
ਇਕ ਸਾਲ ਵਿਚ ਦੁਨੀਆਂ ਅੰਦਰ 2 ਕਰੋੜ ਲੋਕ ਦਿਲ ਦਾ ਦੌਰਾ, ਦਿਮਾਗ਼ ਜਾਂ ਅਚਾਨਕ ਸਾਹ ਬੰਦ ਹੋਣ ਕਰ ਕੇ ਮਰਦੇ ਹਨ
ਇਕ ਸਾਲ ਵਿਚ ਦੁਨੀਆਂ ਅੰਦਰ 2 ਕਰੋੜ ਲੋਕ ਦਿਲ ਦਾ ਦੌਰਾ, ਦਿਮਾਗ਼ ਜਾਂ ਅਚਾਨਕ ਸਾਹ ਬੰਦ ਹੋਣ ਕਰ ਕੇ ਮਰਦੇ ਹਨ ਪਰ 2019 ਤੇ 2020 ਤਕ ਦੁਨੀਆਂ ਅੰਦਰ 8 ਕਰੋੜ ਮਰ ਸਕਦੇ ਹਨ ਕਿਉਂਕਿ ਬੱਚਿਆਂ, ਨੌਜੁਆਨਾਂ ਦੇ ਸ੍ਰੀਰ ਖੋਖਲੇ ਤੇ ਕਮਜ਼ੋਰ ਹੁੰਦੇ ਜਾ ਰਹੇ ਹਨ। ਬੱਚਿਆਂ ਅਤੇ ਨੌਜੁਆਨਾਂ ਅੰਦਰ ਕਸਰਤ, ਦੌੜਨ, ਸਵੇਰੇ-ਸਵੇਰੇ ਉਠ ਕੇ ਤਾਜ਼ੀ ਹਵਾ ਵਿਚ ਸੈਰ ਕਰਨ ਦੀ ਆਦਤ ਲਗਭਗ ਖ਼ਤਮ ਹੋ ਗਈ ਹੈ। ਅੱਜ 50 ਸਾਲਾਂ ਤਕ ਦੇ ਲੋਕ ਕਸਰਤ, ਦੌੜਨਾ, ਸਵੇਰੇ ਸੈਰ ਕਰਨਾ, ਸਖ਼ਤ ਕੰਮ ਕਰਨਾ, ਭੁੱਲ ਗਏ ਹਨ। ਸਵੇਰੇ ਸੈਰ ਕਰਦੇ ਸਮੇਂ ਮੈਂ ਵੇਖਿਆ ਕਿ ਬਜ਼ੁਰਗ ਜਾਂ ਕੰਮ ਕਾਜ ਕਰਨ ਵਾਲੇ ਲੋਕ ਜਾਂ ਕੁੱਝ ਭਗਤੀ ਵਿਚ ਅਨੰਦ ਲੈਂਦੇ ਲੋਕ ਹੀ ਪਾਰਕਾਂ, ਸੜਕਾਂ ਤੇ ਫਿਰਦੇ ਮਿਲਦੇ ਹਨ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਜਿਹੜੇ ਲੋਕ ਸਵੇਰੇ ਉਠ ਕੇ ਸੂਰਜ ਨੂੰ ਜਗਾਉਂਦੇ ਹਨ, ਉਹੀ ਹਮੇਸ਼ਾ ਸੂਰਜ ਵਾਂਗ ਸਿਹਤਮੰਦ ਤੇ ਚਮਕਦੇ ਹਨ ਪਰ ਜਿਨ੍ਹਾਂ ਨੂੰ ਸੂਰਜ ਆ ਕੇ ਜਗਾਉਂਦਾ ਹੈ ਯਾਨੀਕਿ ਜੋ ਸੂਰਜ ਚੜ੍ਹਨ ਮਗਰੋਂ ਉਠਦੇ ਹਨ। ਉਨ੍ਹਾਂ ਦੀ ਸਿਹਤ, ਸਨਮਾਨ, ਖ਼ੁਸ਼ੀਆਂ, ਨਿਮਰਤਾ, ਅਨੰਦ ਹਮੇਸ਼ਾ ਅਲੋਪ ਹੀ ਰਹੇਗਾ।
ਇਸ ਸਮੇਂ ਮੋਬਾਈਲ ਤੇ ਇੰਟਨੈੱਟ ਦੇ ਅਨੰਦ ਕਰ ਕੇ ਲੋਕ ਸਵੇਰੇ ਉਠਦੇ ਸਾਰ ਮੋਬਾਈਲ ਦੇ ਹੀ ਦਰਸ਼ਨ ਕਰਦੇ ਹਨ। ਇਸ ਦਾ ਹੀ ਸਿਮਰਨ ਕਰਦੇ ਹਨ ਤੇ ਰਾਤੀ ਦੇਰ ਰਾਤ ਤਕ ਮੋਬਾਈਲ ਉਤੇ ਲੱਗੇ ਰਹਿੰਦੇ ਹਨ। ਜੇਕਰ 2-4 ਨੌਜੁਆਨ ਕਿਧਰੇ ਵੀ ਵਿਹਲੇ ਬੈਠੇ ਹਨ ਤਾਂ ਉਹ ਗੱਲਾਂ ਨਹੀਂ ਕਰਦੇ ਸਗੋਂ ਅਪਣੇ-ਅਪਣੇ ਮੋਬਾਈਲ ਉਤੇ ਹੀ ਮਸਤ ਦਿਖਣਗੇ।
ਹਰ ਸ੍ਰੀਰ ਵੱਧ ਤੋਂ ਵੱਧ ਹਰਕਤ ਮੰਗਦਾ ਹੈ। ਤੁਸੀ ਪਹਾੜਾਂ ਤੇ ਜਾਉ ਤਾਂ ਆਮ ਇਨਸਾਨ ਜੋ ਮੈਦਾਨੀ ਖੇਤਰ ਤੋਂ ਆਉਂਦਾ ਹੈ, ਅਕਸਰ ਖ਼ਾਲੀ ਹੱਥ ਵੀ ਪਹਾੜੀ ਉਤੇ ਚੜ੍ਹ ਨਹੀਂ ਸਕਦਾ ਜਦਕਿ ਪਹਾੜੀ ਲੋਕ ਜੋ ਸਾਡੇ ਲੋਕਾਂ ਤੋਂ ਕਾਫ਼ੀ ਪਤਲੇ ਤੇ ਕਮਜ਼ੋਰ ਹੁੰਦੇ ਹਨ, ਉਨ੍ਹਾਂ ਦੀ ਖ਼ੁਰਾਕ ਵੀ ਵਧੀਆ ਅਤੇ ਸੰਤੁਲਿਤ ਨਹੀਂ ਹੁੰਦੀ ਪਰ ਫਿਰ ਵੀ ਉਹ 50 ਤੋਂ 100 ਕਿਲੋ ਦਾ ਸਾਮਾਨ ਪਿੱਠ ਉਤੇ ਰੱਖ ਕੇ ਪਹਾੜੀਆਂ ਉਤੇ ਆਰਾਮ ਨਾਲ ਚੜ੍ਹ ਜਾਂਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਸ੍ਰੀਰ ਤੇ ਦਿਲ ਦਿਮਾਗ਼ ਦੀ ਕਸਰਤ ਤੇ ਡਾਕਟਰੀ ਟੈਸਟ ਟੀ ਐਮ.ਟੀ. ਹਰ ਰੋਜ਼ ਹੋ ਜਾਂਦੇ ਹਨ। ਤੁਸੀ ਪਹਾੜੀ ਖੇਤਰ ਵਿਚ ਮੰਦਰਾਂ ਤੇ ਵਡੀਆਂ ਇਮਾਰਤਾਂ ਹੋਟਲਾਂ ਆਦਿ ਵਿਖੇ ਲੱਗੇ ਵੱਡੇ-ਵੱਡੇ ਬੈੱਡ, ਸੋਫ਼ੇ, ਅਲਮਾਰੀਆਂ ਤੇ ਗਮਲੇ ਆਦਿ ਵੇਖੇ ਹੋਣਗੇ ਜੋ ਕਿ ਪਹਾੜੀਆਂ ਉਤੇ ਉਹ ਪਹਾੜੀ ਲੋਕ ਹੀ ਪਿੱਠ ਤੇ ਚੁੱਕ ਕੇ ਲੈ ਕੇ ਜਾਂਦੇ ਹਨ।
40-50 ਸਾਲ ਪਹਿਲਾਂ ਲੋਕਾਂ ਤੇ ਨੌਜਵਾਨਾਂ ਨੂੰ ਤਾਕਤ ਵਧਾਉਣ, ਸ੍ਰੀਰਕ ਤਾਕਤਵਰ ਬਣਾਉਣਾ ਤੇ ਅਪਣੀ ਤਾਕਤ ਦੀ ਸਮਰੱਥਾ ਵਧਾਉਣਾ ਪਸੰਦ ਸੀ। ਇਸੇ ਕਰ ਕੇ ਅਕਸਰ ਉਹ ਨੌਜਵਾਨ ਭੱਜ-ਦੌੜ ਕੇ ਕਸਰਤ ਕਰਦੇ ਰਹਿੰਦੇ ਸਨ, ਘਰ ਦਾ ਸਮਾਨ ਪੈਦਲ ਹੀ ਚੁੱਕ ਕੇ ਲਿਆਉਂਦੇ ਸਨ ਜਿਸ ਨਾਲ ਸ੍ਰੀਰ ਹਰਕਤ ਵਿਚ ਰਹਿੰਦਾ ਸੀ ਅਤੇ ਲੋਕ ਬਿਮਾਰੀਆਂ ਤੋਂ ਦੂਰ ਰਹਿੰਦੇ ਸਨ। ਦਿਲ ਤੇ ਸ੍ਰੀਰ ਦੀਆਂ ਮਾਸਪੇਸ਼ੀਆਂ, ਮਜ਼ਬੂਤ ਰਹਿੰਦੀਆਂ ਸਨ ਤੇ ਮਜ਼ਬੂਤ ਮਾਸਪੇਸ਼ੀਆਂ ਕਾਰਨ ਹੱਡੀਆਂ ਨੂੰ ਨਾ ਸੱਟਾਂ ਲਗਦੀਆਂ ਅਤੇ ਨਾ ਹੀ ਟੁੱਟਦੀਆਂ ਸਨ।
40 ਸਾਲ ਪਹਿਲਾਂ ਜਦੋਂ ਕਿਸੇ ਦੀ ਲੱਤ ਬਾਂਹ ਟੁੱਟ ਜਾਂਦੀ ਸੀ ਤਾਂ ਡਾਕਟਰ ਇਕੱਲਾ ਪਲੱਸਤਰ ਚੜ੍ਹਾ ਕੇ ਘਰ ਭੇਜ ਦਿੰਦੇ ਸਨ ਤੇ ਹੱਡੀਆਂ ਆਪ ਹੀ ਜੁੜ ਜਾਂਦੀਆਂ ਸਨ ਪਰ ਇਸ ਸਮੇਂ ਹਰ ਟੁੱਟੀ ਹੱਡੀ ਜੋੜਨ ਲਈ ਪਲੇਟਾਂ ਜਾਂ ਰਾਡਾਂ ਪਾਈਆਂ ਜਾ ਰਹੀਆਂ ਹਨ ਤੇ ਕੈਲਸ਼ੀਅਮ ਤੇ ਵਿਟਾਮਿਨ-ਡੀ (ਧੁੱਪ) ਦੀ ਕਮੀ ਕਰ ਕੇ ਹੱਡੀਆਂ ਵੱਧ ਕਮਜ਼ੋਰ ਹੋ ਰਹੀਆਂ ਹਨ ਤੇ ਹੱਡੀਆਂ ਨੂੰ ਟੀ.ਬੀ. ਹੋ ਰਹੀ ਹੈ, ਜਿਵੇਂ ਦੀਮਕ ਲੱਕੜ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ। ਦਿਲ, ਦਿਮਾਗ਼ ਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਵੱਧ ਕਮਜ਼ੋਰ ਹੋਣ ਕਰ ਕੇ ਅਕਸਰ ਝਟਕਾ, ਧੱਕਾ ਤੇ ਜ਼ੋਰ ਨਹੀਂ ਸਹਿ ਸਕਦੇ।
ਦਿਮਾਗ਼, ਦਿਲ ਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਤੇ ਲਹੂ ਨਾੜੀਆਂ, ਨਸ਼ੇ, ਕਸਰਤ, ਵਧੀਆ ਖ਼ੁਰਾਕ ਤੇ ਹਿਲਜੁਲ ਦੀ ਕਮੀ ਕਰ ਕੇ ਕਮਜ਼ੋਰ ਹੋ ਰਹੀਆਂ ਹਨ। ਉਨ੍ਹਾਂ ਵਿਚ ਕੋਈ ਰੁਕਾਵਟ, ਝਟਕਾ, ਆਕਸੀਜਨ ਜਾਂ ਗੁਲੂਕੋਜ਼ ਦੀ ਕਮੀ ਆਉਣ ਉਤੇ ਦਿਲ, ਦਿਮਾਗ਼ ਜਾਂ ਫੇਫੜੇ ਆਕਸੀਜਨ ਤੇ ਗੁਲੂਕੋਜ਼ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਜਦੋਂ ਦਿਲ, ਦਿਮਾਗ਼ ਜਾਂ ਫੇਫੜੇ ਆਕਸੀਜਨ ਤੇ ਗੁਲੂਕੋਜ਼ ਤੋਂ ਵਾਂਝੇ ਰਹਿ ਜਾਣ ਤਾਂ ਉਹ ਇਸ ਦੀ ਪ੍ਰਾਪਤੀ ਲਈ ਜ਼ੋਰ ਲਗਾਉਂਦੇ ਹਨ ਤੇ ਉਸ ਹਾਲਤ ਵਿਚ ਦਿਮਾਗ਼ ਜਾਂ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਵਿਅਕਤੀ ਦੀ ਅਚਾਨਕ ਮੌਤ ਜੋ ਜਾਂਦੀ ਹੈ। ਮੈਡੀਕਲ ਖੇਤਰ ਵਿਚ ਪ੍ਰਚੱਲਤ ਹੈ ਕਿ ਦਿਮਾਗ਼ ਨੂੰ 30 ਸੈਕਿੰਡ ਤਕ ਆਕਸੀਜਨ ਜਾਂ ਗੁਲੂਕੋਜ਼ ਨਾ ਪਹੁੰਚੇ ਤਾਂ ਇਸ ਦਾ ਕੰਮ, ਬੰਦ ਹੋ ਜਾਂਦਾ ਹੈ ਤੇ ਦਿਲ ਨੂੰ ਨਾ ਪਹੁੰਚੇ ਤਾਂ ਦਿਲ ਰੁੱਕ ਜਾਂਦਾ ਹੈ ਤੇ ਇਨਸਾਨ ਦੀ ਅਚਾਨਕ ਮੌਤ ਹੋ ਜਾਂਦੀ ਹੈ ਇਸੇ ਕਰ ਕੇ ਬਲੱਡ ਪ੍ਰੈਸ਼ਰ, ਸ਼ੂਗਰ, ਦਮੇ, ਮੋਟਾਪੇ, ਮਾਸਪੇਸ਼ੀਆਂ, ਦਿਮਾਗ਼ੀ ਕਮਜ਼ੋਰੀ, ਘਬਰਾਹਟ ਵਾਲੇ ਲੋਕ ਆਕਸੀਜਨ ਜਾਂ ਸ਼ੂਗਰ ਦੀ ਕਮੀ ਕਰ ਕੇ ਅਚਾਨਕ ਹੀ ਗੱਲਾਂ ਕਰਦੇ-ਕਰਦੇ, ਚਲਦੇ-ਚਲਦੇ, ਭੋਜਨ ਖਾਂਦੇ ਸਮੇਂ, ਸੌਂਦੇ ਸਮੇਂ ਜਾਂ ਥਕਾਵਟ ਮਗਰੋਂ ਅਚਾਨਕ ਹੀ ਡਿੱਗ ਕੇ ਮਰ ਰਹੇ ਹਨ ਤੇ ਹਰ ਸਾਲ ਦੋ ਕਰੋੜ ਤੋਂ ਵੱਧ ਲੋਕ ਨੌਜੁਆਨ ਤੇ ਬਜ਼ੁਰਗ ਬੱਚੇ ਮਰ ਰਹੇ ਹਨ। ਪਰ ਅਜਿਹੇ ਅਚਾਨਕ ਡਿੱਗੇ ਲੋਕਾਂ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਹੈ ਜਿਸ ਹਿੱਤ ਉਨ੍ਹਾਂ ਨੂੰ ਫ਼ਸਟ ਏਡ ਦੀ ਏ.ਬੀ.ਸੀ.ਡੀ. ਕਰ ਕੇ ਰਿਕਵਰੀ ਅਵੱਸਥਾ ਵਿਚ ਖੱਬੀ ਬੱਖੀ ਭਾਰ ਲਿਟਾਉਣਾ ਜ਼ਰੂਰੀ ਹੈ ਤੇ ਜੇਕਰ ਦਿਲ ਦੀ ਥੜਕਣ, ਨਬਜ਼ ਬੰਦ ਹੋਵੇ ਜਾਂ ਨਬਜ਼ ਦੀ ਰਫ਼ਤਾਰ 30 ਤੋਂ ਪ੍ਰਤੀ ਮਿੰਟ, 10 ਸੈਕੰਟ ਵਿਚ 5 ਤੋਂ ਘੱਟ ਹੋਵੇ ਬਹੁਤ ਕਮਜ਼ੋਰ ਹੋਵੇ ਤੇ ਪੀੜਤ ਦੀਆਂ ਅੱਖਾਂ ਦੀ ਹਿਲਜੁਲ ਬੰਦ ਹੋ ਜਾਵੇ ਜਾਂ ਅੱਖਾਂ ਇਕ ਥਾਂ ਹੀ ਖੜ ਜਾਣ ਤਾਂ ਤੁਰੰਤ ਸੀ.ਪੀ.ਆਰ. ਕਾਰਡੀਉ (ਦਿਲ) ਪਲਮੋਨਰੀ (ਫੇਫੜੇ) ਰਿਸੇਸੀਟੇਸ਼ਨ (ਮੂੜ ਸੁਰਜੀਤ ਕਰਨਾ) ਕਰ ਕੇ ਅਸੀ ਅਜਿਹੇ ਲੋਕਾਂ ਨੂੰ ਮਰਨ ਤੋਂ ਬਚਾਅ ਸਕਦੇ ਹਾਂ ਪਰ ਅਕਸਰ ਲੋਕ ਬੇਹੋਸ਼, ਮਰ ਰਹੇ ਇਨਸਾਨ ਨੂੰ ਏ.ਬੀ.ਸੀ. ਤੇ ਸੀ.ਪੀ.ਆਰ. ਕਰਨ ਦੀ ਥਾਂ ਪਾਣੀ ਪਿਲਾਉਣ, ਹੱਥ ਪੈਰ ਮਸਲਣ, ਨੱਕ ਬੰਦ ਕਰਨ, ਸਿੱਧਾ ਲਿਟਾਉਣ, ਭੀੜ ਕਰ ਕੇ ਸ਼ੋਰ ਕਰਨ ਆਦਿ ਤੇ ਜ਼ੋਰ ਲਗਾਉਂਦੇ ਹਨ। ਅਸੀ ਕਹਿ ਸਕਦੇ ਹਾਂ ਕਿ ਜੇਕਰ ਕਿਸੇ ਨੇ ਅਬਦੁਲ ਕਲਾਮ, ਸ਼੍ਰੀਦੇਵੀ ਜਾਂ ਅਜਿਹੇ ਹੀ ਕਿਸੇ ਮਿੱਤਰ, ਰਿਸ਼ਤੇਦਾਰ, ਡਿੱਗੇ ਇਨਸਾਨ ਨੂੰ ਮੁਢਲੀ ਸਹਾਇਤਾ ਵਜੋਂ ਏ.ਬੀ.ਸੀ.ਡੀ., ਰਿਕਵਰੀ ਅਵੱਸਥਾ ਤੇ ਸੀ.ਪੀ.ਆਰ. ਕੀਤਾ ਹੁੰਦਾ ਤਾਂ ਉਨ੍ਹਾਂ ਦੇ ਬਚਣ ਦੇ ਮੌਕੇ 60 ਫ਼ੀ ਸਦੀ ਵੱਧ ਸਕਦੇ ਸਨ, ਯਾਨੀਕਿ 60 ਫ਼ੀ ਸਦੀ ਲੋਕ ਮਰਨ ਤੋਂ ਬੱਚ ਸਕਦੇ ਹਨ ਪਰ ਬੇਹੋਸ਼, ਅਚਾਨਕ ਡਿੱਗੇ ਇਨਸਾਨ ਨੂੰ ਪਾਣੀ ਪਿਲਾਉਣਾ, ਹੱਥ ਪੈਰ ਮਸਲਣੇ, ਸਿੱਧਾ ਲਿਟਾਉਣਾ, ਭੀੜ ਕਰਨਾ, ਨੱਕ ਬੰਦ ਕਰਨਾ ਖ਼ਤਰਨਾਕ ਹੋ ਸਕਦਾ ਹੈ, ਜਿਸ ਨਾਲ ਬਚਣ ਵਾਲਾ ਇਨਸਾਨ ਵੀ ਮਰ ਸਕਦਾ ਹੈ।
ਅੱਜ ਇਨਸਾਨ, ਬੱਚਿਆਂ, ਨੌਜੁਆਨਾਂ ਦੇ ਦਿਲ, ਦਿਮਾਗ਼ ਤੇ ਫੇਫੜਿਆਂ ਦੀ ਕਮਜ਼ੋਰੀ ਕਰ ਕੇ ਅਚਾਨਕ ਇਨ੍ਹਾਂ ਦੇ ਬੰਦ ਹੋਣ, ਜਿਵੇਂ ਬਲੱਬ ਫਿਯੂਜ਼ ਹੁੰਦਾ ਹੈ, ਕਰ ਕੇ ਦੁਨੀਆਂ ਅੰਦਰ ਅਗਲੇ ਤਿੰਨ ਸਾਲਾਂ ਵਿਚ 3 ਕਰੋੜ ਯਾਨੀਕਿ ਪ੍ਰਤੀ ਮਹੀਨਾ 25 ਲੱਖ ਲੋਕਾਂ ਦੀ ਅਚਾਨਕ ਹੀ ਕੰਮ ਕਰਦੇ, ਚਲਦੇ-ਫਿਰਦੇ, ਸੁੱਤੇ ਹੋਏ, ਭੋਜਨ ਖਾਂਦੇ ਸਮੇਂ ਜਾਂ ਨਚਦੇ ਟਪਦੇ ਹੀ ਮੌਤ ਦਾ ਖ਼ਤਰਾ ਬਣ ਸਕਦਾ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਰੋਜ਼ 80 ਹਜ਼ਾਰ ਤੋਂ ਵੱਧ ਤੇ ਹਰ ਘੰਟੇ 8 ਹਜ਼ਾਰ ਲੋਕਾਂ ਦੇ ਮਰਨ ਦਾ ਖ਼ਤਰਾ ਹੈ।
ਇਸ ਲਈ ਹਰ ਇਨਸਾਨ ਨੂੰ ਸ੍ਰੀਰਕ ਤਾਕਤ, ਵਧੀਆ ਖ਼ੁਰਾਕ, ਕਸਰਤ ਚੰਗੀ ਆਕਸੀਜ਼ਨ, ਤਣਾਅ ਰਹਿਤ, ਪ੍ਰਦੂਸ਼ਣ ਰਹਿਤ, (ਹਰ ਤਰ੍ਹਾਂ ਦਾ ਪ੍ਰਦੂਸ਼ਣ ਜਿਵੇਂ ਹਵਾ ਪਾਣੀ, ਭੋਜਨ, ਆਦਿ) ਦੀ ਲੋੜ ਹੈ ਤੇ ਹਰ ਇਨਸਾਨ ਨੂੰ ਬੇਸਿਕ ਮੁਢਲੀ ਸਹਾਇਤਾ, ਸੀ.ਪੀ.ਆਰ. ਬਨਾਉਟੀ ਸਾਹ ਕਿਰਿਆ, ਆਦਿ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ।
ਇਸ ਸਬੰਧ ਵਿਚ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ 2013 ਵਿਚ ਬੱਚਿਆਂ ਦੀ ਸੁਰੱਖਿਆ, ਬਚਾਅ ਤੇ ਟਰੇਨਿੰਗ ਹਿਤ ਸੇਫ਼ ਸਕੂਲ ਵਾਹਣ ਪਾਲਿਸੀ ਅਧੀਨ ਹਰ ਸਕੂਲ ਅੰਦਰ ਸੇਫ਼ਟੀ ਕਮੇਟੀ ਬਣਾਉਣ, ਸਾਲ ਵਿਚ ਦੋ ਵਾਰ ਮੁਢਲੀ ਸਹਾਇਤਾ, ਰੋਡ ਸੁਰੱਖਿਆ, ਫਾਇਰ ਸੁਰੱਖਿਆ ਤੇ ਪੀੜਤਾਂ ਦੀ ਠੀਕ ਮਦਦ ਕਰਨ ਦੀ ਟ੍ਰੇਨਿੰਗ ਕਰਵਾਉਣ ਹਿੱਤ ਸਰਕਾਰਾਂ ਨੂੰ ਆਦੇਸ਼ ਦਿਤੇ ਹਨ ਪਰ ਅੱਜ ਵੀ ਸਰਕਾਰਾਂ ਦੇ ਵਾਰ-ਵਾਰ ਕਹਿਣ ਉਤੇ ਵੀ 90 ਫ਼ੀ ਸਦੀ ਸਕੂਲਾਂ ਅੰਦਰ ਕਮੇਟੀਆਂ ਨਹੀਂ ਬਣਾਈਆਂ ਗਈਆਂ, ਟ੍ਰੇਨਿੰਗ ਨਹੀਂ ਹੋ ਰਹੀ ਤੇ ਸਰਕਾਰੀ ਅਧਿਕਾਰੀ ਜੋ ਇਸ ਲਈ ਜ਼ਿੰਮੇਵਾਰ ਤੇ ਜਵਾਬਦੇਹ ਹਨ, ਪਤਾ ਨਹੀਂ ਕਿਉਂ ਉਹ ਸਕੂਲਾਂ ਨੂੰ ਕੁੱਝ ਨਹੀਂ ਕਹਿ ਰਹੇ?
ਇਸ ਲਈ ਬੱਚਿਆਂ ਤੇ ਨੌਜੁਆਨਾਂ, ਬਜ਼ੁਰਗਾਂ ਤੋਂ ਮੋਬਾਈਲ, ਜੰਕ ਫੂਡ, ਆਰਾਮ ਪ੍ਰਸਤੀ, ਵਹੀਕਲ ਲੈ ਕੇ ਉਨ੍ਹਾਂ ਨੂੰ ਸਵੇਰੇ-ਸਵੇਰੇ ਖੁੱਲ੍ਹੀ ਹਵਾ ਵਿਚ 2-3 ਕਿਲੋਮੀਟਰ ਭਜਾਉ, ਚਲਾਉ, ਰੱਸੀ ਟਪਾਉ, ਪੋੜੀਆਂ ਚੜ੍ਹਾਉ (ਘੱਟੋ-ਘੱਟ 100 ਪੌੜੀਆਂ ਚੜ੍ਹਨ) 15-20 ਮਿੰਟ ਨਚਾਉ, ਭੰਗੜਾ ਪੁਆਉ ਤੇ ਪ੍ਰਦੂਸ਼ਣ ਰਹਿਤ ਭੋਜਨ ਪਾਣੀ ਹਵਾ ਤੇ ਵਿਚਾਰ ਦਿਉ।
ਵਰਨਾ ਮੋਬਾਈਲ, ਜੰਕ ਫੂਡ, ਆਰਾਮਪ੍ਰਸਤੀ, ਵਹੀਕਲਾਂ ਦੀ ਵੱਧ ਵਰਤੋਂ, ਕਰ ਕੇ ਹਰ ਰੋਜ਼ 20 ਹਜ਼ਾਰ ਮੋਤਾਂ ਵੀ ਹੋ ਸਕਦੀਆਂ ਹਨ ਤੇ ਮੌਤ ਮਗਰੋਂ ਪਛਤਾਉਣ ਨਾਲੋਂ, ਅਫਸੋਸ ਕਰਨ ਨਾਲੋਂ, ਅੱਜ ਹੀ ਬਚਾਅ ਕਸਰਤ, ਦੌੜਨ, ਹੱਸਣ, ਨੱਚਣ ਟੱਪਣ ਤੇ ਚੰਗੀ ਖ਼ੁਰਾਕ ਹਿਤ ਯਤਨ ਕਰਨੇ ਸ਼ੁਰੂ ਕਰੋ। ਕਈ ਡਾਕਟਰ ਵੀ ਜੋ ਸਮਾਜ ਦਾ ਹਿਤ ਸੋਚਦੇ ਤੇ ਕਰਦੇ ਹਨ, ਇਹ ਹੀ ਸਲਾਹ ਦੇਣਗੇ ਕਿ 6 ਘੰਟੇ ਨੀਂਦ ਲਈ, ਇਕ ਘੰਟਾ ਕੁਦਰਤ ਦੀ ਗੋਦ ਵਿਚ ਕਸਰਤ ਲਈ, ਇਕ ਘੰਟਾ ਆਰਾਮ ਨਾਲ ਭੋਜਨ ਕਰਨ ਲਈ, ਇਕ ਘੰਟਾ ਮਿਤਰਾਂ, ਪ੍ਰੀਵਾਰਕ ਮੈਂਬਰਾਂ ਨਾਲ ਹੱਸਣ, ਨੱਚਣ ਟੱਪਣ ਤੇ ਗਲਾ ਮਾਰਨ ਲਈ ਜ਼ਰੂਰ ਕੱਢੋ ਅਤੇ ਸ੍ਰੀਰ, ਸਿਹਤ, ਤੇ ਤਾਕਤ ਨੂੰ ਪਿਆਰ ਕਰੋ। ਸੱਭ ਦੇ ਭਲੇ ਹਿੱਤ ਵਿਚਾਰ ਕਰੋ।
ਆਸ ਹੈ ਕਿ ਸਿਖਿਆ ਸੰਸਥਾਵਾਂ, ਵਿਸ਼ੇਸ਼ ਤੌਰ ਤੇ ਸਕੂਲ ਤੇ ਹਰ ਇਕ ਜ਼ਿੰਮੇਵਾਰ ਅਧਿਕਾਰੀ ਪਟਿਆਲਾ ਦੇ ਸਮਾਜ ਸੇਵਕ ਤੇ ਰੈੱਡ ਕਰਾਸ ਸੰਸਥਾ ਦੇ ਸੇਵਾ ਮੁਕਤ ਵਰਕਰ ਦੀ ਅਪੀਲ ਮੰਨ ਕੇ ਸਵੇਰੇ ਤੋਂ ਹੀ 4-5 ਵਜੇ ਉਠ ਕੇ ਪਾਰਕ ਜਾਂ ਮਕਾਨ ਦੀ ਛੱਤ ਤੇ ਜਾ ਕੇ ਕਸਰਤ ਸ਼ੁਰੂ ਕਰ ਦੇਣਗੇ ਤੇ ਸੂਰਜ ਨੂੰ ਜਗਾਉਣਗੇ। ਕੁਦਰਤ ਦੀ ਸ਼ੁੱਧ ਸਾਫ਼ ਹਵਾ ਤੇ ਵਾਤਾਵਰਣ ਦਾ ਆਨੰਦ ਪ੍ਰਾਪਤ ਕਰ ਕੇ ਸਿਹਤਮੰਦ ਜ਼ਿੰਦਗੀ ਜਿਉਣਗੇ ਅਤੇ ਮੇਰਾ ਸੁਪਨਾ ਹੈ ਕਿ ਮੇਰਾ ਭਾਰਤ ਬਣੇ ਮਹਾਨ ਤੇ ਸਿਹਤਮੰਦ ਲੋਕਾਂ ਦਾ ਦੇਸ਼।
ਸੰਪਰਕ : 98786-11620