Happy Mother's Day 2024: ਰੱਬ ਵਰਗਾ ਦਰਜਾ ਰਖਦੀ ਹੈ ਮਾਂ ‘ਕੌਮਾਤਰੀ ਮਾਂ ਦਿਵਸ’ ’ਤੇ ਵਿਸ਼ੇਸ਼
Published : May 12, 2024, 11:46 am IST
Updated : May 12, 2024, 11:46 am IST
SHARE ARTICLE
Happy Mother's Day 2024
Happy Mother's Day 2024

‘‘ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ। ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ।’’

Happy Mother's Day 2024: ਇਹ ਗੱਲ ਸੱਚ ਹੈ ਕਿਉਂਕਿ ਮਾਂ ਤਾਂ ਸਚਮੁੱਚ ਹੀ ਰੱਬ ਤੋਂ ਵੀ ਉੱਚਾ ਦਰਜਾ ਰਖਦੀ ਹੈ। ਰੱਬ ਤਾਂ ਇਨਸਾਨ ਨੂੰ ਜਨਮ ਦਿੰਦਾ ਹੈ, ਪਾਲਦਾ ਹੈ, ਦੁੱਖ ਤੇ ਸੁੱਖ ਦਿੰਦਾ ਹੈ ਤੇ ਅੰਤ ਵਿਚ ਮੌਤ ਦਿੰਦਾ ਹੈ ਪਰ ਮਾਂ.... ਮਾਂ ਤਾਂ ਜਨਮ ਦਿੰਦੀ ਹੈ, ਪਾਲਦੀ ਹੈ, ਕੇਵਲ ਸੁੱਖ ਦਿੰਦੀ ਹੈ ਤੇ ਔਲਾਦ ਲਈ ਸੁੱਖ ਮੰਗਦੀ ਹੈ ਅਤੇ ਔਲ੍ਹਾਦ ਨੂੰ ਸਦਾ ਜ਼ਿੰਦਗੀ ਹੀ ਦਿੰਦੀ ਹੈ, ਰੱਬ ਦੀ ਤਰ੍ਹਾਂ ਮੌਤ ਨਹੀਂ। ਉਹ ਆਖ਼ਰੀ ਸਾਹ ਤਕ ਅਪਣੇ ਬੱਚਿਆਂ ਦੀ ਬਿਹਤਰੀ ਲਈ ਸਮਰਪਤ ਰਹਿੰਦੀ ਹੈ। ਸ਼ਾਇਰ ਮੁਨੱਵਰ ਰਾਣਾ ਦਾ ਸ਼ੇਅਰ ਹੈ –

ਲਬੋਂ ਪੇ ਉਸ ਕੇ ਕਭੀ ਬਦਦੁਆ ਨਹੀਂ ਹੋਤੀ,
ਬਸ ਏਕ ਮਾਂ ਹੈ ਜੋ ਮੁਝ ਸੇ ਖ਼ਫ਼ਾ ਨਹੀਂ ਹੋਤੀ।
 

ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ Çਲੰਕਨ ਨੇ ਕਿਹਾ ਸੀ - ‘‘ਮੈਂ ਜੋ ਵੀ ਹਾਂ ਜਾਂ ਜੋ ਵੀ ਹੋ ਸਕਦਾ ਹਾਂ ਕੇਵਲ ਤੇ ਕੇਵਲ ਅਪਣੀ ਮਾਂ ਦੀ ਬਦੌਲਤ ਹਾਂ।’’ ਵਾਕਿਆ ਹੀ ਮਾਂ ਦੀ ਹਰ ਸ਼ਖ਼ਸ ਦੇ ਜੀਵਨ ਵਿਚ ਵੱਡੀ ਭੂਮਿਕਾ ਹੁੰਦੀ ਹੈ ਤੇ ਇਕ ਮਾਂ ਆਪ ਗਿੱਲੇ ਤੇ ਪੈ ਕੇ ਵੀ ਅਪਣੇ ਬੱਚੇ ਨੂੰ ਸੁੱਕੇ ’ਤੇ ਰਖਦੀ ਹੈ। ਆਪ ਭੁੱਖੀ ਰਹਿ ਕੇ ਵੀ ਅਪਣੇ ਬੱਚੇ ਦਾ ਪੇਟ ਭਰਦੀ ਹੈ। ਉਸ ਦਾ ਸਾਰਾ ਜੀਵਨ ਮੋਹ, ਪਿਆਰ, ਸੇਵਾ ਅਤੇ ਤਿਆਗ ਵਿਚ ਗੁਜ਼ਰ ਜਾਂਦਾ ਹੈ।

ਮਾਂ ਸਦਾ ਹੀ ਨਿਰਛਲ ਤੇ ਨਿਰਮਲ ਪਿਆਰ ਦਾ ਸੋਮਾ ਹੁੰਦੀ ਹੈ। ਅਮਰੀਕੀ ਲੇਖਕ ਮਿੱਚ ਐਲਬਮ ਦੇ ਬੋਲ ਹਨ - ‘‘ਦੁਨੀਆ ਵਿਚ ਜੇਕਰ ਤੁਹਾਨੂੰ ਨਿਰਛਲ ਤੇ ਨਿਰਮਲ ਪਿਆਰ ਦੀ ਤਲਾਸ਼ ਹੋਵੇ ਤਾਂ ਇਹ ਤੁਹਾਨੂੰ ਅਪਣੀ ਮਾਂ ਦੀਆਂ ਮਮਤਾ ਭਰੀਆਂ ਅੱਖਾਂ ਵਿਚ ਜ਼ਰੂਰ ਮਿਲ ਜਾਏਗਾ।’’ ਅੱਜ 12 ਮਈ ਦੇ ਦਿਨ ਦੁਨੀਆਂ ਭਰ ਵਿਚ ‘ਕੌਮਾਂਤਰੀ ਮਾਂ ਦਿਵਸ’ ਮਨਾਇਆ ਜਾ ਰਿਹਾ ਹੈ। ਭਾਰਤ ਸਮੇਤ ਦੁਨੀਆਂ ਦੇ ਅਧਿਕਤਰ ਮੁਲਕਾਂ ਵਿਚ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਇਹ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। 

ਅਮਰੀਕਾ ਦੇ ਪਛਮੀ ਵਰਜੀਨੀਆ ਇਲਾਕੇ ਦੀ ਵਾਸੀ ਐਨਾ ਜਾਰਵਿਸ ਨਾਮਕ ਇਕ ਔਰਤ ਦੀ ਮਾਂ ਐਨਾ ਰੀਵ ਜਾਰਵਿਸ ਦੀ ਦਿਲੀ ਚਾਹਤ ਸੀ ਕਿ ਦੁਨੀਆਂ ਵਿਚ ਮਾਂ ਨੂੰ ਸਮਰਪਤ ਵੀ ਇਕ ਦਿਨ ਮਨਾਇਆ ਜਾਣਾ ਚਾਹੀਦਾ ਹੈ। ਇਹ ਖ਼ਾਹਿਸ਼ ਅਪਣੇ ਮਨ ’ਚ ਲੈ ਕੇ ਐਨਾ ਰੀਵ ਜਾਰਵਿਸ ਤਾਂ ਸੰਨ 1905 ਵਿਚ ਇਸ ਜਹਾਨੋਂ ਚੱਲ ਵੱਸੀ ਪਰ ਉਸ ਦੀ ਧੀ ਨੇ ਅਪਣੀ ਮਾਂ ਦੀ ਖ਼ਾਹਿਸ਼ ਪੂਰੀ ਕਰਨ ਦਾ ਜ਼ਿੰਮਾ ਚੁੱਕ ਲਿਆ ਤੇ ਇਸ ਸਬੰਧ ਵਿਚ ਮੁਹਿੰਮ ਸ਼ੁਰੂ ਕਰ ਦਿਤੀ।

ਉਸ ਨੇ ਮਾਂ ਦਿਵਸ ਮਨਾਉਣ ਅਤੇ ਇਸ ਦਿਨ ਪੂਰੇ ਮੁਲਕ ਵਿਚ ਛੁੱਟੀ ਰੱਖਣ ਦੀ ਮੰਗ ਉਠਾਈ ਜੋ ਕਿ ਠੁਕਰਾ ਦਿਤੀ ਗਈ ਪਰ ਐਨਾ ਨੇ ਹਾਰ ਨਾ ਮੰਨੀ। ਅਖ਼ੀਰ ਸੰਨ 1911 ਵਿਚ ਅਮਰੀਕਾ ਵਿਚ ‘ਮਾਂ ਦਿਵਸ’ ਮਨਾਉਣਾ ਤਾਂ ਸ਼ੁਰੂ ਹੋ ਗਿਆ ਪਰ ਛੁੱਟੀ ਕੀਤੇ ਜਾਣ ਦਾ ਐਲਾਨ ਠੀਕ ਤੀਹ ਸਾਲ ਬਾਅਦ ਸੰਨ 1941 ਵਿਚ ਰਾਸ਼ਟਰਪਤੀ ਵੁੱਡਰੋਅ ਵਿਲਸਨ ਵਲੋਂ ਕੀਤਾ ਗਿਆ। ਉਦੋਂ ਤੋਂ ਹੀ ਮਈ ਦੇ ਦੂਜੇ ਐਤਵਾਰ ਮਾਂ ਦਿਵਸ ਮਨਾਉਣ ਦੀ ਰੀਤ ਸ਼ੁਰੂ ਹੋਈ ਜੋ ਕਿ ਅਧਿਕਤਰ ਮੁਲਕਾਂ ਵਲੋਂ ਅਪਣਾ ਲਈ ਗਈ।

ਜ਼ਿਕਰਯੋਗ ਹੈ ਕਿ ਯੂ.ਕੇ. ਵਿਚ ਮਾਰਚ ਦੇ ਚੌਥੇ ਐਤਵਾਰ, ਯੂਨਾਨ ਵਿਚ 2 ਫ਼ਰਵਰੀ, ਉੱਤਰੀ ਕੋਰੀਆ ਵਿਚ 16 ਨਵੰਬਰ, ਇਜ਼ਰਾਈਲ ਵਿਚ 22 ਮਈ, ਪੋਲੈਂਡ ਵਿਚ 26 ਮਈ ਅਤੇ ਅਰਬ ਦੇਸ਼ਾਂ ਵਿਚ 21 ਮਾਰਚ ਨੂੰ ਮਾਂ ਨੂੰ ਸਮਰਪਤ ਦਿਹਾੜਾ ਮਨਾਇਆ ਜਾਂਦਾ ਹੈ। ਉਂਜ ਖੋਜਕਾਰਾਂ ਦਾ ਮੰਨਣਾ ਹੈ ਕਿ ਇੰਗਲੈਂਡ ਵਿਖੇ ਸੋਲ੍ਹਵੀਂ ਸਦੀ ਵਿਚ ‘ਮਦਰਿੰਗ ਸੰਡੇ’ ਮਨਾਏ ਜਾਣ ਦੀ ਪਿਰਤ ਹੋਇਆ ਕਰਦੀ ਸੀ। ਮਹੀਨੇ ਦੇ ਚੌਥੇ ਐਤਵਾਰ ਉਹ ਸਾਰੀਆਂ ਧੀਆਂ ਅਪਣੇ ਘਰਾਂ ਨੂੰ ਪਰਤਦੀਆਂ ਸਨ ਜੋ ਅਪਣੇ ਘਰਾਂ ਤੋਂ ਦੂਰ ਕਿਸੇ ਦੇ ਘਰ ਵਿਚ ਬਤੌਰ ਸੇਵਿਕਾਵਾਂ ਕੰਮ ਕਰਦੀਆਂ ਸਨ।

ਇਸ ਦਿਨ ਉਹ ਅਪਣੀਆਂ ਮਾਂਵਾਂ ਨੂੰ ਗਲਵਕੜੀ ’ਚ ਲੈ ਕੇ ਮਿਲਦੀਆਂ ਸਨ ਤੇ ਪ੍ਰਵਾਰ ਵਿਚ ਮੌਜੂਦ ਵੱਡਾ ਪੁੱਤ ਜਾਂ ਵੱਡੀ ਧੀ ਮਾਂ ਲਈ ਤਿਆਰ ਕੀਤਾ ਇਕ ਖ਼ਾਸ ਕੇਕ ਲੈ ਕੇ ਆਇਆ ਕਰਦੀ ਸੀ ਜਿਸ ਨੂੰ ਸਾਰੇ ਪ੍ਰਵਾਰ ’ਚ ਬਹਿ ਕੇ ਮਾਂ ਕਟਦੀ ਸੀ ਤੇ ਉਪਰੰਤ ਮਾਂ ਦੀਆਂ ਦੁਆਵਾਂ ਦਾ ਪ੍ਰਤੀਕ ਉਹ ਕੇਕ ਸਾਰੇ ਪ੍ਰਵਾਰ ਵਿਚ ਵੰਡਿਆ ਜਾਂਦਾ ਸੀ। ਅਮਰੀਕਾ ਵਿਚ ਮਾਂ ਦਿਵਸ ਮਨਾਉਣ ਦੀ ਪਿਰਤ ਦਾ ਆਗ਼ਾਜ਼ ਕਰਨ ਦਾ ਮਾਣ ਐਨਾ ਰੀਵ ਜਾਰਵਿਸ, ਉਸ ਦੀ ਧੀ ਐਨਾ ਜਾਰਵਿਸ ਅਤੇ ਜੂਲੀਆ ਵਾਰਡ ਨਾਮਕ ਤਿੰਨ ਮਹਿਲਾਵਾਂ ਨੂੰ ਦਿਤਾ ਜਾਂਦਾ ਹੈ। 

ਮਾਂ ਦੀ ਮਹਾਨਤਾ ਅਸਲ ਵਿਚ ਸ਼ਬਦਾਂ ਵਿਚ ਬਿਆਨ ਤੋਂ ਪਰੇ ਹੈ। ਉਹ ਤਾਂ ਰੱਬ ਦੇ ਅਵਤਾਰਾਂ ਦੀ ਵੀ ਜਨਮਦਾਤੀ ਹੈ। ਗੁਰਬਾਣੀ ਦਸਦੀ ਹੈ ਕਿ ਪਰਮਾਤਮਾ ਨੂੰ ਦੁਨੀਆਂ ਦਾ ਭਲਾ ਕਰਨ ਲਈ ਜਿੰਨੀ ਵਾਰ ਵੀ ਇਸ ਦੁਨੀਆਂ ਵਿਚ ਆਉਣਾ ਪਿਆ ਹੈ ਉਸਨੂੰ ਮਾਂ ਦੀ ਕੁੱਖ ਨੇ ਹੀ ਜਨਮ ਦਿੱਤਾ ਹੈ। ਇਹ ਵੀ ਸੱਚ ਹੈ ਕਿ ਮਾਂ ਦੀ ਥਾਂ ਕਦੇ ਕੋਈ ਨਹੀਂ ਲੈ ਸਕਦਾ। ਕਾਰਡੀਨਲ ਮਰਮਿਲੌਡ ਦੇ ਬਚਨ ਹਨ - ‘‘ਮਾਂ ਉਹ ਹੈ ਜੋ ਹਰ ਰਿਸ਼ਤੇ ਦੀ ਥਾਂ ਲੈ ਸਕਦੀ ਹੈ ਪਰ ਮਾਂ ਦੀ ਥਾਂ ਕੋਈ ਹੋਰ ਰਿਸ਼ਤਾ ਨਹੀਂ ਲੈ ਸਕਦਾ।’’

ਕਿਸੇ ਸ਼ਾਇਰ ਨੇ ਬਾਖ਼ੂਬੀ ਕਿਹਾ ਹੈ – ‘‘ ਵੇਖਿਆ ਨਹੀਂ ਹੈ ਤੈਨੂੰ ਸਾਹਮਣੇ ਖਲੋ ਕੇ ਰੱਬਾ, ਪਰ ਹੋਵੇਂਗਾ ਜ਼ਰੂਰ ਤੂੰ ਮੇਰੀ ਮਾਂ ਵਰਗਾ।’’  ਅੱਜ ਦਾ ਯੁਗ ਜਿੱਥੇ ਵਿਗਿਆਨ ਅਤੇ ਤਕਨੀਕ ਦਾ ਯੁਗ ਕਿਹਾ ਜਾਂਦਾ ਹੈ ਉੱਥੇ ਹੀ ਇਹ ਖ਼ੁਦਗ਼ਰਜ਼ੀ ਤੇ ਬੇਈਮਾਨੀ ਦਾ ਵੀ ਯੁਗ ਹੈ। ਇਸ ਯੁਗ ਵਿਚ ਬਹੁਤ ਸਾਰੇ ਧੀਆਂ-ਪੁੱਤ ਅਜਿਹੇ ਹਨ ਜੋ ਅਹਿਸਾਨ ਫ਼ਰਾਮੋਸ਼ ਹੋ ਕੇ ਮਾਂ ਨੂੰ ਅਪਣੇ ਤੋਂ ਵੱਖ ਕਰ ਦਿੰਦੇ ਹਨ ਜਾਂ ਬਿਰਧ ਆਸ਼ਰਮ ਦੇ ਬੂਹੇ ਛੱਡ ਆਉਂਦੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਅਜਿਹਾ ਕਰਨ ਵਾਲਿਆਂ ਤੋਂ ਵੱਧ ਬਦਨਸੀਬ ਦੁਨੀਆਂ ਵਿਚ ਕੋਈ ਹੋਰ ਨਹੀਂ ਹੋ ਸਕਦਾ। ਕਿਸੇ ਵਿਦਵਾਨ ਦਾ ਕਥਨ ਹੈ-‘‘ਜੋ ਮਨੁੱਖ ਅਪਣੀ ਮਾਂ ਲਈ ਸਹੀ ਸ਼ਬਦ ਨਹੀਂ ਵਰਤ ਸਕਦਾ, ਦੁਨੀਆਂ ਦੀ ਕਿਸੇ ਵੀ ਔਰਤ ਨੂੰ ਇੱਜ਼ਤ ਦੇਣਾ ਉਸ ਦੇ ਵੱਸ ਦੀ ਗੱਲ ਨਹੀਂ।’’ 

ਮਨੁੱਖ ਦਾ ਰੋਮ-ਰੋਮ ਤੇ ਸੁਆਸ-ਸੁਆਸ ਮਾਂ ਦਾ ਕਰਜ਼ਦਾਰ ਹੁੰਦਾ ਹੈ। ਬਿਪਤਾ ਪੈਣ ’ਤੇ ਜਦੋਂ ਦੁਨੀਆਂ ਦਾ ਹਰ ਰਿਸ਼ਤਾ ਸਾਥ ਛੱਡ ਜਾਂਦਾ ਹੈ ਤਾਂ ਮਾਂ ਉਦੋਂ ਵੀ ਚੱਟਾਨ ਬਣ ਕੇ ਅਪਣੀ ਔਲਾਦ ਦੇ ਨਾਲ ਖੜ ਜਾਂਦੀ ਹੈ। ਇਕ ਸ਼ਾਇਰ ਦੇ ਬੋਲ ਨੇ -

‘‘ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋਅ ਲੈਂਦੇ, ਬਿਨ ਮਾਵਾਂ ਦੇ ਕਾਂ ਵੀ ਟੁਕੜੇ ਖੋਹ ਲੈਂਦੇ।’’ 

ਸਾਨੂੰ ਸਭ ਨੂੰ ਇਹ ਕੌੜਾ ਸੱਚ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ - ‘‘ਤੁਹਾਡੇ ਮਾਂ-ਬਾਪ ਨਾਲ ਕੀਤਾ ਗਿਆ ਤੁਹਾਡਾ ਵਿਹਾਰ ਉਹ ਉਧਾਰ ਹੈ ਜਿਸ ਨੂੰ ਅੱਗੇ ਜਾ ਕੇ ਤੁਹਾਡੀ ਔਲਾਦ ਤੁਹਾਨੂੰ ਸੂਦ ਸਮੇਤ ਵਾਪਸ ਕਰਦੀ ਹੈ।’’ ਸੋ ਮਾਂ ਜਹੇ ਅਣਮੋਲ ਰਿਸ਼ਤੇ ਦੀ ਸਦਾ ਕਦਰ ਕਰਨੀ ਚਾਹੀਦੀ ਹੈ।  ਪੰਜਾਬੀ ਦੇ ਸਿਰਮੌਰ ਸ਼ਾਇਰ ਪ੍ਰੋ. ਮੋਹਨ ਸਿੰਘ ਵਾਂਗ ਉੱਚੀ ਸੁਰ ਵਿਚ ਆਖਣਾ ਚਾਹੀਦਾ ਹੈ- 

‘‘ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ। ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ।’’

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ, 410, ਚੰਦਰ ਨਗਰ, ਬਟਾਲਾ 
ਮੋ. 97816-46008

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement