Article On Beauty: ਖ਼ੂਬਸੂਰਤੀ ਕਿਸੇ ਸ਼ੈਅ ਵਿਚ ਨਹੀਂ ਸਗੋਂ ਵੇਖਣ ਵਾਲੇ ਦੀ ਅੱਖ ’ਚ ਹੁੰਦੀ ਹੈ।
Article On Beauty: ਲੋਕ ਅਕਸਰ ਹੀ ਇਹ ਆਖਦੇ ਹਨ ਕਿ ‘‘ਇਹ ਫੁੱਲ ਜਾਂ ਇਹ ਬੱਚਾ ਜਾਂ ਫਿਰ ਔਹ ਮੁਟਿਆਰ, ਔਹ ਇਮਾਰਤ ਜਾਂ ਔਹ ਪੇਂਟਿੰਗ ਬੇਹੱਦ ਖ਼ੂਬਸੂਰਤ ਤੇ ਆਕਰਸ਼ਕ ਹੈ।’’ ਪਰ ਹਕੀਕਤ ’ਚ ਉਹੀ ਬੱਚਾ, ਫੁੱਲ, ਮੁਟਿਆਰ, ਇਮਾਰਤ ਜਾਂ ਪੇਂਟਿੰਗ ਕਿਸੇ ਦੂਜੇ ਸ਼ਖ਼ਸ ਨੂੰ ਓਨੇ ਖ਼ੂਬਸੂਰਤ ਜਾਂ ਆਕਰਸ਼ਕ ਨਹੀਂ ਜਾਪਦੇ ਤੇ ਉਹ ਕਿਸੇ ਹੋਰ ਹੀ ਸ਼ਖ਼ਸ ਜਾਂ ਸ਼ੈਅ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਦਿੰਦਾ ਹੈ। ਇਸ ਤੋਂ ਇਹ ਪਤਾ ਚਲਦੈ ਕਿ ਖ਼ੂਬਸੂਰਤੀ ਨੂੰ ਵੇਖਣ ਤੇ ਪਰਖਣ ਦਾ ਪੈਮਾਨਾ ਜਾਂ ਦ੍ਰਿਸ਼ਟੀਕੋਣ ਹਰ ਵਿਅਕਤੀ ਦਾ ਆਪੋ-ਅਪਣਾ ਹੈ।
ਇਸੇ ਸਬੰਧ ’ਚ ਕਿਸੇ ਵਿਦਵਾਨ ਦਾ ਕਥਨ ਹੈ : ‘‘ਖ਼ੂਬਸੂਰਤੀ ਕਿਸੇ ਸ਼ੈਅ ਵਿਚ ਨਹੀਂ ਸਗੋਂ ਵੇਖਣ ਵਾਲੇ ਦੀ ਅੱਖ ’ਚ ਹੁੰਦੀ ਹੈ।’’ ਇਹ ਕਥਨ ਬਿਲਕੁਲ ਸੱਚ ਹੈ ਤੇ ਇਸ ਕਥਨ ਦੀ ਸਚਾਈ ਪਰਖਣ ਲਈ ਆਉ ਅਸਲ ਜੀਵਨ ’ਚੋਂ ਕੁੱਝ ਪ੍ਰਮਾਣ ਲੈਂਦੇ ਹਾਂ।
ਅਕਸਰ ਇਹ ਵੇਖਣ ਤੇ ਸੁਣਨ ’ਚ ਆਇਆ ਹੈ ਕਿ ਕੋਈ ਬੱਚਾ ਸਰੀਰਕ ਪੱਖੋਂ ਕਿੰਨਾ ਵੀ ਕਰੂਪ ਜਾਂ ਮਾਨਸਕ ਪੱਖੋਂ ਕਿੰਨਾ ਵੀ ਕਮਜ਼ੋਰ ਕਿਉਂ ਨਾ ਹੋਵੇ, ਉਸ ਦੀ ਮਾਂ ਨੂੰ ਉਹ ਦੁਨੀਆਂ ਦੇ ਸੱਭ ਤੋਂ ਸੋਹਣੇ ਬੱਚੇ ਤੋਂ ਵੀ ਵੱਧ ਪਿਆਰਾ ਲਗਦੈ। ਦੁਨੀਆਂ ਦੀ ਨਜ਼ਰ ਉਸ ਕਰੂਪ ਬੱਚੇ ਦੀ ਕਰੂਪਤਾ ਨੂੰ ਵੇਖਦੀ ਹੈ ਤੇ ਉਸ ਨਾਲ ਨਫ਼ਰਤ ਕਰਦੀ ਹੈ ਪਰ ਮਾਂ ਦੀ ਨਜ਼ਰ ’ਚ ਮਮਤਾ ਤੇ ਪਿਆਰ ਹੁੰਦੈ ਅਤੇ ਉਹ ਹਮੇਸ਼ਾ ਮੁਹੱਬਤ ਦੀਆਂ ਨਜ਼ਰਾਂ ਨਾਲ ਅਪਣੇ ਬੱਚੇ ਨੂੰ ਤੱਕਦੀ ਹੈ। ਸੋ ਬੱਚਾ ਤਾਂ ਇਕ ਹੈ ਪਰ ਵੇਖਣ ਵਾਲੇ ਦੀ ਨਜ਼ਰ ਜਾਂ ਦ੍ਰਿਸ਼ਟੀਕੋਣ ’ਚ ਫ਼ਰਕ ਹੋਣ ਕਰ ਕੇ ਉਹ ਦੂਜਿਆਂ ਨੂੰ ਕਰੂਪ ਜਾਂ ਬੇਢੱਬਾ ਨਜ਼ਰ ਆਉਂਦੈ ਪਰ ਉਸ ਦੀ ਮਾਂ ਲਈ ਉਹ ਇਕ ਰਾਜਕੁਮਾਰ ਜਾਂ ਰਾਜਕੁਮਾਰੀ ਦੀ ਨਿਆਈਂ ਹੁੰਦਾ ਹੈ।
ਆਮ ਤੌਰ ’ਤੇ ਇਹ ਵੇਖਣ ’ਚ ਆਇਆ ਹੈ ਕਿ ਕਪੜੇ ਦੀ ਦੁਕਾਨ ’ਤੇ ਪਿਆ ਕੋਈ ਸੂਟ ਕਈ ਗਾਹਕ ਨਾਪਸੰਦ ਕਰ ਕੇ ਨਕਾਰ ਜਾਂਦੇ ਹਨ ਪਰ ਓਹੀ ਸੂਟ ਕਿਸੇ ਵਿਅਕਤੀ ਨੂੰ ਐਨਾ ਪਸੰਦ ਆਉਂਦਾ ਹੈ ਕਿ ਉਹ ਦੁਕਾਨਦਾਰ ਵਲੋਂ ਮੂੰਹੋਂ ਮੰਗੇ ਪੈਸੇ ਦੇ ਕੇ ਝੱਟ ਉਸ ਸੂਟ ਨੂੰ ਖ਼ਰੀਦ ਲੈਂਦਾ ਹੈ। ਇਹੋ ਗੱਲ ਕਿਸੇ ਸ਼ਾਨਦਾਰ ਪੇਂਟਿੰਗ ਜਾਂ ਕਿਸੇ ਮਨਮੋਹਕ ਗ਼ਜ਼ਲ ਬਾਰੇ ਵੀ ਕਹੀ ਜਾ ਸਕਦੀ ਹੈ ਜਿਸ ਵਿਅਕਤੀ ਨੂੰ ਚਿੱਤਰਕਾਰੀ ਜਾਂ ਸਾਹਿਤ ਦੀ ਸਮਝ ਨਹੀਂ, ਉਸ ਲਈ ‘ਸਰਬੋਤਮ ਪੁਰਸਕਾਰ’ ਪ੍ਰਾਪਤ ਪੇਂਟਿੰਗ ਜਾਂ ‘ਕਾਵਿ ਰਚਨਾ’ ਵੀ ਸ਼ਾਇਦ ਜ਼ਿਆਦਾ ਪ੍ਰਭਾਵਸ਼ਾਲੀ ਨਾ ਹੋਵੇ ਤੇ ਜਿਨ੍ਹਾਂ ਨੂੰ ਇਸ ਦੀ ਸੂਝ ਹੈ, ਉਨ੍ਹਾਂ ਲਈ ਉਕਤ ਰਚਨਾ ਕਾਬਿਲੇ-ਤਾਰੀਫ਼ ਹੁੰਦੀ ਹੈ। ਸੋ ਵਸਤੂ ਤਾਂ ਉਹੀ ਹੈ ਪਰ ਫ਼ਰਕ ਸਿਰਫ਼ ਸਮਝ ਦਾ ਤੇ ਵੇਖਣ ਦੇ ਨਜ਼ਰੀਏ ਦਾ ਹੈ।
ਖ਼ੂਬਸੂਰਤੀ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਅੰਗਰੇਜ਼ੀ ਦਾ ਮਹਾਨ ਕਵੀ ਜਾੱਨ ਕੀਟਸ ਆਖ਼ਦੈ, ‘‘ਖ਼ੂਬਸੂਰਤੀ ਹੀ ਸੱਚ ਹੈ ਤੇ ਸੱਚ ਹੀ ਖ਼ੂਬਸੂਰਤ ਹੈ।’’ ਭਾਰਤੀ ਗ੍ਰੰਥਾਂ ’ਚ ਵੀ ਇਸੇ ਵਿਚਾਰ ਨੂੰ ‘ਸੱਤਿਅਮ, ਸ਼ਿਵਮ, ਸੁੰਦਰਮ’ ਦੇ ਸੰਕਲਪ ਰਾਹੀਂ ਪ੍ਰਗਟ ਕੀਤਾ ਗਿਆ ਹੈ। ਸੰਤ ਅਗਸਟੀਨ ਨੇ ਕਿਹਾ ਸੀ, ‘‘ਪ੍ਰੇਮ ਤਾਂ ਅਸਲ ’ਚ ਆਤਮਾ ਦੀ ਖ਼ੂਬਸੂਰਤੀ ਹੈ।’’ ਵਿਦਵਾਨ ਖ਼ਲੀਲ ਜਿਬਰਾਨ ਵੀ ਸੁੰਦਰਤਾ ਦੀ ਗੱਲ ਕਰਦਿਆਂ ਲਿਖਦਾ ਹੈ, ‘‘ਖ਼ੂਬਸੂਰਤੀ ਕਿਸੇ ਦੇ ਚਿਹਰੇ ’ਚ ਨਹੀਂ ਹੁੰਦੀ। ਖ਼ੂਬਸੂਰਤੀ ਤਾਂ ਮਨ ’ਚ ਜਗਦੀ ਜੋਤ ਦੇ ਪ੍ਰਕਾਸ਼ ’ਚ ਹੁੰਦੀ ਹੈ।’’
ਇਸੇ ਤਰ੍ਹਾਂ ਵਿਦਵਾਨ ਉਮਰ ਸੁਲੇਮਾਨ ਨੇ ਗੱਲ ਸਿਰੇ ਲਾਉਂਦਿਆਂ ਕਹਿ ਦਿੱਤਾ ਸੀ, ‘‘ਕਿਸੇ ਖ਼ੂਬਸੂਰਤ ਸ਼ਖ਼ਸ ਦੀ ਖ਼ੂਬਸੂਰਤੀ ਇਸ ਗੱਲ ’ਚ ਹੈ ਕਿ ਉਹ ਦੂਜਿਆਂ ਦੇ ਅੰਦਰ ਹਮੇਸ਼ਾ ਖ਼ੂਬਸੂਰਤੀ ਵੇਖਦਾ ਹੈ।’’ ਇਸ ਦਾ ਭਾਵ ਇਹ ਹੈ ਕਿ ਜਿਸ ਸ਼ਖ਼ਸ ਦਾ ਮਨ ਸਾਫ਼ ਤੇ ਮਨ ਦੇ ਭਾਵ ਸੁੰਦਰ ਹਨ, ਉਸ ਨੂੰ ਹਰ ਵਿਅਕਤੀ ਚੰਗਾ ਤੇ ਪਿਆਰਾ ਲੱਗੇਗਾ। ਸਰੀਰਕ ਵਿਕਾਰ ਦਾ ਸ਼ਿਕਾਰ ਹੋਣ ਵਾਲੇ ਵਿਦਵਾਨ ਸਟੀਫ਼ਨ ਹਾਕਿੰਗ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਲੱਖਾਂ ’ਚ ਹੈ। ਸੋ ਕੇਵਲ ਤਨ ਦੀ ਖ਼ੂਬਸੂਰਤੀ ਰੱਖਣ ਵਾਲੇ ਸ਼ਖ਼ਸ ਹੀ ਧੰਨਤਾ ਦੇ ਯੋਗ ਨਹੀਂ ਹੁੰਦੇ ਸਗੋਂ ਮਾਨਸਕ ਤੇ ਆਤਮਕ ਪੱਖੋਂ ਸੁੰਦਰ ਲੋਕ ਵੀ ਸਮਾਜ ਵਿਚ ਮਾਣ-ਸਨਮਾਨ ਤੇ ਆਦਰ ਹਾਸਲ ਕਰਦੇ ਹਨ।
ਸੋ ਉਕਤ ਵਿਸ਼ਲੇਸ਼ਣ ਦਸਦਾ ਹੈ ਕਿ ਮੋਟੇ ਤੌਰ ’ਤੇ ਖ਼ੂਬਸੂਰਤੀ ਬਾਰੇ ਸੰਸਾਰ ’ਚ ਦੋ ਧਾਰਨਾਵਾਂ ਪ੍ਰਚਲਤ ਹਨ। ਇਕ ਧਾਰਨਾ ਕਿਸੇ ਵਿਅਕਤੀ ਜਾਂ ਵਸਤੂ ਦੀ ਬਾਹਰੀ ਖ਼ੂਬਸੂਰਤੀ ਨੂੰ ਸਲਾਹੁੰਦੀ ਹੈ ਤੇ ਦੂਜੀ ਧਾਰਨਾ ਕਿਸੇ ਵਿਅਕਤੀ ਜਾਂ ਵਸਤੂ ਦੇ ਗੁਣਾਂ ਦੀ ਖ਼ੂਬਸੂਰਤੀ ਦੀ ਗੱਲ ਕਰਦੀ ਹੈ। ਅਧਿਆਤਮਵਾਦੀਆਂ ਦਾ ਇਹ ਮੰਨਣਾ ਹੈ ਕਿ ਸਰੀਰ ਜਾਂ ਵਸਤੂ ਬਾਹਰੋਂ ਜਿੰਨੇ ਮਰਜ਼ੀ ਵੀ ਖ਼ੂਬਸੂਰਤ ਕਿਉਂ ਨਾ ਹੋਣ, ਬਲਵਾਨ ਸਮਾਂ ਇਕ ਦਿਨ ਉਸ ਖ਼ੂਬਸੂਰਤੀ ਨੂੰ ਨਿਗਲ ਜਾਂਦੈ ਤੇ ਅਖ਼ੀਰ ਉਸ ਨੂੰ ਮਿੱਟੀ ’ਚ ਮਿਲਾ ਕੇ ਖ਼ਤਮ ਕਰ ਦਿੰਦੈ ਪਰ ਗੁਣਾਂ ਦੀ ਖ਼ੂਬਸੂਰਤੀ ਸਦਾ ਚਿਰ ਜੀਵਤ ਰਹਿੰਦੀ ਹੈ ਤੇ ਇਸ ਸੰਸਾਰ ਵਿਚ ਸਤਿਕਾਰ ਤੇ ਸਨਮਾਨ ਦਾ ਪਾਤਰ ਬਣਦੀ ਹੈ।
ਸੋ ਤਨ ਨਾਲੋਂ ਮਨ ਦੀ ਖ਼ੂਬਸੂਰਤੀ ਵਲ ਜੇਕਰ ਅਸੀਂ ਜ਼ਿਆਦਾ ਧਿਆਨ ਦੇਵਾਂਗੇ ਤਾਂ ਕੋਈ ਸ਼ੱਕ ਨਹੀਂ ਕਿ ਸਾਨੂੰ ਦੁਨੀਆਂ ’ਚ ਕੋਈ ਵੀ ਬਦਸੂਰਤੀ ਨਜ਼ਰ ਹੀ ਨਹੀਂ ਆਵੇਗੀ। ਪੰਜਾਬੀ ਦੇ ਇਕ ਮਸ਼ਹੂਰ ਗੀਤ ਦੇ ਬੋਲ ਹਨ ‘‘ਮਾੜੇ ਬੰਦੇ ’ਚ ਵੀ ਕੋਈ ਗੁਣ ਚੰਗਾ ਹੋਵੇਗਾ, ਜਿਉਂ ਗੁਣਕਾਰੀ ਹੈ ਹੁੰਦਾ ਬਦਬੂ ਲਸਣ ਦੀ ਗੰਢੀ ਦਾ।’’ ਤੇ ਇਹ ਬੋਲ ਸਾਨੂੰ ਇਹ ਸਮਝਾਉਣ ਲਈ ਕਾਫ਼ੀ ਹਨ ਕਿ ਸਾਨੂੰ ਸਰੀਰਕ ਜਾਂ ਬਾਹਰੀ ਖ਼ੂਬਸੂਰਤੀ ’ਤੇ ਡੁੱਲ੍ਹਣ ਦੀ ਥਾਂ ਗੁਣਾਂ ਦੀ ਖ਼ੂਬਸੂਰਤੀ ਦੀ ਕਦਰ ਕਰਨੀ ਚਾਹੀਦੀ ਹੈ ਤੇ ਖ਼ੁਦ ਨੂੰ ਗੁਣਾਂ ਦੇ ਪੱਖ ਤੋਂ ਸੁਆਰਨ ਤੇ ਸਜਾਉਣ ’ਚ ਕੋਈ ਕਸਰ ਨਹੀਂ ਛਡਣੀ ਚਾਹੀਦੀ।
ਸੰਸਾਰ ’ਤੇ ਸਾਡੀ ਸਰੀਰਕ ਖ਼ੂਬਸੂਰਤੀ ਦੀਆਂ ਗੱਲਾਂ ਸਾਡੇ ਚਲੇ ਜਾਣ ਤੋਂ ਬਾਅਦ ਚਾਹੇ ਹੋਣ ਜਾਂ ਨਾ ਹੋਣ ਪਰ ਸਾਡੀਆਂ ਚੰਗਿਆਈਆਂ ਦੀਆਂ ਗੱਲਾਂ ਸਦਾ ਹੀ ਹੁੰਦੀਆਂ ਰਹਿਣਗੀਆਂ।
ਮੋਬਾ: 97816-46008