
ਉਂਜ ਤਾਂ ਮੇਰੇ ਪਾਸ ਹਊਮੈ ਦੇ ਸ਼ਿਕਾਰ ਵਿਅਕਤੀਆਂ ਤੇ ਹੰਕਾਰੀਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ। ਉਨ੍ਹਾਂ ਵਿਚੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਇਕ ਪ੍ਰਵੱਕਤਾ ਗਰੰਥੀ ...
ਉਂਜ ਤਾਂ ਮੇਰੇ ਪਾਸ ਹਊਮੈ ਦੇ ਸ਼ਿਕਾਰ ਵਿਅਕਤੀਆਂ ਤੇ ਹੰਕਾਰੀਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ। ਉਨ੍ਹਾਂ ਵਿਚੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਇਕ ਪ੍ਰਵੱਕਤਾ ਗਰੰਥੀ ਸਾਹਿਬ ਦੀ ਕਹਾਣੀ ਨੇ ਮੈਨੂੰ ਬਹੁਤ ਹੀ ਪ੍ਰੇਸ਼ਾਨ ਕੀਤਾ ਹੈ। ਉਂਜ ਤਾਂ ਮੈਂ ਇਨ੍ਹਾਂ ਵਲ ਬਹੁਤਾ ਧਿਆਨ ਨਹੀਂ ਦਿੰਦਾ ਤੇ ਮਾਫ਼ ਵੀ ਕਰ ਦਿੰਦਾ ਹਾਂ ਪਰ ਇਹ ਕਹਾਣੀ ਮੇਰੇ ਚੇਤਿਆਂ ਵਿਚੋਂ ਕਿਰੀ ਨਹੀਂ, ਅਜੇ ਵੀ ਮੌਜੂਦ ਹੈ।
ਹੋਇਆ ਇਸ ਤਰ੍ਹਾਂ ਕਿ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਸਹਾਰਨਮਾਜਰਾ ਵਿਖੇ ਇਕ ਭੋਗ ਦੇ ਅਖ਼ੀਰ ਵਿਚ ਗ੍ਰੰਥੀ ਸਿੰਘ ਜੀ ਨੇ ਜੋ ਅਰਦਾਸ ਕੀਤੀ, ਉਸ ਦੇ ਅਖ਼ੀਰ ਵਿਚ ਉਨ੍ਹਾਂ ਨੇ ਕਿਹਾ ''ਆਪ ਜੀ ਦੀ ਸੇਵਾ ਵਿਚ ਦੇਗਾਂ ਹਾਜ਼ਰ ਹਨ, ਆਪ ਜੀ ਨੂੰ ਭੋਗ ਲੱਗੇ।'' ਜਦੋਂ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਲੋਂ 1925 ਵਿਚ ਪਾਸ ਕੀਤੀ ਅਰਦਾਸ ਵਿਚ ਅੰਕਤ ਹੈ ''ਆਪ ਜੀ ਦੀ ਸੇਵਾ ਵਿਚ ਦੇਗਾਂ ਹਾਜ਼ਰ ਹਨ ਆਪ ਜੀ ਦੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤੇ।''
ਸੋ ਦੇਗ ਵਰਤ ਗਈ। ਮੈਂ ਦੇਗ ਲੈ ਕੇ ਬਾਹਰ ਆਇਆ ਤੇ ਗ੍ਰੰਥੀ ਸਿੰਘ ਨੂੰ ਬੜੀ ਨਿਮਰਤਾ ਨਾਲ ਅਰਦਾਸ ਵਿਚ ਦਰੁਸਤੀ ਕਰਨ ਨੂੰ ਕਿਹਾ। ਗ੍ਰੰਥੀ ਸਿੰਘ ਜੀ ਅਪਣੇ ਹੰਕਾਰ ਵਿਚ ਅੰਨ੍ਹੇ ਹੋਏ ਨੂੰ ਮੇਰੀ ਨਿਮਰਤਾ ਭਰੀ ਬੇਨਤੀ ਅਪਣੇ ਹਉਮੈ ਤੇ ਹੰਕਾਰ ਨੂੰ ਚੈਲੇਂਜ ਵਾਂਗ ਲੱਗੀ। ਉਨ੍ਹਾਂ ਮੈਨੂੰ ਸਵਾਲ ਕੀਤਾ, 'ਤੂੰ ਅੰਮ੍ਰਿਤ ਛਕਿਆ ਹੈ?' (ਮੈਂ ਉਨ੍ਹਾਂ ਦੇ ਦਾਦੇ ਦੀ ਉਮਰ ਦਾ, ਉਹ ਮੈਨੂੰ ਤੂੰ ਕਹਿ ਕੇ ਮੁਖਾਤਬ ਹੁੰਦੇ ਹਨ) ਮੈਂ ਕਿਹਾ, ''ਨਹੀਂ ਮੈਂ ਅੰਮ੍ਰਿਤ ਨਹੀਂ ਛਕਿਆ।'' ਫਿਰ ਕਹਿਣ ਲੱਗੇ, ''ਬੇ-ਅੰਮ੍ਰਿਤੀਏ ਨਾਲ ਮੈਂ ਗੱਲ ਨਹੀਂ ਕਰਦਾ।''
ਮੈਂ ਗ੍ਰੰਥੀ ਸਿੰਘ ਜੀ ਨੂੰ ਕਹਿਣਾ ਚਾਹੁੰਦਾ ਸੀ ਕਿ ਠੀਕ ਹੈ ਮੈਂ ਅੰਮ੍ਰਿਤ ਛਕਣ ਦੀ ਰਸਮ ਨਹੀਂ ਨਿਭਾਈ ਪਰ ਜਿਸ ਪ੍ਰਬੰਧਕ ਕਮੇਟੀ ਦੇ ਹੁਕਮਾਂ ਉਤੇ ਤੁਸੀ ਚਲਦੇ ਹੋ ਭਾਵੇਂ ਉਨ੍ਹਾਂ ਵਿਚੋਂ ਕੁੱਝ ਮੈਂਬਰਾਂ ਨੇ ਗਾਤਰੇ ਪਾ ਰੱਖੇ ਹਨ, ਕੀ ਉਹ ਸਾਰੇ ਸਿਖ ਰਹਿਤ ਮਰਿਆਦਾ ਦੇ ਧਾਰਨੀ ਹਨ? ਉਨ੍ਹਾਂ ਵਿਚੋਂ ਝੂਠ ਕਿਸੇ ਨੇ ਤਿਆਗਿਆ ਹੈ ? ਸਮਾਜ ਵਿਚ ਪਾਈਆਂ ਜਾਂਦੀਆਂ ਬਿਮਾਰੀਆਂ ਵਿਚੋਂ ਬਹੁਤੀਆਂ ਦੇ ਉਹ ਸ਼ਿਕਾਰ ਹੋਣਗੇ। ਸਿੱਖ ਰਹਿਤ ਮਰਿਆਦਾ ਉਨ੍ਹਾਂ ਵਿਚ ਨਜ਼ਰ ਨਹੀਂ ਆਉਂਦੀ। ਤਕਰੀਬਨ ਅੱਧੇ ਕਮੇਟੀ ਮੈਂਬਰਾਂ ਨੇ ਅੰਮ੍ਰਿਤ ਨਹੀਂ ਛਕਿਆ।
ਕੀ ਤੁਸੀਂ ਉਨ੍ਹਾਂ ਨੂੰ ਕਦੇ ਇਹ ਸਵਾਲ ਕੀਤਾ ਹੈ? ਤੁਸੀ ਸਾਡੇ ਗੁਰੂ, ਗ੍ਰੰਥ ਸਾਹਿਬ ਦੇ ਪ੍ਰਵਕਤਾ ਹੋ, ਕੀ ਤੁਸੀ ਗੁਰੂ ਦੀ ਹੁਕਮ ਕੀਤੀ ਰਹਿਤ ਮਰਿਆਦਾ ਦੇ ਧਾਰਨੀ ਹੋ? ਗੁਰੂ ਨੇ ਤਾਂ ਕਿਹਾ ਸੀ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀ। ਭਾਵ ਤੁਸੀ ਸਮਝਦੇ ਹੀ ਹੋ। ਵੇਖਣ ਨੂੰ ਸਿੱਖ ਲਗਦਾ ਗੁਰੂ ਨੂੰ ਪਿਆਰਾ ਨਹੀਂ, ਜਿਸ ਨੇ ਭਾਵੇਂ ਗੁਰੂ ਦਾ ਬਾਣਾ ਪਾਇਆ ਹੋਵੇ, ਸ੍ਰੀ ਸਾਹਿਬ ਹੋਵੇ, ਸਿਰ ਤੇ ਚੱਕਰ ਸਜਿਆ ਹੋਵੇ ਤੇ ਪੰਜੇ ਕੱਕਾਰ ਸਜੇ ਹੋਣ। ਬਲਕਿ ਗੁਰੂ ਨੂੰ ਤਾਂ ਉਨ੍ਹਾਂ ਦੀ ਹੁਕਮ ਕੀਤੀ ਸਿੱਖ ਰਹਿਤ ਮਰਿਆਦਾ ਪਿਆਰੀ ਹੈ, ਜੋ ਉਨ੍ਹਾਂ ਨੇ ਨਾਦੇੜ ਸਾਹਿਬ ਤੋਂ 52 ਹੁਕਮਾਂ ਦੇ ਰੂਪ ਵਿਚ ਬਿਆਨ ਕੀਤੀ ਸੀ।
ਕੀ ਤੁਹਾਨੂੰ ਉਹ 52 ਹੁਕਮ ਮੂੰਹ ਜ਼ੁਬਾਨੀ ਯਾਦ ਹਨ? ਤੁਹਾਨੂੰ ਪਹਿਲਾਂ ਉਹ ਸੱਭ ਯਾਦ ਕਰਨੇ ਚਾਹੀਦੇ ਸਨ ਤੇ ਉਨ੍ਹਾਂ ਸੱਭ ਉਪਰ ਅਮਲ ਕਰਨਾ ਚਾਹੀਦਾ ਹੈ। (ਜੋ ਤੁਸੀ ਸ਼ਾਇਦ ਨਹੀਂ ਕਰ ਸਕੇ) ਉਸ ਪਿਛੋਂ ਤੁਹਾਨੂੰ ਮੇਰੇ ਤੋਂ ਉਪਰੋਕਤ ਸਵਾਲ ਪੁਛਣ ਦਾ ਅਧਿਕਾਰ ਸੀ। ਏਨਾਂ ਕੁੱਝ ਲਿਖਣ ਦਾ ਮਕਸਦ ਤੁਹਾਨੂੰ ਸ਼ਰਮਸਾਰ ਕਰਨਾ ਜਾਂ ਨੀਵਾਂ ਵਿਖਾਉਣਾ ਨਹੀਂ ਸਗੋਂ ਤੁਹਾਡੀ ਉਸ ਗ਼ਲਤੀ ਦਾ ਅਹਿਸਾਸ ਕਰਾਉਣਾ ਹੀ ਹੈ।
ਗ੍ਰੰਥੀ ਸਿੰਘ ਜੀ ਨੇ ਥੋੜੀ ਦੇਰ ਪਿੱਛੋਂ ਹੀ ਅਰਦਾਸ ਵਿਚ ਦਰੁਸਤੀ ਕਰ ਲਈ ਜਿਸ ਕਰ ਕੇ ਮੈਨੂੰ ਹੁਣ ਉਨ੍ਹਾਂ ਨਾਲ ਕੋਈ ਵੀ ਸ਼ਿਕਾਇਤ ਨਹੀਂ। ਕਿਉਂਕਿ ਹੁਣ ਉਨ੍ਹਾਂ ਦੇ ਵਰਤਾਉ ਵਿਚ ਨਿਮਰਤਾ ਸਾਫ਼ ਨਜ਼ਰ ਆਉਂਦੀ ਹੈ। ਸ਼ਾਇਦ ਉਹ ਅਪਣੇ ਕੀਤੇ ਵਰਤਾਉ ਉਪਰ ਅਫ਼ਸੋਸ ਮਹਿਸੂਸ ਕਰਦੇ ਹੋਣ। ਮੈਂ ਅਪਣੀ ਰਵਾਇਤ ਅਨੁਸਾਰ ਪਹਿਲਾਂ ਹੀ ਉਨ੍ਹਾਂ ਨੂੰ ਮਾਫ਼ ਕਰ ਦਿਤਾ ਹੈ।
ਮੈਂ ਕੋਈ ਦੁੱਧ ਧੋਤਾ ਨਹੀਂ ਹਾਂ, ਮੇਰੇ ਵਿਚ ਵੀ ਕੁੱਝ ਘਾਟਾਂ ਕਮਜ਼ੋਰੀਆਂ ਹੋ ਸਕਦੀਆਂ ਹਨ। ਮੈਂ ਅਪਣੇ ਆਪ ਬਾਰੇ ਸਾਫ਼ ਸੁਥਰਾ ਹੋਣ ਦਾ ਢੌਂਗ ਵੀ ਨਹੀਂ ਕਰਦਾ ਪਰ ਉਪਰੋਕਤ ਬਿਆਨ ਕੀਤੀਆਂ ਬੀਮਾਰੀਆਂ ਤੇ ਹੰਕਾਰ ਤੋਂ ਕਿਸੇ ਹੱਦ ਤਕ ਬਚਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਸੰਪਰਕ : 098558-63288