Facebook ਦੀਆਂ ਕੁੱਝ ਅਸਲ ਸਚਾਈਆਂ  ਜੋ ਆਮ ਜਨਤਾ ਨੂੰ ਨਹੀਂ ਪਤਾ
Published : Dec 5, 2021, 2:37 pm IST
Updated : Dec 5, 2021, 2:37 pm IST
SHARE ARTICLE
 Some of the real truths of Facebook that the general public does not know
Some of the real truths of Facebook that the general public does not know

ਐਸ.ਐਸ.ਆਰ.ਐਸ. ਪਲੇਟਫ਼ਾਰਮ ਵਲੋਂ ਸੀ.ਐਨ.ਐਨ. ਨੈੱਟਵਰਕ ਉਤੇ ਕੀਤੇ ਗਏ, ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਫ਼ੇਸਬੁਕ ਅਮਰੀਕੀ ਸਮਾਜ ਦਾ ਬੇੜਾ ਗਰਕ ਕਰ ਰਹੀ ਹੈ।

ਐਸ.ਐਸ.ਆਰ.ਐਸ. ਪਲੇਟਫ਼ਾਰਮ ਵਲੋਂ ਸੀ.ਐਨ.ਐਨ. ਨੈੱਟਵਰਕ ਉਤੇ ਕੀਤੇ ਗਏ, ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਫ਼ੇਸਬੁਕ ਅਮਰੀਕੀ ਸਮਾਜ ਦਾ ਬੇੜਾ ਗਰਕ ਕਰ ਰਹੀ ਹੈ। ਇਸ ਦੇ ਕਾਰਨਾਂ ਵਿਚ ਜਾਂਦਿਆਂ 55 ਫ਼ੀ ਸਦੀ ਦਾ ਕਹਿਣਾ ਸੀ ਕਿ ਜੋ ਲੋਕ ਇਸ ਪਲੇਟਫ਼ਾਰਮ ਦੀ ਵਰਤੋਂ ਕਰਦੇ ਹਨ, ਉਹੀ ਇਸ ਦੇ ਦੋਸ਼ੀ ਹਨ ਜਦਕਿ 45 ਫ਼ੀ ਸਦੀ ਦਾ ਕਹਿਣਾ ਸੀ ਕਿ ਇਹ ਸਾਰਾ ਕੁੱਝ ਖ਼ੁਦ ਫ਼ੇਸਬੁਕ ਦੇ ਚਲਣ-ਢੰਗ ਦਾ ਹੀ ਨਤੀਜਾ ਹੈ। 49 ਫ਼ੀ ਸਦੀ ਅਮਰੀਕਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਨਾ ਕਿਸੇ ਅਜਿਹੇ ਸ਼ਖ਼ਸ ਨੂੰ ਜਾਣਦੇ ਹਨ ਜਿਹੜਾ ਕਿ ਫ਼ੇਸਬੁਕ ਉਤੇ ਪਾਈ ਜਾਂਦੀ ਸਮੱਗਰੀ ਕਰ ਕੇ, ਸਾਜ਼ਸ਼ੀ ਥਿਊਰੀ ਵਿਚ ਯਕੀਨ ਨਾ ਕਰਨ ਲੱਗ ਪਿਆ ਹੋਵੇ।

FacebookFacebook

ਅਜਿਹੀ ਸੋਚ ਰੱਖਣ ਵਾਲਿਆਂ ਵਿਚ ਨੌਜੁਆਨਾਂ ਦੀ ਗਿਣਤੀ ਵਧੇਰੇ ਹੈ। 35 ਸਾਲ ਤੋਂ ਘੱਟ ਉਮਰ ਦੇ 61 ਫ਼ੀ ਸਦੀ ਨੌਜੁਆਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਹਿਚਾਣ ਦਾ ਕੋਈ ਨਾ ਕੋਈ ਜਣਾ ਫ਼ੇਸਬੁਕ ਉਤੇ ਪਰੋਸੀ ਜਾਂਦੀ ਸਮੱਗਰੀ ਕਰ ਕੇ ਅਜਿਹੀ ਸਾਜ਼ਸ਼ ਦਾ ਸ਼ਿਕਾਰ ਹੋਇਆ ਹੈ। ਸੂਚਨਾਵਾਂ ਦੇ ਆਦਾਨ-ਪ੍ਰਦਾਨ ਦੇ ਨਾਲ-ਨਾਲ ਫ਼ੇਸਬੁਕ ਅਤੇ ਇੰਸਟਾਗ੍ਰਾਮ ਦੋਵੇਂ ਸੂਚਨਾ ਤਕਨਾਲੋਜੀ ਪਲੇਟਫ਼ਾਰਮ ਕਿਸ ਹੱਦ ਤਕ ਲੋਕਾਂ ਦਰਮਿਆਨ ਨਫ਼ਰਤ, ਵੰਡੀਆਂ ਅੇਤ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ, ਇਸ ਦਾ ਵੀ ਅਜਿਹਾ ਹੀ ਸਨਸਨੀਖ਼ੇਜ਼ ਪ੍ਰਗਟਾਵਾ ਸਾਹਮਣੇ ਆਇਆ ਹੈ।

FacebookFacebook

ਸੰਚਾਰ ਤਕਨਾਲੋਜੀ ਦੇ ਇਨ੍ਹਾਂ ਪਲੇਟਫ਼ਾਰਮਾਂ ਨੇ ਅਪਣੇ ਮੁਨਾਫ਼ਿਆਂ ਨੂੰ ਮੁੱਖ ਰੱਖ ਕੇ ਲੋਕਾਂ ਦੀ ਜ਼ਿੰਦਗੀ ਦਾਅ ਉਤੇ ਲਾਈ ਹੋਈ ਹੈ। ਵਪਾਰ, ਵਿਗਿਆਨ ਅਤੇ ਆਵਾਜਾਈ( ਕਮਰਸ, ਸਾਇੰਸ ਐਂਡ ਟ੍ਰਾਂਸਪੋਰਟੇਸ਼ਨ) ਨਾਲ ਸਬੰਧਤ ਕੰਜ਼ਿਊਮਰ ਸੁਰੱਖਿਆ, ਪ੍ਰਾਡਕਟ ਸੁਰੱਖਿਆ ਅਤੇ ਡਾਟਾ ਸੁਰੱਖਿਆ ਬਾਰੇ ਗਠਿਤ ਕੀਤੀ ਗਈ, ਅਮਰੀਕੀ ਸੈਨੈਟ ਦੀ ਸਬ-ਕਮੇਟੀ ਸਾਹਮਣੇ ਅਕਤੂਬਰ 2021 ਵਿਚ ਵ੍ਹਾਈਟ ਹਾਊਸ ਵਿਚ ਹੋਈ ਸੁਣਵਾਈ ਵਿਚੋਂ ਹੋਏ ਖ਼ੁਲਾਸਿਆਂ ਨੇ ਆਲਮੀ ਪੱਧਰ ਦੇ ਦੁਨੀਆਂ ਭਰ ਦੇ ਮਨੁੱਖੀ ਅਧਿਕਾਰਾਂ ਲਈ ਸਰਗਰਮ ਇਨਸਾਫ਼ ਪਸੰਦ ਅਤੇ ਹੋਰਨਾਂ ਸੁਹਿਰਦ ਲੋਕਾਂ ਵਲੋਂ ਜ਼ਾਹਰ ਕੀਤੇ ਗਏ, ਉਨ੍ਹਾਂ ਹੀ ਸ਼ੰਕਿਆਂ ਉਤੇ ਮੁਹਰ ਲਾਈ ਹੈ, ਜਿਨ੍ਹਾਂ ਦਾ ਉਹ ਪਿਛਲੇ ਕਾਫ਼ੀ ਅਰਸੇ ਤੋਂ ਹੀ ਲੋਕਾਂ ਵਿਚੋਂ ਲੈ ਕੇ ਜਾਂਦੇ ਰਹੇ ਹਨ। 

FacebookFacebook

ਇਸ ਸੁਣਵਾਈ ਵਿਚ ਸਬ ਕਮੇਟੀ ਸਾਹਮਣੇ ਪੇਸ਼ ਹੁੰਦਿਆਂ ਫ਼ੇਸਬੁਕ ਦੀ ਸਾਬਕਾ ਡਾਟਾ ਵਿਗਿਆਨੀ ਫ਼ਰਾਂਸਿਸ ਹਾਗਨ ਨੇ ਦਸਿਆ ਕਿ ਫ਼ੇਸਬੁਕ ਨੇ ਅਪਣੇ ਮੁਨਾਫ਼ਿਆਂ ਨੂੰ ਜ਼ਰਬਾਂ ਦੇਣ ਨੂੰ ਅਹਿਮੀਅਤ ਦਿਤੀ, ਬਨਿਸਬਤ ਇਸ ਦੇ ਕਿ ਫ਼ੇਸਬੁਕ ਅਪਣੇ ਪਲੇਟਫ਼ਾਰਮਾਂ ਨੂੰ ਸੁਰੱਖਿਅਤ ਰੱਖਣ ਲਈ ਅਤੇ ਹੋਰ ਸੁਰੱਖਿਅਤ ਬਣਾਉਣ ਵਲ ਕਦਮ ਵਧਾਉਂਦਾ। ਫ਼ੇਸਬੁਕ ਨੇ ਅਪਣੀ ਉਸ ਅੰਦਰੂਨੀ ਖੋਜ ਨੂੰ ਵੀ ਕਾਨੂੰਨੀ ਰੂਪ ਵਿਚ ਸਥਾਪਤ ਸੰਸਥਾਨਾਂ ਤੋਂ ਵੀ ਛੁਪਾਈ ਰਖਿਆ, ਜਿਨ੍ਹਾਂ ਵਿਚ ਇਹ ਖ਼ੁਲਾਸੇ ਹੋਏ ਸਨ ਕਿ ਫ਼ੇਸਬੁਕ ਦੇ ਉਤਪਾਦ (ਸਾਫ਼ਟਵੇਅਰ) ਕਿਵੇਂ ਨੁਕਸਾਨਦੇਹ ਹਨ। 

Facebook and TelegramFacebook 

ਉਸ ਦਾ ਕਹਿਣਾ ਹੈ ਕਿ “ਫ਼ੇਸਬੁਕ ਵਲੋਂ ਅਜਿਹੇ ਢੰਗ-ਤਰੀਕੇ ਵਰਤੋਂ ਵਿਚ ਲਿਆਉਣ ਦੇ ਨਤੀਜੇ ਹੀ ਹਨ ਜਿਸ ਕਾਰਨ ਲੋਕਾਂ ਦਰਮਿਆਨ ਵੰਡੀਆਂ ਵਧੀਆਂ ਹਨ, ਬਖੇੜੇ ਵਧੇ ਹਨ, ਝੂਠ ਦਾ ਪਸਾਰਾ ਹੋਇਆ ਹੈ, ਹੋਰ ਵਧੇਰੇ ਧਮਕੀਆਂ ਦਿਤੀਆਂ ਗਈਆਂ ਹਨ ਅਤੇ ਹੋਰ ਵਧੇਰੇ ਟਕਰਾਅ ਹੋਏ ਹਨ। ਕਈ ਹਜ਼ਾਰ ਸਫ਼ਿਆਂ ਦੇ ਅੰਦਰੂਨੀ ਖੋਜ ਪੱਤਰਾਂ ਅਤੇ ਦਸਤਾਵੇਜ਼ਾਂ ਦੇ ਹਵਾਲੇ ਦਿੰਦਿਆਂ, ਜਿਨ੍ਹਾਂ ਨੂੰ ਦ ਵਾਲ ਸਟ੍ਰੀਟ ਜਰਨਲ ਨੇ ਫ਼ੇਸਬੁਕ ਫ਼ਾਈਲਜ਼ ਦੇ ਸਿਰਲੇਖ ਹੇਠ ਛਾਪਿਆ ਹੈ, ਹਾਗਨ ਦਾ ਕਹਿਣਾ ਹੈ

Facebook control controversyFacebook  

ਕਿ “ਫ਼ੇਸਬੁਕ ਵਿਚ ਕੰਮ ਕਰਦਿਆਂ ਮੈਨੂੰ ਇਕ ਭਿਅੰਕਰ ਹਕੀਕਤ ਦਾ ਇਲਮ ਹੋਇਆ ਹੈ ਕਿ ਫ਼ੇਸਬੁਕ ਤੋਂ ਬਾਹਰ ਲਗਭਗ ਕਿਸੇ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਕਿ ਫ਼ੇਸਬੁਕ ਦੇ ਅੰਦਰ ਕੀ ਚੱਲ ਰਿਹਾ ਹੈ। ਕੰਪਨੀ ਅਪਣੀ ਅਤਿ ਅਹਿਮ ਜਾਣਕਾਰੀ ਨੂੰ ਮੁਲਕ ਦੀ ਜਨਤਾ ਤੋਂ, ਅਮਰੀਕੀ ਸਰਕਾਰ ਤੋਂ ਅਤੇ ਦੁਨੀਆਂ ਭਰ ਦੀਆਂ ਸਰਕਾਰਾਂ ਤੋਂ ਜਾਣਬੁੱਝ ਕੇ ਛੁਪਾ ਕੇ ਰਖਦੀ ਹੈ। 

FacebookFacebook

ਇਥੇ ਧਿਆਨ ਦੇਣ ਯੋਗ ਗੱਲ ਇਹ ਹੈ ਜਿਹੜੀ ਹਰ ਮਾਮੂਲੀ ਸੋਝੀ ਵਾਲਾ ਸ਼ਖ਼ਸ ਵੀ ਜਾਣ ਸਕਦਾ ਹੈ ਕਿ ਜਦੋਂ ਵੀ ਕਦੇ ਅਸੀ ਫ਼ੇਸਬੁਕ ਉਤੇ ਅਪਣੀ ਪ੍ਰੋਫ਼ਾਈਲ ਨੂੰ ਕਲਿੱਕ ਕਰਦੇ ਹਾਂ ਤਾਂ ਸਾਡੇ ਮਨਪਸੰਦ/ਬੇਪਸੰਦ ਦੀ ਗੱਲ ਕੀ ਉਸ ਸਾਰੇ ਕੁੱਝ ਦੀ ਲਿਸਟ ਕੰਪਨੀ ਦੇ ਡਾਟਾਬੇਸ ਵਿਚ ਜਮ੍ਹਾਂ ਪਈ ਹੋਈ ਹੈ ਜਿਥੋਂ ਉਹ ਡਾਟਾਬੇਸ ਸਾਨੂੰ ਅਪਣੇ ਗਣਿਤੀ ਫ਼ਾਰਮੂਲਿਆਂ ਰਾਹੀਂ ਉਸੇ ਹੀ ਚੁਰਾਸੀ ਦੇ ਗੇੜ ਵਿਚ ਪਾਈ ਰਖਦਾ ਹੈ ਅਤੇ ਬਾਰਮਬਾਰ ਉਹੀ ਕੁੱਝ ਸਾਡੇ ਸਾਹਮਣੇ ਪ੍ਰਗਟ ਹੁੰਦਾ ਰਹਿੰਦਾ ਹੈ ਅਤੇ ਜਦ ਕਦੀ ਵੀ ਅਸੀ ਜਾਣੇ-ਅਣਜਾਣੇ ਫ਼ੇਸਬੁਕ ਉਤੇ ਐਡਵਰਟਾਈਜ਼ ਕੀਤੀ ਕਿਸੇ ਵੀ ਵਸਤ ਦੀ ਐਡ (ਇਸ਼ਤਿਹਾਰ) ਉਤੇ ਕਲਿੱਕ ਕਰਦੇ ਹਾਂ ਤਾਂ ਉਹੀ ਇਸ਼ਤਿਹਾਰ ਸਾਨੂੰ ਹਰ ਵਕਤ ਦਿਖਾਈ ਦਿੰਦਾ ਹੈ। 

FacebookFacebook

ਇਕ ਹੋਰ ਗੱਲ ਇਹ ਧਿਆਨ ਦੇਣ ਯੋਗ ਹੈ ਕਿ ਭਾਵੇਂ ਫ਼ੇਸਬੁਕ ਉਤੇ ਸਾਡੀ ਫ਼ਰੈਂਡਸ਼ਿਪ ਲਿਸਟ ਨੂੰ 5000 ਤਕ ਦੀ ਸੰਖਿਆ ਤਕ ਸੀਮਤ ਕੀਤਾ ਹੋਇਆ ਹੈ ਪਰ ਸਾਡੀ ਕਿਸੇ ਵੀ ਪੋਸਟ ਨੂੰ ਵੱਧ ਤੋਂ ਵੱਧ ਸਿਰਫ਼ 50-60 ਮਿੱਤਰ ਹੀ ਦੇਖ ਪਾਉਂਦੇ ਹਨ, ਬਾਕੀਆਂ ਤਕ ਉਹ ਪੋਸਟ ਪਹੁੰਚਦੀ ਹੀ ਨਹੀਂ। ਅਪਣੀ ਹੀ ਸੋਚ ਨੂੰ ਪ੍ਰੋਮੋਟ ਕਰਨ ਲਈ ਅਤੇ ਅਪਣੇ ਗਾਹਕਾਂ ਦੀਆਂ ਵਸਤਾਂ ਵੇਚਣ ਲਈ ਅਜਿਹੇ ਅਲਗੋਅਰਿਦਮ (ਗਣਿਤੀ ਫ਼ਾਰਮੂਲੇ) ਘੜੇ ਗਏ ਹਨ ਜਿਹੜੇ ਅਜਿਹਾ ਕਾਰਜ ਬਾਖ਼ੂਬੀ ਨਿਭਾਉਂਦੇ ਹਨ। 

ਤੁਸੀ ਸੱਭ ਨੇ ਕਦੇ ਨਾ ਕਦੇ, ਕਿਤੇ ਨਾ ਕਿਤੇ ਇਹ ਪੜਿਆ ਹੀ ਹੋਊ ਕਿ ਫ਼ਲਾਣੇ ਇੰਜੀਨੀਅਰਿੰਗ ਕਾਲਜ ਜਾਂ ਸੰਸਥਾਂ ਦੇ ਵਿਦਿਆਰਥੀ ਨੂੰ ਫ਼ੇਸਬੁਕ ਨੇ ਕਰੋੜ ਰੁਪਏ ਸਾਲਾਨਾ ਦੀ ਨੌਕਰੀ ਲਈ ਚੁਣਿਆ ਹੈ। ਉਸ ਵਿਦਿਆਰਥੀ ਨੂੰ ਭਾਗਾਂ ਵਾਲਾ ਦਿਖਾ ਕੇ ਬਾਕੀਆਂ ਦੇ ਨਿਖਿੱਧਪੁਣੇ ਨੂੰ ਸਾਬਤ ਕਰਨ ਦੀ ਮਨਸ਼ਾ ਤਾਂ ਛੁਪੀ ਹੀ ਪਈ ਹੈ ਪਰ ਇਸ ਤੋਂ ਵੀ ਅੱਗੇ ਇਹ ਫ਼ੇਸਬੁਕ ਅਦਾਰਾ ਐਵੇਂ ਹੀ ਉਸ ‘ਹੋਣਹਾਰ’ ਵਿਦਿਆਰਥੀ ਨੂੰ ਐਨੇ ਪੈਸੈ ਨਹੀਂ ਦੇ ਰਿਹਾ, ਉਹ ਕੰਪਨੀ ਉਸ ਤੋਂ ਅਜਿਹੇ ਫ਼ਾਰਮੂਲੇ ਤਿਆਰ ਕਰਵਾਉਂਦੀ ਹੈ ਜਿਹੜੇ ਉਸ ਨਾਲ ਸਬੰਧਤ ਵਪਾਰਕ ਅਤੇ ਹੋਰ ਹਿੱਸੇਦਾਰਾਂ ਦੇ ਮਨਸ਼ਿਆਂ ਦੀ ਬਾਖ਼ੂਬੀ ਪੂਰਤੀ ਕਰਦੇ ਹਨ। 

InstagramInstagram

ਫ਼ੇਸਬੁਕ ਦੇ ਅੰਦਰੂਨੀ ਅਧਿਐਨ ਪਰਚੇ ਹੀ ਇਸ ਗੱਲ ਦਾ ਪ੍ਰਗਟਾਵਾ ਕਰਦੇ ਹਨ ਕਿ ਇੰਸਟਾਗ੍ਰਾਮ ਉਤੇ ਆਉਣ ਤੋਂ ਬਾਅਦ ਯੂਨਾਈਟਡ ਕਿੰਗਡਮ ਦੀਆਂ ਨਾਬਾਲਗ਼ ਕੁੜੀਆਂ ਅੰਦਰ ਆਤਮ ਹਤਿਆ ਕਰਨ ਦੀ ਪ੍ਰਵ੍ਰਿਤੀ ਵਿਚ 13.5 ਫ਼ੀ ਸਦੀ ਦੀ ਵਾਧਾ ਨੋਟ ਕੀਤਾ ਗਿਆ। ਇਕ ਹੋਰ ਅਧਿਐਨ ਵਿਚ ਇਹ ਵੇਖਿਆ ਗਿਆ ਕਿ ਇੰਸਟਾਗ੍ਰਾਮ ਨਾਲ ਜੁੜਨ ਤੋਂ ਬਾਅਦ 17 ਫ਼ੀ ਸਦੀ ਕੁੜੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਅੰਦਰ ਚੱਲ ਰਹੀ ਨਾ ਖਾਣ ਦੀ ਜਾਂ ਘੱਟ ਖਾਣ ਦੀ ਬਿਮਾਰੀ ਵਿਚ ਵਾਧਾ ਹੋਇਆ ਹੈ। 32 ਫ਼ੀ ਸਦੀ ਕੁੜੀਆਂ ਦਾ ਕਹਿਣਾ ਸੀ ਕਿ ਜਦ ਵੀ ਕਦੀ ਉਹ ਅਪਣੇ ਸਰੀਰ ਦੀ ਬਣਤਰ ਨੂੰ ਲੈ ਕੇ ਪ੍ਰੇਸ਼ਾਨ ਹੁੰਦੀਆਂ ਸਨ ਤਾਂ ਫਿਰ ਜੇ ਉਹ ਇੰਸਟਾਗ੍ਰਾਮ ਉਤੇ ਚਲੀਆਂ ਜਾਂਦੀਆਂ ਤਾਂ ਉਨ੍ਹਾਂ ਦੀਆਂ ਉਹ ਅਲਾਮਤਾਂ ਹੋਰ ਵਧੇਰੇ ਵਧ ਜਾਂਦੀਆਂ। ਜਾਣਬੁੱਝ ਕੇ ਨਾਬਾਲਗ਼ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਗਿਆ

ਜਦਕਿ ਐਪ 13 ਸਾਲ ਤੋਂ ਉਪਰ ਦੇ ਬੱਚਿਆਂ ਲਈ ਪ੍ਰਵਾਨਤ ਹੈ। ਇਹ ਗੱਲਾਂ ਸਾਹਮਣੇ ਲਿਆਉਂਦੀਆਂ ਹਨ ਕਿ ਫ਼ੇਸਬੁਕ ਨੇ ਅਪਣੇ ਮੁਨਾਫ਼ਿਆਂ ਨੂੰ ਹਰ ਸਮੇਂ ਸਾਹਮਣੇ ਰਖਿਆ ਅਤੇ ਐਪ ਦੇ ਸਾਰੇ ਵਰਤਣ ਵਾਲਿਆਂ ਦੀ ਖ਼ੈਰੀਅਤ ਨੂੰ ਨਜ਼ਰ ਅੰਦਾਜ਼ ਕੀਤਾ।ਇਸ ਤੋਂ ਵੀ ਅੱਗੇ ਫ਼ੇਸਬੁਕ ਇੰਸਟਾਗ੍ਰਾਮ ਦਾ ਇਕ ਹੋਰ ਰੂਪ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਸਟਾਗ੍ਰਾਮ ਨਾਂ ਦਾ ਪਲੇਟਫ਼ਾਰਮ ਲਾਂਚ ਕਰਨ ਦੀ ਤਾਕ ਵਿਚ ਹੈ ਜਿਸ ਦੇ ਨਤੀਜੇ ਕਿਤੇ ਖ਼ਤਰਨਾਕ ਹੋਣੇ ਹਨ। ਇਕ ਹੋਰ ਇੰਕਸ਼ਾਫ਼ ਵਿਚ ਇਹ ਦਸਿਆ ਗਿਆ ਕਿ ਫ਼ੇਸਬੁਕ ਅਜਿਹੇ ਗਣਿਤੀ ਫ਼ਾਰਮੂਲੇ ਘੜਦੀ ਹੈ

FacebookFacebook

ਜੀਹਦੇ ਵਿਚ ਕਿਸੇ ਪੋਸਟ ਨੂੰ ਕੋਈ ਕਮੈਂਟ, ਲਾਈਕਸ ਜਾਂ ਕੋਈ ਹੋਰ ਟਿੱਪਣੀਆਂ ਦਰਿਆਫ਼ਤ ਹੁੰਦੀਆਂ ਹਨ ਤਾਂ ਉਸ ਪੋਸਟ ਨੂੰ ਪੂਰੀ ਤੇਜ਼ੀ ਨਾਲ ਜੰਗਲ ਦੀ ਅੱਗ ਦੀ ਰਫ਼ਤਾਰ ਨਾਲ ਉਹ ਗਣਿਤੀ ਫ਼ਾਰਮੂਲੇ ਫੈਲਾਉਂਦੇ ਹਨ ਅਤੇ ਉਸ ਪੋਸਟ ਨੂੰ ਪੂਰੀ ਅਹਿਮ ਜਗ੍ਹਾ ਮੁਹਈਆ ਕੀਤੀ ਜਾਂਦੀ ਹੈ। ਇਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੀਆਂ ਪੋਸਟਾਂ ਦੇ ਮਾਮਲੇ ਵਿਚ ਕਿਸੇ ਕਰੋਨੋਲੋਜੀਕਲ ਆਰਡਰ (ਸਮੇਂ ਅਨੁਸਾਰ ਅੱਗੇ-ਪਿੱਛੇ ਕਰਨ ਦਾ ਕਾਰਜ) ਨੂੰ ਬੇਰਹਿਮੀ ਨਾਲ ਉਲੰਘਿਆ ਜਾਂਦਾ ਹੈ। 
ਇਸ ਫ਼ਾਰਮੂਲੇ ਤਹਿਤ ਸਨਸਨੀਖ਼ੇਜ਼ ਮਸਾਲਾ ਰੋਸ਼ਨੀ ਦੀ ਰਫ਼ਤਾਰ ਨਾਲ ਪਲੇਟਫ਼ਾਰਮ ਰਾਹੀਂ ਸਬੰਧਤ ਭਾਈਚਾਰਿਆਂ ਅੰਦਰ ਫੈਲਦਾ ਹੈ ਅਤੇ ਇਹ ਘਿ੍ਰਣਾ, ਨਫ਼ਰਤ ਅਤੇ ਗ਼ਲਤ-ਮਲਤ ਜਾਣਕਾਰੀ ਫੈਲਾਉਣ ਦਾ ਜ਼ਰੀਆ ਮਾਤਰ ਬਣ ਕੇ ਰਹਿ ਜਾਂਦਾ ਹੈ

whatsapp and facebookwhatsapp and facebook

ਜਿਵੇਂ ਕਿ ਜਦੋਂ ਵੀ ਕਿਸੇ ਸਥਾਨ ਉਤੇ ਫ਼ਿਰਕੂ, ਨਸਲੀ, ਭਾਸ਼ਾਈ, ਰੰਗਭੇਦੀ, ਇਲਾਕਾਈ ਆਦਿ ਦੰਗੇ ਭੜਕੇ ਹਨ ਤਾਂ ਉਨ੍ਹਾਂ ਦੀ ਪਿੱਠਭੂਮੀ ਵਿਚ ਅਜਿਹੇ ਪਲੇਟਫ਼ਾਰਮਾਂ ਉਤੇ ਉਗਲੀ ਗਈ ਜ਼ਹਿਰ ਦਾ ਬਹੁਤ ਅਹਿਮ ਰੋਲ ਨੋਟ ਕੀਤਾ ਗਿਆ। ਨਾਗਰਿਕਤਾ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦਿੱਲੀ ਦੇ ਫ਼ਿਰਕੂ ਦੰਗਿਆਂ ਦੀ ਮਿਸਾਲ ਸਾਡੇ ਸਾਹਮਣੇ ਹੈ, ਜਿਨ੍ਹਾਂ ਦੌਰਾਨ ਅਤੇ ਇਨ੍ਹਾਂ ਦੰਗਿਆਂ ਤੋਂ ਪਹਿਲਾਂ ਮੁਸਲਿਮ ਵਿਰੋਧੀ ਪ੍ਰਚਾਰ ਪੂਰੇ ਜ਼ੋਰਾਂ ਉਤੇ ਸੀ। ਇਸ ਨਾਲ ਹੀ ਇਹ ਗੱਲ ਵੀ ਬਹੁਤ ਅਹਿਮ ਹੈ ਕਿ ਫ਼ੇਸਬੁਕ ਕੋਲ ਜਿਸ ਪੱਧਰ ਦੀ ਜਾਣਕਾਰੀ ਫ਼ੇਸਬੁਕ ਯੂਜ਼ਰਜ਼ ਬਾਰੇ ਜਮ੍ਹਾਂ ਪਈ ਹੈ, ਉਸ ਦੀ ਨਾਜਾਇਜ਼ ਢੰਗ ਨਾਲ ਵਰਤੋਂ ਕੀਤੇ ਜਾਣਨ ਬਾਰੇ ਵੀ ਖ਼ਦਸ਼ੇ ਪਾਏ ਜਾਂਦੇ ਹਨ। ਵਟਸਐਪ ਬਾਰੇ ਭਾਵੇਂ ਇਹ ਕਿਹਾ ਜਾਂਦਾ ਹੈ ਕਿ ਇਸ ਪਲੇਟਫ਼ਾਰਮ ਉਤੇ ਕੀਤੀ ਗਈ

Google and FacebookGoogle and Facebook

ਗੱਲਬਾਤ ਅਤੇ ਜਾਣਕਾਰੀ ਦਾ ਆਦਾਨ ਪ੍ਰਦਾਨ ਬਿਲਕੁਲ ਹੀ ਫੂਲਪਰੂਫ਼ (ਯਾਨੀ ਕਿ ਕਿਸੇ ਹੋਰ ਨਾਲ ਸਾਂਝਾ ਕੀਤੇ ਜਾਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ) ਪਰ ਨਾਲ ਹੀ ਇਹ ਕਿ ਜਦ ਵੀ ਸਰਕਾਰ ਕਿਸੇ ਵੀ ਸ਼ਖ਼ਸ ਬਾਰੇ ਕੋਈ ਵੀ ਜਾਣਕਾਰੀ ਲੈਣੀ ਚਾਹੇ ਉਹ ਮੁਹਈਆ ਕੀਤੀ ਜਾਂਦੀ ਹੈ। ਫ਼ੇਸਬੁਕ ਨੂੰ ਯੂਜ਼ਰਜ਼ ਦੇ ਸਿਆਸੀ ਝੁਕਾਵਾਂ, ਉਸ ਦੀ ਪਸੰਦਗੀ-ਨਾਪਸੰਦਗੀ, ਉਸ ਦੀ ਮਿੱਤਰ ਮੰਡਲੀ, ਯੂਜ਼ਰਜ਼ ਦੀ ਲੋਕੇਸ਼ਨ, ਉਨ੍ਹਾਂ ਦੀ ਇਕ ਥਾਂ ਤੋਂ ਦੂਜੇ ਸਥਾਨ ਵਲ ਜਾਣ ਦੀ ਜਾਣਕਾਰੀ, ਕਿਸ ਨਾਲ ਕਿਹੋ ਜਿਹੀਆਂ ਗੱਲਾਂ, ਵਿਚਾਰ ਸਾਂਝਾ ਕਰਦਾ ਹੈ ਬਾਰੇ ਪੂਰਨ ਸਟੀਕ ਜਾਣਕਾਰੀ ਫ਼ੇਸਬੁਕ ਕੋਲ ਉਪਲਬਧ ਪਈ ਹੈ ਜਿਸ ਨੂੰ ਸਰਕਾਰਾਂ ਅਤੇ ਸਵਾਰਥੀ ਅਨਸਰ ਅਕਸਰ ਹੀ ਅਪਣੇ ਮੁਨਾਫ਼ੇ ਲਈ ਵਰਤੋਂ ਵਿਚ ਲਿਆਉਂਦੇ ਹਨ।

ਪਰ ਇਸ ਨਾਲ ਹੀ ਸਰਕਾਰ ਦੀ ਆਲੋਚਨਾ ਨੂੰ ਮੁੱਢ ਵਿਚ ਹੀ ਨੱਪ ਦੇਣ ਦਾ ਪੂਰਾ ਬੰਦੋਬਸਤ ਵੀ ਫ਼ੇਸਬੁਕ ਨੇ ਬਾਖ਼ੂਬੀ ਕੀਤਾ ਹੋਇਆ ਹੈ। ਪਿਛਲਾ ਤਜਰਬਾ ਦਿਖਾਉਂਦਾ ਹੈ ਕਿ ਕਿਵੇਂ ਸਰਕਾਰ ਦੀ ਕਿਸੇ ਵੀ ਟੀਕਾ-ਟਿੱਪਣੀ ਨੂੰ ਉਥੇ ਹੀ ਸਨੱਬ ਕਰ ਦਿਤਾ ਜਾਂਦਾ ਹੈ, ਉਸ ਯੂਜ਼ਰ ਨੂੰ ਪੂਰਨ ਰੂਪ ਵਿਚ ਮਹੀਨੇ ਲਈ ਬਲਾਕ ਕਰ ਦਿਤਾ ਜਾਂਦਾ ਹੈ। ਇਹ ਕਹਿ ਕੇ ਕਿ ਉਸ ਦੀ ਇਹ ਟਿੱਪਣੀ ਸਮਾਜ ਜਾਂ ਭਾਈਚਾਰਕ ਮਿਆਰਾਂ ਅਨੁਸਾਰ ਨਹੀਂ। ਲਿਹਾਜ਼ਾਂ ਇਹ ਸਮਾਜ ਲਈ ਘਾਤਕ ਹੈ ਕਿ ਇਹ ਪੋਸਟ ਬਿਨਾਂ ਤੱਥਾਂ ਤੋਂ ਹੈ ਆਦਿ। ਫ਼ੇਸਬੁਕ ਰਾਹੀਂ ਫੈਲਾਏ ਜਾ ਰਹੇ ਝੂਠ ਤੂਫ਼ਾਨ ਦਾ ਖ਼ੁਰਾ-ਖੋਜ ਲੱਭਣ ਲਈ ਕੇਰਲਾ ਵਿਚ ਫ਼ੇਸਬੁਕ ਦੇ ਇਕ ਖੋਜਾਰਥੀ ਨੇ ਫ਼ੇਸਬੁਕ ਉਤੇ ਅਪਣਾ ਨਵਾਂ ਖਾਤਾ ਖੋਲ੍ਹ ਕੇ ਕੇਰਲਾ ਦੇ ਇਕ ਯੂਜ਼ਰ ਦਾ ਤਜਰਬਾ ਹੱਡੀਂ ਹੰਢਾਉਣ ਦੀ ਵਿਉਂਤ ਬਣਾਈ। ਉਸ ਨੇ ਅਪਣੇ ਇਸ ਖਾਤੇ ਨੂੰ ਫ਼ੇਸਬੁਕ ਵਲੋਂ ਸੁਝਾਏ ਗਏ, ਸਾਰੇ ਫ਼ੇਸਬੁਕ ਰੇਂਜਾਂ ਨੂੰ ਅਪਣੀ ਗੁਜਾਰਿਸ਼ਾਂ ਭੇਜੀਆਂ।

Social MediaSocial Media

ਇਸ ਉਪਰੰਤ ਉਸ ਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਕਿ ਜਦੋਂ ਉਸ ਨੇ ਜੋ ਨੋਟ ਕੀਤਾ ਕਿ ਕਿਵੇਂ ਉਸ ਨੇ ਅਪਣੀ ਨਿਊਜ਼ ਫ਼ੀਡ ’ਚ ਮਰੇ ਹੋਏ ਲੋਕਾਂ ਦੀਆਂ ਐਨੀਆਂ ਖ਼ਬਰਾਂ ਦੇਖੀਆਂ, ਜਿੰਨੇ ਮਰੇ ਹੋਏ ਲੋਕਾਂ ਨੂੰ ਕਿ ਉਸ ਨੇ ਅਪਣੀ ਸਾਰੀ ਜ਼ਿੰਦਗੀ ਵਿਚ ਦੇਖਿਆ ਹੀ ਨਹੀਂ ਸੀ ਕਿਉਂਕਿ ਅਜਿਹੀਆਂ ਜਾਹਲੀ ਆਈਡੀਜ਼ ਦੀ ਭਰਮਾਰ ਫ਼ੇਸਬੁਕ ਉਤੇ ਮੌਜੂਦ ਪਈ ਹੈ। 14 ਫ਼ਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਦੇ ਅਰਸੇ ਵਿਚ ਫ਼ੇਸਬੁਕ ਦੇ ਗਣਿਤੀ ਫ਼ਾਰਮੂਲੇ ਸਿਆਸੀ ਅਤੇ ਫ਼ੌਜੀ ਸਮੱਗਰੀ ਵਾਲੇ ਪੇਜਾਂ ਦੇ ਸੁਝਾਵਾਂ ਨਾਲ ਭਰਪੂਰ ਰਹੇ। ਵਾਚ ਅਤੇ ਲਾਈਵ ਟੈਬਾਂ ਨੂੰ ਕਲਿੱਕ ਕਰਨ ਉਤੇ ਉਸ ਨੂੰ ਪੋਰਨ (ਲੱਚਰ, ਅਸ਼ਲੀਲ) ਸਮੱਗਰੀ ਅਲਗਾਰਿਦਮ ਨੇ ਪਰੋਸੀ। ਇਥੇ ਇਕ ਹੋਰ ਵੀ ਗੱਲ ਨੋਟ ਕਰਨ ਵਾਲੀ ਹੈ ਕਿ ਫ਼ੇਸਬੁਕ ਨੂੰ ਹੋਣ ਵਾਲੀ 2021 ਦੀ ਪਹਿਲੀ ਚੌਥਾਈ ਦੀ ਆਮਦਨੀ ਦਾ 52.5 ਫ਼ੀ ਸਦੀ ਹਿੱਸਾ ਅਮਰੀਕਾ ਅਤੇ ਕੈਨੇਡਾ ਤੋਂ ਬਾਹਰ ਤੋਂ ਪ੍ਰਾਪਤ ਹੋਇਆ ਹੈ

Facebook and instagramFacebook and instagram

ਪਰ ਅਜਿਹੀਆਂ ਗ਼ਲਤ-ਮਲਤ ਸੂਚਨਾਵਾਂ ਪ੍ਰਦਾਨ ਕਰਨ ਲਈ ਕੀਤੇ ਜਾਣ ਵਾਲੇ ਕੁਲ ਆਲਮੀ ਖ਼ਰਚੇ ਦਾ 87 ਫ਼ੀ ਸਦੀ ਸਿਰਫ਼ ਅਮਰੀਕਾ ਵਿਚ ਹੀ ਖ਼ਰਚਿਆ ਜਾਂਦਾ ਹੈ ਅਤੇ ਬਾਕੀ ਦਾ ਨਗੂਣਾ ਸਾਰੇ ਸੰਸਾਰ ਲਈ ਰਖਿਆ ਗਿਆ ਹੈ। ਵਿਗਿਆਨ ਦੀਆਂ ਹੋਰਨਾਂ ਪ੍ਰਾਪਤੀਆਂ ਵਾਂਗ ਸੂਚਨਾ ਤਕਨਾਲੋਜੀ ਵਿਚ ਹੋਈ ਲਾਜਵਾਬ ਤਰੱਕੀ ਆਸਰੇ ਵੀ ਮਨੁੱਖ ਨੇ ਅਗਾਂਹ ਵਲ ਛਲਾਂਗ ਪੁੱਟਣ ਦੀ ਦਿਸ਼ਾ ਵਿਚ ਕਦਮ ਵਧਾਏ ਹਨ। ਇਸ ਨੇ ਹਰ ਯੂਜ਼ਰ ਨੂੰ ਲਗਦਾ ਹੈ ਕਿ ਫ਼ੇਸਬੁਕ ਵਰਗਾ ਪਲੇਟਫ਼ਾਰਮ ਉਸ ਨੂੰ ਲਗਭਗ ਹਰ ਮਾਮਲੇ ਉਤੇ ਹੀ ਅਪਣੇ ਨਿਜੀ ਵਿਚਾਰ ਪ੍ਰਗਟ ਕਰਨ ਲਈ ਮੁਹਈਆ ਕੀਤਾ ਹੋਇਆ ਹੈ ਪਰ ਉਸ ਯੂਜ਼ਰ ਦੀ ਖ਼ੁਸ਼ਫ਼ਹਿਮੀ ਉਦੋਂ ਕਾਫ਼ੂਰ ਹੋ ਜਾਂਦੀ ਹੈ ਜਦੋਂ ਉਸ ਦੇ ਵਿਚਾਰਾਂ ਨੂੰ ‘ਭਾਈਚਾਰੇ ਦੇ ਮਾਨਕਾਂ ਉਤੇ ਪੂਰੇ ਨਾ ਉਤਰਦੇ ਹੋਣ’ ਕਰ ਕੇ ਬਲਾਕ ਕਰ ਕੇ ਉਸ ਦਾ ਖਾਤਾ ਸਸਪੈਂਡ ਕਰ ਦਿਤਾ ਜਾਂਦਾ ਹੈ।

FacebookFacebook

ਸਾਮਰਾਜੀ ਸਰਮਾਏਦਾਰਾਨਾ ਯੁਗ ਵਿਚ ਵਿਗਿਆਨ ਦੀ ਹਰ ਤਰੱਕੀ ਨੂੰ ਅਪਣੇ ਨਿਜੀ ਸਵਾਰਥੀ ਹਿਤਾਂ ਦੀ ਪੂਰਤੀ ਲਈ ਲਗਾਤਾਰ ਵਰਤੇ ਜਾਣਾ ਆਮ ਗੱਲ ਹੈ। ਲੋੜ ਹੈ ਹਾਕਮ ਜਮਾਤਾਂ ਵਲੋਂ ਅਪਣੇ ਹੱਕ ਵਿਚ ਵਰਤੀ ਜਾਂਦੀ ਵਿਗਿਆਨ ਦੀ ਹਰ ਤਰਕੀਬ ਨੂੰ ਡੂੰਘਾਈ ਨਾਲ ਸਮਝਣ ਦੀ ਅਤੇ ਵਿਸ਼ਾਲ ਲੋਕਾਈ ਨੂੰ ਇਸ ਬਾਰੇ ਜਾਗਰੂਕ ਕਰਦਿਆਂ ਵਿਗਿਆਨ ਦੀ ਅਜਿਹੀ ਲੋਕ ਦੋਖੀ ਵਰਤੋਂ ਨੂੰ ਬੰਨ੍ਹ ਮਾਰਨ ਦੀ। ਫ਼ੇਸਬੁਕ ਵਰਗੇ ਸੋਸ਼ਲ ਪਲੇਟਫ਼ਾਰਮਾਂ ਦੀ ਵਰਤੋਂ ਵਿਚ ਪਾਰਦਰਸ਼ਤਾ ਲਿਆਉਣ ਲਈ ਆਵਾਜ਼ ਬੁਲੰਦ ਕਰਨ ਦੀ। ਸਰਕਾਰ ਅਤੇ ਕਾਰਪੋਰੇਟ ਜਗਤ ਦਰਮਿਆਨ ਪੱਕੇ ਰਿਸਤੇ ਨੂੰ ਉਜਾਗਰ ਕਰਨ ਦੀ, ਜੱਗ ਜਾਹਰ ਕਰਨ ਦੀ ਤਾਂ ਜੋ ਵਿਗਿਆਨ ਦੀ ਅਜਿਹੀ ਤਰੱਕੀ ਨੂੰ ਵਿਸ਼ਾਲ ਲੋਕਾਈ ਦੇ ਹਿਤਾਂ ਵਿਚ ਵਰਤੋਂ ਵਿਚ ਲਿਆਂਦਾ ਜਾ ਸਕੇ, ਇਕ ਵਧੀਆ ਉਸਾਰੂ ਸਮਾਜ ਸਿਰਜਣ ਦੇ ਲੇਖੇ ਲਾਉਣ ਦੀ।
-ਸੰਪਰਕ 94170-79720

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement