਦੀ ਬਹੁਤ ਅਹਿਮੀਅਤ ਹੈ, ਕਿਉਂਕਿ ਔਖੇ ਵੇਲੇ ਇਹ ਦਸਵੰਧ ਮੇਰੇ ਕੰਮ ਆਇਆ। ਅੱਗੋ ਤੋਂ ਮੈਂ ਵੀ ਅਪਣੀ ਕਿਰਤ ਕਮਾਈ 'ਚੋਂ ਭਾਵੇਂ ਥੋੜਾ ਹੀ ਕੱਢਾਂ ਪਰ ਜ਼ਰੂਰ ਕਢਿਆ ਕਰਾਂਗਾ।''

ਧਰਮ ਦੀ ਕਿਰਤ ਕਰਦਿਆਂ ਅਪਣੀ ਨੇਕ ਕਮਾਈ 'ਚੋਂ ਗੁਰੂ ਨਮਿਤ ਕਢਿਆ ਹੋਇਆ ਦਸਵੰਧ, ਜਦੋਂ ਕਿਸੇ ਵਿਧਵਾ ਬੀਬੀ ਅਤੇ ਉਸ ਦੇ ਬੱਚਿਆਂ ਦੇ ਮੂੰਹ ਵਿਚ ਭੋਜਨ ਬਣ ਕੇ ਜਾਂਦਾ ਹੈ ਤਾਂ ਮਨ ਨੂੰ ਬੜੀ ਖ਼ੁਸ਼ੀ ਮਿਲਦੀ ਹੈ। ਇਸੇ ਦਸਵੰਧ ਭੇਟਾ ਨਾਲ ਜਦੋਂ ਕਿਸੇ ਦਾ ਰੁਜ਼ਗਾਰ ਚਲਦਾ ਹੈ ਤਾਂ ਉਸ ਦੇ ਪਰਵਾਰ 'ਚ ਖ਼ੁਸ਼ਹਾਲੀ ਆਉਂਦੀ ਹੈ। ਇਹ ਦਸਵੰਧ ਜਦੋਂ ਕਿਸੇ ਗ਼ਰੀਬ ਲੋੜਵੰਦ ਮਰੀਜ਼ ਦੇ ਇਲਾਜ 'ਤੇ ਖ਼ਰਚ ਹੁੰਦਾ ਹੈ ਤਾਂ ਉਹ ਮਰੀਜ਼ ਜਦੋਂ ਠੀਕ ਹੋ ਕੇ ਅਪਣੇ ਘਰ ਪਰਵਾਰ ਵਿਚ ਜਾਂਦਾ ਹੈ ਤਾਂ ਕਈ ਉਦਾਸ ਹੋਏ ਚਿਹਰਿਆਂ 'ਤੇ ਖ਼ੁਸ਼ੀ ਲਿਆਉਂਦਾ ਹੈ। ਕਈ ਲੋੜਵੰਦ ਬਜ਼ੁਰਗਾਂ ਅਤੇ ਬੀਬੀਆਂ ਦੇ ਅੱਖਾਂ ਦੇ ਅਪਰੇਸ਼ਨ ਹੋਣ ਨਾਲ ਇਹ ਦਸਵੰਧ, ਉਨ੍ਹਾਂ ਦੀਆਂ ਅੱਖਾਂ ਵਿਚ ਰੌਸ਼ਨੀ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਦੁਨੀਆਂ ਵਿਖਾਉਂਦਾ ਹੈ।

ਰਾਜਬੀਰ ਸਿੰਘ, ਰਿਕਸ਼ੇ ਵਾਲਾ ਛੇਹਰਟਾ, ਅੰਮ੍ਰਿਤਸਰ 
- ਮੋਬਾਈਲ : 98141-65624

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement