
ਪੰਜਾਬੀ ਸਭਿਆਚਾਰ ਨੇ ਅੱਜ ਭਾਰਤ ਹੀ ਨਹੀਂ ਸਗੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਅਪਣੀ ਇਕ ਵਖਰੀ ਪਛਾਣ ਤੇ ਧਾਂਕ ਜਮਾ ਰੱਖੀ
ਪੰਜਾਬੀਅਤ ਦਾ ਸੰਕਲਪ ਪੰਜਾਬੀ ਸਭਿਆਚਾਰ ਨਾਲ ਜੁੜੀ ਇਕ ਵਿਲੱਖਣ ਤੇ ਭਰਪੂਰ ਜੀਵਨ ਸ਼ੈਲੀ ਹੈ ਜਿਸ ਦਾ ਕੋਈ ਸਾਨੀ ਨਹੀਂ। ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਨੂੰ ਅਸੀ ਅਕਸਰ ਇਕ ਦੂਜੇ ਦੇ ਸਮਾਨਾਰਥਕ ਸੰਕਲਪਾਂ ਵਜੋਂ ਵਰਤ ਲੈਂਦੇ ਹਾਂ। ਪਰ ਵੇਖਿਆ ਜਾਏ ਤਾਂ ਪੰਜਾਬੀ ਸਭਿਆਚਾਰ ਇਕ ਵਿਸ਼ਾਲ, ਵਿਆਪਕ ਤੇ ਬਹੁ-ਬਣਤਰੀ ਰੂਪ ਵਾਲਾ ਅਜਿਹਾ ਪ੍ਰਬੰਧ ਹੈ ਜਿਸ ਦੀ ਬੁਨਿਆਦ ਤੇ ਪੰਜਾਬੀ ਮਾਨਸਿਕਤਾ ਦੀ ਇਕ ਬੇਹੱਦ ਵਿਸ਼ਾਲ ਤੇ ਗੌਰਵਮਈ ਇਮਾਰਤ ਖੜੀ ਹੈ। ਪੰਜਾਬੀ ਲੋਕਾਂ ਦੇ ਸੁਭਾਅ ਸਬੰਧੀ ਪ੍ਰਿੰਸੀਪਲ ਤੇਜਾ ਸਿੰਘ ਇਕ ਥਾਂ ਆਖਦੇ ਹਨ ਕਿ ‘ਪੰਜਾਬੀ ਆਚਰਣ ਪੰਜਾਬ ਦੇ ਭੂਗੋਲਿਕ ਆਲੇ ਦੁਆਲੇ ਤੇ ਇਤਿਹਾਸਕ ਪਿਛਵਾੜੇ ਤੋਂ ਬਣਿਆ ਹੈ। ਪੰਜਾਬੀਆਂ ਦੇ ਸੁਭਾਅ ਤੇ ਇਨ੍ਹਾਂ ਦੇ ਦਿਲ ਪੰਜਾਬ ਦੇ ਪਹਾੜਾਂ, ਦਰਿਆਵਾਂ ਵਾਂਗ ਡੂੰਘੇ, ਠੰਢੇ, ਲੰਮੇ ਜਿਗਰੇ ਵਾਲੇ, ਵੱਡੇ-ਵੱਡੇ ਦਿਲ ਵਾਲੇੇ ਛੇਤੀ-ਛੇਤੀ ਵਲ ਨਾ ਖਾਣ ਵਾਲੇ, ਦਿਤੇ ਵਚਨ ਤੋਂ ਨਾ ਮੁੜਨ ਵਾਲੇ, ਸਿੱਧ ਪੱਧਰੇ, ਸਾਦਗੀ ਅਪਨਾਉਣ ਵਾਲੇ ਖੁੱਲ੍ਹੇ ਤੇ ਚੌੜੇ ਹੁੰਦੇ ਹਨ।’
Punjabi Culture
ਪੰਜਾਬੀ ਸਭਿਆਚਾਰ ਬਾਰੇ ਚਰਚਾ ਕਰਨ ਤੋਂ ਪਹਿਲਾਂ ਆਉ ਸ਼ਬਦ ‘ਪੰਜਾਬ’ ਦੀ ਉਤਪਤੀ ਬਾਰੇ ਜਾਣੀਏ। ਦਰਅਸਲ ਸ਼ਬਦ ਪੰਜਾਬ ਦੋ ਸ਼ਬਦਾਂ ‘ਪੰਜ’ ਤੇ ‘ਆਬ’ ਦੇ ਸੁਮੇਲ ਤੋਂ ਬਣਿਆ ਹੈ, ਪੰਜ ਦਾ ਅਰਥ ਗਿਣਤੀ ਦੇ ਪੰਜ ਜਦੋਂ ਕਿ ‘ਆਬ’ ਫ਼ਾਰਸੀ ਵਿਚ ਪਾਣੀ ਨੂੰ ਆਖਦੇ ਹਨ। ਇਸ ਪ੍ਰਕਾਰ ਅਸੀ ਕਹਿ ਸਕਦੇ ਹਾਂ ਕਿ ਪੰਜ ਪਾਣੀਆਂ ਦੀ ਧਰਤੀ (ਸਤਲੁਜ, ਜਿਹਲਮ, ਚਨਾਬ, ਰਾਵੀ ਤੇ ਬਿਆਸ) ਦੇ ਬਾਸ਼ਿੰਦਿਆਂ ਨੂੰ ਹੀ ਅਸਲ ਵਿਚ ਪੰਜਾਬੀ ਕਿਹਾ ਜਾਂਦਾ ਹੈ। ਸਭਿਆਚਾਰ ਮੂਲ ਰੂਪ ਵਿਚ ਦੋ ਸ਼ਬਦਾਂ ‘ਸਭਿਯ+ਆਚਾਰ’ ਦਾ ਸੁਮੇਲ ਹੈ। ਅੰਗਰੇਜ਼ੀ ਭਾਸ਼ਾ ਵਿਚ ਇਸ ਦਾ ਸਮਾਨਾਰਥਕ ਸ਼ਬਦ ‘3ulture’ ਹੈ। ‘3ulture’ ਵੀ ਮੂਲ ਰੂਪ ਵਿਚ ਲਾਤੀਨੀ ਭਾਸ਼ਾ ਦੇ ਸ਼ਬਦ ‘3ultura’ ਤੋਂ ਫ਼ਰਾਂਸੀਸੀ ਭਾਸ਼ਾ ਰਾਹੀਂ ਅੰਗਰੇਜ਼ੀ ਵਿਚ ਆਇਆ। ਸਭਿਆਚਾਰ ਦਰਅਸਲ ਤਿੰਨ ਸਬਦਾਂ ‘ਸ +ਭੈ+ਆਚਾਰ’ ਦਾ ਮੇਲ ਹੈ। ‘ਸ’ ਦਾ ਅਰਥ ਪੂਰਵ, ‘ਭੈ’ ਦਾ ਅਰਥ ਨਿਯਮ, ‘ਆਚਾਰ’ ਦਾ ਅਰਥ ਵਿਵਹਾਰ ਤੇ ਵਿਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਹੀ ਸਭਿਆਚਾਰ ਅਖਵਾਉਂਦਾ ਹੈ।
Punjabi Culture
ਆਉ ਹੁਣ ਵੱਖ-ਵੱਖ ਵਿਦਵਾਨਾਂ ਦੀ ਸਭਿਆਚਾਰ ਦੇ ਸੰਦਰਭ ਵਿਚ ਰਾਏ ਵੇਖਦੇ ਹਾਂ। ਇਸ ਸੰਦਰਭ ਵਿਚ ਅੰਗਰੇਜ਼ ਮਾਨਵ ਵਿਗਿਆਨੀ ਐਡਵਰਡ ਬੀ.ਟਾਈਲਰ ਦਾ ਕਹਿਣਾ ਹੈ ਕਿ ‘‘ਸਭਿਆਚਾਰ ਉਹ ਜਟਿਲ ਸਮੂਹ ਹੈ ਜਿਸ ਵਿਚ ਗਿਆਨ, ਵਿਸ਼ਵਾਸ, ਕਲਾ, ਨੈਤਿਕਤਾ, ਕਾਨੂੰਨ, ਰੀਤੀ-ਰਿਵਾਜ ਤੇ ਹੋਰ ਸੱਭ ਸਮਰੱਥਾਵਾਂ ਤੇ ਆਦਤਾਂ ਆ ਜਾਂਦੀਆਂ ਹਨ, ਜਿਹੜੀਆਂ ਕਿ ਮਨੁੱਖ, ਸਮਾਜ ਦਾ ਇਕ ਮੈਂਬਰ ਹੋਣ ਦੇ ਨਾਤੇ ਗ੍ਰਹਿਣ ਕਰਦਾ ਹੈ।’’ ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ ਮੁਤਾਬਕ, ‘ਸਭਿਆਚਾਰ ਇਕਜੁੱਟ ਤੇ ਜਟਿਲ ਸਿਸਟਮ ਹੈ ਜਿਸ ਵਿਚ ਕਿਸੇ ਮਨੁੱਖੀ ਸਮਾਜ ਦੇ ਨਿਸ਼ਚਿਤ ਇਤਿਹਾਸਕ ਪੜਾਅ ਉਤੇ ਪ੍ਰਚਲਤ ਕਦਰਾਂ-ਕੀਮਤਾਂ ਤੇ ਉਨ੍ਹਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਤੇ ਪਦਾਰਥਕ ਅਤੇ ਬੌਧਿਕ ਵਰਤਾਰੇ ਸ਼ਾਮਲ ਹੁੰਦੇ ਹਨ।’
ਪੰਜਾਬੀ ਸਭਿਆਚਾਰ ਨੇ ਅੱਜ ਭਾਰਤ ਹੀ ਨਹੀਂ ਸਗੋਂ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਅਪਣੀ ਇਕ ਵਖਰੀ ਪਛਾਣ ਤੇ ਧਾਂਕ ਜਮਾ ਰੱਖੀ ਹੈ। ਅਪਣੀ ਵਖਰੀ ਤਾਸੀਰ, ਉੱਚੇ ਚਰਿੱਤਰ, ਆਦਰਸ਼ਾਂ, ਸੇਵਾ ਭਾਵਨਾ (ਲੰਗਰ ਪ੍ਰਥਾ) ਤੇ ਮਿਹਨਤੀ ਜਜ਼ਬੇ ਸਦਕਾ ਪੰਜਾਬੀਆਂ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਅਪਣੀ ਹੋਂਦ ਦਾ ਡੰਕਾ ਵਜਾਇਆ ਹੈ। ਇਹ ਕਿ ਪੰਜਾਬੀ ਸਭਿਆਚਾਰ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਵਿਚ ਬਹਾਦਰੀ, ਪ੍ਰਾਹੁਣਾਚਾਰੀ, ਸਖੀਪੁਣਾ, ਧਾਰਮਕਤਾ ਆਦਿ ਜਹੇ ਗੁਣ ਜਿਵੇਂ ਕੁੱਟ-ਕੱੁਟ ਭਰੇ ਹਨ। ਗੁਰਬਖ਼ਸ਼ ਸਿੰਘ ਫ਼ਰੈਂਕ ਮੁਤਾਬਕ ਪੰਜਾਬ ਦੇ ਇਤਿਹਾਸ, ਪੰਜਾਬ ਦੇ ਜੀਵਨ ਤੇ ਪੰਜਾਬੀ ਸਭਿਆਚਾਰ ਤੇ ਨਜ਼ਰ ਮਾਰ ਕੇ ਜਦੋਂ ਅਸੀਂ ਵੇਖਦੇ ਹਾਂ ਤਾਂ ਇਸ ਵਿਚ ਜਿਹੜੀ ਕਦਰ ਕੇਂਦਰੀ ਮਹੱਤਤਾ ਰਖਦੀ ਦਿਸਦੀ ਹੈ, ਉਹ ਹੈ ਜਿਸ ਨੂੰ ਕਦੇ ਬਾਬਾ ਸ਼ੇਖ਼ ਫ਼ਰੀਦ ਨੇ ਇਨ੍ਹਾਂ ਸ਼ਬਦਾਂ ਵਿਚ ਪ੍ਰਗਟਾਇਆ ਸੀ: ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹਿ॥ ਜੇ ਤੂੰ ਏਵੇ ਰਖਸੀ ਜੀਉ ਸਰੀਰਹੁ ਲੇਹਿ॥ 42॥ ਇਹ ‘ਬਾਰਿ ਪਰਾਇ ਬੈਸਣ’ ਦਾ ਸੰਤਾਪ ਪੰਜਾਬੀ ਆਚਰਨ ਲਈ ਮੌਤ ਤੋਂ ਵੀ ਮਾੜਾ ਹੈ। ਦੂਜੇ ਦੇ ਆਸਰੇ ਜਿਊਣ ਨਾਲੋਂ ਤਾਂ ਨਾ ਜਿਊਣਾ ਵਧੇਰੇ ਚੰਗਾ ਹੈ। ਕਿਸੇ ਹੋਰ ਤਰੀਕੇ ਨਾਲ ਲੋਕ ਗੀਤ ਦੀ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ :ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ।
ਸਭਿਆਚਾਰ ਜਿਸ ਦਾ ਦਾਇਰਾ ਬੜਾ ਵਿਸ਼ਾਲ ਹੈ ਗੱਲ ਜੇਕਰ ਪੰਜਾਬੀ ਸਭਿਆਚਾਰ ਵਿਚ ਬੋਲੀ ਦੀ ਕਰੀਏ ਤਾਂ ਬਾਬਾ ਫ਼ਰੀਦ ਦੇ ਸ਼ਲੋਕਾਂ ਵਿਚਲੀ ਮਾਖਿਉਂ ਮਿੱਠੀ ਪੰਜਾਬੀ ਅੱਜ ਵੀ ਜਿਵੇਂ ਪੜ੍ਹਨ- ਸੁਣਨ ਵਾਲਿਆਂ ਦੇ ਕੰਨਾਂ ਵਿਚ ਰਸ ਘੋਲ, ਦਿਲਾਂ ਨੂੰ ਰਾਹਤ ਦਿੰਦੀ ਮਹਿਸੂਸ ਹੁੰਦੀ ਹੈ। ਪੰਜਾਬੀ ਸਭਿਆਚਾਰ ਵਿਚ ਜੇਕਰ ਗੱਲ ਅਧਿਆਤਮਿਕਤਾ ਦੀ ਕਰੀਏ ਤਾਂ ਗੁਰੂਆਂ ਦੀ ਬਾਣੀ ਸਾਨੂੰ ਸਭਨਾਂ ਨੂੰ ਸਾਂਝੀਵਾਲਤਾ ਦਾ ਸਬਕ ਦਿੰਦਿਆਂ ਇਕ ਰੱਬ ਦੀ ਉਸਤਤ ਕਰਨ ਤੇ ਮਨੁੱਖਤਾ ਦੀ ਸੇਵਾ ਲਈ ਹਰ ਵਕਤ ਸਮਰਪਿਤ ਰਹਿਣ ਦਾ ਪਾਠ ਪੜ੍ਹਾਉਂਦੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਪੰਜਾਬੀ ਸਭਿਆਚਾਰ ਵਿਚ ਜਦੋਂ ਤਜ਼ਕਰਾ ਇਸ਼ਕ ਦਾ ਹੋਵੇ ਤਾਂ ਵਾਰਸ ਦੀ ਹੀਰ ਸਹਿਜੇ ਹੀ ਸਾਹਮਣੇ ਆ ਖਲੋਂਦੀ ਹੈ ਤੇ ਕਿੱਸਾ ਹੀਰ ਰਾਂਝਾ ਦੇ ਕਿਰਦਾਰ ਅੱਜ ਵੀ ਸਾਡੇ ਗੀਤਾਂ ਤੇ ਬੋਲੀਆਂ ਦਾ ਮਹੱਤਵਪੂਰਣ ਅੰਗ ਬਣੇ ਹੋਏ ਹਨ। ਵਾਰਸ ਸ਼ਾਹ ਦੀ ਹੀਰ ਦੀਆਂ ਤੁਕਾਂ ਤਾਂ ਜਿਵੇਂ ਪੰਜਾਬੀ ਸਭਿਆਚਾਰ ਦੇ ਮੁਹਾਵਰੇ ਹੋ ਨਿਬੜੇ ਹਨ ਜਿਵੇਂ ਕਿ : ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ।
ਪੰਜਾਬੀ ਸਭਿਆਚਾਰ ਵਿਚ ਗੱਲ ਬਹਾਦਰੀ ਦੀ ਹੋਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬਘੇਲ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਵਰਗੇ ਸੂਰਮੇ ਸਾਡੇ ਦਿਲਾਂ ਤੇ ਅੱਜ ਵੀ ਰਾਜ ਕਰਦੇ ਹਨ ਤੇ ਇਹ ਸੱਭ ਸੂਰਮੇ ਸਾਡੇ ਹਕੀਕੀ ਮਾਅਨਿਆਂ ਵਿਚ ਆਦਰਸ਼ ਹਨ। ਇਹ ਕਿ ਜਦੋਂ ਵੀ ਅਸੀ ਅਪਣੇ ਆਦਰਸ਼ਾਂ ਨੂੰ ਅਖੋਂ ਪਰੋਖੇ ਕਰਦੇ ਹਾਂ ਤਾਂ ਸਾਡਾ ਹਸ਼ਰ ਸ਼ਾਹ ਮੁਹੰਮਦ ਦੀ ਵਾਰ ‘ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ’ ਦੀਆਂ ਇਨ੍ਹਾਂ ਤੁਕਾਂ ਵਾਲਾ ਹੁੰਦਾ ਹੈ ਜਿਵੇਂ ਕਿ ਉਹ ਆਖਦੇ ਹਨ ਕਿ : ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਵਿਸ਼ਵੀਕਰਨ ਦੇ ਅਸਰ ਨੇ ਦੁਨੀਆਂ ਦੇ ਲਗਭਗ ਹਰ ਸਭਿਆਚਾਰ ਨੂੰ ਪ੍ਰਭਾਵਤ ਕੀਤਾ ਹੈ। ਇਸ ਪ੍ਰਕਾਰ ਇਸ ਪ੍ਰਭਾਵ ਤੋਂ ਪੰਜਾਬ ਵੀ ਅਛੂਤਾ ਨਹੀਂ ਰਹਿ ਸਕਿਆ। ਵਿਸ਼ਵੀਕਰਨ ਦੇ ਪ੍ਰਭਾਵ ਹੇਠ ਪੰਜਾਬ ਦੇ ਸਭਿਆਚਾਰ ਤੇ ਕਲਾ ਦਾ ਉਦਯੋਗੀਕਰਨ ਹੋਇਆ। ਵਿਸ਼ਵੀਕਰਨ ਦੇ ਸੰਕਲਪ ਨੇ ਪੰਜਾਬ ਦੀਆਂ ਖਾਣ ਪੀਣ ਦੀਆਂ ਆਦਤਾਂ ਤੇ ਇਕ ਵੱਡਾ ਪ੍ਰਭਾਵ ਪਾਇਆ ਹੈ।
ਕੋਈ ਸਮਾਂ ਸੀ ਜਦੋਂ ਪੰਜਾਬੀ ਘਰਾਂ ਵਿਚ ਰਸੋਈ ਦਾ ਪ੍ਰੰਪਰਾਗਤ ਰੂਪ, ਖਾਣਾ ਬਣਾਉਣ ਦੇ ਤੌਰ ਤਰੀਕਿਆਂ ਉਤੇ ਪੰਜਾਬੀ ਲੋਕਾਂ ਦੀ ਖ਼ੁਰਾਕ ਅੱਜ ਨਾਲੋਂ ਬਹੁਤ ਵਖਰੀ ਸੀ। ਉਨ੍ਹਾਂ ਸਮਿਆਂ ਵਿਚ ਪੰਜਾਬ ਦੇ ਅਕਸਰ ਘਰਾਂ ਵਿਚ ਮਿੱਟੀ ਦੇ ਬਣੇ ਚੁੱਲ੍ਹਿਆਂ ਵਿਚ ਪਾਥੀਆਂ ਜਾਂ ਅੱਗ ਬਾਲਣ ਲਈ ਲੱਕੜਾਂ ਦੀ ਵਰਤੋਂ ਹੋਇਆ ਕਰਦੀ ਸੀ। ਸਾਗ, ਮੱਕੀ ਦੀ ਰੋਟੀ, ਖੱਟੀ ਲੱਸੀ ਪੰਜਾਬੀਆਂ ਦੀ ਮਨਭਾਉਂਦੀ ਖੁਰਾਕ ਸੀ। ਭਾਂਡੇ ਮਾਂਜਣ ਲਈ ਚੁੱਲ੍ਹੇ ਦੀ ਸੁਆਹ ਵਰਤੀ ਜਾਂਦੀ ਸੀ। ਫਿਰ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਤਾਂ ਹੌਲੀ-ਹੌਲੀ ਚੁੱਲ੍ਹੇ ਦੀ ਥਾਂ ਸਟੋਵ, ਚਾਟੀਆਂ ਤੇ ਤੌੜੀਆਂ ਦੀ ਥਾਂ ਪ੍ਰੈਸ਼ਰ ਕੁੱਕਰਾਂ ਨੇ ਲੈ ਲਈ। ਵਿਸ਼ਵੀਕਰਨ ਦੇ ਇਸ ਪ੍ਰਕੋਪ ਵਿਚ ਪੰਜਾਬੀ ਸਮਾਜ ਵਿਚਲੇ ਰਿਸ਼ਤੇ ਨਾਤਿਆਂ ਦਾ ਵੀ ਬੇਹੱਦ ਘਾਣ ਹੋਇਆ ਹੈ। ਅੱਜ ਹਰ ਰਿਸ਼ਤਾ-ਨਾਤਾ ਇਕ ਤਰ੍ਹਾਂ ਗ਼ਰਜ਼ ਨਾਲ ਬੱਝਿਆ ਮਹਿਸੂਸ ਹੁੰਦਾ ਹੈ। ਇਥੋਂ ਤਕ ਕਿ ਅੱਜ ਖ਼ੂਨੀ ਰਿਸ਼ਤੇ ਵੀ ਤਿੜਕਦੇ ਮਹਿਸੂਸ ਹੁੰਦੇ ਹਨ।
ਬਦਲਦੇ ਹਾਲਾਤ ਵਿਚ ਅਸੀ ਅਪਣੇ ਸਭਿਆਚਾਰਕ ਪਹਿਰਾਵੇ ਤੋਂ ਲਾਂਭੇ ਹੁੰਦੇ ਜਾ ਰਹੇ ਹਾਂ ਪਿਛਲੇ ਕੱੁਝ ਸਾਲਾਂ ਤੋਂ ਪਹਿਨਣ ਵਾਲੇ ਕਪੜਿਆਂ ਵਿਚ ਬੇਹੱਦ ਤਬਦੀਲੀਆਂ ਆਈਆਂ ਹਨ। ਜੇਕਰ ਇਹ ਕਹੀਏ ਕਿ ਲਿਬਾਸ ਦੇ ਵਿਸ਼ਵੀਕਰਨ ਨੇ ਸਾਨੂੰ ਨੰਗਾ ਕਰ ਕੇ ਰੱਖ ਦਿਤਾ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਅੱਜ ਲਿਬਾਸ ਦਾ ਇਸਤੇਮਾਲ ਸ੍ਰੀਰ ਨੂੰ ਢਕਣ ਲਈ ਨਹੀਂ ਸਗੋਂ ਜਿਸਮ ਦੀ ਨੁਮਾਇਸ਼ ਕਰਨ ਲਈ ਹੋ ਰਿਹਾ ਹੈ। ਇਕ ਸਮਾਂ ਸੀ ਜਦੋਂ ਸਾਰਾ ਟੱਬਰ ਇਕ ਛੱਤ ਹੇਠ ਰਹਿੰਦਾ ਸੀ। ਘਰ ਕਮਾਊ ਜੀਆਂ ਦੀ ਸਾਰੀ ਪੂੰਜੀ ਸੱਭ ਤੋਂ ਵੱਡੇ ਪੁਰਖ ਤੇ ਉਸ ਦੀ ਘਰਵਾਲੀ ਦੇ ਹੱਥ ਹੁੰਦੀ ਸੀ ਤੇ ਪ੍ਰਵਾਰ ਦੇ ਜੀਆਂ ਦੇ ਰੋਟੀ ਕਪੜੇ ਅਤੇ ਹੋਰ ਲੋੜਾਂ ਦਾ ਪ੍ਰਬੰਧ ਕਰਨਾ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਸੀ।
ਪਹਿਲਾਂ ਬੱਚੇ ਰਾਤ ਨੂੰ ਦਾਦੇ ਦਾਦੀਆਂ ਕੋਲੋਂ ਕਹਾਣੀਆਂ ਸੁਣਿਆ ਕਰਦੇ ਸਨ। ਉਹ ਕਹਾਣੀਆਂ ਬੱਚਿਆਂ ਦੇ ਮਨਾਂ ਵਿਚ ਚੰਗੇ ਗੁਣ ਪੈਦਾ ਕਰਦੀਆਂ ਸਨ। ਬੱਚਿਆਂ ਨੂੰ ਬਾਤਾਂ ਸੁਣਨ ਦਾ ਏਨਾ ਚਾਅ ਹੁੰਦਾ ਸੀ ਕਿ ਰਾਤ ਪੈਂਦੇ ਸਾਰ ਹੀ ਬੱਚੇ ਦਾਦੇ ਦਾਦੀਆਂ ਦੁਆਲੇ ਹੋ ਜਾਂਦੇ ਸਨ। ਲੇਕਿਨ ਇੰਟਰਨੈੱਟ ਦੇ ਇਸ ਯੁੱਗ ਨੇ ਉਕਤ ਤਮਾਮ ਕਹਾਣੀਆਂ ਤੇ ਬਾਤਾਂ ਤੋਂ ਬੱਚਿਆਂ ਨੂੰ ਇਕ ਤਰ੍ਹਾਂ ਨਾਲ ਨਿਖੇੜ ਕੇ ਰੱਖ ਦਿਤਾ ਹੈ। ਅੱਜ ਦੇ ਅਕਸਰ ਮੁੰਡੇ ਕੁੜੀਆਂ ਵਿਚ ਰਾਤੋਂ ਰਾਤ ਅਮੀਰ ਹੋਣ ਦੀ ਹੋੜ ਇਸ ਕਦਰ ਭਾਰੂ ਹੈ ਕਿ ਅਪਣੇ ਮਿਸ਼ਨ ਵਿਚ ਅਸਫ਼ਲ ਹੋਣ ਦੀ ਸੂਰਤ ਵਿਚ ਉਹ ਝਟ ਮਾਨਸਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਨਾਲ ਕਦਰਾਂ-ਕੀਮਤਾਂ ਤੇ ਅਖਲਾਕ ਅੱਜ ਦੇ ਲੋਕਾਂ ਵਿਚ ਜਿਸ ਕਦਰ ਡਿੱਗ ਚੁੱਕੇ ਹਨ, ਉਸ ਦੀ ਸ਼ਾਇਦ ਪਹਿਲਾਂ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਅੰਤ ਵਿਚ ਇਹੀ ਕਹਾਂਗਾ ਕਿ ਅੱਜ ਦਾ ਮਨੁੱਖ ਤਰੱਕੀ ਕਰਨ ਦੀਆਂ ਜਿੰਨੀਆਂ ਮਰਜ਼ੀ ਫੜਾਂ ਮਾਰੀ ਜਾਵੇ ਪਰ ਜਦੋਂ ਅਸੀ ਅੱਜ ਅਪਣੀਆਂ ਨੈਤਿਕ ਕਦਰਾਂ-ਕੀਮਤਾਂ ਵਲ ਨਜ਼ਰ ਮਾਰਦੇ ਹਾਂ ਤਾਂ ਬੇਹੱਦ ਨਿਰਾਸ਼ਾ ਹੁੰਦੀ ਹੈ ।
ਮੁਹੰਮਦ ਅੱਬਾਸ ਧਾਲੀਵਾਲ,ਸੰਪਰਕ : 9855259650