
ਅੱਜ ਤੋਂ 40-45 ਸਾਲ ਪਹਿਲਾਂ ਦਾਣੇ ਭੁੰਨਣ ਵਾਲੀ ਭੱਠੀ ਦੀ ਅਪਣੀ ਮਹੱਤਤਾ ਹੁੰਦੀ ਸੀ। ਨਿਆਣੇ, ਸਿਆਣੇ, ਗਭਰੂ ਤੇ ਮੁਟਿਆਰਾਂ ਦੁਪਹਿਰ ਢਲਦਿਆਂ..............
ਅੱਜ ਤੋਂ 40-45 ਸਾਲ ਪਹਿਲਾਂ ਦਾਣੇ ਭੁੰਨਣ ਵਾਲੀ ਭੱਠੀ ਦੀ ਅਪਣੀ ਮਹੱਤਤਾ ਹੁੰਦੀ ਸੀ। ਨਿਆਣੇ, ਸਿਆਣੇ, ਗਭਰੂ ਤੇ ਮੁਟਿਆਰਾਂ ਦੁਪਹਿਰ ਢਲਦਿਆਂ ਮੱਕੀ ਦੇ ਦਾਣੇ ਜਾਂ ਤਰ੍ਹਾਂ-ਤਰ੍ਹਾਂ ਦੇ ਅਨਾਜਾਂ ਦੇ ਦਾਣੇ ਲੈ ਕੇ ਭੁੱਠੀ ਉਤੇ ਭੁਨਾਉਣ ਲਈ ਭੀੜ ਬਣਦੇ ਸਨ ਅਤੇ ਭੱਠੀ ਤੇ ਵਿਆਹ ਵਾਲੇ ਘਰ ਵਾਂਗ ਭੀੜ ਬਣੀ ਰਹਿੰਦੀ ਸੀ ਅਤੇ ਹਰ ਸ਼ਾਮ ਭਾਗਾਂ ਵਾਲਾ ਹੁੰਦਾ ਸੀ। ਉਨ੍ਹਾਂ ਪੁਰਾਤਨ ਸਮਿਆਂ ਵਿਚ ਭੁੰਨ ਕੇ ਖਾਣ ਵਾਲਾ ਅਨਾਜ ਮੱਕੀ, ਛੋਲੇ, ਜੌਂ, ਕਣਕ, ਬਾਜਰਾ ਆਦਿ ਹੀ ਲੋਕਾਂ ਲਈ ਖਾਣ ਦਾ ਮੁੱਖ ਪਦਾਰਥ ਹੁੰਦਾ ਸੀ। ਪੁਰਾਤਨ ਸਮੇਂ ਦਾਣੇ ਭੁਨਾ ਕੇ ਖਾਣ ਦਾ ਡਾਹਢਾ ਸ਼ੌਕ ਹੁੰਦਾ ਸੀ।
ਜਦੋਂ ਲੋਕ ਤੁਰ ਕੇ ਦੂਰ ਨੇੜੇ ਜਾਂਦੇ ਤਾਂ ਸਫ਼ਰ ਵਿਚ ਅਪਣੀ ਭੁੱਖ ਮਿਟਾਉਣ ਲਈ ਭੁੱਜੇ ਦਾਣੇ ਅਪਣੇ ਨਾਲ ਪਰਨੇ ਵਿਚ ਬੰਨ੍ਹ ਕੇ ਲੈ ਜਾਂਦੇ ਸਨ, ਜਾਂ ਫਿਰ ਸੱਥ ਵਿਚ ਬਹਿ ਕੇ ਲੋਕ ਭੁੱਜੇ ਦੇਣ ਖਾ ਕੇ ਆਨੰਦ ਮਾਣਦੇ ਸਨ। ਅਜਿਹਾ ਆਨੰਦ ਸਵਾਦ ਹੋਰ ਕਿਤੇ ਨਹੀਂ ਸੀ ਆਉਂਦਾ। ਨਾਲੋ ਨਾਲ ਗੱਲਾਂਬਾਤਾਂ ਕਰੀ ਜਾਂਦੇ। ਪੁਰਾਣੇ ਸਮੇਂ ਵਿਚ ਸਾਡੇ ਪਿੰਡ ਅੰਮਾ ਰਾਜੋ ਦਾਣੇ ਭੁੰਨਦੀ ਹੁੰਦੀ ਸੀ। ਉਸ ਦੀ ਭੱਠੀ ਸਾਡੇ ਪਿੰਡ ਦੇ ਇਕ ਪੀਰ ਦੀ ਜਗ੍ਹਾਂ ਉਤੇ ਬਣਾਈ ਹੋਈ ਸੀ। ਉਸ ਜਗ੍ਹਾ ਨੂੰ ਬਾਬਾ ਬੁਰਜ ਕਿਹਾ ਜਾਂਦਾ ਸੀ ਜੋ ਅੱਜ ਵੀ ਮੌਜੂਦ ਹੈ। ਬਾਬੇ ਬੁਰਜ ਦੇ ਵਿਹੜੇ ਸ਼ਾਮ ਨੂੰ ਮੇਲਾ ਜਿਹਾ ਲੱਗ ਜਾਂਦਾ ਸੀ। ਅੰਮਾ ਰਾਜੋ ਉਸ ਵੇਲੇ ਦਾਣੇ ਭੁੰਨਣ ਦਾ ਕੰਮ ਕਰਿਆ ਕਰਦੀ ਸੀ।
ਅੰਮਾ ਰਾਜੋ ਬਹੁਤ ਨਿੱਘੇ ਮਿਲਾਪੜੇ ਸੁਭਾਅ ਦੀ ਮਾਲਕ ਸੀ। ਸਬਰ ਸੰਤੋਖ ਪਿਆਰ ਤੇ ਸਹਿਣਸ਼ੀਲਤਾ ਦੀ ਮੂਰਤ ਸੀ ਅੰਮਾ ਰਾਜੋ। ਸ਼ਾਮ ਦੇ ਸਮੇਂ ਆ ਭੱਠੀ ਝੋਕਦੀ ਸੀ। ਉਹ ਦਾਣੇ ਭੁੰਨਣ ਲਈ ਛੋਲਿਆਂ ਦਾ ਗੁਣਾ, ਛਟੀਆਂ ਦੀ ਰਹਿੰਦ-ਖੁੰਹਦ, ਸਰ੍ਹੋਂ ਦੇ ਸਲਰੇ ਆਦਿ ਬਾਲਣ ਦਾ ਪਹਿਲਾਂ ਹੀ ਪ੍ਰਬੰਧ ਕਰ ਕੇ ਰਖਦੀ ਸੀ। ਅੰਮਾ ਰਾਜੋ ਭੱਠੀ ਨਾਲ ਬਹੁਤ ਪਿਆਰ ਕਰਦੀ ਸੀ। ਉਹ ਭੱਠੀ ਨੂੰ ਹਮੇਸ਼ਾ ਲਿੱਪ ਪੋਚ ਰਖਦੀ ਸੀ। ਭਾਵੇਂ ਅੰਮਾ ਸਾਰਾ ਦਿਨ ਅਪਣੇ ਹੋਰ ਕੰਮਾਂਕਾਰਾਂ ਵਿਚ ਰੁੱਝੀ ਰਹਿੰਦੀ ਸੀ ਪਰ ਭੱਠੀ ਨੂੰ ਹਮੇਸ਼ਾ ਨਵ-ਵਿਆਹੀ ਵਹੁਟੀ ਵਾਂਗ ਸਵਾਰ ਕੇ ਰਖਦੀ ਸੀ।
ਅੰਮਾ ਕੋਲੋਂ ਦਾਣੇ ਭੁੰਨਾਉਣ ਵਾਲਿਆਂ ਨੂੰ ਭੀੜ ਦੇ ਮੱਦੇਨਜ਼ਰ ਅਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ। ਉਨ੍ਹਾਂ ਸਮਿਆਂ ਵਿਚ ਦਾਣੇ ਭੁੰਨਣ ਦਾ ਏਨਾ ਕੰਮ ਹੁੰਦਾ ਸੀ ਕਿ ਅੰਮਾ ਰਾਜੋ ਦੇ ਘਰ ਦਾ ਗੁਜ਼ਾਰਾ ਵੀ ਦਾਣੇ ਭੁਨਾਉਣ ਵਾਲਿਆਂ ਦੀਆਂ ਚੁੰਗਾਂ ਨਾਲ ਹੀ ਹੋ ਜਾਂਦਾ ਸੀ। ਵੇਖੋ ਕਿੰਨਾ ਵਧੀਆ ਵੇਲਾ ਸੀ। ਜੇਕਰ ਦਾਣੇ ਭੁਨਾਉਣ ਵਾਲਿਆਂ ਦੀ ਵਾਰੀ ਅੱਗੇ ਪਿੱਛੇ ਹੋ ਵੀ ਜਾਂਦੀ ਤਾਂ ਉਹ ਕੋਈ ਗਿਲਾ ਸ਼ਿਕਵਾ ਨਹੀਂ ਸੀ ਕਰਦੇ। ਜੇਕਰ ਕੋਈ ਕਰਦਾ ਵੀ ਤਾਂ ਅੰਮਾ ਰਾਜੋ ਉਸ ਨੂੰ ਕੋਲ ਬਿਠਾ ਕੇ ਦਾਣੇ ਭੁੰਨਦੀ ਤੇ ਗੱਲੀਂਬਾਤੀਂ ਲਗਾ ਕੇ ਉਸ ਦਾ ਗਿਲਾ ਸ਼ਿਕਵਾ ਵੀ ਦੂਰ ਕਰ ਦਿੰਦੀ।
ਸ਼ਾਮ ਦੇ ਸਮੇਂ ਪਿੰਡ ਵਿਚ ਇਕੱਠੀਆਂ ਹੋਈਆਂ ਮੁਟਿਆਰਾਂ ਅੰਮਾ ਰਾਜੋ ਦੇ ਦੁਆਲੇ ਝੁੰਡ ਬਣਾ ਲੈਂਦੀਆਂ ਸਨ। ਜਿਵੇਂ ਚਿੜੀਆਂ ਦਾ ਝੁੰਡ ਦਰੱਖਤ ਉਤੇ ਬੈਠਿਆ ਹੋਵੇ। ਬਸ ਏਦਾਂ ਕੁੜੀਆਂ ਅਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਥਕਦੀਆਂ ਨਹੀਂ ਸਨ। ਅੰਮਾ ਆਵਾਜ਼ ਦਿੰਦੀ ਕਿ ''ਨਿਕੀਏ ਲਿਆ ਦਾਣੇ ਫੜਾ ਤੇਰੀ ਵਾਰੀ ਆ ਗਈ।'' ਅੱਗੋਂ ਨਿਕੀ ਕਹਿੰਦੀ, ''ਅੰਮਾ ਕਿਸੇ ਹੋਰ ਦੇ ਭੁੰਨ ਦੇ, ਮਸਾਂ ਅੱਜ ਮੈਨੂੰ ਮੇਰੀ ਸਹੇਲੀ 'ਭੂੰਡੀ ਮਿਲੀ ਹੈ, ਚਾਰ ਹੋਰ ਗੱਲਾਂ ਕਰ ਲੈਣ ਦੇਹ। ਭੂੰਡੀ ਤਾਂ ਘਰੋਂ ਹੀ ਨਹੀਂ ਨਿਕਲਦੀ। ਬਹੁਤ ਵੱਡੀ ਕਾਮੀ ਬਣੀ ਫਿਰਦੀ ਏ। ਇਸ ਦਾ ਤਾਂ ਕੰਮ ਹੀ ਨਹੀਂ ਮੁਕਦਾ।
ਅੰਮਾ ਇਨ੍ਹਾਂ ਮੁਟਿਆਰਾਂ ਨੂੰ ਭੱਠੀ ਹੇਠ ਝੌਕਾ ਦੇਣ ਲਈ ਕਹਿੰਦੀ ਪਰ ਇਹ ਅਪਣੀਆਂ ਗੱਲਾਂ ਵਿਚ ਏਨੀਆਂ ਮਸ਼ਰੂਫ਼ ਹੁੰਦੀਆਂ ਕਿ ਇਨ੍ਹਾਂ ਨੂੰ ਅੰਮਾ ਰਾਜੋ ਦੀ ਆਵਾਜ਼ ਦਾ ਪਤਾ ਨਾ ਲਗਦਾ। ਇਸ ਦੇ ਪਿਛੋਂ ਅੰਮਾ ਰਾਜੋ ਉੱਚੀ ਆਵਾਜ਼ ਵਿਚ ਬੋਲਦੀ ਤਾਂ ਇਕ ਦਮ ਸਾਰੀਆਂ ਮੁਟਿਆਰਾਂ ਚੁੱਪ ਕਰ ਜਾਂਦੀਆਂ। ਕੋਈ ਨਾ ਕੋਈ ਡਰਦੀ ਮੁਟਿਆਰ ਭੱਜ ਕੇ ਝੌਕਾ ਲਾਉਣਾ ਸ਼ੁਰੂ ਕਰ ਦਿੰਦੀ। ਪਰ ਕੁੱਝ ਸਮੇਂ ਮਗਰੋਂ ਹੀ ਮੁਟਿਆਰਾਂ ਫਿਰ ਚਿੜੀਆਂ ਵਾਂਗ ਚੀਂ-ਚੀਂ ਕਰਨ ਲੱਗ ਜਾਂਦੀਆਂ। ਮੈਂ ਸੋਚਦਾ ਹਾਂ ਕਿੰਨੇ ਨਸੀਬਾਂ ਭਰੇ ਦਿਨ ਤੇ ਵਧੀਆ ਮਾਹੌਲ ਸਨ। ਨਾ ਕਿਸੇ ਨੂੰ ਗੁੱਸਾ, ਨਾ ਕਿਸੇ ਨੂੰ ਸ਼ਿਕਵਾ, ਨਾ ਕਿਸੇ ਨੂੰ ਡਰ, ਨਾ ਕਿਸੇ ਨੂੰ ਕੋਈ ਫਿਕਰ, ਨਾ ਕਿਸੇ ਦੇ ਮਨ ਵਿਚ ਖੋਟ ਹੁੰਦੀ ਸੀ।
ਉਹ ਦਿਨ ਤਾਂ ਨਹੀਂ ਮੁੜਨੇ ਪਰ ਉਹ ਯਾਦਾਂ ਸਾਂਭੀਆਂ ਜਾ ਸਕਦੀਆਂ ਹਨ। ਆਥਣ ਸਮੇਂ ਮਟਿਆਰਾਂ ਛੋਟੇ ਬੱਚੇ ਦਾਣੇ ਭੁੰਨਾ ਕੇ ਆਪੋ ਅਪਣੇ ਘਰਾਂ ਨੂੰ ਚਲੇ ਜਾਂਦੇ ਸਨ। ਇਸ ਮਗਰੋਂ ਮਾਤਾ ਰਾਜੋ ਭੱਠੀ ਚੰਗੀ ਤਰ੍ਹਾਂ ਪੋਚਦੀ ਤੇ ਖਿਲਰੇ ਦਾਣੇ ਬੱਠਲ ਵਿਚ ਪਾ ਕੇ ਘਰੇ ਲੈ ਜਾਂਦੀ ਸੀ। ਭੱਠੀ ਨੂੰ ਪੋਲਾ ਪੋਲਾ ਜਿਹਾ ਲੀੜਾ ਵੀ ਫੇਰਦੀ ਸੀ ਅਤੇ ਜਾ ਕੇ ਅਪਣੇ ਘਰ ਦਾਲ ਰੋਟੀ ਬਣਾਉਣ ਵਿਚ ਰੁੱਝ ਜਾਂਦੀ ਸੀ। ਰਾਤ ਸਮੇਂ ਅਸੀ ਉਸ ਸਮੇਂ ਘਰੋਂ ਰੋਟੀ ਖਾ ਕੇ ਸਿਆਲ ਦੀਆਂ ਠੰਢੀਆਂ ਰਾਤਾਂ ਨੂੰ ਸੇਕ ਦਾ ਨਿੱਘ ਮਾਣਨ ਲਈ ਭੱਠੀ ਦੇ ਆਲੇ ਦੁਆਲੇ ਆ ਜੁੜਦੇ ਸਾਂ। ਅੱਧੀ ਰਾਤ ਤਕ ਗੱਲਾਂ ਜਕੜ ਮਾਰਦੇ ਰਹਿੰਦੇ ਸਾਂ।
ਉਨ੍ਹਾਂ ਦਿਨਾਂ ਵਿਚ ਭਾਵੇਂ ਅਸੀ ਸਾਰੇ ਦਿਨ ਦੇ ਕੰਮ ਕਾਰ ਵਿਚ ਟੁੱਟੇ ਥੱਕੇ ਹੁੰਦੇ ਪਰ ਫਿਰ ਵੀ ਅਸੀ ਭੱਠੀ ਦੁਆਲੇ ਅੱਗ ਸੇਕ ਕੇ ਹਸਦੇ ਖੇਡਦੇ ਰਾਤ ਦਾ ਕਾਫ਼ੀ ਸਮਾਂ ਬਿਤਾ ਦਿੰਦੇ ਸਾਂ। ਸਾਡੇ ਵਿਚੋਂ ਕਈਆਂ ਦੇ ਘਰੋਂ ਆਵਾਜ਼ਾਂ ਆਉਂਦੀਆਂ ਪਰ ਫਿਰ ਉਹ ਸਮਾਂ ਬਹੁਤ ਚੰਗਾ ਸੀ। ਅਸੀ ਕਹਿ ਦੇਣਾ ਚਾਚੀ ਜਾਂ ਤਾਈ ਹੁਣੇ ਹੀ ਘਰ ਆਉਂਦੇ ਹਾਂ। ਪਰ ਫਿਰ ਕਾਫ਼ੀ ਸਮਾਂ ਉਥੇ ਹੀ ਬਤੀਤ ਕਰ ਦੇਣਾ। ਸਾਡੇ ਪਿੰਡ ਦੇ ਸਾਰੇ ਵਸਨੀਕ ਇਕ ਦੂਜੇ ਦੇ ਭਾਈਵਾਲ ਸਨ। ਸਾਡਾ ਹਰ ਰੋਜ਼ ਭੱਠੀ ਉਤੇ ਇਕ ਦੂਜੇ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਮੁੱਖ ਟਿਕਾਣਾ ਸੀ ਅਤੇ ਉਹ ਦਿਨ ਆਉਣੇ ਤਾਂ ਨਹੀਂ ਜੋ ਅਸੀ ਬਿਤਾ ਦਿਤੇ ਹਨ।
ਸਮਾਂ ਰੁਕਦਾ ਨਹੀਂ ਹੈ ਪਰ ਸਾਂਭ ਕੇ ਜ਼ਰੂਰ ਰਖਿਆ ਜਾ ਸਕਦਾ ਹੈ। ਪਰ ਪਿੰਡ ਦੇ ਅੰਦਰ ਬਾਬੇ ਬੁਰਜ ਦੀ ਜਗ੍ਹਾ ਅਜੇ ਉਥੇ ਹੀ ਮੌਜੂਦ ਹੈ। ਵਿਹੜਾ ਵੀ ਹੈ। ਪਰ ਭੱਠੀ ਦਾ ਨਾਮੋ ਨਿਸ਼ਾਨ ਨਹੀਂ ਰਿਹਾ। ਅੱਜ ਮੇਰੀ ਕੋਈ 74-75 ਸਾਲ ਦੀ ਉਮਰ ਹੋ ਗਈ ਹੈ, ਮੈਂ ਅੱਜ ਵੀ ਭੱਠੀ ਦੀਆਂ ਨਿਘੀਆਂ ਯਾਦਾਂ ਨੂੰ ਦਿਲੋਂ ਨਹੀਂ ਭੁਲਾ ਸਕਿਆ। ਅੰਮਾ ਰਾਜੋ ਨੂੰ ਬਹੁਤ ਪਹਿਲਾਂ ਮੌਤ ਨੇ ਅਪਣੇ ਗਲੇ ਲਗਾ ਲਿਆ ਸੀ। ਅੱਜ ਨਿਰਮੋਹੇ ਜਹੇ ਲੋਕਾਂ ਨੇ ਇਹੋ ਜਹੀਆਂ ਪੁਰਾਤਨ ਵਸਤੂਆਂ ਨੂੰ ਅਣਹੋਂਦ ਬਣਾ ਕੇ ਵਿਸਾਰ ਦਿਤਾ ਹੈ। ਸੰਪਰਕ : 98551-43531