
ਹਾਲੇ ਦਸਵੀਂ ਜਮਾਤ ਦੇ ਇਮਤਿਹਾਨ ਦਿਤੇ ਹੀ ਸਨ ਕਿ ਪਿਤਾ ਜੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਡਾਕਟਰ ....
ਹਾਲੇ ਦਸਵੀਂ ਜਮਾਤ ਦੇ ਇਮਤਿਹਾਨ ਦਿਤੇ ਹੀ ਸਨ ਕਿ ਪਿਤਾ ਜੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਡਾਕਟਰ ਤੋਂ ਚੈਕਅਪ ਕਰਾਉਣ ਮਗਰੋਂ ਪਤਾ ਲਗਿਆ ਕਿ ਉਨ੍ਹਾਂ ਦਾ ਲਿਵਰ ਖ਼ਰਾਬ ਹੋ ਗਿਆ ਹੈ। ਪਾਪਾ ਦੀ ਬਿਮਾਰੀ ਦਿਨ-ਬ-ਦਿਨ ਉਨ੍ਹਾਂ ਨੂੰ ਅਪਣੀ ਲਪੇਟ ਵਿਚ ਲੈ ਰਹੀ ਸੀ। ਉਹ ਮੰਜੇ ਨਾਲ ਜੁੜਦੇ ਜਾ ਰਹੇ ਸਨ। ਘਰ ਵਿਚ ਹੁਣ ਕੋਈ ਕਮਾਈ ਦਾ ਸਾਧਨ ਨਹੀਂ ਰਿਹਾ ਸੀ। ਉਨ੍ਹਾਂ ਦਾ ਕੰਮ ਛੁੱਟ ਗਿਆ ਸੀ ਤੇ ਮੇਰੀ ਤੇ ਨਿੱਕੇ ਵੀਰ ਦੀ ਪੜ੍ਹਾਈ ਲਈ, ਜੋ ਮੇਰੇ ਮਾਤਾ ਪਿਤਾ ਨੇ ਪੈਸੇ ਜੋੜ ਕੇ ਰੱਖੇ ਸਨ, ਉਹ ਸੱਭ ਪਿਤਾ ਜੀ ਦੇ ਇਲਾਜ ਉਤੇ ਲੱਗੀ ਜਾ ਰਹੇ ਸਨ। ਬੀਤਦੇ ਸਮੇਂ ਨਾਲ ਪਿਤਾ ਜੀ ਵੀ ਬੀਤਦੇ ਜਾ ਰਹੇ ਸਨ।
ਘਰ ਦੀ ਹਰ ਇਕ ਚੀਜ਼ ਉਨ੍ਹਾਂ ਦੇ ਇਲਾਜ ਲਈ ਵੇਚਣੀ ਪੈ ਰਹੀ ਸੀ। ਘਰ ਦੇ ਅਜਿਹੇ ਹਾਲਾਤ ਵਿਚ ਮੇਰਾ ਅੱਗੇ ਪੜ੍ਹਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਦਸਵੀਂ ਦਾ ਨਤੀਜਾ ਆਉਣ ਤੋਂ ਬਾਅਦ ਚੰਗੇ ਨੰਬਰ ਆਉਣ ਕਾਰਨ ਘਰ ਤੋਂ ਥੋੜੀ ਦੂਰ ਇਕ ਸਕੂਲ ਵਿਚ ਪੰਜ ਸੌ ਰੁਪਏ ਮਹੀਨਾ ਤਨਖ਼ਾਹ ਤੇ ਪ੍ਰਾਈਮਰੀ ਅਧਿਆਪਕ ਦੀ ਨੌਕਰੀ ਮਿਲ ਗਈ। ਮਾਤਾ ਜੀ ਨੇ ਵੀ ਘਰ ਦਾ ਖਰਚਾ ਚਲਾਉਣ ਤੇ ਪਿਤਾ ਜੀ ਦੇ ਇਲਾਜ ਲਈ ਕੁੱਝ ਰਿਸ਼ਤੇਦਾਰਾਂ ਦੀ ਮਦਦ ਨਾਲ ਘਰ ਵਿਚ ਹੀ ਬੱਚਿਆਂ ਦੇ ਸਮਾਨ ਦੀ ਦੁਕਾਨ ਕਰ ਲਈ।
ਦਿਲ ਵਿਚ ਇਕ ਅਰਮਾਨ ਸੀ ਕਿ ਮੈਂ ਅੱਗੇ ਪੜ੍ਹ ਸਕਾਂ, ਚਾਹੇ ਨਾ ਪਰ ਛੋਟੇ ਵੀਰ ਨੂੰ ਪੜ੍ਹਾਅ ਲਿਖਾਅ ਕੇ ਅਫ਼ਸਰ ਜ਼ਰੂਰ ਬਣਾਉਣਾ ਹੈ। ਮੇਰੇ ਦਾਦਾ ਜੀ ਪੁਲਿਸ ਮਹਿਕਮੇ ਵਿਚ ਹੋਣ ਕਾਰਨ ਅਕਸਰ ਕਿਹਾ ਕਰਦੇ ਸੀ ਕਿ ਮੈਂ ਅਪਣੇ ਪੋਤਰੇ ਨੂੰ ਵੱਡਾ ਪੁਲਿਸ ਅਫ਼ਸਰ ਬਣਾਵਾਂਗਾ। ਬਚਪਨ ਵਿਚ ਸੁਣੀਆਂ ਉਨ੍ਹਾਂ ਦੀਆਂ ਉਹ ਗੱਲਾਂ ਕੋਰੇ ਕਾਗ਼ਜ਼ ਉਤੇ ਲਿਖੇ ਅੱਖਰਾਂ ਵਾਂਗ ਦਿਲ ਵਿਚ ਬਹਿ ਗਈਆਂ ਸਨ।
ਹੁਣ ਦਿਲ ਨੇ ਇਹੀ ਜ਼ਿੱਦ ਫੜ ਲਈ ਸੀ ਕਿ ਕਿਸੇ ਤਰ੍ਹਾਂ ਜੋ ਸੱਭ ਬੀਤਦੇ ਵਕਤ ਨੇ ਖੋਹ ਲਿਆ ਸੀ, ਉਹ ਵਕਤ ਵਾਪਸ ਲਿਆਉਣਾ ਸੀ। ਪਿਤਾ ਜੀ ਦੀ ਤਬੀਅਤ ਵਿਚ ਕੁੱਝ ਸੁਧਾਰ ਹੋਣ ਲੱਗਾ ਸੀ। ਪਿਤਾ ਜੀ ਨੂੰ ਇਸ ਗੱਲ ਦਾ ਬਹੁਤ ਅਫ਼ਸੋਸ ਸੀ ਕਿ ਘਰ ਦੇ ਅਜਿਹੇ ਹਾਲਾਤ ਕਾਰਨ ਮੇਰੀ ਪੜ੍ਹਾਈ ਛੁੱਟ ਗਈ ਸੀ। ਉਹ ਮੇਰੀ ਪੜ੍ਹਨ ਦੀ ਲਗਨ ਤੇ ਕਾਬਲੀਅਤ ਤੋਂ ਚੰਗੀ ਤਰ੍ਹਾਂ ਜਾਣੂ ਸਨ। ਉਨ੍ਹਾਂ ਏਨਾ ਦੁੱਖ ਸਹਿਣ ਤੋਂ ਬਾਅਦ ਵੀ ਹਿੰਮਤ ਨਹੀਂ ਸੀ ਹਾਰੀ, ਮੇਰੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੇ ਡਾਕਟਰ ਦੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਮੁੜ ਕੰਮ ਕਰਨ ਦਾ ਫ਼ੈਸਲਾ ਕੀਤਾ।
ਪਰ ਮੈਂ ਉਨ੍ਹਾਂ ਦੀ ਤਬੀਅਤ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਕਰ ਕੇ ਇਹ ਕਹਿ ਕੇ ਉਨ੍ਹਾਂ ਦਾ ਫ਼ੈਸਲਾ ਠੁਕਰਾ ਦਿਤਾ ਕਿ ਹੁਣ ਮੈਨੂੰ ਪੜ੍ਹਨ ਦਾ ਕੋਈ ਸ਼ੌਕ ਨਹੀਂ ਰਿਹਾ। ਪਰ ਮਾਪੇ ਤਾਂ ਬੱਚਿਆਂ ਦੀ ਰਗ-ਰਗ ਤੋਂ ਵਾਕਫ਼ ਹੁੰਦੇ ਹਨ। ਉਨ੍ਹਾਂ ਮੈਨੂੰ ਅਪਣੇ ਜੀਵਨ ਵਿਚ ਚੰਗੇ ਅੱਖਰਾਂ ਦੀ ਮਹੱਤਤਾ ਸਮਝਾਉਂਦੇ ਹੋਏ ਕਿਹਾ ਕਿਤਾਬਾਂ ਹੀ ਹਨ, ਜੋ ਮਨੁੱਖ ਨੂੰ ਹਨੇਰੇ ਤੋਂ ਚਾਨਣ ਵਲ ਲਿਆਉਂਦੀਆਂ ਹਨ।
ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨੇ ਮੇਰੇ ਦਿਲ ਉਤੇ ਡੂੰਘਾ ਪ੍ਰਭਾਵ ਪਾਇਆ ਤੇ ਮੈਂ ਅਗਲੀ ਸਵੇਰ ਹੀ ਮੁੜ ਦਾਖਲਾ ਲੈਣ ਦਾ ਫ਼ੈਸਲਾ ਕਰ ਲਿਆ। ਮਾਤਾ-ਪਿਤਾ ਜੀ ਦੋਵੇਂ ਮਿਲ ਕੇ ਮੇਰੇ ਅਤੇ ਨਿਕੇ ਵੀਰ ਦੀ ਪੜ੍ਹਾਈ ਲਈ ਦਿਨ-ਰਾਤ ਮਿਹਨਤ ਕਰਨ ਲੱਗੇ। ਪਿਤਾ ਜੀ ਦਾ ਦੁੱਧ ਦਾ ਵਪਾਰ ਹੋਣ ਕਾਰਨ ਦਿਨਾਂ ਵਿਚ ਹੀ ਸਾਰੇ ਕਰਜ਼ੇ ਲੱਥ ਗਏ। ਮੇਰੀ ਪੜ੍ਹਾਈ ਵੀ ਵਧੀਆ ਚਲਦੀ ਰਹੀਂ। ਮੈਂ 12ਵੀਂ ਜਮਾਤ ਵਿਚੋਂ ਚੰਗੇ ਨੰਬਰ ਲੈਣ ਮਗਰੋਂ ਉੱਚ ਪੜ੍ਹਾਈ ਲਈ ਕਾਲਜ ਵਿਚ ਦਾਖਲਾ ਲੈ ਲਿਆ। ਹਾਲੇ ਮੇਰੀ ਬੀ.ਸੀ.ਏ ਦੀ ਡਿਗਰੀ ਪੂਰੀ ਹੋਣ ਨੂੰ ਇਕ ਸਾਲ ਰਹਿੰਦਾ ਹੀ ਸੀ ਕਿ ਪਿਤਾ ਜੀ ਨੂੰ ਫਿਰ ਨੂੰ ਲਿਵਰ ਦਾ ਅਟੈਕ ਆ ਗਿਆ।
ਉਹ ਮੁੜ ਮੰਜੇ ਉਤੇ ਪੈ ਗਏ। ਡਾਕਟਰੀ ਜਾਂਚ ਕਰਵਾਉਣ ਮਗਰੋਂ ਪਤਾ ਲੱਗਾ ਕਿ ਉਨ੍ਹਾਂ ਦਾ ਲਿਵਰ ਸਿਰਫ਼ 10 ਫ਼ੀ ਸਦੀ ਹੀ ਰਹਿ ਗਿਆ ਹੈ। ਇਸ ਵਾਰ ਮੇਰੀ ਥਾਂ ਤੇ ਮੇਰੇ ਨਿਕੇ ਵੀਰ ਨੂੰ ਘਰ ਦਾ ਖ਼ਰਚਾ ਤੋਰਨ ਲਈ ਅਪਣੀ ਦਸਵੀਂ ਦੀ ਪੜ੍ਹਾਈ ਛੱਡ ਕੇ ਪਿਤਾ ਜੀ ਦਾ ਦੁੱਧ ਦਾ ਵਪਾਰ ਸਾਂਭਣਾ ਪਿਆ। ਪਿਤਾ ਜੀ ਦਾ ਇਲਾਜ ਚਲਦਾ ਰਿਹਾ ਤੇ ਭੂਆ ਜੀ ਦੀ ਕੁੱਝ ਪੈਸਿਆਂ ਨਾਲ ਕੀਤੀ ਮਦਦ ਨਾਲ ਮੈਂ ਬੀ.ਸੀ.ਏ ਦੀ ਡਿਗਰੀ ਹਾਸਲ ਕਰ ਲਈ। ਪਿਤਾ ਜੀ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਰਿਸ਼ਤੇਦਾਰਾਂ ਦੇ ਕਹਿਣ ਉਤੇ ਜਲਦੀ ਹੀ ਮੇਰਾ ਵਿਆਹ ਧਰ ਦਿਤਾ ਗਿਆ। ਏਨੀ ਛੋਟੀ ਉਮਰੇ ਅਜਿਹੇ ਹਾਲਾਤ ਨੇ ਮੈਨੂੰ ਝੰਜੋੜ ਕੇ ਰੱਖ ਦਿਤਾ ਸੀ,
ਸਾਰੇ ਅਰਮਾਨ ਅਤੇ ਸੁਪਨੇ ਚੂਰ ਹੋ ਗਏ ਸਨ। ਪੜ੍ਹਾਈ ਤੋਂ ਖੁੰਝਿਆ ਸਮਾਂ ਮੋੜ ਲਿਆਉਣ ਦਾ ਜੋ ਦਿਲ ਵਿਚ ਅਰਮਾਨ ਸੀ ਉਹ ਢਹਿ ਢੇਰੀ ਹੋ ਗਿਆ ਸੀ। ਜੀਵਨ ਵਿਚ ਹਨੇਰ ਜਿਹਾ ਛਾ ਗਿਆ ਸੀ। ਰਿਸ਼ਤੇਦਾਰਾਂ ਦੀ ਮਦਦ ਨਾਲ ਮੇਰਾ ਵਿਆਹ ਕਰ ਦਿਤਾ ਗਿਆ। ਮੈਨੂੰ ਏਦਾਂ ਲਗਿਆ ਜਿਵੇਂ ਸੱਭ ਖ਼ਤਮ ਹੋ ਗਿਆ ਸੀ ਪਰ ਕਹਿੰਦੇ ਹਨ ਕਿ ਮਾੜਾ ਹਮਸਫ਼ਰ ਜਿਥੇ ਜੀਵਨ ਦੀ ਕਿਸ਼ਤੀ ਨੂੰ ਡੋਬ ਸਕਦਾ ਹੈ, ਉੱਥੇ ਹੀ ਇਕ ਚੰਗਾ ਹਮਸਫ਼ਰ ਜੀਵਨ ਦੀ ਕਿਸ਼ਤੀ ਲਈ ਪਤਵਾਰ ਦਾ ਕੰਮ ਕਰਦਾ ਹੈ। ਮੇਰੇ ਹਮਸਫ਼ਰ ਦੀ ਅਗਾਂਹਵਧੂ ਸੋਚ ਨੇ ਮੇਰੇ ਸੁਪਨਿਆਂ ਨੂੰ ਮੁੜ ਜਿਊਂਦਾ ਕਰ ਦਿਤਾ।
ਉਨ੍ਹਾਂ ਮੇਰੇ ਦਰਦਾਂ ਭਰੀ ਦਾਸਤਾਨ ਨੂੰ ਸੁਣਨ ਮਗਰੋਂ ਮੈਨੂੰ ਅੱਗੇ ਪੜ੍ਹਾਉਣ ਦਾ ਫ਼ੈਸਲਾ ਕੀਤਾ। ਮੇਰੇ ਪਤੀ ਦੀ ਮਦਦ ਨਾਲ ਮੈਨੂੰ ਮੁੜ ਉਡਾਨ ਭਰਨ ਦਾ ਮੌਕਾ ਮਿਲਿਆ। ਕਹਿੰਦੇ ਹਨ ਕਿ ਇਕ ਮਰਦ ਦੀ ਕਾਮਯਾਬੀ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਹੈ ਪਰ ਮੈਨੂੰ ਇਸ ਗੱਲ ਦਾ ਮਾਣ ਸੀ ਕਿ ਮੈਂ ਅਜਿਹੀ ਔਰਤ ਸਾਂ ਜਿਸ ਦੀ ਕਾਮਯਾਬੀ ਪਿੱਛੇ ਉਸ ਦੇ ਪਤੀ ਦਾ ਹੱਥ ਸੀ। ਉਨ੍ਹਾਂ ਨੇ ਮੈਨੂੰ ਜੀਵਨ ਜਿਊਣ ਦਾ ਅਸਲੀ ਮਹੱਤਵ ਸਮਝਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਅੰਦਰ ਕੁੱਝ ਕਰਨ ਦੀ ਲਗਨ ਤੇ ਹੌਂਸਲਾ ਹੋਵੇ ਉਹ ਜੀਵਨ ਵਿਚ ਆਉਣ ਵਾਲੀਆਂ ਮੁਸੀਬਤਾਂ ਤੋਂ ਹਾਰਦੇ ਨਹੀਂ।
ਮੇਰੇ ਪਿਤਾ ਜੀ ਵੀ ਦੁਆਵਾਂ ਆਸਰੇ ਤੇ ਦਵਾਈ ਦੇ ਸਿਰ ਤੇ ਸਮਾਂ ਕੱਢ ਰਹੇ ਸਨ। ਸੱਭ ਕੁੱਝ ਠੀਕ ਚਲ ਰਿਹਾ ਸੀ। ਹੁਣ ਮੈਂ ਅਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਸਰਕਾਰੀ ਇਮਤਿਹਾਨ ਦੇ ਫ਼ਾਰਮ ਭਰੇ ਤੇ ਮੈਨੂੰ ਇਹ ਉਮੀਦ ਹੈ ਕਿ ਜਲਦੀ ਹੀ ਮੈਂ ਨੌਕਰੀ ਲੱਗ ਕੇ ਅਪਣੇ ਮਾਤਾ-ਪਿਤਾ ਦੀ ਗ਼ਰੀਬੀ ਨੂੰ ਦੂਰ ਕਰ ਕੇ ਅਪਣੇ ਪਿਤਾ ਦਾ ਵਧੀਆ ਇਲਾਜ ਕਰਵਾਵਾਂਗੀ। ਪਰ ਇਹ ਸੱਚਾਈ ਹੈ ਕਿ ਇਸ ਗੱਲ ਦਾ ਅਫ਼ਸੋਸ ਮੈਨੂੰ ਸਦਾ ਰਹੇਗਾ ਕਿ ਮੇਰਾ ਭਰਾ ਅੱਗੇ ਨਾ ਪੜ੍ਹ ਸਕਿਆ ਤੇ ਉਸ ਦਾ ਭਵਿੱਖ ਅੱਖਰਾਂ ਬਿਨਾਂ ਹਨੇਰੇ ਵਿਚ ਹੀ ਰਹਿ ਗਿਆ।
ਸੰਪਰਕ : 98146-34446