Kartar Singh Sarabha: ਕਰਤਾਰ ਸਿੰਘ ਸਰਾਭੇ ਦੀ ਛੋਟੀ ਉਮਰ ਵਿਚ ਦਿਤੀ ਗਈ ਕੁਰਬਾਨੀ ਕਰ ਕੇ ਪਿੰਡ ਸਰਾਭਾ ਦੇਸ਼ ਵਿਦੇਸ਼ ਵਿਚ ਵਸਦੇ ਭਾਰਤੀਆਂ ਲਈ ਤੀਰਥ ਸਥਾਨ ਬਣ ਗਿਆ।
ਭਾਰਤ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਕੀਤੇ ਸੰਘਰਸ਼ ਅਤੇ ਕੁਰਬਾਨੀਆਂ ਦੇ ਇਤਿਹਾਸ ਦੇ ਲਹੂ ਭਿੱਜੇ ਪੰਨਿਆਂ ਵਿਚ ਇਕ ਪੰਨਾ ਕਰਤਾਰ ਸਿੰਘ ਸਰਾਭੇ ਦੀ ਰਹਿੰਦੀ ਦੁਨੀਆਂ ਤਕ ਜ਼ਿਕਰ ਹੋਣ ਵਾਲੀ ਸ਼ਹੀਦੀ ਦਾ ਵੀ ਹੈ। 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭੇ ਵਿਚ ਜਨਮੇ ਮਾਤਾ ਸਾਹਿਬ ਕੌਰ, ਪਿਤਾ ਮੰਗਲ ਸਿੰਘ ਅਤੇ ਦਾਦਾ ਵੱਧਣ ਸਿੰਘ ਦੇ ਰਾਜ ਦੁਲਾਰੇ ਕਰਤਾਰ ਸਿੰਘ ਸਰਾਭੇ ਦੀ ਛੋਟੀ ਉਮਰ ਵਿਚ ਦਿਤੀ ਗਈ ਕੁਰਬਾਨੀ ਕਰ ਕੇ ਪਿੰਡ ਸਰਾਭਾ ਦੇਸ਼ ਵਿਦੇਸ਼ ਵਿਚ ਵਸਦੇ ਭਾਰਤੀਆਂ ਲਈ ਤੀਰਥ ਸਥਾਨ ਬਣ ਗਿਆ।
ਬਹੁਤ ਛੋਟੀ ਉਮਰ ਵਿਚ ਹੀ ਅਪਣੇ ਦੇਸ਼ ਦੀ ਆਜ਼ਾਦੀ ਲਈ ਫ਼ਿਕਰਮੰਦ ਹੋਣ ਵਾਲੇ ਕਰਤਾਰ ਸਿੰਘ ਸਰਾਭੇ ਨੇ ਅਪਣੀ ਪ੍ਰਾਇਮਰੀ ਸਿਖਿਆ ਪਿੰਡ ਦੇ ਪ੍ਰਾਇਮਰੀ ਸਕੂਲ, ਮਿਡਲ ਤਕ ਦੀ ਸਿਖਿਆ ਖ਼ਾਲਸਾ ਸਕੂਲ ਅਤੇ ਹਾਈ ਸਕੂਲ ਦੀ ਸਿਖਿਆ ਮਿਸ਼ਨ ਹਾਈ ਸਕੂਲ ਤੋਂ ਹਾਸਲ ਕੀਤੀ। ਛੋਟੀ ਉਮਰ ਵਿਚ ਹੀ ਪਿਤਾ ਦਾ ਸਾਇਆ ਉਨ੍ਹਾਂ ਦੇ ਸਿਰ ਤੋਂ ਉਠ ਜਾਣ ਕਾਰਨ, ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਦਾਦਾ ਜੀ ਅਤੇ ਹੋਰ ਪ੍ਰਵਾਰਕ ਮੈਂਬਰਾਂ ਵਲੋਂ ਕੀਤਾ ਗਿਆ। ਉਹ ਬਹੁਤ ਹੀ ਹੁਨਰਮੰਦ ਅਤੇ ਚੁਸਤ ਨੌਜਵਾਨ ਸਨ।
ਦੇਸ਼ ਦੀ ਆਜ਼ਾਦੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਨ ਵਾਲੇ ਅਤੇ ਆਜ਼ਾਦੀ ਪ੍ਰਾਪਤੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੇ ਗ਼ਦਰ ਪਾਰਟੀ ਦਾ ਮੁੱਢ ਵਿਢਣ ਵਾਲੇ ਆਜ਼ਾਦੀ ਘੁਲਾਟੀਆਂ ਵਿਚੋਂ ਉਹ ਵੀ ਇਕ ਸਨ। ਸੰਨ 1911 ਵਿਚ 15 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਉਚੇਰੀ ਸਿਖਿਆ ਹਾਸਲ ਕਰਨ ਲਈ ਅਮਰੀਕਾ ਵਿਚ ਬਰਕਲੇ ਦੀ ਵਿਸਕਾਂਸ ਯੂਨੀਵਰਸਟੀ ਵਿਚ ਦਾਖ਼ਲਾ ਲੈ ਲਿਆ। ਭਾਰਤ ਦੇ ਲੋਕਾਂ ਉੱਤੇ ਅੰਗ੍ਰੇਜ਼ੀ ਅਤਿਆਚਾਰ ਦੀਆਂ ਖ਼ਬਰਾਂ ਵਿਦੇਸ਼ਾਂ ਵਿਚ ਪਹੁੰਚ ਰਹੀਆਂ ਸਨ। ਕਰਤਾਰ ਸਿੰਘ ਦਾ ਅਮਰੀਕਾ ਵਿਚ ਵਸਦੇ ਕ੍ਰਾਂਤੀਕਾਰੀ ਨੌਜਵਾਨਾਂ ਨਾਲ ਮੇਲ ਜੋਲ ਵਧਣ ਕਰ ਕੇ ਦੇਸ਼ ਦੀ ਆਜ਼ਾਦੀ ਪ੍ਰਤੀ ਉਨ੍ਹਾਂ ਦਾ ਝੁਕਾਅ ਹੋਰ ਵੱਧ ਗਿਆ।
ਸੰਨ 1913 ਵਿਚ ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਵਿਰੁਧ ਅਪਣੀਆਂ ਵਿਦ੍ਰੋਹੀ ਸਰਗਰਮੀਆਂ ਦਾ ਆਗਾਜ਼ ਕਰਦੇ ਹੋਏ ਸਨਫਰਾਂਸਿਸਕੋ ਵਿਚ ਇਨਕਲਾਬੀ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਰੱਖਣ ਵਾਲੇ ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਵਰਗੇ ਆਜ਼ਾਦੀ ਘੁਲਾਟੀਆਂ ਨਾਲ ਮਿਲ ਕੇ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦਾ ਉਦੇਸ਼ ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਦੇ ਪੰਜੇ ਤੋਂ ਮੁਕਤ ਕਰਵਾਉਣਾ ਮਿਥਿਆ ਗਿਆ ਸੀ। ਉਨ੍ਹਾਂ ਨੇ ਅੰਗਰੇਜ਼ਾਂ ਵਿਰੁਧ ਅਪਣਾ ਸੰਘਰਸ਼ ਤੇਜ਼ ਕਰਨ ਅਤੇ ਅਪਣੇ ਦੇਸ਼ ਦੀ ਆਜ਼ਾਦੀ ਦਾ ਸੁਨੇਹਾ ਦੁਨੀਆਂ ਭਰ ਦੇ ਭਾਰਤੀ ਲੋਕਾਂ ਤਕ ਪਹੁੰਚਾਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਗ਼ਦਰ ਨਾਂ ਦਾ ਅਖ਼ਬਾਰ ਕਢਣਾ ਸ਼ੁਰੂ ਕੀਤਾ।
ਗ਼ਦਰ ਪਾਰਟੀ ਦੇ ਬਹੁਤ ਹੀ ਸਰਗਰਮ ਕਾਰਕੁੰਨ ਹੋਣ ਦੇ ਨਾਤੇ ਉਹ ਗ਼ਦਰ ਪਾਰਟੀ ਦੀਆਂ ਮੀਟਿੰਗਾਂ ਵਿਚ ਬਹੁਤ ਹੀ ਭਖਦੀਆਂ ਅਤੇ ਜੋਸ਼ੀਲੀਆਂ ਤਕਰੀਰਾਂ ਦੇ ਕੇ ਆਜ਼ਾਦੀ ਦੇ ਸੰਘਰਸ਼ ਨੂੰ ਤੇਜ਼ ਕਰਨ ਦੀ ਭੂਮਿਕਾ ਨਿਭਾਉਂਦੇ ਸਨ। ਸੰਨ 1914 ਵਿਚ ਪਹਿਲੇ ਵਿਸ਼ਵ ਯੁੱਧ ਵਿਚ ਅੰਗਰੇਜ਼ਾਂ ਦੀ ਹਾਰ ਹੋਣ ਕਾਰਨ ਅੰਗਰੇਜ਼ਾਂ ਦੀ ਤਾਕਤ ਕਮਜ਼ੋਰ ਹੋਣ ਕਰ ਕੇ ਗ਼ਦਰ ਪਾਰਟੀ ਦੇ ਕਾਰਕੁੰਨਾਂ ਨੇ ਅੰਗਰੇਜ਼ਾਂ ਵਿਰੁਧ ਸੰਘਰਸ਼ ਨੂੰ ਤੇਜ਼ ਕਰਨ ਲਈ ਭਾਰਤ ਵਿਚ ਅਪਣੀਆਂ ਗਤੀਵਿਧੀਆਂ ਤੇਜ਼ ਕਰਨ ਦਾ ਫ਼ੈਸਲਾ ਕੀਤਾ। ਕਰਤਾਰ ਸਿੰਘ ਸਰਾਭਾ ਸੰਨ 1914 ਵਿਚ ਅਪਣੇ ਬਹੁਤ ਸਾਰੇ ਸਾਥੀਆਂ ਨਾਲ ਹਥਿਆਰਾਂ ਨਾਲ ਭਾਰਤ ਪਹੁੰਚ ਗਏ। ਉਨ੍ਹਾਂ ਨੇ ਭਾਰਤ ਵਿਚ ਆ ਕੇ ਅਪਣੇ ਸਾਥੀਆਂ ਨਾਲ ਅਪਣੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਅਤੇ ਆਜ਼ਾਦੀ ਦੇ ਸੰਘਰਸ਼ ਨੂੰ ਤੇਜ਼ ਕਰਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਨਕਲਾਬੀ ਲੋਕਾਂ ਨਾਲ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿਤੀਆਂ। ਉਨ੍ਹਾਂ ਨੇ ਅੰਗਰੇਜ਼ੀ ਸੈਨਾਂ ਵਿਚ ਭਰਤੀ ਹੋਏ ਭਾਰਤੀ ਸੈਨਿਕਾਂ ਨੂੰ ਅੰਗਰੇਜ਼ਾਂ ਦਾ ਸਾਥ ਛੱਡ ਕੇ, ਆਜ਼ਾਦੀ ਦੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਗੁਪਤ ਮੀਟਿੰਗਾਂ ਕਰ ਕੇ ਨੌਜਵਾਨਾਂ ਨੂੰ ਆਜ਼ਾਦੀ ਦੇ ਸੰਘਰਸ਼ ਲਈ ਤਿਆਰ ਕਰਦੇ ਹੋਏ ਕ੍ਰਾਂਤੀਕਾਰੀ ਯੋਜਨਾ ਬਣਾਈ।
ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀ ਅੰਗ੍ਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਲਈ ਅਪਣੀਆਂ ਸਰਗਰਮੀਆਂ ਨੂੰ ਦਿਨ ਪ੍ਰਤੀ ਦਿਨ ਤੇਜ਼ ਕਰ ਰਹੇ ਸਨ ਜਿਸ ਦੀ ਭਿਣਕ ਅੰਗ੍ਰੇਜ਼ੀ ਹਕੂਮਤ ਦੇ ਕੰਨੀ ਪੈ ਗਈ। ਅੰਗਰੇਜ਼ੀ ਸਰਕਾਰ ਨੇ ਉਨ੍ਹਾਂ ਦੀਆਂ ਵਿਦ੍ਰੋਹੀ ਸਰਗਰਮੀਆਂ ਉੱਤੇ ਨਜ਼ਰ ਰਖਣੀ ਸ਼ੁਰੂ ਕਰ ਦਿਤੀ। ਸੰਨ 1915 ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਉੱਤੇ ਦੇਸ਼-ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ। ਅਦਾਲਤ ਵਿਚ ਉਨ੍ਹਾਂ ਨੇ ਬੇਖ਼ੌਫ਼ ਹੋ ਕੇ ਅਪਣੇ ਵਿਰੁਧ ਦੇਸ਼-ਧ੍ਰੋਹ ਦੇ ਲਗਾਏ ਇਲਜ਼ਾਮ ਵਿਰੁਧ ਅਪਣਾ ਪੱਖ ਰਖਿਆ ਪਰ ਅਦਾਲਤ ਵਲੋਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿਤੀ ਗਈ। 16 ਨਵੰਬਰ 1915 ਨੂੰ ਉਨ੍ਹਾਂ ਨੂੰ ਕੇਵਲ 19 ਸਾਲ ਦੀ ਉਮਰ ’ਚ ਬੇਰਹਿਮ ਅੰਗੇਰਜ਼ੀ ਸਰਕਾਰ ਵਲੋਂ ਫਾਂਸੀ ਦੇ ਦਿਤੀ ਗਈ। ਉਨ੍ਹਾਂ ਦਾ ਹੌਸਲਾ ਅਤੇ ਕੁਰਬਾਨੀ ਬੇਮਿਸਾਲ ਸਨ। ਉਨ੍ਹਾਂ ਦੀ ਕੁਰਬਾਨੀ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਬਹੁਤ ਹੀ ਵਡਮੁੱਲਾ ਪੰਨਾ ਹੈ। ਉਨ੍ਹਾਂ ਦੀ ਸ਼ਹੀਦੀ ਨੌਜਵਾਨਾਂ ਲਈ ਸਦਾ ਹੀ ਪ੍ਰੇਰਨਾ ਸਰੋਤ ਰਹੇਗੀ। ਸਰਦਾਰ ਭਗਤ ਸਿੰਘ ਨੇ ਕਿਹਾ ਸੀ ਕਿ ਕਰਤਾਰ ਸਿੰਘ ਉਨ੍ਹਾਂ ਲਈ ਪ੍ਰੇਰਨਾ ਸਰੋਤ ਹਨ।
                    
                