ਜਦ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਸਾਡੇ ਤੇ ਡਾਂਗਾਂ ਨਾਲ ਹਮਲਾ ਕਰਕੇ ਛੱਲੀਆਂ ਵਾਂਗ ਕੁੱਟਿਆ
Published : Nov 16, 2020, 7:58 am IST
Updated : Nov 16, 2020, 7:58 am IST
SHARE ARTICLE
file photo
file photo

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ।

ਮੁਹਾਲੀ: ਸ਼੍ਰੋਮਣੀ ਕਮੇਟੀ ਦੀ ਪ੍ਰਿਟਿੰਗ ਪ੍ਰੈੱਸ (ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁ. ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ) 'ਚੋਂ ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਗਏ 16 ਅਧਿਕਾਰੀਆਂ ਅਤੇ ਮੁਲਾਜ਼ਮਾਂ 'ਤੇ ਪਰਚਾ ਦਰਜ ਕਰਵਾਉਣ ਅਤੇ ਗੁਰਬਾਣੀ ਦੇ ਅਦਬ-ਸਤਿਕਾਰ ਦੀ ਬਹਾਲੀ ਲਈ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ (ਸ੍ਰੀ ਅੰਮ੍ਰਿਤਸਰ) ਦੇ ਸਾਹਮਣੇ 41 ਦਿਨਾਂ ਤੋਂ ਸ਼ਾਂਤਮਈ ਮੋਰਚਾ ਲਾਈ ਬੈਠੇ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਸੰਗਤਾਂ 'ਤੇ 24 ਅਕਤੂਬਰ 2020 ਨੂੰ ਸ਼੍ਰੋਮਣੀ ਕਮੇਟੀ ਦੇ ਲੱਠਮਾਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਜੋ ਜ਼ੁਲਮ, ਕਹਿਰ ਅਤੇ ਤਸ਼ੱਦਦ ਕੀਤਾ ਉਹ ਸਾਰਾ ਖ਼ੌਫ਼ਨਾਕ ਦ੍ਰਿਸ਼ ਮੈਂ ਅਪਣੇ ਅੱਖੀਂ ਵੇਖਿਆ ਤੇ ਪਿੰਡੇ 'ਤੇ ਹੰਢਾਇਆ ਹੈ। ਸੱਚਮੁੱਚ ਉਸ ਦਿਨ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ 'ਚ ਨਰੈਣੂ ਮਹੰਤ ਦੀ ਪਾਪੀ ਰੂਹ ਵੜ ਗਈ ਸੀ ਤੇ ਤਕਰੀਬਨ 100 ਸਾਲਾਂ ਬਾਅਦ ਨਨਕਾਣਾ ਸਾਹਿਬ ਵਾਲਾ ਸਾਕਾ ਮੁੜ ਦੁਹਰਾਇਆ ਗਿਆ।

Akal Takht SahibAkal Takht Sahib

ਸ਼੍ਰੋਮਣੀ ਕਮੇਟੀ ਦੇ 3500 ਲੱਠਮਾਰ ਅਤੇ ਸਿਰੇ ਦੇ ਬੇ-ਤਰਸ ਮੁਲਾਜ਼ਮਾਂ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿਤੀਆਂ ਤੇ ਪਾਵਨ ਸਰੂਪਾਂ ਦਾ ਹਿਸਾਬ ਮੰਗਦੇ 15 ਸਿੱਖਾਂ ਨੂੰ ਡਾਂਗਾਂ-ਸੋਟਿਆਂ ਨਾਲ ਛੱਲੀਆਂ ਵਾਂਗ ਕੁੱਟਿਆ ਤੇ ਕਿਰਪਾਨਾਂ ਨਾਲ ਵਢਿਆ। ਸ਼੍ਰੋਮਣੀ ਕਮੇਟੀ ਦਾ ਦਫ਼ਤਰ ਉਸ ਦਿਨ ਬੁੱਚੜਖਾਨਾ (ਤਸੀਹਾ ਕੇਂਦਰ) ਤੇ ਉਨ੍ਹਾਂ ਦੇ ਮੁਲਾਜ਼ਮ ਕਸਾਈ-ਬੁੱਚੜ ਬਣ ਚੁਕੇ ਸਨ। ਮੋਰਚੇ ਵਾਲੀ ਜਗ੍ਹਾ ਤੋਂ ਖਿੱਚ-ਖਿੱਚ ਕੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਲ ਲਿਜਾਇਆ ਜਾ ਰਿਹਾ ਸੀ ਤੇ ਅੰਦਰ ਵਾੜ ਕੇ ਸਿੱਖਾਂ 'ਤੇ ਜ਼ੁਲਮ ਅਤੇ ਤਸ਼ੱਦਦ ਕੀਤਾ ਜਾ ਰਿਹਾ ਸੀ। ਤਕਰੀਬਨ ਸ਼੍ਰੋਮਣੀ ਕਮੇਟੀ ਦੇ ਸੌ-ਸੌ ਮੁਲਾਜ਼ਮ ਇਕ-ਇਕ ਸਿੱਖ ਨੂੰ ਡਾਂਗਾਂ-ਸੋਟਿਆਂ ਨਾਲ ਬੜੀ ਬੁਰੀ ਤਰ੍ਹਾਂ ਕੁੱਟ ਰਹੇ ਸਨ ਤੇ ਕਸਾਈਆਂ ਵਾਂਗ ਕੋਹ ਰਹੇ ਸਨ ਤੇ ਉਨ੍ਹਾਂ ਦੇ ਕੇਸਾਂ-ਦਸਤਾਰਾਂ ਦੀ ਘੋਰ ਬੇਅਦਬੀ ਕਰ ਰਹੇ ਸਨ।
ਸੱਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਫ਼ੋਰਸ ਅਤੇ ਮੁਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੁੱਖ ਆਗੂ ਭਾਈ ਸੁਖਜੀਤ ਸਿੰਘ ਖੋਸੇ 'ਤੇ ਬੇਤਹਾਸ਼ਾ ਕਹਿਰ ਕਮਾਇਆ, ਉਨ੍ਹਾਂ ਦੀ ਦਸਤਾਰ ਲਾਹੀ, ਕੇਸਾਂ ਤੋਂ ਫੜ-ਫੜ ਕੇ ਘੜੀਸਿਆ ਤੇ ਡਾਂਗਾਂ-ਸੋਟਿਆਂ ਨਾਲ ਕੁਟਿਆ ਤੇ ਉਨ੍ਹਾਂ ਤੋਂ ਬਾਅਦ ਵਾਰੀ ਫਿਰ ਦੂਜੇ ਸਿੱਖਾਂ ਦੀ ਆ ਗਈ।

SGPCSGPC

ਦੁਪਹਿਰ ਪੌਣੇ ਕੁ ਦੋ ਵਜੇ ਦਾ ਸਮਾਂ ਸੀ। ਮੈਂ ਅਪਣੇ ਮੋਬਾਈਲ ਫ਼ੋਨ ਤੋਂ ਮੋਰਚੇ ਦੇ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਿਚਾਲੇ ਚਲ ਰਹੇ ਤਣਾਅ 'ਤੇ ਗੱਲਬਾਤ ਦੀ ਫ਼ੇਸਬੁੱਕ 'ਤੇ ਲਾਈਵ ਵੀਡੀਉ ਬਣਾ ਰਿਹਾ ਸੀ। ਉਸੇ ਦੌਰਾਨ ਹੀ ਸ਼੍ਰੋਮਣੀ ਕਮੇਟੀ ਦੇ ਇਕ ਮੁਲਾਜ਼ਮ (ਜਿਸ ਨੇ ਅਪਣੀ ਪਛਾਣ ਛੁਪਾਉਣ ਲਈ ਮੂੰਹ 'ਤੇ ਰੁਮਾਲ ਬੰਨ੍ਹਿਆ ਹੋਇਆ ਸੀ) ਨੇ ਮੇਰੇ ਤੋਂ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਖੋਹਿਆ ਨਾ ਗਿਆ। ਫਿਰ 6-7 ਮੁਲਾਜ਼ਮ ਮੇਰੇ ਹੱਥੋਂ ਫ਼ੋਨ ਖੋਹਣ ਲੱਗ ਪਏ ਪਰ ਮੇਰੇ ਹੱਥ 'ਚ ਮੋਬਾਈਲ ਦੀ ਪਕੜ ਮਜ਼ਬੂਤ ਹੋਣ ਕਰ ਕੇ ਉਹ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਫ਼ੋਨ ਖੋਹ ਨਾ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੇ ਅਪਣੇ ਬਾਕੀ ਮੁਲਾਜ਼ਮਾਂ ਨੂੰ ਆਵਾਜ਼ ਮਾਰੀ ਕਿ “ਫੜ ਲੌ ਇਹਨੂੰ ਸਾਲੇ ਨੂੰ!” ਜਦ ਉਹ ਇਕਦਮ ਕਿਰਪਾਨਾਂ-ਡਾਂਗਾਂ ਨਾਲ ਲੈਸ ਹੋਏ ਮੁਲਾਜ਼ਮ ਮੇਰੇ ਵੱਲ ਵਧੇ ਤਾਂ ਮੈਂ ਅਪਣੀ ਸੁਰੱਖਿਆ ਲਈ ਅਪਣਾ ਖੰਜਰ (ਸ਼ਸਤਰ) ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸੇ ਵੇਲੇ ਹੀ 25-30 ਮੁਲਾਜ਼ਮਾਂ ਨੇ ਮੈਨੂੰ ਘੇਰ ਲਿਆ ਤੇ ਮੇਰੀਆਂ ਬਾਹਵਾਂ ਫੜ ਲਈਆਂ। ਉਸੇ ਦੌਰਾਨ ਹੀ ਕਿਸੇ ਮੁਲਾਜ਼ਮ ਨੇ ਮੇਰੇ ਤੋਂ ਫ਼ੋਨ ਖੋਹ ਲਿਆ ਤੇ ਮੇਰਾ ਗਾਤਰਾ ਵੀ ਤੋੜ ਦਿਤਾ, ਜਿਸ ਕਰ ਕੇ ਖੰਜਰ ਥੱਲੇ ਡਿੱਗ ਪਿਆ।

SGPC SGPC

ਜਦ ਇਹ ਘਟਨਾ ਮੇਰੇ ਨਾਲ ਵਾਪਰੀ ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਮਹਿੰਦਰ ਸਿੰਘ ਆਹਲੀ (ਸਕੱਤਰ), ਸੁਖਦੇਵ ਸਿੰਘ ਭੂਰਾ ਕੋਹਨਾ (ਵਧੀਕ ਸਕੱਤਰ), ਅਜਾਇਬ ਸਿੰਘ ਅਭਿਆਸੀ (ਮੈਂਬਰ ਧਰਮ ਪ੍ਰਚਾਰ ਕਮੇਟੀ), ਬਿਜੈ ਸਿੰਘ (ਮੁਅੱਤਲ ਮੀਤ ਸਕੱਤਰ) ਅਤੇ ਸੁਰਜੀਤ ਸਿੰਘ ਭਿੱਟੇਵਿੰਡ (ਮੈਂਬਰ) ਆਦਿ ਨੇੜੇ ਖੜੇ ਸਨ ਜੋ ਮੋਰਚੇ ਦੇ ਆਗੂਆਂ (ਭਾਈ ਬਲਬੀਰ ਸਿੰਘ ਮੁੱਛਲ, ਭਾਈ ਮਨਜੀਤ ਸਿੰਘ ਝਬਾਲ ਅਤੇ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ) ਨੂੰ ਮੋਰਚਾ ਚੁੱਕਣ ਲਈ ਕਹਿ ਰਹੇ ਸਨ ਕਿ “ਜਾਂ ਤਾਂ ਹੁਣ ਅਪਣਾ ਧਰਨਾ-ਧੁਰਨਾ ਚੁੱਕ ਲਉ, ਜਾਂ ਫਿਰ ਹਸ਼ਰ ਭੁਗਤਣ ਲਈ ਤਿਆਰ ਹੋ ਜਾਉ।” ਖਿੱਚ-ਧੂਹ ਕਰਦਿਆਂ ਅਤੇ ਮੇਰੇ ਲੱਕ ਤੇ ਬਾਹਵਾਂ 'ਤੇ ਘਸੁੰਨ-ਮੁੱਕੇ ਮਾਰਦਿਆਂ 25-30 ਮੁਲਾਜ਼ਮ ਮੈਨੂੰ ਮੋਰਚੇ ਵਾਲੇ ਬਰਾਂਡੇ ਤੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਲ ਨੂੰ ਲੈ ਗਏ। ਦਫ਼ਤਰ ਅੰਦਰ ਵੜਦਿਆਂ ਹੀ ਮੁਲਾਜ਼ਮਾਂ ਨੇ ਮੇਰੀ ਦਸਤਾਰ ਪਿਛੋਂ ਖਿੱਚ ਕੇ ਲਾਹ ਦਿਤੀ। ਮੇਰੀਆਂ ਬਾਹਵਾਂ ਉਨ੍ਹਾਂ ਵਲੋਂ ਫੜੀਆਂ ਹੋਣ ਕਰ ਕੇ ਮੈਂ ਅਪਣੀ ਦਸਤਾਰ ਨਹੀਂ ਬਚਾ ਸਕਿਆ ਤੇ ਕੇਸਕੀ ਵੀ ਉਤਰ ਗਈ। ਮੇਰਾ ਕੰਘਾ ਵੀ ਡਿੱਗ ਪਿਆ ਤੇ ਕੇਸ ਖੁੱਲ੍ਹ ਗਏ।

dastarTurban

ਫਿਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ 50-60 ਦੇ ਕਰੀਬ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਮੇਰੇ 'ਤੇ ਡਾਂਗਾਂ-ਸੋਟੇ ਵਰ੍ਹਾਉਣੇ ਸ਼ੁਰੂ ਕਰ ਦਿਤੇ। ਐਹੋ ਜਿਹਾ ਖ਼ੌਫ਼ਨਾਕ ਅਤੇ ਰੂਹ-ਕੰਬਾਊ ਦ੍ਰਿਸ਼ ਮੈਂ ਪਹਿਲਾਂ ਕਦੇ  ਵੇਖਿਆ ਜਾਂ ਅਪਣੇ ਪਿੰਡੇ 'ਤੇ ਹੰਢਾਇਆ ਨਹੀਂ ਸੀ। ਕੋਈ ਡਾਂਗ ਮੇਰੇ ਸਿਰ 'ਚ ਵੱਜ ਰਹੀ ਸੀ, ਕੋਈ ਲੱਕ 'ਚ ਤੇ ਕੋਈ ਲੱਤਾਂ 'ਚ। ਬਹੁਤ ਸਾਰੀਆਂ ਡਾਂਗਾਂ ਮੁਲਾਜ਼ਮਾਂ ਨੇ ਮੇਰੇ ਮੂੰਹ ਅਤੇ ਸਿਰ 'ਚ ਮਾਰੀਆਂ। ਨੰਗੇ ਸਿਰ 'ਚ ਜ਼ੋਰ ਨਾਲ ਡਾਂਗਾਂ ਵੱਜਣ ਕਾਰਨ ਮੇਰਾ ਸਿਰ ਚਕਰਾ ਗਿਆ ਤੇ ਮੈਂ ਥੱਲੇ ਡਿੱਗ ਪਿਆ ਤੇ ਡਿਗਦਿਆਂ ਸਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਮੇਰੇ 'ਤੇ ਡਾਂਗਾਂ ਦੀ ਝੜੀ ਲਾ ਦਿਤੀ। ਇਹ ਸਾਰੀਆਂ ਡਾਂਗਾਂ ਮੇਰੇ ਲੱਕ ਅਤੇ ਲੱਤਾਂ 'ਚ ਵੱਜ ਰਹੀਆਂ ਸਨ, ਜਿਸ ਨਾਲ ਮੈਂ ਬੁੜਕ-ਬੁੜਕ ਕੇ ਉੱਠ ਰਿਹਾ ਸੀ ਤੇ 'ਵਾਹਿਗੁਰੂ-ਵਾਹਿਗੁਰੂ' ਜਪ ਰਿਹਾ ਸੀ। ਮੈਂ ਮਿਆਨ 'ਚੋਂ ਅਪਣੀ ਛੋਟੀ ਟਕਸਾਲੀ ਕਿਰਪਾਨ (9 ਇੰਚੀ) ਕੱਢੀ ਪਰ ਉਹ ਦੂਰ ਤਕ ਮਾਰ ਨਾ ਕਰ ਸਕੀ ਤੇ ਉਨ੍ਹਾਂ ਨੇ ਮੇਰੇ ਹੱਥ 'ਤੇ ਡਾਂਗਾਂ ਮਾਰ-ਮਾਰ ਕੇ ਉਹ ਕਿਰਪਾਨ ਵੀ ਸੁੱਟ ਦਿਤੀ। ਹੁਣ ਮੈਂ ਬਿਲਕੁਲ ਨਿਹੱਥਾ ਸੀ। ਮੈਨੂੰ ਏਦਾਂ ਲੱਗ ਰਿਹਾ ਸੀ ਕਿ ਮੈਂ ਬੜੇ ਵੱਡੇ ਜ਼ਾਲਮ, ਦਰਿੰਦੇ ਅਤੇ ਖ਼ੂੰਖ਼ਾਰ ਲੋਕਾਂ ਦੇ ਹੱਥ ਆ ਗਿਆ ਹਾਂ ਤੇ ਇਹ ਮੈਨੂੰ ਕੁੱਟ-ਕੁੱਟ ਕੇ ਮਾਰ ਹੀ ਦੇਣਗੇ। ਇੰਝ ਲਗਦਾ ਸੀ ਕਿ ਸ਼ਾਇਦ ਮੈਨੂੰ ਕੋਈ ਜਾਣਕਾਰ ਅਧਿਕਾਰੀ ਜਾਂ ਮੁਲਾਜ਼ਮ ਇਨ੍ਹਾਂ ਹੱਥੋਂ ਛੁਡਵਾਉਣ ਦਾ ਯਤਨ ਕਰੇਗਾ ਪਰ ਸੌ-ਡੇਢ ਸੌ ਬੰਦੇ ਆਸੇ-ਪਾਸੇ ਖੜੇ ਸੱਭ ਤਮਾਸ਼ਾ ਵੇਖ ਰਹੇ ਸਨ ਤੇ ਕਈ ਬਿਲਡਿੰਗਾਂ ਉਪਰੋਂ ਝਾਕ ਰਹੇ ਸਨ, ਕੋਈ ਨਾ ਅੱਗੇ ਆਇਆ।

photophoto

ਇਸੇ ਦੌਰਾਨ ਹੀ ਇਕ ਮੁਲਾਜ਼ਮ ਨੇ ਮੇਰੇ 'ਤੇ ਕਿਰਪਾਨ ਵਰ੍ਹਾਉਣੀ ਸ਼ੁਰੂ ਕਰ ਦਿਤੀ। ਉਸ ਕਿਰਪਾਨ ਦੀ ਮਾਰ ਤੋਂ ਬਚਣ ਲਈ ਮੈਂ ਫ਼ਰਸ਼ 'ਤੇ ਇਧਰ-ਉਧਰ ਨੂੰ ਬੜੇ ਲੇਟੇ ਖਾਧੇ। ਚਾਰੇ ਪਾਸਿਉਂ ਡਾਂਗਾਂ ਅਤੇ ਇਕ ਪਾਸਿਉਂ ਕਿਰਪਾਨ ਤੋਂ ਬਚਾਅ ਕਰਨਾ ਮੇਰੇ ਲਈ ਬਹੁਤ ਔਖਾ ਸੀ। ਸ਼੍ਰੋਮਣੀ ਕਮੇਟੀ ਦੇ ਉਸ ਮੁਲਾਜ਼ਮ ਨੇ ਹੱਥ 'ਚ ਫੜੀ ਵੱਡੀ ਕਿਰਪਾਨ ਮੇਰੀ ਖੱਬੀ ਬਾਂਹ ਉਤੇ ਅਤੇ ਲੱਕ 'ਚ ਮਾਰ ਦਿਤੀ ਪਰ ਕਿਰਪਾਨ ਦੀ ਧਾਰ ਜ਼ਿਆਦਾ ਤਿੱਖੀ ਨਾ ਹੋਣ ਕਰ ਕੇ ਬਹੁਤਾ ਡੂੰਘਾ ਜਖ਼ਮ ਨਾ ਕਰ ਸਕੀ ਤੇ ਗੁੱਝੀਆਂ ਸੱਟਾਂ ਮਾਰ ਗਈ ਅਤੇ ਮਾਸ ਪਾੜ ਗਈ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਮੈਨੂੰ ਇਸ ਤਰ੍ਹਾਂ ਕੁੱਟ ਰਹੇ ਸੀ ਜਿਵੇਂ ਮੈਂ ਕੋਈ ਸਿੱਖ ਕੌਮ ਦਾ ਬਹੁਤ ਵੱਡਾ ਦੁਸ਼ਮਣ ਜਾਂ ਬਲਾਤਕਾਰੀ ਹੋਵਾਂ। ਹਰ ਮੁਲਾਜ਼ਮ ਅੱਗੇ ਹੋ-ਹੋ ਕੇ ਮੇਰੇ ਉਤੇ ਡਾਂਗਾਂ-ਬਰਛੇ ਮਾਰ ਰਿਹਾ ਸੀ। ਸਰੀਰ ਦਾ ਇਕ ਵੀ ਅੰਗ ਅਜਿਹਾ ਨਹੀਂ ਸੀ ਬਚਿਆ ਜਿਸ 'ਤੇ ਡਾਂਗਾਂ ਨਾ ਵੱਜੀਆਂ ਹੋਣ। ਅਪਣੇ ਉਤੇ ਵਰ੍ਹਦੀਆਂ ਡਾਂਗਾਂ 'ਚ ਮੈਂ ਬੜੀ ਮੁਸ਼ਕਲ  ਨਾਲ ਖੜਾ ਹੋ ਕੇ ਮੁਲਾਜ਼ਮਾਂ ਤੋਂ ਉਨ੍ਹਾਂ ਦੀ ਡਾਂਗ ਖੋਹਣੀ ਚਾਹੀ ਤੇ ਉਨ੍ਹਾਂ ਨੂੰ ਰੋਕਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹਲਕਾਏ ਕੁੱਤਿਆਂ ਵਾਂਗ ਮੈਨੂੰ ਅਪਣੇ ਜ਼ੁਲਮ ਦਾ ਸ਼ਿਕਾਰ ਬਣਾ ਰਹੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ “ਮੇਰੇ ਸਿਰ 'ਚ ਬਹੁਤ ਜ਼ੋਰ ਨਾਲ ਡਾਂਗਾਂ ਵੱਜਣ ਕਾਰਨ ਮੇਰਾ ਸਿਰ ਘੁੰਮ ਗਿਆ ਹੈ ਅਤੇ ਯਾਦਸ਼ਕਤੀ ਵੀ ਜਾ ਸਕਦੀ ਏ।” ਪਰ ਉਹ ਗਾਲ੍ਹਾਂ ਕੱਢਦੇ ਹੋਏ ਹੋਰ ਜ਼ੋਰ ਨਾਲ ਸਿਰ 'ਚ ਅਤੇ ਹੋਰ ਸਰੀਰ 'ਤੇ ਡਾਂਗਾਂ ਮਾਰੀ ਗਏ।

ਜਦ ਉਹ ਕੁੱਟ-ਕੁੱਟ ਕੇ ਹੰਬ ਗਏ ਤੇ ਉਨ੍ਹਾਂ ਨੂੰ ਆਵਾਜ਼ ਵੀ ਪੈ ਗਈ ਕਿ ''ਇਹਨੂੰ ਛੱਡ ਦਿਉ ਹੁਣ ਤੇ ਦੂਜਿਆਂ ਨੂੰ ਅੰਦਰ ਲੈ ਆਉ।” ਉਦੋਂ ਹੀ ਮੈਨੂੰ ਉਹ ਦ੍ਰਿਸ਼ ਵੀ ਯਾਦ ਆਇਆ ਜਦ 2006 'ਚ ਪਿੰਡ ਕੱਥੂਨੰਗਲ (ਜ਼ਿਲ੍ਹਾ ਸ੍ਰੀ ਅੰਮ੍ਰਿਤਸਰ) ਵਿਖੇ ਬਾਬਾ ਬੁੱਢਾ ਸਾਹਿਬ ਜੀ ਦੀ 500 ਸਾਲਾ ਸ਼ਤਾਬਦੀ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਪੰਥਕ ਤੇ ਖ਼ਾਲਿਸਤਾਨੀ ਸਿੰਘਾਂ ਨੂੰ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਜ਼ਖ਼ਮੀ ਕੀਤਾ ਸੀ ਤੇ ਉਨ੍ਹਾਂ ਦੀਆਂ ਦਸਤਾਰਾਂ ਰੋਲੀਆਂ ਸਨ। ਅੱਜ 14 ਸਾਲਾਂ ਬਾਅਦ ਉਹੀ ਕੁੱਝ ਸਾਡੇ ਨਾਲ ਵਾਪਰ ਰਿਹਾ ਸੀ।
ਫਿਰ ਜਦ 100-150 ਗੁੰਡੇ ਉਧਰ ਮੋਰਚੇ ਵਲ ਨੂੰ ਲਲਕਾਰੇ ਮਾਰਦੇ ਹੋਏ ਦੌੜ ਪਏ ਤਾਂ ਮੈਨੂੰ 5-6 ਮੁਲਾਜ਼ਮ ਚੁੱਕ ਕੇ ਅੰਦਰ ਬਰਾਂਡੇ ਵਲ ਨੂੰ ਲੈ ਗਏ ਤੇ ਉਹ ਵੀ ਗਾਲ੍ਹਾਂ ਕਢਦੇ ਰਹੇ ਕਿ “ਭੈਣ... ਸਾਲਿਆ ਤੂੰ ਸਾਡੇ ਵਿਰੁਧ ਬੋਲਦਾ ਸੀ... ਦੇਈਏ ਤੁਹਾਨੂੰ ਸਰੂਪਾਂ ਦਾ ਹਿਸਾਬ, ਸਾਲੇ ਲਗਦੇ ਸਰੂਪਾਂ ਦੇ, ਹਰਾਮਦਿਉ ਅਸੀ ਪਰਚੇ ਅਪਣੇ ਬੰਦਿਆਂ 'ਤੇ ਨਹੀਂ, ਤੁਹਾਡੇ 'ਤੇ ਕਰਾਵਾਂਗੇ। ਸਾਲਿਆ ਤੈਨੂੰ ਅੱਜ ਜਾਨੋਂ ਈ ਮਾਰ ਦਿੰਦੇ ਤਾਂ ਚੰਗਾ ਸੀ। ਸ਼ੁਕਰ ਕਰ ਤੂੰ ਬਚ ਗਿਆ, ਤੇਰੀ ਭੈਣ ਦੀ...।”
ਅੱਗੇ ਬਰਾਂਡੇ 'ਚ ਭਾਈ ਸੁਖਜੀਤ ਸਿੰਘ ਖੋਸਾ ਬੈਠੇ ਹੋਏ ਸਨ ਜਿਨ੍ਹਾਂ ਦੀ ਹਾਲਤ ਕੁੱਟਮਾਰ ਨਾਲ ਪਹਿਲਾਂ ਹੀ ਬਹੁਤ ਮਾੜੀ ਸੀ। ਉਹ ਤੁਰਨ-ਫਿਰਨ ਤੋਂ ਅਸਮਰਥ ਸਨ ਪਰ ਫਿਰ ਵੀ ਚੌਪਈ ਸਾਹਿਬ ਦੀ ਬਾਣੀ ਪੜ੍ਹ ਰਹੇ ਸਨ।

ਸ਼੍ਰੋਮਣੀ ਕਮੇਟੀ ਦੇ ਸੱਤ-ਅੱਠ ਮੁਲਾਜ਼ਮ ਮੈਨੂੰ ਉਥੇ ਇਕ ਕੁਰਸੀ 'ਤੇ ਬਿਠਾ ਕੇ ਗਾਲ੍ਹਾਂ ਕਢਦੇ ਰਹੇ ਤੇ ਕੁੱਝ ਮੁਲਾਜ਼ਮ ਕਹਿ ਰਹੇ ਸਨ ਕਿ “ਇਹਦੇ ਨਾਲ ਏਦਾਂ ਈ ਹੋਣੀ ਚਾਹੀਦੀ ਏ। ਇਹ 6 ਜੂਨ ਨੂੰ ਅਕਾਲ ਤਖ਼ਤ 'ਤੇ ਵੀ ਬੜੇ ਖ਼ਾਲਿਸਤਾਨ ਦੇ ਨਾਅਰੇ ਮਾਰਦੈ, ਸਰਕਾਰ  ਖ਼ਿਲਾਫ਼ ਵੀ ਬੜਾ ਅਵਾ-ਤਵਾ ਬੋਲਦੈ...।”
ਸਿਰ 'ਚ ਵੱੱਜੀਆਂ ਡਾਂਗਾਂ ਕਰ ਕੇ ਮੇਰਾ ਬੜਾ ਬੁਰਾ ਹਾਲ ਸੀ। ਸਿਰ ਪੋਲਾ ਪੈ ਗਿਆ ਸੀ, ਜ਼ੋਰ ਨਾਲ ਚੱਕਰ ਆ ਰਹੇ ਸਨ। ਜ਼ਮੀਨ ਉਤੇ ਥੱਲੇ ਘੁੰਮ ਰਹੀ ਸੀ। ਮੈਂ ਮੁਲਾਜ਼ਮਾਂ ਨੂੰ ਕਿਹਾ ਕਿ “ਮੇਰਾ ਸਿਰ ਘੁੱਟ ਦਿਉ, ਮੇਰੀ ਯਾਦ-ਸ਼ਕਤੀ ਜਾ ਸਕਦੀ ਏ।” ਪਰ ਕਿਸੇ ਨੇ ਮੇਰੀ ਕੋਈ ਮਦਦ ਨਾ ਕੀਤੀ। ਪਰ ਫਿਰ ਮੇਰੀ ਹੀ ਉਮਰ (29 ਕੁ ਸਾਲਾਂ) ਦਾ ਇਕ ਮੁਲਾਜ਼ਮ ਨੇੜਲੇ ਕਮਰੇ 'ਚੋਂ ਬਾਹਰ ਆਇਆ। ਉਹ ਮੈਨੂੰ ਜਾਣਦਾ ਸੀ ਅਤੇ ਉਸ ਨੇ ਮੇਰਾ ਸਿਰ ਘੁਟਿਆ ਤੇ ਮੈਨੂੰ ਪਾਣੀ ਪਿਲਾਇਆ।
ਕੁੱਝ ਹੋਸ਼ ਆਉਣ ਤੋਂ ਬਾਅਦ ਮੈਂ ਬੋਲਣਾ ਸ਼ੁਰੂ ਕਰ ਦਿਤਾ ਕਿ “ਨਰੈਣੂ ਮਹੰਤ ਦੇ ਵਾਰਸੋ! ਗੁਰੂ ਰਾਮ ਦਾਸ ਮਹਾਰਾਜ ਤੁਹਾਨੂੰ ਬਖ਼ਸ਼ਣਗੇ ਨਹੀਂ। ਅੱਜ ਤੁਸੀ ਉਸ ਦੇ ਦਰ 'ਤੇ ਗੁਰਸਿੱਖਾਂ ਦੀਆਂ ਦਸਤਾਰਾਂ ਲਾਹ ਕੇ ਪੈਰਾਂ 'ਚ ਰੋਲੀਆਂ ਨੇ, ਕੇਸ ਪੁੱਟੇ ਨੇ, ਗਾਲ੍ਹਾਂ ਕੱਢੀਆਂ ਨੇ ਤੇ ਸਾਡੇ 'ਤੇ ਜ਼ੁਲਮ ਅਤੇ ਤਸ਼ੱਦਦ ਕੀਤਾ ਏ। ਜੇ ਹਿੰਮਤ ਸੀ ਤਾਂ 'ਕੱਲੇ ਨਾਲ 'ਕੱਲਾ ਟੱਕਰਦੇ। ਭੀੜ 'ਚ ਤਾਂ ਹਰ ਕੋਈ ਕਿਸੇ ਨੂੰ ਮਾਰ ਲੈਂਦੈ ਪਰ ਜਿਸ ਦਿਨ ਸਾਡਾ ਵਸ ਚਲਿਆ ਅਸੀ ਬਦਲਾ ਜ਼ਰੂਰ ਲਵਾਂਗੇ ਤੇ 'ਕੱਲੇ-'ਕੱਲੇ ਨੂੰ ਠੋਕਾਂਗੇ, ਜਿਨ੍ਹਾਂ ਨੇ ਸਾਡੀਆਂ ਪੱਗਾਂ ਲਾਹੀਆਂ ਨੇ ਅਸੀ ਉਨ੍ਹਾਂ ਦੇ ਸਿਰ ਲਾਹਵਾਂਗੇ।”

ਮੈਂ ਬੋਲੀ ਜਾ ਰਿਹਾ ਸੀ ਕਿ “ਓ ਜ਼ਾਲਮੋ! ਜੇ ਤੁਹਾਡੇ 'ਚ ਰੱਤਾ ਵੀ ਕੋਈ ਸਿੱਖਾਂ ਵਾਲੀ ਗੱਲ ਹੈ ਤਾਂ ਮੈਨੂੰ ਮੇਰੀ ਦਸਤਾਰ ਹੀ ਦੇ ਦਿਉ।” ਪਰ ਕਿਸੇ ਨੇ ਮੇਰੀ ਦਸਤਾਰ ਨਾ ਦਿਤੀ ਤੇ ਫਿਰ ਰੌਲਾ ਸੁਣ ਕੇ ਭਾਈ ਸੁਖਜੀਤ ਸਿੰਘ ਖੋਸਾ ਉੱਠ ਕੇ ਆਏ ਤੇ ਉਨ੍ਹਾਂ ਨੇ ਅਪਣੇ ਸਿਰ 'ਤੇ ਸਜਾਈਆਂ ਦੋ ਕੇਸਕੀਆਂ 'ਚੋਂ ਇਕ ਕੇਸਕੀ ਖੋਲ੍ਹ ਕੇ ਮੇਰੇ ਸਿਰ 'ਤੇ ਸਜਾਅ ਦਿਤੀ ਤੇ ਕਿਹਾ ਕਿ “ਸਿੰਘਾ! ਚਿੰਤਾ ਨਾ ਕਰ, ਹੁਣ ਇਨ੍ਹਾਂ ਜ਼ਾਲਮਾਂ ਦਾ ਅੰਤ ਨੇੜੇ ਆ ਗਿਆ ਏ।” ਇਹ ਗੱਲ ਸੁਣਦਿਆਂ ਸਾਰ ਜ਼ਾਲਮਾਂ ਨੇ ਫਿਰ ਭਾਈ ਸੁਖਜੀਤ ਸਿੰਘ ਖੋਸੇ ਨੂੰ ਕੁਟਣਾ ਸ਼ੁਰੂ ਕਰ ਦਿਤਾ।   ਇੰਨੇ ਨੂੰ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਕੁੱਝ ਅਧਿਕਾਰੀਆਂ ਨਾਲ ਬਰਾਂਡੇ ਵਲ ਨੂੰ ਆ ਗਿਆ ਤੇ ਉਸ ਦੀ ਨਿਗ੍ਹਾ ਜਦ ਮੇਰੇ 'ਤੇ ਪਈ ਤਾਂ ਉਹ ਕਹਿਣ ਲੱਗਾ ਕਿ “ਉਹੋ! ਇਹ ਤਾਂ ਬੜੀ ਚੜ੍ਹਦੀ ਕਲਾ ਵਾਲਾ ਸਿੰਘ ਏ!” ਸੁਖਦੇਵ ਸਿਹੁੰ ਭੂਰਾ ਮੇਰੇ ਕੋਲ ਬਹਿ ਗਿਆ ਤੇ ਮੈਂ ਉਸ ਨੂੰ ਕਿਹਾ ਕਿ “ਜੋ ਕੁੱਝ ਤੁਸੀ ਅੱਜ ਸਾਡੇ ਨਾਲ ਕਰ ਦਿਤਾ ਏ, ਇਹ ਕੁੱਝ ਤਾਂ ਅਜੇ ਤਕ ਪੁਲਿਸ ਨੇ ਵੀ ਸਾਡੇ ਨਾਲ ਨਹੀਂ ਸੀ ਕੀਤਾ। ਤੁਸੀ ਤਾਂ ਇੰਦਰਾ, ਅਬਦਾਲੀ, ਜ਼ਕਰੀਆਂ ਤੇ ਮੱਸੇ ਰੰਘੜ ਨਾਲੋਂ ਵੀ ਵਧ ਜ਼ਾਲਮ ਨਿਕਲੇ। ਤੁਹਾਨੂੰ ਕੀੜੇ ਪੈਣਗੇ... ਤੁਸੀ ਏਨੀ ਵੱਡੀ ਸੰਸਥਾ ਦੇ ਜ਼ਿੰਮੇਵਾਰ ਆਗੂ ਹੋ ਕੇ ਸਿੱਖਾਂ 'ਤੇ ਜ਼ੁਲਮ ਕੀਤਾ ਏ, ਕਕਾਰਾਂ ਦੀ ਘੋਰ ਬੇਅਦਬੀ ਕੀਤੀ ਏ ਤੇ ਅਪਣਾ ਬੁਚੜਪੁਣਾ ਵਿਖਾਇਐ।”

ਸੁਖਦੇਵ ਸਿੰਘ ਭੂਰੇ ਨੂੰ ਮੈਂ ਕਿਹਾ ਕਿ “ਅਸੀ ਤਾਂ ਸੋਚਿਆ ਸੀ ਕਿ ਜੋ ਕੁੱਝ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਬਹਾਲ ਕਰਵਾਉਣ ਅਤੇ ਕੌਮੀ ਘਰ ਖ਼ਾਲਿਸਤਾਨ ਨੂੰ ਅਜ਼ਾਦ ਕਰਵਾਉਣ ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਸ਼ਹੀਦਾਂ ਦਾ ਇਤਿਹਾਸ ਲਿਖਣ ਦੀ ਜੋ ਦਿਨ-ਰਾਤ ਸੇਵਾ ਨਿਭਾਅ ਰਹੇ ਹਾਂ ਇਸ ਬਦਲੇ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵਲੋਂ ਸਾਨੂੰ ਮਾਣ-ਸਨਮਾਨ ਮਿਲੇਗਾ ਪਰ ਤੁਸੀ ਤਾਂ ਸਾਡੀ ਪੱਤ ਰੋਲ ਦਿਤੀ, ਪੱਗਾਂ ਲਾਹ ਦਿਤੀਆਂ, ਕੇਸ ਪੁੱਟ ਦਿਤੇ, ਕਕਾਰ ਵਿਛੋੜ ਦਿਤੇ, ਮੋਢੇ ਭੰਨ ਦਿਤੇ, ਲਾਸਾਂ ਪਾ ਦਿਤੀਆਂ, ਕਿਰਪਾਨਾਂ ਵਰ੍ਹਾ ਦਿਤੀਆਂ, ਓ ਲੱਖ ਲਾਹਨਤ ਐ ਤੁਹਾਡੇ 'ਤੇ।” ਮੇਰੀਆਂ ਗੱਲਾਂ ਸੁਣ ਕੇ ਸ਼ਰਮਸਾਰ ਹੋਇਆ ਸੁਖਦੇਵ ਸਿੰਘ ਭੂਰਾ ਕਹਿਣ ਲੱਗਾ “ਓਏ ਪੁੱਤ! ਮਾਫ਼ ਕਰਦੇ ਸਾਨੂੰ, ਅਸੀ ਤੇਰੇ ਤੋਂ ਮਾਫ਼ੀ ਮੰਗਦੇ ਆਂ, ਇਨ੍ਹਾਂ ਮੁਲਾਜ਼ਮਾਂ ਨੂੰ ਪਤਾ ਨਹੀਂ ਸੀ ਕਿ ਤੂੰ ਰਣਜੀਤ ਸਿੰਘ ਏਂ। ਭੀੜ ਵਿਚ ਤੇਰਾ ਪਤਾ ਹੀ ਨਹੀਂ ਲਗਿਆ, ਆਹ ਵੇਖ ਮਾਫ਼ ਕਰ ਦੇ...।” ਮੈਂ ਅੱਗੋਂ ਕਿਹਾ ਕਿ “ਜੇ ਮੇਰੀ ਥਾਂ 'ਤੇ ਕੋਈ ਹੋਰ ਵੀ ਹੁੰਦਾ ਤਾਂ ਤੁਸੀ ਉਹਦੇ 'ਤੇ ਵੀ ਜ਼ੁਲਮ ਕਿਉਂ ਕਰਦੇ? ਤੁਹਾਨੂੰ ਸ਼ਰਮ ਨੀਂ ਆਉਂਦੀ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦਾ ਹਿਸਾਬ ਮੰਗਦੇ ਸਿੱਖਾਂ ਨੂੰ ਬੁੱਚੜਾਂ ਵਾਂਗ ਕੁੱਟ ਰਹੇ ਹੋ। ਆਹ ਸੁਖਜੀਤ ਸਿੰਘ ਖੋਸੇ ਦਾ ਵੀ ਤੁਸੀ ਕੀ ਹਾਲ ਕੀਤਾ ਪਿਐ? ਉਸ ਦੀ ਵੀ ਪੱਗ ਲਾਹੀ ਗਈ। ਉਸ ਸਿੱਖ ਨੂੰ ਵੀ ਕਸਾਈਆਂ ਵਾਂਗ ਬੁਰੀ ਤਰ੍ਹਾਂ ਕੁਟਿਆ ਗਿਆ। ਉਸ ਦਾ ਸਰੀਰ ਲਾਸਾਂ ਨਾਲ ਭਰਿਆ ਪਿਐ ਪਰ ਫਿਰ ਵੀ ਉਹ ਬਾਣੀ ਪੜ੍ਹ ਰਿਹੈ।” ਸ਼ਰਮਸਾਰ ਹੋਇਆ ਸੁਖਦੇਵ ਸਿੰਘ ਭੂਰਾ ਅਤੇ ਹੋਰ ਮੁਲਾਜ਼ਮ ਮੈਨੂੰ ਇਕ ਕਮਰੇ 'ਚ ਲੈ ਗਏ, ਜੋ ਸੁਖਦੇਵ ਸਿੰਘ ਭੂਰੇ ਦਾ ਦਫ਼ਤਰ-ਕਮਰਾ ਸੀ। ਉਥੇ ਮੈਨੂੰ ਬੰਦ ਕਰ ਦਿਤਾ ਗਿਆ, ਇਕ ਹਿਸਾਬ ਦਾ ਬੰਦੀ ਬਣਾ
ਲਿਆ ਗਿਆ। ਉਸ ਕਮਰੇ ਵਿਚ ਕਈ ਮੁਲਾਜ਼ਮ ਆ ਜਾ ਰਹੇ ਸਨ, ਕੁੱਝ ਮੇਰੇ ਨਾਲ ਬਹਿਸ ਰਹੇ ਸਨ ਅਤੇ ਕੁੱਝ ਮੇਰੇ ਤੋਂ ਮਾਫ਼ੀਆਂ ਮੰਗ ਰਹੇ ਸਨ ਅਤੇ ਕੁੱਝ ਕਹਿ ਰਹੇ ਸਨ ਕਿ “ਯਾਰ! ਤੂੰ ਤਾਂ ਬੰਦਾ ਹੀ ਬੜਾ ਚੰਗਾ ਏ ਤੂੰ ਕਿਥੋਂ ਆ ਗਿਆ ਇਸ ਧਰਨੇ 'ਚ...।”

ਮੈਂ ਕਿਹਾ ਕਿ “ਮੈਂ ਪੰਥ ਅਤੇ ਪੰਜਾਬ ਦੇ ਹਰੇਕ ਮੋਰਚੇ, ਸਮਾਗਮ, ਮਾਰਚ 'ਚ ਸਰਗਰਮੀ ਨਾਲ ਹਿੱਸਾ ਲੈਂਦਾ ਹਾਂ ਤੇ ਇਹ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਸੀ। ਤੁਸੀ ਦਿਉ ਹਿਸਾਬ 328 ਸਰੂਪਾਂ ਦਾ ਅਤੇ ਸਰੂਪਾਂ ਦੇ ਮਾਮਲੇ 'ਚ ਹੇਰਾਫੇਰੀ ਕਰਨ ਵਾਲੇ ਦੋਸ਼ੀਆਂ 'ਤੇ ਕਰਵਾਉ ਪਰਚੇ, ਜਿਸ ਨਾਲ ਸਮੁੱਚੀ ਕੌਮ ਦੀ ਆਤਮਾ ਨੂੰ ਸੰਤੁਸ਼ਟੀ ਮਿਲੇ।”ਫਿਰ ਕੁੱਝ ਸਮੇਂ ਬਾਅਦ ਉਸ ਕਮਰੇ 'ਚ ਸੁਖਦੇਵ ਸਿੰਘ ਭੂਰਾ ਆਇਆ ਤੇ ਕਹਿਣ ਲੱਗਾ “ਪੁੱਤ! ਆ ਦਵਾਈ ਖਾ ਲੈ, ਤੇਰੇ ਪੀੜਾਂ ਬਹੁਤ ਨਿਕਲ ਰਹੀਆਂ ਨੇ। ਤੇਰੇ ਸਿਰ ਦਾ ਵੀ ਬਹੁਤ ਬੁਰਾ ਹਾਲ ਏ।”ਮੈਂ ਕਿਹਾ ਕਿ “ਮੈਂ ਕੋਈ ਦਵਾਈ ਨਹੀਂ ਖਾਣੀ। ਪਹਿਲਾਂ ਮੈਨੂੰ ਬਾਕੀ ਸਿੰਘਾਂ ਨਾਲ ਮਿਲਾਉ ਜਾਂ ਫਿਰ ਮੈਨੂੰ ਦਸੋ ਕਿ ਉਹ ਕਿਸ ਹਾਲਤ 'ਚ ਨੇ ਤੇ ਨਾਲੇ ਸੱਭ ਤੋਂ ਪਹਿਲਾਂ ਮੇਰੇ ਕਕਾਰ (ਕੰਘਾ ਅਤੇ ਕ੍ਰਿਪਾਨ) ਅਤੇ ਦਸਤਾਰ ਦਿਉ।”ਇਹ ਸੱਭ ਸੁਣ ਕੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰੇ ਨੇ ਮੇਰੇ ਦੋਵੇਂ ਪੈਰ ਫੜ ਲਏ ਤੇ ਕਿਹਾ ਕਿ “ਪੁੱਤ! ਸਾਨੂੰ ਮਾਫ਼ ਕਰ ਦੇ, ਸਾਡੇ ਬੰਦਿਆਂ ਤੋਂ ਬੜੀ ਵੱਡੀ ਗ਼ਲਤੀ ਹੋ ਗਈ ਏ। ਸਾਨੂੰ ਬੜਾ ਪਛਤਾਵਾ ਏ ਕਿ ਅਸੀ ਪੰਥਕ ਸੋਚ ਦੇ ਧਾਰਨੀ ਇਕ ਗੁਰਸਿੱੱਖ 'ਤੇ ਹਮਲਾ ਕਰ ਦਿਤਾ ਏ। ਆਹ ਵੇਖ ਤੇਰੇ ਪੈਰ ਫੜ ਕੇ ਮਾਫ਼ੀ ਮੰਗਦੇ ਆਂ।”

ਉਨੇ ਚਿਰ ਨੂੰ ਇਕ ਹੋਰ ਸਕੱਤਰ ਮਹਿੰਦਰ ਸਿੰਘ ਆਹਲੀ ਕਮਰੇ 'ਚ ਆ ਗਿਆ ਤੇ ਮੇਰੇ ਸਾਹਮਣੇ ਕੁਰਸੀ 'ਤੇ ਬਹਿ ਕੇ ਕਹਿੰਦਾ ਕਿ “ਵੇਖ ਬੇਟਾ! ਤੂੰ ਸਾਡਾ ਛੋਟਾ ਬੱਚਾ ਏ, ਸਾਨੂੰ ਤੇਰੇ ਬਾਰੇ ਪਤਾ ਨਹੀਂ ਸੀ। ਮੈਨੂੰ ਵੀ ਤੇਰੇ ਬਾਰੇ ਪਤਾ ਨਹੀਂ ਸੀ, ਤੇਰੀ ਪੰਥਕ ਸੇਵਾ ਤੇ ਕੁਰਬਾਨੀ ਬਾਰੇ ਪਤਾ ਨਹੀਂ ਸੀ, ਅਸੀ ਤੇਰੇ ਤੋਂ ਮਾਫ਼ੀ ਮੰਗਦੇ ਹਾਂ, ਵੇਖ ਤੂੰ ਸਾਡਾ ਛੋਟਾ ਪੁੱਤਰ ਏ, ਗ਼ਲਤੀਆਂ ਵੱਡਿਆਂ ਤੋਂ ਹੋ ਜਾਂਦੀਆਂ ਨੇ।”ਉਸ ਕਮਰੇ 'ਚ ਹਾਜ਼ਰ ਦੋ-ਚਾਰ ਹੋਰ ਮੁਲਾਜ਼ਮ ਵੀ ਕਹਿਣ ਲੱਗੇ ਕਿ “ਵੇਖ ਰਣਜੀਤ ਵੀਰ! ਤੇਰੇ ਪਿਉ ਦੀ ਉਮਰ ਦੇ ਦੋ ਬਜ਼ੁਰਗ ਤੇਰੇ ਤੋਂ ਮਾਫ਼ੀਆਂ ਮੰਗ ਰਹੇ ਨੇ। ਚੱਲ ਯਾਰ ਸਾਨੂੰ ਸੱਭ ਨੂੰ ਮਾਫ਼ ਕਰ ਦੇ। ਬਜ਼ੁਰਗਾਂ ਦੀ ਹੀ ਇੱਜ਼ਤ ਰੱਖ ਲੈ, ਚਿੱਟੇ ਦਾੜ੍ਹਿਆਂ ਵਾਲੇ ਤੇਰੇ ਪੈਰ ਫੜ ਰਹੇ ਨੇ, ਇਸ ਦੀ ਹੀ ਇੱਜ਼ਤ ਰੱਖ ਲੈ।”ਇਹ ਸੱਭ ਸੁਣ-ਵੇਖ ਕੇ ਅਤੇ ਅਪਣੇ ਸਿਰ 'ਚ ਹੋ ਰਹੀ ਦਰਦ ਨੂੰ ਮੁੱਖ ਰੱਖ ਕੇ ਮੈਂ ਗੋਲੀ (ਦਵਾਈ) ਖਾ ਲਈ। ਫਿਰ ਮੈਨੂੰ ਸੁਖਦੇਵ ਸਿੰਘ ਭੂਰੇ ਦੇ ਕਮਰੇ 'ਚ ਹੀ ਰਖਿਆ ਗਿਆ। ਇਸ ਦੌਰਾਨ ਕਮਰੇ 'ਚ ਮਾੜੇ-ਚੰਗੇ ਬੰਦੇ ਆਉਂਦੇ ਗਏ, ਕੁੱਝ ਮੇਰਾ ਹਾਲ-ਚਾਲ ਪੁਛਦੇ ਰਹੇ ਤੇ ਕੁੱਝ ਮੇਰੇ ਮੂੰਹੋਂ ਮੋਰਚੇ ਨੂੰ ਗ਼ਲਤ ਕਹਾਉਣ ਲਈ ਬਹਿਸਦੇ ਰਹੇ। ਪਰ ਮੈਂ ਉਨ੍ਹਾਂ ਦੀ ਹਰ ਗੱਲ ਦਾ ਜਵਾਬ ਬੇਬਾਕੀ ਨਾਲ ਦਿੰਦਾ ਰਿਹਾ।

ਫਿਰ ਇੰਨੇ ਨੂੰ ਬਾਹਰ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ, ਭਾਈ ਮਨਜੀਤ ਸਿੰਘ ਝਬਾਲ, ਭਾਈ ਲਖਬੀਰ ਸਿੰਘ ਮਹਾਲਮ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਸਰੂਪ ਸਿੰਘ, ਭੁਝੰਗੀ ਜਸ਼ਨਦੀਪ ਸਿੰਘ ਮੁਕਤਸਰ, ਬੀਬੀ ਰਾਜਵਿੰਦਰ ਕੌਰ, ਬੀਬੀ ਮਨਿੰਦਰ ਕੌਰ, ਬੀਬੀ ਲਖਵਿੰਦਰ ਕੌਰ ਅਤੇ ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਸੇਵਾਦਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਗੁਰਸ਼ਰਨਜੀਤ ਸਿੰਘ ਖ਼ਾਲਸਾ, ਭਾਈ ਕੁਲਦੀਪ ਸਿੰਘ ਬਿੱਟੂ, ਭਾਈ ਰਮਨਦੀਪ ਸਿੰਘ, ਜਥੇਦਾਰ ਬਾਬਾ ਰਾਜਾ ਰਾਜ ਸਿੰਘ ਨਿਹੰਗ, ਬਾਬਾ ਮਹਾਂਕਾਲ ਸਿੰਘ ਨਿਹੰਗ, ਭਾਈ ਬਾਜ਼ ਸਿੰਘ ਖ਼ਾਲਿਸਤਾਨੀ, ਭਾਈ ਹਰਪਾਲ ਸਿੰਘ ਖ਼ਾਲਿਸਤਾਨੀ ਅਤੇ ਜਗਬਾਣੀ ਦੇ ਪੱਤਰਕਾਰ ਭਾਈ ਇੰਦਰ ਮੋਹਨ ਸਿੰਘ ਅਨਜਾਣ, ਸੰਗਤ ਟੀ.ਵੀ. ਦੇ ਪੱਤਰਕਾਰ ਭਾਈ ਜਤਿੰਦਰ ਸਿੰਘ ਖ਼ਾਲਸਾ, ਬੀ.ਬੀ.ਸੀ. ਪੰਜਾਬ ਟੀ.ਵੀ. ਦੇ ਪੱਤਰਕਾਰ ਭਾਈ ਲਖਵਿੰਦਰ ਸਿੰਘ ਖ਼ਾਲਸਾ ਅਤੇ ਕੈਮਰਾਮੈਨ ਸੰਦੀਪ ਸਿੰਘ ਆਦਿ 'ਤੇ ਵੀ ਡਾਂਗਾਂ-ਕਿਰਪਾਨਾਂ ਨਾਲ ਖ਼ੂਨੀ ਹਮਲਾ ਕਰ ਦਿਤਾ। ਇਹ ਸਾਰੇ ਸਿੰਘ ਵੀ ਗੰਭੀਰ ਜਖ਼ਮੀ ਹੋ ਗਏ। ਕਈਆਂ ਦੇ ਹੱਥ-ਪੈਰ ਵੱਢੇ ਗਏ, ਦਸਤਾਰਾਂ-ਕੇਸ ਰੁਲ ਗਏ, ਕਮਰਿਆਂ 'ਚ ਲਿਜਾ ਕੇ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਨੇ ਸਿੰਘਾਂ-ਸਿੰਘਣੀਆਂ 'ਤੇ ਅਥਾਹ ਜ਼ੁਲਮ ਅਤੇ ਤਸ਼ੱਦਦ ਕੀਤਾ। ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤੇ ਬੰਦੀ ਬਣਾ ਲਿਆ ਗਿਆ। ਬੀਬੀਆਂ ਨਾਲ ਬਦਸਲੂਕੀ ਕੀਤੀ ਗਈ।

ਟਾਸਕ ਫ਼ੋਰਸ ਦਾ ਇੰਚਾਰਜ, ਐਡੀਸ਼ਨਲ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਪਾਲਿਆ ਸਿਰੇ ਦਾ ਲੱਠਮਾਰ ਪ੍ਰਤਾਪ ਸਿੰਘ (ਜੋ ਪਹਿਲਾਂ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਵੀ ਹੁੰਦਾ ਸੀ) ਅੱਗ-ਬਬੂਲਾ ਹੋ ਕੇ ਅਤੇ ਨਫ਼ਰਤ ਅਤੇ ਸਾੜੇ ਦੇ ਵਹਿਣ 'ਚ ਵਹਿ ਕੇ ਸਿੰਘਾਂ ਦੀ ਇਵੇਂ ਕੁੱਟਮਾਰ ਕਰਵਾ ਰਿਹਾ ਸੀ ਜਿਵੇਂ ਉਹ ਜ਼ਕਰੀਆਂ ਖ਼ਾਂ ਹੀ ਹੋਵੇ ਤੇ ਗੁਰੂ ਕੇ ਲਾਲ 'ਸਤਿਨਾਮ-ਵਾਹਿਗੁਰੂ' ਦਾ ਜਾਪ ਕਰ ਰਹੇ ਸਨ। ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਵਲੋਂ ਸਿੰਘਾਂ-ਸਿੰਘਣੀਆਂ ਉਤੇ ਕੀਤੇ ਜ਼ੁਲਮ ਦੀ ਇੰਤਹਾ ਹੀ ਹੋ ਗਈ। ਦੇਰ ਸ਼ਾਮ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਪੁਲੀਸ ਅਧਿਕਾਰੀ ਅੰਦਰ ਆਏ ਤੇ ਸ਼੍ਰੋਮਣੀ ਕਮੇਟੀ ਨੇ ਏਨਾ ਵੱਡਾ ਜ਼ੁਲਮ ਅਤੇ ਕਾਰਾ ਕਰ ਕੇ ਉਲਟਾ ਮੋਰਚੇ ਵਾਲੇ ਜਖ਼ਮੀ ਹੋਏ ਸਿੰਘਾਂ-ਸਿੰਘਣੀਆਂ ਉਤੇ ਹੀ ਧਾਰਾ 307 (ਇਰਾਦਾ ਕਤਲ) ਆਦਿ ਦੇ ਪਰਚੇ ਕਰਵਾ ਦਿਤੇ। ਇਸ ਸਾਕੇ ਦੀ ਖ਼ਬਰ ਟੀ.ਵੀ. ਚੈਨਲਾਂ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਜਦ ਸੰਗਤਾਂ ਨੂੰ ਪਤਾ ਲੱਗੀ ਤਾਂ ਪੂਰੇ ਸਿੱਖ ਜਗਤ 'ਚ ਹਾਹਾਕਾਰ ਮੱਚ ਗਈ ਤੇ ਸ਼੍ਰੋਮਣੀ ਕਮੇਟੀ ਨੂੰ ਹਰ ਪਾਸਿਉਂ ਲਾਹਨਤਾਂ ਪਈਆਂ।

ਇਹ ਮੇਰੀ ਜ਼ਿੰਦਗੀ ਦੀ ਇਕ ਐਸੀ ਦਰਦਨਾਕ ਘਟਨਾ ਹੈ ਜੋ ਨਾ ਤਾਂ ਕਦੇ ਭੁੱਲਣਯੋਗ ਹੈ ਅਤੇ ਨਾ ਹੀ ਬਖ਼ਸ਼ਣਯੋਗ ਹੈ। ਇਸ ਦਿਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਗੋਬਿੰਦ ਸਿੰਘ ਲੌਂਗੋਵਾਲ ਦੇ ਹੁਕਮਾਂ 'ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਸਿੰਘਾਂ ਨੂੰ ਕੇਸਾਂ ਤੋਂ ਫੜ-ਫੜ ਕੇ ਧੂਹਿਆ, ਦਸਤਾਰਾਂ ਰੋਲੀਆਂ ਤੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦਾ ਹਿਸਾਬ ਮੰਗਦੇ ਸਿੱਖਾਂ ਨੂੰ ਡਾਂਗਾਂ-ਕਿਰਪਾਨਾਂ ਨਾਲ ਕੁੱਟ-ਕੁੱਟ ਕੇ ਛਲਣੀ-ਛਲਣੀ ਕਰ ਦਿਤਾ ਤੇ ਮੋਰਚੇ ਨੂੰ ਇੰਝ ਤਬਾਹ ਕਰ ਦਿਤਾ ਜਿਵੇਂ ਇੰਦਰਾ ਗਾਂਧੀ ਨੇ ਧਰਮ ਯੁੱਧ ਮੋਰਚੇ ਨੂੰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰ ਕੇ ਕੁਚਲਿਆ ਸੀ। ਗਿਆਨੀ ਹਰਪ੍ਰੀਤ ਸਿੰਘ ਇਸ ਸਾਰੇ ਜ਼ੁਲਮੀ ਵਰਤਾਰੇ 'ਤੇ ਬਿਲਕੁਲ ਚੁੱਪ ਰਹੇ ਕਿ ਕਿਤੇ ਜਥੇਦਾਰੀ ਨਾ ਖੁੱਸ ਜਾਵੇ। ਸੱਚਮੁੱਚ ਇਕ ਵਾਰ ਫਿਰ ਨਨਕਾਣਾ ਸਾਹਿਬ ਜਿਹਾ ਸਾਕਾ ਵਾਪਰਿਆ, ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਜਲ੍ਹਿਆਂਵਾਲਾ ਬਾਗ਼ ਵਰਗੀ ਖ਼ੂਨੀ ਘਟਨਾ ਇਕ ਵਾਰ ਫਿਰ ਸਾਹਮਣੇ ਆਈ, ਬਰਗਾੜੀ-ਬਹਿਬਲ ਕਲਾਂ ਅਤੇ ਕੋਟਕਪੂਰਾ ਜਿਹਾ ਕਾਂਡ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਨੇ 24 ਅਕਤੂਬਰ 2020 ਨੂੰ ਫਿਰ ਦੁਹਰਾਅ ਦਿਤਾ, ਜਿਸ ਦਾ ਬਦਲਾ ਖ਼ਾਲਸਾ ਪੰਥ ਜ਼ਰੂਰ ਲਵੇਗਾ। ਬਾਦਲਾਂ ਤੋਂ ਗੁਰਧਾਮ ਆਜ਼ਾਦ ਕਰਵਾਏ ਜਾਣਗੇ, ਲਾਪਤਾ 328 ਪਾਵਨ ਸਰੂਪਾਂ ਦਾ ਹਿਸਾਬ ਲੈ ਕੇ ਰਹਾਂਗੇ, ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿਵਾਵਾਂਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ।

ਰਣਜੀਤ ਸਿੰਘ ਦਮਦਮੀ ਟਕਸਾਲ,
(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)  
ਮੋ: 88722-93883

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement