ਜਦੋਂ ਬੀਮਾ ਏਜੰਟ ਨਾਲ ਵਾਹ ਪਿਆ
Published : May 11, 2018, 6:19 am IST
Updated : May 11, 2018, 6:19 am IST
SHARE ARTICLE
Insurance
Insurance

ਸਾਡੇ ਦੇਸ਼ ਵਿਚ ਵੈਸੇ ਤਾਂ ਉੱਲੂ ਬਹੁਤ ਘੱਟ ਪਾਏ ਜਾਂਦੇ ਹਨ ਪਰ ਬਣਾਏ ਜ਼ਿਆਦਾ ਜਾਂਦੇ ਹਨ। ਸਾਡੀ ਜਨਤਾ ਬੜੀ ਭੋਲੀ-ਭਾਲੀ ਹੈ, ਜਲਦੀ ਹੀ ਝਾਂਸੇ ਵਿਚ ਆ ਜਾਂਦੀ ਹੈ। ਇਕ ਦੋ ...

ਸਾਡੇ ਦੇਸ਼ ਵਿਚ ਵੈਸੇ ਤਾਂ ਉੱਲੂ ਬਹੁਤ ਘੱਟ ਪਾਏ ਜਾਂਦੇ ਹਨ ਪਰ ਬਣਾਏ ਜ਼ਿਆਦਾ ਜਾਂਦੇ ਹਨ। ਸਾਡੀ ਜਨਤਾ ਬੜੀ ਭੋਲੀ-ਭਾਲੀ ਹੈ, ਜਲਦੀ ਹੀ ਝਾਂਸੇ ਵਿਚ ਆ ਜਾਂਦੀ ਹੈ। ਇਕ ਦੋ ਭੱਦਰ ਪੁਰਸ਼ ਅਜਿਹੇ ਹਨ ਜਿਨ੍ਹਾਂ ਨਾਲ ਹਰ ਇਨਸਾਨ ਦਾ ਅਪਣੀ ਜ਼ਿੰਦਗੀ ਵਿਚ ਵਾਹ-ਵਾਸਤਾ ਪੈਂਦਾ ਹੀ ਹੈ। ਇਕ ਤਾਂ ਹੈ ਬੀਮਾ ਏਜੰਟ, ਦੂਜਾ ਪ੍ਰਾਪਰਟੀ ਡੀਲਰ। ਇਹ ਜੋ ਪਹਿਲੇ ਭੱਦਰ ਪੁਰਸ਼ ਹਨ, ਇਹ ਦੂਜੇ ਤੋਂ ਚਾਰ ਕਦਮ ਅੱਗੇ ਹੁੰਦੇ ਹਨ। 
ਬੀਮਾ ਏਜੰਟ ਸ਼ਾਇਦ ਦੁਨੀਆਂ ਦਾ ਸੱਭ ਤੋਂ ਢੀਠ ਇਨਸਾਨ ਹੁੰਦਾ ਹੈ। ਯਮਰਾਜ ਦੇ ਆਉਣ ਦਾ ਵੀ ਕੋਈ ਸਮਾਂ ਸਥਾਨ ਨਿਸ਼ਚਤ ਹੁੰਦਾ ਹੈ, ਪ੍ਰੰਤੂ ਬੀਮਾ ਏਜੰਟ ਕਦੇ ਵੀ ਅਤੇ ਕਿਤੇ ਵੀ ਪ੍ਰਗਟ ਹੋ ਸਕਦਾ ਹੈ, ਤੁਹਾਡੇ ਦਫ਼ਤਰ, ਦੁਕਾਨ ਜਾਂ ਰਸਤੇ ਵਿਚ ਵੀ ਬਿੱਲੀ ਵਾਂਗ ਤੁਹਾਡਾ ਰਸਤਾ ਕੱਟ ਸਕਦਾ ਹੈ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਅਜੇ ਨੌਕਰੀ ਵਿਚ ਸੀ। ਇਕ ਬੀਮਾ ਏਜੰਟ ਮੇਰੇ ਪਿੱਛੇ ਪੈ ਗਿਆ। ਉਹ ਜਦੋਂ ਵੀ ਮੈਨੂੰ ਮਿਲਿਆ ਕਰੇ ਬਸ ਇਹੀ ਰਟ ਲਗਾਉਂਦਾ, ''ਸ਼ਰਮਾ ਜੀ! ਬੀਮਾ ਕਰਵਾ ਲਉ, ਜਿਸ ਤਰ੍ਹਾਂ ਦੀ ਮਾਰਾ-ਮਾਰੀ ਅਤੇ ਆਪਾ-ਧਾਪੀ ਵਾਲੀ ਇਨਸਾਨ ਦੀ ਜ਼ਿੰਦਗੀ ਚਲ ਰਹੀ ਹੈ, ਬੀਮਾ ਬਹੁਤ ਜ਼ਰੂਰੀ ਹੈ। ਬੰਦੇ ਦਾ ਪਲ ਦਾ ਵੀ ਭਰੋਸਾ ਨਹੀਂ ਕਿਸ ਚੀਜ਼ ਜਾਂ ਝਰੋਖੇ ਵਿਚੋਂ ਮੌਤ ਦਾ ਬੁਲਾਵਾ ਆ ਜਾਵੇ ਕੋਈ ਪਤਾ ਨਹੀਂ ਚਲਦਾ।'' ਉਹ ਮੇਰੇ ਪਿੱਛੇ ਬੁਰੀ ਤਰ੍ਹਾਂ ਪੈ ਗਿਆ। ਮੈਂ ਵੀ ਉਸ ਨੂੰ ਕੋਈ ਸਿਰਾ ਨਾ ਫੜਾਇਆ। ਅਖ਼ੀਰ ਉਹ ਮੇਰੇ ਪਿਤਾ ਜੀ ਦੇ ਇਕ ਦੋਸਤ ਨੂੰ ਸਿਫ਼ਾਰਸ਼ ਲਈ ਫੜ ਲਿਆਇਆ। ਬਾਬੂ ਜੀ ਨੇ ਵੀ ਉਸ ਦੀ ਤਰਫ਼ਦਾਰੀ ਕਰਦੇ ਕਿਹਾ, ''ਬੇਟਾ, ਇਹ ਇਸ ਧੰਦੇ ਦੇ ਪੁਰਾਣੇ ਖਿਡਾਰੀ ਹਨ ਅਤੇ ਅਪਣੇ ਜਾਣਕਾਰ ਵੀ ਹਨ।'' 
ਉਸ ਨੇ ਮੈਨੂੰ ਕਿਹਾ, ''ਸ਼ਰਮਾ ਜੀ ਤੁਸੀ ਬੀਮੇ ਬਾਰੇ ਕੁੱਝ ਜਾਣਦੇ ਵੀ ਹੋ ਇਸ ਦਾ ਮਤਲਬ ਵੀ ਪਤੈ?'' ਮੈਂ ਕਿਹਾ, ''ਵੇਖੋ ਜੀ ਮੈਨੂੰ ਤਾਂ ਏਨਾ ਹੀ ਪਤੈ ਕਿ ਇਸ ਦਾ ਮਤਲਬ ਹੈ ਕਿ ''ਜੀਉ ਗ਼ਰੀਬ ਅਤੇ ਮਰੋ ਅਮੀਰ।'' ਉਸ ਨੇ ਕੱਚੀ ਜਹੀ ਹਾਸੀ ਹਸਦੇ ਕਿਹਾ, ''ਤੁਹਾਡਾ ਫ਼ੁਰਮਾਨ ਦਰੁਸਤ ਹੈ ਜ਼ਿਆਦਾ ਲੋਕ ਇਹੀ ਸਮਝਦੇ ਹਨ ਫਿਰ ਵੀ ਨੌਕਰੀ ਪੇਸ਼ਾ ਆਦਮੀ ਲਈ ਤਾਂ ਬੀਮਾ ਅਤਿ ਜ਼ਰੂਰੀ ਹੈ, ਟੈਕਸ ਵਿਚੋਂ ਰੀਬੇਟ, ਰਿਸਕ ਕਵਰ, ਐਕਸੀਡੈਂਟ ਤੇ ਮੁਆਵਜ਼ਾ ਅਤੇ ਹੋਰ ਕਈ ਫਾਇਦੇ ਹਨ। ਤੁਸੀ ਦਿਮਾਗ਼ ਤੋਂ ਬੋਝ ਲਾਹੋ ਜ਼ਿਆਦਾ ਸੋਚੋ ਨਾ ਸਾਥੋਂ ਬੀਮਾ ਕਰਵਾਉ : 
ਆਪ ਕਰਾਉ ਹਮ ਸੇ ਬੀਮਾ, ਛੋੜੋ ਸੱਭ ਅੰਦੇਸ਼ੋਂ ਕੋ,
ਇਸ ਖ਼ਿਦਮਤ ਮੇ ਸੱਭ ਸੇ ਬੜ੍ਹ ਕਰ, ਰੋਸ਼ਨ ਨਾਮ ਹਮਾਰਾ ਹੈ,
ਖਾਸੀ ਦੌਲਤ ਮਿਲ ਜਾਏਗੀ, ਆਪ ਕੇ ਬੀਵੀ ਬੱਚੋਂ ਕੋ, 
ਆਪ ਤਸੱਲੀ ਸੇ ਮਰ ਜਾਏਂ, ਬਾਕੀ ਕਾਮ ਹਮਾਰਾ ਹੈ।
ਉਸ ਨੇ ਹੱਸਣ ਲਈ ਸ਼ੇਅਰ ਮਾਰਿਆ ਪਰ ਮੈਂ ਹਸਿਆ ਨਹੀਂ। ਮੈਂ ਉਸ ਨੂੰ ਕਿਹਾ, ''ਇਸ ਦਾ ਮਤਲਬ ਤੁਸੀ ਸਾਨੂੰ ਮਰਿਆ ਹੀ ਭਾਲਦੇ ਹੋ।'' ''ਨਹੀਂ-ਨਹੀਂ ਸ਼ਰਮਾ ਜੀ, ਮਰਨ ਤੁਹਾਡੇ ਦੁਸ਼ਮਣ।'' ਮੈਂ ਕਿਹਾ, ''ਕ੍ਰਿਪਾ ਕਰ ਕੇ ਤੁਸੀ ਅਪਣੇ ਆਪ ਨੂੰ ਗਾਲ੍ਹਾਂ ਨਾ ਕੱਢੋ।'' 
ਉਹ ਕਾਫ਼ੀ ਦਿਨ ਮੇਰੇ ਪਿੱਛੇ ਲੱਗੇ ਰਹੇ, ਪਰ ਮੈਂ ਟਸ ਤੋਂ ਮਸ ਨਾ ਹੋਇਆ। ਇਨ੍ਹਾਂ ਲੋਕਾਂ ਵਿਚ ਸੰਗ-ਸ਼ਰਮ ਦਾ ਖ਼ਾਨਾ ਤਾਂ ਕੋਈ ਹੁੰਦਾ ਹੀ ਨਹੀਂ। ਕਈ ਵਾਰ ਤਾਂ ਇਹ ਬੜੇ ਗ਼ਜ਼ਬ ਢਾਉਂਦੇ ਨੇ, ਦੂਜਿਆਂ ਦੀਆਂ ਪਤਨੀਆਂ ਕੋਲ ਘੰਟਾ-ਘੰਟਾ ਬੈਠ ਕੇ ਉਨ੍ਹਾਂ ਦੇ ਪਤੀ ਮਰਨ ਦੇ ਫਾਇਦੇ ਸਮਝਾਉਂਦੇ ਨੇ।
ਇਕ ਦਿਨ ਮੈਂ ਦਫ਼ਤਰੋਂ ਘਰ ਪਹੁੰਚਿਆ, ਸਾਡੀ ਸਾਹਮਣੇ ਲਾਈਨ ਵਾਲੇ ਸ੍ਰੀ ਗੁਪਤਾ ਜੀ ਅਪਣੀ ਧਰਮ ਪਤਨੀ ਨਾਲ ਪਧਾਰੇ ਹੋਏ ਸਨ। ਗੁਪਤਾ ਜੀ ਦੀ ਪਤਨੀ ਨੇ ਨਮੱਸਤੇ ਕਰਨ ਉਪਰੰਤ ਕਿਹਾ, ''ਤੁਹਾਡੀ ਮੈਡਮ ਨੂੰ ਤਾਂ ਮੈਂ ਬਹੁਤ ਦਫ਼ਾ ਮਿਲੀ ਹਾਂ, ਪਰ ਅੱਜ ਉਚੇਚੇ ਤੌਰ ਉਤੇ ਤੁਹਾਨੂੰ ਮਿਲਣ ਆਈ ਹਾਂ। ਤੁਹਾਡੇ ਮੈਡਮ ਤਾਂ ਨੌਕਰੀ ਕਰਦੇ ਹਨ, ਪਰ ਮੈਂ ਸਾਰਾ ਦਿਨ ਖ਼ਾਲੀ ਬੈਠੀ ਬੋਰ ਹੁੰਦੀ ਰਹਿੰਦੀ ਹਾਂ, ਇਸ ਕਰ ਕੇ ਮੈਂ ਅਜਕਲ ਬੀਮਾ ਏਜੰਟ ਦੇ ਤੌਰ ਉਤੇ ਕੰਮ ਕਰਨ ਲੱਗ ਗਈ ਹਾਂ। ਬੱਸ ਮੈਂ ਇਸੇ ਸਿਲਸਿਲੇ ਵਿਚ ਤੁਹਾਡੇ ਕੋਲ ਆਈ ਹਾਂ।'' ਮੈਨੂੰ ਇਸ ਤਰ੍ਹਾਂ ਲਗਿਆ ਜਿਵੇਂ ਕਿਸੇ ਨੇ ਸੌ ਘੜੇ ਠੰਢੇ ਪਾਣੀ ਦੇ ਪਾ ਦਿਤੇ ਹੋਣ। ਮੈਂ ਕਿਹਾ, ''ਜੀ ਮੈਂ ਤਾਂ ਪਹਿਲਾਂ ਹੀ ਕਈ ਸਕੀਮਾਂ ਵਿਚ ਪੈਸਾ ਲਗਾਇਆ ਹੋਇਆ ਹੈ।'' 
ਉਸ ਨੇ ਮੇਰੀ ਗੱਲ ਅਣਸੁਣੀ ਕਰਦੇ ਕਿਹਾ, ''ਭਾਈ ਸਾਹਬ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਿ ਬੀਮੇ ਦੀ ਰਕਮ ਸਿਰਫ਼ ਮਰਨ ਉਪਰੰਤ ਹੀ ਮਿਲਦੀ ਹੈ। ਅਜਕਲ ਤਾਂ ਅਨੇਕਾਂ ਹੀ 5-10-12 ਸਾਲ ਦੀਆਂ ਛੋਟੀਆਂ-ਛੋਟੀਆਂ ਸਕੀਮਾਂ ਹਨ। ਥੋੜੇ ਸਮੇਂ ਵਿਚ ਥੋੜੀ ਰਕਮ ਲਗਾਉਣ ਤੇ ਚੌਖਾ ਲਾਭ ਮਿਲਦਾ ਹੈ।''
ਮੇਰੀ ਪਤਨੀ ਨੇ ਮੈਨੂੰ ਪਰੇ ਲਿਜਾ ਕੇ ਕਿਹਾ, ''ਮਖਿਆ ਜੀ ਕਰਵਾ ਲਉ ਇਹ ਅਪਣੇ ਰੋਜ਼ ਮੂੰਹ ਮੱਥੇ ਲਗਦੇ ਹਨ, ਬੰਦੇ ਦੇ ਬੰਦਾ ਸੌ ਵਾਰ ਕੰਮ ਆਉਂਦੈ।'' 
ਉਸ ਨੇ ਕਿਹਾ, ''ਮੈਂ ਆਪ ਜੀ ਦੀ 6 ਹਜ਼ਾਰ ਦੀ 'ਜੀਵਨ ਸੁਰਤੀ' ਪਾਲਸੀ 12 ਸਾਲਾਂ ਲਈ ਕਰ ਦਿੰਦੀ ਹਾਂ। ਇਸ ਵਿਚ ਸਾਰੇ ਲਾਭ ਪ੍ਰਾਪਤ ਹਨ। ਮੈਂ ਇਸ ਵਿਚ ਤੁਹਾਨੂੰ ਪਹਿਲੀ ਕਿਸ਼ਤ ਤੇ 30 ਫ਼ੀ ਸਦੀ ਰਿਬੇਟ ਵੀ ਦੇਵਾਂਗੀ, ਤੁਸੀ ਮੇਰੇ ਅਪਣੇ ਹੀ ਹੋ।'' ਮੈਂ ਹਾਮੀ ਭਰ ਦਿਤੀ, ਬੀਮੇ ਲਈ। ਅਜੇ ਮੈਂ ਇਸ ਸਕੀਮ ਦੀਆਂ ਦੋ ਕਿਸ਼ਤਾਂ ਹੀ ਭਰੀਆਂ ਸਨ ਕਿ ਇਕ ਦਿਨ ਉਹ ਫਿਰ ਆ ਗਈ। ਉਸ ਨੇ ਕਿਹਾ, ''ਭਾਈ ਸਾਹਬ ਮੈਂ ਜਿਹੜੀ ਪਾਲਿਸੀ ਤੁਹਾਡੀ ਕੀਤੀ ਹੈ ਉਸ ਨਾਲ ਸਬੰਧਤ ਇਕ ਫਾਇਦੇ ਦੀ ਸਕੀਮ ਆਈ ਹੈ। ਇਹ 12-18 ਸਾਲ ਦੀ ਉਮਰ ਦੇ ਬਚਿਆਂ ਲਈ ਹੈ। ਇਹ ਬਚਿਆਂ ਦੀ ਭੱਜ-ਦੌੜ ਵਾਲੀ ਜ਼ਿੰਦਗੀ ਨੂੰ ਮੱਦੇਨਜ਼ਰ ਰੱਖ ਕੇ ਸਕੀਮ ਖੋਲ੍ਹੀ ਹੈ। ਅਜਕਲ ਆਪਾਂ ਵੇਖਦੇ ਹਾਂ ਸੜਕ ਤੇ ਰੋਜ਼ ਹੀ ਮੌਤ ਦਾ ਤਾਂਡਵ ਹੁੰਦਾ ਹੈ। ਉਂਜ ਤਾਂ ਪ੍ਰਮਾਤਮਾ ਕਿਸੇ ਦੇ ਬੱਚੇ ਨੂੰ ਕੁੱਝ ਨਾ ਕਰੇ, ਫਿਰ ਵੀ ਖ਼ੁਦਾ ਨਾ ਖਾਸਤਾ ਕਿਸੇ ਬੱਚੇ ਨਾਲ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਕੰਪਨੀ 10 ਲੱਖ ਦਾ ਮੁਆਵਜ਼ਾ ਦੇਵੇਗੀ। ਇਸ ਪਾਲਿਸੀ ਦੀ 2 ਹਜ਼ਾਰ ਰੁਪਏ ਸਲਾਨਾਂ ਕਿਸ਼ਤ ਹੈ। ਦੋਵੇਂ ਪਾਲਿਸੀਆਂ ਇਕੱਠੀਆਂ ਖ਼ਤਮ ਹੋਣਗੀਆਂ। 
ਮੇਰਾ ਮਨ ਤਾਂ ਬਿਲਕੁਲ ਗਵਾਹੀ ਨਹੀਂ ਦੇ ਰਿਹਾ ਸੀ। ਇਹ ਲੋਕ ਬਹੁਤ ਕੁੱਝ ਸਪੱਸ਼ਟ ਨਹੀਂ ਦਸਦੇ, ਇਨ੍ਹਾਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ। ਪਹਿਲਾਂ ਸੌ ਸਬਜਬਾਗ਼ ਵਿਖਾਉਂਦੇ ਹਨ, ਜਦੋਂ ਕਿ ਹਕੀਕਤ ਕੋਹਾਂ ਦੂਰ ਹੁੰਦੀ ਹੈ। ਜਦੋਂ ਬੱਚੇ ਵਾਲੀ ਪਾਲਿਸੀ ਮੈਚਿਉਰ ਹੋਈ ਤਾਂ ਮੈਨੂੰ ਮੇਰੀ ਜਮ੍ਹਾਂ ਕਰਾਈ ਵੀ ਰਕਮ ਨਾ ਦਿਤੀ। ਉਸ ਨੇ ਕਿਹਾ, ''ਜੇ ਬੱਚੇ ਨੂੰ ਕੁੱਝ ਹੋ ਜਾਂਦਾ ਤਾਂ 10 ਲੱਖ ਤਾਂ ਕੰਪਨੀ ਨੇ ਹੀ ਦੇਣਾ ਸੀ, ਇਸ ਸਕੀਮ ਵਿਚ ਤਾਂ ਕੰਪਨੀ ਨੂੰ ਹੀ ਫਾਇਦਾ ਹੁੰਦਾ ਹੈ।'' 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement