Holla Mohalla: ਹੋਲੇ-ਮਹੱਲੇ ਦੇ ਰੰਗ ਨਿਹੰਗ ਸਿੰਘਾਂ ਦੇ ਸੰਗ
Published : Mar 14, 2025, 1:27 pm IST
Updated : Mar 14, 2025, 1:27 pm IST
SHARE ARTICLE
The colors of Holi-Mohalla are accompanied by Nihang Singhs.
The colors of Holi-Mohalla are accompanied by Nihang Singhs.

ਹੋਲੇ ਮਹੱਲੇ ਦਾ ਤਿਉਹਾਰ ਸਿੱਖਾਂ ਵਿਚ ਇਕ ਵਿਲੱਖਣ ਸਥਾਨ ਰਖਦਾ ਹੈ

 

Holla Mohalla: ਸਿੱਖ ਪੰਥ ਨਿਆਰਾ, ਪਿਆਰਾ ਅਤੇ ਦੀਨ-ਦੁਖੀਆਂ ਦਾ ਸਹਾਰਾ ਹੈ। ਇਸ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੇ ਜੀਵਨ ਦਾ ਵਡੇਰਾ ਹਿੱਸਾ ਲੋਕਾਈ ਨੂੰ ਬਦੀ ਨਾਲੋਂ ਤੋੜਨ, ਨੇਕੀ ਵਲ ਮੋੜਨ ਅਤੇ ਸੱਚ (ਪ੍ਰਮਾਤਮਾ) ਨਾਲ ਜੋੜਨ ਹਿੱਤ ਲਗਾਇਆ। ਗੁਰੂ ਸਾਹਿਬ ਦੀ ਇਸ ਲਾਗਤ ਨੇ ਸਿੱਖੀ ਵਿਚ ਨਿਖਾਰ ਲਿਆਉਣ ਦੇ ਨਾਲ-ਨਾਲ ਇਸ ਦੇ ਪਸਾਰ ਵਿਚ ਵੀ ਅਹਿਮ ਯੋਗਦਾਨ ਪਾਇਆ ਹੈ। ਇਸ ਪੰਥ ਦੀ ਨਿਆਰੀ ਅਤੇ ਸਤਿਕਾਰੀ ਹੋਂਦ ਨੂੰ ਕਾਇਮ ਰੱਖਣ ਲਈ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਦੇ ਪਰਮ ਸੇਵਕਾਂ ਨੇ ਵੀ ਆਪੋ-ਅਪਣੇ ਸਮੇਂ ਵਿਚ ਭਰਵਾਂ ਅਤੇ ਸ਼ਲਾਘਾਯੋਗ ਹਿੱਸਾ ਪਾਇਆ ਹੈ।

ਹੋਲੇ ਮਹੱਲੇ ਦਾ ਤਿਉਹਾਰ ਸਿੱਖਾਂ ਵਿਚ ਇਕ ਵਿਲੱਖਣ ਸਥਾਨ ਰਖਦਾ ਹੈ। ਭਾਰਤ ਦੇ ਬਾਕੀ ਤਿਉਹਾਰਾਂ ਨਾਲੋਂ ਇਸ ਦੀ ਨਿਵੇਕਲੀ ਅਤੇ ਨਿਰਾਲੀ ਸ਼ਾਨ ਹੈ। ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਖ਼ਾਲਸਾ ਫ਼ੌਜ ਵਿਚ ਉਸ ਜਜ਼ਬੇ ਨੂੰ ਸਦਾ ਵਾਸਤੇ ਜਵਾਨ ਰਖਣਾ ਚਾਹੁੰਦੇ ਸਨ ਜਿਹੜਾ ਉਨ੍ਹਾਂ ਨੇ ਹੱਕ ਅਤੇ ਸੱਚ ਦੀ ਖ਼ਾਤਰ ਜੂਝਣ ਲਈ ਜਗਾਇਆ ਸੀ।

ਇਸ ਮਨੋਰਥ ਲਈ ਹੀ ਦਸਮ ਪਾਤਸ਼ਾਹ ਨੇ ਹਿੰਦੋਸਤਾਨ ਦੇ ਰਵਾਇਤੀ ਤਿਉਹਾਰ ਹੋਲੀ ਨੂੰ ਸਿੰਘਾਂ ਦੇ ਜੰਗਜੂ ਅਭਿਆਸ ਨਾਲ ਜੋੜ ਦਿਤਾ ਅਤੇ ਸਿੱਖੀ ਵਿਚ ਇਕ ਨਵੀਂ ਪਿਰਤ ਪਾ ਦਿਤੀ। ਇਸ ਪਿਰਤ ਤਹਿਤ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਹਰ ਸਾਲ ਹੋਲੀ ਤੋਂ ਅਗਲੇ ਦਿਨ ਹੋਲੇ-ਮਹੱਲੇ ਦਾ ਖ਼ਾਲਸਾਈ ਤਿਉਹਾਰ ਮਨਾਇਆ ਜਾਂਦਾ ਹੈ।

ਦਸਵੇਂ ਪਾਤਸ਼ਾਹ ਵਲੋਂ 13 ਅਪ੍ਰੈਲ  1699 ਦੀ ਵਿਸਾਖੀ ਵਾਲੇ ਦਿਨ ਸਾਜੇ ਖ਼ਾਲਸਾ ਪੰਥ ਦਾ ਨਾ ਸਿਰਫ਼ ਲਿਬਾਸ ਹੀ ਬਦਲਿਆ ਸਗੋਂ ਵਿਸ਼ਵਾਸ ਅਤੇ ਅਭਿਆਸ (ਰੀਤੀ-ਰਿਵਾਜ ਤੇ ਤਿਉਹਾਰ ਪੱਖੋਂ) ਵੀ ਬਦਲ ਦਿਤਾ ਗਿਆ। ਇਸ ਬਦਲਾਅ ਤਹਿਤ ਭਾਰਤ ਵਿਚ ਮਨਾਏ ਜਾਂਦੇ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦਾ ਤਿਉਹਾਰ ਮਨਾਇਆ ਜਾਣ ਲੱਗਾ।

ਗੁਰੂੁ ਜੀ ਨੇ ਇਸ ਤਿਉਹਾਰ (ਹੋਲੇ-ਮਹੱਲੇ) ਨੂੰ ਖ਼ਾਲਸਾਈ (ਚੜ੍ਹਦੀ ਕਲਾ ਦੇ) ਰੰਗ ਵਿਚ ਰੰਗ ਦਿਤਾ। ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾਈ ਫ਼ੌਜ ਨੂੰ ਦੋ ਜੱਥਿਆਂ ਵਿਚ ਵੰਡ ਦਿਤਾ ਜਾਂਦਾ। ਇਨ੍ਹਾਂ ਦੋਵਾਂ ਦੇ ਵਸਤਰ ਵੀ ਵੱਖ-ਵੱਖ ਹੁੰਦੇ ਸਨ। ਇਕ ਜੱਥਾ ਕਿਲੇ੍ਹ ਰੂਪੀ ਹਵੇਲੀ ਵਿਚ ਪੜਾਅ (ਮਹੱਲਾ) ਕਰਦਾ ਸੀ ਅਤੇ ਦੂਜਾ ਜੱਥਾ ਹੱਲਾ (ਹੋਲਾ) ਬੋਲਦਾ  ਸੀ। ਦੋਵਾਂ ਜੱਥਿਆਂ ਵਿਚ ਖ਼ੂਬ (ਬਣਾਉਟੀ) ਲੜਾਈ ਹੁੰਦੀ ਜਿਸ ਵਿਚ ਜਾਨੀ ਨੁਕਸਾਨ ਤੋਂ ਗ਼ੁਰੇਜ਼ ਕੀਤਾ ਜਾਂਦਾ ਸੀ। ਕਲਗ਼ੀਧਰ ਪਿਤਾ ਵਲੋਂ ਜੇਤੂ ਜੱਥੇ ਨੂੰ ਕਈ ਪ੍ਰਕਾਰ ਦੇ ਇਨਾਮਾਂ ਨਾਲ ਨਿਵਾਜਿਆ ਜਾਂਦਾ ਅਤੇ ਕੜਾਹ-ਪ੍ਰਸ਼ਾਦ ਦੇ ਖੁੱਲੇ ਗ਼ੱਫ਼ੇ ਵਰਤਾਏ ਜਾਂਦੇ ਸਨ।

ਇਸ ਤਰ੍ਹਾਂ ਗੁਰੁੂ ਕੀਆਂ ਲਾਡਲੀਆਂ ਫ਼ੌਜਾਂ (ਖ਼ਾਲਸੇ) ਵਲੋਂ ਮਨਾਇਆ ਜਾਂਦੇ ਹੋਲੇ-ਮਹੱਲੇ ਦਾ ਇਹ ਤਿਉਹਾਰ ਅਪਣਾ ਵਿਲੱਖਣ ਅਤੇ ਨਿਆਰਾ ਪ੍ਰਭਾਵ ਛੱਡ ਜਾਂਦਾ ਸੀ। ਇਸ ਨਿਵੇਕਲੇ ਅਤੇ ਠੋਸ ਪ੍ਰਭਾਵ ਨੂੰ ਨਿਹੰਗ-ਸਿੰਘਾਂ ਵਲੋਂ ਅੱਜ ਤਕ ਕਾਇਮ ਰਖਿਆ ਹੋਇਆ ਹੈ। ਇਨ੍ਹਾਂ ਫ਼ੌਜਾਂ ਵਲੋਂ ਇਸ ਤਿਉਹਾਰ ਨੂੰ ਹਰ ਸਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਨੂੰ ਵੇਖਣ ਹਿੱਤ ਸੰਗਤਾਂ ਦੂਰ-ਦੁਰਾਡੇ ਤੋਂ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੀਆਂ ਹਨ।

1708 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਬਖ਼ਸ਼ ਕੇ ਜਿਥੇ ਪੰਥ ਨੂੰ ਸਦੀਵੀ ਤੌਰ ’ਤੇ ਸ਼ਬਦ ਗੁਰੂ ਦੇ ਸਿਧਾਂਤ ਨਾਲ ਜੋੜ ਦਿਤਾ, ਉਥੇ ਹੀ ਇਸ (ਪੰਥ) ਦੀ ਚੜ੍ਹਦੀ ਕਲਾ ਲਈ (ਅਪਣੇ ਵਿਸ਼ੇਸ਼ ਥਾਪੜੇ ਨਾਲ) ਕੁੱਝ ਕੁ ਜਥੇਬੰਦੀਆਂ ਦੀ ਸਥਾਪਨਾ ਵੀ ਕੀਤੀ। ਇਨ੍ਹਾਂ ਜਥੇਬੰਦੀਆਂ ਵਿਚੋਂ ਹੀ ਇਕ ਸਿਰਕਢਵੀਂ ਜਥੇਬੰਦੀ ਹੈ ਨਿਹੰਗ ਸਿੰਘਾਂ ਦੀ, ਜਿਸ ਨੂੰ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਨਿਹੰਗ ਸਿੰਘ ਸਿੱਖ ਪੰਥ ਦਾ ਅਨਿੱਖੜਵਾਂ ਅਤੇ ਅਹਿਮ ਅੰਗ ਹਨ। ਬਾਣੀ ਅਤੇ ਬਾਣੇ ਨਾਲ ਜੁੜੇ ਹੋਣ ਕਰ ਕੇ ਇਨ੍ਹਾਂ ਦੀ ਇਕ ਅੱਡਰੀ ਅਤੇ ਵਿਲੱਖਣ ਪਹਿਚਾਣ ਹੈ। ਪੁਰਾਤਨ ਜੰਗੀ ਸਰੂਪ ਅਤੇ ਆਚਾਰ-ਵਿਹਾਰ ਨੂੰ ਸੰਭਾਲਣ ਵਿਚ ਨਿਹੰਗ ਸਿੰਘਾਂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ।

ਨਿਹੰਗ ਸ਼ਬਦ ਫ਼ਾਰਸੀ ਭਾਸ਼ਾ ਵਿਚੋਂ ਲਿਆ ਗਿਆ ਹੈ ਜਿਸ ਦੇ ਅਰਥ ਹਨ - ਖੜਗ, ਤਲਵਾਰ, ਕਲਮ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ ਜਿਸ ਨੂੰ ਮੌਤ ਦਾ ਭੈਅ ਨਾ ਹੋਵੇ। 

‘ਮਹਾਨ ਕੋਸ਼’ ਦੇ ਪੰਨਾ ਨੰਬਰ 704 ਉਪਰ ਨਿਹੰਗ ਸਿੰਘਾਂ ਬਾਰੇ ਇਸ ਤਰ੍ਹਾਂ ਲਿਖਿਆ ਹੈ: ‘‘ਨਿਹੰਗ ਸਿੰਘ, ਸਿੰਘਾਂ ਦਾ ਇਕ ਫ਼ਿਰਕਾ ਹੈ, ਜੋ ਸੀਸ ’ਤੇ ਫਰਹਰੇ ਵਾਲਾ ਦੁਮਾਲਾ, ਚੱਕ੍ਰ, ਤੋੜਾ, ਕਿਰਪਾਨ, ਖੰਡਾ, ਗਜਗਾਹ ਆਦਿ ਸ਼ਸਤਰ ਅਤੇ ਨੀਲਾ ਬਾਣਾ ਪਹਿਨਦਾ ਹੈ।’’

ਪੰਥ ਦੀ ਸ਼ਸਤਰਧਾਰੀ ਧਿਰ ਨਿਹੰਗ ਸਿੰਘਾਂ ਨੂੰ ਅਕਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਇਕ ਅਕਾਲ (ਵਾਹਿਗੁਰੂ) ਦੇ ਪੁਜਾਰੀ ਹਨ ਅਤੇ ਅਕਾਲ-ਅਕਾਲ ਜਪਦੇ ਹਨ। ਇਨ੍ਹਾਂ ਦੇ ਵਿਲੱਖਣ ਸਰੂਪ ਬਾਰੇ ਬਹੁਤ ਸਾਰੀਆਂ ਧਾਰਨਾਵਾਂ ਪ੍ਰਚਲਤ ਹਨ। ਜੇਕਰ ਮਾਲਵਾ ਇਤਿਹਾਸ ਦੇ ਸਫ਼ਾ ਨੰਬਰ 436 ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਇਹ ਸਫ਼ਾ ਕਹਿੰਦਾ ਹੈ ਕਿ ਜਦੋਂ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕੀਤੇ ਗਏ ਸਨ ਤਾਂ ਉਸ ਵਕਤ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਬਾਬਾ ਬੁੱਢਾ ਜੀ ਦੀ ਅਗਵਾਈ ਵਿਚ ਗੁਰੂ-ਦਰਸ਼ਨਾਂ ਲਈ ਕਿਲੇ੍ਹ ਵਲ ਜਾਇਆ ਕਰਦੀਆਂ ਸਨ।

ਬਾਬਾ ਬੁੱਢਾ ਜੀ ਨਿਸ਼ਾਨ ਸਾਹਿਬ ਲੈ ਕੇ ਸੰਗਤ ਦੇ ਅੱਗੇ-ਅੱਗੇ ਚਲਿਆ ਕਰਦੇ ਸਨ। ਬਾਬਾ ਜੀ ਦੀ ਇਸ ਪਿਆਰ ਅਤੇ ਦੀਦਾਰ ਭਾਵਨਾ ਤੋਂ ਖ਼ੁਸ਼ ਹੋ ਕਿ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਕਿ ‘‘ਬਾਬਾ ਜੀ ਕੁੱਝ ਸਮਾਂ ਪਾ ਕੇ ਤੇਰਾ ਇਹ ਨਿਸ਼ਾਨਾਂ ਵਾਲਾ ਪੰਥ ਅਪਣੀ ਵੱਖਰੀ ਪਹਿਚਾਣ ਸਥਾਪਤ ਕਰੇਗਾ।’’

ਇਕ ਹੋਰ ਧਾਰਨਾ ਅਨੁਸਾਰ, ਇਕ ਵਾਰ ਸਾਹਿਬਜ਼ਾਦਾ ਫ਼ਤਿਹ ਸਿੰਘ ਸੀਸ ’ਤੇ ਦੁਮਾਲਾ ਸਜਾ ਕੇ ਕਲਗ਼ੀਧਰ ਪਾਤਸ਼ਾਹ ਦੇ ਸਨਮੁੱਖ ਹੋਏ ਜਿਸ ਨੂੰ ਦੇਖ ਕੇ ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਇਸ ਬਾਣੇ ਦਾ ਨਿਹੰਗ ਪੰਥ ਹੋਵੇਗਾ।

ਇਕ ਵਿਚਾਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ (ਉੱਚ ਦਾ ਪੀਰ ਬਣ ਕੇ) ਚੱਲਣ ਸਮੇਂ ਜਿਹੜਾ ਨੀਲਾ ਬਾਣਾ ਧਾਰਨ ਕੀਤਾ ਸੀ ਜਦੋਂ ਉਸ ਨੂੰ ਅੱਗ ਵਿਚ ਸਾੜਿਆ ਗਿਆ ਤਾਂ ਉਸ ਦੀ ਇਕ ਲੀਰ ਭਾਈ ਮਾਨ ਸਿੰਘ ਨੇ ਅਪਣੀ ਦਸਤਾਰ ਵਿਚ ਸਜਾ ਲਈ ਸੀ ਜਿਸ ਤੋਂ ਨਿਹੰਗ ਸਿੰਘਾਂ ਦੇ ਬਾਣੇ ਦੀ ਆਰੰਭਤਾ ਮੰਨੀ ਜਾਂਦੀ ਹੈ। ਜਦੋਂ ਮੁਗਲਾਂ ਨੇ ਖ਼ਾਲਸਾ ਪੰਥ ਨੂੰ ਖ਼ਤਮ ਕਰਨ ਲਈ ਹਰ ਤਰ੍ਹਾਂ ਦਾ ਅਤਿਆਚਾਰੀ ਹੀਲਾ-ਵਸੀਲਾ ਵਰਤਣਾ ਸ਼ੁਰੂ ਕੀਤਾ ਤਾਂ ਉਸ ਸੰਕਟਮਈ ਸਥਿਤੀ ਦਾ ਟਾਕਰਾ ਕਰਨ ਲਈ ਖ਼ਾਲਸਾ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਲੱਗਾ।

ਇਸ ਟਾਕਰੇ ਲਈ ਉਸ (ਖ਼ਾਲਸੇ) ਨੇ ਵੱਧ ਤੋਂ ਵੱਧ ਸ਼ਸਤਰ ਰੱਖਣ ਦੇ ਨਾਲ-ਨਾਲ ਅਪਣਾ ਵਖਰਾ ਪਹਿਰਾਵਾ ਵੀ ਧਾਰਨ ਕਰ ਲਿਆ ਜਿਸ ਵਿਚ ਨੀਲੇ ਰੰਗ ਦਾ ਲੰਮਾ ਚੋਲਾ, ਲੱਕ ਨੂੰ ਕਮਰਕੱਸਾ, ਗੋਡਿਆਂ ਤਕ ਕਛਹਿਰਾ, ਸਿਰ ’ਤੇ ਉੱਚੀ ਦਸਤਾਰ ਤੇ ਉਸ ਦੁਆਲੇ ਚੱਕਰ ਸਜਾਉਣਾ ਸ਼ਾਮਲ ਹੈ। ਇਸ ਤਰ੍ਹਾਂ ਸ਼ਸਤਰ ਅਤੇ ਬਸਤਰ (ਨਿਹੰਗੀ ਬਾਣੇ) ਦਾ ਧਾਰਨੀ ਹੋ ਕੇ ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਦੇ ਰੂਪ ਵਿਚ ਮੈਦਾਨ-ਏ-ਜੰਗ ਵਿਚ ਨਿੱਤਰਦਾ ਰਿਹਾ ਹੈ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਭਾਜੜਾਂ ਪਾਉਂਦਾ ਰਿਹਾ ਹੈ।    

ਸਿੱਖ ਧਰਮ ਦੀ ਪ੍ਰੰਪਰਾ ਅਤੇ ਗੁਰ-ਮਰਯਾਦਾ ਨੂੰ ਕਾਇਮ ਰੱਖਣ ਅਤੇ ਗੁਰਧਾਮਾਂ ਦੀ ਸੇਵਾ-ਸੰਭਾਲ ਹਿੱਤ ਨਿਹੰਗ ਸਿੰਘਾਂ ਨੇ ਅਪਣਾ ਬਣਦਾ ਯੋਗਦਾਨ ਪਾਇਆ ਹੈ ਅਤੇ ਲੋੜ ਪੈਣ ’ਤੇ ਕੁਰਬਾਨੀਆਂ ਵੀ ਕੀਤੀਆਂ ਹਨ। ਨਿਹੰਗ ਸਿੰਘਾਂ ਵਿਚ ਉਹ ਸਾਰੀਆਂ ਖ਼ੂਬੀਆਂ ਮਿਲਦੀਆਂ ਸਨ, ਜਿਨ੍ਹਾਂ ਨੂੰ ਕਲਗੀਧਰ ਪਿਤਾ ਪਿਆਰਦੇ ਅਤੇ ਸਤਿਕਾਰਦੇ ਸਨ। ਇਨ੍ਹਾਂ ਖ਼ੂਬੀਆਂ ਕਾਰਨ ਹੀ ਨਿਹੰਗ ਸਿੰਘਾਂ ਨੂੰ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਦਾ ਖ਼ਿਤਾਬ ਮਿਲਿਆ ਹੋਇਆ ਹੈ।

ਪੰਜ ਸ਼ਸਤਰ ਨਿਹੰਗ ਸਿੰਘਾਂ ਨੂੰ ਜਾਨ ਤੋਂ ਵੀ ਪਿਆਰੇ ਹਨ ਜਿਨ੍ਹਾਂ ਵਿਚ ਕ੍ਰਿਪਾਨ, ਖੰਡਾ, ਬਾਘ ਨਖਾ, ਤੀਰ-ਕਮਾਨ ਅਤੇ ਚੱਕਰ। ਇਹ ਸਾਰੇ ਨਿੱਕੇ ਅਕਾਰ ਦੇ ਹੁੰਦੇ ਹਨ ਅਤੇ ਨਿਹੰਗ ਸਿੰਘ ਇਨ੍ਹਾਂ ਨੂੰ ਦੁਮਾਲੇ ਵਿਚ ਸਜਾ ਕੇ ਰਖਦੇ ਹਨ। ਸਿੱਖ ਫ਼ੌਜਾਂ ਵਿਚ ਵੱਡੀ ਤਦਾਦ ਨਿਹੰਗ ਸਿੰਘਾਂ ਦੀ ਹੀ ਹੁੰਦੀ ਸੀ। ਇਨ੍ਹਾਂ ਦੇ ਕਿਰਦਾਰ ਦਾ ਇਕ ਤਸੱਲੀਬਖ਼ਸ਼ ਪੱਖ ਇਹ ਵੀ ਰਿਹਾ ਹੈ ਕਿ ਜਦੋਂ ਇਹ ਜੈਕਾਰੇ ਗਜਾਉਂਦੇ ਕਿਸੇ ਨਗਰ-ਖੇੜੇ ਵਿਚ ਪੈਰ ਪਾਉਂਦੇ ਤਾਂ ਲੋਕ ਆਪ ਮੁਹਾਰੇ ਹੀ ਅਪਣੀਆਂ ਨੂੰਹਾਂ-ਧੀਆਂ ਨੂੰ ਕਹਿ ਦਿੰਦੇ ਸਨ:-
‘‘ਆਏ ਨੀ ਨਿਹੰਗ, ਬੂਹੇ ਖੋਲ੍ਹ ਦੇ ਨਿਸੰਗ।’’

ਉੱਚੇ ਅਤੇ ਸੁੱਚੇ ਕਿਰਦਾਰ ਦੇ ਮਾਲਕ ਨਿਹੰਗ ਸਿੰਘ ਬਹੁਤ ਹੀ ਭਜਨੀਕ, ਸੂਰਬੀਰ, ਨਿਰਭੈ, ਨਿਰਵੈਰ ਅਤੇ ਕਹਿਣੀ-ਕਰਨੀ ਦੇ ਧਨੀ ਹੋਏ ਹਨ। ਸਿੱਖ ਵਿਸ਼ਵਾਸ ਅਤੇ ਇਤਿਹਾਸ ਨੂੰ ਮਾਣ-ਮੱਤਾ ਬਣਾਉਣ ਵਿਚ ਇਨ੍ਹਾਂ ਦੀ ਭੂਮਿਕਾ ਹਾਂ-ਪੱਖੀ ਰਹੀ ਹੈ। ਲੰਮੇ ਸਮੇਂ ਤੋਂ ਕਈ ਸ਼ਹੀਦੀ ਸਥਾਨਾਂ ਅਤੇ ਡੇਰਿਆਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਨਿਹੰਗ ਸਿੰਘਾਂ ਵਲੋਂ ਨਿਭਾਈ ਜਾ ਰਹੀ ਹੈ। ਇਨ੍ਹਾਂ ਦੇ ਡੇਰਿਆਂ ਨੂੰ ਛਾਉਣੀਆਂ ਕਿਹਾ ਜਾਂਦਾ ਹੈ।

ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਵਿਸਾਖੀ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦਿਵਾਲੀ ਅਤੇ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਨਿਹੰਗ ਸਿੰਘਾਂ ਦੀ ਭਰਪੂਰ ਅਤੇ ਮਸ਼ਹੂਰ ਹਾਜ਼ਰੀ ਵਾਲੇ ਤਿਉਹਾਰ ਹਨ। ਹੋਲੇ-ਮਹੱਲੇ ਦੇ ਰੰਗ ਤਾਂ ਨਿਹੰਗ ਸਿੰਘਾਂ ਦੀ ਹਾਜ਼ਰੀ ਤੋਂ ਬਗ਼ੈਰ ਉੱਘੜਦੇ ਹੀ ਨਹੀਂ ਹਨ।

ਸਰਬ-ਲੋਹ ਦੇ ਬਰਤਨਾਂ ਅਤੇ ਘੋੜਿਆਂ ਨਾਲ ਨਿਹੰਗ ਸਿੰਘਾਂ ਨੂੰ ਵਿਸ਼ੇਸ਼ ਪ੍ਰੇਮ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸ਼ਸਤਰਾਂ ਨੂੰ ਵੀ ਅੰਗ ਲੱਗਾ ਕੇ ਰਖਦੇ ਹਨ। ਨਿਹੰਗ ਸਿੰਘਾਂ ਦੀ ਬੋਲ-ਬਾਣੀ ਵੀ ਵਿਲੱਖਣ ਅਤੇ ਰੋਚਕਤਾ ਭਰਪੂਰ ਹੁੰਦੀ ਹੈ। ਘਾਟੇਵੰਦੀ ਸਥਿਤੀ ਨੂੰ ਲਾਹੇਵੰਦੀ ਨਜ਼ਰ ਨਾਲ ਦੇਖਣਾ ਇਸ ਬੋਲ-ਬਾਣੀ ਦਾ ਅਹਿਮ ਪੱਖ ਰਿਹਾ ਹੈ। ਇਸੇ ਕਰ ਕੇ ਹੀ ਇਸ ਬੋਲ-ਬਾਣੀ ਨੂੰ ‘ਗੜਗੱਜ ਬੋਲਿਆਂ’ ਦਾ ਨਾਮ ਦਿਤਾ ਜਾਂਦਾ ਹੈ। ਇਨ੍ਹਾਂ ਬੋਲਿਆਂ ਤਹਿਤ ਇਕ ਸਿੰਘ ਨੂੰ ਸਵਾ ਲੱਖ ਕਹਿਣ ਨਾਲ ਦੁਸ਼ਮਣ ਦੰਗ ਰਹਿ ਜਾਂਦੇ ਸਨ ਅਤੇ ਮੈਦਾਨ ਛੱਡ ਜਾਂਦੇ ਸਨ।

ਅਜੋਕੇ ਸਮੇਂ ਵੀ ਨਿਹੰਗ ਸਿੰਘਾਂ ਦੇ ਕਈ ਦਲ ਮੌਜੂਦ ਹਨ ਜੋ ਵਖਰਾਤਮਕ ਲੀਹਾਂ ਦੇ ਪਾਂਧੀ ਹੋਣ ਕਰ ਕੇ ਕਈ ਤਰ੍ਹਾਂ ਦੀਆਂ ਅਲੋਚਨਾਵਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।

SHARE ARTICLE

ਏਜੰਸੀ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement