
ਮਹਾਰਾਜਾ ਰਣਜੀਤ ਸਿੰਘ ਦੇ ਤੁਰ ਜਾਣ ਪਿਛੋਂ ਉਸ ਦੇ ਵਾਰਸਾਂ ਦੀ ਨਾਲਾਇਕੀ ਤੇ ਅਮੀਰਾਂ ਵਜ਼ੀਰਾਂ ਦੀ ਬੇਵਫ਼ਾਈ ਕਾਰਨ ਪੰਜਾਬ ਲੁਟਿਆ, ਪੁਟਿਆ ਤੇ ਕੋਹਿਆ ਗਿਆ ਸੀ।
(ਲੜੀ ਜੋੜਨ ਲਈ ਪਿਛਲੇ ਬੁਧਵਾਰ ਦਾ ਅੰਕ ਵੇਖੋ)
ਸ਼ਾਹ ਮੁਹਮੰਦ ਜਿਹੇ ਨਿਰਪੱਖ, ਪ੍ਰਬੱਧ ਤੇ ਸਰਵ ਸਾਂਝੇ ਸ਼ਾਇਰ ਨੇ ਕਦੇ ਬਹੁਤ ਖ਼ੂਬ ਲਿਖਿਆ ਸੀ :-
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਿਸ਼ਾਹੀ ਫ਼ੌਜਾਂ ਭਾਰੀਆਂ ਨੇ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ।
ਮਹਾਰਾਜਾ ਰਣਜੀਤ ਸਿੰਘ ਦੇ ਤੁਰ ਜਾਣ ਪਿਛੋਂ ਉਸ ਦੇ ਵਾਰਸਾਂ ਦੀ ਨਾਲਾਇਕੀ ਤੇ ਅਮੀਰਾਂ ਵਜ਼ੀਰਾਂ ਦੀ ਬੇਵਫ਼ਾਈ ਕਾਰਨ ਪੰਜਾਬ ਲੁਟਿਆ, ਪੁਟਿਆ ਤੇ ਕੋਹਿਆ ਗਿਆ ਸੀ ਤੇ ਉਹੀ ਹਾਲਾਤ ਅੱਜ ਬਣੇ ਹੋਏ ਹਨ। ਸੌ ਕੁ ਸਾਲ ਪਹਿਲੋਂ, ਪ੍ਰੋ. ਪੂਰਨ ਸਿੰਘ ਨੂੰ ਇਹ 'ਸਤਿਗੁਰਾਂ ਸੱਚੇ ਪਾਤਿਸ਼ਾਹਾਂ ਦਾ ਨਿਵਾਸ' ਜਾਪਦਾ ਸੀ ਪਰ ਅੱਜ ਇਥੇ ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਹੁੰਦੀ ਰਹੀ ਹੋਣ ਦੇ ਬਾਵਜੂਦ ਕਿਸੇ ਦੋਸ਼ੀ ਦਾ ਵਾਲ ਵਿੰਗਾ ਨਹੀਂ ਹੋਇਆ।
Photo
ਇਸ ਦੇ ਸੂਰਬੀਰ ਪੁੱਤਰ ਕਾਬਲ ਕੰਧਾਰ ਤਕ ਧੁੰਮਾਂ ਪਾਉਂਦੇ ਰਹੇ, ਲਾਲ ਕਿਲ੍ਹੇ ਤੇ ਜਾ ਕੇ ਕੇਸਰੀ ਨਿਸ਼ਾਨ ਵੀ ਝੁਲਾਉਂਦੇ ਰਹੇ ਤੇ ਅਪਣੀ ਅਣਖ਼ ਲਈ ਮਰਦੇ ਮਿਟਦੇ ਰਹੇ। ਪਰ ਅਜੋਕੇ ਪੰਜਾਬੀ ਪੁੱਤਰ ਚਰਸ ਲਈ ਵਿਕ ਰਹੇ ਹਨ, ਚੰਦ ਦਮੜਿਆਂ ਲਈ ਜ਼ਮੀਰ ਵੇਚ ਰਹੇ ਹਨ। ਗੁਰੂ ਬਚਨਾਂ ਤੋਂ ਨਾਬਰ, ਗੁਰਮਤਿ ਤੋਂ ਸੱਖਣੇ, ਵਿਰਸੇ ਤੋਂ ਅਭਿੱਜ, ਸਾਂਝੇ ਸਭਿਆਚਾਰ ਤੋਂ ਅਗਿਆਤ, ਟੋਲੀਆਂ ਵਿਚ ਬਿਖਰੇ ਹੋਏ ਤੇ ਸੇਧਹੀਣ ਵਲੂੰਧਰ ਕੇ ਰੱਖ ਦੇਣ ਵਾਲੀ ਜ਼ਿੰਦਗੀ ਜੀਅ ਰਹੇ।
Photo
ਅਜੋਕੇ ਪੰਜਾਬ ਦੀ ਅੰਦਰੂਨੀ ਤਸਵੀਰ ਤਰਾਹ ਕੱਢ ਦੇਣ ਵਾਲੀ ਹੈ, ਜਿਸ ਦੇ ਡੇਢ ਲੱਖ ਜਾਏ ਪਿਛਲੇ ਸਾਲ ਵਿਦੇਸ਼ਾਂ ਵਿਚ ਪੜ੍ਹਨ ਜਾ ਪੁੱਜੇ। ਪੰਦਰਾਂ ਕੁ ਲੱਖ ਔਸਤਨ ਖ਼ਰਚਾ ਕਰ ਕੇ ਬਾਹਰ ਨਿਕਲ ਗਏ ਸਾਡੇ ਇਹ ਵਾਰਿਸ ਸਦਾ-ਸਦਾ ਲਈ ਸਾਨੂੰ ਅਲਵਿਦਾ ਤਾਂ ਆਖ ਹੀ ਗਏ ਹਨ, ਨਾਲ ਹੀ ਪੰਜਾਬ ਦੇ ਖ਼ਜ਼ਾਨੇ ਵੀ ਖ਼ਾਲੀ ਕਰ ਗਏ ਹਨ। ਇਹ ਵਰਤਾਰਾ ਲਗਾਤਾਰ ਜਾਰੀ ਹੈ ਭਾਵੇਂ ਕੋਰੋਨਾ ਦੀ ਮਹਾਂਮਾਰੀ ਕਰ ਕੇ ਥਾਂ-ਥਾਂ ਸਾਡੇ ਇਹ ਪੰਜਾਬੀ ਨੌਜੁਆਨ ਅੱਜ ਬੁਰੇ ਹਾਲਾਤ ਵਿਚੋਂ ਵੀ ਗੁਜ਼ਰ ਰਹੇ ਹਨ।
Photo
ਬੀਮਾਰੀ ਦੇ ਡਰ ਨਾਲ ਮੌਜੂਦਾ ਸਮੇਂ ਨਾਲ ਕੰਮ ਧੰਦਿਆਂ ਦੀ ਤੰਗੀ, ਆਰਥਕ ਦਸ਼ਾ ਦੀ ਮੰਦਹਾਲੀ, ਇਕੱਲੇਪਨ ਦਾ ਉਦਰੇਵਾਂ ਤੇ ਓਪਰੇ ਸਭਿਆਚਾਰ ਵਿਚ ਨਾ ਭਿੱਜ ਸਕਣ ਦੀ ਮਜਬੂਰੀ ਵੀ ਮੂੰਹ ਅੱਡੀ ਖੜੀ ਹੈ। ਬਾਵਜੂਦ ਇਸ ਸੱਭ ਕੁੱਝ ਦੇ, 12ਵੀਂ ਪਾਸ ਕਰਨ ਵਾਲੇ ਸਾਡੇ ਅਗਲੇ ਗੱਭਰੂ ਹੁਣ ਤੋਂ ਹੀ ਮਾਪਿਆਂ ਦੀ ਨੀਂਦ ਉਚਾਟ ਕਰ ਰਹੇ ਹੋਣਗੇ ਤੇ ਵਿਚਾਰੇ ਮਾਪੇ ਹੁਣੇ ਤੋਂ ਹੀ ਦੁਕਾਨਾਂ, ਮਕਾਨ, ਜ਼ਮੀਨ, ਪਲਾਟ ਤੇ ਗਹਿਣੇ ਗੱਟੇ ਗਿਰਵੀ ਰੱਖਣ ਜਾਂ ਵੇਚਣ ਦੇ ਮਨਸੂਬੇ ਘੜ ਰਹੇ ਹੋਣਗੇ। ਸੋਲਾਂ ਆਨੇ ਸੱਚ ਹੈ ਕਿ ਉਧਰ ਜਾਣ ਵਾਲੇ ਬੱਚੇ ਪਟਰੌਲ ਪੰਪਾਂ ਦੇ ਕਾਰਿੰਦੇ (ਤੇਲ ਪਾਉਣ ਵਾਲੇ) ਕਲੀਨਰ, ਹੋਟਲਾਂ ਦੀ ਸਫ਼ਾਈ, ਭਾਂਡੇ ਮਾਂਜਣ, ਏਅਰ ਪੋਰਟਾਂ ਉਤੇ ਨਿੱਕੇ ਤੋਂ ਨਿੱਕੇ ਕੰਮ (ਕਲੀਨਿੰਗ) ਟੈਕਸੀ ਚਾਲਕ, ਘਰਾਂ ਦੀ ਸਫ਼ਾਈ, ਮਾਲਾਂ ਤੇ ਸਟੋਰਾਂ ਵਿਚ ਮਾੜੇ ਮੋਟੇ ਕੰਮ, ਨੈਨੀ ਸੇਵਾਵਾਂ, ਗੁਰਦਵਾਰਿਆਂ ਦੀ ਸੇਵਾ-ਸਫ਼ਾਈ ਤੇ ਹੋਰ ਪਤਾ ਨਹੀਂ ਕੀ-ਕੀ ਪਾਪੜ ਵੇਲ ਕੇ ਸ਼ਾਮ ਨੂੰ ਰੋਟੀ ਦਾ ਜੁਗਾੜ ਕਰਦੇ ਹਨ।
Photo
ਪਿੱਛੇ ਇਟਲੀ ਤੋਂ ਇਕ ਖ਼ਬਰ ਆਈ ਸੀ ਕਿ 20 ਸਾਲਾਂ ਤੋਂ ਕਿਸੇ ਦੇ ਖੇਤਾਂ ਵਿਚ ਗਾਵਾਂ ਦਾ ਗੋਹਾ ਕੂੜਾ ਕਰਦਾ ਪੰਜਾਬੀ ਖ਼ੁਦਕੁਸ਼ੀ ਕਰ ਗਿਆ ਕਿਉਂਕਿ ਚੰਗੀ ਨੌਕਰੀ ਉਸ ਨੂੰ ਕਦੇ ਮਿਲੀ ਹੀ ਨਹੀਂ ਸੀ। ਇਸੇ ਤਰ੍ਹਾਂ ਅਸਟਰੇਲੀਆ ਵਿਖੇ ਤਿੰਨ ਸਾਲ ਦੀ ਪੜ੍ਹਾਈ ਪੂਰੀ ਕਰ ਕੇ ਵਿਹਲੇ ਬੈਠੇ ਪੰਜਾਬੀ-ਪੁੱਤਰ ਨੇ ਖ਼ੁਦਕੁਸ਼ੀ ਇਸ ਕਰ ਕੇ ਕੀਤੀ ਕਿਉਂਕਿ ਉਸ ਨੂੰ ਸਹੀ ਨੌਕਰੀ ਨਹੀਂ ਸੀ ਮਿਲ ਸਕੀ ਤੇ ਪਿੱਛੇ ਮਾਪਿਆਂ ਵਲੋਂ ਚੁਕਿਆ ਕਰਜ਼ਾ ਜਿਉਂ ਦਾ ਤਿਉਂ ਖੜਾ ਸੀ। ਉੱਧਰ ਪੱਕਾ ਹੋਣ ਲਈ ਕੋਈ ਸਾਰੀ ਕਮਾਈ ਖ਼ਰਚ ਕੇ ਬੁੱਢੀ ਮੇਮ ਨਾਲ ਵਿਆਹ ਦਾ ਢੌਂਗ ਕਰਦਾ ਸੁਣੀਂਦਾ ਹੈ ਤੇ ਕੋਈ ਇੱਧਰਲੇ ਪਾਸਿਉਂ ਹੇਰਾਫੇਰੀਆਂ ਕਰ ਕੇ, ਨਕਲੀ ਵਿਆਹ ਰਚਾ ਕੇ, ਅਪਣੀ ਜ਼ਮੀਰ ਨਾਲ ਹੀ ਧੱਕਾ ਕਰੀ ਜਾਂਦਾ ਹੈ।
Photo
ਦੂਜੇ ਪਾਸੇ ਪੰਜਾਬ ਦਾ ਅੱਜ ਹਰ ਕੰਮ ਤੇ ਕਾਰੋਬਾਰ ਪ੍ਰਵਾਸੀ ਮਜ਼ਦੂਰਾਂ ਦੇ ਹਵਾਲੇ ਹੈ। ਕੋਰੋਨਾ ਵਾਇਰਸ ਕਰ ਕੇ ਜਿਥੇ ਦਿੱਲੀ, ਮੁੰਬਈ, ਬੰਗਲੌਰ, ਹੈਦਰਾਬਾਦ ਅਤੇ ਚੰਡੀਗੜ੍ਹ ਤੋਂ ਲੱਖਾਂ ਬਿਹਾਰੀਏ, ਯੂ.ਪੀ. ਵਾਲੇ ਤੇ ਹੋਰ ਪ੍ਰਵਾਸੀ ਸੜਕਾਂ ਉਤੇ ਵੇਖੇ ਗਏ, ਉਥੇ ਪੰਜਾਬ ਤੋਂ ਕੋਈ ਵਿਰਲਾ ਟਾਂਵਾਂ ਬੰਦਾ ਹੀ ਬਾਹਰ ਗਿਆ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਨੇ ਵਾਰ-ਵਾਰ ਇਹ ਤੱਥ ਨਸ਼ਰ ਕੀਤਾ ਹੈ ਕਿ 25 ਲੱਖ ਤੋਂ ਵਧੇਰੇ ਮਜ਼ਦੂਰ ਅਸੀ ਸਾਂਭ ਰਹੇ ਹਾਂ। ਉਨ੍ਹਾਂ ਨੂੰ ਰੋਟੀ, ਪਾਣੀ, ਠਾਹਰ, ਰੈਣ ਬਸੇਰੇ ਤੇ ਹੋਰ ਸਹੂਲਤਾਂ ਪ੍ਰਦਾਨ ਕਰ ਰਹੇ ਹਾਂ। ਇਨ੍ਹਾਂ ਵਿਚੋਂ ਬਹੁਗਿਣਤੀ ਪੰਜਾਬ ਵਿਚ ਘਰ, ਕੋਠੀਆਂ ਤੇ ਕਾਰੋਬਾਰੀ ਅਦਾਰੇ ਬਣਾ ਕੇ ਮੌਜਾਂ ਵੀ ਕਰ ਰਹੇ ਹਨ।
Photo
ਉਂਜ ਆਰਜ਼ੀ ਮਜ਼ਦੂਰਾਂ ਦੀ ਵੀ ਇਥੇ ਥੁੜ ਨਹੀਂ ਕਿਉਂਕਿ ਕਣਕਾਂ ਦੀ ਬਿਜਾਈ ਤੇ ਵਾਢੀਆਂ ਸਮੇਂ ਤੇ ਝੋਨੇ ਦੀ ਕਟਾਈ ਸਮੇਂ ਲੱਖਾਂ ਹੋਰ ਪ੍ਰਵਾਸੀ ਵੀ ਇੱਧਰ ਨੂੰ ਮੂੰਹ ਕਰ ਲੈਂਦਾ ਹੈ। ਅਰਬਾਂ ਰੁਪਏ ਇਨ੍ਹਾਂ ਮਜ਼ਦੂਰਾਂ ਰਾਹੀਂ ਬਿਹਾਰ ਤੇ ਯੂ.ਪੀ. ਪੁੱਜ ਰਿਹਾ ਹੈ। ਹੋਰ ਸੁਣੋ! ਤਾਲਾਬੰਦੀ ਤੋਂ ਚਾਰ ਦਿਨ ਪਹਿਲਾਂ, ਮੈਨੂੰ ਅਪਣੇ ਹਮਸਫ਼ਰ ਡਾ. ਮਲਕੀਅਤ ਸਿੰਘ ਨਾਲ ਸਨੌਰ ਵਾਲੀ ਵੱਡੀ ਸਬਜ਼ੀ ਮੰਡੀ ਵਿਚ ਜਾਣ ਦਾ ਮੌਕਾ ਮਿਲਿਆ। ਅਸੀ ਆਰਗੈਨਿਕ ਸਬਜ਼ੀਆਂ ਤੇ ਫੱਲ ਘਰ ਹੀ ਉਗਾਉਂਦੇ ਹਾਂ ਪਰ ਇਸ ਵਾਰ ਮਟਰ ਤੇ ਗਾਜਰਾਂ ਦੀ ਉਪਜ ਸਾਡੀ ਲੋੜ ਤੋਂ ਘੱਟ ਹੋਣ ਕਾਰਨ ਅਸੀ ਮੰਡੀ ਜਾਣ ਲਈ ਮਜਬੂਰ ਹੋਏ। ਸਬਜ਼ੀ ਮੰਡੀ ਦੇ ਅੰਦਰਲੇ ਦ੍ਰਿਸ਼ ਨੇ ਸਾਨੂੰ ਵਲੂੰਧਰ ਕੇ ਰੱਖ ਦਿਤਾ ਕਿਉਂਕਿ ਸਾਰੇ ਦੇ ਸਾਰੇ ਵਿਕਰੇਤਾ ਪ੍ਰਵਾਸੀ ਮਜ਼ਦੂਰ ਸਨ।
ਦੂਰ-ਦੂਰ ਤਕ ਵਿਛੀ ਸਬਜ਼ੀ, ਸਬਜ਼ੀਆਂ ਦੀ ਵੰਨਸੁਵੰਨਤਾ, ਵੱਡੇ-ਵੱਡੇ ਢੇਰ, ਵਿਚ ਹੀ ਫਿਰਦੇ ਅਵਾਰਾ ਸਾਨ੍ਹ, ਚਾਹ, ਪਕੌੜਿਆਂ ਤੇ ਜਲੇਬੀਆਂ ਦੇ ਖੋਖੇ ਤੇ ਗੰਨਾ ਜੂਸ ਦੀਆਂ ਰੇਹੜੀਆਂ, ਗੱਲ ਕੀ ਸੋਲ੍ਹਾਂ ਆਨੇ ਸਾਰਾ ਹੀ ਕਾਰੋਬਾਰ ਪ੍ਰਵਾਸੀ ਮਜ਼ਦੂਰਾਂ ਦੇ ਹੱਥ ਵਿਚ ਸੀ। ਹਾਂ, ਸਬਜ਼ੀ ਖ਼ਰੀਦਣ ਵਾਲਾ ਕੋਈ ਦਸਤਾਰਧਾਰੀ ਇਨ੍ਹਾਂ ਪ੍ਰਵਾਸੀਆਂ ਦੇ ਭੱਦੇ ਮਜ਼ਾਕ ਦਾ ਪਾਤਰ ਵੀ ਬਣਦਾ ਵੇਖਿਆ। ਤੜਕੇ-ਤੜਕੇ ਭੋਲੇ ਭਾਲੇ ਕਿਸਾਨਾਂ ਤੋਂ ਟਕੇ-ਟਕੇ ਸੇਰ ਸਬਜ਼ੀ ਖ਼ਰੀਦ ਕੇ ਇਹ ਆਪਸੀ ਏਕੇ ਨਾਲ ਪੰਜਾਬੀਆਂ ਦੀ ਚੰਗੀ ਛਿੱਲ ਲਾਹ ਰਹੇ ਸਨ। ਸਾਰੇ ਦੇ ਸਾਰੇ ਹੱਟੇ ਕੱਟੇ, ਜੇਬਾਂ ਭਰਦੇ ਤਕ ਕੇ ਅਸੀ ਦੋਵੇਂ ਡਾਹਢੇ ਬੇਚੈਨ ਹੋ ਉੱਠੇ। ਇਹ ਸੱਭ ਵੇਖ ਕੇ ਸਾਨੂੰ ਸਬਜ਼ੀ ਲੈਣੀ ਭੁੱਲ ਗਈ।
Photo
ਪੰਜਾਬ ਦੀ ਤ੍ਰਾਸਦੀ ਅੱਖਾਂ ਅੱਗੇ ਤੈਰਨ ਲੱਗੀ। ਕੀ ਇਹੀ ਕੰਮ ਸਾਡੇ ਬੱਚੇ ਨਹੀਂ ਸਨ ਕਰ ਸਕਦੇ? ਕਿਰਤ ਤਾਂ ਕੋਈ ਵੀ ਮਾੜੀ ਨਹੀਂ ਹੈ ਜਿਸ ਦਾ ਸਬਕ ਸਾਡੇ ਰਹਿਬਰਾਂ ਨੇ ਸਦੀਆਂ ਪਹਿਲਾਂ ਦ੍ਰਿੜਾਇਆ ਸੀ। ਅਸੀ ਕਿਉਂ ਅਪਣੀ ਔਲਾਦ ਨੂੰ ਬਾਹਰ ਦੇ ਸੁਨਹਿਰੇ ਸੁਪਨੇ ਵਿਖਾ ਕੇ ਨਿਕੰਮੇ ਬਣਾ ਦਿਤਾ ਜਦੋਂ ਕਿ ਵਿਦੇਸ਼ਾਂ ਵਿਚ ਪੁੱਜ ਕੇ ਉਹ ਇਸ ਤੋਂ ਵੀ ਘਟੀਆ ਕੰਮ ਧੰਦੇ ਕਰਨ ਲਈ ਮਜਬੂਰ ਹੁੰਦੇ ਹਨ। ਪ੍ਰਵਾਸੀ ਮਜ਼ਦੂਰਾਂ ਨੇ ਨਿਰਸੰਦੇਹ ਅੱਜ ਪੰਜਾਬ ਦਾ ਹਰ ਕੰਮ-ਕਾਰ ਸਾਂਭ ਲਿਆ ਹੈ ਤੇ ਪੰਜਾਬੀ ਦਿਹਾੜੀਦਾਰ ਜ਼ਰਦਾ ਖਾਣ ਲਗਾ ਦਿਤੇ ਹਨ। ਅੱਗ ਲੈਣ ਆਈ ਗੁਆਂਢਣ ਹੁਣ ਧੱਕੇ ਨਾਲ ਹੀ ਘਰਵਾਲੀ ਬਣ ਬੈਠੀ ਹੈ।
ਸਾਡੇ ਹੋਛੇ ਨੀਤੀਘਾੜਿਆਂ, ਸੌੜੀ ਸੋਚ ਵਾਲੇ ਸਿਆਸਤਦਾਨਾਂ ਤੇ ਚਾਪਲੂਸ ਆਗੂਆਂ ਨੇ 1947 ਤੋਂ ਲੈ ਕੇ ਅੱਜ ਤਕ ਅਪਣੀਆਂ ਤਜੌਰੀਆਂ ਭਰਨ ਤੋਂ ਬਿਨਾਂ ਕਦੇ ਹੋਰ ਕੁੱਝ ਨਹੀਂ ਸੋਚਿਆ। ਨਹੀਂ ਪੜਤਾਲੀ ਨੌਜੁਆਨੀਂ ਦੀ ਲੋੜ! ਨਹੀਂ ਬੁੱਝੀ ਇਨ੍ਹਾਂ ਦੀ ਪੀੜ, ਨਹੀਂ ਸਮਝਿਆ ਬੇਰੁਜ਼ਗਾਰਾਂ ਦਾ ਦਰਦ। ਜੇਕਰ ਬੁੱਝੀ ਹੁੰਦੀ ਤਾਂ ਇਨ੍ਹਾਂ ਵਲੋਂ ਪੰਜਾਬ ਦੀ ਇਸ ਕਦਰ ਲੁੱਟ ਨਾ ਹੁੰਦੀ, ਇਹ ਪ੍ਰਵਾਸੀਆਂ ਦਾ ਪੱਕਾ ਟਿਕਾਣਾ ਨਾ ਬਣ ਸਕਦਾ ਤੇ ਸਾਡੇ ਬੱਚੇ ਦੇਸ਼ਾਂ ਵਿਦੇਸ਼ਾਂ ਵਿਚ ਰੁਲ-ਰੁਲ ਕੇ ਪੰਜਾਬ ਨੂੰ ਕਦੇ ਨਾ ਤਿਆਗਦੇ।
Punjab
ਅਤਿਵਾਦ ਵੀ ਸੋਚੀ ਸਮਝੀ ਸਾਜ਼ਸ਼ ਅਧੀਨ ਫੈਲਾਇਆ ਗਿਆ ਤੇ ਉਦੋਂ ਦਾ ਚੜ੍ਹਿਆ ਲੱਖਾਂ ਕਰੋੜ ਕਰਜ਼ਾ ਹਰ ਵੇਲੇ ਪੰਜਾਬ ਦਾ ਸਾਹ ਸੂਤਣ ਦਾ ਸਬੱਬ ਹੈ। ਇਸ ਦੇ ਲਗਦਿਆਂ ਨੇ ਲਗਭਗ ਸਾਰੀਆਂ ਜਨਤਕ ਜਾਇਦਾਦਾਂ ਸਾਂਝੀਆਂ ਸ਼ਾਮਲਾਤ, ਮਹਿਕਮਿਆਂ ਦੀਆਂ ਖ਼ਾਲੀ ਥਾਵਾਂ ਤੇ ਹੋਰ ਪਤਾ ਨਹੀਂ ਕੀ-ਕੀ ਵੇਚ ਵੱਟ ਜਾਂ ਗਹਿਣੇ ਪਾ ਕੇ ਅਪਣੀਆਂ ਗੋਗੜਾਂ ਵਧਾ ਲਈਆਂ ਹਨ। ਨਹਿਰੂ, ਪਟੇਲ ਤੇ ਗਾਂਧੀ ਵਰਗੇ ਚਤਰ-ਚਾਲਾਕ ਆਗੂਆਂ ਨੇ ਜਾਂਬਾਜ਼ ਆਗੂਆਂ ਬਾਬਾ ਖੜਕ ਸਿੰਘ, ਮਾ. ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਵਰਗੇ ਭੋਲੇ ਅਕਾਲੀ ਨੇਤਾਵਾਂ ਨੂੰ ਲੋੜ ਵੇਲੇ ਤਾਂ ਰੱਜ-ਰੱਜ ਕੇ ਵਰਤਿਆ ਪਰ 1947 ਉਪਰੰਤ, ਵਾਅਦਾ ਕੀਤੇ ਖ਼ਾਲਸਾ ਖਿੱਤੇ ਤੋਂ ਕੋਰਾ ਜਵਾਬ ਦੇ ਦਿਤਾ। ਪੰਜ+ਆਬਾਂ ਦੀ ਧਰਤੀ ਦੇਸ਼-ਵੰਡ ਉਪਰੰਤ ਢਾਈ ਦਰਿਆਵਾਂ ਦੀ ਬੰਜਰ ਭੋਇੰ ਬਣ ਗਈ ਤੇ ਸਿਤਮ ਜਰੀਫ਼ੀ ਇਹ ਕਿ ਇਨ੍ਹਾਂ ਦਰਿਆਵਾਂ ਦਾ ਪਾਣੀ ਵੀ ਹਰਿਆਣਾ ਤੇ ਰਾਜਸਥਾਨ ਨੂੰ ਦੇ ਦਿਤਾ ਗਿਆ (ਇਕ ਬਹੁਤ ਵੱਡੀ ਸਾਜ਼ਿਸ਼ ਅਧੀਨ) ਮੁੜ ਸਤਲੁਜ ਯਮੁਨਾ ਲਿੰਕ ਨਹਿਰ ਦਾ ਨਿਰਮਾਣ ਵੀ ਇਨ੍ਹਾਂ ਫ਼ਿਰਕਾਪ੍ਰਸਤ ਲੋਕਾਂ ਦਾ ਹੀ ਵਿਢਿਆ ਸਿਆਪਾ ਸੀ। ਨਾ ਕਾਂਗਰਸੀ ਤੇ ਨਾ ਅਕਾਲੀ ਸਰਕਾਰਾਂ ਹੀ ਪੰਜਾਬ ਦੇ ਪਾਣੀਆਂ ਦੀਆਂ ਰਖਵਾਲੀਆਂ ਬਣੀਆਂ।
ਪੰਜਾਬ ਸੜਦਾ ਰਿਹਾ, ਸੜ ਰਿਹਾ ਹੈ, ਅੱਗੋਂ ਹੋਰ ਸੜੇਗਾ ਪਰ ਇਸ ਤੇ ਬਰਫ਼ ਦੀ ਪੱਟੀ ਰੱਖਣ ਵਾਲਾ ਕੋਈ ਨਹੀਂ। ਇਥੇ ਇਕ ਹੋਰ ਤੱਥ ਉਜਾਗਰ ਕਰਨਾ ਵੀ ਜ਼ਰੂਰੀ ਹੈ। ਪੰਜਾਬੀਆਂ ਦੇ ਲਹੂ ਪਸੀਨੇ ਦੀ ਕਮਾਈ ਨਾਲ ਬਣੇ ਭਾਖੜਾ ਡੈਮ ਜਿਸ ਦੀ ਯੋਜਨਾ ਅੰਗਰੇਜ਼ ਸ਼ਾਸਕਾਂ ਨੇ, ਪੰਜਾਬ ਵਿਚਲੇ ਇਸ ਪਾਸੇ ਦੇ ਨਹਿਰੀ ਨਿਜ਼ਾਮ ਨੂੰ ਸਾਰਾ ਸਾਲ ਨਿਰਵਿਘਨ ਪਾਣੀ ਦੇਣ ਦੇ ਲਿਹਾਜ਼ ਨਾਲ 1908 ਵਿਚ ਉਲੀਕੀ ਸੀ ਪਰ ਸੰਸਾਰ ਜੰਗਾਂ ਕਾਰਨ ਉਹ 1945 ਤਕ ਤਾਂ ਸਿਰੇ ਨਹੀਂ ਸੀ ਚੜ੍ਹ ਸਕੀ। 1945 ਵਿਚ ਉਸਾਰੀ ਤਾਂ ਸ਼ੁਰੂ ਹੋ ਗਈ ਪਰ ਦੇਸ਼-ਵੰਡ ਕਾਰਨ ਇਸ ਨੂੰ ਫਿਰ ਗਹਿਰਾ ਧੱਕਾ ਲੱਗਾ। 1948 ਵਿਚ ਭਾਖੜਾ ਡੈਮ ਦਾ ਕੰਮ ਦੋਬਾਰਾ ਸ਼ੁਰੂ ਹੋਇਆ, ਜੋ 1963 ਤਕ ਲਗਾਤਾਰ ਚਲਿਆ। 22 ਅਕਤੂਬਰ 1963 ਨੂੰ ਪੰਡਿਤ ਨਹਿਰੂ ਨੇ ਇਸ ਦਾ ਉਦਘਾਟਨ ਕੀਤਾ ਪਰ ਬਦਕਿਸਮਤੀ ਪੰਜਾਬ ਦੀ ਕਿ 1966 ਦੇ ਪੁਨਰਗਠਨ ਵੇਲੇ ਭਾਖੜਾ ਡੈਮ ਹਿਮਾਚਲ ਵਿਚ ਸ਼ਾਮਲ ਕਰ ਦਿਤਾ ਗਿਆ ਤੇ ਪਾਣੀਆਂ ਦੇ ਕੰਟਰੋਲ ਲਈ ਨੋਡਲ ਏਜੰਸੀ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਨੂੰ ਬਣਾ ਦਿਤਾ ਗਿਆ।
Photo
ਦੇਸ਼-ਵੰਡ ਕਾਰਨ (ਢਾਈ ਦਰਿਆ ਹੱਥੋਂ ਖੁੱਸ ਜਾਣ ਕਰ ਕੇ) ਪੰਜਾਬ ਪਹਿਲਾਂ ਹੀ ਪਾਣੀ ਦੇ ਗੰਭੀਰ ਸੰਕਟ ਦਾ ਸ਼ਿਕਾਰ ਹੋ ਚੁੱਕਾ ਸੀ ਪਰ ਭਾਖੜਾ ਡੈਮ ਪੰਜਾਬ ਹੱਥੋਂ ਨਿਕਲ ਜਾਣ ਕਰ ਕੇ ਇਹ ਬੂੰਦ-ਬੂੰਦ ਦਾ ਮੁਥਾਜ ਹੋ ਗਿਆ। ਅੱਜ ਇਸ ਦੇ ਵਧੇਰੇ ਬਲਾਕਾਂ ਵਿਚੋਂ ਬਹੁਤੇ ਡਾਰਕ ਜ਼ੋਨ (ਮਨੁੱਖ ਤੇ ਪਸ਼ੂਆਂ ਦੇ ਪੀਣ ਯੋਗ ਨਾ ਰਹਿਣ ਕਰ ਕੇ) ਘੋਸ਼ਿਤ ਹੋ ਚੁੱਕੇ ਹਨ। ਇਸ ਦਾ ਪਾਣੀ ਸੱਭ ਤੋਂ ਹੇਠਲੀ ਸਤਾਹ ਤੋਂ ਆ ਰਿਹਾ ਹੈ ਜਿਹੜਾ ਕਿ ਕੁੱਝ ਸਮੇਂ ਬਾਅਦ ਅਸਲੋਂ ਮੁੱਕ ਜਾਵੇਗਾ ਤੇ ਜਿਹੜਾ ਸਾਨੂੰ ਸੱਭ ਨੂੰ ਕਿਸੇ ਹੋਰ ਟਿਕਾਣੇ ਵਲ ਤੁਰ ਜਾਣ ਲਈ ਮਜਬੂਰ ਕਰ ਦੇਵੇਗਾ। ਨਿਰਸੰਦੇਹ ਇਕ ਬੀਤੀ ਸਭਿਅਤਾ ਦਾ ਚਿੰਨ੍ਹ ਬਣ ਜਾਵੇਗਾ ਇਹ ਪੰਜਾਬ ਸਾਡਾ। (ਬਾਕੀ ਅਗਲੇ ਹਫ਼ਤੇ)
ਸੰਪਰਕ : 98156-20515