
Sardar Jodinder Singh Ji: ਉਹ ਸਦਾ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਰਗਰਮ ਰਹੇ
Sardar Jodinder Singh Ji: ‘ਉੱਚਾ ਦਰ ਬਾਬੇ ਨਾਨਕ ਦਾ’ ਅਤੇ ‘ਰੋਜ਼ਾਨਾ ਸਪੋਕਸਮੈਨ’ ਵਾਲੇ ਸਰਦਾਰ ਜੋਗਿੰਦਰ ਸਿੰਘ ਦੁਨੀਆਂ ਭਰ ਦੇ ਪੰਥਕ, ਪੰਜਾਬੀ ਅਤੇ ਮੀਡੀਆ ਹਲਕਿਆਂ ਦਾ ਇਕ ਜਾਣਿਆ–ਪਛਾਣਿਆ ਨਾਂਅ ਹੈ। ਹੁਣ ਉਹ ਭਾਵੇਂ ਇਸ ਫ਼ਾਨੀ ਦੁਨੀਆਂ ’ਚ ਨਹੀਂਂ ਹਨ ਪਰ ਉਹ ਆਪਣੀ ਜਿਹੜੀ ਵਿਸ਼ਾਲ ਤੇ ਸੁਹਿਰਦ ਸੋਚ ਦੀ ਵਿਰਾਸਤ ਛੱਡ ਗਏ ਹਨ, ਉਸ ਤੋਂ ਹੀ ਰਹਿੰਦੀ ਦੁਨੀਆਂ ਤਕ ਸਿੱਖ ਪੰਥਕ ਹਲਕਿਆਂ ਦੇ ਨਾਲ–ਨਾਲ ਇਸ ਸਮੁਚੀ ਖ਼ਲਕਤ ਦਾ ਮਾਰਗ–ਦਰਸ਼ਨ ਵੀ ਹੁੰਦਾ ਰਹੇਗਾ।
ਉਹ ਸਦਾ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਰਗਰਮ ਰਹੇ। ਦਰਅਸਲ, ਜੇ ਅਸੀਂ ਇਹ ਆਖ ਲਈਏ ਕਿ ਉਨ੍ਹਾਂ ਦੀ ਸੋਚ ਇਕ–ਦੋ ਨਹੀਂ, ਕਈ ਸਦੀਆਂ ਅੱਗੇ ਦੀ ਸੀ, ਜੋ ਭੇਡ–ਚਾਲ ’ਚ ਰਹਿਣ ਵਾਲੇ ਬਹੁਤਿਆਂ ਨੂੰ ਤਾਂ ਕਦੇ ਸਮਝ ਹੀ ਨਹੀਂ ਆ ਸਕਦੀ। ਇਸੇ ਲਈ ਇਹ ਤੱਥ ਇੱਟ ਜਿੰਨਾ ਨਹੀਂ, ਸਗੋਂ ਪੱਥਰ ਵਰਗਾ ਸਖ਼ਤ ਹੈ ਕਿ ਜਿਵੇਂ–ਜਿਵੇਂ ਨਵੀਂ ਪੀੜ੍ਹੀ ਦੀ ਸੋਚ ਹੋਰ ਵਿਕਸਤ ਹੁੰਦੀ ਜਾਵੇਗੀ, ਤਿਵੇਂ–ਤਿਵੇਂ ਦੁਨੀਆਂ ਦੀ ਨਜ਼ਰ ’ਚ ਸ. ਜੋਗਿੰਦਰ ਸਿੰਘ ਦਾ ਕੱਦ ਹੋਰ ਉੱਚਾ ਹੁੰਦਾ ਚਲਾ ਜਾਵੇਗਾ– ਇਸ ਵਿਚ ਕਿਤੇ ਕੋਈ ਸ਼ੱਕ ਨਹੀਂ ਅਤੇ ਕਿਤੇ ਕੋਈ ਦੋ ਰਾਇ ਵੀ ਨਹੀਂ ਹੋ ਸਕਦੀ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਦੁਨੀਆਂ ਭਰ ਦੇ ਜਿੰਨੇ ਵੀ ਬੁੱਧੀਜੀਵੀ ਹਨ, ਉਹ ਵੀ ਇਸ ਹਕੀਕਤ ਤੋਂ ਵਾਕਫ਼ ਹਨ ਸ. ਜੋਗਿੰਦਰ ਸਿੰਘ ਇਕ ਉਚ–ਮਿਆਰੀ, ਪਰਪੱਕ, ਅਗਾਂਹਵਧੂ ਸੋਚ ਦੇ ਮਾਲਕ ਹੋਣ ਦੇ ਨਾਲ–ਨਾਲ ਉੱਚੇ–ਸੁੱਚੇ ਅਤੇ ਨਿਮਾਣੇ ਸਿੱਖ ਸਨ।
ਸ. ਜੋਗਿੰਦਰ ਸਿੰਘ ਅਪਣੇ ਉਪਨਾਮ ‘ਸਾਹਨੀ’ ਨੂੰ ਵਰਤਣ ਦੇ ਸਖ਼ਤ ਵਿਰੁਧ ਸਨ ਪਰ ਉਨ੍ਹਾਂ ਦੀ ਮਹਾਨ ਜੀਵਨ–ਸ਼ੈਲੀ, ਉੱਚ–ਪਧਰੀ ਸੋਚ ਸਦਕਾ ਇਸ ਦੁਨੀਆਂ ’ਚ ਉਨ੍ਹਾਂ ਦਾ ਕੋਈ ਸਾਨੀ ਨਾ ਕਦੇ ਸੀ ਅਤੇ ਨਾ ਹੀ ਹੋਵੇਗਾ। ਉਨ੍ਹਾਂ ਦੀ ਧਰਮ–ਪਤਨੀ ਅਤੇ ‘ਰੋਜ਼ਾਨਾ ਸਪੋਕਸਮੈਨ’ ਦੇ ਐਮ.ਡੀ. ਸਰਦਾਰਨੀ ਜਗਜੀਤ ਕੌਰ ਜੀ ਨਾਲ ਜਦੋਂ ਵੀ ਕਦੇ ਗੱਲ ਹੋਣੀ, ਤਾਂ ਮੈਂ ਸ. ਜੋਗਿੰਦਰ ਸਿੰਘ ਹੁਰਾਂ ਬਾਰੇ ਸ਼ਬਦ ‘ਕਮਾਂਡਰ’ ਵਰਤਦਾ।
ਉਹ ਅਪਣੇ ਅਖ਼ਬਾਰ ਦੇ ਸੰਪਾਦਕੀ ਅਮਲੇ ਅਤੇ ਪੱਤਰਕਾਰਾਂ ਦੀ ਫ਼ੌਜ ਦੇ ਕਮਾਂਡਰ ਹੀ ਤਾਂ ਸਨ। ਉਂਝ ਵੀ ਇਹ ਮੰਨਿਆ ਜਾਂਦਾ ਹੈ ਕਿ ‘ਸਾਹਨੀ’ ਸ਼ਬਦ ‘ਸੈਨਾਨੀ’ ਤੋਂ ਬਣਿਆ ਹੈ, ਜਿਸ ਦਾ ਅੰਗਰੇਜ਼ੀ ਸਮਾਨਾਰਥੀ ਸ਼ਬਦ ‘ਕਮਾਂਡਰ’ ਹੀ ਹੁੰਦਾ ਹੈ। ਸ. ਜੋਗਿੰਦਰ ਸਿੰਘ ਸੱਚਮੁਚ ਇਕ ਬਾਕਮਾਲ ਕਮਾਂਡਰ ਸਨ। ਉਹ ਭਾਵੇਂ ਕਦੇ ਦਿਲ ਦੇ ਰੋਗ ਕਾਰਨ ਬਾਈਪਾਸ ਸਰਜਰੀ ਅਤੇ ਕਦੇ ਪਥਰੀਆਂ ਦੇ ਅਥਾਹ ਦੁੱਖ–ਦਰਦ ਨਾਲ ਜੂਝਦੇ ਰਹੇ ਪਰ ਉਨ੍ਹਾਂ ਅਪਣੇ ਅਮਲੇ–ਫੈਲੇ ਤੇ ਫ਼ੌਜ ਸਾਹਵੇਂ ਕਦੇ ਵੀ ਅਜਿਹਾ ਕੋਈ ਅਹਿਸਾਸ ਤਕ ਨਹੀਂ ਹੋਣ ਦਿਤਾ। ਉਹ ਸਾਡੇ ਲਈ ਦ੍ਰਿੜ੍ਹ ਇਰਾਦਿਆਂ ਵਾਲੀ ਇਕ ਲਾਸਾਨੀ ਸ਼ਖ਼ਸੀਅਤ ਵਜੋਂ ਹੀ ਅਤਿ ਸਤਿਕਾਰਤ ਬਣੇ ਰਹੇ।
ਉਨ੍ਹਾਂ ਦੀ ਲੇਖਣੀ ਵਿਚ ਇਕ ਅਜੀਬ ਜਿਹੀ ਕਸ਼ਿਸ਼ ਅਤੇ ਮਿਕਨਾਤੀਸੀ ਖਿੱਚ ਸੀ, ਜੋ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਅਪਣੇ ਵਲ ਖਿੱਚਦੀ ਸੀ। ਉਹ ਅਪਣੀ ਕਲਮ ਅਤੇ ਅਪਣੀਆਂ ਲਿਖਤਾਂ ਨਾਲ ਹੀ ਪਾਠਕ ਨੂੰ ਹਿਪਨੋਟਾਈਜ਼ ਕਰ ਲੈਂਦੇ ਸਨ। ਉਹ ਜਦੋਂ ਕਦੇ ਸੰਬੋਧਨ ਵੀ ਕਰਦੇ ਸਨ, ਤਾਂ ਉਨ੍ਹਾਂ ਦੇ ਹਰੇਕ ਸ਼ਬਦ ਤੇ ਫ਼ਿਕਰੇ ’ਚ ਪਾਤਾਲ ਜਿਹੀ ਡੂੰਘਾਈ ਹੁੰਦੀ ਸੀ। ਇਸੇ ਲਈ ਅਪਣੇ–ਆਪ ਨੂੰ ਘੈਂਟ ਅਖਵਾਉਣ ਵਾਲੇ ਵੱਡੇ–ਵੱਡੇ ਅਖੌਤੀ ਦਿੱਗਜ ਵੀ ਉਨ੍ਹਾਂ ਨਾਲ ਬਹਿਸ ਕਰਨ ਤੋਂ ਗੁਰੇਜ਼ ਹੀ ਕਰਦੇ ਸਨ ਕਿਉਂਕਿ ਜਿਹੜੀਆਂ ਦਲੀਲਾਂ ਉਨ੍ਹਾਂ ਕੋਲ ਸਨ, ਉਹ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਕੁੱਝ ਨਿਖੱਟੂਆਂ ਲਈ ਉਹ ਉਪਰੋਂ ਨਾਰੀਅਲ ਵਰਗੇ ਸਖ਼ਤ ਸਨ ਪਰ ਅੰਦਰੋਂ ਉਹ ਬੇਹੱਦ ਸਨਿਮਰ ਤੇ ਨਰਮ ਸੁਭਾਅ ਦੇ ਮਾਲਕ ਸਨ।
ਮੈਨੂੰ ਸਾਲ 2005 ’ਚ ਪਹਿਲੀ ਵਾਰ ਸ. ਜੋਗਿੰਦਰ ਸਿੰਘ ਹੁਰਾਂ ਦੇ ਰੂ–ਬ–ਰੂ ਹੋਣ ਦਾ ਮੌਕਾ ਮਿਲਿਆ ਸੀ, ਜਦੋਂ ਮੈਂ ਅਪਣੇ ਅਜ਼ੀਜ਼ ਦੋਸਤ ਤੇਜਿੰਦਰ ਸਿੰਘ ਸਹਿਗਲ ਅਤੇ ਟੀ.ਐਸ. ਬੇਦੀ ਹੁਰਾਂ ਦੇ ਕਹਿਣ ’ਤੇ ‘ਪੰਜਾਬੀ ਟ੍ਰਿਬਿਊਨ’ ਤੋਂ ਅਸਤੀਫ਼ਾ ਦੇ ਕੇ ਬਤੌਰ ਨਿਊਜ਼ ਐਡੀਟਰ ‘ਰੋਜ਼ਾਨਾ ਸਪੋਕਸਮੈਨ’ ’ਚ ਆਇਆ ਸਾਂ। ਪਹਿਲੀ ਮੁਲਾਕਾਤ ਤੋਂ ਹੀ ਉਹ ਮੈਨੂੰ ਬੜੇ ਵਿਲੱਖਣ ਜਾਪੇ ਸਨ। ਉਹ ਜੇ ਕਦੇ ਕਿਸੇ ਮਾਮਲੇ ’ਤੇ ਗੁੱਸਾ ਵੀ ਕਰਦੇ ਸਨ, ਤਾਂ ਕੱੁਝ ਹੀ ਛਿਣਾਂ ਬਾਅਦ ਗੱਲ ਕਰਨ ’ਤੇ ਇੰਜ ਜਾਪਦਾ ਸੀ ਕਿ ਜਿਵੇਂ ਕੱੁਝ ਹੋਇਆ ਹੀ ਨਾ ਹੋਵੇ। ਮੈਂ ਉਨ੍ਹਾਂ ਨੂੰ ਰਹੱਸਵਾਦੀ ਵੀ ਮੰਨਦਾ ਹਾਂ।
ਉਨ੍ਹਾਂ ਨੂੰ ਸਮਝਣ ਲਈ ਉਨ੍ਹਾਂ ਦੇ ਬਹੁਤ ਨੇੜਿਉਂ ਵਿਚਰਨਾ ਪੈਂਦਾ ਸੀ।
ਮੈਂ ਜਦੋਂ ਰਾਜਪੁਰਾ ਤੋਂ 15 ਕਿਲੋਮੀਟਰ ਦੂਰ ਸ਼ੰਭੂ ਬਾਰਡਰ ਲਾਗਲੇ ਪਿੰਡ ਬਪਰੌਰ ’ਚ ਸਥਾਪਤ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਦਰਸ਼ਨ ਕੀਤੇ, ਤਾਂ ਵੇਖਿਆ ਕਿ ਉਹ ਤਾਂ ਬਿਲਕੁਲ ਵਖਰੀ ਕਿਸਮ ਦੀ ਹੀ ਦੁਨੀਆਂ ਹੈ। ਉਥੇ ਪੁੱਜ ਕੇ ਬਾਬਾ ਨਾਨਕ ਦੇ ਸਮੁਚੇ ਜੀਵਨ ਤੇ ਉਨ੍ਹਾਂ ਦੇ ਫ਼ਲਸਫ਼ੇ ਨੂੰ ਡੂੰਘਾਈ ’ਚ ਜਾ ਕੇ ਸਮਝਿਆ ਜਾ ਸਕਦਾ ਹੈ। ਉਥੇ ਦਾ ਸਿੱਖ ਅਜਾਇਬ ਘਰ ਬੜਾ ਕਮਾਲ ਦਾ ਹੈ ਤੇ ਉਥੋਂ ਆਉਣ ਦਾ ਚਿੱਤ ਨਹੀਂ ਕਰਦਾ। ਇਹ ਅਸਥਾਨ ਕਿੰਨਾ ਕੁ ਅਨਮੋਲ ਤੇ ਕੀਮਤੀ ਹੈ, ਇਸ ਦਾ ਫ਼ੈਸਲਾ ਤਾਂ ਭਵਿੱਖ ’ਚ ਹੋ ਹੀ ਜਾਣਾ ਹੈ।
ਮੈਨੂੰ ਜਿਹੜੀ ਇਕ ਹੋਰ ਗੱਲ ਨੇ ਬਹੁਤ ਜ਼ਿਆਦਾ ਟੁੰਬਿਆ, ਉਹ ਸੀ ਉਥੇ ਮੁਲਾਜ਼ਮਾਂ ਲਈ ਬਣਾਏ ਗਏ ਬਹੁਤ ਵਧੀਆ ਸਹੂਲਤਾਂ ਨਾਲ ਲੈਸ ਦਰਜਨਾਂ ਕੁਆਰਟਰ। ਸ. ਜੋਗਿੰਦਰ ਸਿੰਘ ਚਾਹੁੰਦੇ ਸਨ ਕਿ ਉਨ੍ਹਾਂ ਦੇ ਅਖ਼ਬਾਰੀ ਤੇ ਹੋਰ ਮੁਲਾਜ਼ਮਾਂ ਨੂੰ ਰਹਿਣ–ਸਹਿਣ ਦੀ ਕਦੇ ਕੋਈ ਔਕੜ ਨਾ ਆਵੇ। ਅਜਿਹੀ ਨਿਸ਼ਕਾਮ ਸੋਚ ਕਿੰਨੇ ਕੁ ਉਦਮੀਆਂ ਦੀ ਹੈ, ਜਿਨ੍ਹਾਂ ਦੀ ਸੋਚ ਅਪਣੇ ਮੁਲਾਜ਼ਮਾਂ ਪ੍ਰਤੀ ਇੰਨੀ ਹਮਦਰਦੀ ਭਰਪੂਰ ਹੈ। ਜੋਗਿੰਦਰ ਸਿੰਘ ਹੁਰਾਂ ਨੇ ਸਾਰਾ ਜੀਵਨ ਅਪਣਾ ਕੋਈ ਘਰ ਨਹੀਂ ਬਣਾਇਆ, ਉਨ੍ਹਾਂ ਦੀ ਸਾਰੀ ਲਿਵ ਸਿਰਫ਼ ਤੇ ਸਿਰਫ਼ ਬਾਬੇ ਨਾਨਕ ਦਾ ਦਰ ਤੇ ਘਰ ਬਣਾਉਣ ’ਚ ਹੀ ਲੱਗੀ ਰਹੀ।
ਅਪਣੇ ਮੁਲਾਜ਼ਮਾਂ ਲਈ ਉਨ੍ਹਾਂ ਕੁਆਰਟਰ ਬਣਾ ਕੇ ਰੱਖ ਦਿਤੇ ਪਰ ਅਪਣਾ ਕੋਈ ਆਸ਼ਿਆਨਾ ਨਹੀਂ ਬਣਾਇਆ। ਮੈਂ ਅਪਣੀ 61 ਸਾਲ ਦੀ ਜ਼ਿੰਦਗੀ ’ਚ ਇੰਨੀ ਨਿਰਸੁਆਰਥ ਸ਼ਖ਼ਸੀਅਤ ਕਦੇ ਨਹੀਂ ਵੇਖੀ। ਹੋਰ ਤਾਂ ਹੋਰ, ਉਹ ਚੰਡੀਗੜ੍ਹ ਤੋਂ ਲਗਭਗ ਰੋਜ਼ਾਨਾ ‘ਉੱਚਾ ਦਰ ਬਾਬੇ ਨਾਨਕ ਦਾ’ ਕੈਂਪਸ ’ਚ ਜਾਂਦੇ ਸਨ ਪਰ ਉਥੋਂ ਉਹ ਕਦੇ ਉਥੋਂ ਚਾਹ ਤਕ ਵੀ ਨਹੀਂ ਸੀ ਪੀਂਦੇ। ਇੰਝ ਉਨ੍ਹਾਂ ਅਪਣੇ ਉਚ ਪਾਏ ਦੇ ਅਸੂਲਾਂ, ਸਿਧਾਂਤਾਂ ਤੇ ਅਪਣੀਆਂ ਸ਼ਰਤਾਂ ’ਤੇ ਜ਼ਿੰਦਗੀ ਨੂੰ ਜੀਵਿਆ। ਉਹ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ, ਕਦੇ ਸਿਆਸੀ ਪਾਰਟੀਆਂ ਨਾਲ ਕਦੇ ਸਮੇਂ–ਸਮੇਂ ਦੀਆਂ ਸਰਕਾਰਾਂ ਨਾਲ ਸਿੱਧੀ ਟੱਕਰ ਲੈਂਦੇ ਰਹੇ ਪਰ ਇਸ਼ਤਿਹਾਰਾਂ ਲਈ ਕਦੇ ਕਿਸੇ ਅੱਗੇ ਹੱਥ ਨਹੀਂ ਅੱਡੇ। ਉਹ ਜਿਥੇ ਮਰਦ–ਏ–ਕਾਮਿਲ ਸਨ, ਉਥੇ ਉਹ ਮਰਦ–ਏ–ਮੁਜਾਹਿਦ ਵੀ ਸਨ।
‘ਰੋਜ਼ਾਨਾ ਸਪੋਕਸਮੈਨ’ ਅਤੇ ‘ਸਪੋਕਸਮੈਨ ਟੀਵੀ’ ਦੇ ਸੰਚਾਲਨ ਦੀ ਜ਼ਿੰਮੇਵਾਰੀ ਸ. ਜੋਗਿੰਦਰ ਸਿੰਘ ਜੀ ਦੀਆਂ ਪੈੜ–ਚਾਲਾਂ ’ਤੇ ਚਲਦਿਆਂ ਬਹੁਤ ਵਧੀਆ ਤਰੀਕੇ ਨਾਲ ਬੀਬੀ ਜਗਜੀਤ ਕੌਰ ਤੇ ਉਨ੍ਹਾਂ ਦੀ ਬੇਟੀ ਬੀਬਾ ਨਿਮਰਤ ਕੌਰ ਵਲੋਂ ਅਰੰਭ ਤੋਂ ਹੀ ਨਿਭਾਈ ਜਾਂਦੀ ਰਹੀ ਹੈ ਅਤੇ ਸਰਦਾਰ ਜੀ ਦੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੂਣ–ਸਵਾਈਆਂ ਹੋ ਗਈਆਂ ਹਨ। ਬ੍ਰਹਿਮੰਡ ਦੇ ਕਾਦਰ, ਵਾਹਿਗੁਰੂ ਉਨ੍ਹਾਂ ਨੂੰ ਸ. ਜੋਗਿੰਦਰ ਸਿੰਘ ਦੇ ਸਦੀਵੀ ਵਿਛੋੜੇ ਦਾ ਝਟਕਾ ਝੱਲਣ ਦਾ ਬਲ ਬਖ਼ਸ਼ਣ।
ਆਉਣ ਵਾਲੀਆਂ ਪੀੜ੍ਹੀਆਂ ਸ. ਜੋਗਿੰਦਰ ਸਿੰਘ ਦੀਆਂ ਮਹਾਨ ਲਿਖਤਾਂ ’ਚੋਂ ਉਨ੍ਹਾਂ ਦੀ ਵਿਚਾਰਧਾਰਾ ਦੀਆਂ ਅਣਗਿਣਤ ਤੈਹਾਂ ਫਰੋਲਦੀਆਂ ਰਹਿਣਗੀਆਂ ਤੇ ਉਸ ਵਿਚੋਂ ਸੁੱਚੇ ਮੋਤੀ ਚੁਗਦੀਆਂ ਰਹਿਣਗੀਆਂ, ਪੰਥਕ ਵਿਚਾਰਧਾਰਾ ਵਾਲੇ ਲੋਕ ਅਪਣੇ ਮਤਲਬ ਦੀ ਗੱਲ ਲਭਦੇ ਰਹਿਣਗੇ ਅਤੇ ਸਾਡੇ ਵਰਗੇ ਅਮਲੇ ਉਨ੍ਹਾਂ ਦੇ ਸੰਪਾਦਕੀ ਨੁਕਤਿਆਂ ਨੂੰ ਸਦਾ ਯਾਦ ਕਰਦੇ ਰਹਿਣਗੇ।
.
ਮਹਿਤਾਬ–ਉਦ–ਦੀਨ, 98157 03226