ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼: ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
Published : Jan 5, 2021, 7:46 am IST
Updated : Jan 19, 2021, 5:45 pm IST
SHARE ARTICLE
Guru Gobind Singh Ji
Guru Gobind Singh Ji

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤੇ ਦੁਨੀਆਂ ਉਤੇ ‘ਸਿੱਖ ਧਰਮ’ ਨਾਮ ਦਾ ਇਕ ਨਵੇਕਲਾ ਧਰਮ ਹੋਂਦ ਵਿਚ ਲਿਆਂਦਾ। 

ਮੁਹਾਲੀ: ਸੰਸਾਰਕ ਧਰਮਾਂ ਦੇ ਇਤਿਹਾਸ ਵਿਚ ਸਿੱਖ ਧਰਮ ਸੱਭ ਤੋਂ ਨਵੇਕਲਾ ਧਰਮ ਮੰਨਿਆ ਗਿਆ ਹੈ ਤੇ ਸਿੱਖ ਧਰਮ ਵਿਚ ਦੱਸ ਗੁਰੂ ਸਾਹਿਬਾਨ ਨੂੰ ਇਕ ਜੋਤ ਮੰਨਿਆ ਗਿਆ ਹੈ। ਸਿੱਖ ਗੁਰੂ ਸਾਹਿਬਾਨ ਸਿੱਖ ਧਰਮ ਦੇ ਰੂਹਾਨੀ ਮਾਲਕ ਹਨ। ਜੋ ਸਿਧਾਂਤ ਬਾਬਾ ਨਾਨਕ ਸਾਹਿਬ ਨੇ ਬਖ਼ਸ਼ਿਸ਼ ਕੀਤਾ ਸੀ, ਬਾਕੀ ਗੁਰੂ ਸਾਹਿਬਾਨ ਨੇ ਵੀ ਉੁਨ੍ਹਾਂ ਸਿਧਾਂਤਾਂ ਉਤੇ ਚਲਦਿਆਂ ਖ਼ਾਲਸਾ ਪੰਥ ਦੀ ਸੰਪੂਰਨਤਾ ਤਕ ਦਾ ਸਫ਼ਰ ਤੈਅ ਕੀਤਾ। ਜੋ ਪੌਦਾ ਬਾਬੇ ਨਾਨਕ ਸਾਹਿਬ ਨੇ ਲਗਾਇਆ, ਬਾਕੀ ਗੁਰੂ ਸਾਹਿਬਾਨ ਨੇ ਉਸ ਦੀ ਸੰਭਾਲ ਕਰ ਕੇ ਉਸ ਨੂੰ ਵੱਡਾ ਕੀਤਾ ਤੇ ਦਸਮ ਪਾਤਿਸ਼ਾਹ ਸਮੇਂ ਉਸ ਪੌਦੇ ਦਾ ਫੱਲ ਖ਼ਾਲਸੇ ਦੇ ਰੂਪ ਵਿਚ ਪ੍ਰਗਟ ਹੋਇਆ। 

SikhSikh

ਸਿੱਖਾਂ ਦੇ ਪਹਿਲੇ ਗੁਰੂ ਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿਖਿਆਵਾਂ, ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਤੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਸੰਸਾਰ ਪ੍ਰਸਿੱਧ ਇਤਿਹਾਸਕਾਰ ਡਾਕਟਰ ਟਰੰਪ ਲਿਖਦਾ ਹੈ ਕਿ ਇਹ ਭਿੰਨ ਭੇਦ ਕਰਨ ਦੀ ਲੋੜ ਨਹੀਂ ਕਿ ਕਿਹੜੀ ਗੱਲ ਕਿਹੜੇ ਗੁਰੂ ਸਾਹਿਬ ਨੇ ਕਹੀ, ਬਾਕੀ ਗੁਰੂ ਸਾਹਿਬਾਨ ਨੇ ਵੀ ਉਹ ਗੱਲਾਂ ਅਪਣਾਈਆਂ, ਜਿਹੜੀਆਂ ਬਾਬਾ ਨਾਨਕ ਜੀ ਨੇ ਕਹੀਆਂ ਸਨ। ਭਾਵ ਬਾਬਾ ਨਾਨਕ ਸਾਹਿਬ ਦੇ ਬਖ਼ਸ਼ਿਸ਼ ਕੀਤੇ ਸਿਧਾਂਤ ਅਨੁਸਾਰ ਹੀ ਬਾਕੀ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਸੰਪੂਰਨਤਾ ਦੀ ਸਿਖਰ ਉਤੇ ਪਹੁੰਚਾਇਆ। ਇਸੇ ਲੀਹ ਤੇ ਤੁਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤੇ ਦੁਨੀਆਂ ਉਤੇ ‘ਸਿੱਖ ਧਰਮ’ ਨਾਮ ਦਾ ਇਕ ਨਵੇਕਲਾ ਧਰਮ ਹੋਂਦ ਵਿਚ ਲਿਆਂਦਾ। 

Guru Gobind Singh JiGuru Gobind Singh Ji

ਖ਼ਾਲਸਾ ਸਿਰਜਣਾ ਰਾਹੀਂ ਕਲਗੀਧਰ ਪਾਤਿਸ਼ਾਹ ਨੇ ਮਨੁੱਖਤਾ ਨੂੰ ਸਵੈ-ਰਖਿਆ, ਆਤਮ ਵਿਸ਼ਵਾਸ, ਹਿੰਮਤ, ਅਣਖ ਤੇ ਦਲੇਰੀ ਦੇ ਰੂਬਰੂ ਕਰਵਾਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ ਇਕ ਸੰਘਰਸ਼ਮਈ ਜੀਵਨ ਰਿਹਾ ਹੈ। ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਸਾਹਿਬ ਨੂੰ ਜ਼ਿੰਦਗੀ ਭਰ ਸੰਘਰਸ਼ ਕਰਨਾ ਪਿਆ। ਦਸਮੇਸ਼ ਪਿਤਾ ਜੀ ਦਾ ਜੀਵਨ-ਉਦੇਸ਼ ਸੱਚ ਧਰਮ ਦੀ ਸਥਾਪਨਾ, ਮਜ਼ਲੂਮਾਂ ਤੇ ਨਿਤਾਣਿਆਂ ਦੀ ਰਾਖੀ ਕਰਨਾ ਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ ਕਿਉਂਕਿ ਉਨ੍ਹਾਂ ਨੇ ਭਾਂਪ ਲਿਆ ਕਿ ਸਮਾਜ ਦੇ ਪਤਨ ਜਾਂ ਅਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾਂ ਦੀ ਗ਼ੁਲਾਮ ਮਾਨਸਿਕਤਾ ਹੈ। ਸੱਭ ਤੋਂ ਇਨਕਲਾਬੀ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਕਿ ਉਨ੍ਹਾਂ ਦੱਬੇ-ਕੁਚਲੇ, ਲਤਾੜੇ ਹੋਏ ਲੋਕਾਂ, ਗ਼ਰੀਬ ਕਿਰਤੀਆਂ ਤੇ ਨਿਤਾਣਿਆਂ ਨੂੰ ਗਲ ਨਾਲ ਲਗਾਇਆ।

ANANDPUR SAHIB ANANDPUR SAHIB

ਸਦੀਆਂ ਤੋਂ ਗ਼ੁਲਾਮੀ ਤੇ ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਵਿਚ ਅਣਖ ਤੇ ਸਵੈਮਾਨ ਦੀ ਭਾਵਨਾ ਨੂੰ ਜਗਾ ਦਿਤਾ। ਲੋਕਾਂ ਨੂੰ ਜਬਰ-ਜ਼ੁਲਮ ਵਿਰੁਧ ਆਵਾਜ਼ ਉਠਾਉਣ ਦੀ ਸ਼ਕਤੀ ਦਿਤੀ ਬਲਕਿ ਉਨ੍ਹਾਂ ਨੂੰ ਸੰਸਾਰ ਦੇ ਮਹਾਨ ਯੋਧਿਆਂ ਦੀਆਂ ਕਤਾਰਾਂ ਵਿਚ ਖੜਾ ਕਰ ਦਿਤਾ। ਮੈਕਾਲਫ਼ ਨੇ ਬਹੁਤ ਹੀ ਸੁੰਦਰ ਲਿਖਿਆ ਹੈ, ‘ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਨ੍ਹਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤਕ ਨਹੀਂ ਸੀ ਕੀਤਾ ਜਿਨ੍ਹਾਂ ਨੂੰ ਜਨਮ ਤੋਂ ਹੀ ਦੁਰੇ-ਦੁਰੇ ਕੀਤਾ ਜਾਂਦਾ ਸੀ।’

Guru Gobind Singh JiGuru Gobind Singh Ji

ਅਨੇਕਾਂ ਸ਼ਖ਼ਸੀਅਤਾਂ ਦੇ ਮਾਲਕ ਕਲਗੀਧਰ ਪਾਤਿਸ਼ਾਹ ਜੀ ਨੇ ਸਿਰਫ਼ ਰਾਜਸੀ ਇਨਕਲਾਬ ਦੀ ਹੀ ਗੱਲ ਨਾ ਕੀਤੀ, ਸਗੋਂ ਲੋਕਾਂ ਦੀ ਆਤਮਾ ਨੂੰ ਵੀ ਅਧਿਆਤਮਿਕਤਾ ਦੇ ਰਾਹ ਉਤੇ ਤੋਰ ਕੇ ਅਪਣੇ ਮਨੋਬਲ ਨੂੰ ਉੱਚਾ ਚੁੱਕਣ ਤੇ ਅਪਣੇ ਆਚਰਨ ਨੂੰ ਸ਼ੁੱਧ ਰੱਖਣ ਉਤੇ ਵੀ ਜ਼ੋਰ ਦਿਤਾ। ਮਨੁੱਖੀ ਹਕੂਕ ਦੀ ਰਾਖੀ ਤੇ ਲਤਾੜੇ ਵਰਗਾਂ ਦੀ ਆਵਾਜ਼ ਬਣ ਕੇ ਇਤਿਹਾਸ ਬਦਲਣ ਲਈ ਗੁਰੂ ਸਾਹਿਬ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਈ। ਜਿਥੇ ਬੇਇਨਸਾਫ਼ੀ, ਜਬਰ-ਜ਼ੁਲਮ, ਜਾਤੀ ਵਿਕਤਰੇ ਤੇ ਅਨਿਆਂ ਵਿਰੁਧ ਆਵਾਜ਼ ਉਠਾਈ, ਉੱਥੇ ਧਾਰਮਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਸਮੇਸ਼ ਪਿਤਾ ਨੇ ਅਪਣਾ ਸਰਬੰਸ ਕੁਰਬਾਨ ਕਰ ਕੇ ਦੱਬੇ-ਕੁਚਲੇ ਤੇ ਮਜ਼ਲੂਮ ਲੋਕਾਂ ਦੇ ਅਧਿਕਾਰਾਂ ਦੀ ਰਖਿਆ ਕੀਤੀ। ਦੁਨੀਆਂ ਦੇ ਧਾਰਮਕ ਇਤਿਹਾਸ ਅੰਦਰ ਅਜਿਹੀ ਹੋਰ ਕੋਈ ਮਿਸਾਲ ਨਹੀਂ ਮਿਲਦੀ। 

Guru Granth Sahib JiGuru Granth Sahib Ji

ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿਤਾ, ਭਾਵੇਂ ਅਪਣੇ ਬਾਗ ਵੀਰਾਨ ਹੋ ਗਏ। ਹੱਥੀ ਛਾਂ ਕੀਤੀ ਲੱਖਾਂ ਪੁੱਤਰਾਂ ਨੂੰ, ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ...
ਗੁਰੂ ਸਾਹਿਬ ਨੂੰ ਅਪਣੇ ਥੋੜ੍ਹੇ ਜਹੇ ਅਰਸੇ ਵਿਚ ਬਹੁਤ ਸਾਰੇ ਯੁੱਧਾਂ ਦੇ ਸਨਮੁਖ ਜੂਝਣਾ ਪਿਆ ਤੇ ਇਨ੍ਹਾਂ ਸਾਰੇ ਯੁਧਾਂ ਵਿਚ ਉਨ੍ਹਾਂ ਨੂੰ ਬੇਮਿਸਾਲ ਫ਼ਤਿਹ ਨਸੀਬ ਹੋਈ। ਇਨ੍ਹਾਂ ਵਿਚੋਂ ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ। ਗੁਰੂ ਸਾਹਿਬ ਨੇ 14 ਲੜਾਈਆਂ ਲੜੀਆਂ ਤੇ ਜਿੱਤੀਆਂ ਵੀ ਪਰ ਕਦੇ ਕਿਸੇ ਤੇ ਪਹਿਲਾਂ ਖ਼ੁਦ ਹਮਲਾ ਨਹੀਂ ਕੀਤਾ।

Chamkaur SahibChamkaur Sahib

ਉਨ੍ਹਾਂ ਦੇ ਜੰਗੀ ਅਸੂਲ ਵੀ ਦੁਨੀਆਂ ਤੋਂ ਵਖਰੇ ਸਨ। ਕਿਸੇ ਤੇ ਪਹਿਲਾ ਹੱਲਾ ਨਹੀਂ ਬੋਲਣਾ, ਪਹਿਲਾਂ ਵਾਰ ਨਹੀਂ ਕਰਨਾ, ਭਗੌੜੇ ਦਾ ਪਿੱਛਾ ਨਹੀਂ ਕਰਨਾ। ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਜਾਂ ਵੈਰ ਵਿਰੋਧ ਨਹੀਂ ਸੀ। ਰਾਜਿਆਂ-ਮਹਾਰਾਜਿਆਂ ਨੇ ਹਮਲੇ ਵੀ ਕੀਤੇ ਤੇ ਲੋੜ ਵੇਲੇ ਮਾਫ਼ੀਆਂ ਵੀ ਮੰਗੀਆਂ। ਗੁਰੂ ਸਾਹਿਬ ਵਲੋਂ ਲੜੀਆਂ ਗਈਆਂ ਕੁੱਲ 14 ਲੜਾਈਆਂ ਵਿਚੋਂ ਸਿਰਫ਼ 3 ਲੜਾਈਆਂ ਹੀ ਇੱਕਲੇ ਮੁਗ਼ਲਾਂ ਦੇ ਵਿਰੁਧ ਹਨ, ਬਾਕੀ ਲੜਾਈਆਂ ਹਿੰਦੂ ਪਹਾੜੀ ਰਾਜਿਆਂ ਜਾਂ ਹਿੰਦੂ ਤੇ ਮੁਸਲਮਾਨ ਰਾਜਿਆਂ ਨੇ ਰਲ ਕੇ ਗੁਰੂ ਸਾਹਿਬ ਤੇ ਹਮਲੇ ਕੀਤੇ ਤੇ ਹਮੇਸ਼ਾਂ ਹੀ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ।

ਅੰਤ ਵਿਚ ਜਿੱਤ ਸੱਚਾਈ ਉਤੇ ਪਹਿਰਾ ਦੇਣ ਵਾਲਿਆਂ ਦੀ ਹੀ ਹੁੰਦੀ ਹੈ। ਦੁਨੀਆਂ ਭਰ ਦੀਆਂ ਜੰਗਾਂ ਦਾ ਸਬੰਧ ‘ਜ਼ਰ, ਜੋਰੂ ਤੇ ਜ਼ਮੀਨ’ ਨਾਲ ਜੁੜਿਆ ਹੋਇਆ ਹੈ ਪਰ ਸਿੱਖ ਇਤਿਹਾਸ ਮਹਾਨ ਘਟਨਾਵਾਂ ਤੇ ਕੁਰਬਾਨੀਆਂ ਦੀ ਜ਼ਿੰਦਾ ਮਿਸਾਲ ਹੈ ਕਿ ਸਿੱਖਾਂ ਨੇ ਜ਼ਰ, ਜੋਰੂ ਤੇ ਜ਼ਮੀਨ ਲਈ ਲੜਾਈਆਂ ਨਹੀਂ ਲੜੀਆਂ, ਸਗੋਂ ਧਰਮ ਲਈ ਲੜਾਈਆਂ ਲੜੀਆਂ ਹਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ ਸੀ, ਸਗੋਂ ਆਪ ਨੇ ਤੇ ਖ਼ਾਲਸੇ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਉਹ ਕੇਵਲ ਧਰਮ, ਹੱਕ ਤੇ ਸੱਚ ਖ਼ਾਤਰ ਪਹਿਰੇਦਾਰੀ ਕਰਦਿਆਂ ਹੀ ਲੜੀਆਂ।

ਉਨ੍ਹਾਂ ਦੁਆਰਾ ਜੰਗਾਂ ਲੜਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ ਜਾਂ ਧੱਕੇਸ਼ਾਹੀ ਨੂੰ ਰੋਕਣਾ ਸੀ। ਇਥੇ ਇਕ ਗੱਲ ਧਿਆਨ-ਗੋਚਰੇ ਰਖਣੀ ਲਾਜ਼ਮੀ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਉੱਤੇ ਪਹਿਲਾਂ ਹਮਲਾ ਨਹੀਂ ਕੀਤਾ। ਹਾਂ! ਜਦੋਂ ਜ਼ੁਲਮ ਦੀ ਅੱਤ ਹੋਈ ਉਨ੍ਹਾਂ ਅਪਣੇ ਸ਼ਸਤਰਾਂ ਦੀ ਵਰਤੋਂ ਉਦੋਂ ਕੀਤੀ ਹੀ ਨਹੀਂ, ਬਲਕਿ ਹਮਲਾਵਰ ਹੋ ਕੇ ਆਏ ਦੁਸ਼ਮਣ ਦਾ ਮੂੰਹ ਤਕ ਮੋੜਿਆ ਤੇ ਉਸ ਨੂੰ ਧੂੜ ਚਟਾ ਦਿਤੀ। 

Guru Tegh Bahadur jiGuru Tegh Bahadur ji

ਦੁਨੀਆਂ ਭਰ ਦੇ ਕਲਮਕਾਰਾਂ ਨੇ ਗੁਰੂ ਸਾਹਿਬ ਦੀ ਉਸਤਤੀ ਕੀਤੀ ਹੈ, ਪ੍ਰੰਤੂ ਇਹ ਵੀ ਸੱਚ ਹੈ ਕਿ ਅਜੇ ਤਕ ਗੁਰੂ ਸਾਹਿਬ ਜੀ ਦੀ ਵਿਲੱਖਣ ਸ਼ਖ਼ਸੀਅਤ ਨੂੰ ਕੋਈ ਵੀ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਿਆ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਅਤਿ ਉੱਤਮ ਹੈ ਤੇ ਦੁਨਿਆਵੀਂ ਲੇਖਕਾਂ ਦੀ ਬੁਧੀ ਤੇ ਸੋਚ ਦੀ ਇਕ ਸੀਮਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਹੀ ਕਾਬਲ ਤੇ ਦੂਰਅੰਦੇਸ਼ ਗੁਰੂ ਸਨ। ਸਾਧੂ ਟੀ.ਐੱਲ ਵਾਸਵਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਸ਼ਖ਼ਸੀਅਤ ਨੂੰ ਸਤ-ਰੰਗੀ ਪੀਂਘ ਨਾਲ ਤੁਲਨਾ ਦਿੰਦੇ ਹਨ।

ਉਹ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਿਚ ਦੁਨੀਆਂ ਭਰ ਦੇ ਹੋਏ ਸਾਰੇ ਪੈਗੰਬਰਾਂ ਦੇ ਗੁਣ ਸਨ। ਬਾਬਾ ਨਾਨਕ ਸਾਹਿਬ ਦੀ ਮਿੱਠਤ-ਨੀਵੀਂ, ਯਸੂ ਮਸੀਹ ਦੀ ਮਾਸੂਮੀਅਤ, ਬੁੱਧ ਦਾ ਆਤਮ ਗਿਆਨ, ਹਜ਼ਰਤ ਮੁਹੰਮਦ ਵਾਲਾ ਕੋਸ਼, ਕ੍ਰਿਸ਼ਨ ਵਾਲਾ ਜਲੌਅ, ਰਾਮ ਵਰਗਾ ਮਰਿਆਦਾ ਪ੍ਰਸ਼ੋਤਮ ਤੇ ਕਿੰਨਾ ਕੁੱਝ ਹੋਰ ਜੋ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਮੁਹੰਮਦ ਲਤੀਫ਼ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਧਾਰਮਕ ਗੱਦੀ ਤੇ ਬੈਠੇ ਰੂਹਾਨੀ ਰਹਿਬਰ, ਤਖ਼ਤ ਤੇ ਬੈਠੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਮੈਦਾਨ-ਏ-ਜੰਗ ਵਿਚ ਮਹਾਂਯੋਧਾ ਤੇ ਸੰਗਤ ਵਿਚ ਬੈਠੇ ਫ਼ਕੀਰ ਲਗਦੇ ਸਨ। ਚਾਹੇ ਉਨ੍ਹਾਂ ਨੇ ਸ਼ਾਹੀ ਠਾਠ-ਬਾਠ ਵੀ ਰੱਖੇ ਪਰ ਦਿਲੋ-ਦਿਮਾਗ਼ ਤੋਂ ਉਹ ਹਮੇਸ਼ਾ ਫ਼ਕੀਰ ਹੀ ਰਹੇ, ਸ਼ਾਇਦ ਇਸੇ ਲਈ ਉਨ੍ਹਾਂ ਨੂੰ ਸਾਰੀ ਦੁਨੀਆਂ ਬਾਦਸ਼ਾਹ ਦਰਵੇਸ਼ ਆਖ ਕੇ ਸੰਬੋਧਤ ਹੁੰਦੀ ਹੈ।

SikhSikh

ਉਨ੍ਹਾਂ ਨੇ ਇਨਸਾਨੀਅਤ ਦੇ ਹਰ ਪੱਖ ਨੂੰ ਇਸ ਢੰਗ ਨਾਲ ਸੰਵਾਰਿਆ, ਸਜਾਇਆ ਤੇ ਵਿਕਸਿਤ ਕੀਤਾ ਕਿ ਵੇਖਣ ਸੁਣਨ ਵਾਲੇ ਹੈਰਾਨ ਰਹਿ ਜਾਂਦੇ ਹਨ। ਉਨ੍ਹਾਂ ਦਾ ਉੱਚਾ ਲੰਮਾ ਕੱਦ, ਨੂਰਾਨੀ ਚਿਹਰਾ, ਅੱਖਾਂ ਵਿਚ ਅਜਿਹੀ ਚਮਕ ਸੀ ਕਿ ਲੋਕਾਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਸਨ। ਉਹ ਬਹੁਤ ਹੀ ਕਮਾਲ ਦੇ ਘੁੜਸਵਾਰ, ਖੁੱਲ੍ਹੀ ਕੁਦਰਤ ਦੇ ਸ਼ੌਕੀਨ, ਦਰਬਾਰ ਵਿਚ ਆਉਂਦੇ ਤਾਂ ਕੀਮਤੀ ਲਿਬਾਸ, ਅਸਤਰ ਸ਼ਸਤਰ ਸਜਾ ਕੇ, ਬਾਦਸ਼ਾਹਾਂ ਵਾਂਗ ਕਲਗ਼ੀ ਲਗਾ ਕੇ, ਸ਼ਿਕਾਰ ਤੇ ਜਾਣਾ ਹੋਵੇ ਤਾਂ ਸੁੰਦਰ ਤੇਜ਼ ਤਰਾਰ ਘੋੜੇ ਦੀ ਸਵਾਰੀ ਕਰਦੇ।

ਉਨ੍ਹਾਂ ਦੇ ਖੱਬੇ ਹੱਥ ਤੇ ਬਾਜ ਤੇ ਘੋੜੇ ਦੀਆਂ ਲਗਾਮਾਂ ਹੁੰਦੀਆਂ ਤੇ ਉਨ੍ਹਾਂ ਨਾਲ ਘੁੜਸਵਾਰ ਸਿੰਘ ਹੁੰਦੇ। ਅੱਜ ਤਕ ਨਾ ਤਾਂ ਕੋਈ ਦਸਮੇਸ਼ ਪਿਤਾ ਵਰਗਾ ਬਾਦਸ਼ਾਹ ਹੋਇਆ ਤੇ ਨਾ ਹੀ ਐਸਾ ਕੋਈ ਦਰਵੇਸ਼ ਹੋਇਆ ਹੈ। ਗੱਲ ਕੀ ਅਨੇਕਾਂ ਹੀ ਸ਼ਖ਼ਸੀਅਤਾਂ ਦੇ ਮਾਲਕ ਪੰਥ ਦੇ ਵਾਲੀ, ਸੰਤ ਸਿਪਾਹੀ, ਧਰਮ ਤੇ ਮਾਨਵਤਾ ਦੀ ਰਖਿਆ ਖ਼ਾਤਰ ਅਪਣਾ ਸਰਬੰਸ ਕੁਰਬਾਨ ਕਰਨ ਵਾਲੇ, ਕਲਗੀਧਰ ਪਾਤਿਸ਼ਾਹ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। 

Guru Gobind Singh JiANANDPUR SAHIB

ਸਿੱਖ ਧਰਮ ਵਿਚ ਕੁਰਬਾਨੀਆਂ ਦਾ ਇਤਿਹਾਸ ਬੜਾ ਲਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖ ਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖ਼ਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ ਕਿਉਂਕਿ ਇਸ ਤਰ੍ਹਾਂ ਦੀ ਅਸਾਵੀਂ ਜੰਗ ਦੀਆਂ ਮਿਸਾਲਾਂ ਸਿੱਖ ਇਤਿਹਾਸ ਵਿਚ ਤਾਂ ਕੁੱਝ ਹੋਰ ਵੀ ਮਿਲਦੀਆਂ ਹਨ ਪਰ ਬਾਕੀ ਕੌਮਾਂ ਦੇ ਇਤਿਹਾਸ ਵਿਚ ਸ਼ਾਇਦ ਨਾਂਹ ਦੇ ਬਰਾਬਰ ਹਨ।

ਦੁਨੀਆਂ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ ਜਿਥੇ ਇਕ ਪਿਤਾ ਨੇ ਅਪਣੇ ਪੁਤਰਾਂ ਨੂੰ ਲੜਾਈ ਵਿਚ ਸ਼ਹੀਦ ਹੋਣ ਲਈ ਭੇਜਿਆ ਹੋਵੇ। ਪਰ ਵਿਚਾਰਨ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਅਪਣਿਆਂ ਲਈ ਤਾਂ ਹਰ ਕੋਈ ਜਿਊਂਦਾ ਹੈ, ਜਿਹੜਾ ਇਨਸਾਨ ਦੂਜਿਆਂ ਲਈ ਜਿਊਂਦਾ ਹੈ, ਸਹੀ ਅਰਥਾਂ ਵਿਚ ਉਹੀ ਅਸਲ ਇਨਸਾਨ ਅਖਵਾਉਣ ਦੇ ਕਾਬਲ ਹੈ। ਉਹ ਮਰ ਕੇ ਵੀ ਜਿਊਂਦੇ ਰਹਿੰਦੇ ਹਨ।

Mata Gujra ji and Chotte SahibzadeMata Gujra ji and Chotte Sahibzade

ਸਿੱਖ ਕੌਮ ਦਾ ਇਤਿਹਾਸ ਬੜਾ ਗੌਰਵਸ਼ਾਲੀ, ਲਾਸਾਨੀ ਤੇ ਕੁਰਬਾਨੀਆਂ ਭਰਿਆ ਹੈ ਜਿਸ ਨੇ ਇਸ ਨੂੰ ਦੁਨੀਆਂ ਭਰ ਵਿਚ ਨਿਆਰਾ ਪੰਥ ਹੋਣ ਦਾ ਮਾਣ ਹਾਸਲ ਕਰਵਾਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸੱਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਦੋ ਪੁੱਤਰ ਚਮਕੌਰ ਦੀ ਜੰਗ ਵਿਚ ਤੇ ਦੋ ਛੋਟੇ ਪੁੱਤਰ ਅਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਵਿਚ ਸ਼ਹੀਦ ਕਰਵਾ ਅਪਣਾ ਸਰਬੰਸ ਕੁਰਬਾਨ ਕਰ ਦਿਤਾ। ਇਸ ਤਰ੍ਹਾਂ ਅਸੀ ਵੇਖਦੇ ਹਾਂ ਕਿ ਗੁਰੂ ਸਾਹਿਬ ਜਿਨ੍ਹਾਂ ਨੇ ਸਿੱਖੀ ਦੀ ਖ਼ਾਤਰ ਆਪਾ ਤੇ ਅਪਣਾ ਸਾਰਾ ਪ੍ਰਵਾਰ ਕੁਰਬਾਨ ਕਰ ਕੇ ਸਾਰਾ ਜੀਵਨ ਹੀ ਮਨੁੱਖਤਾ ਦੀ ਭਲਾਈ ਲਈ ਜੀਵਿਆ ਅਤੇ ਭਾਰਤੀ ਸਮਾਜ ਦਾ ਮੂੰਹ-ਮੱਥਾ ਬਦਲ ਕੇ ਰੱਖ ਦਿਤਾ।

SahibzadeSahibzade

ਉਂਜ, ਇਕ ਗੱਲ ਪੱਥਰ ਉਤੇ ਲਕੀਰ ਵਾਂਗ ਪੱਕੀ ਹੈ ਕਿ ਜੇਕਰ ਗੁਰੂ ਸਾਹਿਬਾਨ ‘ਜਗਤ ਜਲੰਦੇ’ ਨੂੰ ਤਾਰਨ ਲਈ ਅਵਤਾਰ ਨਾ ਧਾਰਦੇ ਤਾਂ ਇਸਲਾਮੀ ਹਮਲਾਵਰਾਂ ਤੇ ਹੁਕਮਰਾਨਾਂ ਨੇ ਸਾਰਾ ਹਿੰਦੁਸਤਾਨ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾ ਲੈਣਾ ਸੀ। ਅੱਜ ਹਿੰਦੋਸਤਾਨ ਦਾ ਇਤਿਹਾਸ ਹੋਰ ਹੁੰਦਾ, ਇਸ ਦਾ ਭੂਗੋਲਿਕ ਨਕਸ਼ਾ ਕੁੱਝ ਹੋਰ ਹੁੰਦਾ, ਭਾਰਤੀ ਸਮਾਜ ਹੋਰ ਹੁੰਦਾ, ਇਸ ਦਾ ਧਾਰਮਕ ਤੇ ਸਭਿਆਚਾਰਕ ਵਿਰਸਾ ਵੀ ਕੁੱਝ ਹੋਰ ਹੋਰ ਹੁੰਦਾ। ਭਾਵ ਕਿ   ‘ਚੌਕ ਚਾਂਦਨੀ ਜੇਕਰ ਗੁਰੂ ਨੌਵਾਂ, ਜੰਞੂ ਤਿਲਕ ਲਈ ਨਾ ਕੁਰਬਾਨ ਹੁੰਦਾ, ਦਾਦੀ ਪੋਤੇ ਨਾ ਵਾਰਦਾ ਸ਼ਹਿਨਸ਼ਾਹ ਜੇ, ਨਾ ਹੀ ਕੌਮ ਨਾ ਸਿੱਖ ਨਿਸ਼ਾਨ ਹੁੰਦਾ, ਮੇਰੇ ਦੇਸ਼ ਦੇ ਦਿੱਲੀ ਦੇ ਤਖ਼ਤ ਉੱਤੇ, ਬਿਰਾਜਮਾਨ ਕੋਈ ਮਾਲਿਆ ਖ਼ਾਨ ਹੁੰਦਾ,  ਓਏ ਲਾਲ ਕਿਲੇ ਤੇ ਝੂਲਦਾ ਚੰਦ ਤਾਰਾ, ਹਿੰਦੋਸਤਾਨ ਵੀ ਕੋਈ ਹੋਰ ਸਤਾਨ ਹੁੰਦਾ।’
                                                           ਅਮਰਜੀਤ ਸਿੰਘ ਢਿੱਲੋਂ ,ਸੰਪਰਕ : 98883-47068 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement