ਸਿੱਖ ਭਰਾਵੋ,ਅਪਣੇ ਇਤਿਹਾਸ 'ਚੋਂ ਫੋਲ ਕੇ ਦੱਸੋ ਕਿਸੇ ਮੁਸਲਿਮ ਆਗੂ ਨੇ ਸਿੱਖਾਂ ਦਾ ਵਿਰੋਧ ਕੀਤਾ ਸੀ?
Published : Jun 13, 2018, 4:39 am IST
Updated : Jun 13, 2018, 4:39 am IST
SHARE ARTICLE
Sai Miyan Meer
Sai Miyan Meer

ਤਮਾਮ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਨੂੰ ਸਾਈਂ ਮੀਆਂ ਮੀਰ ਰਹਿਮਤੁੱਲਾ ਤਾਲਾ ਦੀ ਕੁਲ ਦੇ ਵਾਰਿਸ ਦਾ ਸਲਾਮ ਕਬੂਲ ਹੋਵੇ। ਸਤਿ ਸ੍ਰੀ ਅਕਾਲ। ਦੋਸਤੋ ਮੈਂ ...

ਤਮਾਮ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਨੂੰ ਸਾਈਂ ਮੀਆਂ ਮੀਰ ਰਹਿਮਤੁੱਲਾ ਤਾਲਾ ਦੀ ਕੁਲ ਦੇ ਵਾਰਿਸ ਦਾ ਸਲਾਮ ਕਬੂਲ ਹੋਵੇ। ਸਤਿ ਸ੍ਰੀ ਅਕਾਲ।
ਦੋਸਤੋ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹਿਰ ਵਿਚ, ਸਾਈਂ ਮੀਆਂ ਮੀਰ ਦੀ ਨਗਰੀ ਵਿਚੋਂ ਤਮਾਮ ਸੰਗਤਾਂ ਦੇ ਦਰਸ਼ਨ ਪਾਵਣ ਵਾਸਤੇ ਹਾਜ਼ਰ ਹੋਇਆਂ। ਮੈਂ ਖ਼ੁਸ਼ ਹਾਂ ਕਿ ਜਦ ਸਿੱਖ ਪ੍ਰਵਾਰ ਵਿਚ ਪਹਿਲੀ ਵੱਡੀ ਇਬਾਦਤਗਾਹ ਬਣਾਈ ਗਈ (ਦਰਬਾਰ ਸਾਹਿਬ) ਉਦੋਂ ਵੀ ਇਹ ਸ਼ਰਫ਼ ਏਸੇ ਖ਼ਾਨਵਾਦੇ ਨੂੰ ਮਿਲਿਆ ਜਿਸ ਦਾ ਮੈਂ

ਇਕ ਫ਼ਰਦ ਹਾਂ। ਜਦ ਹਰਿਮੰਦਰ ਸਾਹਿਬ ਜੀ ਦੀ ਨੀਂਹ ਪੱਥਰ ਰੱਖਣ ਦਾ ਵੇਲਾ ਆਇਆ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਪਣੀ ਖ਼ਾਸ ਪਾਲਕੀ ਅਪਣੇ ਕੋਤਰ ਸੌ ਚੇਲਿਆਂ ਨੂੰ ਦੇ ਕੇ ਲਾਹੌਰ ਭੇਜਿਆ ਕਿ ਜਾਉ ਸਾਈਂ ਮੀਆਂ ਮੀਰ ਨੂੰ ਲੈ ਕੇ ਆਉ ਕਿਉਂ ਜੋ ਗੁਰੂ ਜੀ ਰਾਮਦਾਸ ਜੀ ਨੇ ਜਦੋਂ ਹਰਿਮੰਦਰ ਸਾਹਿਬ ਲਈ ਜ਼ਮੀਨ, ਤਕਰੀਬਨ ਲਗਭਗ 12 ਮੁਰੱਬੇ ਖ਼ਰੀਦ ਕੀਤੀ, ਉਥੇ ਸਰੋਵਰ ਬਣਾਇਆ, ਉਸ ਦੇ ਵਿਚਕਾਰ ਹਰਿਮੰਦਰ ਸਾਹਿਬ ਵਾਸਤੇ ਜਗ੍ਹਾ ਖ਼ਾਲੀ ਛੱਡ ਦਿਤੀ ਅਤੇ ਫ਼ੁਰਮਾਇਆ ਕਿ ਅਪਣੇ ਵਕਤ ਦਾ ਬਿਹਤਰੀਨ ਇਨਸਾਨ ਇਸ ਦਾ ਨੀਂਹ ਪੱਥਰ ਰੱਖੇਗਾ।

Guru Arjan Dev JiGuru Arjan Dev Ji

ਤਾਰੀਖ਼ ਸ਼ਾਹਿਦ ਹੈ ਕਿ ਇਸ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਨੇ ਰਖਿਆ। ਗੁਰੂ ਜੀ ਨੇ ਅਪਣੀ ਜ਼ਾਤੀ ਸਵਾਰੀ ਵਾਲੀ ਪਾਲਕੀ ਭੇਜੀ। ਲਾਹੌਰ ਤੋਂ ਤਕਰੀਬਨ 80 ਕਿਲੋਮੀਟਰ ਹਰਿਮੰਦਰ ਸਾਹਿਬ ਹੈ। ਸਾਈਂ ਮੀਆਂ ਮੀਰ ਜੀ ਉਥੋਂ ਪੁੱਜੇ। ਉਥੇ ਤਕਰੀਬਨ 14 ਦਿਨ ਗੁਰੂ ਜੀ ਦੇ ਮਹਿਮਾਨ ਰਹੇ। ਨੀਂਹ ਪੱਥਰ ਦਾ ਇਕ ਵਾਕਿਆ, ਜਿਹੜਾ ਸਾਡੇ ਖ਼ਾਨਵਾਦੇ ਦੀ ਤਾਰੀਖ਼ ਵਿਚ ਮੌਜੂਦ ਹੈ, ਮੈਂ ਆਪ ਜੀ ਦੀ ਨਜ਼ਰ ਕਰ ਰਿਹਾਂ ਕਿ ਸਾਈਂ ਮੀਆਂ ਮੀਰ ਜੀ ਨੇ ਪੱਥਰ ਚੁਕ ਕੇ ਤੇ ਉਸ ਨੂੰ ਮੌਦਾਏ ਮੁਕਾਮ ਉਤੇ ਰੱਖ ਦਿਤਾ। ਮੁਅਮਾਰ (ਮਿਸਤਰੀ) ਨੇ ਪੁੱਟ ਕੇ ਉਸ ਨੂੰ ਗੁਣੀਏ ਵਿਚ ਕਰ ਦਿਤਾ ਕਿਉਂਕਿ ਪੱਥਰ ਗੁਣੀਏ ਤੋਂ ਬਾਹਰ ਸੀ। ਗੁਰੂ ਜੀ ਨੇ ਉਸ ਨੂੰ ਬਹੁਤ ਡਾਂਟਿਆ ਕਿ

'ਭਲਿਆ ਤੂੰ ਇਹ ਕੀ ਕੀਤਾ? ਇਕ ਸੱਚੇ ਸੁੱਚੇ ਤੇ ਖਰੇ ਦਰਵੇਸ਼ ਦੇ ਹੱਥ ਦਾ ਰਖਿਆ ਹੋਇਆ ਪੱਥਰ ਤੂੰ ਪੁੱਟ ਦਿਤੈ ਤੇ ਹਰਿਮੰਦਰ ਹੁਣ ਅਪਣੀਆਂ ਬੁਨਿਆਦਾਂ ਉਤੇ ਡੋਲਦਾ ਰਹੇਗਾ।' ਤਾਰੀਖ਼ ਸ਼ਾਹਿਦ ਹੈ ਕਿ ਗੁਰੂ ਜੀ ਦਾ ਫ਼ੁਰਮਾਨ ਸੱਚ ਨਿਕਲਿਆ ਤੇ ਅਹਿਮਦ ਸ਼ਾਹ ਅਬਦਾਲੀ ਨੇ ਇਸ ਨੂੰ ਬੁਨਿਆਦਾਂ ਤੋਂ ਹਿਲਾਇਆ। 1984 ਦੀਆਂ ਤਸਵੀਰਾਂ ਏਥੇ ਬਾਹਰ ਲਗੀਆਂ ਹੋਈਆਂ ਹਨ ਜਿਸ ਦੇ ਰਖਵਾਲੇ ਅਜੇ ਬੇਵਤਨ ਹੋਣ, ਉਸ ਉਤੇ ਅੱਗੇ ਵੀ ਅਜੇ ਵੱਡੇ ਵੱਡੇ ਮੁਕਾਮ ਨੇ, ਬੜੀਆਂ ਬੜੀਆਂ ਅਜ਼ਮਾਇਸ਼ਾਂ ਆਉਂਦੀਆਂ ਨੇ।

MosqueMosque

ਬਾਬਾ ਨਾਨਕ ਜਦ ਜੋਤੀ ਜੋਤ ਸਮਾਏ
ਦੋਸਤੋ ਜਦ ਬਾਬਾ ਨਾਨਕ ਜੀ ਜੋਤੀ ਜੋਤ ਸਮਾਏ ਤਾਂ ਆਪ ਦੇ ਮੁਸਲਮਾਨ ਮੁਰੀਦਾਂ ਵਿਚ ਅਤੇ ਸਿੱਖ ਮੁਰੀਦਾਂ ਵਿਚ ਝਗੜਾ ਪੈ ਗਿਆ। ਉਹ ਕਹਿਣ ਬਾਬਾ ਜੀ ਸਾਡੇ ਨੇ, ਸਾਨੂੰ ਦਿਉ, ਅਸਾਂ ਦਫ਼ਨਾਉਣੈ। ਉਹ ਕਹਿਣ ਬਾਬਾ ਜੀ ਸਾਡੇ ਨੇ, ਅਸਾਂ ਅਪਣੇ ਹਿਸਾਬ ਨਾਲ ਜੋ ਕਰਨੈ ਸੋ ਕਰਨੈ। ਗੱਲ ਬਹੁਤ ਵੱਧ ਗਈ। ਜਿਸ ਵੇਲੇ ਖ਼ੂਨ-ਖ਼ਰਾਬਾ ਹੋਣ ਲੱਗਾ, ਕਹਿੰਦੇ ਨੇ ਉਥੇ ਇਕ ਸਿਆਣਾ ਆ ਪੁੱਜਾ। ਉਸ ਨੇ ਕਿਹਾ ਕਿ ਭਲਿਉ ਕਿਉਂ ਆਪਸ ਵਿਚ ਲੜਦੇ ਓ? ਬਾਬਾ ਜੀ ਨੂੰ ਤਾਂ ਪੁੱਛੋ ਕਿ ਬਾਬਾ ਜੀ ਕਿਸ ਦੇ ਨੇ?

ਇਤਿਹਾਸ ਵਿਚ ਇਸ ਤਰ੍ਹਾਂ ਹੀ ਮਿਲਦਾ ਹੈ ਕਿ ਜਿਸ ਵੇਲੇ ਬਾਬਾ ਜੀ ਦੀ ਚਾਰਪਾਈ ਦੇ ਨੇੜੇ ਜਾ ਕੇ ਆਪ ਜੀ ਦਾ ਕਫ਼ਨ ਹਟਾਇਆ ਤਾਂ ਆਪ ਜੀ ਦੀ ਦੇਹ ਉਥੇ ਨਹੀਂ ਸੀ। ਉਥੇ ਸਿਰਫ਼ ਦੋ ਫੁੱਲ ਪਏ ਸਨ। ਇਕ ਫੁੱਲ ਅਤੇ ਅੱਧਾ ਕਫ਼ਨ ਮੁਸਲਮਾਨਾਂ ਨੂੰ ਮਿਲਿਆ। ਇਕ ਫੁੱਲ ਅਤੇ ਅੱਧਾ ਕਫ਼ਨ ਸਿੱਖ ਭਰਾਵਾਂ ਨੂੰ ਮਿਲਿਆ। ਕਰਤਾਰਪੁਰ ਜਿਹੜੇ ਜਿਹੜੇ ਵੀਰ ਗਏ ਹੋਣੇ ਨੇ ਉਥੇ ਵੀਰਾਂ ਨੇ ਵੇਖਿਆ ਹੋਣੈ, ਇਕੋ ਅਹਾਤੇ ਵਿਚ ਕੰਧ ਦੀ ਸਾਂਝ ਨਾਲ ਆਪ ਜੀ ਦੀ ਸਮਾਧੀ ਵੀ ਏ ਤੇ ਆਪ ਜੀ ਦਾ ਮਜ਼ਾਰ ਵੀ। ਜਿਥੇ ਆਪ ਦੀ ਕਬਰ ਉਤੇ ਰੋਜ਼ਾਨਾ ਰੁਮਾਲੇ ਚੜ੍ਹਦੇ ਨੇ ਤੇ ਦੂਰ ਨਜ਼ਦੀਕ ਦੀਆਂ ਬੀਬੀਆਂ ਕੜਾਹ ਪ੍ਰਸ਼ਾਦਿ ਪਕਾ ਕੇ ਲਿਆਉਂਦੀਆਂ ਨੇ। ਜ਼ਾਹਰ ਏ ਕਿ ਮੰਨਤਾਂ ਮੰਨਦੀਆਂ ਨੇ।

Guru Nank at IraqGuru Nank at Iraq

ਉਨ੍ਹਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਨੇ, ਤਾਂ ਹੀ ਤਾਂ ਕੜਾਹ ਪ੍ਰਸ਼ਾਦਿ ਲੈ ਕੇ ਜਾਂਦੀਆਂ ਨੇ। ਐਵੇਂ ਕੌਣ ਕਿਤੇ ਟੁਰਦਾ ਜੇ। ਜਦੋਂ ਵੀ ਤੁਸੀਂ ਕਰਤਾਰਪੁਰ ਜਾ ਕੇ ਵੇਖੋ, ਤੁਹਾਨੂੰ ਉਥੇ ਇਹ ਸਾਂਝ ਨਜ਼ਰ ਆਵੇਗੀ। ਸਾਡੀ ਤਾਂ ਰੋਜ਼ ਦੀ ਸਾਂਝ ਏ ਤੇ ਉਨ੍ਹਾਂ ਨੇ ਵੀ ਫ਼ੈਸਲਾ ਨਹੀਂ ਸੀ ਦਿਤਾ ਕਿ ਮੈਂ ਸਿੱਖ ਦਾ ਹਾਂ ਕਿ ਮੁਸਲਮਾਨ ਦਾ ਹਾਂ। ਉਨ੍ਹਾਂ ਨੇ ਦੋਹਾਂ ਨੂੰ ਅਪਣਾ ਬੱਚਾ ਸਮਝਿਆ, ਦੋਹਾਂ ਨੂੰ ਅਪਣਾ ਮੁਰੀਦ ਸਮਝਿਆ, ਦੋਹਾਂ ਨੂੰ ਅਪਣਾ ਹੀ ਕਹਿ ਕੇ ਗਏ।

ਬਾਬਾ ਨਾਨਕ ਇਰਾਕ ਵਿਚ
ਦੋਸਤੋ ਤੁਹਾਡੇ 'ਚੋਂ ਸ਼ਾਇਦ ਹੀ ਕੋਈ ਸਿੱਖ ਇਰਾਕ ਗਿਆ ਹੋਵੇ। ਅਗਰ ਕੋਈ ਗਏ ਹੋਣਗੇ ਤਾਂ ਉਨ੍ਹਾਂ ਨੇ ਲਾਜ਼ਮਨ ਇਰਾਕ ਦੀ ਰਾਜਧਾਨੀ ਬਗ਼ਦਾਦ ਵਿਚ ਅਫ਼ਜ਼ਲ ਬਲੌਰਦਾਨਾ ਰਹਿਮਤੁੱਲਾ ਤਾਲਾ ਦੇ ਮਜ਼ਾਰ ਦੇ ਹਾਤੇ ਵਿਚ ਇਕ ਹੁਜਰਾ ਵੇਖਿਆ ਹੋਵੇਗਾ ਪੱਥਰ ਦਾ ਬਣਿਆ ਹੋਇਐ ਜਿਸ ਉਤੇ ਗੁਰਮੁਖੀ ਵਿਚ ਵੀ ਲਿਖਿਆ ਹੋਇਆ ਹੈ, ਇੰਗਲਿਸ਼ ਵਿਚ ਵੀ ਲਿਖਿਆ ਹੈ, ਅਰਬੀ ਵਿਚ ਵੀ ਲਿਖਿਆ ਹੈ ਕਿ ਇਹ ਹੁਜਰਾ ਸ਼ੇਖ ਏ ਹਿੰਦੀ ਬਾਬਾ ਨਾਨਕ ਰਹਿਮਤੁੱਲਾ ਤਾਲਾ ਦਾ ਹੈ ਜਿਥੇ ਉਹ ਛੇ ਵਰ੍ਹੇ ਰਹੇ ਨੇ।

ਉਥੇ ਆਪ ਜੀ ਦੀਆਂ ਖੜਾਵਾਂ, ਆਪ ਜੀ ਦੀ ਮਾਲਾ ਤੇ ਆਪ ਜੀ ਦਾ, ਅਸੀਂ ਉਸ ਨੂੰ ਜਾਨਨਾਜ਼ ਕਹਿੰਦੇ ਹਾਂ ਤੁਸੀਂ ਪਤਾ ਨਹੀਂ ਪੰਜਾਬੀ 'ਚ ਕੀ ਕਹਿੰਦੇ ਹੋ, ਉਹ ਜਾਨਨਾਜ਼ ਜਿਸ ਦੇ ਉਤੇ ਬੈਠ ਕੇ ਆਪ ਅਪਣੇ ਰੱਬ ਨਾਲ ਗੱਲਾਂ-ਬਾਤਾਂ ਕਰਦੇ ਸਨ ਅਤੇ ਕੁੱਝ ਸਫ਼ੇ ਆਪ ਜੀ ਦੇ ਅਪਣੇ ਹੱਥ ਦੇ ਲਿਖੇ ਹੋਏ ਉਥੇ ਮਹਿਫ਼ੂਜ਼ ਨੇ। ਉਸ ਦੇ ਦਰਵਾਜ਼ੇ ਦੇ ਪੱਟ ਉਨ੍ਹਾਂ ਨੇ ਖੁੱਲ੍ਹੇ ਰੱਖੇ ਨੇ। ਉਸ ਵਿਚ ਸ਼ੀਸ਼ਾ ਲਗਾ ਦਿਤਾ ਹੈ ਤਾਕਿ ਅੰਦਰ ਦੀ ਹਰ ਚੀਜ਼ ਨਜ਼ਰ ਆਵੇ। ਅੰਦਰ ਜਾਣ ਨਹੀਂ ਕਿਸੇ ਨੂੰ ਦਿੰਦੇ। ਉਸ ਦੇ ਦੋਹਾਂ ਪਾਸਿਆਂ ਤੇ ਖਿੜਕੀਆਂ ਨੇ। ਉਨ੍ਹਾਂ ਦੇ ਵੀ ਪਟ ਖੁੱਲ੍ਹੇ ਨੇ ਪਰ ਉਨ੍ਹਾਂ ਤੇ ਵੀ ਸ਼ੀਸ਼ਾ ਲਗਾ ਦਿਤਾ ਹੈ। ਆਪ ਜੀ ਦੀ ਹਰ ਚੀਜ਼ ਨੂੰ ਅਸਲ ਹਾਲਤ ਵਿਚ ਮਹਿਫ਼ੂਜ਼ ਰਖਿਆ ਹੈ।

Baba FaridBaba Farid

ਹਾਂ, ਉਥੇ ਆਪ ਜੀ ਦਾ ਲੋਟਾ ਵੀ ਪਿਐ। ਮੁਸ਼ਾਇਖ਼ੇ ਇਰਾਕ ਨੇ, ਬਗ਼ਦਾਦ ਦੇ ਉਸ ਵਕਤ ਦੇ ਪੀਰਾਂ ਨੇ, ਬਗ਼ਦਾਦ ਉਸ ਵਕਤ ਦਾਰੁਲ ਖ਼ਲੀਫ਼ਾ ਸੀ ਤੇ ਉਥੇ ਆਲਮੇ ਇਸਲਾਮ ਦੇ ਸਰਕਰਦਾ ਪੀਰ ਸਨ, ਉਨ੍ਹਾਂ ਨੇ ਗੁਰੂ ਜੀ ਨੂੰ ਮੰਨਿਆ, ਉਨ੍ਹਾਂ ਨੂੰ ਤਸਲੀਮ ਕੀਤਾ, ਉਨ੍ਹਾਂ ਦੇ ਗਿਆਨ ਨੂੰ, ਉਨ੍ਹਾਂ ਦੇ ਫ਼ਨ ਨੂੰ, ਉਨ੍ਹਾਂ ਦੇ ਮੁਕਾਮ ਨੂੰ ਉਨ੍ਹਾਂ ਨੇ ਤਸਲੀਮ ਕਰ ਕੇ ਤੇ ਜਿਸ ਤਰ੍ਹਾਂ ਤੁਸੀ ਸਿਰੋਪਾਉ ਦਿੰਦੇ ਹੋ, ਸਾਡੇ ਵਿਚ ਸੱਭ ਤੋਂ ਵੱਡੀ ਭੇਂਟ ਜਿਹੜੀ ਹੁੰਦੀ ਏ ਨਾ, ਉਹ ਦਸਤਾਰ ਹੁੰਦੀ ਏ। ਮੁਸ਼ਾਇਖ਼ੇ ਇਰਾਕ ਨੇ ਤਮਾਮ ਆਲਮੇ ਇਸਲਾਮ ਵਲੋਂ ਆਪ ਨੂੰ ਅਪਣੀ ਦਸਤਾਰ ਪੇਸ਼ ਕੀਤੀ।

ਆਪ ਜੀ ਨੇ ਨਾ ਸਿਰਫ਼ ਉਸ ਦਸਤਾਰ ਨੂੰ ਕਬੂਲ ਕੀਤਾ ਬਲਕਿ ਅਪਣੇ ਸਿਲਸਿਲੇ ਵਿਚ ਰਾਇਜ਼ ਕੀਤਾ। ਦੋਸਤੋ ਸਾਡੀ ਤੁਹਾਡੀ ਸਾਂਝ ਇਸ ਪੱਗ ਦੀ ਵੀ ਸਾਂਝ ਹੈ।
ਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਿਸ ਵਕਤ ਤੱਤੇ ਤਵੇ ਉਤੇ ਬਿਠਾਇਆ ਗਿਆ, ਉਤੋਂ ਬਲਦੀ ਰੇਤ ਆਪ ਜੀ ਦੇ ਸਿਰ ਉਤੇ ਸੁੱਟ ਰਹੇ ਸਨ ਤੇ ਮੇਰੇ ਜੱਦੇ ਆਲਾ ਸਾਈਂ ਮੀਆਂ ਮੀਰ ਜੀ ਉਸ ਵਕਤ ਆਏ, ਆਪ ਨੂੰ ਕਿਹਾ ਕਿ 'ਗੁਰੂ ਜੀ ਮੈਂ ਤੁਹਾਨੂੰ ਇਸ ਹਾਲਤ 'ਚ ਵੇਖ ਨਹੀਂ ਸਕਦਾ। ਅਗਰ ਤੁਹਾਡਾ ਹੁਕਮ ਹੋਵੇ ਤਾਂ ਇਕ ਇਸ਼ਾਰਾ ਕਰ ਦਿਉ,

ਮੈਂ ਲਾਹੌਰ ਤੇ ਦਿੱਲੀ ਨੂੰ ਪੀਸ ਦਿੰਦਾ ਹਾਂ।' ਸਾਡੇ ਖ਼ਾਨਵਾਦੇ ਦੀਆਂ ਰਵਾਇਤਾਂ ਮੁਤਾਬਕ ਸਾਈਂ ਮੀਆਂ ਮੀਰ ਜੀ ਦੇ ਇਕ ਹੱਥ ਉਤੇ ਲਾਹੌਰ ਸੀ ਅਤੇ ਇਕ ਹੱਥ ਉਤੇ ਦਿੱਲੀ ਸੀ।ਗੁਰੂ ਹਰਗੋਬਿੰਦ ਜੀ ਮਹਾਰਾਜ ਜਦ ਗੁਰਿਆਈ ਦੀ ਗੱਦੀ ਤੇ ਬੈਠੇ, ਬਹੁਤ ਜੁਆਨ ਉਮਰ ਸੀ। ਬਹੁਤ ਨੌਜਵਾਨ ਉਮਰ ਸੀ ਜਦੋਂ ਆਪ ਸੱਭ ਤੋਂ ਪਹਿਲਾਂ ਸਾਈਂ ਮੀਆਂ ਮੀਰ ਜੀ ਕੋਲ ਤਸ਼ਰੀਫ਼ ਲੈ ਆਏ, ਘੋੜੇ ਤੋਂ ਉਤਰਨ ਲੱਗੇ, ਸਾਈਂ ਜੀ ਨੇ ਮਨ੍ਹਾ ਫ਼ੁਰਮਾ ਦਿਤਾ। ਅਪਣੇ ਹੱਥ ਅੱਗੇ ਕਰ ਦਿਤੇ ਅਤੇ ਕਿਹਾ ਕਿ ਇਨ੍ਹਾਂ ਤਲੀਆਂ ਤੇ ਉਤਰੋ।

ਆਪ ਨੂੰ ਅਪਣੀਆਂ ਤਲੀਆਂ ਉਤੇ ਉਤਰਵਾ ਕੇ ਜ਼ਮਾਨੇ ਨੂੰ ਦਸਿਆ ਕਿ ਇਕ ਦਰਵੇਸ਼ ਦੀ ਇੱਜ਼ਤ ਸਿਰਫ਼ ਦਰਵੇਸ਼ ਹੀ ਕਰ ਸਕਦੈ, ਸੰਸਾਰੀ ਲੋਕ ਨਹੀਂ।
ਦੋਸਤੋ, ਤੁਸੀ ਵੀ ਜ਼ਿਮੀਂਦਾਰ ਘਰਾਂ ਨਾਲ ਤਾਲੁਕ ਰਖਦੇ ਹੋ। ਮੇਰਾ ਵੀ ਜ਼ਿਮੀਂਦਾਰਾ ਏ। ਸਾਡਿਆਂ ਘਰਾਂ ਵਿਚ ਅਪਣੀ ਅਪਣੀ ਜ਼ਮੀਨ ਤੇ ਬਿਸਾਤ ਦੇ ਮੁਤਾਬਕ ਕੁੱਝ ਭੇਡਾਂ ਹੁੰਦੀਆਂ ਨੇ। ਭੇਡ ਦੀ ਇਕ ਫ਼ਿਤਰਤ ਹੁੰਦੀ ਹੈ। ਭੇਡਾਂ ਆ ਰਹੀਆਂ ਨੇ, ਤੁਸੀ ਅੱਗੇ ਰੱਸੀ ਫੜ ਕੇ ਖਲੋ ਜਾਉ ਭੇਡ ਛਾਲ ਮਾਰੇਗੀ, ਫਿਰ ਲੰਘੇਗੀ। ਦੂਜੀ ਵੀ ਛਾਲ ਮਾਰ ਕੇ ਟੱਪੇਗੀ।

ਤੁਸੀ ਰੱਸੀ ਸੁੱਟ ਦਿਉ, ਹੁਣ ਜਿੱਥੇ ਪਿੱਛੇ ਪੈਂਤੀ ਆ ਰਹੀਆਂ ਨੇ ਨਾ, ਉਹ ਸਾਰੀਆਂ ਛਾਲਾਂ ਮਾਰਦੀਆਂ ਲੰਘਣਗੀਆਂ। ਅਸੀ ਕਿਉਂਕਿ ਉਨ੍ਹਾਂ ਦੇ ਨਾਲ ਰਹਿੰਦੇ ਹਾਂ, ਖ਼ਰਬੂਜ਼ਾ ਖ਼ਰਬੂਜ਼ਾ ਨੂੰ ਵੇਖ ਕੇ ਰੰਗ ਫੜਦੈ, ਸਾਡੇ 'ਚ ਵੀ ਭੇਡਚਾਲ ਏ। ਸਾਡੇ ਕੰਨਾਂ 'ਚ ਅੱਲਾਹ ਜਾਣੇ ਕਿਸ ਨੇ ਪਾਇਆ, ਮੈਂ ਕਿਸੇ ਨੂੰ ਪੁਆਇੰਟ ਨਹੀਂ ਕਰਦਾ ਜਿਸ ਨੇ ਇਹ ਚੀਜ਼ ਪਾਈ ਕਿ ਸਿੱਖ ਮੁਸਲਮਾਨ ਦਾ ਦੁਸ਼ਮਣ ਹੈ ਜਾਂ ਮੁਸਲਮਾਨ ਸਿੱਖ ਦਾ ਦੁਸ਼ਮਣ ਹੈ। ਸਿੱਖਾਂ ਨੂੰ ਪੁੱਛੋ ਜੀ ਕਿਉਂ, ਮੁਸਲਮਾਨ ਤੁਹਾਡਾ ਕਿਉਂ ਦੁਸ਼ਮਣ ਏ, ਜਾਂ ਤੁਸੀਂ ਮੁਸਲਮਾਨ ਦੇ ਕਿਉਂ ਦੁਸ਼ਮਣ ਹੋ?

ਉਹ ਕਹਿਣਗੇ, ''ਜੀ ਮੁਸਲਮਾਨ ਨੇ ਸਾਡਾ ਗੁਰੂ ਸ਼ਹੀਦ ਕੀਤਾ।'' ਖ਼ੁਦਾ ਦੇ ਬੰਦਿਉ ਤੁਹਾਡਾ ਗੁਰੂ ਸ਼ਹੀਦ ਕੀਤਾ ਤਾਂ ਬਾਦਸ਼ਾਹ ਨੇ ਕੀਤਾ। ਬਾਦਸ਼ਾਹ ਤੁਹਾਡਾ ਵੀ ਬਾਦਸ਼ਾਹ, ਬਾਦਸ਼ਾਹ ਸਾਡਾ ਵੀ ਬਾਦਸ਼ਾਹ। ਔਰੰਗਜ਼ੇਬ ਦੇ ਚਾਰ ਭਰਾ ਸਨ। ਸੱਭ ਤੋਂ ਵੱਡਾ ਦਾਰਾ ਸ਼ਿਕੋਹ, ਫਿਰ ਸ਼ੁਜਾਹ, ਫਿਰ ਮੁਰਾਦ ਤੇ ਫਿਰ ਔਰੰਗਜ਼ੇਬ। ਉਸ ਨੇ ਪਹਿਲਾਂ ਮੁਰਾਦ ਨੂੰ ਮਾਰਿਆ, ਫਿਰ ਉਸ ਨੇ ਸ਼ੁਜਾਹ ਨੂੰ ਮਾਰਿਆ, ਫਿਰ ਉਸ ਨੇ ਦਾਰਾ ਸ਼ਿਕੋਹ ਦੀਆਂ ਜਿਊਂਦੇ ਦੀਆਂ ਅੱਖਾਂ ਕੱਢ ਕੇ ਬਾਪ ਨੂੰ ਕੈਦ ਕੀਤਾ ਤੇ ਪਲੇਟ 'ਚ ਰੱਖ ਕੇ ਉਸ ਨੂੰ ਪੇਸ਼ ਕੀਤੀਆਂ।

ਪਿੱਛੇ ਬਚੀ ਸੀ ਉਸ ਦੀ ਭੈਣ। ਉਹ ਵੀ ਸਾਈਂ ਮੀਆਂ ਮੀਰ ਜੀ ਦੀ ਮੁਰੀਦ ਸੀ, ਜ਼ਹਾਂ ਆਰਾ ਬੇਗ਼ਮ। ਉਸ ਨੂੰ ਇਸ ਵਾਸਤੇ ਕੈਦ ਕਰ ਦਿਤਾ ਕਿ ਪਿਤਾ ਜੀ ਦੀ ਤੂੰ ਉਥੇ ਚੱਲ ਕੇ ਸੇਵਾ ਕਰ। ਪਿਉ ਵੀ ਉਸ ਦਾ ਕੈਦ 'ਚ ਮਰਿਆ। ਨਾ ਉਸ ਨੇ ਕੋਈ ਭਤੀਜਾ ਪਿੱਛੇ ਛਡਿਆ, ਨਾ ਉਸ ਨੇ ਕੋਈ ਭਣੇਵਾਂ ਪਿੱਛੇ ਛਡਿਆ। ਇਹ ਕੀਤਾ ਉਸ ਨੇ ਅਪਣੇ ਸਕੇ ਖ਼ੂਨ ਦੇ, ਮਾਂ-ਪਿਉ ਜਾਏ ਦੇ ਰਿਸ਼ਤੇਦਾਰਾਂ ਨਾਲ। ਗੁਰੂ ਜੀ ਨਾਲ ਉਸ ਦੀ ਕੀ ਰਿਸ਼ਤੇਦਾਰੀ ਸੀ?

ਵੇਖੋ ਮੁਸਲਮਾਨਾਂ ਦੇ ਲੀਡਰ ਤਾਂ ਸਾਈਂ ਫ਼ਰੀਦ ਜੀ ਨੇ। ਮੁਸਲਮਾਨਾਂ ਦੀ ਨੁਮਾਇੰਦਗੀ ਤਾਂ ਸਾਈਂ ਮੀਆਂ ਮੀਰ ਜੀ ਕਰਦੇ ਨੇ। ਮੁਸਲਮਾਨਾਂ ਦੀ ਨੁਮਾਇੰਦਗੀ ਸਈਅਦ ਮੀਰਾ ਭੀਖ ਕਰਦੈ, ਹਜ਼ਰਤ ਬੁੱਧੂ ਸ਼ਾਹ ਫ਼ਕੀਰ ਰਹਿਮਤੁੱਲਾ ਤਾਲਾ ਕਰਦੇ ਨੇ ਜਿਨ੍ਹਾਂ ਨੇ ਅਪਣੇ ਸਾਹਿਬਜ਼ਾਦੇ ਕੁਰਬਾਨ ਕੀਤੇ ਅਪਣੇ ਮੁਰੀਦਾਂ ਤੇ ਭਰਾਵਾਂ-ਭਣੇਵਿਆਂ ਸਮੇਤ ਉਥੇ ਪਹੁੰਚੇ। ਉਹ ਕਿਹੜੇ ਮੁਕਾਮ ਤੇ ਖਲੋਤੇ ਨੇ? ਕਿਹੜੇ ਗੁਰੂ ਜੀ ਸੱਚੇ ਪਾਤਸ਼ਾਹ ਦਾ ਦੌਰ ਆਇਆ ਅਤੇ ਕੀ ਉਸ ਵਕਤ ਦੇ ਸੂਫ਼ੀ ਉਨ੍ਹਾਂ ਦੇ ਨਾਲ ਨਹੀਂ ਖਲੋਤੇ?

ਕਿਸੇ ਇਕ ਸੂਫ਼ੀ ਦਾ, ਸੱਚੇ ਨੂੰ ਛੱਡ ਦਿਉ, ਝੂਠੇ ਸੂਫ਼ੀ ਦਾ ਤੁਸੀ ਅਪਣੇ ਇਤਿਹਾਸ 'ਚ ਦੱਸ ਦਿਉ ਕਿ ਕਿਸੇ ਗੁਰੂ ਨਾਲ ਕੋਈ ਤਨਾਜ਼ਾ ਹੋਵੇ। ਹਿੰਦੋਸਤਾਨ ਦੀ 100 ਫ਼ੀ ਸਦ ਆਬਾਦੀ ਵਿਚੋਂ 99 ਫ਼ੀ ਸਦੀ ਮੁਸਲਮਾਨ ਸੁੰਨਤ ਏ ਅਲ ਜਾਮਤ ਮਸਲਕ ਰਖਦੇ ਨੇ। ਕਿਸੇ ਨਾ ਕਿਸੇ ਸੂਫ਼ੀ ਦੇ ਉਹ ਮੁਰੀਦ ਨੇ। ਤੁਸੀ ਅਪਣੇ ਤਾਰੀਖ਼ ਵਿਚੋਂ ਨਹੀਂ ਦੱਸ ਸਕੋਗੇ ਕੋਈ ਇਕ ਸੱਚਾ ਤੇ ਮੈਂ ਨਹੀਂ ਮੰਨਦਾ ਝੂਠੇ ਸੂਫ਼ੀ ਦਾ ਨਾਂ ਜਿਸ ਨੂੰ ਮੁਸਲਮਾਨਾਂ ਨੇ ਵਲੀ ਮੰਨਿਆ ਹੋਵੇ, ਸੂਫ਼ੀ ਮੰਨਿਆ ਹੋਵੇ ਜਾਂ ਅਪਣਾ ਲੀਡਰ ਮੰਨਿਆ ਹੋਵੇ ਤੇ ਉਸ ਦਾ ਕਿਸੇ ਵੀ ਗੁਰੂ ਨਾਲ ਤਨਾਜ਼ਾ ਹੋਵੇ।

ਪਿਆਰਿਉ ਸਾਡੀਆਂ ਤੁਹਾਡੀਆਂ ਸਾਂਝਾਂ ਨੇ। ਜਿੱਥੋਂ ਵੀ ਵੇਖੋ, ਖ਼ੂਨ ਦੀ ਸਾਂਝ, ਮਿੱਟੀ ਦਾ ਸਾਂਝ, ਸਾਡੀ ਤੁਹਾਡੀ ਤੌਹੀਦ ਦੀ ਸਾਂਝ, ਸਾਡੀ ਤੁਹਾਡੀ ਗੁਰੂਆਂ ਦੇ ਬਜ਼ੁਰਗਾਂ ਦੀ ਸਾਂਝ, ਸਾਡੀ ਤੁਹਾਡੀ ਗੁਰੂ ਗ੍ਰੰਥ ਜੀ ਮਹਾਰਾਜ ਦੀ ਸਾਂਝ। ਕੱਢ ਦਿਉ ਵਿਚੋਂ ਸਾਨੂੰ ਤੇ ਬਾਕੀ ਕਿਹੜਾ ਸਿੰਘ ਰਹਿੰਦੈ ਮੈਨੂੰ ਦੱਸ ਦਿਉ। ਕੋਈ ਇਕ ਸਿੰਘ ਕਹਿੰਦੈ, ਇਸ ਵਿਚੋਂ ਕੱਢੋ ਸਾਨੂੰ। ਮਸਲਾ ਇਹ ਹੈ ਕਿ ਸਾਨੂੰ ਇਹ ਗ਼ਲਤਫ਼ਹਿਮੀਆਂ ਜਿਹੜੀਆਂ ਨੇ ਨਾ ਇਹ ਦੂਰ ਕਰਨੀਆਂ ਚਾਹੀਦੀਆਂ ਨੇ। ਬਾਕੀ ਦੋਸਤੋ ਗੱਲਾਂ ਤਾਂ ਢੇਰ ਸਾਰੀਆਂ ਨੇ ਉਹ ਕੀ ਕਹਿੰਦੇ ਨੇ ਕਿ:

ਹਿਜਰ ਤੇਰਾ ਜੇ ਪਾਣੀ ਮੰਗੇ ਤਾਂ ਮੈਂ ਖੂਹ ਨੈਣਾਂ ਦੇ ਗੇੜਾਂ 
ਜੀ ਕਰਦੈ ਤੈਨੂੰ ਸਾਹਮਣੇ ਬਿਠਾ ਕੇ ਤੇ ਦਰਦ ਪੁਰਾਣੇ ਛੇੜਾਂ।
ਇਸ ਦੇ ਨਾਲ ਹੀ ਮੈਂ ਸਾਰੇ ਭੈਣਾਂ ਭਰਾਵਾਂ ਦਾ ਬੜਾ ਮਸ਼ਕੂਰ ਹਾਂ, ਖ਼ਾਸ ਕਰ ਕੇ ਮੈਨੂੰ ਬਹੁਤ ਵੱਡਾ ਮਾਣ ਮਿਲਿਐ ਕਿ ਅਪਣੇ ਜੱਦੇ ਆਲਾ ਦੇ ਬਾਅਦ ਮੈਂ ਸਿੱਖ ਧਰਮ ਦਾ ਯੂਰੋਪ ਵਿਚ ਪਹਿਲਾ ਜੋ ਹਿਸਟਰੀ ਮਿਊਜ਼ੀਅਮ ਏ, ਉਸ ਦਾ ਸੰਗੇ ਬੁਨਿਆਦ ਰੱਖਣ ਦਾ ਮੈਨੂੰ ਸ਼ਰਫ਼ ਮਿਲਿਐ। ਮੇਰੇ ਲਈ ਇਹ ਬਹੁਤ ਵੱਡਾ ਮਾਣ ਏ। ਲੈਸਟਰ 'ਚ ਆ ਕੇ ਇਕ ਭੈਣ ਮੈਨੂੰ ਮਿਲੀ ਗੁਰਮੀਤ ਕੌਰ, ਜਿਸ ਨੇ ਮੈਨੂੰ ਰਖੜੀ ਬੰਨ੍ਹੀ।

ਇਹ ਰਖੜੀ ਮੈਂ ਰਹਾਂ, ਨਾ ਰਹਾਂ, ਇਹ ਸ਼ਾਲਾ ਫ਼ਰੇਮ ਕਰਵਾ ਕੇ ਉਥੇ ਮੇਰੇ ਡਰਾਇੰਗ ਰੂਮ 'ਚ ਸਜੀ ਰਹੇਗੀ। ਮੇਰੇ ਬਾਅਦ ਵੀ ਇਹ ਇਕ ਨਿਸ਼ਾਨੀ ਰਹੇਗੀ ਕਿ ਮੈਨੂੰ ਅੱਜ ਦੇ ਦਿਨ ਇਸ ਦਰਬਾਰ ਸਾਹਿਬ 'ਚ ਆਉਣ ਵਜੋਂ ਇਕ ਭੈਣ ਮਿਲੀ। ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾਂ ਕਿ ਤੁਸਾਂ ਏਨੀ ਦੇਰ ਮੈਨੂੰ ਸੁਣਿਆ। ਬੜੀ ਮਿਹਰਬਾਨੀ।

(ਮਖ਼ਦੂਮ ਸਈਅਦ ਚੰਨ ਪੀਰ ਕਾਦਰੀ ਦੀ ਤਕਰੀਰ ਦੀ ਵੀਡੀਉ, 
ਕਰਨਲ ਅਮਰਜੀਤ ਸਿੰਘ ਗੋਇੰਦਵਾਲ ਨੇ ਭੇਜੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement