ਟਰਾਂਟੋ ਅੰਦਰ ਮਾਨਵਤਾ ਦਾ ਘਾਣ ਅਤਿ ਪੀੜਾਜਨਕ 
Published : May 8, 2018, 8:42 am IST
Updated : May 8, 2018, 8:42 am IST
SHARE ARTICLE
Wolf Attack
Wolf Attack

ਕਿਸੇ ਨੂੰ ਚਿੱਤ-ਚੇਤਾ ਹੀ ਨਹੀਂ ਸੀ ਕਿ ਅਜਿਹੇ ਸੁਹਾਵਣੇ ਮੌਸਮ ਵਿਚ ਮਾਨਵਤਾ ਦੇ ਘਾਣ ਵਾਲਾ ਅਤਿ ਪੀੜਾਜਨਕ ਤੇ ਘਿਨਾਉਣਾ ਕਾਰਨਾਮਾ ਵਰਤ ਜਾਵੇਗਾ।

ਬੀਤੇ ਮਹੀਨੇ 23 ਅਪ੍ਰੈਲ ਨੂੰ ਟਰਾਂਟੋ, ਜੋ ਕੈਨੇਡਾ ਦੇ ਔਂਟਾਰੀਉ ਸੂਬੇ ਦੀ ਰਾਜਧਾਨੀ ਹੈ, ਵਿਖੇ ਪਿਛਲੇ ਕੁੱਝ ਦਿਨਾਂ ਦੀ ਬਰਫ਼ਬਾਰੀ ਤੋਂ ਬਾਅਦ ਪਹਿਲੀ ਖਿੜੀ ਹੋਈ ਧੁੱਪ ਨਿਕਲੀ ਸੀ। ਬੱਚੇ, ਬੁੱਢੇ ਤੇ ਨੌਜੁਆਨ ਫ਼ੁਰਸਤ ਦੇ ਸਮੇਂ ਵਿਚ ਇਸ ਧੁੱਪ ਦਾ ਆਨੰਦ ਮਾਣ ਰਹੇ ਸਨ। ਕਿਸੇ ਨੂੰ ਚਿੱਤ-ਚੇਤਾ ਹੀ ਨਹੀਂ ਸੀ ਕਿ ਅਜਿਹੇ ਸੁਹਾਵਣੇ ਮੌਸਮ ਵਿਚ ਮਾਨਵਤਾ ਦੇ ਘਾਣ ਵਾਲਾ ਅਤਿ ਪੀੜਾਜਨਕ ਤੇ ਘਿਨਾਉਣਾ ਕਾਰਨਾਮਾ ਵਰਤ ਜਾਵੇਗਾ।
ਵਿਸ਼ਵ ਤੇ ਪਛਮੀ ਜਗਤ ਵਿਚ ਕੈਨੇਡਾ ਇਕ ਬਹੁਤ ਹੀ ਸ਼ਾਂਤੀਪਸੰਦ, ਵਿਕਸਤ ਤੇ ਮੇਲ-ਮਿਲਾਪ ਭਰੇ ਭਾਈਚਾਰੇ ਵਾਲਾ ਦੇਸ਼ ਹੈ। ਰੂਸ ਤੋਂ ਬਾਅਦ ਖੇਤਰਫ਼ਲ ਦੇ ਲਿਹਾਜ਼ ਨਾਲ ਵਿਸ਼ਵ ਦੇ ਦੂਜੇ ਸੱਭ ਤੋਂ ਵੱਡੇ ਦੇਸ਼ ਅੰਦਰ ਕਰੀਬ 3 ਕਰੋੜ, 60 ਲੱਖ ਦੀ ਛੋਟੀ ਜਹੀ ਆਬਾਦੀ ਵਿਚ ਵੱਖ-ਵੱਖ ਰੰਗਾਂ, ਭਾਸ਼ਾਵਾਂ, ਧਰਮਾਂ, ਮਜ਼ਹਬਾਂ, ਇਲਾਕਿਆਂ ਦੇ ਲੋਕ ਪੂਰੀ ਦੁਨੀਆਂ ਵਿਚੋਂ ਇਥੇ ਆ ਕੇ ਮਿਲਜੁਲ ਕੇ, ਸਹਿਣਸ਼ੀਲਤਾ, ਮਿਲਵਰਤਣ, ਭਾਈਚਾਰਕ ਸਾਂਝ ਦੇ ਮਾਹੌਲ ਵਿਚ ਰਹਿੰਦੇ ਹਨ। ਇਸ ਕਰ ਕੇ ਇਸ ਦੇਸ਼ ਨੂੰ ਪ੍ਰਵਾਸੀਆਂ ਦਾ ਦੇਸ਼ ਕਹਿੰਦੇ ਹਨ। ਇਥੋਂ ਦੇ ਮੂਲ ਲੋਕਾਂ ਦੀ ਬਹੁਤ ਥੋੜੀ ਆਬਾਦੀ ਹੈ, ਜੋ ਬਹੁਤਾ ਕਰ ਕੇ ਦੂਰ-ਦੁਰਾਡੇ ਇਲਾਕਿਆਂ ਵਿਚ ਵਸੇ ਹੋਏ ਹਨ। ਮਾਰੂ ਸੋਮਵਾਰ ਨੂੰ ਅਲੈਕ ਮਿਨਾਸ਼ੀਅਨ ਨਾਮਕ 25 ਸਾਲ ਦੇ ਨੌਜਵਾਨ ਨੇ ਰਾਈਡਰ ਵੈਨ ਕਿਰਾਏ ਉਤੇ ਲਈ। ਰਾਜਧਾਨੀ ਟਰਾਂਟੋ ਅੰਦਰ ਉਤਰੀ ਯਾਰਕ ਦੇ ਇਲਾਕੇ ਵਿਚ ਯੌਂਗ ਸਟਰੀਟ ਦੇ ਪੈਦਲ ਚਲਣ ਵਾਲੇ ਰਾਹ ਉਤੇ ਬਾਅਦ ਦੁਪਹਿਰ ਕਰੀਬ 1:10 ਵਜੇ ਦਿਨ-ਦਿਹਾੜੇ ਫਿੰਚ ਤੋਂ ਲੈ ਕੇ ਸ਼ੈਫ਼ਰਡ ਐਵੀਨਿਊ ਤਕ ਕਰੀਬ 22 ਮਿੰਟ ਜੋ ਵੀ ਅੱਗੇ ਆਇਆ ਇਹ 'ਲੋਨ ਵੁਲਫ਼' ਲਤਾੜਦਾ, ਕੁਚਲਦਾ, ਮਿਧਦਾ ਚਲਾ ਗਿਆ। ਆਦਮੀਆਂ-ਔਰਤਾਂ ਦੀਆਂ ਚੀਕਾਂ, ਫੁਹਾਰੇ ਵਾਂਗ ਚਲਦੇ ਖ਼ੂਨ ਅਤੇ ਇਲਾਕੇ ਵਿਚ ਫੈਲੀ ਹਫ਼ੜਾ-ਦਫ਼ੜੀ ਦਾ ਇਸ ਉਤੇ ਕੋਈ ਅਸਰ ਨਹੀਂ ਪਿਆ। ਆਦਮੀ, ਔਰਤਾਂ ਅਤੇ ਨੌਜਵਾਨਾਂ ਤੋਂ ਇਲਾਵਾ ਰਸਤੇ ਵਿਚ ਲਗਾਏ ਬੈਂਕਾਂ, ਮੇਲ ਬਾਕਸਾਂ, ਅਗਨੀ ਹਾਈਡਰੈਂਟਾਂ, ਬਸ ਸ਼ੈਲਟਰਾਂ ਆਦਿ ਨੂੰ ਅੰਨ੍ਹਾ ਹੋਇਆ ਲਤਾੜਦਾ ਚਲਾ ਗਿਆ। ਬਹੁਤ ਸਾਰੇ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਛਾਲ ਮਾਰ ਕੇ ਖ਼ੁਦ ਨੂੰ ਬਚਾਇਆ।ਜਿਥੋਂ-ਜਿਥੋਂ ਇਹ ਲੰਘਦਾ ਗਿਆ ਖ਼ੂਨ ਨਾਲ ਲਥਪਥ ਲਾਸ਼ਾਂ ਵਿਛਦੀਆਂ ਚਲੀਆਂ ਗਈਆਂ। ਕਿਸੇ ਦਾ ਸਿਰ, ਕਿਸੇ ਦਾ ਧੜ, ਕਿਸੇ ਦੀਆਂ ਲੱਤਾਂ-ਬਾਹਾਂ ਕੁਚਲੀਆਂ ਗਈਆਂ। ਕਿਸੇ ਦੀਆਂ ਹੱਡੀਆਂ, ਜੁੱਤੇ, ਬੈਗ, ਐਨਕਾਂ ਅਤੇ ਹੋਰ ਸਮਾਨ ਇਧਰ ਉੱਧਰ ਖਿਲਰਿਆ ਪਿਆ ਸੀ। ਦਿਲਾਂ ਨੂੰ ਹਿਲਾ ਦੇਣ ਵਾਲਾ ਅਤਿਦਰਦਨਾਕ, ਪੀੜਾਜਨਕ, ਡਰਾਉਣਾ ਅਤੇ ਲੂੰ-ਕੰਡੇ ਖੜੇ ਕਰ ਦੇਣ ਵਾਲਾ ਮੰਜ਼ਰ ਚਾਰ-ਚੁਫ਼ੇਰੇ ਫੈਲਿਆ ਹੋਇਆ ਸੀ। ਕਰੀਬ 1:27 ਵਜੇ ਇਕ ਵਿਅਕਤੀ ਨੇ 911 ਨੰਬਰ ਉਤੇ ਪੁਲਿਸ ਨੂੰ ਜਾਣਕਾਰੀ ਦਿਤੀ। ਕਰੀਬ 1:52 ਵਜੇ ਪੁਲਿਸ ਨੇ ਵੈਨ ਡਰਾਈਵਰ 'ਲੋਨ ਵੁਲਫ਼' ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਅਤਿਮੰਦਭਾਗੀ ਘਟਨਾ, ਜੋ 2-2 ਕਿਲੋਮੀਟਰ ਇਲਾਕੇ ਵਿਚ ਵਾਪਰੀ, ਵਿਚ 10 ਵਿਅਕਤੀ ਮਾਰੇ ਗਏ ਅਤੇ 15 ਦੇ ਕਰੀਬ ਜ਼ਖ਼ਮੀ ਹੋਏ। ਜਦੋਂ ਪੁਲਿਸ ਅਫ਼ਸਰ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਕ ਕਾਲੀ ਜਹੀ ਚੀਜ਼ ਨਾਲ ਉਸ ਨੂੰ ਡਰਾਉਂਦਿਆਂ ਵਾਰ ਵਾਰ ਕਿਹਾ ਕਿ ਉਸ ਦੇ ਸਿਰ ਵਿਚ ਗੋਲੀ ਮਾਰ ਦਿਉ। ਬਾਅਦ ਵਿਚ ਪਤਾ ਲੱਗਣ ਉਤੇ ਇਹ ਕਾਲੀ ਜਹੀ ਚੀਜ਼ ਮੋਬਾਈਲ ਨਿਕਲਿਆ। ਪਰ ਪੁਲਿਸ ਅਫ਼ਸਰ ਨੇ ਅਪਣੇ ਕਿੱਤਾਕਾਰੀ ਠਰੰਮੇ ਦਾ ਮੁਜ਼ਾਹਰਾ ਕਰਦਿਆਂ ਅਪਣਾ ਹਥਿਆਰ ਨਾ ਚਲਾਇਆ ਤਾਕਿ ਇਕ ਹੋਰ ਵਿਅਕਤੀ ਨਾ ਮਾਰਿਆ ਜਾਵੇ। ਅਪਣੀ ਸੰਵੇਦਨਸ਼ੀਲਤਾ ਤੇ ਕਾਬੂ ਰਖਦੇ ਹੋਏ ਆਖ਼ਰ ਉਸ ਨੂੰ ਕਾਬੂ ਕਰ ਹੀ ਲਿਆ। ਪੁਲਿਸ ਮੁਖੀ ਮਾਰਕ ਸੌਂਡਰਜ਼ ਨੇ ਅਪਣੇ ਪੁਲਿਸ ਅਫ਼ਸਰ ਦੀ ਰੱਜ ਕੇ ਸ਼ਲਾਘਾ ਕੀਤੀ, ਜਿਸ ਨੇ ਸਮਝਦਾਰੀ, ਸ਼ਾਂਤੀ ਭਰੇ ਜਜ਼ਬੇ ਨਾਲ ਮੌਕੇ ਦੀ ਨਜ਼ਾਕਤ ਉਤੇ ਤੇਜ਼ ਬਾਜ਼ ਭਰੀ ਅੱਖ ਰਖਦੇ ਹੋਏ ਦੋਸ਼ੀ ਨੂੰ ਫੜਿਆ। ਬਹੁਤ ਸਾਰੇ ਲੋਕਾਂ, ਸੀਨੀਅਰ ਵਕੀਲਾਂ ਅਤੇ ਸ਼ਹਿਰੀਆਂ ਨੇ ਇਸ ਪੁਲਿਸ ਅਫ਼ਸਰ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਉਹ ਸੱਚਮੁਚ ਉੱਚ ਪੁਲਿਸ ਮੈਡਲ ਨਾਲ ਨਿਵਾਜੇ ਜਾਣ ਦਾ ਹੱਕਦਾਰ ਹੈ। 
ਰਿਚਮੰਡ ਹਿੱਲ ਦਾ ਰਹਿਣ ਵਾਲਾ ਇਹ ਵਿਅਕਤੀ ਸਾਲ 2011 ਤੋਂ 2018 ਤਕ ਸਥਾਨਕ ਸੈਨਿਕਾਂ ਕਾਲਜ ਵਿਚ ਕੰਪਿਊਟਰ ਦੀ ਪੜ੍ਹਾਈ ਕਰਦਾ ਰਿਹਾ ਹੈ। ਪੁਲਿਸ ਮੁਖੀ ਅਨੁਸਾਰ ਉਸ ਦਾ ਪਿਛਲਾ ਰੀਕਾਰਡ ਅਪਰਾਧੀ ਨਹੀਂ ਰਿਹਾ। ਸਹਿਪਾਠੀਆਂ ਅਨੁਸਾਰ ਉਹ ਘੁਲਣ-ਮਿਲਣ ਵਾਲਾ ਨੌਜੁਆਨ ਨਹੀਂ ਸੀ। ਐਨ.ਬੀ.ਸੀ. ਦੇ ਖੋਜਕਾਰ ਰੀਪੋਰਟ ਜੋਨਾਥਨ ਡੀਨਸਟ ਦਾ ਕਹਿਣਾ ਹੈ ਕਿ ਇਸਲਾ ਵਿਸਟਾ, ਕਾਲਿਫ਼ ਵਿਖੇ ਇਕ ਬੰਦੂਕਧਾਰੀ ਵਲੋਂ ਸੰਨ 2014 ਵਿਚ 6 ਵਿਦਿਆਰਥੀ ਮਾਰਨ ਬਾਰੇ ਉਸ ਨੇ ਹੋਰਨਾਂ ਨਾਲ ਗੱਲਬਾਤ ਅਤੇ ਜਾਣਕਾਰੀ ਹਾਸਲ ਕੀਤੀ ਸੀ। ਪੁਲਿਸ ਮੁਖੀ ਇਸ ਕਾਰਨਾਮੇ ਨੂੰ ਦੇਸ਼ ਦੀ ਸੁਰੱਖਿਆ ਲਈ ਕੋਈ ਖ਼ਤਰਾ ਨਹੀਂ ਮੰਨਦੇ ਅਤੇ ਇਸ ਬਾਰੇ ਸਾਰੇ ਪਹਿਲੂਆਂ ਨੂੰ ਮੱਦੇਨਜ਼ਰ ਰੱਖ ਕੇ ਘੋਖ ਕੀਤੀ ਜਾਵੇਗੀ। ਜੇਕਰ ਅਜਿਹੇ 'ਲੋਨ ਵੁਲਫ਼' ਕਾਰਨਾਮੇ ਉਤੇ ਝਾਤ ਗਹੁ ਨਾਲ ਮਾਰੀ ਜਾਵੇ ਤਾਂ ਬੀਤੇ ਸਮੇਂ ਵਿਚ ਅਜਿਹੇ ਕਈ ਕਾਰਨਾਮੇ ਅੰਜ਼ਾਮ ਦਿਤੇ ਗਏ ਹਨ, ਜਿਨ੍ਹਾਂ ਨੇ ਪਛਮੀ ਜਗਤ ਨੂੰ ਹਿਲਾ ਦਿਤਾ ਅਤੇ ਉਹ ਅਤਿਵਾਦ ਨਾਲ ਸਬੰਧਤ ਪਾਏ ਗਏ ਸਨ। 22 ਅਕਤੂਬਰ 2014 ਨੂੰ ਯੈਰੋਸ਼ਲਮ ਵਿਖੇ ਹਮਸ ਅਬਦੇਲ ਰਹਮਾਨ ਅਲ-ਸ਼ਾਲੂਦੀ ਨੇ ਲਾਈਟ ਰੇਲ ਸਟੇਸ਼ਨ ਅੰਦਰ 'ਲੋਨ ਵੁਲਫ਼' ਵਜੋਂ ਗੱਡੀ ਘੁਮਾ ਕੇ ਇਕ ਤਿੰਨ ਮਹੀਨੇ ਦੀ ਲੜਕੀ ਅਤੇ ਇਕ ਇਕੂਵਾਡੋਰੀਅਨ ਸੈਲਾਨੀ ਨੂੰ ਮਾਰ ਮੁਕਾਇਆ। ਪੁਲਿਸ ਨੇ ਉਸ ਨੂੰ ਫ਼ਲਸਤੀਨ ਹਮਾਸ ਦਾ ਸਹਿਯੋਗੀ ਦਰਸਾਇਆ।

ਜੁਲਾਈ 14, 2016 ਨੂੰ ਫ਼ਰਾਂਸ ਅੰਦਰ ਨਾਈਸ ਵਿਖੇ 31 ਸਾਲਾ ਮੁਹੰਮਦ ਬੁਲੇਲ 'ਲੋਨ ਵੁਲਫ਼' ਨੇ ਟਰੱਕ ਹੇਠ ਕੁਚਲ ਕੇ 86 ਲੋਕ ਮਾਰ ਦਿਤੇ ਸਨ। ਟਿਉਨੇਸ਼ੀਆ ਨਿਵਾਸੀ ਇਹ ਵਿਅਕਤੀ ਆਈ.ਐਸ. ਨਾਲ ਸਬੰਧਤ ਸੀ। ਦਸੰਬਰ 19, 2016 ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਅਨੀਸ ਅਮਰੀ 24 ਸਾਲ ਟਿਉਨੇਸ਼ੀਆ ਦੇ ਅਤਿਵਾਦੀ ਨੇ ਟਰੈਕਟਰ-ਟਰਾਲੀ ਚੋਰੀ ਕਰ ਕੇ ਕ੍ਰਿਸਮਸ ਬਜ਼ਾਰ ਵਿਚ 12 ਵਿਅਕਤੀ ਕੁਚਲ ਕੇ ਮਾਰ ਦਿਤੇ। ਇਹ ਵਿਅਕਤੀ ਵੀ ਆਈ.ਐਸ. ਨਾਲ ਸਬੰਧਤ ਅਤਿਵਾਦੀ ਸੀ। 12 ਮਾਰਚ 2017 ਨੂੰ ਇਕ ਅਤਿਵਾਦੀ ਨੇ ਬਰਤਾਨੀਆ ਦੀ ਰਾਜਧਾਨੀ ਲੰਦਨ ਵਿਚ 4 ਵਿਅਕਤੀ ਨੂੰ ਕੁਚਲ ਕੇ ਮਾਰ ਦਿਤੇ। ਫਿਰ 19 ਜੂਨ 2017 ਨੂੰ ਲੰਡਨ ਵਿਖੇ ਡੈਰਨ ਆਸਬੋਰਨ ਨਾਮਕ ਵਿਅਕਤੀ ਨੇ ਵੈਨ ਨਾਲ ਕੁਚਲ ਕੇ ਇਕ ਵਿਅਕਤੀ ਨੂੰ ਮਾਰ ਦਿਤਾ ਤੇ 11 ਹੋਰ ਜ਼ਖ਼ਮੀ ਕਰ ਦਿਤੇ। 
ਸਪੇਨ ਅੰਦਰ ਅਗੱਸਤ 16-18, 2017 ਨੂੰ ਦੋ ਆਈ.ਐਸ. ਅਤਿਵਾਦੀਆਂ ਨੇ ਬਾਰਸੀਲੋਨਾ ਵਿਖੇ 13 ਲੋਕਾਂ ਨੂੰ ਕੁਚਲ ਕੇ ਮਾਰ ਦਿਤਾ। ਇਕ ਹੋਰ ਘਟਨਾ ਵਿਚ 13 ਵਿਅਕਤੀ ਮਾਰ ਦਿਤੇ ਅਤੇ 100 ਜ਼ਖ਼ਮੀ ਕਰ ਦਿਤੇ। ਸੋਮਾਲੀਅਨ ਰਿਫਿਊਜੀ ਨੇ 30 ਸਤੰਬਰ 2017 ਨੂੰ ਐਡਮਿੰਟਨ ਵਿਖੇ ਇਕ ਪੁਲਿਸ ਸਿਪਾਹੀ ਨੂੰ ਸ਼ੈਵਰਲੇ ਕਾਰ ਨਾਲ ਕੁਚਲਣ ਮਗਰੋਂ ਚਾਕੂ ਦੇ ਵਾਰਾਂ ਨਾਲ ਮਾਰ ਦਿਤਾ ਗਿਆ। ਪੁਲਿਸ ਨੇ ਇਸ ਨੂੰ ਫੜ ਲਿਆ। 31 ਅਕਤੂਬਰ 2017 ਨੂੰ ਆਈ.ਐਸ. ਹਮਾਇਤੀ ਸੈਫ਼ੁਲੋ ਹਬੀਬਉਲਾਵਿਕ ਸੈਪੋਣ ਨੇ ਪਿੱਕਅਪ ਟਰੱਕ ਹੇਠ ਕੁਚਲ ਕੇ 8 ਰਾਹਗੀਰ ਨਿਊਯਾਰਕ ਸ਼ਹਿਰ ਵਿਖੇ ਮਾਰ ਦਿਤੇ। ਜਿਵੇਂ ਵਿਸ਼ਵ ਪੱਧਰ ਤੇ ਅਤਿਵਾਦ, ਬੇਰੁਜ਼ਗਾਰੀ, ਸਮਾਜਕ ਅਸੰਤੋਸ਼ ਅਤੇ ਨਫ਼ਰਤ ਫੈਲੀ ਹੋਈ ਹੈ। ਇਸ ਮਾਹੌਲ ਵਿਚ ਕੋਈ ਪਤਾ ਨਹੀਂ ਚਲਦਾ ਕਦੋਂ ਕੋਈ ਸਿਰਫਿਰਿਆ ਅਤਿਵਾਦੀ, ਮਾਨਸਕ ਤੌਰ ਉਤੇ ਬੀਮਾਰ ਵਿਅਕਤੀ, ਪ੍ਰੇਸ਼ਾਨ ਨੌਜਵਾਨ ਕਿਸੇ ਵੀ ਦੇਸ਼ ਅੰਦਰ ਕਿਸੇ ਵੀ ਥਾਂ ਉਤੇ 'ਲੋਨ ਵੁਲਫ਼' ਵਾਲਾ ਘਿਨਾਉਣਾ ਕਾਰਨਾਮਾ ਕਰ ਦੇਵੇ। ਕਿਸੇ ਸ਼ੱਕੀ, ਹਥਿਆਰਬੰਦ, ਅਤਿਵਾਦੀ ਗਿਰੋਹ ਜਾਂ ਗੈਂਗਸਟਰਾਂ ਨਾਲ ਸਬੰਧਤ ਵਿਅਕਤੀ ਦੀ ਨਿਸ਼ਾਨਦੇਹੀ ਤਾਂ ਖੁਫ਼ੀਆ ਏਜੰਸੀਆਂ ਵਲੋਂ ਕੀਤੀ ਜਾ ਸਕਦੀ ਹੈ ਪਰ ਵੱਖ-ਵੱਖ ਤਰ੍ਹਾਂ ਦੇ ਵਾਹਨਾਂ ਨੂੰ ਹਥਿਆਰ ਵਜੋਂ ਵਰਤੋਂ ਕਰਨ ਵਾਲੇ 'ਲੋਨ ਵੁਲਫਾਂ' ਦੀ ਜਾਣਕਾਰੀ ਹਾਸਲ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਕੈਨੇਡਾ ਅੰਦਰ ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਇਸ ਡਰਾਉਣੇ ਅਤੇ ਦਿਲ ਦਹਿਲਾ ਦੇਣ ਵਾਲੇ ਕਾਰਨਾਮੇ ਤੋਂ ਬਾਅਦ ਕੈਨੇਡਾ ਅਤੇ ਟਰਾਂਟੋ ਵਾਸੀਆਂ ਨੂੰ ਅਫ਼ਵਾਹਾਂ, ਸੋਸ਼ਲ ਮੀਡੀਆ, ਨਫ਼ਰਤ ਅਤੇ ਗੁੱਸੇ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਸ਼ਾਂਤੀ, ਭਾਈਚਾਰਾ, ਆਪਸੀ ਮਿਲਵਰਤਣ ਕਾਇਮ ਰੱਖਣ ਲਈ ਤਾਕੀਦ ਕੀਤੀ ਹੈ। ਟਰਾਂਟੋ ਦੇ ਮੇਅਰ ਜਾਹਨ ਟੋਰੀ ਨੇ ਕਿਹਾ ਕਿ 'ਮੈਂ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਸ਼ਹਿਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅਜਿਹਾ ਮੁੜ ਨਾ ਵਾਪਰੇ ਬਾਰੇ ਚੁਕੰਨੇ ਹਾਂ। ਅਸੀ ਚਾਹੁੰਦੇ ਹਾਂ ਕਿ ਅਜਿਹਾ ਵਿਸ਼ਵ ਦੇ ਕਿਸੇ ਹਿੱਸੇ ਵਿਚ ਨਾ ਵਾਪਰੇ।' ਔਂਟਾਰੀਉ ਰਾਜ ਦੀ ਪ੍ਰੀਮੀਅਰ ਕੈਥਲੀਨ ਵਿੰਨੀ ਨੇ ਕਿਹਾ ਕਿ 'ਸਥਿਤੀ ਨਾਜ਼ੁਕ ਅਤੇ ਡਰਾਉਣੀ ਹੈ। ਪ੍ਰੋਵਿੰਸ਼ੀਅਲ ਸੁਰੱਖਿਆ ਸਲਾਹਕਾਰ ਨੇ ਪੂਰੀ ਜਾਣਕਾਰੀ ਦਿਤੀ ਹੈ। ਲੋਕਾਂ ਦੀ ਜਾਣਕਾਰੀ ਲਈ ਮੈਂ ਦਸਣਾ ਚਾਹੁੰਦੀ ਹਾਂ ਕਿ ਹਰ ਪੱਧਰ ਤੇ ਸਰਕਾਰੀ ਅਧਿਕਾਰੀ ਅਤੇ ਪੁਲਿਸ ਮਿਲ ਕੇ ਕੰਮ ਕਰ ਰਹੇ ਹਨ।' 
ਫ਼ੈਡਰਲ ਕੰਜਰਵੇਟਿਵ ਲੀਡਰ ਐਂਡਰਿਉ ਸ਼ੀਰ ਨੇ ਕਿਹਾ ਕਿ 'ਸਾਡੀਆਂ ਦੁਆਵਾਂ ਟਰਾਂਟੋ ਦੀ ਇਸ ਘਟਨਾ ਦੇ ਸ਼ਿਕਾਰ ਹੋਏ ਲੋਕਾਂ ਨਾਲ ਹੈ।' ਔਂਟਾਰੀਉ ਦੇ ਕੰਜਰਵੇਟਿਵ ਆਗੂ ਡਰਗ ਫੋਰਡ ਨੇ ਵੀ ਅਜਿਹੇ ਵਿਚਾਰ ਪ੍ਰਗਟ ਕੀਤੇ। ਰਾਜ ਦੀ ਐਨ.ਡੀ.ਪੀ. ਆਗੂ ਐਂਡਰਿਆ ਹਾਰਵਥ ਦਾ ਕਹਿਣਾ ਹੈ, 'ਇਸ ਔਖੀ ਘੜੀ ਵਿਚ ਹਰ ਟਰਾਂਟੋ ਵਾਸੀ ਨੂੰ ਆਪੋ ਅਪਣਾ ਰੋਲ ਨਿਭਾਉਣਾ ਚਾਹੀਦਾ ਹੈ। ਪੀੜਤ ਲੋਕਾਂ ਦੇ ਪ੍ਰਵਾਰਾਂ, ਭਾਈਚਾਰੇ ਅਤੇ ਉਨ੍ਹਾਂ ਨਾਲ ਹਮਦਰਦੀ ਜਿਤਾਈ ਜਾਵੇ। ਟਰਾਂਟੋ ਨਾਲ ਪਿਆਰ ਕਾਇਮ ਰੱਖਣ ਅਤੇ ਡਰ ਭੈਅ ਨਾਲੋਂ ਵੱਧ ਮਜ਼ਬੂਤੀ ਰੱਖਣ ਦੀ ਲੋੜ ਹੈ।'
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੁੱਖ ਦੀ ਘੜੀ ਵੇਲੇ ਪੀੜਤ ਲੋਕਾਂ ਅਤੇ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਦੇਸ਼ਵਾਸੀਆਂ ਨੂੰ ਭਰੋਸਾ ਦਿਤਾ ਕਿ 'ਅਧਿਕਾਰੀ ਜਾਣਕਾਰੀ ਪ੍ਰਾਪਤ ਕਰਨ ਵਿਚ ਰੁੱਝੇ ਹੋਏ ਹਨ, ਇਸ ਬਾਰੇ ਜਲਦ ਲੋਕਾਂ ਨੂੰ ਦਸਿਆ ਜਾਵੇਗਾ। ਪੂਰੇ ਦੇਸ਼ ਵਿਚ ਸੁਰੱਖਿਆ ਦਸਤਿਆਂ ਨੂੰ ਮੁਸਤੈਦ ਰਹਿਣ ਲਈ ਕਿਹਾ ਗਿਆ ਹੈ।' ਕੈਨੇਡਾ ਦੇ ਲੋਕ ਇਸ ਘਟਨਾ ਬਾਰੇ ਜਾਣਨ ਲਈ ਉਤਸੁਕਤ ਹਨ ਕਿ ਕੀ ਕੋਈ ਅਤਿਵਾਦੀ ਜਾਂ ਹੋਰ ਦੇਸ਼ ਵਿਰੋਧੀ ਤੱਤ ਤਾਂ ਇਸ ਪਿੱਛੇ ਨਹੀਂ? ਓਟਾਵਾ ਅਤੇ ਐਡਮਿੰਟਨ ਵਰਗੀਆਂ ਨਿਕੀਆਂ ਅਤਿਵਾਦੀ ਦੀਆਂ ਘਟਨਾਵਾਂ ਤੋਂ ਇਲਾਵਾ ਕੈਨੇਡਾ ਵਿਚ ਅਤਿਵਾਦੀ ਘਟਨਾਵਾਂ ਦਾ ਪੱਧਰ ਅਤੇ ਅਮਰੀਕਾ ਵਰਗੇ ਦੇਸ਼ਾਂ ਉਲਟ ਬਚਾਅ ਹੀ ਰਿਹਾ ਹੈ। ਇਥੋਂ ਦਾ ਸਮਾਜਕ, ਰਾਜਨੀਤਕ, ਧਾਰਮਕ, ਸਭਿਆਚਾਰ ਮੇਲ-ਜੋਲ, ਸ਼ਾਂਤੀ ਅਤੇ ਆਪਸੀ ਪਿਆਰ ਭਰੀ ਸਹਿਹੋਂਦ ਭਰਿਆ ਹੈ। ਅਜਿਹੇ ਸਭਿਆਚਾਰ ਨੂੰ ਭਵਿੱਖ ਵਿਚ ਹੋਰ ਮਜ਼ਬੂਤ ਤੇ ਨਸਲੀ ਜਾਂ ਮਜ਼ਹਬੀ ਨਫ਼ਰਤਾਂ ਤੋਂ ਦੂਰ ਰਖਣ ਦੀ ਲੋੜ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement