ਗੁਰ ਰਾਮਦਾਸ ਰਾਖਹੁ ਸਰਣਾਈ
Published : Sep 11, 2019, 8:49 am IST
Updated : Sep 11, 2019, 8:49 am IST
SHARE ARTICLE
Gur Ramdas Ji
Gur Ramdas Ji

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਬਾਰੇ ਕੁਝ ਸ਼ਬਦ ਹੀ ਲਿਖਣੇ ਹੋਣ ਤਾਂ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਜੀਵਨ ‘ਪੂਰੀ ਹੋਈ ਕਰਾਮਾਤਿ’ ਦਾ ਅਕਸ ਸੀ।

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਬਾਰੇ ਕੁਝ ਸ਼ਬਦ ਹੀ ਲਿਖਣੇ ਹੋਣ ਤਾਂ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਜੀਵਨ ‘ਪੂਰੀ ਹੋਈ ਕਰਾਮਾਤਿ’ ਦਾ ਅਕਸ ਸੀ। ਸੇਵਾ ਤੇ ਨਿਮਰਤਾ ਦੇ ਪੁੰਜ ਅਤੇ ਅਸੀਮ ਗੁਣਾਂ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸੰਨ ੧੫੩੪ ਵਿਚ ਪਿਤਾ ਸ੍ਰੀ ਹਰਿਦਾਸ ਜੀ ਤੇ ਮਾਤਾ ਦਇਆ ਕੌਰ ਦੇ ਭਾਗਾਂ ਭਰੇ ਘਰ ਚੂਨਾ ਮੰਡੀ ਲਾਹੌਰ ਵਿਚ ਹੋਇਆ। ਸ੍ਰੀ ਗੁਰੂ ਰਾਮਦਾਸ ਜੀ ਆਪਣੇ ਮਾਤਾ ਪਿਤਾ ਦੇ ਵੱਡੇ ਪੁੱਤਰ ਹੋਣ ਕਰਕੇ ਜੇਠਾ ਕਰਕੇ ਜਾਣੇ ਜਾਂਦੇ ਸਨ। ਗਿਆਨੀ ਗਿਆਨ ਸਿੰਘ ‘ਤਵਾਰੀਖ ਗੁਰੂ ਖਾਲਸਾ’ ਵਿਚ ਲਿਖਦੇ ਹਨ ਕਿ ਆਪ ਅਤਿ ਸੁੰਦਰ, ਮੋਟੇ ਨਕਸ਼ ਤੇ ਚੌੜੇ ਮੱਥੇ ਵਾਲੇ ਸਨ ਅਤੇ ਹੱਥਾਂ ਪੈਰਾਂ ਦੇ ਸਭ ਲੱਛਣ ਅਵਤਾਰਾਂ ਵਾਲੇ ਸਨ। ਆਪ ਜੀ ਦੀ ਸੁੰਦਰਤਾ ਦਾ ਵਰਣਨ ਭੱਟ ਪਰਮਾਨੰਦ ਜੀ ਨੇ ਵੀ ਇਸ ਤਰ੍ਹਾਂ ਕੀਤਾ ਹੈ:
ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ
ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ॥
ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ
ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ॥
(ਪੰਨਾ ੧੪੦੨)

Guru Ram Das JiGuru Ram Das Ji

ਅਜੇ ਆਪ ਜੀ ੭ ਸਾਲ ਦੇ ਹੀ ਸਨ ਕਿ ਆਪ ਦੇ ਮਾਤਾ ਪਿਤਾ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਹੋਰ ਕੋਈ ਸਹਾਰਾ ਨਾ ਹੋਣ ਕਰਕੇ ਅਨਾਥ ਵੇਖ ਆਪ ਜੀ ਦੀ ਨਾਨੀ ਆਪ ਨੂੰ ਆਪਣੇ ਪਿੰਡ ਬਾਸਰਕੇ ਲੈ ਆਈ। ਇਥੇ ਭਾਈ ਜੇਠਾ ਜੀ ਫਿਰ ਤੁਰ ਕੇ ਘੁੰਗਣੀਆਂ ਵੇਚਦੇ ਅਤੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦੇ। ਆਪ ਜੀ ਦੇ ਆਪਣੀ ਇਸ ਸਮੇਂ ਦੀ ਅਵਸਥਾ ਦਾ ਜ਼ਿਕਰ ਕਰਦੇ ਹੋਏ ਕਥਨ ਕੀਤਾ:
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥
(ਪੰਨਾ ੧੬੭)

Guru Amar DasGuru Amar Das

ਕੁਦਰਤ ਦੀ ਕਰਣੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਵੀ ਬਾਸਰਕੇ ਦੇ ਰਹਿਣ ਵਾਲੇ ਸਨ। ਇਥੇ ਬਾਸਰਕੇ ਪਿੰਡ ਵਿਚ ਹੀ ਸਿੱਖੀ ਦੀ ਤੌਰ ਤੇ ਸੇਵਾ ਭਾਵਨਾ ਦੇ ਰੂਪ ਵਿਚ ਗੁਰੂ ਅਮਰਦਾਸ ਜੀ ਨਾਲ ਪਹਿਲੀ ਮੁਲਾਕਾਤ ਹੋਈ। ਆਤਮਿਕ ਤੌਰ ਤੇ ਇਹ ਮੁਲਾਕਾਤ ਐਸੀ ਸੀ ਕਿ ਭਾਈ ਜੇਠਾ ਜੀ ਸਦਾ ਲਈ ਗੁਰੂ ਅਮਰਦਾਸ ਜੀ ਦੀ ਨੂੰ ਸਮਰਪਿਤ ਹੋ ਗਏ। ਆਪ ਸ੍ਰੀ ਗੁਰੂ ਅਮਰਦਾਸ ਜੀ ਦੀ ਪਾਸ ਗੋਇੰਦਵਾਲ ਸਾਹਿਬ ਆ ਗਏ। ਗੋਇੰਦਵਾਲ ਆ ਕੇ ਵੀ ਉਨ੍ਹਾਂ ਨੇ ਘੁੰਗਣੀਆਂ ਵੇਚਣ ਦੀ ਕਿਰਤ ਜਾਰੀ ਰੱਖੀ ਤੇ ਗੁਰੂ ਦਰਬਾਰ ਦੀ ਸਿਰਜਣਾ ਤੇ ਸੇਵਾ ਦੀ ਹਾਜਰੀ ਵੀ ਨਿਰੰਤਰ ਜਾਰੀ ਰੱਖੀ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਵਾਸਤੇ ਭਾਈ ਜੇਠਾ ਜੀ ਨੂੰ ਵਰ ਦੇ ਰੂਪ ਵਿਚ ਸਵੀਕਾਰ ਕਰ ਲਿਆ।  ਭਾਈ ਜੇਠਾ ਜੀ ਤੇ ਬੀਬੀ ਭਾਨੀ ਜੀ ਹਰ ਸਮੇਂ ਆਪਸੀ ਰਿਸ਼ਤੇਦਾਰੀ ਦਾ ਮਾਣ ਸਨਮਾਨ ਤਿਆਗ ਕੇ ਨਿਮਾਣੇ ਨਿਤਾਣੇ ਸਿੱਖ ਬਣ ਕੇ ਲੋਕਾਚਾਰੀ ਦੀ ਪ੍ਰਵਾਹ ਨਾ ਕਰਕੇ ਗੁਰੂ ਘਰ ਦੀ ਸੇਵਾ ਕਰਦੇ। ਬਾਉਲੀ ਦੀ ਸੇਵਾ ਸਮੇਂ ਸਾਰਾ ਪ੍ਰਬੰਧ ਆਪਣੇ ਹੱਥੀਂ ਲਿਆ। ਆਪ ਹੱਥੀਂ ਟੋਕਰੀ ਢੋਂਹਦੇ। ਲਾਹੌਰੋਂ ਆਏ ਸ਼ਰੀਕੇ ਵਾਲਿਆਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਜਦ ਉਲਾਂਭਾ ਦਿੱਤਾ ਤਾਂ ਉਨ੍ਹਾਂ ਕਿਹਾ, ‘ਰਾਮਦਾਸ ਦੇ ਸਿਰ ਤੇ ਟੋਕਰੀ ਨਹੀਂ ਹੈ, ਸਗੋਂ ਇਹ ਦੀਨ ਦੁਨੀਆਂ ਦੇ ਛਤਰ ਦੀ ਨਿਸ਼ਨੀ ਹੈ’।

ਅਜਿਹੀ ਸੇਵਾ ਸਿਮਰਨ ਦੀ ਕਮਾਈ ਸਦਕਾ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਜੋਤਿ ਦਾ ਅਧਿਕਾਰੀ ਭਾਈ ਜੇਠਾ ਜੀ ਨੂੰ ਬਣਾ ਦਿੱਤਾ। ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ। ਇਸ ਸਬੰਧੀ ਭਾਈ ਗੁਰਦਾਸ ਜੀ, ਭੱਟਾਂ ਤੇ ਰਬਾਬੀਆਂ ਨੇ ਬੜੇ ਖੂਬਸੂਰਤ ਅਨੁਭਵ ਪ੍ਰਗਟ ਕੀਤੇ ਹਨ। ਭਾਈ ਗੁਰਦਾਸ ਜੀ ਅਨੁਸਾਰ:
ਗੁਰੁ ਅਮਰਹੁ ਗੁਰੁ ਰਾਮਦਾਸ ਗੁਰ ਸੇਵਾ ਗੁਰੁ ਹੋਇ ਸਮਾਇਆ॥
(ਵਾਰ ੨੬/੩੪)
ਗੁਰਬਾਣੀ ਅੰਦਰ ਰਾਮਕਲੀ ਦੀ ਵਾਰ ਦੇ ਬਚਨ ਹਨ :
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ॥
(ਪੰਨਾ ੯੬੮)
ਲੰਬੇ ਸਮੇਂ ਦੀ ਲਗਾਤਾਰ ਘਾਲਣਾ ਸੱਚੀ ਦਰਗਾਹ ਵਿਚ ਕਬੂਲ ਹੋਈ ਤੇ ਜੋ ਬਾਉਲੀ ਸਾਹਿਬ ਦੀ ਸੇਵਾ ਸਮੇਂ ਕਾਰ ਸੇਵਾ ਦੀ ਟੋਕਰੀ ਆਪ ਲਗਾਤਾਰ ਆਪਣੇ ਸਿਰ ਤੇ ਚੁਕੀ ਫਿਰਦੇ ਸਨ, ਉਸ ਨੇ ਗੁਰੂ ਨਾਨਕ ਸਾਹਿਬ ਦੀ ਜੋਤਿ ਤੇ ਨਾਜ਼ ਦਾ ਰੂਪ ਧਾਰਨ ਕਰ ਲਿਆ।

Darbar Sahib AmritsarDarbar Sahib Amritsar

ਆਪ ਜੀ ਦੀਆਂ ਸਿੱਖਿਆਵਾਂ ਮਨੁੱਖ ਮਾਤਰ ਲਈ ਸਮੁੱਚਾ ਜੀਵਨ ਜਿਊਣ ਦੀ ਪ੍ਰੇਰਨਾ ਦਾ ਸੋਮਾ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਨੂੰ ਆਪਾ ਸੌਂਪਣ ਤੇ ਜੋਰ ਦੇਣ ਲਈ ਕਿਹਾ। ਅੰਤਰ ਆਤਮੇ ਦੀ ਸੋਝੀ ਮਨ ਦੀ ਮੈਲ ਧੋ ਸਕਦੀ ਹੈ। ਨਾਮ ਦਾਨ, ਇਸ਼ਨਾਨ ਤੇ ਸੁੱਚੀ  ਕਿਰਤ, ਵੰਡ ਛਕਣਾ ਸਿੱਖ ਲਈ ਸ਼ੁਭ ਕਰਮ ਹਨ। ਇਹੀ ਰਹਿਤ ਉਨ੍ਹਾਂ ਸਿੱਖ ਲਈ ਜ਼ਰੂਰੀ ਕਰ ਦਿੱਤੀ। ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਨਾ ਤੇ ਹਰਿ ਕੇ ਨਾਮ ਦਾ ਜਾਪ ਕਰਨਾ, ਬਹਿੰਦਿਆਂ ਉਠਦਿਆਂ ਪ੍ਰਭ ਦਾ ਸਿਮਰਨ ਕਰਨਾ ਹੀ ਸਿੱਖ ਦਾ ਕਰਮ ਹੈ। ਉਨ੍ਹਾਂ ਨੇ ਕਿਹਾ ਜੋ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਸਿੱਖ ਦੀ ਚਰਨ ਧੂੜ ਮਸਤਕ ਤੇ ਲਗਾਉਣੀ ਚਾਹੀਦੀ ਹੈ। ਫੁਰਮਾਨ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥
(ਪੰਨਾ ੩੦੫)
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਮਾਝੇ ਵਿਚ ਸਿੱਖੀ ਦਾ ਕੇਂਦਰ ਸਥਾਪਤ ਕਰਨ ਦਾ ਵਿਚਾਰ ਸੀ। ਆਪ ਜੀ ਨੇ ੫੨ ਕਿਤਿਆਂ ਦੇ ਲੋਕਾਂ ਨੂੰ ਆਬਾਦ ਕਰਕੇ ਇੱਕ ਨਗਰ ਵਸਾਇਆ ਜਿਸ ਨੂੰ ਪਹਿਲਾਂ ਚੱਕ ਰਾਮਦਾਸਪੁਰ ਤੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਕਿਹਾ ਜਾਣ ਲੱਗਾ। ਇਸ ਸ਼ਹਿਰ ਦੀ ਸਥਾਪਨਾ ੧੫੭੭ ਈ: ਵਿਚ ਕੀਤੀ ਗਈ। ਦੂਰਅੰਦੇਸ਼ ਗੁਰੂ ਜੀ ਨੇ ਸ਼ਹਿਰ ਦੇ ਹਰ ਪੱਖੋਂ ਮਹਾਨ ਉਨਤ ਤੇ ਪ੍ਰਫੁਲਤ ਹੋਣ ਦੇ ਨਿਸ਼ਾਨੇ ਪਹਿਲਾਂ ਹੀ ਮਿੱਥ ਲਏ ਸਨ। ਜੰਗਲ ਬੀਆਬਾਨ ਨੂੰ ਭਾਗ ਲਗ ਗਏ। ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਨੂੰ ਸਿਰਜ ਕੇ ਇਸ ਨੂੰ ਆਤਮਿਕ ਤ੍ਰਿਪਤੀ ਦਾ ਇਕ ਕੇਂਦਰੀ ਸੋਮਾਂ ਬਣਾਇਆ ਜਿਥੇ ਪੰਥ ਚੜ੍ਹਦੀ ਕਲਾ ਲਈ ਸਮੇਂ ਸਮੇਂ ਜੁੜਣ ਲੱਗਾ। ਗੁਰੂ ਫੁਰਮਾਨ ਹੈ:
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ॥
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ॥
(ਪੰਨਾ ੧੩੬੨)

LangarLangar

ਸਾਰੇ ਸਿੱਖ ਪੰਥ ਦੀ ਪੂਰਨਤਾ ਵਿਚ ਜਿਸ ਹੁਕਮ ਨੇ ਬਹੁਤ ਵੱਡਾ ਹਿੱਸਾ ਪਾਇਆ, ਉਹ ਕਿਰਤ ਵਿਚੋਂ ਦਸਵੰਦ ਦੇਣ ਦੀ ਰੀਤ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਦਸਵੰਦ ਦੀ ਰੀਤ ਨੂੰ ਵਿਆਪਕ ਪੱਧਰ ਤੇ ਲਾਗੂ ਕੀਤਾ। ਉਨ੍ਹਾਂ ਨੇ ਤਾਕੀਦ ਕੀਤੀ ਕਿ ਹਰ ਸਿੱਖ ਦਸਵੰਧ ਕੱਢ ਕੇ ਗੁਰੂ ਦਰਬਾਰ ਵਿਚ ਪਹੁੰਚਾਏ। ਇਹ ਦਸਵੰਧ ਦੀ ਰਕਮ ਗੁਰੂ ਕੇ ਲੰਗਰ ਤੇ ਪੰਥ ਦੀਆਂ ਹੋਰ ਬਾਕੀ ਸਮਾਜਿਕ  ਆਰਥਿਕ ਤੇ ਧਾਰਮਿਕ ਲੋੜਾਂ ਦੀ ਪੂਰਤੀ ਲਈ ਵਰਤੀ ਜਾਂਦੀ ਸੀ।
ਸ੍ਰੀ ਗੁਰੂ ਰਾਮਦਾਸ ਜੀ ਨੇ ਮਨੁੱਖ ਨੂੰ ਉੱਚਾ ਸੁੱਚਾ ਜੀਵਨ ਬਖਸ਼ਣ ਤੇ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਰਚੀ ਤੇ ਪਹਿਲੇ ਗੁਰੂ ਸਾਹਿਬਾਨ ਵੱਲੋਂ ਰਚੀ ਗੁਰਬਾਣੀ ਦੀ ਸਾਂਭ ਸੰਭਾਲ ਕੀਤੀ। ਆਪ ਜੀ ਨੇ ਆਪਣੇ ਗੁਰੂ ਕਾਲ ਵਿਚ ਸਿੱਖੀ ਦੀ ਸ਼ਾਨ ਨੂੰ ਲੋਕਾਈ ‘ਚ ਹੋਰ ਰੁਸ਼ਨਾ ਕੇ ਦੱਸ ਦਿੱਤਾ ਕਿ ਜਿੰਦਗੀ ਨੂੰ ਜੀਣ ਲਈ ਸਾਨੂੰ ਸੱਚੇ ਸੁੱਚੇ ਇਨਸਾਨ ਦੇ ਰੂਪ ਵਿਚ ਸਿਰਫ ਇਕ ਸੱਚ ਤੇ ਹੀ ਪਹਿਰਾ ਦੇਣਾ ਪੈਂਦਾ ਹੈ। ਆਪ ਜੀ ਪਹਿਲੀ ਸਤੰਬਰ ੧੫੮੧ ਈ: ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤਿ ਸਮਾ ਗਏ।
ਸ੍ਰੀ ਗੁਰੂ ਰਾਮਦਾਸ ਜੀ ਨੇ ਜਿਸ ਮਹਾਨ ਸਮਾਜ ਦੀ ਰਚਨਾ ਤੇ ਉਸਾਰੀ ਕੀਤੀ ਉਸ ਦਾ ਵਰਨਣ ਨਹੀਂ ਕੀਤਾ ਜਾ ਸਕਦਾ। ਉਹ ਸੇਵਾ, ਭਗਤੀ, ਪ੍ਰੇਮ, ਤੇ ਉਪਾਸਨਾ ਆਦਿ ਗੁਣਾ ਨਾਲ ਭਰਪੂਰ ਨਿਮਰਤਾ ਦੇ ਆਦਰਸ਼ਕ ਪਰਮ ਮਨੁੱਖ ਹੋ ਕੇ ਵਿਚਰੇ। ਭੱਟਾਂ ਨੇ ਆਪਣੇ ਮਨੋ ਭਾਵ ਦਰਸਾਉਂਦਿਆਂ ਸ਼ਰਨ ਡਿੱਗ ਕੇ ਬੇਨਤੀ ਕੀਤੀ ਹੈ। ਆਓ, ਅਸੀਂ ਵੀ ਉਨ੍ਹਾਂ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਸਾਰੇ ਰਲ ਕੇ ਅਰਦਾਸ ਕਰੀਏ ਕਿ ਉਹ ਸਾਨੂੰ ਆਪਣੀ ਪਵਿੱਤਰ ਸ਼ਰਨ ਬਖਸ਼ਣ:
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥
(ਪੰਨਾ ੧੪੦੬)

ਪ੍ਰੋ. ਕਿਰਪਾਲ ਸਿੰਘ ਬਡੂੰਗਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement