ਕੀ ਕਦੇ ਸਹਾਰਾ ਰੇਗਿਸਤਾਨ ਹਰਿਆ-ਭਰਿਆ ਹੁੰਦਾ ਸੀ
Published : Dec 13, 2020, 8:00 am IST
Updated : Dec 13, 2020, 8:00 am IST
SHARE ARTICLE
Sahara Desert
Sahara Desert

ਦੂਰ ਦੂਰ ਤਕ ਫੈਲੇ ਜਲ ਰਹਿਤ ਰੇਤ ਦੇ ਮੈਦਾਨ ਸਨ

ਨਵੀਂ ਦਿੱਲੀ: ਈਸਾ ਤੋਂ 430 ਸਾਲ ਪਹਿਲਾਂ ਯੂਨਾਨੀ ਇਤਿਹਾਸਕਾਰ ਹੇਰੋਡੋਟਸ ਨੇ ਸਹਾਰਾ ਦਾ ਜ਼ਿਕਰ ਇਕ ਇਸ ਤਰ੍ਹਾਂ ਦੇ ਰੇਗਿਸਤਾਨ ਦੇ ਰੂਪ 'ਚ ਕੀਤਾ ਹੈ, ਜਿਸ ਵਿਚ ਰੇਤ ਦੇ ਉੱਚੇ-ਉੱਚੇ ਟਿੱਲੇ ਅਤੇ ਦੂਰ ਦੂਰ ਤਕ ਫੈਲੇ ਜਲ ਰਹਿਤ ਰੇਤ ਦੇ ਮੈਦਾਨ ਸਨ। ਹੈਰੋਡੋਟਸ ਨੇ ਉਨ੍ਹਾਂ ਲੋਕਾਂ ਦਾ ਜ਼ਿਕਰ ਵੀ ਕੀਤਾ ਹੈ ਜਿਹੜੇ ਇਸ ਰੇਗਿਸਤਾਨ 'ਚ ਰਹਿੰਦੇ ਸਨ ਅਤੇ ਜਿਨ੍ਹਾਂ ਦੀਆਂ ਪ੍ਰੰਪਰਾਵਾਂ ਅਤੇ ਰੀਤੀ-ਰਿਵਾਜ ਕਾਫ਼ੀ ਵੱਖ ਸਨ।

The Sahara DesertThe Sahara Desert

ਅੱਜ ਦੋ ਹਜ਼ਾਰ ਤੋਂ ਜ਼ਿਆਦਾ ਸਾਲ ਬੀਤ ਚੁਕੇ ਹਨ ਪਰ ਸਹਾਰਾ ਰੇਗਿਸਤਾਨ ਦੀ ਤਸਵੀਰ ਉਸੇ ਤਰ੍ਹਾਂ ਦੀ ਹੀ ਹੈ। 33 ਲੱਖ ਵਰਗ ਮੀਲ 'ਚ ਫੈਲਿਆ ਹੋਇਆ ਦੁਨੀਆਂ ਦਾ ਇਹ ਸੱਭ ਤੋਂ ਵੱਡਾ ਰੇਗਿਸਤਾਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਕਿਉਂਕਿ ਇਥੇ ਰਹਿਣ ਵਾਲੇ 20 ਲੱਖ ਲੋਕਾਂ ਨੇ ਕੁੱਝ ਹੀ ਹਰੇ ਭਰੇ ਇਲਾਕਿਆਂ ਦਾ ਹੱਦ ਤੋਂ ਜ਼ਿਆਦਾ ਪ੍ਰਯੋਗ ਕੀਤਾ ਹੈ ਅਤੇ ਲਗਾਤਾਰ ਡੂੰਘੇ ਖੂਹ ਪੁੱਟਣ ਕਾਰਨ ਪਾਣੀ ਦਾ ਲੈਵਲ ਬਹੁਤ ਨੀਵਾਂ ਚਲਾ ਗਿਆ ਹੈ। ਆਧੁਨਿਕ ਤਕਨੀਕੀ ਯੋਜਨਾਵਾਂ ਵੀ ਇਸ ਰੇਗਿਸਤਾਨ ਨੂੰ ਮਨੁੱਖ ਦੇ ਰਹਿਣ ਯੋਗ ਬਣਾਉਣ ਤੋਂ ਅਸਫ਼ਲ ਰਹੀਆਂ ਹਨ। ਸਹਾਰਾ ਦੀ ਇਕ ਚੌਥਾਈ ਸਤਾਹ ਰੇਤ ਨਾਲ ਢਕੀ ਹੋਈ ਹੈ ਅਤੇ ਬਾਕੀ ਹਿੱਸੇ 'ਚ ਪਹਾੜੀਆਂ ਅਤੇ ਜਵਾਲਾਮੁਖੀ ਆਦਿ ਹਨ।

DesertDesert

ਇਹ ਨਹੀਂ ਕਿ ਸਹਾਰਾ ਹਮੇਸ਼ਾ ਤੋਂ ਹੀ ਬੰਜਰ ਅਤੇ ਅਣਮਨੁੱਖੀ ਰਿਹਾ ਹੈ। ਭੂ-ਵਿਗਿਆਨੀਆਂ ਅਤੇ ਪੁਰਾਤਤਵ ਸ਼ਾਸਤਰੀਆਂ ਨੂੰ ਇਸ ਗੱਲ ਦੇ ਨਿਸ਼ਚਿਤ ਪ੍ਰਮਾਣ ਮਿਲੇ ਹਨ ਕਿ ਇਹ ਪ੍ਰਦੇਸ਼ ਕਦੇ ਹਰਿਆ-ਭਰਿਆ, ਉਪਜਾਊ, ਖੇਤੀ ਅਤੇ ਸ਼ਿਕਾਰ ਕਰਨ ਵਾਲੇ ਨੇਗਰੋਇਡ ਨਸਲ ਦੇ ਲੋਕਾਂ ਨਾਲ ਭਰਿਆ ਹੋਇਆ ਸੀ ਜੋ ਹਾਥੀ, ਹੀਪੋਟੇਟਸ, ਮੱਛੀਆਂ, ਮੋਲਸਕ ਮੱਝਾਂ ਅਤੇ ਜੰਗਲੀ ਸਾਂਢ ਆਦਿ ਪਾਲਦੇ ਸਨ। ਸਹਾਰਾ 'ਚ ਤਾਸੀਲੀ ਐਨ ਅਜੇਰ ਨਾਮਕ ਸਥਾਨ ਤੋਂ ਮਿਲੀਆਂ ਗੁਫ਼ਾਵਾਂ ਦੀਆਂ ਦੀਵਾਰਾਂ ਅਤੇ ਚਟਾਨਾਂ ਤੋਂ ਸ਼ਾਨਦਾਰ ਚਿੱਤਰਕਾਰੀ ਵੀ ਮਿਲੀ ਹੈ ।

The Sahara DesertThe Sahara Desert

ਵਿਗਿਆਨੀ ਇਸ ਪ੍ਰਸ਼ਨ ਦਾ ਉੱਤਰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਸਹਾਰਾ ਹਰੇ-ਭਰੇ ਇਲਾਕਿਆਂ ਤੋਂ ਅਖੀਰ ਇਕ ਰੇਗਿਸਤਾਨ 'ਚ ਕਿਵੇਂ ਤਬਦੀਲ ਹੋ ਗਿਆ? ਸਹਾਰਾ 'ਚ ਹਰਿਆਲੀ ਦੀ ਇਕ ਮਾਤਰ ਵਜ੍ਹਾ ਇਥੇ ਮਾਨਸੂਨ ਵਰਖਾ ਦਾ ਉੱਤਰ ਵਲ ਵਧਣਾ ਹੈ। ਈਸਾ ਤੋਂ 10000 ਸਾਲ ਪਹਿਲਾਂ ਉੱਤਰੀ ਅਤੇ ਮੱਧ ਅਫ਼ਰੀਕਾ ਤੋਂ ਨਮੀ ਲਿਆਉਣ ਵਾਲੀ ਇਸ ਵਰਖਾ ਤੋਂ ਸਹਾਰਾ ਦੀ ਜਲਵਾਯੂ ਵਿਚ ਬਹੁਤ ਜ਼ਿਆਦਾ  ਵਾਧਾ ਹੋਇਆ । 7000 ਤੋਂ 2000 ਈਸਾ ਪੂਰਵ ਤਕ ਸਹਾਰਾ ਦੀਆਂ ਝੀਲਾਂ ਅਪਣੇ ਸੱਭ ਤੋਂ ਉਤਲੇ ਬਿੰਦੂ ਉੱਤੇ ਪਹੁੰਚ ਗਈਆਂ ਸਨ। ਕਿਸੇ ਅਗਿਆਤ ਕਾਰਨਾਂ ਕਰ ਕੇ ਮਾਨਸੂਨ ਵਰਖਾ 'ਚ ਕਮੀ ਆਉਣ ਲਗੀ ਅਤੇ ਵਾਸ਼ਪੀਕਰਨ ਦੀ ਦਰ ਵਧ ਗਈ । ਸੂਰਜ ਜ਼ਿਆਦਾ ਤੇਜ਼ੀ ਨਾਲ ਨਮੀ ਸੋਖਣ ਲਗਾ।

Arizona desert desert

ਈਸਾ ਤੋਂ 750 ਸਾਲ ਪਹਿਲਾਂ ਅਤੇ ਹੌਲੀ-ਹੌਲੀ ਸਹਾਰਾ ਰੇਗਿਸਤਾਨ 'ਚ ਬਦਲਣ ਲਗਾ । ਸਹਾਰਾ ਵਾਸੀਆਂ ਦੇ ਪਸ਼ੂਆਂ ਨੂੰ ਚਰਨ, ਭੂ-ਮੱਧਸਾਗਰ ਬਨਸਪਤੀਆਂ ਦੀ ਥਾਂ ਉਸ਼ਨਕਟੀਬੰਧ ਬਨਸਪਤੀਆਂ ਨੂੰ ਉਗਾਉਣਾ, ਪਹਾੜੀ ਜੰਗਲਾਂ ਦੇ ਕੱਟਣ ਦੀ ਕਈ ਸੋ ਸਾਲ ਤਕ ਚਲੀ ਪ੍ਰਕ੍ਰਿਆ ਨੇ ਸਹਾਰਾ ਨੂੰ ਵਰਤਮਾਨ ਹਾਲਤ 'ਚ ਪਹੁੰਚ ਦਿਤਾ। ਅੱਜ ਸਾਡੇ ਸਾਹਮਣੇ ਸਹਾਰਾ ਵਿਚ ਹਰਿਆਲੀ ਦੇ ਸਬੂਤ ਦੇ ਰੂਪ 'ਚ ਸਿਰਫ਼ ਦੀਵਾਰਾਂ ਤੇ ਬਣੇ ਚਿੱਤਰ ਅਤੇ ਉਸ ਜ਼ਮਾਨੇ ਦੇ ਕੁੱਝ ਔਜ਼ਾਰ ਹੀ ਬਚੇ ਹਨ। ਸਹਾਰਾ ਦੀਆਂ ਨਦੀਆਂ ਕਿਸੇ ਸਮੁੰਦਰ 'ਚ ਨਹੀਂ ਸਨ ਡਿਗਦੀਆਂ ਸਗੋਂ ਉਥੋਂ ਦੇ ਕੁਦਰਤੀ ਜਲ ਸੋਮਿਆਂ 'ਚ ਮਿਲਦੀਆਂ ਸਨ। ਜਦੋਂ ਨਦੀਆਂ 'ਚ ਪਾਣੀ ਘੱਟ ਹੋ ਗਿਆ ਤਾਂ ਉਨ੍ਹਾਂ ਦੀ ਕਮਜ਼ੋਰ ਧਾਰਾ ਅਪਣੇ ਹੀ ਰਸਤੇ 'ਚ ਰੁਕ ਕੇ ਦਲਦਲ ਦਾ ਰੂਪ ਧਾਰਨ ਕਰ ਗਈ।

ਫਿਰ ਸੂਰਜ ਨੇ ਦਲਦਲਾਂ ਦਾ ਪਾਣੀ ਸੋਖ ਲਿਆ, ਜਿਸ ਦਾ ਸਬੂਤ ਅਜੇ ਵੀ ਸਹਾਰਾ ਦੀ ਐਮਾਦਰੋਰ, ਤੇਗਾਜ਼ਾ ਅਤੇ ਟਾਉਂਦੇਣਨੀ ਵਰਗੀਆਂ ਥਾਵਾਂ 'ਤੇ ਪਾਏ ਜਾਣ ਵਾਲੇ ਸੋਡੀਅਮ ਕਲੋਰਾਈਡ (ਨਮਕ) ਤੋਂ ਮਿਲ ਸਕਦਾ ਹੈ। ਰੇਤ ਦੇ ਟਿੱਲੇ ਅਤੇ ਵਿਸਤ੍ਰਿਤ ਖੇਤਰ ਦੇ ਨਿਰਮਾਣ ਦੀ ਪ੍ਰਕ੍ਰਿਆ ਨੂੰ ਵੀ ਇਸ ਤੋਂ ਸਮਝਿਆ ਜਾ ਸਕਦਾ ਹੈ । ਸੰਨ 1822 ਵਿਚ ਡੀਕਸਨ ਡੇਨਹੋਮ, ਹੇਗ ਕਲੇਪਰਟਨ ਅਤੇ ਵਾਲਟਰ ਓੜਨੇ ਨਾਮਕ ਅੰਗਰੇਜ਼ੀ ਖੋਜੀ ਵਿਗਿਆਨੀਆਂ ਨੇ 'ਚਾੜ ਝੀਲ' ਦੀ ਖੋਜ ਕੀਤੀ। ਇਹ ਸਹਾਰਾ ਦੇ ਖੋਜੀਆਂ ਦੀ ਸ਼ੁਰੂਆਤ ਸੀ। ਮੇਜਰ ਅਲੈਗਜ਼ੈਂਡਰ ਗਾਰਡਨ ਲੈਂਗ ਨੇ ਟੀਮਬੁਕਤੁ ਜਿਹੇ ਪੁਰਾਤਨ ਸ਼ਹਿਰਾਂ ਦੀ ਖੋਜ ਕੀਤੀ। ਸੰਨ 1828 ਵਿਚ ਰੇਨੇ ਕਾਇਲੋ ਨਾਮਕ ਫ਼ਰਾਂਸੀਸੀ ਨੇ ਇਕ ਅਰਬ ਦਾ ਭੇਸ ਬਣਾ ਕੇ ਟੀਮਬੁਕਟੁ ਤੋਂ ਕਾਫ਼ੀ ਦਿਕੱਤਾਂ ਸਹਿੰਦੇ ਹੋਏ ਮੋਰਾਕੋ ਤਕ ਦੀ ਪੈਦਲ ਯਾਤਰਾ ਕੀਤੀ । ਰੇਨੇ ਨੂੰ ਰਸਤੇ 'ਚ ਕਈ ਸਥਾਨਾਂ 'ਤੇ ਰੇਗਿਸਤਾਨੀ ਮ੍ਰਿਗਤਰਿਸ਼ਨਾ ਦਾ ਵੀ ਸ਼ਿਕਾਰ ਹੋਣਾ ਪਿਆ।

ਸੰਨ 1830 'ਚ ਅਲਜੀਯਰਸ 'ਤੇ ਕਬਜ਼ਾ ਕਰਨ ਤੋਂ ਬਾਅਦ ਫ਼ਰਾਂਸੀਸੀਆਂ ਨੇ ਟ੍ਰਾੰਸ ਸਹਾਰਾ ਰੇਲਵੇ ਲਈ ਸਰਵੇਖਣ ਸ਼ੁਰੂ ਕੀਤਾ। ਇਸ ਗਤੀਵਿਧੀ ਦੌਰਾਨ ਸੰਨ 1855 'ਚ ਜਰਮਨੀ ਵਿਗਿਆਨੀ ਹਾਈਨਰਿਖ ਬਾਰਥ ਨੇ ਪੂਰੇ ਸਹਾਰਾ ਦੀ ਯਾਤਰਾ ਕੀਤੀ ਅਤੇ ਉਸ ਦਾ ਪਹਿਲਾ ਅਧਿਕਾਰਕ ਨਕਸ਼ਾ ਤਿਆਰ ਕੀਤਾ, ਜਿਸ ਨਾਲ ਉਨ੍ਹਾਂ ਪਹਾੜੀਆਂ ਦਾ ਪਤਾ ਚਲਿਆ ਜਿਥੇ ਅੱਜ ਵੀ ਜੈਤੂਨ ਅਤੇ ਹੋਰ ਵਿਲੱਖਣ ਰੁੱਖ ਮਿਲਦੇ ਹਨ। ਬਾਰਥ ਦੇ ਇਸ ਕਾਰਨਾਮੇ ਨਾਲ ਹੀ ਸਹਾਰਾ ਦੀ ਪੁਰਾਤੱਤਵ ਸੋਧ ਦੀ ਸ਼ੁਰੂਆਤ ਹੋਈ। ਬਾਰਥ ਦੇ ਅਧਿਐਨ ਨੇ ਸਹਾਰਾ ਦੇ ਇਤਿਹਾਸ ਨੂੰ ਊਠ ਯੁੱਗ ਅਤੇ ਪੂਰਵ ਊਠ ਯੁੱਗ 'ਚ ਵੰਡ ਦਿਤਾ ਕਿਉਂਕਿ ਫ਼ੇਜ਼ਾਨ ਅਤੇ ਏਅਰ ਖੇਤਰ 'ਚ ਮਿਲਣ ਵਾਲੀ ਚਿੱਤਰਕਾਰੀ ਵਿਚ ਊਠ ਦੇ ਚਿੱਤਰ ਮੌਜੂਦ ਨਹੀਂ ਹਨ।

19ਵੀਂ ਸਦੀ ਦੇ ਅੰਤਿਮ ਸਮੇਂ ਫ਼ਰਾਂਸੀਸੀ ਭੂ-ਵਿਗਿਆਨੀ ਜੀ. ਬੀ. ਐਮ. ਫ਼ਲਾਮਾਂਡ ਨੇ ਅਲਜੀਰੀਆ 'ਚ ਦੱਖਣੀ ਔਰਾਨ ਦੀਆਂ ਗੁਫ਼ਾਵਾਂ ਦੇ ਨਕਸ਼ੇ ਦਾ ਅਧਿਐਨ ਕਰ ਕੇ ਸਹਾਰਾ ਦੇ ਇਤਿਹਾਸ ਦੀ ਹੋਰ ਬਰੀਕੀ ਨਾਲ ਖੋਜ ਕੀਤੀ। ਉਨ੍ਹਾਂ ਨੇ ਨੱਕਾਸ਼ੀਆਂ 'ਚ ਬਣੇ ਪਸ਼ੂਆਂ ਦੇ ਚਿਤਰਾਂ ਤੋਂ ਅਨੁਮਾਨ ਲਗਾਇਆ ਕਿ ਪਸ਼ੂਆਂ ਦੇ ਯੁਗ ਅਤੇ ਊਠਾਂ ਦੇ ਯੁਗ ਵਿਚ ਸਹਾਰਾ ਵਾਸੀ ਅਰਬ ਦੇ ਘੋੜੇ ਪਾਲਣ ਦੇ ਯੁਗ ਵਿਚੋਂ ਵੀ ਗੁਜ਼ਰੇ ਸਨ। ਬਾਅਦ ਦੇ ਅਧਿਐਨਾਂ ਤੋਂ ਇਹ ਸਪੱਸ਼ਟ ਹੋਇਆ ਕਿ ਅਫ਼ਰੀਕਾ 'ਚ 2000 ਸਾਲ ਪਹਿਲਾਂ ਹੀ ਊਠ ਦਾ ਪ੍ਰਯੋਗ ਹੋਣਾ ਸ਼ੁਰੂ ਹੋਇਆ ਅਤੇ ਈਸਾਈ ਯੁਗ ਬਾਅਦ ਇਸ ਦਾ ਪ੍ਰਯੋਗ ਕਾਫ਼ੀ ਹਰਮਨ ਪਿਆਰਾ ਹੋ ਗਿਆ ਸੀ।

ਮੱਧ ਸਹਾਰਾ 'ਚ ਬਿਖਰੇ ਹੋਏ ਪੱਥਰ ਦੇ ਔਜ਼ਾਰਾਂ ਦੀ ਜਾਣਕਾਰੀ ਵੀ ਫ਼ਰਾਂਸੀਸੀ ਭੂ-ਵਿਗਿਆਨੀਆਂ ਦੁਆਰਾ ਮਿਲੀ ਅਤੇ ਸੰਨ 1933-34 ਆਉਂਦੇ ਆਉਂਦੇ ਉਨ੍ਹਾਂ ਦੇ ਸਬੂਤ ਵੀ ਮਿਲ ਗਏ । ਪੂਰਾ ਪੱਥਰ ਯੁਗ ਅਤੇ ਨਵੇਂ ਪੱਥਰ ਯੁਗ ਦੇ ਸਬੂਤ ਮਿਲਣ ਨਾਲ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਹਾਥੀ ਅਤੇ ਬਾਰਾਸਿੰਗੇ ਜਿਹੇ ਜਾਨਵਰ ਵੀ ਕਦੇ ਸਹਾਰਾ 'ਚ ਅਪਣਾ ਜੀਵਨ ਗੁਜ਼ਾਰਦੇ ਸਨ ਅਤੇ ਮਨੁੱਖ ਵੀ ਕਈ ਜਲ ਵਿਚ ਰਹਿਣ ਵਾਲੇ ਜੀਵਾਂ ਨੂੰ ਪਾਲਦਾ ਅਤੇ ਉਨ੍ਹਾਂ ਦਾ ਸ਼ਿਕਾਰ ਵੀ ਕਰਦਾ ਸੀ । ਤਾਸੀਲੀ ਐਨ ਅੱਜੇਰ ਨਾਮਕ ਪਠਾਰ ਦੀਆਂ ਖ਼ੂਬਸੂਰਤ ਚੱਟਾਨਾਂ ਵਿਚਕਾਰ ਇਸ ਤਰ੍ਹਾਂ ਦੀਆਂ ਚਿਤਰਕਾਰੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਦੇ ਚਿੱਤਰ 26-26 ਫੁੱਟ ਉੱਚੇ ਹਨ।

ਸ਼ਤਾਬਦੀਆਂ ਪੁਰਾਣੀਆਂ ਇਹ ਅਦਭੁਤ ਕਲਾਵਾਂ ਅਤੇ ਕਈ ਪੀੜ੍ਹੀਆਂ ਦੇ ਯੋਗਦਾਨ ਤੋਂ ਹੀ ਹੋਂਦ ਵਿਚ ਆਈਆਂ ਹੋਣਗੀਆਂ। ਇਨ੍ਹਾਂ ਵਿਚ ਸ਼ਾਮਲ ਔਰਤਾਂ ਦੇ ਚਿੱਤਰਾਂ ਤੋਂ ਜ਼ਾਹਰ ਹੁੰਦਾ ਹੈ ਕਿ ਚਿੱਤਰਾਂ ਨੂੰ ਸੱਭ ਤੋਂ ਪਹਿਲਾਂ ਨੀਗਰੋ ਨਸਲ ਦੇ ਲੋਕਾਂ ਨੇ ਬਣਾਇਆ ਹੋਵੇਗਾ। ਭਿੱਤੀ ਚਿੱਤਰਾਂ ਅਤੇ ਨੱਕਾਸ਼ੀਆਂ ਤੋਂ ਮਿਲੀ ਜਾਣਕਾਰੀ ਤੋਂ ਇਲਾਵਾ ਹੋਮੋਇਰੈਕਟਸ ਅਤੇ ਹੋਮੋ ਵੰਸ਼ ਦੇ ਸੱਭ ਤੋਂ ਪ੍ਰਾਚੀਨ ਜੀਵ ਅੰਸ਼ਾਂ ਦੇ ਮਿਲਣ ਨਾਲ ਇਹ ਸਿੱਧ ਹੋ ਗਿਆ ਹੈ ਕਿ ਸਹਾਰਾ ਅਤੇ ਅਫ਼ਰੀਕਾ ਹੀ ਮਨੁੱਖ ਜਾਤੀ ਦਾ ਪਹਿਲਾ ਨਿਵਾਸ ਸਥਾਨ ਸੀ। ਚੱਟਾਨਾਂ ਦੇ ਚਿੱਤਰ ਦਸਦੇ ਹਨ ਕਿ ਪੁਰਾਣੇ ਯੁੱਗ ਵਿਚ ਸਹਾਰਾਵਾਸੀ ਬਹੁ-ਪਤਨੀ ਪ੍ਰਥਾ ਵਿਚ ਵਿਸ਼ਵਾਸ ਰਖਦੇ ਸਨ। ਇਨ੍ਹਾਂ ਚਿੱਤਰਾਂ ਦੀ ਵਿਗਿਆਨਿਕ ਜਾਂਚ ਤੋਂ ਇਨ੍ਹਾਂ ਵਿਚ ਆਇਰਨ ਆਕਸਾਈਡ ਮਿਲਿਆ ਹੈ। ਸੁਭਾਵਿਕ ਹੀ ਹੈ ਕਿ ਆਇਰਨ ਆਕਸਾਈਡ ਦੇ ਵਿਭਿੰਨ ਰੰਗ ਪਰਛਾਵਿਆਂ ਨਾਲ ਹੀ ਇਹ ਚਿੱਤਰ ਬਣਾਏ ਗਏ ਹੋਣਗੇ।

ਪਹਿਲਾ ਕਿਸੇ ਤਿੱਖੀ ਡੰਡੀ ਨਾਲ ਰੇਖਾਵਾਂ ਖਿਚੀਆਂ ਗਈਆਂ ਹੋਣਗੀਆਂ ਅਤੇ ਬਾਅਦ ਵਿਚ ਬੁਰਸ਼ ਦੇ ਪ੍ਰਯੋਗ ਨਾਲ ਚਿੱਤਰਾਂ ਵਿਚ ਰੰਗ ਭਰੇ ਗਏ ਹੋਣਗੇ । ਸਹਾਰਾ ਦੀ ਮਿੱਟੀ ਅਤੇ ਬਨਸਪਤੀਆਂ ਦੇ ਜੀਵ ਅੰਸ਼ਾਂ ਦੀ ਵਿਗਿਆਨਕ ਜਾਂਚ ਤੋਂ ਇਸ ਭਰਮ ਦਾ ਖੰਡਨ ਹੋ ਗਿਆ ਹੈ ਕਿ ਸਹਾਰਾ ਵਾਸੀ ਖੇਤੀ ਦੇ ਕੰਮਾਂ ਵਿਚ ਕੁਸ਼ਲ ਰਹੇ ਹੋਣਗੇ। ਸਹਾਰਾ ਦੇ ਇਤਿਹਾਸ ਦੀਆਂ ਪਰਤਾਂ ਖੋਲ੍ਹਣ 'ਤੇ ਇਹ ਪਤਾ ਲਗਦਾ ਹੈ ਕਿ ਕਿਉਂ ਪਛਮੀ ਅਫ਼ਰੀਕਾ ਦੇ ਕਾਲੇ ਆਦਿਵਾਸੀ ਇਕ ਸਮੇਂ ਗ਼ੁਲਾਮਾਂ ਦੇ ਬਜ਼ਾਰ ਵਿਚ ਸੱਭ ਤੋਂ ਕੀਮਤੀ ਵਸਤੂ ਮੰਨੇ ਜਾਂਦੇ ਸਨ।  ਭਿਆਨਕ ਕਾਲ ਪੈ ਜਾਣ ਨੇ ਸਹਾਰਾ ਵਾਸੀਆਂ ਵਿਚ ਪਰਸਪਰ ਸੰਘਰਸ਼ ਦੇ ਬੀਜ ਬੀਜੇ ਅਤੇ ਉਸ ਦਾ ਲਾਭ ਅਰਬਾਂ ਨੇ ਉਠਾਇਆ।  ਉਹ ਉਨ੍ਹਾਂ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਉਨ੍ਹਾਂ ਨੂੰ ਫੜ-ਫੜ ਕੇ ਗ਼ੁਲਾਮਾਂ ਦੇ ਰੂਪ ਵਿਚ ਵੇਚਣ ਲੱਗ ਪਏ । ਅੱਜ ਵੀ ਸਹਾਰਾ ਦੇ ਵੱਖ ਵੱਖ ਖੇਤਰ ਇਨ੍ਹਾਂ ਕਾਲ ਵਰਤਾਰਿਆਂ ਅਤੇ ਹੋਰ ਕੁਦਰਤੀ ਆਫ਼ਤਾਂ ਦੇ ਮਾਰੂ ਹਮਲਿਆਂ ਤੋਂ ਪੀੜਤ ਹਨ।

ਸੰਨ 1913 ਵਿਚ ਪਲੇਗ ਅਤੇ ਕਾਲ ਦਾ ਮਿਲਿਆ ਜੁਲਿਆ ਹਮਲਾ ਹੋਇਆ, ਜਿਸ ਵਿਚ 10 ਲੱਖ ਲੋਕ ਮੌਤ ਦਾ ਸ਼ਿਕਾਰ ਹੋਏ। ਸੰਨ 1972-74 ਵਿਚ ਇਨਫ਼ਲੂਇੰਜ਼ਾ ਮਹਾਂਮਾਰੀ ਅਤੇ ਕਾਲ ਦੀ ਸੰਯੁਕਤ ਸਮੱਸਿਆ ਨੇ ਮਨੁੱਖ ਨੂੰ ਮਨੁੱਖ ਦਾ ਦੁਸ਼ਮਣ ਬਣਾ ਦਿਤਾ ਪਰ ਫਿਰ ਵੀ ਅੰਤਰਰਾਸ਼ਟਰੀ ਸਹਾਇਤਾ ਨੇ ਸੰਨ 1913 ਦੇ ਕਾਲ ਦੇ ਬਰਾਬਰ ਦਾ ਹਾਦਸਾ ਨਹੀਂ ਹੋਣ ਦਿਤਾ। ਫਿਰ ਵੀ ਅਜੇ ਤਕ ਕਾਲ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਸੰਖਿਆ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।

ਆਧੁਨਿਕ ਯੁੱਗ ਦੀਆਂ ਖੋਜਾਂ ਨੇ ਸਹਾਰਾ ਦੇ ਭਵਿੱਖ ਨੂੰ ਥੋੜਾ ਬਹੁਤ ਆਸ਼ਾਵਾਦੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਹਾਰਾ ਦੀ ਭੂਮੀ ਵਿਚ ਤੇਲ, ਗੈਸ, ਲੋਹ ਤੱਤ ਅਤੇ ਹੋਰ ਕੀਮਤੀ ਧਾਤਾਂ ਦੇ ਭੰਡਾਰ ਮਿਲੇ ਹਨ, ਪਰ ਅਜੇ ਵੀ ਇਸ ਕੁਦਰਤੀ ਖ਼ਜ਼ਾਨੇ ਦਾ ਸਦਉਪਯੋਗ ਸਹਾਰਾ ਦੇ ਨਿਵਾਸੀਆਂ ਦੇ ਹਿਤ ਵਿਚ ਨਹੀਂ ਹੋ ਰਿਹਾ। ਉਥੋਂ ਦੇ ਘੁਮੱਕੜ ਪਸ਼ੂ ਪਾਲਕ ਅੱਜ ਵੀ ਬਚੇ-ਖੁਚੇ ਖੇਤਰਾਂ ਉਤੇ ਅਪਣੇ ਪਸ਼ੂ ਚਰਾ ਰਹੇ ਹਨ ਜੋ ਕਿ ਆਤਮ ਹਤਿਆ ਕਰਨ ਦੇ ਸਮਾਨ ਹੈ ਕਿਉਂਕਿ ਇਸ ਨਾਲ ਰੇਗਿਸਤਾਨ ਦਾ ਵਿਕਾਸ ਹੁੰਦਾ ਹੈ ਅਤੇ ਉਪਜਾਊ ਜ਼ਮੀਨ ਘਟਦੀ ਹੈ। ਸੰਨ 1965 ਵਿਚ ਹੋਈ ਜਨਗਣਨਾ ਤੋਂ ਪਤਾ ਚਲਿਆ ਹੈ ਕਿ ਸਹਾਰਾ ਦੀ ਜਨਸੰਖਿਆ ਵਿਚ ਥੋੜਾ ਵਾਧਾ ਹੋਇਆ ਹੈ ।

ਸਹਾਰਾ ਅੱਜ ਵੀ ਪੁਰਾਤਤਵ-ਸ਼ਾਸਤਰੀਆਂ ,ਭੂ-ਵਿਗਿਆਨੀਆਂ ਅਤੇ ਮੌਸਮ ਵਿਗਿਆਨੀਆਂ ਲਈ ਰਹੱਸ ਬਣਿਆ ਹੋਇਆ ਹੈ । ਉਹ ਕਿਹੜਾ ਕਾਰਨ ਹੈ ਕਿ ਮਾਨਸੂਨ ਵਰਖਾ ਨੇ ਸਹਾਰਾ ਦੀ ਜ਼ਮੀਨ ਨੂੰ ਹਰਿਆ-ਭਰਿਆ ਬਣਾਉਣਾ ਬੰਦ ਕਰ ਦਿਤਾ? ਕੀ ਉਸ ਕਾਰਨ ਨੂੰ ਜਾਣ ਕੇ ਅੱਜ ਦੇ ਸਹਾਰਾ ਵਾਸੀਆਂ ਦੇ ਜੀਵਨ ਨੂੰ ਦੁਬਾਰਾ ਹਰਾ-ਭਰਿਆ ਬਣਾਇਆ ਜਾ ਸਕਦਾ ਹੈ?

                                                         ਮਾਸਟਰ ਵਿਨੋਦ ਖੰਨਾ ,ਮੋਬਾਈਲ : 62396-00623

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement