ਖ਼ਾਲਸਾ ਰਾਜ ਦਾ ਮਹਾਨ ਸਿਰਜਣਹਾਰਾ ਮਹਾਰਾਜਾ ਰਣਜੀਤ ਸਿੰਘ 
Published : Jul 10, 2022, 5:49 pm IST
Updated : Jul 10, 2022, 5:49 pm IST
SHARE ARTICLE
Maharaja Ranjit Singh
Maharaja Ranjit Singh

ਬੁਲੰਦ ਹੌਸਲੇ ਦੇ ਮਾਲਕ ਇਸ ਸ਼ੇਰ ਨੇ ਯੁੱਧਕਲਾ, ਤਲਵਾਰਬਾਜ਼ੀ ਤੇ ਘੋੜ ਸਵਾਰੀ 'ਚ ਬਹੁਤ ਛੋਟੀ ਉਮਰ 'ਚ ਹੀ ਅਸਾਧਾਰਣ ਨਿਪੁੰਨਤਾ ਹਾਸਲ ਕਰ ਲਈ ਸੀ |

13 ਨਵੰਬਰ 1780 ਨੂੰ  ਪਿਤਾ ਮਹਾਂ ਸਿੰਘ ਤੇ ਮਾਤਾ ਰਾਜ ਕੌਰ ਦੀ ਕੁਖੋਂ, ਜ਼ਾਲਮ ਮੁਗ਼ਲ ਸ਼ਾਸਨ ਦਾ ਖ਼ਾਤਮਾ ਕਰ ਕੇ, ਖ਼ਾਲਸਾ ਰਾਜ ਸਥਾਪਤ ਕਰਨ ਵਾਲੇ, ਸ਼ੇਰ-ਏ-ਪੰਜਾਬ 'ਮਹਾਰਾਜਾ ਰਣਜੀਤ ਸਿੰਘ' ਦਾ ਜਨਮ ਅਪਣੇ ਨਾਨਕੇ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ, ਜਦਕਿ ਉਨ੍ਹਾਂ ਦਾ ਜੱਦੀ ਪਿੰਡ ਗੁਜਰਾਂਵਾਲਾ (ਪਾਕਿਸਤਾਨ) ਸੀ | ਪਿਤਾ ਮਹਾਂ ਸਿੰਘ, ਸ਼ੁਕਰਚਕੀਆ ਮਿਸਲ ਦੇ ਜੱਥੇਦਾਰ ਸਨ |

ਚੇਚਕ ਦੀ ਬੀਮਾਰੀ ਨੇ ਭਾਵੇਂ ਬਚਪਨ 'ਚ ਹੀ ਇਸ ਮਹਾਂਨਾਇਕ ਦੀ ਖੱਬੀ ਅੱਖ ਹਮੇਸ਼ਾ ਲਈ ਖੋਹ ਕੇ ਚੇਚਕ ਦੇ ਨਿਸ਼ਾਨਾਂ ਨਾਲ ਚਿਹਰਾ ਭਰ ਦਿਤਾ ਪਰ ਬੁਲੰਦ ਹੌਸਲੇ ਦੇ ਮਾਲਕ ਇਸ ਸ਼ੇਰ ਨੇ ਯੁੱਧਕਲਾ, ਤਲਵਾਰਬਾਜ਼ੀ ਤੇ ਘੋੜ ਸਵਾਰੀ 'ਚ ਬਹੁਤ ਛੋਟੀ ਉਮਰ 'ਚ ਹੀ ਅਸਾਧਾਰਣ ਨਿਪੁੰਨਤਾ ਹਾਸਲ ਕਰ ਲਈ ਸੀ | ਸਿਰਫ਼ 10 ਸਾਲ ਦੀ ਉਮਰ ਵਿਚ ਹੀ, ਅਪਣੇ ਪਿਤਾ ਦੇ ਨਾਲ, ਉਹ ਸਿਰਫ਼ ਯੁੱਧ ਵਿਚ ਹਿੱਸਾ ਹੀ ਨਹੀਂ ਲੈਣ ਲੱਗ ਪਏ ਸਗੋਂ ਤਿੰਨ ਜਿੱਤਾਂ ਵੀ ਹਾਸਲ ਕੀਤੀਆਂ |

Maharaja Ranjit Singh JiMaharaja Ranjit Singh Ji

ਹਾਂਲਾਕਿ ਉਹਨਾਂ ਦਾ ਪਹਿਲਾ ਨਾਮ ਬੁੱਧ ਸਿੰਘ ਸੀ ਪਰ ਇੰਨ੍ਹਾਂ ਜਿੱਤਾਂ ਕਾਰਨ, ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਨਾਮ 'ਰਣਜੀਤ ਸਿੰਘ' ਰੱਖ ਦਿਤਾ ਸੀ ਤੇ ਆਪ ਨੇ ਅੱਗੇ ਚੱਲ ਕੇ ਇਸ ਨਾਮ ਨੂੰ  ਇਸ ਤਰ੍ਹਾਂ ਸਾਬਤ ਕਰ ਦਿਖਾਇਆ ਕਿ ਅੱਜ ਰਣਜੀਤ ਸਿੰਘ ਖ਼ਾਸ ਨਾਂ ਦੀ ਥਾਂ ਦਲੇਰਾਂ ਲਈ ਜਾਤੀਵਾਚਕ ਨਾਂ ਵਜੋਂ ਜਾਣਿਆ ਜਾਂਦਾ ਹੈ | 
ਰਣਜੀਤ ਸਿੰਘ ਦੀ ਉਮਰ 12 ਸਾਲ ਹੀ ਸੀ ਕਿ ਪਿਤਾ ਦੀ ਮੌਤ ਹੋ ਗਈ | ਇਹ ਦਲੇਰ, ਬਹਾਦਰ ਜਰਨੈਲ ਘਬਰਾਇਆ ਨਹੀਂ ਸਗੋਂ ਉਸ ਨੇ ਪੂਰੇ ਹੌਂਸਲੇ ਤੇ ਜੋਸ਼ ਨਾਲ ਮਾਤਾ ਰਾਜ ਕੌਰ ਦੀ ਰਹਿਨੁਮਾਈ ਤੇ ਦੀਵਾਨ ਲਖਪਤ ਰਾਏ ਦੇ ਸਾਥ ਨਾਲ ਸ਼ੁਕਰਚਕੀਆ ਮਿਸਲ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ |

ਸਾਲ ਕੁ ਬਾਅਦ ਹੀ ਕਿਸੇ ਨੇ ਧੋਖੇ ਨਾਲ ਹਮਲਾ ਕਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਦਲੇਰ ਰਣਜੀਤ ਸਿੰਘ ਨੇ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਉਸ ਹਮਲਾਵਰ ਦਾ ਹੀ ਖ਼ਾਤਮਾ ਕਰ ਦਿਤਾ | ਕੁਝ ਕੁ ਸਾਲਾਂ ਬਾਅਦ ਮਾਂ ਦੀ ਵੀ ਮੌਤ ਹੋ ਗਈ ਤੇ ਦੀਵਾਨ ਲਖਪਤ ਰਾਏ ਦਾ ਵੀ ਕਤਲ ਹੋ ਗਿਆ ਪਰ ਸਿੱਖ ਧਰਮ 'ਚ ਡੂੰਘੀ ਆਸਥਾ ਰੱਖਣ ਵਾਲਾ ਇਹ ਸੂਰਮਾ ਉਦੋਂ ਤਕ ਪੂਰੇ ਖ਼ਾਲਸਾ ਰਾਜ ਨੂੰ  ਇਕੱਠੇ ਕਰਨ ਦਾ ਪੂਰੀ ਸਿਰੜ ਤੇ ਬੁਲੰਦ ਹੌਂਸਲੇ ਨਾਲ ਪੱਕਾ ਸੰਕਲਪ ਲੈ ਚੁੱਕਾ ਸੀ |

ਉਸ ਨੇ ਮੁਲਤਾਨ, ਪੇਸ਼ਾਵਰ, ਜੰਮੂ ਕਸ਼ਮੀਰ ਅਤੇ ਕਈ ਹੋਰ ਇਲਾਕੇ ਬਹਾਦਰੀ ਨਾਲ ਜਿੱਤੇ ਤੇ 1799 ਈ ਵਿਚ ਲਾਹੌਰ ਜਿੱਤ ਕੇ ਮਹਾਨ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ | ਉਸ ਨੇ ਅਪਣੇ ਰਾਜ ਦਾ ਬਹੁਤ ਵਿਸਤਾਰ ਕੀਤਾ | ਉਹ ਜਿਸ ਸ਼ੌਂਕ ਤੇ ਤੇਜ਼ੀ ਨਾਲ ਕਿਸੇ ਇਲਾਕੇ ਨੂੰ  ਫ਼ਤਿਹ ਕਰਦੇ, ਉਨੀ ਹੀ ਤੀਬਰਤਾ ਨਾਲ ਜਿੱਤੇ ਹੋਏ ਇਲਾਕਿਆਂ ਲਈ ਸੁਚੱਜੇ ਰਾਜ ਪ੍ਰਬੰਧ ਕਰਨਾ ਵੀ ਉਹਨਾਂ ਦੀ ਬਾਕਮਾਲ ਖ਼ਾਸੀਅਤ ਸੀ |

ਉਹਨਾਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸਥਿਤ ਪਵਿੱਤਰ ਹਰਿਮੰਦਰ ਸਾਹਿਬ ਨੂੰ  ਸੋਨੇ ਨਾਲ ਜੜਵਾ ਦਿਤਾ | ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਆਪ ਸਿੱਖ ਧਰਮ ਨਾਲ ਸਬੰਧਤ ਸਨ ਤੇ ਸਿੱਖ ਧਰਮ ਨੂੰ  ਸਮਰਪਤ ਸਨ ਪਰ ਇਤਿਹਾਸ 'ਚ ਕੋਈ ਵੀ ਅਜਿਹਾ ਸ਼ਾਸਕ ਜਾਂ ਸਰਕਾਰ ਨਹੀਂ ਹੋਈ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਧਰਮ ਨਿਰਪੱਖ ਤੇ ਨਿਆਂਪੂਰਨ ਰਾਜ ਪ੍ਰਬੰਧ ਕੀਤਾ ਹੋਵੇ | ਮਹਾਰਾਜਾ ਆਪ ਅਕਸਰ ਕਹਿੰਦੇ ਸਨ ਕਿ ਰੱਬ ਨੇ ਉਨ੍ਹਾਂ ਨੂੰ  ਇਕ ਈ ਅੱਖ ਦਿਤੀ ਏ ਤਾਂ ਜੋ ਉਹ ਹਰੇਕ ਧਰਮ, ਖੇਤਰ ਤੇ ਜਾਤੀ ਦੇ ਵਿਅਕਤੀ ਨੂੰ  ਬਿਨਾਂ ਕਿਸੇ ਭੇਦ-ਭਾਵ ਦੇ ਹਮੇਸ਼ਾ ਇਕ ਅੱਖ ਨਾਲ ਈ ਵੇਖਣ | 

Maharaja Ranjit Singh JiMaharaja Ranjit Singh Ji

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਖ਼ਾਲਸਾ ਰਾਜ ਨੇ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ  ਇਕੋ ਮਾਲਾ ਵਿਚ ਪਰੋਣ ਦਾ ਅਸੰਭਵ ਜਾਪਦਾ ਮਹੱਤਵਪੂਰਣ ਕੰਮ ਸਹਿਜੇ ਹੀ ਕਰ ਦਿਤਾ ਸੀ ਕਿਉਂਕਿ ਮਹਾਰਾਜਾ ਬਹੁਤ ਹੀ ਨਿਮਰ ਸੁਭਾਅ ਦੇ ਧਰਮ ਨਿਰਪੱਖ ਇਨਸਾਨ ਸਨ | ਉਹਨਾਂ ਦੇ ਰਾਜ ਵਿਚ ਅਹੁਦੇ, ਕਾਬਲੀਅਤ ਅਨੁਸਾਰ ਹੀ ਮਿਲਦੇ ਸਨ | ਇਸੇ ਲਈ ਮਹਾਰਾਜਾ ਦੇ ਰਾਜ ਵਿਚ ਕਈ ਵੱਡੇ ਅਹੁਦਿਆਂ 'ਤੇ ਹਿੰਦੂਆਂ ਤੇ ਮੁਸਲਮਾਨਾਂ ਦੀ ਨਿਯੁਕਤੀ ਵੀ ਸੀ | ਮਹਾਰਾਜਾ ਅਪਣੇ ਆਪ ਨੂੰ  ਮਹਾਰਾਜਾ ਨਹੀਂ ਸਗੋਂ 'ਸਿੰਘ ਸਾਹਿਬ' ਅਖਵਾਉਣਾ ਜ਼ਿਆਦਾ ਪਸੰਦ ਕਰਦੇ ਸਨ ਤੇ ਉਨ੍ਹਾਂ ਕਦੇ ਕਲਗੀ ਵੀ ਨਹੀਂ ਸਜਾਈ ਪਰ ਇਨਸਾਨ ਦੀ ਪਰਖ ਕਰਨ 'ਚ ਉਹ ਸੱਚਮੁੱਚ ਦੇ ਰਾਜਾ ਸਨ | ਇਸੇ ਲਈ ਉਨ੍ਹਾਂ, ਦੀਵਾਨ ਮੋਹਕਮ ਚੰਦ, ਹਰੀ ਸਿੰਘ ਨਲੂਵਾ ਤੇ ਖ਼ਾਲਸਾ ਰਾਜ ਦੇ ਹੋਰ ਮਹਾਂਪੁਰਖਾਂ ਨੂੰ  ਵੱਡੇ-ਵੱਡੇ ਅਹੁਦਿਆਂ ਨਾਲ ਨਿਵਾਜ਼ਿਆ |

ਜਨਤਾ ਦੇ ਭਲੇ ਲਈ ਜਿਥੇ ਉਹ ਆਪ ਅਕਸਰ ਭੇਸ ਬਦਲ ਕੇ, ਆਮ ਲੋਕਾਂ ਵਿਚ ਪਹੁੰਚ, ਉਨਾਂ ਦੇ ਦੁਖ ਦਰਦ ਦੂਰ ਕਰਦੇ ਸਨ ਤੇ ਨਿਆਂਪੂਰਨ ਰਾਜ ਪ੍ਰਬੰਧ ਚਲਾਉਂਦੇ ਉੱਥੇ ਹੀ ਅਪਣੀ ਫ਼ੌਜ ਦਾ ਵੀ ਆਧੁਨਿਕੀਕਰਨ ਕਰਦੇ ਹੋਏ ਅੰਗ੍ਰੇਜ਼ੀ ਅਫ਼ਸਰਾਂ ਤਕ ਦਾ ਵੀ ਪ੍ਰਬੰਧ ਕੀਤਾ | ਜਿਵੇਂ-ਜਿਵੇਂ ਰਾਜ ਵਧਦਾ ਗਿਆ, ਮਹਾਰਾਜਾ ਨੇ ਅਪਣੀ ਸੈਨਾ ਦੀ ਗਿਣਤੀ ਵਧਾਉਣ ਦੇ ਨਾਲ-ਨਾਲ, ਹਥਿਆਰਾਂ ਤੇ ਹੋਰ ਯੁੱਧ ਕਰਨ ਦੇ ਸਮਾਨ ਦੇ ਨਿਰਮਾਣ ਲਈ ਕਾਰਖ਼ਾਨੇ ਵੀ ਲਗਵਾਏ | ਮਹਾਰਾਜਾ ਰਣਜੀਤ ਸਿੰਘ ਨੇ ਜਜ਼ੀਆ ਟੈਕਸ ਖ਼ਤਮ ਕਰ ਕੇ, ਆਮ ਲੋਕਾਂ ਨੂੰ  ਵੱਡੀ ਰਾਹਤ ਦਿਤੀ ਤੇ ਨਾਲ ਹੀ ਮੁਗ਼ਲ ਸ਼ਾਸਕਾਂ ਦੁਆਰਾ ਛੋਟੇ-ਮੋਟੇ ਅਪਰਾਧਾਂ ਲਈ, ਅੰਗ ਕੱਟਣ ਤੇ ਫਾਂਸੀ ਦੇਣ ਵਰਗੀਆਂ ਅਣਮਨੁੱਖੀ ਸਜ਼ਾਵਾਂ 'ਤੇ ਤੁਰਤ ਰੋਕ ਲਗਾ ਕੇ, ਅੰਨ੍ਹੇਵਾਹ ਸਰਕਾਰੀ ਤਸ਼ੱਦਦ ਤੋਂ ਲੋਕਾਂ ਨੂੰ  ਆਜ਼ਾਦ ਕਰਵਾ ਕੇ ਇਕ ਵਿਲੱਖਣ ਰਾਜ ਪ੍ਰਬੰਧ ਚਲਾਇਆ |

ਲਗਭਗ 45 ਕੁ ਸਾਲਾਂ ਦੇ ਲੰਮੇ ਖ਼ਾਲਸਾਈ ਰਾਜ 'ਚ ਮਹਾਰਾਜਾ ਰਣਜੀਤ ਸਿੰਘ ਦੀ ਮਕਬੂਲੀਅਤ ਇੰਨੀ ਸੀ ਕਿ ਪੂਰੇ ਰਾਜ-ਕਾਲ ਵਿਚ ਇਕ ਵੀ ਬੰਦੇ ਨੂੰ  ਮੌਤ ਦੀ ਸਜ਼ਾ ਨਾ ਦਿਤੀ | ਬਿਨਾਂ ਕਿਸੇ ਸਖ਼ਤ ਸਜ਼ਾ ਤੋਂ ਇੰਨੇ ਵੱਡੇ ਖੇਤਰ ਦਾ ਰਾਜ ਪ੍ਰਬੰਧ, ਇੰਨੀ ਚੰਗੀ ਤਰ੍ਹਾਂ ਚਲਾਉਣ ਦੀ ਅੱਜ ਤਕ ਕੋਈ ਹੋਰ ਉਦਾਹਰਣ ਮਿਲਣਾ ਨਾਮੁਮਕਨ ਹੈ | ਉਹਨਾਂ ਜਿਥੇ ਪਿੰਡਾਂ-ਕਸਬਿਆਂ 'ਚ ਛੋਟੇ-ਮੋਟੇ ਵਿਵਾਦਾਂ ਲਈ, ਸਭ ਵਰਗਾਂ ਦੀਆਂ ਸਾਂਝੀਆਂ ਪੰਚਾਇਤਾਂ ਦਾ ਗਠਨ ਕਰਨ ਵਰਗੇ ਮਹੱਤਵਪੂਰਨ ਕੰਮ ਕੀਤੇ, ਉਥੇ ਹੀ ਨੌਜਵਾਨਾਂ ਦੀ ਸਿਹਤ ਤੇ ਤੰਦਰੁਸਤੀ ਲਈ ਵੀ ਵੱਡੇ ਉਪਰਾਲੇ ਕੀਤੇ | ਆਪ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਸਰਕਾਰੀ ਆਦੇਸ਼ ਲਿਖਤੀ ਰੂਪ 'ਚ ਜਾਰੀ ਕਰਨ ਦੀ ਸ਼ੁਰੂਆਤ ਵੀ, ਉਹਨਾਂ ਹੀ ਕੀਤੀ ਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਸਿੱਕੇ ਚਲਾਉਣਾ ਵੀ ਉਹਨਾਂ ਦੇ ਖ਼ਾਸ ਕਾਰਜਾਂ ਚੋਂ ਇਕ ਸੀ |

ਲੋਕ ਸਰਕਾਰੀ ਮਾਲੀਆ ਜਿਥੇ ਆਪ ਮੁਹਾਰੇ ਆਸਾਨੀ ਨਾਲ ਜਮ੍ਹਾਂ ਕਰਵਾਉਣ ਆਉਂਦੇ, ਉੱਥੇ ਹੀ ਹੜ੍ਹਾਂ ਵਰਗੀਆਂ ਆਪਦਾਵਾਂ ਵਿਚ ਮਹਾਰਾਜਾ ਅਪਣੇ ਭੰਡਾਰ ਆਮ ਲੋਕਾਂ ਲਈ ਖੋਲ੍ਹ ਦਿੰਦੇ, ਹਾਲਾਂਕਿ ਕਿਹਾ ਤਾਂ ਇੱਥੋਂ ਤੀਕਰ ਜਾਂਦਾ ਹੈ ਕਿ ਮਹਾਰਾਜਾ ਆਪ ਭੇਸ ਬਦਲ ਗ਼ਰੀਬ ਲੋਕਾਂ ਦੇ ਘਰਾਂ ਤਕ ਬੋਰੀਆਂ ਅਪਣੇ ਪਿੰਡੇ 'ਤੇ ਰੱਖ ਪਹੁੰਚਾਉਂਦੇ ਰਹੇ ਹਨ | ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਰਾਣੀਆਂ ਸਨ ਪਰ ਸਾਨੂੰ ਇਕ ਗੱਲ ਚੇਤੇ ਰਖਣ ਦੀ ਖ਼ਾਸ ਲੋੜ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੋਈ ਗੁਰੂ ਜਾਂ ਸੰਤ ਨਹੀਂ ਸਨ | ਉਹ ਇਕ ਵੱਡੀ ਸਲਤਨਤ ਦੇ ਆਜ਼ਾਦ ਮਹਾਰਾਜਾ ਸਨ |

ਇਸ ਮਹਾਂਨਾਇਕ ਦਾ ਇਤਿਹਾਸ ਲਿਖਦਿਆਂ-ਪੜ੍ਹਦਿਆਂ ਕੁਝ ਕੁ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਰਾਣੀਆਂ ਦੇ ਜਿਕਰ ਕਰਨ ਨੂੰ  ਜਿੰਨੀ ਤਵੱਜੋ ਦਿਤੀ ਹੈ ਉਨੀ ਖ਼ਾਲਸਾ ਰਾਜ ਪ੍ਰਬੰਧ ਨੂੰ  ਨਹੀਂ ਦਿਤੀ ਜਦਕਿ ਉਨ੍ਹਾਂ ਵੇਲਿਆਂ ਵਿਚ ਰਾਜੇ ਆਮ ਹੀ ਕਈ-ਕਈ ਰਾਣੀਆਂ ਰਖਦੇ ਸਨ | ਇਸ ਪਿੱਛੇ ਹਮੇਸ਼ਾ ਅਨੈਤਿਕਤਾ ਜਾਂ ਚਰਿੱਤਰਹੀਣਤਾ ਹੀ ਕਾਰਣ ਨਹੀਂ ਹੁੰਦੇ ਸੀ ਸਗੋਂ ਜਿੱਤੇ ਹੋਏ ਇਲਾਕਿਆਂ ਦੇ ਲੋਕਾਂ 'ਚ ਵਿਸ਼ਵਾਸ ਕਾਇਮ ਕਰਨ ਹਿੱਤ, ਰਾਜ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਹਿੱਤ ਵੀ ਰਾਜਿਆਂ ਵਲੋਂ, ਬਹੁ-ਵਿਆਹ ਕੀਤੇ ਜਾਂਦੇ ਸਨ ਤੇ ਇਹ ਵਰਤਾਰਾ ਉਸ ਸਮੇਂ ਦੇ ਰਾਜਸੀ ਸਭਿਆਚਾਰ ਦਾ ਪ੍ਰਮੁੱਖ ਹਿਸਾ ਵੀ ਸੀ |

Maharaja Ranjit Singh JiMaharaja Ranjit Singh Ji

29 ਜੂਨ, 1839 ਵਿਚ ਲੰਮੇ ਸਮੇਂ ਰਾਜ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ | ਪਰ ਮਾੜੀ ਕਿਸਮਤ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ 'ਚੋਂ, ਖ਼ਾਲਸਾ ਰਾਜ ਸੰਭਾਲਣ ਦੀ ਯੋਗਤਾ ਕਿਸੇ 'ਚ ਵੀ ਨਹੀਂ ਸੀ | ਵੱਡਾ ਪੁੱਤਰ ਖੜਕ ਸਿੰਘ ਤਖ਼ਤ 'ਤੇ ਬੈਠਿਆ ਪਰ ਕਾਬਲੀਅਤ ਦੀ ਘਾਟ ਕਾਰਨ, ਖ਼ਾਲਸਾ ਰਾਜ ਖਿੰਡਣਾ ਸ਼ੁਰੂ ਹੋ ਗਿਆ ਤੇ ਹੌਲੀ-ਹੌਲੀ ਈਸਟ ਇੰਡੀਆ ਕੰਪਨੀ ਰਾਹੀਂ ਅੰਗਰੇਜ਼ਾਂ ਨੇ ਮਹਾਰਾਜੇ ਦਾ ਰਾਜ, ਸਾਡਾ ਅਪਣਾ ਰਾਜ, ਨੈਤਿਕਤਾ ਤੇ ਸੱਚ ਦਾ ਖ਼ਾਲਸਾ ਰਾਜ, ਸ਼ਾਤਰ ਤੇ ਕੋਝੀਆਂ ਚਾਲਾਂ ਖੇਡ ਅਪਣੇ ਕਬਜ਼ੇ ਹੇਠ ਕਰ ਲਿਆ | ਭਾਰਤ ਦੀ ਸੰਸਦ ਵਿਚ, 20 ਅਗੱਸਤ 2003 ਨੂੰ  ਮਹਾਰਾਜਾ ਰਣਜੀਤ ਸਿੰਘ ਦੇ ਸਨਮਾਨ ਵਜੋਂ, 22 ਫ਼ੁੱਟ ਉੱਚੀ ਕਾਂਸੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ |

Maharaja Ranjeet Singh statue unveiling at Lahore FortMaharaja Ranjeet Singh statue unveiling at Lahore Fort

ਪਾਕਿਸਤਾਨ ਦੇ ਲਾਹੌਰ ਵਿਚ ਵੀ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਨਦਾਰ ਬੁੱਤ ਸਥਾਪਤ ਹੈ | ਅੱਜ ਵੀ ਪੰਜਾਬ ਦੇ ਹੁਕਮਰਾਨਾਂ ਪਿੱਛੇ, ਵੱਡੇ ਸਰਕਾਰੀ ਦਫ਼ਤਰਾਂ 'ਚ, ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲੱਗੀ ਹੁੰਦੀ ਹੈ ਜੋ ਸਰਕਾਰਾਂ ਦੇ ਰਾਜਸੀ ਹੁਕਮਰਾਨਾਂ ਨੂੰ  ਸਭ ਨੂੰ  ਇਕ ਅੱਖ ਨਾਲ ਵੇਖਣ ਤੇ ਬਿਨਾ ਧਰਮ, ਜਾਤ ਤੇ ਖੇਤਰ ਦੀ ਭਾਵਨਾ ਦੇ ਭਿ੍ਸ਼ਟਚਾਰ ਰਹਿਤ ਸ਼ਾਸਨ ਕਰਦਿਆਂ ਹਰੇਕ ਦੇ ਸਰਵਪੱਖੀ ਵਿਕਾਸ ਦਾ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਏ | ਮੈਂ ਆਸ ਕਰਦਾ ਹਾਂ ਕਿ ਸਾਰੇ ਹੁਕਮਰਾਨ ਇਸ ਮਹਾਨਾਇਕ ਦੇ ਆਦਰਸ਼ ਰਾਮਰਾਜ ਤੋਂ ਸੇਧ ਲੈਂਦਿਆਂ, ਆਮ ਲੋਕਾਂ ਦੀ ਬਿਹਤਰੀ ਲਈ ਗੰਭੀਰ ਯਤਨ ਕਰਨਗੇ ਤਾਂ ਜੋ ਵੱਧ ਰਹੇ ਸਮਾਜਕ, ਆਰਥਕ, ਧਾਰਮਕ ਤੇ ਰਾਜਨੀਤਕ ਪਾੜੇ ਨੂੰ  ਘੱਟ ਕੀਤਾ ਜਾ ਸਕੇ |

ਅਸ਼ੋਕ ਸੋਨੀ ਕਾਲਮਨਵੀਸ
ਮੋ.9872705078
-ਪਿੰਡ ਖੂਈ ਖੇੜਾ, ਫਾਜ਼ਿਲਕਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement