
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਆਮ ਤੌਰ 'ਤੇ ਮਹਾਰਾਣੀ ਜਿੰਦਾ ਦੇ ਨਾਂਅ ਤੋਂ ਜਾਣਿਆ ਜਾਂਦੈ
ਮਹਾਰਾਣੀ ਜਿੰਦ ਕੌਰ (1817-1863)
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਆਮ ਤੌਰ 'ਤੇ ਮਹਾਰਾਣੀ ਜਿੰਦਾ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ। ਉਹ ਸਿੱਖ ਰਾਜ ਵਿਚ ਪੰਜਾਬ ਦੇ ਲਾਹੌਰ ਦੀ ਆਖ਼ਰੀ ਰਾਣੀ ਸੀ। ਰਾਣੀ ਜਿੰਦਾ, ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ।
ਮਹਾਰਾਣੀ ਜਿੰਦ ਕੌਰ ਦਾ ਜਨਮ ਸੰਨ 1817 ਨੂੰ ਪਿੰਡ ਚਾੜ੍ਹ, ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ। ਉਹ ਆਪਣੇ ਸੁਹੱਪਣ ਅਤੇ ਦਲੇਰੀ ਕਰ ਕੇ ਜਾਣੇ ਜਾਂਦੇ ਸਨ, ਇਸੇ ਕਰ ਕੇ ਉਹਨਾਂ ਨੂੰ "ਪੰਜਾਬ ਦੀ ਮੈਸਾਲੀਨਾ" ਆਖਿਆ ਜਾਂਦਾ ਹੈ। ਮਹਾਰਾਣੀ ਜਿੰਦ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ ਸੀ।
ਜਦੋਂ ਮਹਾਰਾਜਾ ਦਲੀਪ ਸਿੰਘ ਨੂੰ 5 ਸਾਲ ਦੀ ਉਮਰ ਵਿਚ ਮਹਾਰਾਜਾ ਐਲਾਨਿਆ ਗਿਆ ਤਾਂ ਮਹਾਰਾਣੀ ਜਿੰਦਾ ਉਸ ਦੀ ਸਰਪ੍ਰਸਤ ਬਣੀ। ਮਹਾਰਾਣੀ ਪਰਦੇ ਤੋਂ ਬਾਹਰ ਆ ਕੇ ਸਾਰੇ ਰਾਜਸੀ ਕੰਮਾਂ ਦੀ ਦੇਖਭਾਲ ਕਰਨ ਲੱਗੀ। ਸਿੱਖਾਂ ਦੇ ਐਂਗਲੋ-ਸਿੱਖ ਵਾਰ ਹਾਰਨ ਤੋਂ ਬਾਅਦ, ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਿੰਦ ਕੌਰ ਨੂੰ ਅਤੇ ਦਲੀਪ ਸਿੰਘ ਤੋਂ ਵੱਖ ਕਰ ਦਿੱਤਾ ਗਿਆ।
ਅੰਗਰੇਜ਼ਾਂ ਨੇ ਆਪਣੀ ਸਰਪ੍ਰਸਤੀ ਹੇਠ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ। ਉੱਥੇ ਉਸ ਨੇ ਆਪਣਾ ਧਰਮ ਤਬਦੀਲ ਕਰ ਕੇ ਈਸਾਈ ਧਰਮ ਅਪਣਾ ਲਿਆ। ਉੱਥੇ ਉਸ ਦਾ ਵਿਆਹ ਇੱਕ ਅੰਗਰੇਜ਼ ਵਪਾਰੀ ਦੀ ਪੁੱਤਰੀ ਬਾਂਬਾ ਮਿਓਲਰ ਨਾਲ ਕਰਵਾ ਦਿੱਤਾ ਗਿਆ। ਇਸ ਤਰ੍ਹਾਂ ਉਸ ਨੂੰ ਪੰਜਾਬ ਅਤੇ ਪੰਜਾਬ ਦੀ ਰਾਜਨੀਤੀ ਨਾਲੋਂ ਦੂਰ ਰੱਖਿਆ ਗਿਆ।
ਅੰਗਰੇਜ਼ੀ ਸਾਮਰਾਜ ਦਾ ਵਿਰੋਧ ਕਰਨ ਦੀ ਸਜ਼ਾ ਵਜੋਂ ਮਹਾਰਾਣੀ ਨੂੰ 1849 ਈਸਵੀ ਨੂੰ ਚੁਨਾਂਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਗਿਆ। ਸਖ਼ਤ ਪਹਿਰੇ ਹੋਣ ਦੇ ਬਾਵਜੂਦ ਮਹਾਰਾਣੀ, ਮੰਗਲਾ ਨਾਂ ਦੀ ਦਾਸੀ ਦੀ ਮਦਦ ਨਾਲ ਸੇਵਾਦਾਰਨੀ ਦੇ ਭੇਸ ਵਿਚ ਕਿਲ੍ਹੇ ਵਿਚੋਂ ਭੱਜਣ ਵਿਚ ਸਫ਼ਲ ਹੋ ਗਈ। ਭਾਵੇਂ ਕਿ ਉਹਨਾਂ ਨੇ ਸਿੱਖ ਰਾਜ ਨੂੰ ਸਥਾਪਿਤ ਕਰਨ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਪਰ ਅਫਸੋਸ ਉਹਨਾਂ ਨੂੰ ਸਿੱਖ ਰਾਜ ਦੁਬਾਰਾ ਨਹੀਂ ਮਿਲਿਆ।