
ਜਦੋਂ ਵੀ ਅਸੀ ਕਿਤੇ ਬਾਹਰ ਲੰਮੀ ਯਾਤਰਾ ਉਤੇ ਜਾਂਦੇ ਹਾਂ ਤਾਂ ਰਸਤੇ ਵਿਚ ਸਾਡੀ ਢੋਆ-ਢੁਆਈ ਦੀ ਰੀੜ੍ਹ ਦੀ ਹੱਡੀ ਬਣੇ ਟਰੱਕ ਵੱਡੀ ਗਿਣਤੀ ਵਿਚ ਮਿਲਦੇ ਹਨ.............
ਜਦੋਂ ਵੀ ਅਸੀ ਕਿਤੇ ਬਾਹਰ ਲੰਮੀ ਯਾਤਰਾ ਉਤੇ ਜਾਂਦੇ ਹਾਂ ਤਾਂ ਰਸਤੇ ਵਿਚ ਸਾਡੀ ਢੋਆ-ਢੁਆਈ ਦੀ ਰੀੜ੍ਹ ਦੀ ਹੱਡੀ ਬਣੇ ਟਰੱਕ ਵੱਡੀ ਗਿਣਤੀ ਵਿਚ ਮਿਲਦੇ ਹਨ ਤੇ ਉਨ੍ਹਾਂ ਦੇ ਡਰਾਈਵਰਾਂ ਦਾ ਜੀਵਨ ਵੀ ਮੁਸ਼ਕਲਾਂ ਭਰਿਆ ਹੁੰਦਾ ਹੈ। ਕਈ ਤਾਂ ਲੰਮੇ ਰੂਟਾਂ ਉਤੇ ਚਲਣ ਕਾਰਨ, ਕਈ-ਕਈ ਦਿਨ ਘਰਾਂ ਤੋਂ ਦੂਰ ਰਹਿੰਦੇ ਹਨ, ਇਸ ਲਈ ਉਨ੍ਹਾਂ ਦੇ ਸ਼ੌਕ ਵੀ ਬੜੇ ਦਿਲਚਸਪ ਹੀ ਹੁੰਦੇ ਹਨ। ਇਨ੍ਹਾਂ ਡਰਾਈਵਰ ਵੀਰਾਂ ਦਾ ਇਕ ਸ਼ੌਕ ਅਪਣੇ ਟਰੱਕਾਂ ਪਿਛੇ ਕੋਈ ਚੋਣਵਾਂ ਪੰਜਾਬੀ ਟੋਟਕਾ ਲਿਖਵਾਉਣਾ ਵੀ ਹੁੰਦਾ ਹੈ। ਬਹੁਤ ਸਾਰੇ ਟਰੱਕਾਂ ਦੇ ਪਿਛੇ ਲਿਖੇ ਇਹ ਪੰਜਾਬੀ ਟੋਟਕੇ, ਹਰ ਕਿਸੇ ਪੜ੍ਹਨ ਵਾਲੇ ਦੇ ਮਨ ਨੂੰ ਅਜੀਬ ਜਿਹੀ ਖ਼ੁਸ਼ੀ ਦੇਂਦੇ ਹਨ।
ਇਹ ਸੱਭ ਟੋਟਕੇ ਲਿਖਵਾਉਣ ਵਾਲੇ ਦੇ ਮਨ ਦੇ ਵਿਚਾਰਾਂ ਨੂੰ ਵੀ ਪ੍ਰਗਟ ਕਰਦੇ ਹਨ ਅਤੇ ਇਹ ਹੁੰਦੇ ਵੀ ਹਨ ਹਰ ਇਕ ਦੀ ਵਿਅਕਤੀਗਤ ਸੋਚ ਅਨੁਸਾਰ। ਕਈ ਟੋਟਕੇ ਤਾਂ ਏਨੇ ਪਿਆਰੇ ਅਤੇ ਦਿਲ-ਲੁਭਾਊੁ ਹੁੰਦੇ ਹਨ ਕਿ ਟਰੱਕ ਦੇ ਪਿਛੇ ਆਉਣ ਵਾਲਾ, ਜਦੋਂ ਪੜ੍ਹਦਾ ਹੈ ਤਾਂ ਅਨੰਦਤ ਹੋ ਜਾਂਦਾ ਹੈ। ਕਈ ਟੋਟਕੇ ਤਾਂ ਸਮੇਂ ਅਤੇ ਸਮਾਜਿਕ ਕੁਰੀਤੀਆਂ ਬਾਰੇ ਬਹੁਤ ਹੀ ਢੁਕਵੇਂ ਹੁੰਦੇ ਹਨ। ਲੇਖਕ ਨੂੰ ਵੀ ਇਹ ਟੋਟਕੇ ਬੜੇ ਪਿਆਰੇ ਅਤੇ ਭੇਦ ਭਰੇ ਲਗਦੇ ਹਨ, ਇਸ ਲਈ ਇਸ ਲੇਖ ਰਾਹੀਂ ਅਪਣੇ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ, ਜਿਵੇਂ ਇਕ ਦੁੱਧ ਦੇ ਟੈਂਕਰ ਨੂੰ ਰਾਹ ਨਾ ਮਿਲਣ ਦੀ ਹਾਲਤ ਵਿਚ ਇਹ ਟੋਟਕਾ ਬਹੁਤ ਹੀ ਢੁਕਦਾ ਸੀ
ਅਤੇ ਇਕ ਦੁੱਧ ਦੇ ਟੈਂਕਰ ਪਿਛੇ ਲਿਖਿਆ ਸੀ, ''ਛੇਤੀ ਰਾਹ ਦੇਦੇ ਵੀਰਨਾ, ਮੇਰੇ ਦੁੱਧ ਦਾ ਦਹੀ ਨਾ ਬਣ ਜਾਵੇ।'' ਇਸੇ ਤਰ੍ਹਾਂ ਇਕ ਛੋਟਾ ਹਾਥੀ ਟੈਂਪੂ ਵਾਲੇ ਨੇ ਲਿਖਵਾ ਰਖਿਆ ਸੀ, ''ਛੋਟਾ ਹਾਂ ਪਰ ਹਾਥੀ ਹਾਂ।'' ਸੜਕ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਅਤੇ ਕਿਸੇ ਵੀ ਦੁਰਘਟਨਾ ਤੋਂ ਬਚਣ ਲਈ ਬੜੇ ਪਿਆਰੇ-ਪਿਆਰੇ ਟੋਟਕੇ ਲਿਖੇ ਮਿਲਦੇ ਹਨ। ਇਕ ਬਹੁਤ ਹੀ ਨਵਾਂ ਟਰੱਕ ਜਦ ਸੜਕ ਉਤੇ ਆਇਆ ਤਾਂ ਉਸ ਪਿਛੇ ਲਿਖਿਆ ਸੀ, ''ਮੈਂ ਨਵੀਂ-ਨਵੀਂ ਸੋਹਣੀ ਆਂ, ਫ਼ਾਸਲਾ ਰੱਖ-ਟੱਚ ਨਾ ਕਰੀਂ।''ਜੇ ਦੂਜੀਆਂ ਗੱਡੀਆਂ ਨੂੰ ਓਵਰਟੇਕ ਕਰਨਾ ਹੋਵੇ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਇੰਡੀਕੇਟਰ ਜਾਂ ਹੱਥ ਦਾ ਇਸ਼ਾਰਾ ਜ਼ਰੂਰ ਦਿਤਾ ਜਾਵੇ।
ਅਜਿਹੀ ਹਾਲਤ ਨੂੰ ਸੰਬੋਧਨ ਕਰਨ ਲਈ ਕਿਸੇ ਨੇ ਕਿੰਨਾ ਸੋਹਣਾ ਲਿਖਿਆ ਸੀ, ''ਬਾਂਹ ਕੱਢ ਕੇ ਰਾਹ ਪਿਆ ਮੰਗਾਂ, ਥੋੜਾ ਰੁਕ ਜਾਈਂ ਵੀਰਿਆ।'' ਇਕ ਧਾਰਮਕ ਪ੍ਰਵਿਰਤੀ ਦੇ ਡਰਾਈਵਰ ਨੇ ਟਰੱਕ ਪਿੱਛੇ ਲਿਖਿਆ ਸੀ, ''ਰੱਬਾ ਸੱਭ ਦਾ ਭਲਾ ਕਰੀਂ, ਪਰ ਸ਼ੁਰੂ ਮੈਥੋਂ ਕਰੀਂ।'' ਛੋਟੇ ਟੈਂਪੂਆਂ ਵਾਲੇ ਵੀ ਅਪਣੇ ਮਨ ਦੀ ਖ਼ੁਸ਼ੀ ਲਈ ਕੋਈ ਨਾ ਕੋਈ ਪੰਜਾਬੀ ਟੋਟਕਾ ਲੱਭ ਹੀ ਲੈਂਦੇ ਹਨ ਜਿਵੇਂ ਇਕ ਟੈਂਪੂ ਵਾਲੇ ਨੇ ਪਿਛੇ ਲਿਖਵਾਇਆ ਹੋਇਆ ਸੀ, ''ਵੱਡਾ ਹੋ ਕੇ, ਮੈਂ ਵੀ ਟਰੱਕ ਬਣਾਂਗਾਂ।''ਕਈ ਟਰੱਕਾਂ ਉਤੇ ਤਾਂ ਇਹ ਟੋਟਕੇ ਵੇਖਣ ਨੂੰ ਬਹੁਤ ਹੀ ਮਿਲਦੇ ਹਨ ਜਿਵੇਂ, ''ਹੱਥ ਨਾ ਲਾ, ਵੇਖੀ ਜਾ।'' ਜਾਂ ''ਦੇਖੀ ਜਾ ਛੇੜੀ ਨਾ।'' ਜਾਂ ''ਬੁਰੀ ਨਜ਼ਰ ਵਾਲੇ, ਤੇਰਾ ਮੂੰਹ ਕਾਲਾ।''
ਕਈ ਡਰਾਈਵਰ ਵੀਰ ਅਪਣੀ ਗੱਡੀ ਉਤੇ ਮਾਣ ਕਰਦੇ ਹੋਏ ਦੂਜਿਆਂ ਨੂੰ ਵੀ ਤਰੱਕੀ ਕਰਨ ਦੀ ਪ੍ਰੇਰਣਾ ਦੇਂਦੇ ਹਨ ਤੇ ਲਿਖਵਾਉਂਦੇ ਹਨ, ''ਸੜ ਨਾ, ਰੀਸ ਕਰ।''
ਕਈ ਡਰਾਈਵਰ ਅਪਣੀਆਂ ਗੱਡੀਆਂ ਵਿਚ ਸਫ਼ਾਈ ਦਾ ਬਹੁਤ ਧਿਆਨ ਰਖਦੇ ਹੋਏ ਪਿੱਛੇ ਵੀ ਲਿਖਵਾ ਲੈਂਦੇ ਹਨ, ''22 ਜੀ ਜੁੱਤੀ ਝਾੜ ਕੇ।'' ਕਈ ਦੂਜੇ ਚੱਲਣ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਤੇ ਅਪਣੀ ਖਿੜਕੀ ਪਾਸ ਲਿਖਵਾ ਵੀ ਲੈਂਦੇ ਹਨ, ''ਵਾਹਿਗੁਰੂ ਬੋਲ, ਤਾਕੀ ਖੋਲ੍ਹ।''ਜਿਹੜੇ ਡਰਾਈਵਰ ਲੰਮੇ ਸਮੇਂ ਬਾਅਦ ਘਰ ਜਾਂਦੇ ਹਨ, ਪਿਛੇ ਪ੍ਰਵਾਰਾਂ ਵਿਚ ਉਨ੍ਹਾਂ ਦੀਆਂ ਘਰਵਾਲੀਆਂ ਅਪਣੇ ਪ੍ਰਦੇਸੀ ਢੋਲ ਦੀ ਉਡੀਕ ਵਿਚ ਰਹਿੰਦੀਆਂ ਹਨ
ਤਾਂ ਹੀ ਟਰੱਕਾਂ ਪਿਛੇ ਲਿਖਿਆ ਹੁੰਦਾ ਏ,''ਰੋਜ਼ ਰਾਹ ਤਕਦੀਆਂ ਨੇ, ਜਿਨ੍ਹਾਂ ਦੇ ਢੋਲ ਪ੍ਰਦੇਸੀ।''ਕਈ ਟਰੱਕਾਂ ਉਤੇ ਤਾਂ ਸਮਾਜਕ ਨਾਹਰੇ ਵੀ ਬਹੁਤ ਹੀ ਵਧੀਆ ਢੰਗ ਨਾਲ ਲਿਖਵਾਏ ਹੁੰਦੇ ਹਨ ਜੋ ਬਾਕੀਆਂ ਲਈ ਵੀ ਪ੍ਰੇਰਣਾ ਸਰੋਤ ਬਣਦੇ ਹਨ, ''ਪਾਪਾ ਜੀ ਨਾ ਪੀਉ ਸ਼ਰਾਬ, ਮੈਨੂੰ ਲੈ ਦਿਉ ਇਕ ਕਿਤਾਬ।'' ਜਾਂ ''ਨਸ਼ਿਆਂ ਨਾਲ ਯਾਰੀ, ਮੌਤ ਦੀ ਤਿਆਰੀ।''ਇਸ ਤਰ੍ਹਾਂ ਨਸ਼ਿਆਂ ਤੋਂ ਬਚਣ ਲਈ ਅਪਣੇ ਦੂਜੇ ਸਾਥੀ ਡਰਾਈਵਰਾਂ ਲਈ ਸਿਖਿਆ ਦਾ ਸਾਧਨ ਬਣਦਾ ਹੈ, ਟਰੱਕ ਪਿਛੇ ਲਿਖਵਾਇਆ ਇਹ ਟੋਟਕਾ, ''ਰੱਬ ਕਿਸੇ ਦਾ ਵੈਰੀ ਨਹੀਂ, ਵੈਰੀ ਤੇਰੇ ਐਬ ਬੰਦਿਆ।''
ਇਸੇ ਤਰ੍ਹਾਂ ਲੰਬੇ ਰੂਟਾਂ ਉਤੇ ਚਲਦਿਆਂ, ਸਪੀਡ ਨੂੰ ਕਾਬੂ ਵਿਚ ਰਖਣਾ ਬਹੁਤ ਜ਼ਰੂਰੀ ਹੁੰਦਾ ਹੈ, ਸਪੀਡ ਉਤੇ ਕਾਬੂ ਪਾਉਣ ਲਈ ਯਾਦ ਕਰਵਾਉਂਦੇ ਟੋਟਕੇ ਹਨ, ''ਤੇਜ਼ ਰਫ਼ਤਾਰੀ, ਮੌਤ ਦੀ ਤਿਆਰੀ।'' ਜਾਂ ''ਕਾਹਲੀ ਨਾਲੋਂ ਦੇਰ ਭਲੀ।'' ਡਰਾਈਵਰੀ ਸਮੇਂ ਡਰਾਈਵਰਾਂ ਦਾ ਚੁਕੰਨਾ ਹੋਣਾ ਬਹੁਤ ਜ਼ਰੂਰੀ ਹੈ, ਹਰ ਸਮੇਂ ਨਿਗਾਹ ਸੜਕ ਉਤੇ ਰਖਣੀ ਪੈਂਦੀ ਹੈ, ਅੱਗੇ ਵੀ ਵੇਖਣਾ, ਸ਼ੀਸ਼ਿਆਂ ਰਾਹੀਂ ਖੱਬੇ-ਸੱਜੇ ਤੇ ਪਿਛੇ ਵੀ ਵੇਖਣਾ ਹੁੰਦਾ ਹੈ ਤਾਂ ਹੀ ਟਰੱਕ ਪਿੱਛੇ ਲਿਖਵਾਇਆ ਹੁੰਦਾ ਹੈ, ''ਨਜ਼ਰ ਹਟੀ, ਦੁਰਘਟਨਾ ਘਟੀ।''
ਭਾਵੇਂ ਬੁਰੀ ਨਜ਼ਰ ਵਾਲੀ ਗੱਲ ਵਹਿਮ ਹੀ ਹੋਵੇ ਪਰ ਡਰਈਵਰ ਅਪਣੀਆਂ ਨਵੀਆਂ ਸੋਹਣੀਆਂ ਗੱਡੀਆਂ ਨੂੰ ਭੈੜੀਆਂ ਨਜ਼ਰਾਂ ਤੋਂ ਬਚਾਉਣ ਲਈ ਕਦੇ ਨਜ਼ਰ ਬੱਟੂ ਤੇ ਕਦੇ ਟੁੱਟਿਆ ਛਿੱਤਰ ਟੰਗ ਲੈਂਦੇ ਹਨ। ਪਰ ਕਈਆਂ ਨੇ ਤਾਂ ਪਿਛੇ ਲਿਖਵਾ ਰੱਖਿਆ ਹੁੰਦਾ ਹੈ, ''9 ਕੇ ਫੁੱਲ, 13 ਕੀ ਮਾਲਾ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ।''
ਪੰਜਾਬੀ ਟੋਟਕੇ ਲਿਖਵਾਉਣ ਵਾਲੇ ਡਰਾਈਵਰਾਂ ਦੇ ਇਹ ਸ਼ੌਕ ਵੇਖ ਹੁਣ ਤਾਂ
ਪਿੰਡਾਂ ਵਿਚ ਕਿਸਾਨ ਵੀਰ ਅਪਣੀਆਂ ਟਰੈਕਟਰ-ਟਰਾਲੀਆਂ ਪਿਛੇ ਵੀ ਲਿਖਵਾਉਣ ਲੱਗੇ ਹਨ, ਜਿਵੇਂ ਇਕ ਟਰਾਲੀ ਦੇ ਪਿਛੇ ਲਿਖਿਆ ਸੀ, ''ਮੈਨੂੰ ਖਿੱਚ ਲੈ ਵੈਰੀਆ।''ਕੁੱਝ ਵੀ ਹੋਵੇ, ਜਿਥੇ ਇਹ ਟੋਟਕੇ ਕਈ ਨਵੀਂ ਸੇਧ ਦੇਂਦੇ ਹਨ, ਪੜ੍ਹਨ ਵਾਲਿਆਂ ਦਾ ਮਨੋਰੰਜਨ ਕਰਦੇ ਹਨ, ਉਥੇ ਅਪਣੀ ਮਾਂ-ਬੋਲੀ ਪੰਜਾਬੀ ਦਾ ਸਤਿਕਾਰ ਵੀ ਕਰਦੇ ਹਨ। ਚੰਗੀ ਸੋਚ ਲਈ ਸੱਭ ਡਰਾਈਵਰਾਂ ਦਾ ਧੰਨਵਾਦ।
ਸੰਪਰਕ : 98764-52223