
ਪਟਰੌਲ ਦੀਆਂ ਵਧੀਆਂ ਕੀਮਤਾਂ ਦੇ ਸਾਈਡ ਇਫ਼ੈਕਟ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ
ਅੱਜ ਦੇ ਇਸ ਲੱਕ ਤੋੜਵੀਂ ਮਹਿੰਗਾਈ ਦੇ ਦੌਰ ਵਿਚ ਲਗਾਤਾਰ ਵਧ ਰਹੀਆਂ ਪਟਰੌਲ-ਡੀਜ਼ਲ ਦੀਆਂ ਕੀਮਤਾਂ ਯਕੀਨਨ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਇਆਂ ਹਨ। ਇਨ੍ਹਾਂ ਵਧਦੀਆਂ ਕੀਮਤਾਂ ਨੇ ਇਕ ਤਰ੍ਹਾਂ ਨਾਲ ਦੇਸ਼ ਦੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਭਾਅ ਨਰਮ ਹੋਣ ਦੇ ਬਾਵਜੂਦ ਘਰੇਲੂ ਪੱਧਰ ਉਤੇ ਤੇਲ ਦੀਆਂ ਕੀਮਤਾਂ ਲਗਾਤਾਰ ਵਾਧੇ ਨਾਲ ਇਕ ਤੋਂ ਬਾਅਦ, ਇਕ ਰਿਕਾਰਡ ਕਾਇਮ ਕਰਦਿਆਂ ਅਪਣੇ ਉਤਲੇ ਅਰਥਾਤ ਸੌ ਦਾ ਅੰਕੜਾ ਤਕ ਛੂ ਗਈਆਂ ਹਨ।
petrol and diesel rates
ਬੀ.ਬੀ.ਸੀ. ਨੇ ਅਪਣੇ ਇਕ ਗਰਾਫ਼ਿਕਸ ਰਾਹੀਂ 15 ਫ਼ਰਵਰੀ 2021 ਵਾਲੇ ਦਿਨ ਦੇ ਗਲੋਬਲ ਪਟਰੌਲ ਪਰਾਈਜ਼.ਕੋਮ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਸਿਆ ਕਿ ਭੂਟਾਨ ਵਿਚ ਪਟਰੌਲ 49.56 ਰੁਪਏ, ਜਦਕਿ ਗਵਾਂਢੀ ਦੇਸ਼ ਪਾਕਿਸਤਾਨ ਵਿਚ 51.14 ਰੁਪਏ, ਸ਼੍ਰੀਲੰਕਾ ਵਿਚ 60.26 ਰੁਪਏ, ਨੇਪਾਲ ਵਿਚ 68.98 ਰੁਪਏ ਜਦੋਂ ਕਿ ਚੀਨ ਵਿਚ ਪਟਰੌਲ 74.74 ਰੁਪਏ, ਬੰਗਲਾਦੇਸ਼ ਵਿਚ 76.41 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਤਰ੍ਹਾਂ ਉਕਤ ਰੀਪੋਰਟ ਦੀ ਰੋਸ਼ਨੀ ਵਿਚ ਭਾਰਤ ਵਿਚ ਅਪਣੇ ਸਾਰੇ ਗਵਾਂਢੀ ਦੇਸ਼ਾਂ ਨਾਲੋਂ ਪਟਰੌਲ ਵਧ ਕੀਮਤ ਉਤੇ ਵਿਕ ਰਿਹੈ। ਪਟਰੌਲ ਦੀਆਂ ਆਸਮਾਨੀ ਚੜ੍ਹੀਆਂ ਕੀਮਤਾਂ ਦੌਰਾਨ ਐਲ. ਪੀ. ਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵੀ ਉਛਾਲਾ ਮਾਰ ਗਈਆਂ ਹਨ।
Petrol diesel
ਉਧਰ ਪਟਰੌਲ ਦੀਆਂ ਵਧੀਆਂ ਕੀਮਤਾਂ ਦੇ ਸਾਈਡ ਇਫ਼ੈਕਟ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਕ ਰੀਪੋਰਟ ਅਨੁਸਾਰ ਜਿਨ੍ਹਾਂ ਸੂਬਿਆਂ ਦੀਆਂ ਸਰਹੱਦਾਂ ਨੇਪਾਲ ਨਾਲ ਲਗਦੀਆਂ ਹਨ, ਉਨ੍ਹਾਂ ਵਿਚ ਕਈ ਥਾਈਂ ਪਟਰੌਲ ਦੀ ਤਸਕਰੀ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਮੀਡੀਆ ਰੀਪੋਰਟਾਂ ਅਨੁਸਾਰ ਬਿਹਾਰ ਦੇ ਕੁੱਝ ਜ਼ਿਲ੍ਹਿਆਂ ਦੇ ਲੋਕ ਪਟਰੌਲ ਦੀ ਤਸਕਰੀ ਕਰ ਰਹੇ ਹਨ, ਜਿਨ੍ਹਾਂ ਨੂੰ ਸਥਾਨਕ ਪੁਲਿਸ ਅਤੇ ਐਸ.ਐਸ.ਬੀ ਦੇ ਜਵਾਨਾਂ ਨੇ ਫੜਿਆ ਵੀ ਹੈ। ਦਰਅਸਲ ਇਸ ਤਸਕਰੀ ਦਾ ਮੁੱਖ ਕਾਰਨ ਭਾਰਤ ਦੇ ਮੁਕਾਬਲੇ ਨੇਪਾਲ ਵਿਚ ਪਟਰੌਲ ਸਸਤਾ ਮਿਲਣਾ ਹੈ। ਬਿਹਾਰ ਦੇ ਅਰੇਰਾ ਅਤੇ ਕਿਸ਼ਨਗੰਜ ਜ਼ਿਲ੍ਹਿਆਂ ਵਿਚ ਪਟਰੌਲ ਦੀ ਤਸਕਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ।
Petrol Diesel Price
ਅੱਜ ਪੂਰੇ ਦੇਸ਼ ਵਿਚ ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਇਕ ਤਰ੍ਹਾਂ ਆਮ ਲੋਕਾਂ ਦੇ ਨਾਸੀ ਧੂੰ ਦਿਤਾ ਹੋਇਆ ਹੈ। ਇਕ ਰੀਪੋਰਟ ਅਨੁਸਾਰ ਦਿੱਲੀ ਵਿਚ ਪਿਛਲੇ ਦਿਨੀਂ ਪਟਰੌਲ 90.58 ਰੁਪਏ ਪ੍ਰਤੀ ਲੀਟਰ, ਜਦਕਿ ਡੀਜ਼ਲ 80.97 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪਟਰੌਲ ਦੀਆਂ ਕੀਮਤਾਂ ਦੇ ਵਧਣ ਦੇ ਸੰਦਰਭ ਵਿਚ ਐਨਰਜੀ ਮਾਹਰ ਨਰਿੰਦਰ ਤਨੇਜਾ ਦਾ ਆਖਣਾ ਹੈ ਕਿ ‘‘ਤੇਲ ਦੀ ਡਿਮਾਂਡ ਅਤੇ ਵਰਤੋਂ ਲਾਕਡਾਊਨ ਦੇ ਲਗਦਿਆਂ ਹੀ ਹੇਠਾਂ ਚਲੀ ਗਈ ਸੀ ਅਤੇ ਇਸੇ ਨਾਲ ਹੀ ਸਰਕਾਰ ਲਈ ਆਮਦਨੀ ਦਾ ਪੱਧਰ ਵੀ ਘੱਟ ਗਿਆ ਸੀ।
Petrol diesel prices
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਨਰਿੰਦਰ ਮੋਦੀ ਨੂੰ ਦੇਸ਼ ਵਿਚ ਲਗਾਤਾਰ ਵੱਧ ਰਹੀਆਂ ਤੇਲ ਕੀਮਤਾਂ ਦੇ ਵਿਰੋਧ ਵਿਚ ਸਖ਼ਤ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਤੇਲ ਕੀਮਤਾਂ ਨਿੱਤ ਨਵੀਂ ਉਚਾਈ ਵਲ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਕੁੱਝ ਨਹੀਂ ਕਰ ਰਹੀ, ਸਗੋਂ ਪਿਛਲੀਆਂ ਸਰਕਾਰਾਂ ਸਿਰ ਸਾਰਾ ਠੀਕਰਾ ਭੰਨ ਕੇ ਆਪ ਸੁਰਖ਼ਰੂ ਹੋਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਪਣੀ ਜ਼ਿੰਮੇਦਾਰੀ ਤੋਂ ਨਹੀਂ ਭੱਜ ਸਕਦੇ। ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ’ਚ ਗਿਰਾਵਟ ਅਤੇ ਤੇਲ ਕੀਮਤਾਂ ’ਚ ਵਾਧੇ ਲਈ ਪਿਛਲੀਆਂ ਸਰਕਾਰਾਂ ਨਹੀਂ ਸਗੋਂ ਮੌਜੂਦਾ ਸਰਕਾਰ ਦੀਆਂ ਗ਼ਲਤ ਨੀਤੀਆਂ ਹੀ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ’ਚ ਵਾਧਾ ਵਾਪਸ ਲਿਆ ਜਾਵੇ ਤੇ ਦੇਸ਼ ਦੇ ਮੱਧ ਵਰਗ, ਕਿਸਾਨਾਂ, ਗ਼ਰੀਬਾਂ ਅਤੇ ਮੁਲਾਜ਼ਮਾਂ ਨੂੰ ਤੁਰਤ ਰਾਹਤ ਦਿਤੀ ਜਾਵੇ।
pm modi
ਮਹਾਰਾਸ਼ਟਰ ਵਿਚ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਨੇ ਕੇਂਦਰੀ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਉਹ ਰਾਮ ਮੰਦਰ ਲਈ ਚੰਦਾ ਇਕੱਠਾ ਕਰਨ ਦੀ ਥਾਂ ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਘੱਟ ਕਰੇ। ਇਸ ਦੇ ਨਾਲ ਹੀ ਉਨ੍ਹਾਂ ਪਟਰੌਲੀਅਮ ਪਦਾਰਥਾਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦੇ ਸੰਦਰਭ ਵਿਚ ਬਾਲੀਵੁੱਡ ਅਦਾਕਾਰਾਂ ਦੀ ਖ਼ਾਮੋਸ਼ੀ ਨੂੰ ਆੜੇ ਹੱਥੀਂ ਲਿਆ ਅਤੇ ਆਖਿਆ ਕਿ ਉਨ੍ਹਾਂ ਨੂੰ ਉਕਤ ਮਾਮਲੇ ਵਿਚ ਖ਼ਾਮੋਸ਼ੀ ਅਖ਼ਤਿਆਰ ਕਰਨ ਲਈ ਲਗਦਾ ਹੈ, ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਧਰ ਪਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੂੰ ਪਟਰੌਲ ਅਤੇ ਡੀਜ਼ਲ 1 ਰੁਪਏ ਸਸਤਾ ਮਿਲੇਗਾ।
Petrol diesel price
ਪਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਕੀਮਤਾਂ ਵਿਚ ਕਮੀ ਦਾ ਐਲਾਨ ਕੀਤਾ ਹੈ। ਇਸ ਸੰਦਰਭ ਵਿਚ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਟੈਕਸ ਵਿਚ 1 ਰੁਪਏ ਦੀ ਕਟੌਤੀ ਦਾ ਐਲਾਨ ਕਰਦਿਆਂ ਕਿਹਾ, “ਕੇਂਦਰ ਟੈਕਸ ਦੇ ਜ਼ਰੀਏ ਇਕ ਲੀਟਰ ਪਟਰੌਲ ਉਤੇ 32.90 ਰੁਪਏ ਕਮਾ ਰਿਹਾ ਹੈ ਜਦਕਿ ਰਾਜ ਨੂੰ ਸਿਰਫ਼ 18.46 ਰੁਪਏ ਮਿਲ ਰਹੇ ਹਨ। ਕੇਂਦਰ ਸਰਕਾਰ ਡੀਜ਼ਲ ਉਤੇ ਇਕ ਲੀਟਰ ਵਿਚ 31.80 ਕਮਾ ਰਹੀ ਹੈ ਜਦਕਿ ਰਾਜ 12.77 ਰੁਪਏ। ਉਧਰ ਸਾਬਕਾ ਕਿ੍ਰਕਟ ਖਿਡਾਰੀ ਕੀਰਤੀ ਅਜ਼ਾਦ ਨੇ ਪਟਰੌਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਉਤੇ ਵਿਅੰਗ ਕਰਦਿਆਂ ਟਵੀਟ ਕੀਤਾ ਅਤੇ ਮਈ 2014 ਅਤੇ ਫ਼ਰਵਰੀ 2021 ਦੀਆਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਤੁਲਨਾ ਕਰਦੀ ਇਕ ਅਖ਼ਬਾਰ ਦੀ ਖ਼ਬਰ ਸਾਂਝੀ ਕਰਦਿਆਂ ਲਿਖਿਆ, ‘‘ਟੈਸਟ ਮੈਚ ਵਿਚ ਸੈਂਕੜਾ ਪੂਰਾ ਕਰਨਾ ਬਹੁਤ ਔਖਾ ਹੈ ਪਰ ਸਾਡੇ ਚੌਕੀਦਾਰ ਲਈ ਨਹੀਂ।
ਉਹ ਬਹੁਤ ਕੁਸ਼ਲਤਾ ਨਾਲ ਕਰਦੇ ਹਨ। ਦੂਜੀ ਪਾਰੀ ਦੇ ਇੰਤਜ਼ਾਰ ਵਿਚ ਹਾਂ। ਕੀ ਉਹ ਡੀਜ਼ਲ ਲਈ ਵੀ ਇਹ ਵਿਸ਼ੇਸ਼ਤਾ ਹਾਸਲ ਕਰਨਗੇ?’’ ਦੁਰਗਰਾਮ ਸ੍ਰੀਹਰੀ ਗੌੜ ਨਾਮ ਦੇ ਇਕ ਟਵਿੱਟਰ ਯੂਜ਼ਰ ਨੇ ਬਾਬਾ ਰਾਮਦੇਵ ਦਾ ਇਕ ਪੁਰਾਣਾ ਟਵੀਟ ਸਾਂਝਾ ਕਰਦਿਆਂ ਲਿਖਿਆ, ਕਿੱਥੇ ਹਨ ਬਾਬਾ ਰਾਮਦੇਵ? ਪਟਰੌਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਕਿਉਂ ਹੈ? ਉਧਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਗੰਭੀਰ ਮੁੱਦਾ ਦਸਦਿਆਂ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਪਿਛਲੇ ਦਿਨੀਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਖਪਤਕਾਰਾਂ ਨੂੰ ਰਾਹਤ ਦੇਣ ਲਈ ਆਪਸ ਵਿਚ ਗੱਲਬਾਤ ਕਰਨੀ ਚਾਹੀਦੀ ਹੈ। ਵਿੱਤ ਮੰਤਰੀ ਸੀਤਾਰਮਨ ਨੇ ਇਸ ਸੰਦਰਭ ਵਿਚ ਕਿਹਾ, ‘ਇਹ ਗੰਭੀਰ ਮੁੱਦਾ ਹੈ ਅਤੇ ਕੀਮਤਾਂ ਵਿਚ ਕਮੀ ਤੋਂ ਇਲਾਵਾ ਕੋਈ ਵੀ ਜਵਾਬ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਪਟਰੌਲੀਅਮ ਪਦਾਰਥਾਂ ਦਾ ਨਿਰਯਾਤ ਕਰਨ ਵਾਲੇ ਦੇਸ਼ ਦੇ ਸੰਗਠਨ (ਓਪੇਕ) ਨੇ ਜਿਹੜਾ ਅਨੁਮਾਨ ਲਗਾਇਆ ਸੀ, ਉਸ ਵਿਚ ਵੀ ਕਮੀ ਆਉਣ ਦੀ ਸੰਭਾਵਨਾ ਹੈ, ਜੋ ਚਿੰਤਾਵਾਂ ਨੂੰ ਵਧਾਉਂਦੀ ਹੈ। ਸਰਕਾਰ ਦਾ ਤੇਲ ਦੀ ਕੀਮਤ ਉਤੇ ਨਿਯੰਤਰਣ ਨਹੀਂ ਹੈ। ਇਸ ਨੂੰ ਤਕਨੀਕੀ ਤੌਰ ਉਤੇ ਮੁਕਤ ਕਰ ਦਿਤਾ ਗਿਆ ਹੈ। ਕੁਲ ਮਿਲਾ ਕੇ ਉਕਤ ਮਾਮਲੇ ਉਤੇ ਲਗਭਗ ਸਾਰਿਆਂ ਵਲੋਂ ਹੀ ਅਪਣੇ-ਅਪਣੇ ਅੰਦਾਜ਼ ਵਿਚ ਰਾਏ ਜਾਂ ਟੀਕਾ-ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਇਸ ਸੱਭ ਦੇ ਵਿਚਕਾਰ ਪਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ਦਿਨ ਪ੍ਰਤੀ ਦਿਨ ਵਧੀਆਂ ਕੀਮਤਾਂ ਦੇ ਚਲਦਿਆਂ ਗ਼ਰੀਬ ਅਤੇ ਮੱਧ ਵਰਗ ਦੇ ਲੋਕ ਹਾਲੋਂ ਬੇਹਾਲ ਹੋ ਰਹੇ ਹਨ ਅਤੇ ਖ਼ੁਦ ਨੂੰ ਇਸ ਸਮੇਂ ਬੁਰੀ ਤਰ੍ਹਾਂ ਨਪੀੜਿਆ ਮਹਿਸੂਸ ਕਰ ਰਹੇ ਹਨ।