
ਇਨਸਾਨ ਦੀ ਜ਼ਿੰਦਗੀ ਵਿਚ ਯਾਦਾਂ ਦਾ ਅਹਿਮ ਸਥਾਨ ਹੁੰਦਾ ਹੈ, ਹਰ ਕਿਸੇ ਕੋਲ ਜ਼ਿੰਦਗੀ ਦੇ ਹਰ ਪੜਾਅ ਨਾਲ ਜੁੜੀਆਂ ਯਾਦਾਂ ਸਾਭੀਆਂ ਪਈਆਂ ਹੁੰਦੀਆਂ ਹਨ। ਜ਼ਿੰਦਗੀ....
ਇਨਸਾਨ ਦੀ ਜ਼ਿੰਦਗੀ ਵਿਚ ਯਾਦਾਂ ਦਾ ਅਹਿਮ ਸਥਾਨ ਹੁੰਦਾ ਹੈ, ਹਰ ਕਿਸੇ ਕੋਲ ਜ਼ਿੰਦਗੀ ਦੇ ਹਰ ਪੜਾਅ ਨਾਲ ਜੁੜੀਆਂ ਯਾਦਾਂ ਸਾਭੀਆਂ ਪਈਆਂ ਹੁੰਦੀਆਂ ਹਨ। ਜ਼ਿੰਦਗੀ ਵਿਚ ਕਈ ਇਨਸਾਨ ਮਿਲਦੇ ਹਨ। ਉਨ੍ਹਾਂ ਵਿਚੋਂ ਕਈਆਂ ਨਾਲ ਸਾਰੀ ਜ਼ਿੰਦਗੀ ਮੇਲ-ਜੋਲ ਬਣਿਆ ਰਹਿੰਦਾ ਹੈ ਤੇ ਕਈ ਉਹ ਹੁੰਦੇ ਹਨ ਜਿਨ੍ਹਾਂ ਨੂੰ ਦੁਬਾਰਾ ਮਿਲ ਵੀ ਨਹੀ ਹੁੰਦਾਂ, ਪਰ ਉਨ੍ਹਾਂ ਦੀ ਯਾਦ ਹਮੇਸ਼ਾਂ ਨਾਲ ਹੀ ਰਹਿੰਦੀ ਹੈ। ਜਿਵੇ ਇੰਟਰਨੈੱਟ ਫ਼ਰੈਂਡ, ਸੜਕ ਹਾਦਸੇ ਵਿਚੋਂ ਚੱਕ ਕੇ ਹਸਪਤਾਲ ਲੈ ਕੇ ਜਾਣ ਵਾਲੇ ਜਾਂ ਮੁਸ਼ਕਿਲ ਟਾਈਮ ਵਿਚ ਬਿਨਾਂ ਕਿਸੇ ਮਕਸਦ ਦੇ ਮਦਦ ਕਰਨ ਵਾਲੇ।
ਗੱਲ ਬਚਪਨ ਦੀ ਹੈ। ਉਦੋਂ ਮੇਰੀ ਉਮਰ 12 ਕੁ ਸਾਲ ਦੀ ਸੀ। ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਅਸੀ ਕ੍ਰਿਕਟ ਮੈੱਚ ਖੇਡਣ ਅਪਣੇ ਪਿੰਡ ਬਡਾਲੀ ਆਲਾ ਸਿੰਘ ਤੋਂ ਚੁੰਨੀ ਕਲਾਂ ਪਿੰਡ ਵਲ ਜਾ ਰਹੇ ਸੀ। ਦੁਪਹਿਰ ਦੀ ਗਰਮੀ ਕਾਰਨ ਰਸਤੇ ਵਿਚ ਸੜਕ ਕਿਨਾਰੇ ਇਕ ਮਿਲਕ ਪੱਬ ਤੇ ਲੱਸੀ ਪੀਣ ਲਈ ਰੁੱਕ ਗਏ। ਅਸੀ ਚਾਰ ਜਣੇ ਸੀ ਤੇ ਪਰ ਪੈਸੇ ਇਕ ਪੈਕੇਟ ਲੈਣ ਜੋਗੇ ਹੀ ਸਨ।
ਏਨੇ ਨੂੰ ਇਕ ਕਾਰ ਰੁਕੀ ਤੇ ਉਸ ਵਿਅਕਤੀ ਨੇ ਸਾਨੂੰ ਬਿਨਾ ਪੁੱਛੇ ਚਾਰ ਪੈਕੇਟ ਲੱਸੀ ਦੇਣ ਲਈ ਕਹਿ ਦਿਤਾ। ਉਹ ਸਾਡੇ ਸਿਰ ਉਤੇ ਹੱਥ ਰੱਖ ਕੇ ਬਿਨਾ ਕੁੱਝ ਬੋਲੇ ਚਲਾ ਗਿਆ। ਸਾਨੂੰ ਨਹੀਂ ਪਤਾ ਉਹ ਕੌਣ ਸੀ, ਪਰ ਹੁਣ ਜਦ ਵੀ ਉਸ ਜਗ੍ਹਾ ਕੋਲੋਂ ਲੰਘਦਾ ਹਾਂ ਤਾਂ ਉਸ ਵਿਅਕਤੀ ਨੂੰ ਜ਼ਰੂਰ ਯਾਦ ਕਰਦਾ ਹਾਂ। ਅੱਜ ਇਕ ਐਨ. ਜੀ.ਓ ਨਾਲ ਜੁੜ ਕੇ ਗ਼ਰੀਬਾਂ ਦੀ ਮਦਦ ਲਈ ਕੁੱਝ ਕੰਮ ਕਰ ਰਿਹਾ ਹਾਂ। ਜਦ ਵੀ ਕਿਸੇ ਦੀ ਮਦਦ ਕਰਦਾ ਹਾਂ ਤਾਂ ਉਸ ਵਿਅਕਤੀ ਦੀ ਯਾਦ ਜ਼ਰੂਰ ਆÀੁਂਦੀ ਹੈ।
ਦੂਜੀ ਯਾਦ ਕਾਲਜ ਦੇ ਦਿਨਾਂ ਦੀ ਹੈ ਜਦੋਂ ਅਸੀ ਮੋਹਾਲੀ ਕਾਲਜ ਪੜ੍ਹਦੇ ਸੀ।
ਸਰਦੀਆਂ ਦੇ ਦਿਨ ਸਨ ਤੇ ਫੇਜ਼-7 ਦੇ ਗਰਾਊਂਡ ਵਿਚ ਸਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਸੀ। ਅਸੀ ਵੀ ਪੰਜ ਦੋਸਤਾਂ ਨਾਲ ਉਥੇ ਪਹੁੰਚ ਗਏ ਤੇ ਹਰਭਜਨ ਮਾਨ ਨੂੰ ਗਾਉਂਦਾ ਵੇਖ ਸਮੇਂ ਦਾ ਪਤਾ ਹੀ ਨਾ ਲੱਗਾ, ਸਾਡੇ ਪਿੰਡਾਂ ਵਾਲੀ ਆਖ਼ਰੀ ਬੱਸ ਵੀ ਚਲੀ ਗਈ ਸੀ। ਰਾਤ ਵੀ ਕਾਫੀ ਹੋ ਗਈ ਸੀ ਅਤੇ ਧੁੰਦ ਵੀ ਕਾਫੀ ਸੰਘਣੀ ਸੀ। ਅਸੀ ਕਈ ਗੱਡੀਆਂ ਨੂੰ ਲਿਫ਼ਟ ਲਈ ਹੱਥ ਦਿਤਾ ਪਰ ਰਾਤ ਦਾ ਸਮਾਂ ਹੋਣ ਕਰ ਕੇ ਅਤੇ ਸਾਨੂੰ ਪੰਜਾਂ ਨੂੰ ਵੇਖ ਕਿਸੇ ਨੇ ਵੀ ਗੱਡੀ ਨਾ ਰੋਕੀ। ਅਸੀ ਕਾਫੀ ਮੁਸ਼ਕਿਲ ਨਾਲ ਮੋਹਾਲੀ ਤੋਂ ਲਾਡਰਾਂ ਤਕ ਤੁਰ ਕੇ ਆਏ। ਕੜਾਕੇ ਦੀ ਠੰਢ ਨਾਲ ਸਾਡਾ ਬੁਰਾ ਹਾਲ ਹੋ ਰਿਹਾ ਸੀ।
ਏਨੇ ਨੂੰ ਇਕ ਨਵੀਂ ਕਾਰ ਆਉਂਦੀ ਦਿਸੀ, ਜਿਸ ਦਾ ਹਾਲੇ ਨੰਬਰ ਵੀ ਨਹੀਂ ਸੀ ਲਗਿਆ ਸੀ ਤੇ ਅਸੀ ਵੀ ਹੱਥ ਦੇ-ਦੇ ਕੇ ਥੱਕ ਚੁੱਕੇ ਸੀ ਕਿ ਕਿਸੇ ਨੇ ਰੋਕਣਾ ਤਾਂ ਹੈ ਨਹੀਂ। ਪਰ ਪਤਾ ਨਹੀਂ ਕਿਵੇਂ ਕਾਰ ਸਾਡੇ ਕੋਲ ਆ ਕੇ ਰੁਕ ਗਈ। ਚਲਾਉਣ ਵਾਲਾ ਵੀ ਇਕੱਲਾ ਹੀ ਸੀ ਤੇ ਉਸ ਨੇ ਬਿਨਾਂ ਕਿਸੇ ਡਰ ਤੋਂ ਕਾਰ ਰੋਕ ਲਈ। ਉਸ ਭਲੇ ਮਾਣਸ ਵਿਅਕਤੀ ਨੇ ਸਾਨੂੰ ਕਾਰ ਵਿਚ ਬਿਠਾ ਕੇ ਸਾਡੇ ਘਰਾਂ ਤਕ ਵੀ ਛੱਡ ਦਿਤਾ। ਉਸ ਰਾਤ ਜੇ ਉਹ ਭਲਾ ਵਿਅਕਤੀ ਨਾ ਮਿਲਦਾ ਤਾਂ ਪਤਾ ਨਹੀਂ ਸਾਡਾ ਕੀ ਹਾਲ ਹੋਣਾ ਸੀ। ਮੈਨੂੰ ਉਸ ਦਾ ਨਾਮ ਵੀ ਨਹੀਂ ਪਤਾ, ਪਰ ਅੱਜ ਵੀ ਇਹੀ ਅਰਦਾਸ ਕਰਦਾ ਹਾਂ ਕਿ ਉਹ ਜਿਥੇ ਵੀ ਹੋਵੇ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।
ਤੀਜੀ ਯਾਦ ਪੀ.ਜੀ.ਆਈ, ਚੰਡੀਗੜ੍ਹ ਨਾਲ ਜੁੜੀ ਹੈ। ਜਦੋਂ ਮੇਰੀ ਮਾਂ ਦਾ ਉੱਥੇ ਇਲਾਜ ਚੱਲ ਰਿਹਾ ਸੀ, ਜਿਸ ਦੀ ਹਾਲਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਸੀ। ਮਨ ਕਾਫੀ ਉਦਾਸ ਸੀ। ਇਕ 60-65 ਦੀ ਔਰਤ ਮੇਰੇ ਕੋਲ ਆ ਕੇ ਬੈਠ ਗਈ। ਵੇਖਣ ਨੂੰ ਪੜ੍ਹੀ ਲਿਖੀ ਲੱਗ ਰਹੀ ਸੀ। ਗੱਲਾਂ-ਗੱਲਾ ਵਿਚ ਉਸ ਨੇ ਦਸਿਆ ਕਿ ਉਹ ਹਰਿਆਣੇ ਦੀ ਰਹਿਣ ਵਾਲੀ ਹੈ ਅਤੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਚੁੱਕੀ ਹੈ।
ਉਹ ਅਪਣੇ ਇਕਲੌਤੇ ਪੁੱਤਰ ਦਾ ਇਲਾਜ ਕਰਵਾਉਣ ਪੀ.ਜੀ.ਆਈ ਆਈ ਸੀ। ਉਸ ਨੇ ਦਸਿਆ ਕਿ ਉਸ ਨੂੰ ਵਿਆਹ ਤੋਂ 22 ਸਾਲ ਬਾਅਦ ਪੁੱਤਰ ਦਾ ਮੂੰਹ ਵੇਖਣਾ ਨਸੀਬ ਹੋਇਆ ਸੀ। ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਹੁਣ ਜਦ ਉਸ ਦਾ ਪੁੱਤਰ ਜਵਾਨ ਹੋਇਆ ਹੈ ਤਾਂ ਇਹ ਪੁੱਤਰ ਵੀ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਹੈ। ਉਸ ਦਾ ਇਸ ਦੇ ਬਿਨਾ ਹੋਰ ਕੋਈ ਸਹਾਰਾ ਵੀ ਨਹੀਂ।
ਉਸ ਦਿਨ ਤੋਂ ਬਾਅਦ ਮੈਂ ਉਸ ਔਰਤ ਨੂੰ ਕਦੇ ਵੀ ਨਹੀਂ ਮਿਲਿਆ। ਮੈਨੂੰ ਨਹੀਂ ਪਤਾ ਕਿ ਉਸ ਦੇ ਪੁੱਤਰ ਨਾਲ ਕੀ ਬੀਤੀ, ਪਰ ਹੁਣ ਜਦ ਵੀ ਮੈਂ ਉਦਾਸ ਹੁੰਦਾ ਹਾਂ ਤਾਂ ਉਸ ਬਾਰੇ ਜ਼ਰੂਰ ਸੋਚਦਾ ਹਾਂ ਕਿ ਮੇਰੇ ਇਸ ਦੁੱਖ ਨਾਲੋਂ ਉਸ ਦਾ ਦੁੱਖ ਬਹੁਤ ਵੱਡਾ ਸੀ। ਉਸ ਨੇ ਜ਼ਿੰਦਗੀ ਜਿਊਣ ਦੀ ਜਾਚ ਸਿਖਾ ਦਿਤੀ।
ਸੰਪਰਕ : 82848-88700