
ਮਨੁੱਖਤਾ ਨੂੰ ਅੰਧ-ਵਿਸ਼ਵਾਸ ’ਚ ਗਰਕ ਕਰਨ ਤੋਂ ਵੱਡਾ ਕੋਈ ਅਪਰਾਧ ਨਹੀਂ ਹੋ ਸਕਦਾ ਤੇ ਕਿਸੇ ਨੂੰ ਅੰਧ-ਵਿਸ਼ਵਾਸ ’ਚੋਂ ਕੱਢਣ ਵਰਗਾ ਕੋਈ ਵੱਡਾ ਕੰਮ ਨਹੀਂ ਹੋ ਸਕਦਾ।
The Real Truth: ਸਾਡੇ ਪੁਰਾਣੇ ਸਿਆਣੇ ਬਜ਼ੁਰਗਾਂ ਆਮ ਹੀ ਇਕ ਅਖਾਣ ਵਰਤਿਆ ਕਰਦੇ ਸਨ ਕਿ “ਮੱਝ ਮੂਹਰੇ ਬੀਨ ਨਹੀਂ ਬਜਾਇਆ ਕਰਦੇ” ਇਸ ਦਾ ਸਿੱਧਾ ਜਿਹਾ ਮਤਲਬ ਇਹ ਹੁੰਦਾ ਸੀ ਕਿ ਬੇਸਮਝ ਬੰਦੇ ਨੂੰ ਸਮਝਾਉਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਉਹ ਅਪਣੇ ਆਪ ਨੂੰ ਹੀ ਸਹੀ ਅਤੇ ਸਿਆਣਾ ਸਮਝਣ ਦੀ ਗ਼ਲਤ-ਫ਼ਹਿਮੀ ’ਚ ਫਸਿਆ ਹੁੰਦਾ ਹੈ।
ਗੁਰਬਾਣੀ ’ਚ ਵੀ ਗੁਰੂ ਸਾਹਿਬ ਜੀ ਨੇ ਸਪੱਸ਼ਟ ਕਰ ਦਿਤਾ ਕਿ ਮੂਰਖ ਬੰਦੇ ਨਾਲ ਬਹਿਸ ਨਾ ਕਰੋ, “ਮੂਰਖੈ ਨਾਲਿ ਨ ਲੁਝੀਐ”॥ (ਪੰਨਾ 473)। ਅੱਜ ਸੋਸ਼ਲ ਮੀਡੀਆ ਤੇ ਪੋਡਕਾਸਟ ਕਰਦੇ ਤੁਹਾਨੂੰ ਹਜ਼ਾਰਾਂ ਨਹੀਂ, ਲੱਖਾਂ ਹੀ ਬੰਦੇ ਅਜਿਹੇ ਮਿਲ ਜਾਣਗੇ ਜਿਹੜੇ ਅਪਣੇ-ਆਪ ਨੂੰ ਮਹਾਂ ਗਿਆਨੀ, ਮਹਾਨ ਫ਼ਿਲਾਸਫ਼ਰ ਸਮਝਦੇ ਹਨ। ਉਹ ਕੈਮਰੇ ਮੂਹਰੇ ਬੈਠ ਕੇ (ਸਾਰੇ ਨਹੀਂ) ਅਪਣੀ ਮੂਰਖਤਾ ਦਾ ਸਬੂਤ ਆਪ ਦੇ ਰਹੇ ਹੁੰਦੇ ਹਨ। ਨਿਜੀ ਚੈਨਲਾਂ ਵਾਲੇ ਵੀ ਇਨ੍ਹਾਂ ਅਗਿਆਨੀਆਂ ਦਾ ਬਕਵਾਸ ਪੂਰੀ ਦੁਨੀਆਂ ਤਕ ਪਹੁੰਚਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹੁੰਦੇ ਹਨ। ਜੇ ਪੰਜਾਬ ਅੰਦਰ ਨਿਜੀ ਚੈਨਲਾਂ ਵਾਲਿਆਂ ਨੇ ਅਪਣਾ ਇਹ ਤਰੀਕਾ ਨਾ ਬਦਲਿਆ ਤਾਂ ਪੰਜਾਬ ਦੇ ਅਸਲ ਇਤਿਹਾਸ ਨੂੰ ਖ਼ਤਮ ਕਰਨ ’ਚ ਇਨ੍ਹਾਂ ਚੈਨਲਾਂ ਵਾਲਿਆਂ ਦਾ ਵੀ ਮਹਾ-ਯੋਗਦਾਨ ਹੋਵੇਗਾ।
ਮਨੁੱਖਤਾ ਨੂੰ ਅੰਧ-ਵਿਸ਼ਵਾਸ ’ਚ ਗਰਕ ਕਰਨ ਤੋਂ ਵੱਡਾ ਕੋਈ ਅਪਰਾਧ ਨਹੀਂ ਹੋ ਸਕਦਾ ਤੇ ਕਿਸੇ ਨੂੰ ਅੰਧ-ਵਿਸ਼ਵਾਸ ’ਚੋਂ ਕੱਢਣ ਵਰਗਾ ਕੋਈ ਵੱਡਾ ਕੰਮ ਨਹੀਂ ਹੋ ਸਕਦਾ। ਹੁਣ ਤੁਸੀ ਹੀ ਸੋਚੋ ਮੇਰੇ ਵੀਰੋ ਭੈਣੋ ਕਿ ਕੀ ਗੁਰਬਾਣੀ ਸਾਨੂੰ ਅੰਨ੍ਹੀ ਸ਼ਰਧਾ, ਅੰਧ-ਵਿਸ਼ਵਾਸ ਵਿਚੋਂ ਬਾਹਰ ਨਹੀਂ ਕਢਦੀ? ਸਾਨੂੰ ਆਮ ਹੀ ਕਈ ਆਖ ਦਿੰਦੇ ਹਨ ਕਿ ‘ਸ਼ਰਧਾ’ ਹੋਣੀ ਚਾਹੀਦੀ ਹੈ, ਵਿਸ਼ਵਾਸ ਹੋਣਾ ਚਾਹੀਦਾ ਹੈ, ਹੋਣ ਨੂੰ ਸੱਭ ਕੁੱਝ ਹੋ ਸਕਦਾ ਹੈ, ਮੈਂ ਅਜਿਹੇ ਵੀਰ ਭੈਣਾਂ ਨੂੰ ਆਖਦਾ ਹੁੰਦਾ ਹਾਂ ਕਿ ਪਹਿਲਾ ਵਿਸਥਾਰ ਨਾਲ ਮੈਨੂੰ ਇਹ ਦੱਸੋ ਕਿ ਸ਼ਰਧਾ ਤੇ ਵਿਸ਼ਵਾਸ ਹੁੰਦੇ ਕੀ ਹਨ, ਇਨ੍ਹਾਂ ਨੂੰ ਮਾਪਣ ਦਾ ਪੈਰਾਮੀਟਰ (ਪੈਮਾਨਾ) ਕੀ ਹੈ? ਹੁਣ ਕੋਈ ਬੰਦਾ ਇਹ ਵਿਸ਼ਵਾਸ ਕਰ ਲਵੇ ਕਿ ਧਰਤੀ ਸੂਰਜ ਦੁਆਲੇ ਚੱਕਰ ਨਹੀਂ ਕਟਦੀ ਇਹ ਤਾਂ ਇਕ ਜਗ੍ਹਾ ’ਤੇ ਹੀ ਖੜੀ ਹੈ, ਇਹ ਤਾਂ ਉਸ ਦੀ ਮੂਰਖਤਾ ਹੀ ਹੈ।
ਘਰ ਵਿਚ ਰੋਟੀ ਬਣਾਉਂਦੇ-ਬਣਾਉਂਦੇ ਗੈਸ ਸਿਲੰਡਰ ਖ਼ਤਮ ਹੋ ਜਾਵੇ ਤੇ ਔਰਤ ਇਹ ਵਿਸ਼ਵਾਸ ਕਰ ਲਵੇ ਕਿ ਇਹ ਤਾਂ ਅਜੇ ਹੋਰ ਚੱਲੇਗਾ, ਕੀ ਇਹ ਮੂਰਖਤਾ ਨਹੀਂ ਹੈ? ਘਰ ’ਚ ਬਿਜਲੀ ਚਲੀ ਜਾਵੇ ਤੇ ਤੁਸੀ ਵਿਸ਼ਵਾਸ ਕਰ ਲਵੋ ਕਿ ਸਾਡਾ ਪੱਖਾ ਬੰਦ ਨਹੀਂ ਹੋਵੇਗਾ, ਇਹ ਤਾਂ ਮੂਰਖਤਾ ਹੀ ਹੈ ਨਾ? ਇਕ ਗੱਲ ਬਿਲਕੁਲ ਸਾਫ਼, ਸਪੱਸ਼ਟ ਅਤੇ ਸੱਚ ਹੈ ਕਿ ਕੁਦਰਤ ਦੇ ਨਿਯਮਾਂ ਦੇ ਉਲਟ ਕੁੱਝ ਵੀ ਨਹੀਂ ਵਾਪਰਦਾ ਹੁੰਦਾ, ਰੋਗੀ ਦਾ ਰੋਗ ਦਵਾਈ ਖਾਣ ਨਾਲ ਹੀ ਦੂਰ ਹੋਣਾ ਹੈ ਨਾ ਕਿ ਕਿਸੇ ਜਗ੍ਹਾ ’ਤੇ ਮੱਥੇ ਟੇਕਣ ਨਾਲ।
ਅਪਣਾ ਅੱਜ ਦਾ ਵਿਸ਼ਾ ਸੀ ਗੁਰਬਾਣੀ ਵਿਚ ਆਏ ਉਨ੍ਹਾਂ ਸ਼ਬਦਾਂ ਦਾ ਅਸਲ ਸੱਚ ਸਮਝਣਾ ਜਿਸ ਬਾਰੇ ਸਾਡੇ ਮਨਾਂ ਅੰਦਰ ਭਰਮ-ਭੁਲੇਖੇ ਪੈਦਾ ਕਰ ਦਿਤੇ ਗਏ ਹਨ। ਇਨ੍ਹਾਂ ਸ਼ਬਦਾਂ ਦੇ ਅਸਲ ਅਰਥ ਕੁੱਝ ਹੋਰ ਹਨ ਤੇ ਸਾਨੂੰ ਦੱਸੇ ਕੁੱਝ ਹੋਰ ਗਏ ਹਨ। ਝੂਠੀਆਂ ਕਹਾਣੀਆਂ ਨਾਲ ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ਨੂੰ ਜੋੜ ਕੇ ਸ਼ਰ੍ਹੇਆਮ ਸਿੱਖਾਂ ਨੂੰ ਮਹਾ ਮੁਰਖ ਬਣਾਇਆ ਗਿਆ ਹੈ।
ਸਿੱਖ ਰੋਜ਼ ਹੀ ਪੜ੍ਹਦੇ ਤਾਂ ਹਨ ਕਿ “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ” (ਜਪੁ ਜੀ ਸਾਹਿਬ) ਪਰ ਗੁਰੂ ਤੋਂ ਸਿਖਿਆ ਲੈ ਕੇ ਇਨ੍ਹਾਂ ਰਤਨਾਂ ਦੀ ਇਨ੍ਹਾਂ ਜਵਾਹਰ ਤੇ ਮਾਣਕਾਂ ਦੀ ਵਰਤੋਂ ਕਦੇ ਨਹੀਂ ਕਰਦੇ। ਖ਼ੈਰ! ਅਪਣਾ ਅੱਜ ਦਾ ਸ਼ਬਦ ਹੈ ‘ਸਿਰੀਰਾਗੁ’ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੰਨਾ ਨੰਬਰ 91 ਉਪਰ ਉਚਾਰਨ ਕੀਤਾ ਸ਼ਬਦ, “ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥’’ ਇਸ ਸ਼ਬਦ ਅੰਦਰ ਸੱਭ ਤੋਂ ਪਹਿਲਾ ਸਾਨੂੰ ਸਮਝਣਾ ਹੋਵੇਗਾ ਕਿ ਪ੍ਰਤੀਕਵਾਦ ਕੀ ਹੁੰਦਾ ਹੈ? ਜਿਵੇਂ ਕਾਂ, ਬੰਗਲਾ ਅਤੇ ਹੰਸੁ ਤਿੰਨੇ ਪੰਛੀ ਹਨ ਤੇ ਇਹ ਤਿੰਨੇ ਹੀ ਉੱਡਣ ਦੀ ਤਾਕਤ ਰਖਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਡਾ ਮਨ ਉਡਾਰੀਆਂ ਮਾਰਦਾ ਹੈ, ਇਹ ਪਲਾਂ ’ਚ ਹੀ ਸਾਰੇ ਦਿਨ ਦਾ ਟਾਈਮ ਟੇਬਲ ਫ਼ਿਕਸ ਕਰ ਦਿੰਦਾ ਹੈ। ਅੱਜ ਮੈਂ ਆਹ ਕਰਾਂਗਾ, ਅੱਜ ਮੈਂ ਉਹ ਕਰਾਂਗਾ। ਕਈ ਚੰਗੇ ਅਤੇ ਮਾੜੇ ਕੰਮ ਕਰਦਾ ਹੋਇਆ ਮਨੁੱਖੀ ਮਨ ਅਪਣਾ ਦਿਨ ਬਤੀਤ ਕਰਦਾ ਹੈ।
ਇਨ੍ਹਾਂ ਚੰਗੇ ਅਤੇ ਮੰਦੇ ਕਰਮਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਾਂ ਅਤੇ ਹੰਸ ਦੇ ਪ੍ਰਤੀਕ ਵਜੋਂ ਲਿਆ, ਜਿਵੇਂ ਅਸੀ ਜਪੁਜੀ ਸਾਹਿਬ ਜੀ ਦੀ ਬਾਣੀ ਵਿਚ ਰੋਜ਼ ਹੀ ਪੜ੍ਹਦੇ ਹਾਂ ਕਿ ਸਾਡੀ ਮਤ ’ਚ ਰਤਨ ਜਵਾਹਰ ਤੇ ਮਾਣਕ ਮੋਤੀ ਹਨ, ਹੁਣ ਮਨੁੱਖ ਦਾ ਦਿਮਾਗ਼ ਤਾਂ ਹੱਡ ਮਾਸ ਆਦਿ ਦਾ ਬਣਿਆ ਹੁੰਦਾ ਹੈ, ਇਸ ਅੰਦਰ ਬਾਹਰ ਵਾਲੇ ਮੋਤੀ ਜਵਾਹਰ ਮਾਣਕ ਥੋੜਾ ਨਾ ਹੁੰਦੇ ਨੇ।
ਰਤਨ ਜਵਾਹਰ ਮਾਣਕ ਬਹੁਤ ਹੀ ਕੀਮਤੀ ਧਾਤ ਦੀਆਂ ਬਣੀਆਂ ਵਸਤੂਆਂ ਹਨ ਜਿਨ੍ਹਾਂ ਨੂੰ ਪ੍ਰਤੀਕ ਵਜੋਂ ਵਰਤਿਆ ਗਿਆ ਹੈ। ਸਾਨੂੰ ਸਮਝਾਉਣ ਲਈ, ਚੰਗੇ ਵਿਚਾਰ ਰਤਨ ਹਨ, ਉੱਚੀ ਮੱਤ ਜਵਾਹਰ ਹਨ, ਸਿਆਣਪ ਅਤੇ ਚੰਗੀ ਅਕਲ ਮਾਣਕ ਹਨ। ਇਨ੍ਹਾਂ ਦੀ ਵਰਤੋਂ ਕਰ ਕੇ ਮਨੁੱਖ ਅਪਣਾ ਜੀਵਨ ਸੋਹਣਾ ਤੇ ਅਨੰਦਮਈ ਬਣਾ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਗੁਰੂ ਦੀ ਮਤ ’ਤੇ ਤੁਰੇਗਾ, ਗੁਰੂ ਦੀ ਕਹੀ ਗੱਲ ’ਤੇ ਅਮਲ ਕਰੇਗਾ, ਉਸ ਦੀ ਕਾਂ ਰੂਪੀ ਮਾੜੀ ਬਿਰਤੀ ਹੰਸ ਰੂਪੀ ਚੰਗੀ ਬਿਰਤੀ ਵਿਚ ਬਦਲ ਜਾਵੇਗੀ ਤੇ ਸਾਡੇ ਗੁਰੂ ਸਾਹਿਬ ਵੀ ਇਹੀ ਚਾਹੁੰਦੇ ਸਨ ਕਿ ਮਨੁੱਖ ਮਾੜੇ ਕੰਮਾਂ ਤੋਂ ਚੰਗੇ ਕੰਮਾਂ ਵਲ ਮੁੜੇ। ਉਹ ਕਾਂ ਨਾ ਬਣਨ ਬਲਕਿ ਹੰਸ ਬਣਨ।
ਕੁਦਰਤੀ ਨਿਯਮਾਂ ਅਨੁਸਾਰ ਰਹਿੰਦੀ ਦੁਨੀਆਂ ਤਕ ਕੋਈ ਵੀ ਕਾਂ ਪੰਛੀ ਅਪਣਾ ਰੂਪ ਬਦਲ ਕੇ ਹੰਸ ਨਹੀਂ ਬਣ ਸਕਦਾ ਤੇ ਨਾ ਹੀ ਇਤਿਹਾਸ ਵਿਚ ਕਦੇ ਇਸ ਤਰ੍ਹਾਂ ਹੋਇਆ ਹੈ। ਹਾਂ ਜਿਨ੍ਹਾਂ ਵਿਚ ਅੰਨ੍ਹੀ ਸ਼ਰਧਾ ਅਤੇ ਅੰਧ ਵਿਸ਼ਵਾਸ ਹੈ, ਉਨ੍ਹਾਂ ਲਈ ਕੁਦਰਤੀ ਨਿਯਮਾਂ ਦੇ ਉਲਟ ਕੁੱਝ ਵੀ ਹੋ ਸਕਦਾ ਹੈ। ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ ਕਿ ਇਸ ਝੂਠੀ ਕਹਾਣੀ ਨੂੰ ਲੈ ਕੇ ਇਕ ਫ਼ਿਲਮ ਵੀ ਬਣਾ ਦਿਤੀ ਗਈ ਹੈ। ਮੈਂ ਤਾਂ ਅਜਿਹੀਆਂ ਫ਼ਿਲਮਾਂ ਬਣਾਉਣ ਵਾਲਿਆਂ ਨੂੰ ਸ਼ਰੇ੍ਹਆਮ ਚੈਲੰਜ ਕਰ ਕੇ ਆਖਦਾ ਹਾਂ ਕਿ ਤੁਸੀ ਜਿੰਨੀਆਂ ਮਰਜ਼ੀ ਫ਼ਿਲਮਾਂ ਬਣਾ ਕੇ ਲੋਕਾਈ ਨੂੰ ਅੰਧ ਵਿਸ਼ਵਾਸ ਦੇ ਹਨੇਰੇ ਵਿਚ ਸੁੱਟੋ ਪਰ ਅਸੀ ਗੁਰਬਾਣੀ ਗਿਆਨ ਦੇ ਚਾਨਣ ਨਾਲ ਉਨ੍ਹਾਂ ਨੂੰ ਫਿਰ ਬਾਹਰ ਕੱਢ ਲਿਆਵਾਂਗੇ।
ਮੇਰੀ ਇਸ ਲਿਖਤ ਨੂੰ ਹਜ਼ਾਰਾਂ ਹੀ ਸਿੱਖ, ਹਿੰਦੂ, ਮੁਸਲਮਾਨ ਪੜ੍ਹਨਗੇ ਜਿਹੜੇ ਇਸ ਲੇਖ ਨੂੰ ਪੜ੍ਹਨਗੇ ਘੱਟੋ ਘੱਟ ਉਹ ਤਾਂ ਮੇਰੇ ਨਾਲ ਹੀ ਹੋਣਗੇ। ਮੰਨਿਆ ਕਿ ਤੁਹਾਡੇ ਕੋਲ ਪੈਸਾ ਹੈ, ਪਾਵਰ ਹੈ, ਤੁਸੀ ਕੁੱਝ ਵੀ ਕਰ ਸਕਦੇ ਹੋ ਪਰ ਮੇਰੇ ਕੋਲ ਵੀ ਗੁਰਬਾਣੀ ਦਾ ਓਟ ਆਸਰਾ ਅਤੇ ਸ. ਜੋਗਿੰਦਰ ਸਿੰਘ ਦਾ ਥਾਪੜਾ ਮੇਰੇ ਨਾਲ ਹੈ। ਮੈਂ ਸਪੋਕਸਮੈਨ ਅਖ਼ਬਾਰ ਰਾਹੀ ਸੱਚਾ ਇਤਿਹਾਸ ਪੂਰੀ ਦੁਨੀਆਂ ਤਕ ਪਹੁੰਚਾ ਸਕਦਾ ਹਾਂ।
ਝੂਠੀਆਂ ਸਾਖੀਆਂ ਤੇ ਫ਼ਿਲਮਾਂ ਬਣਾਉਣ ਵਾਲਿਆਂ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਹੈ, ਮੈਂ ਤਾਂ ਇਹ ਸੋਚਦਾ ਹਾਂ ਕਿ ਪੁਜਾਰੀ ਲਾਣੇ ਨੇ ਸੱਚ ਉਨ੍ਹਾਂ ਤਕ ਪਹੁੰਚਾਉਣ ਹੀ ਨਹੀਂ ਦਿਤਾ। ਕਹਿੰਦੇ ਨੇ ਝੂਠ ਦੇ ਪੈਰ ਨਹੀਂ ਹੁੰਦੇ। ਮੈਂ ਇਕ ਵੀਡੀਉ ਵੇਖੀ ਜਿਸ ਵਿਚ ਇਕ ਪ੍ਰਵਾਰ, ਫ਼ਿਲਮ ਬਣਾਉਣ ਵਾਲੀ ਪੂਰੀ ਟੀਮ ਨੂੰ ਦੱਸ ਰਿਹਾ ਸੀ ਕਿ ਦੁੱਖ ਭੰਜਨੀ ਬੇਰੀ ਹੇਠ ਇਸ਼ਨਾਨ ਕਰਨ ਨਾਲ ਉਨ੍ਹਾਂ ਦਾ ਪੁੱਤਰ ਭਿਆਨਕ ਬਿਮਾਰੀ ਤੋਂ ਠੀਕ ਹੋ ਗਿਆ ਪਰ ਇਸੇ ਫ਼ਿਲਮ ਵਿਚ ਮੁੱਖ ਭੂਮਿਕਾ ਕਰਨ ਵਾਲੇ ਦਾ ਪੁੱਤਰ ਵੀ ਬਹੁਤ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ, ਉਸ ਨੇ ਖ਼ੁਦ ਇਕ ਵੀਡੀਉ ’ਚ ਦਸਿਆ ਕਿ ਮੈਂ ਅਪਣੇ ਪੁੱਤਰ ਨੂੰ ਕਿਹਾ ਕਿ ਤੂੰ ਅਪਣੀ ਬਿਮਾਰੀ ਦਾ ਇਲਾਜ ਚੰਗੇ ਤੋਂ ਚੰਗੇ ਡਾਕਟਰ ਕੋਲੋਂ ਕਰਵਾ ਤੇ ਵਧੀਆ ਤੋਂ ਵਧੀਆ ਦਵਾਈ ਲੈ ਤੇ ਉਸ ਦਾ ਪੁੱਤਰ ਅੱਜ ਨੋਂ ਬਰ ਨੌਂ ਹੈ।
ਉਹ ਵੀ ਚੰਗੇ ਡਾਕਟਰਾਂ ਦੀ ਮਿਹਰਬਾਨੀ ਸਦਕਾ ਨਾਕਿ ਕਿਸੇ ਪਾਣੀ ਦੇ ਸੋਮੇ ਵਿਚ ਇਸ਼ਨਾਨ ਕਰਨ ਨਾਲ। ਗੁਰੂ ਨਾਨਕ ਜੀ ਇਸ ਸ਼ਬਦ ਵਿਚ ਦਸਦੇ ਹਨ ਕਿ ‘‘ਹੇ ਭਾਈ! ਜਿਹੜਾ ਮਨੁੱਖ ਅਪਣੇ ਗੁਰੂ ਦੇ ਦੱਸੇ ਹੋਏ ਰਾਹ ’ਤੇ ਚਲਦਾ ਹੈ, ਉਸ ਦੀ ਬਗੁਲਾ ਬਿਰਤੀ (ਪਖੰਡੀ ਬਿਰਤੀ, ਠੰਗਣ ਵਾਲੀ ਬਿਰਤੀ) ਦੂਰ ਹੋ ਜਾਂਦੀ ਹੈ, ਉਸ ਦਾ ਹੰਸ (ਭਾਵ ਚੰਗੀ ਸੋਚ ਵਾਲਾ) ਬਣਨਾ ਕੀ ਮੁਸ਼ਕਲ ਕੰਮ ਹੈ। ਹੇ ਨਾਨਕ! ਜੇ ਪ੍ਰਭੂ ਚਾਹੇ ਤਾਂ ਅੰਦਰੋ ਗੰਦੇ ਆਚਰਨ ਵਾਲੇ (ਕਾਂ ਰੂਪੀ ਮਨੁੱਖ ਨੂੰ) ਵੀ ਚੰਗੀ ਸੋਚ ਵਾਲਾ ਹੰਸ ਬਣਾ ਦਿੰਦਾ ਹੈ।
ਸ. ਜੋਗਿੰਦਰ ਸਿੰਘ ਜੀ ਕਿਹਾ ਕਰਦੇ ਸਨ ਕਿ ਸਭ ਤੋਂ ਵੱਧ ਝੂਠ ਪੁਜਾਰੀ ਹੀ ਫੈਲਾਉਦਾ ਹੈ। ਪੁਜਾਰੀ ਨੇ ਕਦੇ ਤੁਹਾਨੂੰ ਸੱਚ ਨਹੀ ਦਸਣਾ ਕਿਉਂਕਿ ਉਸ ਦੀ ਦੁਕਾਨਦਾਰੀ ਹੀ ਝੂਠ ’ਤੇ ਚਲਦੀ ਹੈ। ਜੇ ਉਸ ਨੇ ਤੁਹਾਨੂੰ ਸੱਚ ਦਿਤਾ ਤਾਂ ਤੁਸੀ ਉਸ ਦੀ ਗੋਲਕ ਭਰਨੀ ਬੰਦ ਕਰ ਦੇਣੀ ਹੈ। ਗੁਰੂ ਨਾਨਕ ਸਾਹਿਬ ਦੀ ਸਮੁੱਚੀ ਹੀ ਬਾਣੀ ਪੁਜਾਰੀ ਲਾਣੇ ਨੂੰ ਲਾਹਨਤਾਂ ਪਾਉਂਦੀ ਹੈ।
ਮੈਂ ਤਾਂ ਆਪ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਤੁਸੀ ਵੱਧ ਤੋਂ ਵੱਧ ਗੁਰਬਾਣੀ ਜ਼ਰੂਰ ਪੜ੍ਹੋ, ਅਪਣਾ ਇਤਿਹਾਸ ਪੜ੍ਹੋ। ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਸਹਿਜ ਪਾਠ ਕਰਨ ਲਈ ਚਾਹੀਦੀਆਂ ਹਨ ਤਾਂ ਤੁਸੀ ਇਹ ਸਾਡੇ ਪਾਸੋਂ ਬਿਲਕੁਲ ਮੁਫ਼ਤ, ਭੇਟਾ ਰਹਿਤ ਪ੍ਰਾਪਤ ਕਰ ਸਕਦੇ ਹੋ। ਇਹ ਸਾਰੀ ਸੇਵਾ ਗਿਆਨ ਸਿੰਘ ਜੀ ਮਿਨਹਾਸ (ਰਿਟਾਇਰ ਪੰਜਾਬ ਪੁਲਿਸ) ਵਲੋਂ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ। ਸੋ ਆਉ ਮੇਰੇ ਵੀਰੋ-ਭੈਣੋ, ਅੰਨ੍ਹੀ ਸ਼ਰਧਾ ਅਤੇ ਅੰਨ੍ਹੇ ਵਿਸ਼ਵਾਸ ਨੂੰ ਛੱਡ ਕੇ ਅੱਜ ਤੋਂ ਹੀ ਗੁਰਬਾਣੀ ਪੜ੍ਹਨੀ ਸ਼ੁਰੂ ਕਰੀਏ।