ਉਹ ਸੁਝਾਅ ਜਿਨ੍ਹਾਂ ਨਾਲ ਅਕਾਲ ਤਖ਼ਤ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕਦਾ ਹੈ
What must be done to present Sikhism as a religion of the modern age and Akal Takht as an institution of the modern age: ਅਕਾਲ ਤਖ਼ਤ ਦੁਨੀਆਂ ਦਾ ਇਕੋ ਇਕ ‘ਤਖ਼ਤ’ ਹੈ ਜਿਸ ਕੋਲ ਫ਼ੌਜ ਨਹੀਂ, ਰਾਜਸੱਤਾ ਦੀ ਮਾਰੂ ਤਾਕਤ ਨਹੀਂ ਪਰ ਫਿਰ ਵੀ ਇਕ ਪੂਰੀ ਕੌਮ ਇਸ ਨੂੰ ਮਾਨਤਾ ਦੇਂਦੀ ਹੈ। ਕਿਉਂ ਦੇਂਦੀ ਹੈ? ਕਿਉਂਕਿ ਇਤਿਹਾਸਕ ਕਾਰਨਾਂ ਕਰ ਕੇ ਇਹ ਸਿੱਖ ਪ੍ਰਭੂਸੱਤਾ (Sikh Sovereignty) ਦਾ ਕੇਂਦਰ ਬਣ ਗਿਆ ਸੀ।
ਸਿੱਖ ਜੱਥੇ ਰਲ ਕੇ ਇਥੇ ਸਾਲ ’ਚ ਦੋ ਵਾਰ ਜੁੜਿਆ ਕਰਦੇ ਸਨ ਤੇ ਇਕ ਸਾਂਝਾ-ਮਾਂਝਾ ਜਥੇਦਾਰ, ਅਪਣੇ ’ਚੋਂ ਹੀ ਚੁਣ ਕੇ, ਕੌਮੀ ਫ਼ੈਸਲੇ ਲਿਆ ਕਰਦੇ ਸਨ ਜੋ ਸਰਬ ਸੰਮਤੀ ਤੇ ਅੱਪੜ ਕੇ ਲਏ ਜਾਂਦੇ ਸਨ, ਇਸ ਲਈ ਹਰ ਸਿੱਖ ਲਈ ਮੰਨਣੇ ਲਾਜ਼ਮੀ ਹੁੰਦੇ ਸਨ। ਫਿਰ ਜਿਵੇਂ ਕਿ ਸਾਰੇ ਹੀ ਧਰਮਾਂ ਦਾ ਇਤਿਹਾਸ ਦਸਦਾ ਹੈ, ਨੇਕ ਇਰਾਦੇ ਨਾਲ ਸ਼ੁਰੂ ਕੀਤੀਆਂ ਚੰਗੀਆਂ ਪਹਿਲਾਂ, ਸਮਾਂ ਪਾ ਕੇ, ਅਛਾਈ ਦੀ ਬਜਾਏ ਬੁਰਾਈ ਦਾ ਕਾਰਨ ਬਣਨ ਲੱਗ ਜਾਂਦੀਆਂ ਹਨ।
ਅਕਾਲ ਤਖ਼ਤ ’ਤੇ ਵੀ ਪੰਥ ਦੇ ਜਥੇ ਜੁੜਨੇ ਬੰਦ ਹੋ ਗਏ। ਸਿੱਖ ਪ੍ਰਭੂਸੱਤਾ ਦੀ ਗੱਲ ਹੋਣੀ ਬੰਦ ਹੋ ਗਈ। ਭਾਈ ਤੇ ਗ੍ਰੰਥੀ ‘ਜਥੇਦਾਰ’ ਅਖਵਾਉਣ ਲੱਗ ਪਏ ਤੇ ਉਨ੍ਹਾਂ ਦੀ ਨਿਯੁਕਤੀ ਸਿਆਸਤਦਾਨ ਕਰਨ ਲੱਗ ਪਏ। ਸਾਰੀ ਬੁਰਾਈ ਨੂੰ ਅੰਦਰ ਲਿਆਉਣ ਲਈ ਬੂਹਾ ਗੁਰਦਵਾਰਾ ਐਕਟ ਨੇ ਖੋਲ੍ਹਿਆ ਜਿਸ ਨੇ ਧਰਮ ਨੂੰ ਸਿਆਸਤ (ਵੋਟ-ਸਿਆਸਤ) ਦੇ ਅਧੀਨ ਕਰ ਦਿਤਾ ਤੇ ਸਿਆਸਤਦਾਨਾਂ ਦੇ ਚਹੇਤੇ ਗ੍ਰੰਥੀ ‘ਜਥੇਦਾਰ’ ਬਣ, ਸਿਆਸਤਦਾਨਾਂ ਦੇ ਹੁਕਮ ਅਨੁਸਾਰ, ਅੱਗੋਂ ਹੁਕਮ ਚਲਾਉਣ ਲੱਗ ਪਏ ਤੇ ਸਿਆਸਤਦਾਨਾਂ ਦੇ ਵਿਰੋਧੀਆਂ ਤੇ ਤਾਕਤ-ਵਿਹੂਣੇ ਲੋਕਾਂ ਅਥਵਾ ਲੇਖਕਾਂ, ਪੱਤਰਕਾਰਾਂ, ਇਤਿਹਾਸਕਾਰਾਂ, ਪੰਥਕ ਸੋਚ ਵਾਲਿਆਂ ਨੂੰ ਜ਼ਲੀਲ ਕਰਨ ਲੱਗ ਪਏ।
ਇਹ ਬਿਲਕੁਲ ਗ਼ਲਤ ਹੈ ਕਿ ‘ਅਕਾਲ ਤਖ਼ਤ’ ਕਿਸੇ ਗੁਰੂ-ਹਸਤੀ ਨੇ ਬਣਾਇਆ ਸੀ। ਬਿਲਕੁਲ ਨਹੀਂ। ਗੁਰੂ ਦੇ ਵੇਲੇ ਇਹ ਕੇਵਲ ‘ਅਕਾਲ ਬੁੰਗਾ’ ਸੀ (ਪ੍ਰਕਰਮਾ ਦੇ ਆਸ ਪਾਸ ਜਿਵੇਂ ਸਾਰੇ ਹੀ ਬੁੰਗੇ ਸੀ ਅਰਥਾਤ ਰਿਹਾਇਸ਼ੀ ਅਸਥਾਨ ਸਨ)। ਸੱਭ ਤੋਂ ਪਹਿਲਾਂ ਇਸ ਨੂੰ ਅਕਾਲ ਤਖ਼ਤ ਦਾ ਨਾਂ ਦੇ ਕੇ ਇਥੇ ਵੱਡੇ ਇਕੱਠ ਕਰਨ ਦਾ ਖ਼ਿਆਲ ਦੇਵੀ-ਪੂਜਕ ਗਿਆਨੀ ਸੰਤ ਸਿੰਘ ਨੂੰ ਆਇਆ ਤੇ ਸੱਭ ਤੋਂ ਪਹਿਲੀ ਵੱਡੀ ਰਕਮ, ਇਸ ਦੀ ਉਸਾਰੀ ਲਈ ਉਸ ਨੂੰ ਜਰਨੈਲ ਹਰੀ ਸਿੰਘ ਨਲੂਏ ਨੇ ਦਿਤੀ। ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਸਾਹਮਣੇ ਕੇਵਲ ਸਿੱਖ ਮਿਸਲਾਂ ਵਾਲੇ ਇਕੱਠ ਕਰਿਆ ਕਰਦੇ ਸਨ ਪਰ ਸੱਦਾ ਪੱਤਰ ਉਤੇ ਸਥਾਨ ਬਾਰੇ ਕੇਵਲ ‘ਦਰਸ਼ਨੀ ਡਿਉਢੀ ਦੇ ਸਾਹਮਣੇ ਖੁਲ੍ਹੇ ਮੈਦਾਨ ਵਿਚ’ ਲਿਖਿਆ ਹੁੰਦਾ ਸੀ ਕਿਉਂਕਿ ਅਕਾਲ ਤਖ਼ਤ ਨਾਂ ਤਾਂ ਮਗਰੋਂ ਦਿਤਾ ਗਿਆ ਸੀ।
ਹਾਂ, ਇਹ ਠੀਕ ਹੈ ਕਿ ਇਤਿਹਾਸਕ ਕਾਰਨਾਂ ਕਰ ਕੇ ਅਕਾਲ ਤਖ਼ਤ, ਸਿੱਖ ਪੰਥ ਲਈ ਬੜਾ ਮਹੱਤਵਪੂਰਨ ਸਥਾਨ ਬਣ ਚੁੱਕਾ ਹੈ ਤੇ ਇਸ ਗੱਲ ਤੋਂ ਇਨਕਾਰੀ ਹੋਇਆ ਹੀ ਨਹੀਂ ਜਾ ਸਕਦਾ ਪਰ ਇਸ ਨਾਲ ਗੁਰੂ ਦਾ ਨਾਂ ਜੋੜਨਾ ਬਿਲਕੁਲ ਗ਼ਲਤ ਹੈ।
ਖ਼ੈਰ, ਮੈਂ ਕਹਿ ਰਿਹਾ ਸੀ ਕਿ ਸਿੱਖ ਪ੍ਰਭੂਸੱਤਾ (Sovereignty) ਦੇ ਕੇਂਦਰ ਨੇ ਜੇ ਅਪਣੇ ਨਾਂ ‘ਅਕਾਲ’ ਨੂੰ ਜਾਇਜ਼ ਠਹਿਰਾਉਣਾ ਹੈ ਤਾਂ ਇਥੋਂ ਕੰਮ ਵੀ ਉਹ ਕਰਨੇ ਹੋਣਗੇ ਜਿਨ੍ਹਾਂ ਨਾਲ ਦੁਨੀਆਂ ਇਸ ਵਲ ਵੇਖ ਕੇ ਅਸ਼-ਅਸ਼ ਕਰ ਉਠੇ। ‘ਜਥੇਦਾਰ’ ਅਖਵਾਉਣ ਵਾਲੇ ਉਹ ਲੋਕ ਹੋਣੇ ਚਾਹੀਦੇ ਹਨ ਜੋ ਖ਼ਾਲਸ ਸੋਨੇ ਵਰਗੇ ਹੋਣ ਤੇ ਉਨ੍ਹਾਂ ’ਚ ਖੋਟ ਰੱਤੀ ਜਿੰਨੀ ਵੀ ਨਾ ਲੱਭੀ ਜਾ ਸਕੇ। ਜਿਥੇ ਹਾਕਮਾਂ ਦੇ ਹੁਕਮ ਮੰਨ ਕੇ ਭਲੇ ਲੋਕਾਂ ਨਾਲ ਧੱਕਾ ਕਰਨ ਅਤੇ ਉਨ੍ਹਾਂ ਨੂੰ ਜ਼ਲੀਲ ਕਰਨ ਦੀਆਂ ਹਰਕਤਾਂ ਕਰਨ ਵਾਲੇ ‘ਬੰਦੇ ਦੇ ਬੰਦੇ’ ‘ਜਥੇਦਾਰ’ ਬਣੇ ਬੈਠੇ ਹੋਣ ਤੇ ਪੈਸੇ ਲੈ ਕੇ ਬਲਾਤਕਾਰੀਆਂ ਨੂੰ ਮਾਫ਼ ਤੇ ਭਲੇ ਪੁਰਸ਼ਾਂ ਨੂੰ ‘ਤਨਖ਼ਾਹੀਏ’ ਕਰਾਰ ਦੇਣ ਵਾਲੇ ਬੈਠੇ ਹੋਣ, ਉਥੇ ਤਾਂ ਉਹੀ ਗੱਲ ਬਣ ਜਾਂਦੀ ਹੈ ਕਿ ਨਾਂ ਭਗਵਾਨ ਸਿੰਘ ਤੇ ਰੋਜ਼ ਦੋ-ਚਾਰ ਬੰਦਿਆਂ ਦਾ ਗਲਾ ਘੁਟ ਕੇ ਉਨ੍ਹਾਂ ਕੋਲੋਂ ਲੁੱਟੇ ਪਾਪ ਦੇ ਧਨ ਨਾਲ ਰੋਟੀ ਖਾਵੇ। ਸਾਡੇ ਕਈ ‘ਜਥੇਦਾਰਾਂ’ ਦਾ ਕਿਰਦਾਰ ਉਪ੍ਰੋਕਤ ਭਗਵਾਨ ਸਿੰਘ ਵਾਂਗ, ਮਹਾਨ ਸੰਸਥਾ ਅਕਾਲ ਤਖ਼ਤ ਨੂੰ ਬਦਨਾਮੀ ਦਿਵਾਉਣ ਵਾਲਾ ਹੀ ਰਿਹਾ ਹੈ ਜਿਵੇਂ ਕਿ ਬੜੀ ਦੇਰ ਤੋਂ ਮੈਂ ਕੌਮ ਨੂੰ ਸੁਚੇਤ ਕਰਦਾ ਆ ਰਿਹਾ ਹਾਂ।
ਫਿਰ ਕੀਤਾ ਕੀ ਜਾਏ?
ਸੋ ਹਰ ਸਿੱਖ ਨੂੰ, ਹੋਰ ਸਾਰੇ ਕੰਮ ਛੱਡ ਕੇ, ਅਕਾਲ ਤਖ਼ਤ ਦੀ ਮਹਾਨਤਾ ਬਹਾਲ ਕਿਵੇਂ ਕੀਤੀ ਜਾਵੇ, ਇਸ ਬਾਰੇ ਸੋਚਣਾ ਚਾਹੀਦਾ ਹੈ। ਅਸੀ ਇਥੇ ਕੁੱਝ ਸੁਝਾਅ ਰੱਖ ਰਹੇ ਹਾਂ ਜਿਸ ਨਾਲ ਇਸ ਸੰਸਥਾ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕਦਾ ਹੈ। ਸੁਝਾਅ ਇਹ ਹਨ :
1. ਗੁਰਦਵਾਰਾ ਪ੍ਰਬੰਧ ਨੂੰ ਵੋਟ ਸਿਸਟਮ ਤੋਂ ਮੁਕਤ ਨਾ ਕੀਤਾ ਗਿਆ ਤਾਂ ਸਿੱਖੀ ਦਾ ਵਿਕਾਸ ਸਦਾ ਲਈ ਰੁਕ ਜਾਵੇਗਾ। ਇਹ ਸਿੱਖਾਂ ਉਤੇ ਉਦੋਂ ਲਦਿਆ ਗਿਆ ਜਦੋਂ ਸਾਰੇ ਸਿੱਖ ਜੇਲਾਂ ਵਿਚ ਬੰਦ ਸਨ। ਅੰਗਰੇਜ਼ਾਂ ਨੇ ਸ਼ਰਤ ਇਹ ਰੱਖ ਦਿਤੀ ਕਿ ਜਿਹੜਾ ਸਿੱਖ ਵੋਟ ਸਿਸਟਮ ਨੂੰ ਪ੍ਰਵਾਨ ਕਰੇਗਾ, ਉਸ ਨੂੰ ਰਿਹਾਅ ਕਰ ਦੇਵੇਂਗਾ, ਨਹੀਂ ਤਾਂ ਜੇਲ ਵਿਚ ਹੀ ਬੰਦ ਰਹਿਣਗੇ। ਇਨ੍ਹਾਂ ਵਿਚੋਂ ਤੇਜਾ ਸਿੰਘ ਸਮੁੰਦਰੀ ਨੇ ਜਾਨ ਵੀ ਦੇ ਦਿਤੀ ਪਰ ਇਸ ਸਿਸਟਮ ਨੂੰ ਨਹੀਂ ਮੰਨਿਆ।
2. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ-ਜੱਫੇ ਤੋਂ ਮੁਕਤ ਹੋਏ ਬਿਨਾਂ ਸਿੱਖਾਂ ਦਾ ਕੁੱਝ ਨਹੀਂ ਸੰਵਾਰ ਸਕਦੀ।
3. ‘ਇਲਾਹੀ ਹੁਕਮਨਾਮੇ’ ਬੰਦ ਹੋਣੇ ਚਾਹੀਦੇ ਹਨ।
4. ਸਿੱਖ ਵਿਦਵਾਨਾਂ ਦਾ ਇਕ ਬੋਰਡ ਕਾਇਮ ਕੀਤਾ ਜਾਵੇ ਜਿਹੜਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਿਚਕਾਰ ਕੜੀ ਦਾ ਕੰਮ ਕਰ ਸਕੇ।
5. ਪੰਜਾਬ ਨੂੰ 10 ਹਿੱਸਿਆਂ ਵਿਚ ਵੰਡ ਕੇ ਤੇ ‘ਅਕਾਲ ਜੱਥੇ’ ਬਣਾ ਕੇ, ਪਿੰਡ-ਪਿੰਡ, ਘਰ ਘਰ ਜਾ ਕੇ ਨੌਜੁਆਨਾਂ ਤੇ ਉਨ੍ਹਾਂ ਦੇ ਘਰ ਦਿਆਂ ਤਕ ਅਕਾਲ ਤਖ਼ਤ ਦਾ ਸੰਦੇਸ਼ ਪਹੁੰਚਾਇਆ ਜਾਏ ਕਿ ਉਹ ਪਤਿਤਪੁਣੇ ਨੂੰ ਜੀਵਨ ’ਚੋਂ ਕੱਢ ਦੇਣ ਜਾਂ ਸਿੱਖੀ ਨੂੰ ਲਿਖਤੀ ਤੌਰ ’ਤੇ ਬੇਦਾਵਾ ਦੇ ਦੇਣ।
6. ਹਰ ਪਿੰਡ ਵਿਚ ਹਰ ਗ਼ਰੀਬ, ਨਿਆਸਰੇ ਤੇ ਬੇਘਰੇ ਗੁਰੂ ਕੇ ਲਾਲ ਲੱਭ ਕੇ ਉਨ੍ਹਾਂ ਨੂੰ ਅਪਣੇ ਪੈਰਾਂ ’ਤੇ ਖੜੇ ਕਰਨ ਤੇ ਆਤਮ-ਨਿਰਭਰ ਬਣਾਉਣ ਦਾ ਅਕਾਲ ਤਖ਼ਤ ਦਾ ਪ੍ਰੋਗਰਾਮ ਲਾਗੂ ਕਰਨ ਲਈ ਬਾਕੀ ਦੇ ਪਿੰਡ ਵਾਲਿਆਂ ਨੂੰ ਲਾਮਬੰਦ ਕਰਨਾ। ਇਸ ਕੰਮ ਲਈ ਇਕ ਫ਼ੰਡ ਹਰ ਪਿੰਡ ਦੇ ਬੈਂਕ ਵਿਚ ਖੋਲ੍ਹਿਆ ਜਾਵੇ ਜਿਸ ਨੂੰ ਅਕਾਲ ਜਥੇ ਦੇ ਬੇਦਾਗ਼ ਮੈਂਬਰ ਕੰਟਰੋਲ ਕਰਨ ਤੇ ਇਕ ਰੀਟਾਇਰਡ ਫ਼ੌਜੀ ਅਫ਼ਸਰ ਕਮਾਨ ਸੰਭਾਲੇ। ਸੱਭ ਕੁੱਝ ਪਾਰਦਰਸ਼ੀ ਢੰਗ ਲਾਲ ਕੀਤਾ ਜਾਵੇ ਤਾਕਿ ਕੋਈ ਵੀ ਜਾ ਕੇ ਅਪਣੀ ਤਸੱਲੀ ਕਰ ਲਵੇ ਤੇ ਮਨ ’ਚ ਵਹਿਮ ਨਾ ਪਾਲੇ।
7. ਬੇਰੁਜ਼ਗਾਰ ਨੌਜੁਆਨਾਂ ਨੂੰ ਰੁਜ਼ਗਾਰ ਦੇਣ ਲਈ 500 ਕਰੋੜ ਦਾ ਇਕ ਵਖਰਾ ਫ਼ੰਡ ਕਾਇਮ ਕੀਤਾ ਜਾਵੇ। ਇਸ ਫ਼ੰਡ ਨੂੰ 10 ਮੰਨੀਆਂ ਪ੍ਰਮੰਨੀਆਂ ਹਸਤੀਆਂ ਇਸ ਤਰ੍ਹਾਂ ਵਰਤਣਗੀਆਂ ਕਿ 10 ਹਜ਼ਾਰ ਨੌਜੁਆਨਾਂ ਨੂੰ ਨੌਕਰੀਆਂ ਜਾਂ ਰੁਜ਼ਗਾਰ ਮਿਲ ਸਕੇ। ਹਰ ਪੰਥਕ ਜਥੇਬੰਦੀ ਨੂੰ ਕਿਹਾ ਜਾਏ ਕਿ ਇਸ ਕੰਮ ਲਈ ਪੈਸੇ ਦੀ ਕਮੀ ਨਾ ਆਉਣ ਦੇਣ ਤੇ ਕਿਸੇ ਵੀ ਨੌਜੁਆਨ ਨੂੰ ਮਜ਼ਦੂਰੀ ਕਰਨ ਲਈ ਬਾਹਰ ਜਾਣ ਦੀ ਲੋੜ ਨਾ ਰਹੇ।
8. ਅਕਾਲ ਤਖ਼ਤ ਵਲੋਂ ਦੇਸ਼-ਵਿਦੇਸ਼ ਦੇ ਸਿੱਖਾਂ ਨੂੰ ਹੋਕਾ ਦਿਤਾ ਜਾਵੇ ਕਿ ਸਿੱਖ ਪੰਥ ਦਾ ਅਸਲ ਮਾਣ ਸਤਿਕਾਰ ਵਧਾਉਣ ਵਾਲਾ ਵੱਡਾ ਹਿੱਸਾ, ਜਿਸ ਦੇ ਕਿਸਾਨ ਦੁਨੀਆਂ ਦੇ ਬੇਹਤਰੀਨ ਫ਼ੌਜੀ ਵੀ ਦੇਂਦੇ ਹਨ ਤੇ ਅੰਨ-ਦਾਤਾ ਵੀ ਹਨ, ਅੱਜ ਸਿਆਸੀ ਤਖ਼ਤਾਂ ਦੀਆਂ ਗ਼ਲਤੀਆਂ ਕਾਰਨ ਡਾਢੀ ਔਕੜ ’ਚ ਫਸੇ ਹੋਏ ਹਨ ਤੇ ਨਵੀਂ ਪਨੀਰੀ, ਖੇਤੀ ਨੂੰ ਘਾਟੇ ਵਾਲਾ ਕੰਮ ਕਹਿ ਕੇ ਵਿਦੇਸ਼ਾਂ ’ਚ ਜਾ ਕੇ ਮਜ਼ਦੂਰੀ ਕਰਨ ਲਈ ਮਾਂ-ਬਾਪ ਦਾ ਸੱਭ ਕੁੱਝ ਵੇਚ ਵੱਟ ਕੇ ਜਹਾਜ਼ੇ ਚੜ੍ਹ ਰਹੀ ਹੈ। ਆਉ ਅਪਣੀ ਕੌਮ ਦੇ 70 ਫ਼ੀ ਸਦੀ ਭਾਗ ਨੂੰ ਤ੍ਰਿਪਤ, ਸ਼ਾਂਤ ਅਤੇ ਖ਼ੁਦ-ਕਫ਼ੈਲ ਹੋਣ ਵਿਚ ਮਦਦ ਕਰਨ ਲਈ ਇਕ ਵਾਰ ਇਨ੍ਹਾਂ ਦੇ ਕਰਜ਼ੇ ਥੋੜ੍ਹਾ-ਥੋੜ੍ਹਾ ਹਿੱਸਾ ਪਾ ਕੇ ਪੰਥ ਦਾ ਹਰ ਬੱਚਾ ਰਲ ਕੇ ਲਾਹ ਦੇਵੇ।
9. ਅਕਾਲ ਤਖ਼ਤ ਵਲੋਂ 12000 ਪਿੰਡਾਂ ਵਿਚ ਇਕੋ ਸਮੇਂ ਪਤਿਤਪੁਣੇ ਵਿਰੁਧ ਲਹਿਰ ਚਲਾਈ ਜਾਵੇ ਤੇ ਹਰ ਪਿੰਡ ’ਚ ‘ਅਕਾਲ ਜੱਥੇ’ ਕਾਇਮ ਕਰੇ।
10. ਪੰਥ ਦਾ ਬੱਚਾ-ਬੱਚਾ ਕਿਸਾਨਾਂ ਸਿਰ ਚੜ੍ਹੇ ਕਰਜ਼ੇ, ਰਲ ਮਿਲ ਕੇ, ਅਕਾਲ ਤਖ਼ਤ ਦੀ ਅਗਵਾਈ ਹੇਠ, ਲਾਹ ਦੇਵੇ। ਇਸ ਨਾਲ ਪੰਥ ਦਾ 70 ਫ਼ੀ ਸਦੀ ਹਿੱਸਾ ਚਿੰਤਾ-ਮੁਕਤ ਹੋ ਜਾਏਗਾ।
ਇਹ ਉਹ ਕੰਮ ਹਨ ਜਿਹੜੇ ਪਹਿਲੇ ਦੋ ਸਾਲਾਂ ਵਿਚ ਪੂਰੇ ਕਰਨ ਦਾ ਟੀਚਾ ਮਿਥਿਆ ਜਾਵੇ ਅਤੇ ਇਹ ਕੰਮ ਪੂਰੇ ਹੋਣ ਤੋਂ ਬਾਅਦ ਅੱਗੇ ਕੀਤੇ ਜਾਣ ਵਾਲੇ ਕੰਮ :
11. ਸਾਰਾ ਪੰਥ, ਪੰਜਾਬ ਦਾ ਸਾਰਾ ਕਰਜ਼ਾ ਅਪਣੇ ਉਤੇ ਲੈ ਲਵੇ ਤੇ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਕੰਮ, ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਕਰ ਵਿਖਾਵੇ। ਇਹ ਕਰਜ਼ਾ ਲਾਹੁਣਾ ਸਰਕਾਰ ਦਾ ਕੰਮ ਹੈ ਪਰ ਜਿਥੇ ਸਰਕਾਰਾਂ ਫ਼ੇਲ ਹੋਈਆਂ ਹਨ, ਉਥੇ ਅਕਾਲ ਤਖ਼ਤ ਇਹ ਕੰਮ ਕਰ ਦਿਖਾਵੇ ਤਾਂ ਅਕਾਲ ਤਖ਼ਤ ਦਾ ਰੁਤਬਾ ਕਿਸ ਉਚਾਈ ’ਤੇ ਪਹੁੰਚ ਜਾਏਗਾ, ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਦੁਨੀਆਂ ਦੇ ਲੋਕ ਇਥੋਂ ਰੋਸ਼ਨੀ ਤੇ ਅਗਵਾਈ ਲੈਣ ਲਈ ਦੌੜੇ ਆਉਣਗੇ। ਸਾਰਾ ਪੰਜਾਬ ਤਾਂ ਅਕਾਲ ਤਖ਼ਤ ਤੋਂ ਬਲਿਹਾਰ ਜਾਏਗਾ ਹੀ।
12. ਅੰਧ-ਵਿਸ਼ਵਾਸ, ਕਰਮ-ਕਾਂਡ, ਕਰਾਮਾਤਾਂ ਤੇ ਕਥਾ-ਕਹਾਣੀਆਂ ਵਿਰੁਧ ਮੋਰਚਾ ਕਾਇਮ ਕਰ ਕੇ, ਸਾਰੇ ਦੇਸ਼ ਦੇ ਧਾਰਮਕ ਵਾਤਾਵਰਣ ਵਿਚ ਫੈਲੇ ਇਸ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਅਕਾਲ ਤਖ਼ਤ ਦੀ ਅਗਵਾਈ ਵਿਚ ਮੋਰਚਾ, ਸਾਰੇ ਦੇਸ਼ ਵਿਚ ਹੀ ਲਗਾਤਾਰ ਕੰਮ ਸ਼ੁਰੂ ਕਰ ਦੇਵੇਗਾ। ਭਾਰਤ ਭਰ ’ਚੋਂ ਬੁਧੀਜੀਵੀ, ਸਮਾਜ ਸੇਵੀ ਤੇ ਸਿਆਣੇ ਲੋਕ ਅਕਾਲ ਤਖ਼ਤ ਨਾਲ ਜੁੜ ਜਾਣਗੇ ਤੇ ਸਿੱਖੀ ਦਾ ਬੋਲਬਾਲਾ ਹਿੰਦੁਸਤਾਨ ਭਰ ਵਿਚ ਹੋਣ ਲੱਗ ਜਾਏਗਾ। ਬਾਬਾ ਨਾਨਕ ਸਾਨੂੰ ਬਹੁਤ ਕੁੱਝ ਦੇ ਗਏ ਹਨ, ਅਸੀ ਉਸ ਦੀ ਵਰਤੋਂ ਤਾਂ ਕਰਨੀ ਸ਼ੁਰੂ ਕਰੀਏ। ਅਸੀ ਤਾਂ ਅਪਣੀ ਮੱਤ ਦੇ ਹੀ ਡੰਕੇ ਵਜਾਉਂਦੇ ਰਹਿੰਦੇ ਹਾਂ, ਗੁਰੂ-ਮੱਤ ਜਾਂ ਗੁਰਮਤਿ ਦੀ ਤਾਂ ਗੱਲ ਹੀ ਨਹੀਂ ਕਰਦੇ। (ਅਕਾਲ ਪੁਰਖ ਹੀ ਇਕੋ ਇਕ ਗੁਰੂ ਹੈ ਤੇ ਉਸ ਦੇ ‘ਸ਼ਬਦ’ ਨੂੰ ਕੁਦਰਤ ਦੀ ਹਰ ਹਰਕਤ ’ਚੋਂ ਸਮਝਣਾ ਹੀ ਗੁਰਮਤਿ ਹੈ)।
13. ਆਖ਼ਰੀ ਗੱਲ ਕਿ ਮੰਨ ਲਿਆ ਜਾਏ ਕਿ ਸਿੱਖ ਧਰਮ ਇਕ ਵਿਕਾਸ ਕਰ ਰਿਹਾ ਫ਼ਲਸਫ਼ਾ ਹੈ ਤੇ ਇਸ ਸਟੇਜ ਤੇ ਇਸ ਦੇ ਵਿਕਾਸ ਨੂੰ ‘ਵਿਰੋਧ’ ਜਾਂ ਅਪਮਾਨ ਕਹਿ ਕੇ ਮੂੰਹ ਬੰਦ ਨਹੀਂ ਕਰਨੇ ਚਾਹੀਦੇ। ਮਾਰਕਸਵਾਦ ਦੇ ਕਈ ਰੂਪ ਸਾਹਮਣੇ ਆ ਚੁੱਕੇ ਹਨ ਕਿਉਂਕਿ ਕੋਈ ਪੁਜਾਰੀ ਉਨ੍ਹਾਂ ਨੂੰ ਰੋਕਣ ਵਾਲਾ ਨਹੀਂ। ਇਸ ਨਾਲ ਉਹ ਅਮੀਰ ਹੀ ਹੋਇਆ ਹੈ।
ਸਿੱਖੀ ਵਿਚ ਤਾਂ ਰਲਾ ਹੀ ਬਹੁਤ ਪਾ ਦਿਤਾ ਗਿਆ ਹੈ ਤੇ ਝੂਠ ਨੂੰ ਸੱਚ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ। ਪੁਜਾਰੀਵਾਦ ਦਾ ਡੰਡਾ ਇਸ ਫ਼ਰਕ ਨੂੰ ਮਿਟਾ ਤਾਂ ਨਹੀਂ ਸਕੇਗਾ ਪਰ ਧਰਮ ਦਾ ਵਿਕਾਸ ਰੋਕ ਜ਼ਰੂਰ ਦੇਵੇਗਾ ਜਿਵੇਂ ਹੁਣ ਤਕ ਹੋਇਆ ਹੈ।
ਇਸ ਲਈ ‘ਸਜ਼ਾ ਦੇਣ’ ਦੀ ਬਜਾਏ, ਅਕਾਲ ਤਖ਼ਤ ਅਪਣੀ ਰਾਏ ਦੇਣ ਦੀ ਪਿਰਤ ਸ਼ੁਰੂ ਕਰ ਸਕਦਾ ਹੈ। ਹਰ ਨਵੀਂ ਰਾਏ ਦੇਣ ਵਾਲੇ ਮਗਰ ਲਾਠੀ ਚੁਕ ਕੇ ਪੈ ਜਾਣਾ ਵਿਕਾਸ ਨੂੰ ਰੋਕਣ ਤੁਲ ਹੀ ਹੁੰਦਾ ਹੈ। ਸੋ ਜਥੇਦਾਰ ਨੂੰ ਕੇਵਲ, ਵਿਦਵਾਨਾਂ ਨਾਲ ਚਰਚਾ ਕਰ ਕੇ ਅਕਾਲ ਤਖ਼ਤ ਦੀ ਰਾਏ ਹੀ ਦੇਣੀ ਚਾਹੀਦੀ ਹੈ ਤੇ ਦੂਜਿਆਂ ਦੀ ਰਾਏ ਸੁਣਨੀ ਚਾਹੀਦੀ ਹੈ। ‘ਅਦਾਲਤੀ’ ਜਾਂ ‘ਥਾਣੇਦਾਰੀ’ ਵਾਲੀ ਪਿਰਤ ਪੂਰੀ ਤਰ੍ਹਾਂ ਤਿਆਗ਼ ਦਿਤੀ ਜਾਣੀ ਚਾਹੀਦੀ ਹੈ। ਈਸਾਈ ਧਰਮ ਵਿਚ ਪੋਪ ਪਹਿਲਾਂ ਉਹੀ ਕੁੱਝ ਕਰਦਾ ਸੀ ਜੋ ਅੱਜ ਸਾਡੇ ਜਥੇਦਾਰ ਕਰਦੇ ਹਨ।
ਅੱਜ ਈਸਾਈ ਵਿਦਵਾਨ ਤੇ ਲੇਖਕ ਹਜ਼ਾਰ ਤਰ੍ਹਾਂ ਦੀ ਵੱਖ ਵੱਖ ਰਾਏ ਦੇ ਰਹੇ ਹਨ ਪਰ ਚਰਚ ਉਨ੍ਹਾਂ ਨੂੰ ਕੁੱਝ ਨਹੀਂ ਕਹਿ ਸਕਦਾ, ਕੇਵਲ ਅਪਣੀ ਰਾਏ ਦੇ ਸਕਦਾ ਹੈ। ਇਸ ਤਰ੍ਹਾਂ ਕਰ ਕੇ ਸਿੱਖੀ ਨੂੰ ਮਾਡਰਨ ਯੁਗ ਦਾ ਫ਼ਲਸਫ਼ਾ ਬਣਨ ਦਿਤਾ ਜਾਣਾ ਚਾਹੀਦਾ ਹੈ ਤੇ ਅਕਾਲ ਤਖ਼ਤ ਨੂੰ ਮਾਡਰਨ ਯੁਗ ਦੀ ਸੰਸਥਾ। ਬਾਕੀ ਪੁਜਾਰੀਵਾਦ ਦੀ ਮਰਜ਼ੀ।
ਪਰ ਕੀ ਤਖ਼ਤ ’ਤੇ ਬੈਠੇ ‘ਮਹਾਨ’ ਪੁਜਾਰੀਆਂ ਨੂੰ ਇਹ ਸੁਝਾਅ ਚੰਗੇ ਵੀ ਲਗਣਗੇ? ਬਿਲਕੁਲ ਚੰਗੇ ਨਹੀਂ ਲਗਣੇ ਕਿਉਂਕਿ ਇਨ੍ਹਾਂ ਸੁਝਾਵਾਂ ਤੇ ਅਮਲ ਕਰਨ ਲਈ ਕੁਰਬਾਨੀ ਕਰਨੀ ਪਵੇਗੀ, ਰੜੇ ਮੈਦਾਨਾਂ ਵਿਚ ਘੁੰਮਣਾ ਪਵੇਗਾ ਤੇ ਅਪਣਾ ਸੁੱਖ ਆਰਾਮ ਛੱਡ ਕੇ ਪੰਥ ਦੇ ਸੁੱਖ ਆਰਾਮ ਲਈ ਕੰਮ ਕਰਨਾ ਪਵੇਗਾ।
ਜਿਸ ਤਰ੍ਹਾਂ ਅੱਜ ਕਿਸਾਨ ਦੇ ਪੁੱਤਰ ਹੱਲ ਆਪ ਨਹੀਂ ਵਾਹੁਣਾ ਚਾਹੁੰਦੇ ਤੇ ਭਈਆਂ ਕੋਲੋਂ ਕੰਮ ਕਰਵਾ ਕੇ ਆਪ ਸੁਖੀ ਹੋਣਾ ਲੋਚਦੇ ਹਨ, ਇਸੇ ਤਰ੍ਹਾਂ ਸਾਡੇ ‘ਜਥੇਦਾਰ’ ਤੇ ਹੋਰ ਧਰਮ-ਪ੍ਰਚਾਰਕ ਵੀ ਦਫ਼ਤਰ ਦਾ ਸੁੱਖ ਆਰਾਮ ਛੱਡ ਕੇ, ਲੋਕਾਂ ਖ਼ਾਤਰ ਪਿੰਡ ਪਿੰਡ ਘੁੰਮਣ ਦਾ ਜੋਖ਼ਮ ਉਠਾਉਣ ਲਈ ਤਿਆਰ ਨਹੀਂ ਹੋਣਾ ਚਾਹੁੰਦੇ ਤੇ ਹਾਕਮਾਂ, ਸਿਆਸੀ ਮਾਲਕਾਂ ਦੀਆਂ ਘੁਰਕੀਆਂ, ਗਾਲਾਂ ਤੇ ਅਸਭਿਅਕ ਭਾਸ਼ਾ ਨੂੰ ਬਰਦਾਸ਼ਤ ਕਰਦੇ ਰਹਿੰਦੇ ਹਨ ਪਰ ਝੂਠੇ ਸੁਖ ਆਰਾਮ ਨੂੰ ਕਦੇ ਨਹੀਂ ਤਿਆਗ਼ਣਗੇ, ਪੰਥ ਭਾਵੇਂ...! ਇਹ ਅਪਣੇ ਅਪਣੇ ਆਪ ਨੂੰ ਸਮਝਾ ਲੈਂਦੇ ਹਨ ਕਿ ਚਲੋ ਸਿਆਸੀ ਮਾਲਕਾਂ ਦੀਆਂ ਝਿੜਕਾਂ ਖਾਣੀਆਂ ਪੈਂਦੀਆਂ ਹਨ ਤਾਂ ਫਿਰ ਕੀ ਹੋਇਆ, ਸਿਆਸੀ ਮਾਲਕਾਂ ਦੀ ਸਰਪ੍ਰਸਤੀ ਕਾਰਨ ਹੀ ਉਹ ਵੱਡੇ ਵੱਡੇ ਵਿਦਵਾਨਾਂ, ਗੁਰਮੁਖਾਂ ਤੇ ਭਲੇ ਲੋਕਾਂ ਨੂੰ ਜ਼ਲੀਲ ਕਰ ਕੇ ਵੀ ਤਾਂ ਅਨੰਦ ਪ੍ਰਾਪਤ ਕਰ ਲੈਂਦੇ ਹਨ ਤੇ ਮਾਇਆ ਵੀ ਘਰ ਬੈਠਿਆਂ ਉਨ੍ਹਾਂ ਕੋਲ ਆਪੇ ਆਪ ਆਈ ਜਾਂਦੀ ਹੈ। ਸੋ ਫਿਰ ਪੰਥ ਲਈ ਹੱਡ-ਭੰਨਵੀਂ ਮਿਹਨਤ ਕਰ ਕੇ ਕੀ ਲੈਣਾ ਹੈ....?