
ਇਹ ਵਿਸ਼ਾ ਪਾਠਕਾਂ ਨੂੰ ਲੱਗੇਗਾ ਤਾਂ ਬੜਾ ਹੀ ਆਪਾ ਵਿਰੋਧੀ ਤੇ ਹੈਰਾਨੀ ਭਰਿਆ ਪਰ ਇਹ ਹੈ ਬਿਲਕੁਲ ਸੱਚ ਜੋ ਉਸ ਟੀ.ਵੀ. ਦੀ ਖ਼ਬਰ ਤੇ ਅਧਾਰਤ ਹੈ............
ਇਹ ਵਿਸ਼ਾ ਪਾਠਕਾਂ ਨੂੰ ਲੱਗੇਗਾ ਤਾਂ ਬੜਾ ਹੀ ਆਪਾ ਵਿਰੋਧੀ ਤੇ ਹੈਰਾਨੀ ਭਰਿਆ ਪਰ ਇਹ ਹੈ ਬਿਲਕੁਲ ਸੱਚ ਜੋ ਉਸ ਟੀ.ਵੀ. ਦੀ ਖ਼ਬਰ ਤੇ ਅਧਾਰਤ ਹੈ ਜੋ ਲੰਘੀ 7 ਜੁਲਾਈ ਨੂੰ ਵਿਖਾਈ ਗਈ ਅਤੇ ਜੋ ਫ਼ਿਰੋਜ਼ਪੁਰ ਇਲਾਕੇ ਦੀ ਦੱਸੀ ਗਈ ਹੈ। ਇਸ ਵਿਚ ਇਕ ਨਵ-ਵਿਆਹੀ ਮੁਟਿਆਰ ਜਿਸ ਦੀ ਬਾਂਹ ਵਿਚ ਨਵਾਂ ਨਕੋਰ ਲਾਲ ਚੂੜਾ ਚਮਕ ਰਿਹਾ ਹੈ ਤੇ ਉਸ ਦੇ ਹੱਥਾਂ ਨੂੰ ਲੱਗੀ ਮਹਿੰਦੀ ਵੀ ਅਜੇ ਫਿੱਕੀ ਨਹੀਂ ਪਈ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਦਾ ਸਜਰਾ ਹੀ ਵਿਆਹ ਹੋਇਆ ਹੈ। ਸ਼ਕਲੋਂ ਸੂਰਤੋਂ ਤਾਂ ਉਹ ਬਹੁਤ ਸੋਹਣੀ ਲੱਗ ਰਹੀ ਸੀ ਪਰ ਉਸ ਦੀ ਨਸ਼ਈ ਸੀਰਤ ਤੇ ਕਰਤੂਤ ਨੇ ਇਨ੍ਹਾਂ ਸੱਭ ਗੁਣਾਂ ਉੱਤੇ ਪਾਣੀ ਫੇਰ ਦਿਤਾ ਹੈ, ਜੋ ਵੇਖ ਕੇ ਬੜਾ ਹੀ ਦੁੱਖ ਹੋਇਆ।
ਇਹ ਲੜਕੀ ਇਕ ਕਮਰੇ ਵਿਚ ਬੈਠੀ ਵਿਖਾਈ ਦੇ ਰਹੀ ਸੀ ਤੇ ਉੱਥੇ ਇਕ ਮੋਮਬੱਤੀ ਬਲ ਰਹੀ ਜਿਸ ਦੀ ਲਾਟ ਉੱਤੇ ਪੇਪਰ ਨੂੰ ਗਰਮ ਕਰ ਕੇ ਵਾਰ-ਵਾਰ ਸਾਹ ਖਿੱਚ ਰਹੀ ਸੀ, ਜੋ ਪ੍ਰਕਿਰਿਆ ਉਸ ਨਵ-ਵਿਆਹੀ ਦਾ ਸਮੈਕ ਪੀਣਾ ਸਾਬਤ ਕਰ ਰਹੀ ਸੀ। ਹੈਰਾਨੀ ਇਹ ਹੋਈ ਕਿ ਉਸ ਕਮਰੇ ਵਿਚ ਹੀ ਪਿਛਲੇ ਪਾਸੇ ਤੋਂ ਇਕ ਆਦਮੀ ਦੀ ਫ਼ੋਨ ਉੱਤੇ ਗੱਲਬਾਤ ਦੀ ਆਵਾਜ਼ ਆ ਰਹੀ ਸੀ, ਜੋ ਕਿਸੇ ਨੂੰ ਕਹਿ ਰਿਹਾ ਸੀ ਕਿ ਮੈਂ ਰੇਡ ਕਰਨ ਜਾ ਰਿਹਾਂ, ਸ਼ਾਮ ਨੂੰ ਲੇਟ ਮਿਲਾਂਗਾ। ਉਸ ਲੜਕੀ ਦੇ ਨੇੜੇ ਹੀ ਪੁਲਿਸ ਮਹਿਕਮੇ ਦਾ ਕਾਲੇ ਰੰਗ ਦਾ ਵੱਡਾ ਟ੍ਰੰਕ ਵੀ ਪਿਆ ਸੀ ਜੋ ਇਸ ਗੱਲ ਦਾ ਸੰਕੇਤ ਦੇ ਰਿਹਾ ਸੀ ਕਿ ਇਹ ਕਮਰਾ ਕਿਸੇ ਪੁਲਿਸ ਮੁਲਾਜ਼ਮ ਦਾ ਹੈ
ਜੋ ਫ਼ੋਨ ਰਾਹੀਂ ਰੇਡ ਉਤੇ ਜਾਣ ਦੀ ਗੱਲ ਕਰ ਰਿਹਾ ਸੀ। ਇਹ ਹੀ ਪੁਲਿਸ ਮੁਲਾਜ਼ਮ ਹੋਣਾ ਸਾਬਤ ਕਰਦਾ ਸੀ। ਇਸ ਤੋਂ ਤਾਂ ਇਹ ਚਰਚਾ ਵੀ ਬਿਲਕੁਲ ਸੱਚੀ ਹੋ ਜਾਂਦੀ ਹੈ ਕਿ ਵਾਕਿਆ ਹੀ ਪੁਲਿਸ ਵਾਲਿਆਂ ਦਾ ਹੀ ਨਸ਼ਾ ਵਿਕਾਉਣ ਵਿਚ ਤੇ ਨੌਜੁਆਨਾਂ ਨੂੰ ਨਸ਼ਾ ਕਰਵਾਉਣ ਵਿਚ ਪੂਰਾ ਹੱਥ ਹੈ। ਹੁਣ ਜੇ ਇਸ ਲੜਕੀ ਵਲੋਂ ਨਸ਼ਾ ਕਰਦੇ ਹੋਣ ਦੀ ਗੱਲ ਕਰੀਏ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿਛਲੇ ਦਿਨੀ ਵਿਖਾਈ ਇਕ ਟੀ.ਵੀ. ਖ਼ਬਰ ਅਨੁਸਾਰ ਇਕ ਸ਼ਹਿਰ ਵਿਚ ਇਕ ਨੌਜੁਆਨ ਲੜਕੀ ਜੋ ਨਸ਼ੇ ਵਿਚ ਟੱਲੀ ਸੀ, ਇੰਜ ਕਾਰ ਚਲਾ ਰਹੀ ਸੀ ਕਿ ਲੋਕ ਭੱਜ-ਭੱਜ ਕੇ ਅੱਗੋਂ ਪਾਸੇ ਹੋ ਰਹੇ ਸਨ ਕਿ ਕਿਤੇ ਗੱਡੀ ਉੱਤੇ ਹੀ ਨਾ ਚੜ੍ਹਾ ਦੇਵੇ।
ਪਤਾ ਲੱਗਣ ਤੇ ਪੁਲਿਸ ਨੇ ਉਸ ਨੂੰ ਰੋਕਿਆ ਤਾਂ ਪਹਿਲਾਂ ਉਹ ਕਾਰ ਵਿਚੋਂ ਬਾਹਰ ਨਾ ਆਵੇ ਤੇ ਜੇ ਫਿਰ ਆਈ ਤਾਂ ਪੁਲਿਸ ਵਾਲਿਆਂ ਨਾਲ ਧੱਕਾ ਮੁੱਕੀ ਕਰਨ ਲੱਗੀ, ਫਿਰ ਬੜੀ ਮੁਸ਼ਕਿਲ ਨਾਲ ਉਸ ਨੂੰ ਕਾਬੂ ਕਰ ਕੇ ਥਾਣੇ ਲਿਜਾਇਆ ਗਿਆ। ਅਜਿਹੀ ਹੀ ਇਕ ਹੋਰ ਟੀ.ਵੀ. ਖ਼ਬਰ ਜੋ ਪਿਛਲੇ ਦਿਨੀ ਵੇਖੀ ਗਈ ਕਿ ਇਕ ਜ਼ਿੰਮੇਵਾਰ ਔਰਤ ਜੋ ਇਕ ਸਰਕਾਰੀ ਹਸਪਤਾਲ ਵਿਚ ਡਾਕਟਰ ਲੱਗੀ ਵਿਖਾਈ ਦੇ ਰਹੀ ਸੀ। ਉਹ ਅਪਣੀ ਡਿਊਟੀ ਦੌਰਾਨ ਪੂਰੇ ਨਸ਼ੇ ਵਿਚ ਬੈਠੀ ਸੀ ਤੇ ਹਾਜ਼ਰ ਮਰੀਜ਼ਾਂ ਨੂੰ ਵੀ ਅਵਾ ਤਵਾ ਬੋਲ ਰਹੀ ਸੀ। ਉਸ ਦੀ ਲੜਖੜਾਉਂਦੀ ਜ਼ੁਬਾਨ ਇਹ ਸੱਭ ਕੁੱਝ ਦਸ ਰਹੀ ਸੀ।
ਹੁਣ ਗੱਲ ਸੋਚਣ ਵਾਲੀ ਇਹ ਹੈ ਕਿ ਸਾਡੀ ਇਹ ਨਾਰੀ ਜਿਸ ਨੂੰ ''ਜਗਤ ਦੀ ਜਨਨੀ'' ਵਾਲਾ ਦਰਜਾ ਪ੍ਰਾਪਤ ਹੈ, ਜੇ ਇਹ ਨੌਜੁਆਨ ਉਮਰ ਵਿਚ ਹੀ ਇਸ ਨਸ਼ਾ ਪ੍ਰਸਤੀ ਵਾਲੇ ਪਾਸੇ ਲੱਗ ਜਾਵੇਗੀ ਤਾਂ ਸਾਡੇ ਘਰਾਂ ਦੇ ਪ੍ਰਵਾਰਕ ਮਾਹੌਲ ਤੇ ਬੱਚਿਆਂ ਦੇ 'ਮਾਵਾਂ ਠੰਢੀਆਂ ਛਾਵਾਂ' ਵਾਲੇ ਪਵਿੱਤਰ ਰਿਸ਼ਤੇ ਦਾ ਅਤੇ ਉਨ੍ਹਾਂ ਦੇ ਭਵਿੱਖ ਦਾ ਕੀ ਬਣੇਗਾ? ਇਸ ਦੇ ਨਾਲ ਹੀ ਜੋ ਨੌਜੁਆਨਾਂ ਦੀਆਂ ਨਸ਼ੇ ਨਾਲ ਹੋ ਰਹੀਆਂ ਦਰਦਨਾਕ ਮੌਤਾਂ ਨੂੰ ਠੱਲ੍ਹ ਪਾਉਣ ਲਈ ਜੋ ਸਾਡੀ ਸਰਕਾਰ ਅਤੇ ਸਾਡੇ ਜਾਗਰੂਕ ਲੋਕਾਂ ਦੀਆਂ ਜਥੇਬੰਦੀਆਂ ਸੰਘਰਸ਼ਸ਼ੀਲ ਹਨ, ਉਸ ਸਾਰੇ ਮਕਸਦ ਦੀ ਸਫ਼ਲਤਾ ਵਿਚ ਵੀ ਅਜਿਹੀਆਂ ਮੁਟਿਆਰਾਂ ਸਹਿਯੋਗ ਦੀ ਬਜਾਏ ਅੜਿੱਕਾ ਬਣ ਰਹੀਆਂ ਹਨ
ਜੋ ਬਹੁਤ ਹੀ ਚਿੰਤਾਜਨਕ ਹੈ। ਇਸ ਦੇ ਨਾਲ ਹੀ ਜੋ ਸਾਡੀਆਂ ਖਿਡਾਰਨਾਂ ਖੇਡਾਂ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ, ਇਵੇਂ ਹੀ ਸਾਡੀਆਂ ਵਿਦਿਆਰਥਣਾਂ ਜੋ ਸੀ.ਬੀ.ਐਸ.ਈ., ਹੋਰ ਵਿਦਿਅਕ ਇਮਤਿਹਾਨਾਂ ਅਤੇ ਉੱਚ ਪੱਧਰੀ ਸਿਵਲ ਸੇਵਾਵਾਂ ਦੇ ਟੈਸਟਾਂ ਵਿਚੋਂ ਅਤੇ ਇੰਜੀਨੀਅਰਿੰਗ ਤੇ ਮੈਡੀਕਲ ਇਮਤਿਹਾਨਾਂ ਵਿਚੋਂ ਜ਼ਿਲ੍ਹਾ ਪੱਧਰ ਤੇ ਸੂਬਾ ਪੱਧਰ ਉੱਤੇ ਨਾਮਣਾ ਖਟਦੇ ਹੋਏ ਨਾਰੀ ਜਗਤ ਦੀ ਸ਼ਾਨ ਵਧਾ ਰਹੀਆਂ ਹਨ। ਉਥੇ ਇਹ ਨਸ਼ੇੜੀ ਮੁਟਿਆਰਾਂ ਇਨ੍ਹਾਂ ਹੋਣਹਾਰ ਲੜਕੀਆਂ ਵਲੋਂ ਬਣਾਏ ਇਸ ਮਾਣ ਸਨਮਾਨ ਉਪਰ ਵੀ ਕਾਲਖ਼ ਫੇਰ ਰਹੀਆਂ ਹਨ।
ਖ਼ੈਰ ਬੇਸ਼ਕ ਇਹ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹਿ ਗਈ ਕਿਉਂਕਿ ਉਨ੍ਹਾਂ ਨੂੰ ਕੁੱਝ ਭ੍ਰਿਸ਼ਟ ਪੁਲਿਸ ਅਫ਼ਸਰਾਂ ਵਲੋਂ ਭਟਕਾ ਕੇ ਇਸ ਦਲਦਲ ਵਿਚ ਫਸਾ ਦਿਤਾ ਗਿਆ ਹੈ ਕਿ ਉਹ ਅਪਣੇ ਭਵਿੱਖ ਦਾ ਉਦੇਸ਼ ਹੀ ਭੁੱਲ ਗਈਆਂ ਹਨ। ਅਜਿਹੀਆਂ ਭਟਕੀਆਂ ਹੋਈਆਂ ਮੁਟਿਆਰਾਂ ਨੂੰ ਇਹ ਸਾਡੀ ਸਰਕਾਰ, ਬੁਧੀਜੀਵੀ ਤੇ ਧਾਰਮਕ ਆਗੂਆਂ, ਮਨੋਵਿਗਿਆਨਕ ਮਾਹਰਾਂ, ਵਧੀਆ ਡਾਕਟਰੀ ਇਲਾਜ ਤੇ ਸਮਾਜ ਸੇਵੀ ਨਾਰੀ ਜਥੇਬੰਦੀਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਸਹੀ ਰਸਤੇ ਤੇ ਲਿਆਂਦਾ ਜਾ ਸਕਦਾ ਹੈ। ਹੁਣ ਸਾਡੀ ਸਰਕਾਰ ਵਲੋਂ ਇਸ ਨਸ਼ੇ ਦੇ ਖ਼ਾਤਮੇ ਲਈ ਬੇਸ਼ੱਕ ਅਜੇ ਵੱਡੇ ਤਾਂ ਨਹੀਂ ਪਰ ਛੋਟੇ ਨਸ਼ਾ ਤਸਕਰ ਫੜ ਕੇ ਅੰਦਰ ਕੀਤੇ ਜਾ ਰਹੇ ਹਨ।
ਇਸ ਨਾਲ ਹੀ ਇਨ੍ਹਾਂ ਦੀ ਪੁਸ਼ਤ-ਪਨਾਹੀ ਕਰਦੇ ਪੁਲਿਸ ਅਫ਼ਸਰਾਂ ਨੂੰ ਵੀ ਬਰਖ਼ਾਸਤ ਕਰ ਕੇ ਜੇਲ ਭੇਜਿਆ ਜਾ ਰਿਹਾ ਹੈ। ਇਵੇਂ ਹੀ ਨਸ਼ਾ ਗ੍ਰਸਤ ਨੌਜੁਆਨਾਂ ਨੂੰ ਵੀ ਨਸ਼ਾ ਕੇਂਦਰਾਂ ਵਿਚ ਦਾਖ਼ਲ ਕਰ ਕੇ ਨਸ਼ਾ ਛੁਡਾਇਆ ਜਾ ਰਿਹਾ ਹੈ। ਇਨ੍ਹਾਂ ਸੱਭ ਕੋਸ਼ਿਸ਼ਾਂ ਨਾਲ ਚੰਗੇ ਨਤੀਜੇ ਮਿਲਣ ਦੀ ਉਮੀਦ ਹੈ। ਇਹ ਵੀ ਅਪੀਲ ਹੈ ਕਿ ਜੋ ਨਸ਼ਾ ਪੀੜਤ ਨੌਜੁਆਨ ਨਸ਼ੇ ਤੋਂ ਮੁਕਤ ਹੋ ਜਾਣ, ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਐਲਾਨ ਵੀ ਸਰਕਾਰ ਕਰੇ ਤੇ ਜੋ ਸਮਾਜ ਸੇਵੀ ਲੋਕ ਸਰਕਾਰ ਨੂੰ ਸਹਿਯੋਗ ਦੇ ਰਹੇ ਹਨ, ਉਨ੍ਹਾਂ ਨੂੰ ਵੀ ਬਾਅਦ ਵਿਚ ਸਨਮਾਨਤ ਕੀਤਾ ਜਾਵੇ ਤਾਕਿ ਨੌਜੁਆਨਾਂ ਦਾ ਹੌਸਲਾ ਵਧੇ ਤੇ ਆਮ ਲੋਕਾਂ ਵਿਚ ਵੀ ਇਸ ਪ੍ਰਤੀ ਸਹਿਯੋਗ ਲਈ ਪ੍ਰੇਰਣਾ ਮਿਲੇ।
ਸਾਡੇ ਧਾਰਮਕ ਤੇ ਬੁਧੀਜੀਵੀ ਵਿਦਵਾਨ ਵੀ ਇਹ ਪ੍ਰਚਾਰ ਕਰਨ ਕਿ ਸਿੱਖ ਇਤਿਹਾਸ ਦੀ ਮਹਾਨ ਸੂਰਬੀਰ ਨਾਰੀ ਮਾਈ ਭਾਗੋ ਦੀਆਂ ਬੇਟੀਆਂ ਤੇ ਕਲਪਨਾ ਚਾਵਲਾ ਦੀਆਂ ਭੈਣਾਂ ਸਾਡੀਆਂ ਨੌਜੁਆਨ ਮੁਟਿਆਰਾਂ ਨੂੰ ਅਪਣੇ ਗੌਰਵਮਈ ਵਿਰਸੇ ਨੂੰ ਪਹਿਚਾਣਦੇ ਹੋਏ ਖ਼ੁਦ ਵੀ ਸੰਭਾਲਣ ਦੀ ਹਿੰਮਤ ਕਰਨੀ ਚਾਹੀਦੀ ਹੈ। ਇਹ ਵੀ ਦਸਿਆ ਜਾਵੇ ਕਿ ਸਾਡੀਆਂ ਧੀਆਂ ਅਤੇ ਭੈਣਾਂ ਅਪਣੇ ਅਣਖਾਂ ਭਰੇ ਇਤਿਹਾਸ ਨੂੰ ਯਾਦ ਕਰਨ ਕਿ ਕਿਵੇਂ ਉਦੋਂ ਸ਼ੇਰਨੀ ਰੂਪੀ ਸਰਦਾਰਨੀ ਸਾਹਿਬ ਕੌਰ ਨੇ ਅਪਣੇ ਤਾਕਤਵਰ ਦੁਸ਼ਮਣ ਨੂੰ ਵੰਗਾਰਦੇ ਹੋਏ ਇਹ ਅਣਖੀ ਬੋਲ ਕਹਿ ਸਨ, ਜੋ ਅੱਜ ਵੀ ਸਾਡੇ ਇਤਿਹਾਸ ਵਿਚ ਦਰਜ ਹਨ ਜਿਵੇ :-
''ਲਿਖਿਆ ਸਾਹਿਬ ਕੌਰ ਨੇ ਅੰਟਾ ਰਾਓ ਤਾਣੀ,
ਮੈਂ ਨਾਗਣ ਡੰਗਾਂ ਜਿਸ ਨੂੰ ਨਹੀਂ ਮੰਗਦਾ ਪਾਣੀਂ।
ਮੈਂ ਸ਼ੀਹਣੀ ਪੰਜ ਦਰਿਆ ਦੀ ਮੈਨੂੰ ਕੱਲੀ ਨਾ ਜਾਣੀ,
ਮੈਂ ਕਰ ਕਰ ਸੁੱਟਾਂ ਡੱਕਰੇ ਤੇਰੀ ਸੱਭ ਢਾਣੀਂ।''
ਸੋ ਸਾਡੀਆਂ ਮੁਟਿਆਰਾਂ ਇਹ ਸਮਝ ਲੈਣ ਕਿ ਨਸ਼ਾ ਸਾਡਾ ਦੁਸ਼ਮਣ ਹੈ, ਜੋ ਸਾਥੋਂ ਸੱਭ ਕੁੱਝ ਖੋਹ ਲੈਂਦਾ ਹੈ, ਲੁੱਟ ਲੈਂਦਾ ਹੈ- ਸਾਡਾ ਹੁਸਨ ਜਵਾਨੀ, ਸਾਡਾ ਇਖ਼ਲਾਕ, ਸਾਡੀ ਇੱਜ਼ਤ, ਸਾਡੀ ਸ਼ੋਹਰਤ ਅਤੇ ਸਾਡਾ ਤਨ, ਮਨ ਤੇ ਧਨ ਕਿਉਂਕਿ ਇਕ ਨਸ਼ਈ ਦਾ ਤਨ ਤੇ ਮਨ ਬੇਗਾਨੇ ਵਸ ਹੋ ਜਾਂਦਾ ਹੈ। ਧਨ ਤਾਂ ਖ਼ੈਰ ਰਹਿੰਦਾ ਹੀ ਨਹੀਂ। ਇਹ ਮੁਟਿਆਰਾਂ ਇਹ ਵੀ ਯਾਦ ਰੱਖਣ ਕਿ ਮਨੁੱਖੀ ਜੀਵਨ ਦੀ ਗੱਡੀ ਦੇ ਦੋ ਪਹੀਏ ਹਨ। ਮਰਦ ਤੇ ਔਰਤ ਦੇ ਇਸ ਜੀਵਨ ਨੂੰ ਚਲਦਾ ਰੱਖਣ ਲਈ ਦੋਹਾਂ ਪਹੀਆਂ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਫਿਰ ਜੇ ਇਕ ਪਹੀਆ ਵੀ ਟੁੱਟ-ਫੁੱਟ ਗਿਆ ਤਾਂ ਇਹ ਮਨੁੱਖੀ ਜੀਵਨ ਦੀ ਹੋਂਦ ਹੀ ਖ਼ਤਰੇ ਵਿਚ ਪੈ ਸਕਦੀ ਹੈ।
ਸੋ ਜੇ ਇਸ ਨਸ਼ੇ ਨੂੰ ਅਪਣਾ ਦੁਸ਼ਮਣ ਸਮਝ ਕੇ ਨੌਜੁਆਨ ਲੜਕੀਆਂ ਤੇ ਨਾਲ ਹੀ ਲੜਕੇ ਵੀ ਇਸ ਦੁਸ਼ਮਣ ਨੂੰ ਵੰਗਾਰਣ ਕਿ ''ਹੇ ਦੁਸ਼ਮਣ ਨਸ਼ੇ, ਤੂੰ ਅਤੇ ਤੇਰੇ ਸੌਦਾਗਰ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਅਸੀ ਤੈਨੂੰ ਸਾਡੇ ਉੱਤੇ ਕਦੇ ਵੀ ਜੇਤੂ ਨਹੀਂ ਹੋਣ ਦਿਆਂਗੇ'' ਤਾਂ ਇਸ ਹਿੰਮਤ, ਦਲੇਰੀ ਨਾਲ ਤੇ ਜਨਤਾ ਅਤੇ ਸਰਕਾਰ ਦੇ ਆਪਸੀ ਸਹਿਯੋਗ ਨਾਲ ਇਸ ਨਸ਼ੇ ਦੀ ਜੜ੍ਹ ਪੁੱਟੀ ਜਾ ਸਕਦੀ ਹੈ। ਇਸ ਵਿਚ ਸਾਡੀ 'ਜਗਤ ਜਨਨੀ' ਨਾਰੀ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਸੰਪਰਕ : 99155-21037