ਫਿਰ ਤਾਜ਼ਾ ਹੋਈ ਨਨਕਾਣਾ ਸਾਹਿਬ ਸਾਕੇ ਦੀ ਯਾਦ
Published : Nov 7, 2020, 8:20 am IST
Updated : Nov 7, 2020, 8:37 am IST
SHARE ARTICLE
Nankana Sahib
Nankana Sahib

1925 ਵਿਚ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਐਕਟ ਬਣਿਆ ਤੇ 1926 ਵਿਚ ਸ਼੍ਰੋਮਣੀ ਕਮੇਟੀ ਦੀ ਪਹਿਲੀ ਚੋਣ ਹੋਈ।

ਨਰੈਣੂ ਮਹੰਤ ਤੇ ਉਸ ਦੇ ਚੇਲਿਆਂ ਨੇ ਸ. ਲਛਮਣ ਸਿੰਘ ਧਾਰੋਵਾਲੀ ਸਮੇਤ ਉਸ ਦੇ ਜਥੇ ਵਿਚੋਂ ਕੁੱਝ ਨੂੰ ਜੰਡ ਨਾਲ ਬੰਨ੍ਹ ਕੇ ਤੇ ਕੁੱਝ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ ਦਿਤਾ। ਇਸ ਕੁਰਬਾਨੀ ਨੇ ਗੁਰਦਵਾਰਿਆਂ ਨੂੰ ਆਜ਼ਾਦ ਕਰਵਾਉਣ ਦਾ ਰਾਹ ਪੱਧਰਾ ਕਰ ਦਿਤਾ ਸੀ। ਗੁਰਦਵਾਰਿਆਂ ਦਾ ਪ੍ਰਬੰਧ ਠੀਕ ਤਰੀਕੇ ਨਾਲ ਚਲਾਉਣ ਤੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ 15 ਨਵੰਬਰ 1920 ਨੂੰ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ।

1925 ਵਿਚ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਐਕਟ ਬਣਿਆ ਤੇ 1926 ਵਿਚ ਸ਼੍ਰੋਮਣੀ ਕਮੇਟੀ ਦੀ ਪਹਿਲੀ ਚੋਣ ਹੋਈ। ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨ ਲਈ ਅੰਮ੍ਰਿਤਧਾਰੀ ਹੋਣ ਤੋਂ ਇਲਾਵਾ ਕੁੱਝ ਹੋਰ ਸ਼ਰਤਾਂ ਵੀ ਰੱਖੀਆਂ ਗਈਆਂ ਸਨ ਜਿਵੇਂ ਕਿ ਉਹ ਦਾੜ੍ਹੀ ਨਾ ਰੰਗਦਾ ਹੋਵੇ, ਦਾੜ੍ਹੀ ਨਾ ਬੰਨ੍ਹਦਾ ਹੋਵੇ ਆਦਿ-ਆਦਿ।

SGPCSGPC

ਆਜ਼ਾਦੀ ਤੋਂ ਪਹਿਲਾਂ ਤਕ ਇਹ ਕੰਮ ਠੀਕ-ਠਾਕ ਚਲਿਆ। ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਲਈ ਸ. ਪ੍ਰਤਾਪ ਸਿੰਘ ਕੈਰੋਂ ਨੇ ਇਕ ਸਾਧ ਸੰਗਤ ਨਾਮ ਦਾ ਬੋਰਡ ਵੀ ਬਣਾਇਆ ਪਰ ਉਹ ਚੋਣ ਵਿਚ ਕਾਮਯਾਬ ਨਾ ਹੋਇਆ। ਇਸ ਤੋਂ ਬਾਅਦ ਕਮੇਟੀ ਵਿਚ ਸਿਆਸਤ ਅਪਣੇ ਰੰਗ ਜ਼ਰੂਰ ਵਿਖਾਉਣ ਲੱਗ ਪਈ। ਜਿਉਂ ਹੀ ਸ. ਗੁਰਚਰਨ ਸਿੰਘ ਟੌਹੜਾ ਕਮੇਟੀ ਦੇ ਪ੍ਰਧਾਨ ਬਣੇ ਤਾਂ ਕਮੇਟੀ ਸਿਆਸਤ ਵਿਚ ਪੂਰੀ ਤਰ੍ਹਾਂ ਰੰਗ ਚੁਕੀ ਸੀ।

ਟੌਹੜਾ ਲੰਮਾ ਸਮਾਂ ਕਮੇਟੀ ਦੇ ਪ੍ਰਧਾਨ ਰਹੇ। ਸ਼ਾਇਦ ਇਹ ਪਹਿਲੀ ਵਾਰ ਹੋਇਆ ਕਿ 1977 ਦੀਆਂ ਲੋਕ ਸਭਾ ਚੋਣਾਂ ਵਿਚ ਕਮੇਟੀ ਦਾ ਪ੍ਰਧਾਨ ਲੋਕ ਸਭਾ ਦਾ ਮੈਂਬਰ ਵੀ ਬਣ ਗਿਆ। ਹੁਣ ਸਿਆਸਤ ਭਾਰੂ ਹੁੰਦੀ ਗਈ ਤੇ ਧਰਮ ਸਿਆਸਤ ਦੇ ਅਧੀਨ ਹੋ ਗਿਆ ਜਿਸ ਕਾਰਨ ਕਮੇਟੀ ਵਿਚ ਨਿਘਾਰ ਆਉਣਾ ਲਾਜ਼ਮੀ ਸੀ। 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ।

Partap Singh Kairon Partap Singh Kairon

ਉਸ ਤੋਂ ਬਾਅਦ ਦਿੱਲੀ ਵਿਚ ਨਰਸੰਘਾਰ ਹੋ ਗਿਆ ਜਿਸ ਕਾਰਨ ਪੰਜਾਬ ਕਈ ਸਾਲ ਖਾੜਕੂਵਾਦ ਦੀ ਮਾਰ ਹੇਠ ਆ ਗਿਆ। 1985 ਵਿਚ ਵਿਧਾਨ ਸਭਾ ਚੋਣਾਂ ਹੋਈਆਂ, ਉਸ ਵਿਚ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ। ਸੁਰਜੀਤ ਸਿੰਘ ਬਰਨਾਲਾ ਦੀ ਟੌਹੜਾ ਸਾਹਬ ਨਾਲ ਵਿਗੜ ਗਈ। ਉਸ ਨੇ ਚੁੱਕ ਕੇ ਕਾਬਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿਤਾ। ਸੁਰਜੀਤ ਸਿੰਘ ਬਰਨਾਲਾ ਉਦੋਂ ਅਕਾਲੀ ਪਾਰਟੀ ਦਾ ਪ੍ਰਧਾਨ ਸੀ।

ਉਸ ਤੋਂ ਬਾਅਦ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਵਿਚੋਂ ਨਿਕਲਣ ਲੱਗ ਪਿਆ। ਜਿਸ ਕਿਸੇ ਨੂੰ ਅਕਾਲੀ ਪਾਰਟੀ ਦੇ ਪ੍ਰਧਾਨ ਨੇ ਚਾਹਿਆ, ਉਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ, ਭਾਵੇਂ ਉਹ ਟੌਹੜਾ ਸੀ ਜਾਂ ਕੋਈ ਹੋਰ। ਇਸ ਤੋਂ ਬਾਅਦ ਜਦੋਂ ਦੀ ਅਕਾਲੀ ਦਲ ਦੀ ਪ੍ਰਧਾਨਗੀ ਬਾਦਲ ਪ੍ਰਵਾਰ ਕੋਲ ਆਈ ਹੈ, ਉਦੋਂ ਦਾ ਕਮੇਟੀ ਦਾ ਪ੍ਰਧਾਨ ਉਹੀ ਬਣਿਆ ਜਿਸ ਨੂੰ ਉਹ ਚਾਹੁੰਦੇ ਨੇ। ਜਦੋਂ ਟੌਹੜਾ ਸਾਹਿਬ ਜਿਸ ਨੂੰ ਬਾਦਲ ਪ੍ਰਵਾਰ ਨੇ ਚਾਹਿਆ, ਨੇ ਚੂੰ ਚਾਂ ਕੀਤੀ ਤਾਂ ਉਸ ਨੂੰ ਕਮੇਟੀ ਦੀ ਪ੍ਰਧਾਨਗੀ ਤੋਂ ਬਾਹਰ ਦਾ ਰਸਤਾ ਵਿਖਾ ਦਿਤਾ।

Sukhbir Badal And Parkash BadalSukhbir Badal And Parkash Badal

1997 ਤੋਂ ਬਾਅਦ ਬਾਦਲ ਪ੍ਰਵਾਰ ਪੂਰੀ ਤਰ੍ਹਾਂ ਅਕਾਲੀ ਦਲ ਉਤੇ ਭਾਰੂ ਹੋ ਚੁਕਾ ਸੀ। ਅਖ਼ੀਰ ਟੌਹੜਾ ਵੀ ਬਾਦਲ ਦੀ ਅਧੀਨਗੀ ਕਬੂਲਣ ਲਈ ਮਜਬੂਰ ਹੋ ਗਿਆ ਤੇ ਦੁਬਾਰਾ ਕਮੇਟੀ ਦਾ ਪ੍ਰਧਾਨ ਬਣ ਗਿਆ। ਬਹੁਤੇ ਅਕਾਲੀ ਲੀਡਰ ਭਾਵੇਂ ਉਹ ਤਲਵੰਡੀ, ਸੁਖਜਿੰਦਰ ਸਿੰਘ, ਮੇਜਰ ਸਿੰਘ ਉਬੋਕੇ ਜਾਂ ਹੋਰ ਸਨ, ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਗਿਆ। ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਤੇ ਪੂਰਾ ਕਬਜ਼ਾ ਬਾਦਲ ਪ੍ਰਵਾਰ ਦਾ ਹੈ। ਜੋ ਉਹ ਚਾਹੇ ਉਹੀ ਹੁੰਦਾ ਹੈ। ਜਿਥੇ ਸਿਆਸਤ ਹੋਵੇਗੀ ਉਥੇ ਭ੍ਰਿਸ਼ਟਾਚਾਰ, ਫ਼ਰੇਬ, ਚੋਰੀ, ਭਾਈ ਭਤੀਜਾਵਾਦ ਆਦਿ ਜ਼ਰੂਰ ਹੋਵੇਗਾ। ਹੁਣ ਇਹੋ ਕੁੱਝ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਹੋ ਰਿਹਾ ਹੈ।

ਕਮੇਟੀ ਵਿਚ ਨਿੱਤ ਨਵੇਂ ਘੁਟਾਲੇ ਹੋ ਰਹੇ ਹਨ। ਕਦੇ ਕੜਾਹ ਦੀ ਪਰਚੀ ਦਾ ਘਪਲਾ, ਸਿਰੋਪਾਉ ਦਾ ਘਪਲਾ, ਕਣਕ ਦਾ ਘਪਲਾ, ਅਨੰਦਪੁਰ ਸਾਹਿਬ ਦੀ ਕੋਠੀ ਖ਼ਰੀਦਣ ਦਾ ਘਪਲਾ ਤੇ ਹੁਣੇ-ਹੁਣੇ ਅਨੰਦਪੁਰ ਸਾਹਿਬ ਸਬਜ਼ੀ ਖ਼ਰੀਦਣ ਦਾ ਘਪਲਾ ਹੋਇਆ ਜੋ ਕਈ ਲੱਖਾਂ ਦਾ ਹੈ। ਗੱਲ ਕਾਹਦੀ ਕਿ ਕਮੇਟੀ ਵਿਚ ਘਪਲਿਆਂ ਦੀ ਭਰਮਾਰ ਹੈ। ਜਦੋਂ ਵੀ ਕਿਤੇ ਕੋਈ ਨਵੀਂ ਕਮੇਟੀ ਆਈ ਤਾਂ ਉਸ ਵੇਲੇ ਪੁਰਾਣੇ ਘਪਲਿਆਂ ਦੀ ਇਕ ਵੱਡੀ ਸਾਰੀ ਲਾਈਨ ਲੱਗ ਜਾਵੇਗੀ।

SikhSikh

ਦਾਸ ਇਕ ਵਾਰ ਇਕ ਮੈਨੇਜਰ ਕੋਲ ਬੈਠਾ ਸੀ। ਉਸ ਨੇ ਮੈਨੂੰ ਦਸਿਆ ਕਿ ਮੈਂਬਰ ਸਾਡੇ ਕੋਲ ਆਉਂਦੇ ਹਨ (ਸਾਰੇ ਨਹੀਂ) ਤੇ ਕਹਿੰਦੇ ਹਨ ਜਾਅਲੀ ਬਿੱਲ ਪਾ ਕੇ  ਸਾਨੂੰ ਪੈਸੇ ਦੇ ਦਿਉ। ਦਾਸ ਨੇ ਉਸ ਨੂੰ ਕਿਹਾ ਕਿ ਤੁਸੀ ਉਨ੍ਹਾਂ ਨੂੰ ਇਹ ਨਹੀਂ ਕਹਿੰਦੇ ਕਿ ਇਹ ਤਾਂ ਚੜ੍ਹਾਵੇ ਦਾ ਪੈਸਾ ਹੈ? ਉਹ ਕਹਿਣ ਲੱਗਾ ਕਿ ਉਹ ਅੱਗੋਂ ਕਹਿੰਦੇ ਨੇ ਕਿ ਐਮ.ਐਲ.ਏ ਸਰਕਾਰ ਨੂੰ ਨਹੀਂ ਖਾਂਦੇ? ਫਿਰ ਕੀ ਹੋਇਆ ਜੇਕਰ ਗੁਰਦਵਾਰੇ ਦੇ ਥੋੜੇ ਜਹੇ ਚੜ੍ਹਾਵੇ ਨੂੰ ਖਾ ਲਵਾਂਗੇ?

ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਆਉਂਦੀ ਹੈ ਤਾਂ ਉਦੋਂ ਚੋਣ ਲੜਨ ਵਾਲੇ ਉਮੀਦਵਾਰ ਨੂੰ ਸੱਦਿਆ ਜਾਂਦਾ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਤੈਨੂ ਐਮ.ਐਲ.ਏ ਜਾਂ ਐਮ.ਪੀ. ਦੀ ਟਿਕਟ ਨਹੀਂ ਮਿਲਣੀ, ਇਸ ਕਰ ਕੇ ਤੈਨੂੰ ਕਮੇਟੀ ਦੀ ਟਿਕਟ ਦਿਤੀ ਜਾ ਰਹੀ ਹੈ। ਦਾਸ ਇਕ ਚੇਅਰਮੈਨ ਨਾਲ ਡਿਊਟੀ ਕਰ ਰਿਹਾ ਸੀ। ਇਹ ਗੱਲ 2011 ਦੀ ਹੈ, ਉਦੋਂ ਕਮੇਟੀ ਦੀਆਂ ਚੋਣਾਂ ਲਈ ਟਿਕਟਾਂ ਵੰਡੀਆਂ ਜਾ ਰਹੀਆਂ ਸਨ। ਉਹ ਲੀਡਰ ਐਮ.ਐਲ.ਏ ਦੀ ਚੋਣ ਲੜਨਾ ਚਾਹੁੰਦਾ ਸੀ। ਉਸ ਤੋਂ ਪਹਿਲਾਂ ਵੀ ਉਹ ਐਮ.ਐਲ.ਏ ਰਹਿ ਚੁੱਕਾ ਸੀ।

ਉਸ ਨੂੰ ਟੈਲੀਫ਼ੋਨ ਆਇਆ ਕਿ ਤੁਸੀ ਤੁਰਤ ਅਕਾਲੀ ਦਲ ਦੇ ਦਫ਼ਤਰ ਪਹੁੰਚੋ। ਉਹ ਤੁਰਤ ਕੁਰਸੀ ਤੋਂ ਉਠਿਆ, ਗੱਡੀ ਚੁੱਕੀ ਤੇ ਅਕਾਲੀ ਦਲ ਦੇ ਦਫ਼ਤਰ ਪਹੁੰਚ ਗਿਆ। ਜਦੋਂ ਉਹ ਵਾਪਸ ਆਇਆ ਤਾਂ ਮੈਨੂੰ ਕਹਿਣ ਲੱਗਾ ਕਿ ਮੈਨੂੰ ਉਨ੍ਹਾਂ ਐਮ.ਐਲ.ਏ ਦੀ ਟਿਕਟ ਤੋਂ ਨਾਂਹ ਕਰ ਦਿਤੀ ਹੈ ਤੇ ਮੈਨੂੰ ਸ਼੍ਰੋਮਣੀ ਕਮੇਟੀ ਦੀ ਟਿਕਟ ਦੇ ਦਿਤੀ ਹੈ ਤੇ ਹੁਣ ਮੈਂ ਜਾ ਕੇ ਅੰਮ੍ਰਿਤ ਛਕਣਾ ਹੈ ਤੇ ਸਵੇਰੇ ਕਾਗ਼ਜ਼ ਭਰਨੇ ਹਨ। ਮੇਰੇ ਸਾਹਮਣੇ ਇਹ ਸੱਭ ਕੁੱਝ ਹੋਇਆ। ਰਾਤ ਨੂੰ ਟਿਕਟ ਦਿਤੀ ਤੇ ਸਵੇਰੇ ਅੰਮ੍ਰਿਤ ਛਕਣ ਦਾ ਸਰਟੀਫ਼ੀਕੇਟ ਲੈ ਕੇ ਕਾਗ਼ਜ਼ ਭਰ ਦਿਤੇ।

Shiromani Akali Dal Shiromani Akali Dal

ਇਕ ਦਿਨ ਮੇਰੇ ਕੋਲ ਇਕ ਜਾਣਕਾਰ ਆਇਆ, ਉਹ ਕਹਿਣ ਲੱਗਾ ਕਿ ''ਮੈਂ ਕਿਸੇ ਵੱਡੇ ਅਕਾਲੀ ਲੀਡਰ ਦੇ ਘਰੋਂ ਆਇਆ ਹਾਂ।'' ਕਹਿਣ ਲੱਗਾ ਕਿ ''ਮੈਂ ਅਪਣੇ ਸੁਰੱਖਿਆ ਗਾਰਡਾਂ ਕੋਲ ਖੜਾ ਸੀ ਤਾਂ ਏਨੇ ਵਿਚ ਉਨ੍ਹਾਂ ਲਈ ਦੁਧ ਤੇ ਪ੍ਰਸ਼ਾਦ ਆ ਗਿਆ। ਮੈਨੂੰ ਸੇਵਾਦਾਰ ਨੇ ਦੁਧ ਦਾ ਗਲਾਸ ਤੇ ਪ੍ਰਸ਼ਾਦ ਲੈਣ ਲਈ ਕਿਹਾ। ਪਹਿਲਾਂ ਤਾਂ ਮੈਂ ਨਾਂਹ ਕਰ ਦਿਤੀ। ਏਨੇ ਚਿਰ ਨੂੰ ਇਕ ਸੁਰੱਖਿਆ ਗਾਰਡ ਕਹਿਣ ਲੱਗਾ ''ਪੀ ਲੈ.., ਪੀ ਲੈ.., ਇਹ ਇਸ ਦੇ ਪਿਉ ਦਾ ਨਹੀਂ ਇਹ ਗੁਰਦਵਾਰਾ ਸਾਹਿਬ ਸਵੇਰੇ ਗੱਡੀ ਜਾਂਦੀ ਹੈ, ਉਥੋਂ ਲੈ ਕੇ ਆਉਂਦੀ ਹੈ। ਕੀ ਇਹ ਲੋਕਾਂ ਦੇ ਚੜ੍ਹਾਵੇ ਦੀ ਲੁੱਟ ਨਹੀਂ? ਜਦੋਂ ਅਕਾਲੀ ਸਰਕਾਰ ਸੀ, ਉਦੋਂ ਗੁਰਦਵਾਰਾ, ਨਾਢਾ ਸਾਹਿਬ, ਗੁਰਦਵਾਰਾ ਬਾਉਲੀ ਸਾਹਿਬ, ਕਲਗੀਧਰ ਨਿਵਾਸ ਤੇ ਗੁਰਦਵਾਰਾ ਅੰਬ ਸਾਹਿਬ ਦੀਆਂ ਸਰਾਵਾਂ ਦੇ ਕਮਰੇ ਲੀਡਰਾਂ ਦੇ ਸੁਰੱਖਿਆ ਗਾਰਡਾਂ ਲਈ ਰੱਖੇ ਹੋਏ ਸਨ।

ਉਸ ਸਮੇਂ ਇਸ ਬਾਰੇ ਖ਼ਬਰਾਂ ਵੀ ਆਈਆਂ। ਬਹੁਤ ਸਾਰੇ ਕਮੇਟੀ ਮੈਂਬਰਾਂ ਨੇ ਗੁਰੂ ਰਾਮਦਾਸ ਮੈਡੀਕਲ ਕਾਲਜ ਤੋਂ ਅਪਣੇ ਬੱਚਿਆਂ ਨੂੰ ਡਾਕਟਰੀ ਕਰਵਾਈ ਪਰ ਫ਼ੀਸਾਂ ਦੇਣ ਤੋਂ ਮੁਕਰ ਗਏ। ਇਥੇ ਹੀ ਬਸ ਨਹੀਂ, ਕਮੇਟੀ ਦੇ ਬਹੁਤ ਸਾਰੇ ਸੇਵਾਦਾਰ ਆਗੂਆਂ ਦੇ ਘਰ ਕੰਮ ਕਰਦੇ ਹਨ ਤੇ ਤਨਖ਼ਾਹਾਂ ਉਥੇ ਲੈਂਦੇ ਹਨ। ਪਿੱਛੇ ਜਹੇ ਸਾਬਕਾ ਡਿਪਟੀ ਸਪੀਕਰ ਦਾ ਇਕ ਬਿਆਨ ਛਪਿਆ ਸੀ ਕਿ ਵਿਸ਼ਵ ਗੁਰੂ ਗ੍ਰੰਥ ਸਾਹਿਬ ਯੂਨੀਵਰਸਟੀ ਦੇ ਬਹੁਤੇ ਮੁਲਾਜ਼ਮ ਮੁਕਤਸਰ ਨਾਲ ਸਬੰਧਤ ਹਨ, ਉਹ ਘਰ ਬੈਠੇ ਹੀ ਤਨਖ਼ਾਹ ਲੈ ਰਹੇ ਹਨ।

Gobind Singh Longowal Gobind Singh Longowal

ਮੇਰਾ ਇਕ ਦੋਸਤ ਜਿਹੜਾ ਬਿਜਲੀ ਮਹਿਕਮੇ ਵਿਚੋਂ ਐਸ.ਈ. ਸੇਵਾ ਮੁਕਤ ਹੋਇਆ ਹੈ, ਉਸ ਨੇ ਦਸਿਆ ਕਿ ਇਹ ਗੱਲ 19ਵੀਂਆਂ ਚੋਣਾਂ ਤੋਂ ਪਹਿਲਾਂ ਦੀ ਹੈ, ਉਨ੍ਹਾਂ ਨੂੰ ਇਕ ਅਕਾਲੀ ਐਮ.ਪੀ. ਤਿੰਨ ਚਾਰ ਬਸਾਂ, ਜਿਹੜੀਆਂ ਏ.ਸੀ. ਸਨ, ਰਾਹੀਂ ਦਿੱਲੀ ਪਾਰਲੀਮੈਂਟ, ਰਾਸ਼ਟਰਪਤੀ ਭਵਨ ਤੇ ਹੋਰ ਥਾਵਾਂ ਵਿਖਾਉਣ ਲਈ ਲੈ ਕੇ ਗਿਆ। ਉਥੇ ਜਾ ਕੇ ਸਾਡੇ ਠਹਿਰਨ ਦਾ ਸਾਰਾ ਪ੍ਰਬੰਧ ਦਿੱਲੀ ਕਮੇਟੀ ਦਾ ਸੀ। ਵਧੀਆ ਖਾਣਾ, ਵਧੀਆ ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਉਹ ਕਹਿੰਦਾ ਕਿ ਇਹ ਸਾਰਾ ਕੁੱਝ ਵੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਅਕਾਲੀ ਲੀਡਰਾਂ ਵਲੋਂ ਏਨੀ ਲੁੱਟ ਕੀਤੀ ਜਾ ਰਹੀ ਹੈ?

ਇਹ ਗੱਲ ਉਸ ਨੇ ਸਾਨੂੰ 10 ਆਦਮਿਆਂ ਵਿਚ ਦੱਸੀ। ਗੱਲ ਕਾਹਦੀ ਕਿ ਭਾਵੇਂ ਕਮੇਟੀ ਅੰਮ੍ਰਿਤਸਰ ਦੀ ਹੋਵੇ ਜਾਂ ਦਿੱਲੀ ਦੀ, ਸੱਭ ਪਾਸੇ ਲੁੱਟ ਮਚੀ ਹੋਈ ਹੈ। ਪਹਿਲਾਂ ਵਰਦੀ ਧਾਰੀ ਪੁਲਿਸ ਮੁਲਾਜ਼ਮ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਸੀ ਜਾ ਸਕਦਾ। ਪਿਛਲੇ ਸਾਲ ਦਾਸ 30 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਖੜਾ ਸੀ ਕਿ ਗੋਬਿੰਦ ਸਿੰਘ ਲੌਂਗੋਵਾਲ ਅਪਣੇ ਅੱਠ-ਦਸ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨਾਲ ਘਿਰਿਆ, ਮੱਥਾ ਟੇਕਣ  ਇੰਜ ਜਾ ਰਿਹਾ ਸੀ ਜਿਵੇਂ ਕੋਈ ਡਾਕੂ ਹਥਿਆਰਬੰਦ ਲੁਟੇਰਿਆਂ ਨਾਲ ਡਾਕਾ ਮਾਰਨ ਜਾ ਰਿਹਾ ਹੋਵੇ।

Akal Takht SahibAkal Takht Sahib

ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਜਸਟਿਸ ਅਜੀਤ ਸਿੰਘ ਬੈਂਸ ਦਾ ਅਖ਼ਬਾਰ ਵਿਚ ਬਿਆਨ ਆ ਗਿਆ ਕਿ 267 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋ ਗਏ ਹਨ। ਪਹਿਲਾਂ ਜਥੇਦਾਰ ਅਕਾਲ ਤਖ਼ਤ, ਮੁੱਖ ਸਕੱਤਰ ਰੂਪ ਸਿੰਘ, ਗੋਬਿੰਦ ਸਿੰਘ ਲੌਂਗੋਵਾਲ ਤੇ ਕਈਆਂ ਨੇ ਬਿਆਨ ਦੇ ਦਿਤਾ ਕਿ ਕੋਈ ਸਰੂਪ ਚੋਰੀ ਨਹੀਂ ਹੋਇਆ। ਪਰ ਜਦੋਂ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੇ ਸੱਭ ਕੁੱਝ ਨੰਗਾ ਕਰ ਦਿਤਾ ਤਾਂ ਪਹਿਲਾਂ ਤਾਂ ਕਮੇਟੀ ਨੇ ਪੜਤਾਲ ਲਈ ਇਕ ਕਮੇਟੀ ਬਣਾਈ ਜਿਸ ਵਿਰੁਧ ਸੰਗਤਾਂ ਨੇ ਰੌਲਾ ਪਾਇਆ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਕ ਸਾਬਕਾ ਜਸਟਿਸ ਬੀਬੀ ਦੀ ਅਗਵਾਈ ਹੇਠ ਕਮੇਟੀ ਬਣਾ ਦਿਤੀ ਤੇ ਸੈਕਟਰੀ ਈਸ਼ਰ ਸਿੰਘ ਵਕੀਲ ਨਾਮ ਦਾ ਵਿਅਕਤੀ ਨਾਲ ਲਗਾ ਦਿਤਾ ਗਿਆ। ਜਦੋਂ ਬੀਬੀ ਜੀ ਨੂੰ ਪਤਾ ਲੱਗਾ ਕਿ ਇਹ ਅਪਣੀ ਮਰਜ਼ੀ ਦੀ ਰੀਪੋਰਟ ਚਾਹੁੰਦੇ ਹਨ ਤਾਂ ਉਹ ਛੱਡ ਗਈ।

ਫਿਰ ਈਸ਼ਰ ਸਿੰਘ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਜਿਸ ਨੇ 1000 ਸਫ਼ਿਆਂ ਦੀ ਰੀਪੋਰਟ ਦੇ ਦਿਤੀ ਜਿਸ ਵਿਚੋਂ ਸਿਰਫ਼ 10 ਪੰਨੇ ਹੀ ਜਾਰੀ ਕੀਤੇ ਗਏ, ਬਾਕੀ ਸਾਰੀ ਗੁਪਤ ਰਖੀ ਗਈ। ਉਸ ਬਾਰੇ ਵੀ ਕਈ ਦਿਨ ਟੀ.ਵੀ. ਚੈਨਲ ਤੇ ਕੰਵਲਜੀਤ ਸਿੰਘ ਕਹਿ ਰਿਹਾ ਸੀ ਕਿ ਇਹ ਰੀਪੋਰਟ ਵੀ ਕਮੇਟੀ ਮੁਤਾਬਕ ਬਣਾਈ ਗਈ ਹੈ। ਇਹ ਗ਼ਲਤ ਹੈ ਜਾਂ ਠੀਕ, ਉਹ ਕੰਵਲਜੀਤ ਸਿੰਘ ਨੂੰ ਪਤਾ ਹੋਵੇਗਾ। ਉਹ ਇਹ ਵੀ ਕਹਿ ਰਿਹਾ ਸੀ ਕਿ ਜਿਹੜੇ ਸਰੂਪ ਹਨ, ਉਹ ਰੂਪ ਸਿੰਘ ਆਹਲੀ ਤੇ ਹੋਰ ਕਈ ਅਧਿਕਾਰੀਆਂ ਵਲੋਂ ਇਹ ਲਿਖ ਕੇ ਪਰਚੀਆਂ ਭੇਜੀਆਂ ਜਾਂਦੀਆਂ ਸਨ ਕਿ ਇਹ ਸਰੂਪ ਗੱਡੀ ਵਿਚ ਰਖਵਾ ਦਿਉ। ਇਹ ਕਿਥੇ ਜਾਣੇ ਹਨ? ਇਹ ਉਨ੍ਹਾਂ ਨੂੰ ਹੀ ਪਤਾ ਹੋਵੇਗਾ।

Darbar SahibDarbar Sahib

ਸ਼ਾਇਦ 5 ਸਤੰਬਰ ਦੀ ਕਮੇਟੀ ਵਿਚ ਇਹ ਫ਼ੈਸਲਾ ਹੋਇਆ ਕਿ ਦੋਸ਼ੀਆਂ ਵਿਰੁਧ ਪੁਲਿਸ ਕੋਲ ਕੇਸ ਦਰਜ ਕਰਵਾਇਆ ਜਾਵੇਗਾ। ਕਿਸੇ ਨੇ ਉਨ੍ਹਾਂ ਨੂੰ ਸਲਾਹ ਦਿਤੀ ਕਿ ਜੇਕਰ ਕਿਸੇ ਦੋਸ਼ੀ ਨੇ ਪੁਲਿਸ ਕੋਲ ਸੱਚ ਦੱਸ ਦਿਤਾ ਤਾਂ ਸਾਰੇ ਫੱਸ ਜਾਣਗੇ ਤਾਂ ਕਮੇਟੀ ਵਾਲੇ ਅਗਲੀ ਮੀਟਿੰਗ ਵਿਚ ਮੁਕਰ ਗਏ ਕਿ ਨਹੀਂ ਅਸੀ ਖ਼ੁਦ ਹੀ ਸਜ਼ਾ ਦੇਵਾਂਗੇ। ਜਿਹੋ ਜਹੀ ਸਜ਼ਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਦਿਤੀ ਗਈ, ਇਸ ਫ਼ੈਸਲੇ ਵਿਰੁਧ ਕੁੱਝ ਜਥੇਬੰਦੀਆਂ ਨੇ 14 ਨੂੰ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਮੂਹਰੇ ਧਰਨਾ ਲਗਾ ਦਿਤਾ ਜਿਸ ਤੋਂ ਚਿੜ ਕੇ ਰਾਤ ਨੂੰ ਨਰੈਣੂ ਦੀ ਫ਼ੌਜ ਨੇ ਉਨ੍ਹਾਂ ਉਤੇ ਹਮਲਾ ਕਰ ਦਿਤਾ। ਇਕ ਜਥੇਦਾਰ ਦੀ ਦਸਤਾਰ ਉਤਾਰ ਦਿਤੀ ਗਈ। ਹੋਰ ਕੁੱਟਮਾਰ ਕੀਤੀ ਸੋ ਵਖਰੀ।

ਇਕ ਨਵਾਂ ਕੰਮ ਕਮੇਟੀ ਵਲੋਂ ਹੋਰ ਕੀਤਾ ਗਿਆ, ਜਿਹੜਾ ਸਰਕਾਰ ਵਲੋਂ ਵੀ ਨਹੀਂ ਕੀਤਾ ਗਿਆ ਸੀ ਕਿ ਜਿਹੜੇ ਦਰਬਾਰ ਸਾਹਿਬ ਨੂੰ ਰਸਤੇ ਜਾਂਦੇ ਹਨ, ਉਨ੍ਹਾਂ ਨੂੰ ਟੀਨਾਂ ਲਗਾ ਕੇ ਬੰਦ ਕਰ ਦਿਤਾ ਗਿਆ। ਇਕ ਵਾਰ ਸ੍ਰੀ ਦਰਬਾਰ ਸਾਹਿਬ ਜੀ ਦੇ ਉਦੋਂ ਦਰਵਾਜ਼ੇ ਬੰਦ ਹੋਏ ਸਨ, ਜਦੋਂ ਗੁਰੂ ਸਾਹਿਬ ਦਰਸ਼ਨ ਕਰਨ ਆਏ ਸਨ ਅਤੇ ਰਾਮ ਰਾਈਆਂ ਨੇ ਦਰਵਾਜ਼ੇ ਬੰਦ ਕਰ ਲਏ ਸੀ, ਹੁਣ ਦੂਜੀ ਵਾਰ ਇਨ੍ਹਾਂ ਅੱਜ ਦੇ ਰਾਮ ਰਾਈਆਂ ਨੇ ਗੁਰੂ ਘਰ ਦੇ ਦਰਵਾਜ਼ੇ ਬੰਦ ਕੀਤੇ। ਅੱਗੇ ਵਾਸਤੇ ਸਰਕਾਰ ਲਈ ਇਹ ਸੌਖਾ ਹੋ ਗਿਆ ਕਿ ਜਦੋਂ ਕੋਈ ਮਾੜਾ ਮੋਟਾ ਵੀ ਝਗੜਾ ਹੋਣ ਦਾ ਸ਼ੱਕ ਹੋਵੇਗਾ ਤਾਂ ਪੁਲਿਸ ਸੀਖਾਂ ਲਗਾ ਕੇ ਦਰਬਾਰ ਸਾਹਿਬ ਬੰਦ ਕਰ ਦਿਆ ਕਰੇਗੀ।

Guru Granth Sahib JiGuru Granth Sahib Ji

ਇਸ ਕਾਰਵਾਈ ਨੇ ਸਿੱਖ ਕੌਮ ਨੂੰ ਇਹ ਦੱਸ ਦਿਤਾ ਹੈ ਕਿ 'ਇਹ ਮਤ ਸਮਝੋ ਕਿ ਨਰੈਣੂ ਮਰ ਚੁਕਾ ਹੈ। ਨਰੈਣੂ ਅੱਜ ਵੀ ਜਿਊਂਦਾ ਹੈ ਤੇ ਨਨਕਾਣਾ ਸਾਹਿਬ ਵਾਲੇ ਸਾਕੇ ਦੀ ਯਾਦ ਨੂੰ ਇਨ੍ਹਾਂ ਤਾਜ਼ਾ ਕਰ ਦਿਤਾ ਹੈ।' ਧਰਨਾ ਦੇ ਰਹੇ ਸਿੱਖਾਂ ਦਾ ਇਹ ਦੋਸ਼ ਸੀ ਕਿ ਉਹ ਦੋਸ਼ੀਆਂ ਵਿਰੁਧ ਪਰਚੇ ਦਰਜ ਕਰਨ ਦੀ ਮੰਗ ਕਰ ਰਹੇ ਸਨ।

ਹੱਦ ਹੋ ਗਈ, ਕਿਸੇ ਦੀ ਕੋਈ ਚੀਜ਼ ਚੋਰੀ ਹੋ ਜਾਵੇ ਤਾਂ ਪੁਲਿਸ ਵਾਲੇ ਜਾਂਚ ਕਰ ਸਕਦੇ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਕਰ ਦਿਤੇ ਜਾਣ ਤਾਂ ਉਸ ਦਾ ਕੇਸ ਹੀ ਦਰਜ ਨਹੀਂ ਕਰਵਾਇਆ ਜਾ ਸਕਦਾ। ਇਸ ਦਾ ਸੱਚ ਸੱਭ ਦੇ ਸਾਹਮਣੇ ਆਉਣਾ ਚਾਹੀਦਾ ਹੈ  ਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਨਰੈਣੂ ਮਹੰਤ ਵਰਗਾ ਕੰਮ ਹੁਣ ਬਹੁਤਾ ਚਿਰ ਚੱਲਣ ਵਾਲਾ ਨਹੀਂ। ਮੇਰੀ ਸਿੱਖ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਇਕ ਜਥੇਦਾਰ ਦੀ ਅਗਵਾਈ ਵਿਚ ਇਕੱਠੇ ਹੋਣ ਜਿੰਨਾ ਚਿਰ ਸਿੱਖ ਕੌਮ ਇਕ ਨੇਤਾ ਤੇ ਇਕ ਝੰਡੇ ਹੇਠ ਇਕੱਠੇ ਨਹੀਂ ਹੁੰਦੀ ਉਨਾ ਚਿਰ ਇਨ੍ਹਾਂ ਅੱਜ ਦੇ ਮਹੰਤਾਂ ਨੂੰ ਗੁਰੂ ਘਰਾਂ ਵਿਚੋਂ ਕਢਿਆ ਨਹੀਂ ਜਾ ਸਕਦਾ।

ਬਖਸ਼ੀਸ਼ ਸਿੰਘ ਸਭਰਾ
ਸੰਪਰਕ : 94646-96083

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement