ਗਾਇਕਾਂ ਦੀ ਟੌਹਰ ਵੇਖ ਕੇ ਜਦੋਂ ਅਸੀ ਵੀ ਸਾਂ ਗਾਉਣ ਲੱਗੇ
Published : Jul 16, 2018, 8:02 am IST
Updated : Jul 16, 2018, 8:02 am IST
SHARE ARTICLE
Singing
Singing

ਗਾਉਣ ਵਾਲਿਆਂ ਦੀ ਟੌਹਰ ਵੇਖ ਕੇ ਸਾਡੇ ਦਿਲ-ਦਿਮਾਗ਼ 'ਤੇ ਅਜਿਹਾ ਅਸਰ ਹੋਇਆ ਕਿ ਸਾਨੂੰ ਅਪਣਾ ਆਪ ਘਟੀਆ ਜਿਹਾ ਲੱਗਣ ਲੱਗ ਪਿਆ। ਗਾਇਕਾਂ ਦੇ ਹੱਥਾਂ ਵਿਚ ਪਾਏ ...

ਗਾਉਣ ਵਾਲਿਆਂ ਦੀ ਟੌਹਰ ਵੇਖ ਕੇ ਸਾਡੇ ਦਿਲ-ਦਿਮਾਗ਼ 'ਤੇ ਅਜਿਹਾ ਅਸਰ ਹੋਇਆ ਕਿ ਸਾਨੂੰ ਅਪਣਾ ਆਪ ਘਟੀਆ ਜਿਹਾ ਲੱਗਣ ਲੱਗ ਪਿਆ। ਗਾਇਕਾਂ ਦੇ ਹੱਥਾਂ ਵਿਚ ਪਾਏ ਛਾਪਾਂ ਛੱਲੇ ਸਾਨੂੰ ਚੁਭਣ ਲੱਗੇ। ਦਿਲ ਕਰਦਾ, ਮਲੋ ਜ਼ੋਰੀ ਉਨ੍ਹਾਂ ਦੇ ਹੱਥਾਂ ਵਿਚੋਂ ਲਾਹ ਕੇ ਅਸੀ ਅਪਣੀਆਂ ਉਂਗਲਾਂ ਵਿਚ ਪਾ ਲਈਏ। ਉਨ੍ਹਾਂ ਦੇ ਗਲ ਵਿਚ ਪਾਇਆ ਕੈਂਠਾ, ਸਾਡੇ ਜਿਸਮ 'ਤੇ ਸੱਪ ਵਾਂਗ ਡੰਗ ਮਾਰਦਾ।

ਸੋਚਦੇ ਕਿ ਸਾਡੇ ਕੋਲ ਵੀ ਇਹੋ ਜਿਹਾ ਕੈਂਠਾ ਹੋਵੇ, ਸੋਨੇ ਦੀ ਥਾਂ ਭਾਵੇਂ ਪਿੱਤਲ ਦਾ ਹੀ ਹੋਵੇ। ਫਿਰ ਅਸੀ ਕਿਤੋਂ ਮੰਗਵਾਂ ਕੁੜਤਾ ਚਾਦਰਾ ਤੇ ਜਾਕਟ ਪਾ ਕੇ, ਸਟੇਜ 'ਤੇ ਬਾਂਦਰ ਵਾਂਗ ਟਪੂਸੀਆਂ ਮਾਰੀਏ। ਜੇ ਕਿਤੇ ਕਿਸੇ ਨੱਢੀ ਨਾਲ ਜੋੜੀ ਬਣ ਜਾਵੇ ਤਾਂ ਸੋਨੇ ਉਤੇ ਸੁਹਾਗੇ ਵਾਲੀ ਗੱਲ ਹੋ ਜਾਵੇ ਤੇ ਲੱਜ਼ਤ ਹੀ ਆ ਜਾਵੇ। ਲੋਕ ਸਾਨੂੰ ਗਾਉਂਦਿਆਂ ਨੂੰ ਮੂੰਹ ਵਿਚ ਉਂਗਲਾਂ ਲੈ ਕੇ ਵੇਖਣ।

ਗਾਉਣ ਵਾਲਿਆਂ ਦੀ ਸ਼ੁਹਰਤ ਵੇਖ ਕੇ ਸਾਨੂੰ ਅਪਣੀ ਜ਼ਿੰਦਗੀ ਨੀਰਸ ਲੱਗਣ ਲੱਗ ਜਾਂਦੀ ਹੈ। ਸਾਨੂੰ ਤਾਂ ਸੁਪਨੇ ਵੀ ਅਜਿਹੇ ਆਉਂਦੇ ਜਿਵੇਂ ਅਸੀ ਸਟੇਜ ਉਤੇ ਡਫ਼ਲੀ ਲੈ ਕੇ ਨੱਚ-ਟੱਪ ਕੇ ਗਾਉਂਦੇ ਹੋਈਏ ਅਤੇ ਕਦੇ ਵਾਜੇ ਦੀ ਸੁਰ 'ਤੇ ਆਵਾਜ਼ ਕਢਦੇ ਹੋਈਏ ਤੇ ਕਦੇ ਯਮਲੇ ਜੱਟ ਵਾਂਗ ਕੁੜਤਾ ਚਾਦਰਾ ਪਾ ਕੇ ਤੂੰਬੀ ਦੀਆਂ ਰੜਕਾਂ ਕਢਦੇ ਹੋਈਏ ਤੇ ਸਾਡੇ ਚਰਨਾਂ ਵਿਚ ਕਈ ਢੋਲਕੀਆਂ ਛੈਣੇ ਉਚੀ ਆਵਾਜ਼ ਵਿਚ ਛਣਨ-ਮਣਨ ਕਰੀ ਜਾਂਦੇ ਹੋਣ।

ਸੁਣਨ ਵਾਲਿਆਂ ਦੀ ਭੀੜ ਸਾਡੇ 'ਤੇ ਨੋਟਾਂ ਦੀ ਬਾਰਸ਼ ਕਰੀ ਜਾਂਦੀ ਹੋਵੇ। ਅਸੀ ਨੰਗਪੁਣੇ ਵਿਚੋਂ ਨਿਕਲ ਕੇ ਅਮੀਰ ਬਣ ਗਏ ਹੋਈਏ।ਗਾਉਣ ਦਾ ਸਾਡੇ 'ਤੇ ਭੂਤ ਸਵਾਰ ਸੀ। ਕਈ ਅਜਿਹੇ ਹਿਟ ਗਾਣੇ ਸਾਨੂੰ ਜ਼ੁਬਾਨੀ ਯਾਦ ਸਨ ਅਤੇ ਕਈ ਅਸੀ ਘੋਟਾ ਲਗਾ ਕੇ ਯਾਦ ਕੀਤੇ ਗਏ ਸਨ। ਫਿਰ ਅਸੀ ਅਪਣੇ ਦਿਮਾਗ਼ ਨਾਲ ਸੋਚਿਆ ਕਿ ਕਿਉਂ ਐਵੇਂ ਕੰਧਾਂ ਨਾਲ ਵਜਦੇ ਫਿਰਦੇ ਹਾਂ, ਐਵੇਂ ਸਾਰਾ ਦਿਨ ਗਲੀਆਂ ਕਛਦੇ ਫਿਰਦੇ ਹਾਂ।

ਲੋਕਾਂ ਦੇ ਉਲਾਂਭੇ ਅੱਡ ਹੋਣੇ, ਲੋਕਾਂ ਦੇ ਘਰਾਂ ਵਿਚ ਸ਼ੁਦਾਈਆਂ ਵਾਂਗ ਝਾਕਦਾ ਹਾਂ, ਸੱਭ ਧੀਆਂ-ਭੈਣਾਂ ਵਾਲੇ ਹਨ। ਇਸ ਨੂੰ ਕਿਸੇ ਕੰਮ ਲਾਉ, ਮੁਫ਼ਤ ਦੀਆਂ ਰੋਟੀਆਂ ਖਾਂਦਾ ਹਾਂ।
'ਕੰਮ ਦਾ ਨਾਂ ਕਾਜ ਦਾ, ਦੁਸ਼ਮਣ ਅਨਾਜ ਦਾ।'
ਸਾਨੂੰ ਵੀ ਇਹ ਸੱਭ ਕੁੱਝ ਸੁਣ ਕੇ ਕਚਿਆਣ ਜਿਹੀ ਆਉਣ ਲੱਗ ਪਈ।

ਆਖ਼ਰ ਇਕ ਰਾਗੀ ਕੋਲੋਂ ਉਸ ਦਾ ਟੁਟਿਆ ਜਿਹਾ ਵਾਜਾ ਲੈ ਆਏ ਤੇ ਘਰੇ ਬੈਠ ਕੇ ਰਿਆਜ਼ ਸ਼ੁਰੂ ਕਰ ਦਿਤੀ। ਜਦੋਂ ਅਸੀ ਸਾ.....ਰੇ....ਗਾ....ਮਾ.... ਹੇ.... ਰੇ... ਲੇ... ਦੀਆਂ ਆਵਾਜ਼ਾਂ ਕਢੀਆਂ ਤਾਂ ਗੁਆਂਢੀਆਂ ਦੇ ਕੁੱਤੇ ਨੇ ਸਾਡੇ ਰੰਗ ਵਿਚ ਭੰਗ ਪਾ ਦਿਤੀ। ਅਸੀ ਸ਼ੁਰੂ ਪਿਛੋਂ ਕਰਿਆ ਕਰੀਏ, ਕੁੱਤਾ ਭੌ...ਆ....ਭੌਂ...ਅ... ਊ... ਈ... ਦੀਆਂ ਆਵਾਜ਼ਾਂ ਪਹਿਲਾਂ ਹੀ ਕਢਣੀਆਂ ਸ਼ੁਰੂ ਕਰ ਦਿਆ ਕਰੇ ਤੇ ਸਾਡੇ ਵਾਜੇ ਦੀਆਂ ਸੁਰਾਂ ਵੀ ਕਈ ਵਾਰੀ ਕੁੱਤੇ ਦੀਆਂ ਆਵਾਜ਼ਾਂ ਨਾਲ ਹੀ ਵਜ ਜਾਇਆ ਕਰਨ। ਜਿਉਂ-ਜਿਉਂ ਸਾਡਾ ਵਾਜਾ ਉਚਾ ਹੋਵੇ, ਤਿਉਂ-ਤਿਉਂ ਕੁੱਤੇ ਦੀ ਆਵਾਜ਼। ਸਾਡੇ ਕਵੀ ਮਨ ਨੇ ਕੁੱਤੇ 'ਤੇ ਹੀ ਕਵਿਤਾ ਲਿਖ ਮਾਰੀ : 

ਜਦੋਂ ਅਸੀ ਗਾਉਣ ਲਗਦੇ ਹਾਂ, ਗੁਆਂਢੀਆਂ ਦਾ ਕੁੱਤਾ ਪੈਂਦਾ ਹੈ ਭੌਕ ਯਾਰੋ, 
ਸਾਲਾ ਨਕਲਾਂ ਸਾਡੀਆਂ ਲਾਹੁੰਦਾ ਹੈ, ਕਿਥੋਂ ਪੈ ਗਿਆ ਉਸ ਨੂੰ ਗੌਣ ਦਾ ਸ਼ੌਕ ਯਾਰੋ।
ਨਾ ਸਾਜ਼ ਜਾਣੈ ਨਾ ਸੁਰ ਜਾਣੇ, ਭੌਂਕ-ਭੌਂਕ ਕੇ ਜਾਂਦਾ ਹੈ ਹੌਂਕ ਯਾਰੋ।
ਜਿਵੇਂ ਨਸੀਅਤਾਂ ਸਾਨੂੰ ਦਿੰਦਾ ਹੋਵੇ, ਕਿਉਂ ਕੁੱਤੇ ਵਾਂਗ ਰਿਹਾ ਹੈ ਭੌਂਕ ਯਾਰੋ।

ਅਸੀ ਹਾਲੇ ਦੋ ਕੁ ਦਿਨ ਹੀ ਰਿਆਜ਼ ਕੀਤਾ ਸੀ ਕਿ ਕੁੱਝ ਗੁਆਂਢੀ ਬਾਪੂ ਹੋਰਾਂ ਨੂੰ ਉਲਾਂਭਾ ਦੇਣ ਆ ਗਏ, ''ਭਾਈ ਥੋਡਾ ਮੁੰਡਾ ਪਤਾ ਨਹੀਂ ਕਿਹੜਾ ਸੰਦ ਸਦੇੜਾ ਜਾ ਖੜਕਾਈ ਜਾਂਦੈ ਅਤੇ ਨਾਲ ਕੱਟੇ ਵਾਂਗ ਬਰੜਾਂਦੈ, ਸਾਡੀਆਂ ਤਾਂ ਦੋ ਦਿਨ ਹੋ ਗਏ ਮੱਝਾਂ ਨਹੀਂ ਮਿਲੀਆਂ।'' ਦੂਜਾ ਬੋਲਿਆ,''ਭਾਈ ਸਾਹਬ, ਜਦੋਂ ਉਹ ਵਾਜੇ ਦੇ ਖੜਕਾਟ ਨਾਲ ਆਵਾਜ਼ ਕਢਦੈ ਤਾਂ ਸਾਡੀ ਮੱਝ ਅਪਣੇ ਮਰੇ ਹੋਏ ਕੱਟੇ ਨੂੰ ਯਾਦ ਕਰ ਕੇ ਰਿੰਗਣ ਲੱਗ ਜਾਂਦੀ ਹੈ। ਸੋ ਭਾਈ ਸਾਹਬ, ਸਾਡੇ 'ਤੇ ਥੋੜ੍ਹਾ ਤਰਸ ਕਰੋ।'' ਤੀਜਾ ਬੋਲਿਆ, ''ਵੀਰ ਜੀ ਸਾਡੀ ਤਾਂ ਬੁੜ੍ਹੀ ਬਿਮਾਰ ਹੈ। ਥੋਡੇ ਮੁੰਡੇ ਦਾ ਘਰਾਟ ਰਾਗ ਸੁਣ ਕੇ, ਉਸ ਵਿਚਾਰੀ ਦਾ ਤਾਂ ਸੌਣਾ ਹੀ ਹਰਾਮ ਹੋ ਗਿਆ ਹੈ।'' 

ਗੁਆਂਢੀਆਂ ਦੇ ਉਲਾਂਭਿਆਂ ਨੇ ਤੇ ਬਾਪੂ ਦੀਆਂ ਗਾਲ੍ਹਾਂ ਨੇ, ਸਾਡੇ ਗਾਣੇ ਦੇ ਸ਼ੌਕ ਨੂੰ ਵਿਚ ਹੀ ਮਾਰ ਦਿਤਾ। 
ਗਾਉਣ ਵਾਲਿਆਂ ਦੀ ਟੌਹਰ ਵੇਖ ਕੇ, ਅਸੀ ਗਾਉਣ ਸਾਂ ਲੱਗੇ, 
ਬੋਲ ਸੀ ਸਾਡਾ ਏਨਾ ਸੁਰੀਲਾ, ਪਾਟਿਆ ਢੋਲ ਜਿਉਂ ਵੱਜੇ।
ਸੰਪਰਕ : 9433-80503

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement