Bhai Mani Singh Ji Martyrdom: ਬੰਦ-ਬੰਦ ਕਟਵਾਉਣ ਵਾਲੇ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼
Published : Jul 9, 2025, 3:16 pm IST
Updated : Jul 9, 2025, 10:49 am IST
SHARE ARTICLE
Bhai Mani Singh Ji Death History In Punjabi shaheedi diwas
Bhai Mani Singh Ji Death History In Punjabi shaheedi diwas

ਭਾਈ ਮਨੀ ਸਿੰਘ ਦਾ ਜਨਮ 10 ਮਾਰਚ 1644 ਈ: (ਚੇਤਰ ਸੁਦੀ 12, ਸੰਮਤ 1701 ਬਿਕਰਮੀ) ਨੂੰ ਭਾਈ ਮਾਈ ਦਾਸ ਦੇ ਘਰ ਹੋਇਆ

Bhai Mani Singh Ji Martyrdom: ਸਿੱਖ ਕੌਮ ਪਾਸ ਅਣਗਿਣਤ ਸ਼ਹੀਦ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਗੌਰਵਮਈ ਵਿਰਾਸਤ ਹੈ, ਜਿਸ ਤਰ੍ਹਾਂ ਗੁਰੂ ਪਰੰਪਰਾ ਦੇ ਵਿੱਚ ਦੁਨਿਆਵੀ ਉਮਰ ਦੀ ਕੋਈ ਅਹਿਮੀਅਤ ਨਹੀਂ ਹੈ, ਉਸੇ ਤਰ੍ਹਾਂ ਸ਼ਹੀਦੀਆਂ ਵਿੱਚ ਵੀ ਉਮਰ ਦਾ ਕੋਈ ਅਰਥ ਨਹੀਂ ਹੈ। ਇਥੇ ਤਾਂ ਜੋਤ ਦਾ ਮਹੱਤਵ ਹੈ।ਜੋਤ ਕਦੀ ਵੀ ਦੁਨਿਆਵੀ ਉਮਰ ਦੇ ਹਿਸਾਬ ਨਾਲ ਛੋਟੀ ਜਾਂ ਵੱਡੀ ਨਹੀਂ ਹੁੰਦੀ।

ਸਿੱਖ ਇਤਿਹਾਸ ਦਾ ਸ਼ਾਇਦ ਹੀ ਕੋਈ ਪੰਨਾ ਐਸਾ ਹੋਵੇਗਾ, ਜਿਸ ਉੱਤੇ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਦਾ ਜ਼ਿਕਰ ਨਾ ਹੁੰਦਾ ਹੋਵੇ। ਦੁਨੀਆਂ ਵਿੱਚ ਸਭ ਤੋਂ ਘੱਟ ਉਮਰ ਦੀ ਘੱਟ ਗਿਣਤੀ ਕੌਮ ਆਪਣੇ ਮਹਾਨ ਫ਼ਲਸਫ਼ੇ, ਸਿਧਾਂਤ, ਸਦਾਚਾਰ, ਸਭਿਆਚਾਰ, ਕੁਰਬਾਨੀ, ਉਦਮੀ, ਸਿਰੜੀ, ਤਿਆਗੀ ਆਦਿ ਸਦਗੁਣਾਂ ਅਤੇ ਇਕ ਸ਼ਾਨਾ-ਮੱਤੇ ਇਤਿਹਾਸ ਦੀ ਵਾਰਿਸ ਹੋਣ ਕਰਕੇ ਸਿੱਖ ਕੌਮ ਇੱਕ ਵਿਲੱਖਣ ਅਤੇ ਵਿਸ਼ੇਸ਼ ਮਹੱਤਵ ਵਾਲੀ ਕੌਮ ਹੈ। ਦੁਨੀਆਂ ਅੰਦਰ ਆਪਣੇ ਹੀ ਸੁੱਖ ਲਈ ਲੋਚਣਾ ਅਤੇ ਸੋਚਣਾ ਹੀ ਨਿਰਾਸ਼ਾ ਦਾ ਕਾਰਨ ਹੈ। ਇਹ ਅਵਗੁਣ ਸਿੱਖ ਕੌਮ ਦੇ ਹਿੱਸੇ ਵਿੱਚ ਨਹੀਂ ਆਏ।

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੂੰ ਹਮੇਸ਼ਾਂ ਹੀ ਦੂਜਿਆਂ ਦੀ ਲੋਚਣਾ, ਸੋਚਣਾ, ਦੂਜਿਆਂ ਦੇ ਮਨੁੱਖੀ ਅਧਿਕਾਰਾਂ ਲਈ ਜੂਝਣਾ, ਨੇਕੀ, ਪਰਉਪਕਾਰ ਅਤੇ ਹੱਕ ਸੱਚ ਲਈ ਮਰ ਮਿਟਣਾ ਹਮੇਸ਼ਾਂ ਖੁਸ਼ੀ ਅਤੇ ਸੰਤੁਸ਼ਟੀ ਦਿੰਦਾ ਰਿਹਾ ਹੈ। ਸਿੱਖ ਕੌਮ ਦਾ ਇਤਿਹਾਸ ਗਵਾਹ ਹੈ ਕਿ ਇਸ ਕੌਮ ਨੂੰ ਇਨ੍ਹਾਂ ਉੱਤਮ ਗੁਣਾਂ ਦੀ ਧਾਰਨੀ ਹੋਣ ਕਰਕੇ ਇਨ੍ਹਾਂ ਲਈ ਕੁਰਬਾਨ ਹੋਣ ਦਾ ਮਾਣ ਪ੍ਰਾਪਤ ਹੈ। ਇਸ ਲਾਸਾਨੀ ਅਤੇ ਮਾਣ-ਮੱਤੇ ਇਤਿਹਾਸ ਵਿੱਚ ਇਕ ਇਹੋ-ਜਿਹੇ ਮਰਜੀਵੜੇ ਯੋਧੇ, ਜਿਨ੍ਹਾਂ ਨੂੰ ਪੰਥ ਵਿੱਚ 'ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ' ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਭਾਈ ਮਨੀ ਸਿੰਘ ਜੀ ਦਾ ਜਨਮ ਤੇ ਮਾਤਾ-ਪਿਤਾ

ਭਾਈ ਮਨੀ ਸਿੰਘ ਦਾ ਜਨਮ 10 ਮਾਰਚ 1644 ਈ: (ਚੇਤਰ ਸੁਦੀ 12, ਸੰਮਤ 1701 ਬਿਕਰਮੀ) ਨੂੰ ਭਾਈ ਮਾਈ ਦਾਸ ਦੇ ਘਰ ਹੋਇਆ। ਸ਼ਹੀਦ ਬਿਲਾਸ ਅਨੁਸਾਰ ਉਨ੍ਹਾਂ ਦੇ ਵੱਡੇ ਵਡੇਰਿਆਂ ਦਾ ਸਬੰਧ ਦੀਪ ਬੰਸ ਦੇ ਪੰਵਾਰ ਰਾਜਪੂਤ ਘਰਾਣੇ ਨਾਲ ਸੀ, ਜੋ ਮੁਲਤਾਨ ਦੇ ਨੇੜੇ ਅਲੀਪੁਰ ਦੇ ਰਹਿਣ ਵਾਲੇ ਸਨ। ਇੰਦਰਜੀਤ ਸਿੰਘ ਜੋਧਕਾ ਅਨੁਸਾਰ ਭਾਈ ਮਨੀ ਸਿੰਘ ਦਾ ਜਨਮ 10 ਮਾਰਚ ਸੰਨ 1644 ਈ: ਦਿਨ ਐਤਵਾਰ (ਚੇਤਰ ਸੁਦੀ ਬਾਰ੍ਹਵੀਂ ਸੰਮਤ 1701 ਬਿਕਰਮੀ) ਨੂੰ ਭਾਈ ਮਾਈ ਦਾਸ ਦੇ ਗ੍ਰਹਿ ਪਿੰਡ ਅਲੀਪੁਰ (ਜ਼ਿਲ੍ਹਾ ਮੁਜ਼ੱਫ਼ਰਗੜ੍ਹ) ਹਾਲ ਪਾਕਿਸਤਾਨ ਵਿੱਚ ਹੋਇਆ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਭਾਈ ਮਨੀ ਸਿੰਘ ਦੁੱਲਟ ਚੌਧਰੀ ਕਾਲੇ ਦਾ ਪੁੱਤਰ ਸੀ। ਭਾਈ ਮਨੀ ਸਿੰਘ ਦਾ ਦੁੱਲਟ ਹੋਣਾ ਸਿਰਫ਼ ਗਿਆਨੀ ਗਿਆਨ ਸਿੰਘ ਦੁੱਲਟ ਦੇ ਲੇਖ ਅਨੁਸਾਰ ਲਿਖਿਆ ਗਿਆ ਹੈ। ਕਈ ਲੋਕ ਭਾਈ ਮਨੀ ਸਿੰਘ ਦਾ ਜਨਮ ਕੈਬੋਵਾਲ ਵਿੱਚ ਹੋਇਆ ਮੰਨਦੇ ਹਨ ਪਰ ਪ੍ਰਸਿੱਧ ਖੋਜੀ ਗਿਆਨੀ ਗਰਜਾ ਸਿੰਘ ਨੇ ਸ਼ਹੀਦ ਬਿਲਾਸ ਨਾਮੀ ਪੁਸਤਕ, ਜੋ ਭੱਟ ਵਹੀਆਂ ਦੇ ਆਧਾਰ ’ਤੇ ਲਿਖੀ ਹੈ, ਵਿੱਚ ਭਾਈ ਮਨੀ ਸਿੰਘ ਦਾ ਜਨਮ ਭਾਈ ਮਾਈ ਦਾਸ ਦੇ ਘਰ 10 ਮਾਰਚ ਸੰਨ 1644 ਈ: ਵਿੱਚ ਮੱਧਰੀ ਬਾਈ ਜੀ ਦੀ ਕੁੱਖੋਂ ਪਿੰਡ ਅਲੀਪੁਰ ਵਿੱਚ ਹੋਇਆ ਲਿਖਿਆ ਹੈ। ਭਾਈ ਮਾਈ ਦਾਸ ਜੀ ਦੀਆਂ ਦੋ ਪਤਨੀਆਂ ਸਨ। ਭਾਈ ਮਨੀ ਸਿੰਘ ਹੋਰੀਂ ਕੁੱਲ 12 ਭਰਾ ਸਨ।

ਜਦੋਂ ਭਾਈ ਮਨੀ ਸਿੰਘ 13 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਭਾਈ ਮਾਈ ਦਾਸ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨ ਕਰਨ ਲਈ ਕੀਰਤਪੁਰ ਸਾਹਿਬ ਲੈ ਆਏ। ਬਾਲਕ ਮਨੀਏ ਨੇ ਜਦੋਂ ਗੁਰੂ ਜੀ ਦੇ ਚਰਨਾਂ ’ਚ ਸੀਸ ਝੁਕਾਇਆ ਤਾਂ ਗੁਰੂ ਜੀ ਨੇ ਹੋਣਹਾਰ ਮਨੀਏ ਨੂੰ ਦੇਖ ਕੇ ਫ਼ਰਮਾਇਆ ਕਿ ਇਹ ਬਾਲਕ ਸਾਰੇ ਜਗਤ ਵਿੱਚ ਪ੍ਰਸਿੱਧੀ ਹਾਸਲ ਕਰੇਗਾ। ਜਦੋਂ ਉਹ 15 ਸਾਲ ਦੇ ਹੋਏ ਤਾਂ ਉਨ੍ਹਾਂ ਦਾ ਵਿਆਹ ਭਾਈ ਲੱਖੀ ਰਾਏ ਦੀ ਪੁੱਤਰੀ ਬੀਬੀ ਸੀਤੋ ਬਾਈ ਨਾਲ ਹੋਇਆ। ਭਾਈ ਮਨੀ ਸਿੰਘ, ਗੁਰੂ ਹਰਿਰਾਏ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੇਵਾ ਵਿੱਚ ਰਹੇ। ਫਿਰ ਗੁਰੂ ਸਾਹਿਬ ਦੇ ਦਿੱਲੀ ਵਿੱਚ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਗੁਰੂ ਤੇਗ਼ ਬਹਾਦਰ ਦੀ ਸੇਵਾ ਵਿੱਚ ਬਕਾਲੇ ਪਿੰਡ ਆ ਹਾਜ਼ਰ ਹੋਏ। ਜਦੋਂ ਗੁਰੂ ਤੇਗ਼ ਬਹਾਦਰ ਪੂਰਬ ਦੇ ਇਲਾਕਿਆਂ ’ਚ ਧਰਮ ਪ੍ਰਚਾਰ ਕਰਕੇ ਵਾਪਸ ਆਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਮਨੀ ਸਿੰਘ ਵੀ ਆਨੰਦਪੁਰ ਆ ਗਏ। ਇੱਥੇ ਰਹਿ ਕੇ ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ ਸੇਵਾ ਸੰਭਾਲੀ। ਜਦੋਂ ਗੁਰੂ ਤੇਗ਼ ਬਹਾਦਰ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਗਏ ਤਾਂ ਭਾਈ ਮਨੀ ਸਿੰਘ ਦੀ ਸੇਵਾ ਗੁਰੂ ਗੋਬਿੰਦ ਸਿੰਘ ਜੀ ਕੋਲ ਠਹਿਰਣ ਦੀ ਲੱਗੀ।

ਭੰਗਾਣੀ ਦਾ ਯੁੱਧ 

ਸੰਨ 1688 ਈ: ਵਿੱਚ ਭੰਗਾਣੀ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਭਾਈ ਮਨੀ ਸਿੰਘ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਜੌਹਰ ਦਿਖਾਏ। ਇਸੇ ਜੰਗ ਵਿੱਚ ਉਨ੍ਹਾਂ ਦੇ ਭਰਾ ਭਾਈ ਹਰੀ ਚੰਦ ਸ਼ਹੀਦੀ ਪਾ ਗਏ। ਸੰਨ 1690 ਈ: ਨੂੰ ਨਦੌਣ ਦੀ ਜੰਗ ਵਿੱਚ ਉਨ੍ਹਾਂ ਦੀ ਬਹਾਦਰੀ ਤੇ ਗੁਰੂ ਸਿਦਕ ਨੂੰ ਦੇਖ ਕੇ ਗੁਰੂ ਜੀ ਨੇ ਉਨ੍ਹਾਂ ਨੂੰ ‘ਦੀਵਾਨ’ ਦੀ ਉਪਾਧੀ ਬਖ਼ਸ਼ੀ। ਜਦੋਂ ਸੰਨ 1699 ਈ: ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖ਼ਾਲਸਾ ਸਾਜਿਆ ਤਾਂ ਭਾਈ ਮਨੀ ਸਿੰਘ ਨੇ ਆਪਣੇ ਭਰਾਵਾਂ ਦੇ ਸਪੁੱਤਰਾਂ ਸਮੇਤ ਖੰਡੇ-ਬਾਟੇ ਦੀ ਪਾਹੁਲ ਛਕੀ। ਉਸ ਵੇਲੇ ਉਨ੍ਹਾਂ ਦਾ ਨਾਂ ‘ਮਨੀਏ’ ਤੋਂ ‘ਮਨੀ ਸਿੰਘ’ ਹੋਇਆ। ਭਾਈ ਸਾਹਿਬ ਆਨੰਦਪੁਰ ਸਾਹਿਬ ਵਿਖੇ ਸੰਗਤ ਨੂੰ ਹਰ ਰੋਜ਼ ਗੁਰਬਾਣੀ ਦੀ ਕਥਾ ਸੁਣਾਇਆ ਕਰਦੇ ਸਨ। ਅੰਮ੍ਰਿਤਸਰ ਦੇ ਸਿੱਖਾਂ ਵੱਲੋਂ ਬੇਨਤੀ ਕਰਨ ’ਤੇ ਗੁਰੂ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਨੂੰ ਪੰਜ ਸਿੱਖਾਂ ਸਮੇਤ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਸੇਵਾ-ਸੰਭਾਲ ਲਈ ਸੇਵਾਦਾਰ ਨਿਯੁਕਤ ਕਰਕੇ ਭੇਜਿਆ। ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿੱਚ ਵਾਧਾ ਕਰਕੇ ਸਿੱਖੀ ਦਾ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ।

ਆਨੰਦਪੁਰ ਸਾਹਿਬ ਦੀ ਪਹਿਲੀ ਜੰਗ

ਆਨੰਦਪੁਰ ਸਾਹਿਬ ਦੀ ਪਹਿਲੀ ਜੰਗ, ਜਿਸ ਵਿੱਚ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਪਿਆ ਕੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ, ਉਸ ਵਿੱਚ ਭਾਈ ਮਨੀ ਸਿੰਘ ਦੇ ਪੁੱਤਰਾਂ ਭਾਈ ਬਚਿੱਤਰ ਸਿੰਘ ਤੇ ਭਾਈ ਉਦੈ ਸਿੰਘ ਨੇ ਮੁਕਾਬਲਾ ਕੀਤਾ ਸੀ। ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਭਾਈ ਸਾਹਿਬ ਦੇ ਪੰਜ ਪੁੱਤਰ ਸ਼ਾਮਲ ਸਨ। ਸੰਮਤ 1761 ਬਿਕਰਮੀ ਸੰਨ 1704 ਈ: ਵਿੱਚ ਜਦੋਂ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਭਾਈ ਮਨੀ ਸਿੰਘ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨੂੰ ਲੈ ਕੇ ਦਿੱਲੀ ਪਹੁੰਚੇ ਤੇ ਉਨ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹੇ। ਸੰਮਤ 1762-63 ਬਿਕਰਮੀ ਸੰਨ 1705-06 ਈ: ਵਿੱਚ ਭਾਈ ਮਨੀ ਸਿੰਘ, ਮਾਤਾ ਸਾਹਿਬ ਕੌਰ ਨਾਲ ਦਮਦਮਾ ਸਾਹਿਬ ਪੁੱਜੇ। ਇੱਥੇ ਹੀ ਗੁਰੂ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦੀ ‘ਦਮਦਮੀ ਬੀੜ’ ਲਿਖਵਾਈ। ਇਸ ਗ੍ਰੰਥ ਵਿੱਚ ਗੁਰੂ ਤੇਗ਼ ਬਹਾਦਰ ਦੀ ਬਾਣੀ ਵੀ ਦਰਜ ਕਰਵਾਈ। ਇਸੇ ਬੀੜ ਨੂੰ ਮਗਰੋਂ ਨਾਂਦੇੜ ਵਿਖੇ ਗੁਰਗੱਦੀ ਪ੍ਰਦਾਨ ਕੀਤੀ ਗਈ।

ਤੱਤ ਖ਼ਾਲਸਾ ਤੇ ਬੰਦਈ ਖ਼ਾਲਸਾ 

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਜਦੋਂ ਸਿੱਖਾਂ ਵਿੱਚ ਤੱਤ ਖ਼ਾਲਸਾ ਤੇ ਬੰਦਈ ਖ਼ਾਲਸਾ ਵਿੱਚ ਮੱਤਭੇਦ ਹੋ ਗਏ ਤਾਂ ਝਗੜਾ ਨਿਬੇੜਨ ਲਈ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਭੇਜਿਆ। ਜਦੋਂ ਉਹ ਅੰਮ੍ਰਿਤਸਰ ਆਏ ਤਾਂ ਦੋਹਾਂ ਧੜਿਆਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸੰਭਾਲਣ ’ਤੇ ਹੀ ਝਗੜਾ ਨਿੱਬੜ ਸਕਦਾ ਹੈ। ਸੰਨ 1721 ਈ: ਸੰਮਤ 1778 ਬਿਕਰਮੀ ਵਿੱਚ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦਾ ਗ੍ਰੰਥੀ ਥਾਪਿਆ ਗਿਆ। ਇਹ ਸੇਵਾ ਕਰਦਿਆਂ ਭਾਈ ਮਨੀ ਸਿੰਘ ਨੇ ‘ਗਿਆਨ ਰਤਨਾਵਲੀ’ ਤੇ ‘ਭਗਤ ਰਤਨਾਵਲੀ’ ਪੁਸਤਕਾਂ ਦੀ ਰਚਨਾ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਹੱਥ ਲਿਖਤ ਬੀੜ ਵੀ ਤਿਆਰ ਕੀਤੀ।

ਭਾਈ ਮਨੀ ਸਿੰਘ ਤਪੱਸਵੀ, ਕੁਸ਼ਲ ਲਿਖਾਰੀ, ਗੁਰਬਾਣੀ ਅਰਥ-ਬੋਧ ਦੇ ਗਿਆਤਾ, ਤੀਰ ਅੰਦਾਜ਼ੀ ਤੇ ਤਲਵਾਰ ਚਲਾਉਣ ਵਿੱਚ ਨਿਪੁੰਨ ਸਨ। ਸਰੀਰਕ ਪੱਖੋਂ ਪਤਲੇ, ਚੁਸਤ ਤੇ ਮਜ਼ਬੂਤ ਜੁੱਸੇ ਵਾਲੇ ਫੁਰਤੀਲੇ ਜੁਝਾਰੂ ਸਨ। ਜੰਗ ਦੇ ਮੈਦਾਨ ਵਿੱਚ ਜਦੋਂ ਜੂਝਦੇ ਤਾਂ ਹਨੇਰੀ ਲੈ ਆਉਂਦੇ। ਜਦ ਗੁਰੂ ਦਰਬਾਰ ਵਿੱਚ ਕਥਾ ਕਰਦੇ ਤਾਂ ਸੰਗਤ ਵਿੱਚ ਸਿਦਕ ਤੇ ਉਤਸ਼ਾਹ ਭਰ ਦਿੰਦੇ। ਭਾਈ ਮਨੀ ਸਿੰਘ ਦਾ ਸਾਰਾ ਪਰਿਵਾਰ 11 ਭਰਾ, 10 ਪੁੱਤਰਾਂ ’ਚੋਂ 7 ਪੁੱਤਰ ਤੇ ਕਈ ਪੋਤਰੇ ਸਿੱਖੀ ਸਿਦਕ ਨੂੰ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ।

18ਵੀਂ ਸਦੀ ਦੇ ਆਰੰਭ ਵਿੱਚ ਇੱਕ ਪਾਸੇ ਸਿੱਖਾਂ ’ਤੇ ਅੱਤਿਆਚਾਰ ਹੋ ਰਹੇ ਸਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਆਉਣ ਦੀ ਆਗਿਆ ਨਹੀਂ ਸੀ ਦਿੱਤੀ ਜਾਂਦੀ। ਜਦੋਂ ਉਹ ਆਉਂਦੇ ਸਨ ਤਾਂ ਉਨ੍ਹਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਅੰਮ੍ਰਿਤਸਰ ਦੀ ਦੀਵਾਲੀ ਦਾ ਮੇਲਾ ਕਈ ਸਾਲਾਂ ਤੋਂ ਲਾਹੌਰ ਦੇ ਹਾਕਮਾਂ ਨੇ ਬੰਦ ਕਰ ਦਿੱਤਾ ਸੀ। ਭਾਈ ਮਨੀ ਸਿੰਘ ਨੇ ਭਾਈ ਸੂਰਤ ਸਿੰਘ ਤੇ ਭਾਈ ਸੁਬੇਗ ਸਿੰਘ ਦੀ ਮਦਦ ਨਾਲ ਦੀਵਾਲੀ ਮੌਕੇ ਅੰਮ੍ਰਿਤਸਰ ਵਿੱਚ ਮੇਲਾ ਕਰਨ ਦੀ ਲਾਹੌਰ ਦੇ ਸੂਬੇਦਾਰ ਤੋਂ ਆਗਿਆ ਲੈ ਲਈ। ਲਾਹੌਰ ਦੇ ਹਾਕਮਾਂ ਨੇ ਇੱਕ ਸ਼ਰਤ ’ਤੇ ਮੇਲਾ ਕਰਨ ਦੀ ਆਗਿਆ ਦਿੱਤੀ ਕਿ ਜੇ ਉਨ੍ਹਾਂ ਨੂੰ ਬਤੌਰ ਮਟੈਕਸ ਪੰਜ ਹਜ਼ਾਰ ਰੁਪਏ (ਕੁਝ ਇਤਿਹਾਸਕਾਰਾਂ ਅਨੁਸਾਰ ਦਸ ਹਜ਼ਾਰ ਰੁਪਏ) ਅਦਾ ਕੀਤਾ ਜਾਵੇ। ਭਾਈ ਮਨੀ ਸਿੰਘ ਨੇ ਦੂਰ-ਨੇੜੇ ਸਿੱਖ ਸੰਗਤ ਨੂੰ ਅੰਮ੍ਰਿਤਸਰ ਦੀਵਾਲੀ ’ਤੇ ਆਉਣ ਲਈ ਸੱਦੇ ਭੇਜ ਦਿੱਤੇ ਗਏ। ਸਾਰੇ ਪ੍ਰਬੰਧ ਮੁਕੰਮਲ ਕਰ ਲਏ ਸਨ। ਦੂਜੇ ਪਾਸੇ ਮੁਗ਼ਲ ਹਾਕਮਾਂ, ਪੰਥ ਵਿਰੋਧੀ ਤਾਕਤਾਂ, ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇੱਕ ਡੂੰਘੀ ਸਾਜਿਸ਼ ਤਿਆਰ ਕੀਤੀ ਕਿ ਜਦੋਂ ਸਿੱਖ ਵੱਡੀ ਤਾਦਾਦ ਵਿੱਚ ਅੰਮ੍ਰਿਤਸਰ ਇਕੱਠੇ ਹੋਣ ਤਾਂ ਉਨ੍ਹਾਂ ਨੂੰ ਘੇਰਾ ਪਾ ਕੇ ਕਤਲ ਕਰ ਦਿੱਤਾ ਜਾਵੇ। ਉਨ੍ਹਾਂ ਨੇ ਆਪਣੀਆਂ ਫ਼ੌਜਾਂ ਅੰਮ੍ਰਿਤਸਰ ਦੇ ਆਲੇ-ਦੁਆਲੇ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਰਕੇ ਨਾ ਲੋਕ ਮੇਲੇ ’ਤੇ ਨਾ ਆਏ, ਨਾ ਸੰਗਤ ਇਕੱਠੀ ਹੋਈ ਤੇ ਨਾ ਚੜ੍ਹਾਵੇ ਦੀ ਆਮਦਨ ਹੋਈ। ਭਾਈ ਮਨੀ ਸਿੰਘ ਨੇ ਵੇਲੇ ਸਿਰ ਇਸ ਬਾਰੇ ਪਤਾ ਲੱਗ ਜਾਣ ’ਤੇ ਸੰਗਤ ਨੂੰ ਰੋਕ ਦਿੱਤਾ ਸੀ ਤੇ ਆਪਣੀ ਸੂਝ-ਬੂਝ ਨਾਲ ਕੌਮ ਨੂੰ ਬਚਾ ਲਿਆ।

ਭਾਈ ਮਨੀ ਸਿੰਘ ਜੀ ਦੀ ਸ਼ਹਾਦਤ

ਜਦੋਂ ਲਾਹੌਰ ਦੇ ਸੂਬੇਦਾਰ ਨੇ ਮੇਲਾ ਟੈਕਸ (ਜਜੀਆ) ਅਦਾ ਕਰਨ ਲਈ ਭਾਈ ਮਨੀ ਸਿੰਘ ਨੂੰ ਕਿਹਾ ਤਾਂ ਭਾਈ ਮਨੀ ਸਿੰਘ ਜੀ ਨੇ ਉੱਤਰ ਦਿੱਤਾ ਕਿ ਜੇ ਮੇਲਾ ਲੱਗਾ ਹੀ ਨਹੀਂ ਫਿਰ ਟੈਕਸ ਕਾਹਦਾ। ਭਾਈ ਮਨੀ ਸਿੰਘ, ਪਰਿਵਾਰ ਦੇ ਮੈਂਬਰਾਂ ਤੇ ਨੇੜਲੇ ਸਬੰਧੀਆਂ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ ਤੇ ਭਾਰੀ ਲਾਲਚ ਦਿੱਤੇ ਗਏ। ਭਾਈ ਸਾਹਿਬ ਲਾਹੌਰ ਜੇਲ੍ਹ ਵਿੱਚ ਵੀ ਸਵੇਰੇ-ਸ਼ਾਮ ਨਿੱਤਨੇਮ ਤੇ ਕਥਾ ਜ਼ਰੂਰ ਕਰਦੇ। ਜਦੋਂ ਭਾਈ ਸਾਹਿਬ ਨੇ ਲਾਹੌਰ ਦੇ ਸੂਬੇਦਾਰਾਂ ਵੱਲੋਂ ਦਿੱਤੇ ਲਾਲਚ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਲਾਹੌਰ ਦੇ ਸੂਬੇਦਾਰਾਂ ਨੂੰ ਭਾਈ ਮਨੀ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਬੰਦ-ਬੰਦ ਕੱਟ ਦਿੱਤਾ ਜਾਵੇ ਪਰ ਉਹ ਸਿੱਖੀ ਸਿਦਕ ਨਹੀਂ ਛੱਡ ਸਕਦੇ। ਲਾਹੌਰ ਦੇ ਸੂਬੇਦਾਰਾਂ ਨੇ ਜਲਾਦਾਂ ਨੂੰ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟਣ ਦਾ ਹੁਕਮ ਦਿੱਤਾ।
 ਭਾਈ ਮਨੀ ਸਿੰਘ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਦਿੰਦਿਆਂ ਕੁਝ ਇਤਿਹਾਸਕਾਰਾਂ ਤੇ ਲੇਖਕਾਂ ਅਨੁਸਾਰ 1734 ਈ: ਨੂੰ ਪਰ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੰਮਤ 1794 ਬਿਕਰਮੀ ਹਾੜ ਸੁਦੀ ਪੰਚਮੀ, ਸੰਨ 1737 ਈ: ਨੂੰ 93 ਸਾਲ ਦੀ ਉਮਰ ’ਚ ਲਾਹੌਰ ਦੇ ਨਖਾਸ ਚੌਕ ’ਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਮੁਹੰਮਦ ਲਤੀਫ਼ ਨੇ ਭਾਈ ਮਨੀ ਸਿੰਘ ਦਾ ਸ਼ਹੀਦ ਹੋਣਾ ਸੰਮਤ 1785 ਬਿਕਰਮੀ ਨੂੰ ਲਿਖਿਆ ਹੈ। ਭਾਈ ਗਿਆਨ ਸਿੰਘ ਮੱਘਰ ਸੁਦੀ 5, ਸੰਮਤ 1795 ਬਿਕਰਮੀ, ਸੰਨ 1738 ਈ: ਲਿਖਦੇ ਹਨ। ਭਾਈ ਮਨੀ ਸਿੰਘ ਨੇ ਜਿੱਥੇ ਸ਼ਹੀਦੀ ਪਾਈ, ਉੱਥੇ ਸ਼ਹੀਦ ਗੰਜ ਗੁਰਦੁਆਰਾ ਬਣਿਆ ਹੋਇਆ ਹੈ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement