ਆਂਡਾ ਬਨਾਮ ਲੀਡਰ
Published : Jun 10, 2018, 4:02 am IST
Updated : Jun 10, 2018, 4:02 am IST
SHARE ARTICLE
Leader
Leader

ਸਿਰਲੇਖ ਪੜ੍ਹ ਕੇ ਤਾਂ ਆਪ ਆਖੋਗੇ ਕਿ ਆਂਡੇ ਅਤੇ ਲੀਡਰ ਦਾ ਕੀ ਸਬੰਧ ਹੈ? ਆਂਡਾ ਤਾਂ ਜਾਨਵਰ ਦੇਂਦੇ ਹਨ ਪਰ ਲੀਡਰ ਲੋਕਾਂ ਦੀ ਸੇਵਾ ਕਰ ਕੇ ਬਣਦਾ ਹੈ। ਜਿਹੜਾ ...

ਸਿਰਲੇਖ ਪੜ੍ਹ ਕੇ ਤਾਂ ਆਪ ਆਖੋਗੇ ਕਿ ਆਂਡੇ ਅਤੇ ਲੀਡਰ ਦਾ ਕੀ ਸਬੰਧ ਹੈ? ਆਂਡਾ ਤਾਂ ਜਾਨਵਰ ਦੇਂਦੇ ਹਨ ਪਰ ਲੀਡਰ ਲੋਕਾਂ ਦੀ ਸੇਵਾ ਕਰ ਕੇ ਬਣਦਾ ਹੈ। ਜਿਹੜਾ ਆਂਡਾ ਮੁਰਗੇ ਤੇ ਮੁਰਗੀ ਦੇ ਸਬੰਧਾਂ ਨਾਲ ਤਿਆਰ ਹੁੰਦਾ ਹੈ, ਉਸ ਨੂੰ ਦੇਸੀ ਆਂਡੇ ਕਹਿੰਦੇ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਆਂਡਾ ਮੁਰਗੀ ਤੇ ਮੁਰਗੇ ਦੇ ਸਬੰਧਾਂ ਤੋਂ ਤਿਆਰ ਨਹੀਂ ਹੁੰਦਾ। ਜਿਹੜੇ ਆਂਡੇ ਇਸ ਤਰ੍ਹਾਂ ਤਿਆਰ ਹੁੰਦੇ ਸੀ, ਉਨ੍ਹਾਂ ਦੀ ਗਿਣਤੀ ਹੁਣ ਬਹੁਤ ਹੀ ਘੱਟ ਗਈ ਹੈ। ਹੁਣ ਜਿਹੜੇ ਆਂਡੇ ਤਿਆਰ ਹੋ ਰਹੇ ਹਨ, ਉਹ ਵੱਡੇ-ਵੱਡੇ ਮੁਰਗੀ ਖ਼ਾਨਿਆਂ ਵਿਚ ਤਿਆਰ ਹੁੰਦੇ ਹਨ। ਇਹ ਮੁਰਗੀ ਨੂੰ ਗਰਮ ਖ਼ੁਰਾਕ ਪਾ ਕੇ ਤਿਆਰ ਕੀਤੇ ਜਾਂਦੇ ਹਨ। 

ਜੇਕਰ ਅਸੀ ਲੀਡਰਾਂ ਦੀ ਗੱਲ ਕਰੀਏ ਤਾਂ ਲੀਡਰ ਵੀ ਹੁਣ ਲੋਕਾਂ ਵਿਚੋਂ ਪੈਦਾ ਨਹੀਂ ਹੁੰਦੇ, ਹੁਣ ਜਿਹੜੇ ਲੀਡਰ ਹਨ, ਇਹ ਵੀ ਫ਼ਾਰਮੀ ਆਂਡੇ ਵਰਗੇ ਹੀ ਹਨ। ਇਹ ਵੀ ਹੁਣ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਮੰਤਰੀ, ਵਿਧਾਇਕ ਜਾਂ ਇਹੋ ਜਹੇ ਵੱਡੇ-ਵੱਡੇ ਲੀਡਰਾਂ ਦੇ ਘਰਾਂ ਵਿਚ ਤਿਆਰ ਹੁੰਦੇ ਹਨ। ਇਨ੍ਹਾਂ ਦਾ ਜਨਤਾ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਹੁੰਦਾ। ਪਹਿਲਾਂ ਜਿਹੜੇ ਲੀਡਰ ਹੁੰਦੇ ਸਨ, ਉਹ ਬੜੇ ਈਮਾਨਦਾਰ ਤੇ ਮਿਹਨਤੀ ਸਨ। ਪਹਿਲਾਂ ਉਹ ਪੰਚਾਇਤ ਮੈਂਬਰ, ਸਰਪੰਚ, ਬਲਾਕ ਚੇਅਰਮੈਨ ਆਦਿ ਬਣਦੇ ਸਨ। ਫਿਰ ਅੱਗੇ ਤੋਂ ਅੱਗੇ ਵਧਦੇ ਜਾਂਦੇ। ਕਈ ਸਾਲਾਂ ਬਾਅਦ ਉਨ੍ਹਾਂ ਦੀ ਵਿਧਾਇਕ ਬਣਨ ਦੀ ਵਾਰੀ ਆਉਂਦੀ।

ਉਹ ਪਿੰਡਾਂ ਵਿਚ ਰਹਿੰਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਵੇਖਦੇ। ਦੁੱਖ ਤਕਲੀਫ਼ਾਂ ਨੂੰ ਦੂਰ ਕਰਾਉਣ ਲਈ ਲੋਕਾਂ ਨਾਲ ਜੱਦੋ-ਜਹਿਦ ਕਰਦੇ ਕਿਉਂਕਿ ਜਿਸ ਨੇ ਗ਼ਰੀਬੀ ਵੇਖੀ ਹੋਈ ਹੋਵੇ, ਉਸ ਨੂੰ ਹੀ ਪਤਾ ਹੁੰਦਾ ਹੈ ਕਿ ਗ਼ਰੀਬੀ ਕੀ ਹੁੰਦੀ ਹੈ। ਜਿਹੜੇ ਲੀਡਰ ਲੋਕਾਂ ਵਿਚੋਂ ਬਣਦੇ ਸੀ, ਉਹ ਲੋਕਾਂ ਪ੍ਰਤੀ ਜਵਾਬਦੇਹ ਵੀ ਹੁੰਦੇ ਸਨ। ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਜੇ ਅੱਜ ਮੈਂ ਇਨ੍ਹਾਂ ਦੀ ਗੱਲ ਨਾ ਸੁਣੀ ਤਾਂ ਕਲ ਨੂੰ ਇਹ ਮੈਨੂੰ ਪਤੀਲੇ ਵਾਂਗ ਮਾਂਜ ਦੇਣਗੇ ਪਰ ਅੱਜ ਦਾ ਲੀਡਰ ਕਿਸੇ ਚਾਚੇ ਦੀ ਦੇਣ ਹੈ, ਕੋਈ ਪਿਤਾ ਦੀ ਦੇਣ, ਕੋਈ ਮਾਮੇ ਦੀ ਦੇਣ। ਕਿਸੇ ਦਾ ਸਹੁਰਾ ਮੰਤਰੀ ਹੈ, ਕਿਸੇ ਦੀ ਸੱਸ ਲੀਡਰ ਹੈ।

ਕੋਈ ਹਵਾਈ ਜਹਾਜ਼ ਚਲਾਉਂਦਾ ਲੀਡਰ ਬਣ ਗਿਆ, ਕੋਈ ਅਮਰੀਕਾ ਵਿਚ ਪੜ੍ਹਦਾ-ਪੜ੍ਹਦਾ, ਕੋਈ ਗਾਉਂਦਾ-ਗਾਉਂਦਾ ਲੀਡਰ ਬਣ ਗਿਆ, ਕੋਈ ਹੀਰੋ ਤੋਂ ਲੀਡਰ ਬਣ ਗਿਆ, ਕੋਈ ਕ੍ਰਿਕਟ ਖੇਡਦਾ ਲੀਡਰ ਬਣ ਬੈਠਦਾ ਹੈ। ਜਦ ਵੀ ਕੋਈ ਚੋਣ ਨੇੜੇ ਹੁੰਦੀ ਹੈ ਤਾਂ ਪਾਰਟੀ ਚਲਾ ਰਿਹਾ ਪ੍ਰਧਾਨ ਅਪਣੇ ਹੱਥਠੋਕੇ ਪੰਦਰਾਂ-ਵੀਹ ਲੋਕਾਂ ਦੀ ਗੁਪਤ ਮੀਟਿੰਗ ਕਰਦਾ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਹੁਣ ਤੁਸੀਂ ਅਖ਼ਬਾਰਾਂ ਵਿਚ ਬਿਆਨ ਲਗਾਉਣੇ ਸ਼ੁਰੂ ਕਰੋ ਕਿ ਪ੍ਰਧਾਨ ਸਾਹਿਬ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਕਿਸੇ ਇਹੋ ਜਹੇ ਲੀਡਰ ਦੇ ਮੁੰਡੇ ਨੂੰ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਕਿਉਂਕਿ ਇਸ ਪ੍ਰਵਾਰ ਦੀ ਪਾਰਟੀ ਪ੍ਰਤੀ ਬਹੁਤ ਵੱਡੀ ਦੇਣ ਹੈ। 

ਬਸ ਫਿਰ ਕੀ, ਜਿਉਂ ਹੀ ਚੋਣ ਆਉਂਦੀ ਹੈ ਤਾਂ ਕੁੱਝ ਚਮਚੇ ਜਿਨ੍ਹਾਂ ਸਾਰੀ ਉਮਰ ਲੀਡਰ ਦੀ ਚਾਪਲੂਸੀ ਕੀਤੀ ਹੁੰਦੀ ਹੈ ਤੇ ਪ੍ਰਧਾਨ ਸਾਹਿਬ ਨੇ ਇਨ੍ਹਾਂ ਨੂੰ ਕੋਈ ਨਾ ਕੋਈ ਲਾਲਚ ਦਿਤਾ ਹੁੰਦਾ ਹੈ, ਮੀਡੀਆ ਵਿਚ ਵੱਡੀਆਂ-ਵੱਡੀਆਂ ਖ਼ਬਰਾਂ ਲਗਾਉਂਦੇ ਹਨ ਕਿ ਜੇਕਰ ਪ੍ਰਧਾਨ ਸਾਹਿਬ ਜਾਂ ਕਿਸੇ ਇਹੋ ਜਹੇ ਲੀਡਰ ਨੂੰ ਟਿਕਟ ਨਾ ਦਿਤੀ ਤਾਂ ਅਸੀ ਬਗ਼ਾਵਤ ਕਰ ਦਿਆਂਗੇ ਜਿਸ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਅਗਲੇ ਦਿਨ ਉਮੀਦਵਾਰਾਂ ਦੀ ਲਿਸਟ ਵਿਚ ਸੱਭ ਤੋਂ ਉਤੇ ਪ੍ਰਧਾਨ ਸਾਹਿਬ ਜਾਂ ਇਹੋ ਜਹੇ ਨੇਤਾ ਦੇ ਲੜਕੇ ਦਾ ਨਾਮ ਹੁੰਦਾ ਹੈ।

ਅੱਜ ਦਾ ਇਹ ਲੀਡਰ ਪਿੰਡ ਦਾ ਪੰਚ, ਸਰਪੰਚ, ਬਲਾਕ ਪ੍ਰਧਾਨ ਆਦਿ ਨਹੀਂ ਬਣਦਾ। ਸਗੋਂ ਸਿੱਧਾ ਹੀ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਮੰਤਰੀ, ਐਮ.ਪੀ., ਵਿਧਾਇਕ ਜਾਂ ਕਿਸੇ ਵੱਡੇ ਕਮਿਸ਼ਨ ਦਾ ਚੇਅਰਮੈਨ ਬਣ ਬੈਠਦਾ ਹੈ। ਉਹ ਲੋਕ ਜਿਹੜੇ ਸਾਰੀ ਉਮਰ ਲੋਕਾਂ ਬਦਲੇ ਪੁਲਿਸ ਦੀਆਂ ਡਾਂਗਾਂ ਖਾਂਦੇ ਰਹੇ, ਪਾਰਟੀ ਕਾਨਫ਼ਰੰਸਾਂ ਲਈ ਤੱਪੜ ਵਿਛਾਉਂਦੇ ਰਹੇ, ਲੋਕਾਂ ਦੀਆਂ ਧਾੜਾਂ ਪਾਰਟੀ ਦੇ ਸਮਾਗਮਾਂ ਵਿਚ ਲਿਜਾਂਦੇ ਰਹੇ ਕਿ ਸ਼ਾਇਦ ਉਨ੍ਹਾਂ ਨੂੰ ਕਦੇ ਕੋਈ ਚੰਗਾ ਅਹੁਦਾ ਮਿਲੇਗਾ, ਉਹ ਵੇਖਦੇ ਹੀ ਰਹਿ ਜਾਂਦੇ ਹਨ ਅਤੇ ਸਾਰੇ ਅਹੁਦੇ ਇਹ ਫ਼ਾਰਮੀ ਲੀਡਰ ਲੈ ਜਾਂਦੇ ਹਨ।

ਜੇਕਰ ਕੋਈ ਵਿਰੋਧ ਵੀ ਕਰਦਾ ਹੈ ਤਾਂ ਇਨ੍ਹਾਂ ਲੀਡਰਾਂ ਕੋਲ ਇਹ ਘੜਿਆ ਘੜਾਇਆ ਜਵਾਬ ਹੁੰਦਾ ਹੈ ਕਿ ਜੇਕਰ ਇਕ ਆਈ.ਏ.ਐਸ ਦਾ ਮੁੰਡਾ ਆਈ.ਏ.ਐਸ ਜਾਂ ਇਕ ਡਾਕਟਰ ਦਾ ਮੁੰਡਾ ਡਾਕਟਰ ਬਣ ਸਕਦਾ ਹੈ ਤਾਂ ਪ੍ਰਧਾਨ ਮੰਤਰੀ ਦਾ ਮੁੰਡਾ ਪ੍ਰਧਾਨ ਮੰਤਰੀ ਕਿਉਂ ਨਹੀਂ ਬਣ ਸਕਦਾ? ਇਨ੍ਹਾਂ ਲੋਕਾਂ ਨੂੰ ਕੋਈ ਇਹ ਪੁੱਛੇ ਕਿ ਇਹ ਆਈ.ਏ.ਐਸ ਦਾ ਮੁੰਡਾ ਇਸ ਕਰ ਕੇ ਆਈ.ਏ.ਐਸ ਨਹੀਂ ਬਣ ਜਾਂਦਾ ਕਿ ਉਹ ਆਈ.ਏ.ਐਸ ਦਾ ਮੁੰਡਾ ਹੈ। ਉਸ ਨੂੰ ਆਈ.ਏ.ਐਸ ਬਣਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਪੜ੍ਹਨਾ ਪੈਂਦਾ ਹੈ। ਇਮਤਿਹਾਨ ਪਾਸ ਕਰਨਾ ਪੈਂਦਾ ਹੈ।

ਉਸ ਦਾ ਡਾਕਟਰੀ ਮੁਲਾਹਜ਼ਾ ਹੁੰਦਾ ਹੈ। ਉਸ ਨੂੰ ਇੰਟਰਵਿਊ ਲਈ ਇਕ ਬੋਰਡ ਸਾਹਮਣੇ ਪੇਸ਼ ਹੋਣਾ ਪੈਂਦਾ ਹੈ। ਫਿਰ ਜਾ ਕੇ ਉਹ ਆਈ.ਏ.ਐਸ ਅਫ਼ਸਰ ਬਣਦਾ ਹੈ, ਫਿਰ ਵੀ ਸਿੱਧਾ ਮੁੱਖ ਸਕੱਤਰ ਨਹੀਂ ਲੱਗ ਸਕਦਾ ਜਿਸ ਤਰ੍ਹਾਂ ਇਨ੍ਹਾਂ ਲੀਡਰਾਂ ਦੇ ਲੜਕੇ-ਲੜਕੀਆਂ ਸਿੱਧੇ ਹੀ ਮੁੱਖ ਮੰਤਰੀ, ਮੰਤਰੀ ਜਾਂ ਚੇਅਰਮੈਨ ਦੇ ਅਹੁਦਿਆਂ ਉਤੇ ਪਹੁੰਚ ਜਾਂਦੇ ਹਨ। 

ਜਿਸ ਤਰ੍ਹਾਂ ਆਂਡਾ ਬਾਹਰੋਂ ਤਾਂ ਚਿੱਟਾ ਹੈ ਪਰ ਜਦ ਅਸੀ ਉਸ ਨੂੰ ਤੋੜਦੇ ਹਾਂ ਤਾਂ ਉਸ ਵਿਚੋਂ ਦੋ ਤਰ੍ਹਾਂ ਦੇ ਤਰਲ ਨਿਕਲਦੇ ਹਨ। ਇਸੇ ਤਰ੍ਹਾਂ ਹੀ ਸਾਡੇ ਲੀਡਰ ਵੀ ਬਾਹਰੋਂ ਤਾਂ ਬੜੇ ਦੇਸ਼ ਭਗਤ ਈਮਾਨਦਾਰ, ਸਾਊ ਅਤੇ ਪਤਾ ਨਹੀਂ ਹੋਰ ਕੀ-ਕੀ, ਅਪਣੇ ਆਪ ਨੂੰ ਵਿਖਾਉਣ ਦਾ ਯਤਨ ਕਰਦੇ ਹਨ ਪਰ ਜਿਉਂ ਹੀ ਇਨ੍ਹਾਂ ਥੱਲੇ ਕੁਰਸੀ ਆਉਂਦੀ ਹੈ, ਫਿਰ ਪਤਾ ਲਗਦਾ ਹੈ ਕਿ ਇਹ ਕਿੰਨੇ ਲਾਲਚੀ ਪਰਵਾਰਵਾਦੀ, ਈਰਖਾਵਾਦੀ ਸੋਚ ਦੇ ਮਾਲਕ ਹਨ। ਪਿਛਲੇ ਦਿਨਾਂ ਦੀ ਗੱਲ ਹੈ,

ਜਦ ਪੰਜਾਬ ਵਿਚ ਰਾਜ ਕਰ ਰਹੀ ਪਾਰਟੀ ਜਿਸ ਨੇ ਬਾਹਰ ਤਾਂ ਚੋਲਾ ਕਿਸਾਨ ਪੱਖੀ ਹੋਣ ਦਾ ਪਾਇਆ ਹੋਇਆ ਹੈ ਨੇ ਕੁਰਸੀ ਦੇ ਲਾਲਚ ਵਿਚ ਵੋਟ ਭੂ-ਪ੍ਰਾਪਤੀ ਬਿੱਲ ਦੇ ਹੱਕ ਵਿਚ ਪਾ ਦਿਤੀ। ਪਿਛਲੇ ਸਾਲ ਜਦ ਚੋਣਾਂ ਹੋ ਰਹੀਆਂ ਸਨ ਤਾਂ ਮੋਦੀ ਸਾਹਿਬ ਇਕੋ ਰਾਗ ਅਲਾਪ ਰਹੇ ਸਨ ਕਿ ਸਾਨੂੰ ਵੋਟਾਂ ਪਾਉ, ਅੱਛੇ ਦਿਨ ਆਉਣ ਵਾਲੇ ਨੇ। ਲੋਕਾਂ ਨੇ ਅਜਿਹਾ ਵਿਸ਼ਵਾਸ ਕੀਤਾ ਕਿ ਭਾਰੀ ਬਹੁਮਤ ਨਾਲ ਜਿਤਾ ਦਿਤਾ। ਜਿੱਤਣ ਦੀ ਦੇਰ ਸੀ ਕਿ ਕਹਿਣਾ ਸ਼ੁਰੂ ਕਰ ਦਿਤਾ, 'ਅਗਰ ਦੇਸ਼ ਕੀ ਤਰੱਕੀ ਚਾਹਤੇ ਹੈਂ ਤੋ ਕੌੜੀ ਗੋਲੀ ਤੋ ਖਾਣੀ ਹੀ ਪੜੇਗੀ।'

ਹੁਣ ਤਕ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਹ ਸਾਡੇ ਲੀਡਰ ਵੀ ਆਂਡੇ ਦੀ ਤਰ੍ਹਾਂ ਹਨ ਜਿਹੜੇ ਬਾਹਰੋਂ ਤਾਂ ਚਿੱਟੇ ਲਗਦੇ ਹਨ ਪਰ ਅੰਦਰੋਂ ਦੋ-ਰੰਗੇ ਹਨ। ਜਿਸ ਤਰ੍ਹਾਂ ਹੁਣ ਦੇਸੀ ਆਂਡੇ ਘਟਦੇ ਜਾਂਦੇ ਹਨ ਤੇ ਫ਼ਾਰਮੀ ਆਂਡੇ ਵਧਦੇ ਜਾਂਦੇ ਹਨ, ਇਸੇ ਤਰ੍ਹਾਂ ਅਸਲੀ ਲੀਡਰ ਘਟਦੇ ਜਾਂਦੇ ਹਨ ਅਤੇ ਫ਼ਾਰਮੀ ਲੀਡਰ ਵਧਦੇ ਜਾਂਦੇ ਹਨ। ਜਿਸ ਤਰ੍ਹਾਂ ਫ਼ਾਰਮੀ ਆਂਡਾ ਸਿਰਫ਼ ਵਪਾਰ ਲਈ ਵਰਤਿਆ ਜਾਂਦਾ ਹੈ, ਇਸੇ ਤਰ੍ਹਾਂ ਜਿਹੜੇ ਫ਼ਾਰਮੀ ਲੀਡਰ ਬਣ ਰਹੇ ਹਨ, ਉਨ੍ਹਾਂ ਦਾ ਧਿਆਨ ਵੀ ਅਪਣੇ ਕਾਰੋਬਾਰ ਵਧਾਉਣ ਵਲ ਹੀ ਲੱਗਾ ਹੋਇਆ ਹੈ।

ਇਸ ਦਾ ਸਿੱਟਾ ਇਹ ਹੋਇਆ ਕਿ ਅੱਜ ਬਸਾਂ 'ਤੇ ਕਬਜ਼ੇ, ਰੇਤੇ 'ਤੇ ਕਬਜ਼ੇ, ਚੈਨਲਾਂ 'ਤੇ ਕਬਜ਼ੇ, ਲੋਕਾਂ ਦੇ ਕਾਰੋਬਾਰਾਂ 'ਤੇ ਕਬਜ਼ੇ, ਨਸ਼ਿਆਂ ਦੇ ਕਾਰੋਬਾਰ 'ਤੇ ਕਬਜ਼ੇ ਇਨ੍ਹਾਂ ਫ਼ਾਰਮੀ ਲੀਡਰਾਂ ਵਲੋਂ ਕੀਤੇ ਜਾ ਰਹੇ ਹਨ। ਜਿਹੜੇ ਲੋਕਾਂ ਨੇ ਇਨ੍ਹਾਂ ਨੂੰ ਲੀਡਰ ਬਣਾਇਆ ਹੈ, ਇਹ ਉਨ੍ਹਾਂ ਲੋਕਾਂ ਪ੍ਰਤੀ ਜਵਾਬਦੇਹ ਹਨ। ਦਿੱਲੀ ਵਿਚ ਇਹ ਬਿਆਨ ਕੁੱਝ ਹੋਰ ਦਿੰਦੇ ਨੇ, ਜਿਉਂ-ਜਿਉਂ ਇਨ੍ਹਾਂ ਦਾ ਇਲਾਕਾ ਨੇੜੇ ਆਉਂਦਾ ਜਾਂਦਾ ਹੈ ਤਾਂ ਇਨ੍ਹਾਂ ਦੇ ਬਿਆਨ ਵੀ ਬਦਲ ਜਾਂਦੇ ਹਨ। ਆਉਣ ਵਾਲੇ ਸਮੇਂ ਵਿਚ ਸਾਰੇ ਫ਼ਾਰਮੀ ਲੀਡਰ ਹੀ ਹੋਣਗੇ, ਅਸਲੀ ਤਾਂ ਭਾਲਿਆਂ ਵੀ ਨਹੀਂ ਲਭਣੇ। 

ਸੰਪਰਕ : 94646-96083

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement