
ਇਨ੍ਹਾਂ ਬਾਬਿਆਂ ਨੇ ਸੇਵਾ ਦੇ ਨਾਂ ਤੇ ਪੁਰਾਤਨ ਇਮਾਰਤਾਂ ਨੂੰ ਢਾਹ ਸੁਟਿਆ
ਮੁਹਾਲੀ: ਕਾਰ ਸੇਵਾ ਦੇ ਮੋਢੀ ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ ਤੇ ਹੋਰ ਬਾਬਿਆਂ ਨੇ ਪਵਿੱਤਰ ਇਤਿਹਾਸਕ ਗੁਰਧਾਮਾਂ ਦੀ ਕਾਰ ਸੇਵਾ ਸ਼ੁਰੂ ਕਰਵਾ ਕੇ ਗੁਰਦਵਾਰਾ ਸਾਹਿਬ ਦੀਆਂ ਇਮਾਰਤਾਂ, ਲੰਗਰ ਹਾਲ, ਸੰਗਤਾਂ ਦੀ ਸਹੂਲਤ ਲਈ ਸਰਾਵਾਂ ਆਦਿ ਤਿਆਰ ਕਰਵਾਈਆਂ ਤੇ ਇਨ੍ਹਾਂ ਮਹਾਂਪੁਰਸ਼ਾਂ ਨੇ ਤਨ ਮਨ ਨਾਲ ਸਾਰਾ ਜੀਵਨ ਨਿਜੀ ਹਿਤਾਂ ਤੋਂ ਉਪਰ ਉਠ ਕੇ ਗੁਰਧਾਮਾਂ ਦੀ ਸੇਵਾ ਕਰਵਾਉਣ ਨੂੰ ਸਮਰਪਿਤ ਕੀਤਾ ਪਰ ਸਾਡੇ ਅੱਜ ਦੇ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡੇ ਪੁਰਾਤਨ ਇਤਿਹਾਸਕ ਗੁਰਧਾਮ ਜਿਥੇ ਗੁਰੂ ਕਾਲ ਸਮੇਂ ਦੀਆਂ ਨਿਸ਼ਾਨੀਆਂ ਤੇ ਪੁਰਾਤਨ ਇਮਾਰਤਾਂ ਸਨ ਜਿਨ੍ਹਾਂ ਨੂੰ ਸਮੁੱਚੇ ਸਿੱਖ ਜਗਤ ਦੇ ਵਿਰਸੇ ਨੂੰ ਸਾਂਭ ਸੰਭਾਲ ਕਰ ਕੇ ਸਹੀ ਸਲਾਮਤ ਪੁਰਾਤਤਵ ਮਾਹਰਾਂ ਦੀ ਰਾਏ ਲੈ ਕੇ ਰਖਿਆ ਜਾਣਾ ਚਾਹੀਦਾ ਸੀ। ਉਹ ਵੀ ਨਵੀਂਆਂ ਇਮਾਰਤਾਂ ਤਿਆਰ ਕਰਨ ਸਮੇਂ ਬਾਬਿਆਂ ਨੇ ਢਾਹ ਸੁੱਟੀਆਂ ਜਿਸ ਨਾਲ ਗੁਰੂ ਸਮੇਂ ਦੀਆਂ ਨਿਸ਼ਾਨੀਆਂ ਲੁਪਤ ਹੋ ਗਈਆਂ। ਗੁਰੂਘਰ ਦੀਆਂ ਵਧੀਆ ਇਮਾਰਤਾਂ ਬਣਨੀਆਂ ਚਾਹੀਦੀਆਂ ਹਨ, ਪਰ ਪੁਰਾਤਨਤਾ ਬਹਾਲ ਰਖਣੀ ਜ਼ਰੂਰੀ ਹੈ। ਦੂਜੀ ਗੱਲ ਇਹ ਬਾਬੇ ਜਿਥੇ ਵੀ ਸੇਵਾ ਸ਼ੁਰੂ ਕਰ ਦਿੰਦੇ ਹਨ। ਫਿਰ ਉਹ ਉਥੋਂ ਕਈ ਸਾਲ ਪੈਸੇ ਇਕੱਠੇ ਕਰਦੇ ਰਹਿਣ ਲਈ ਕੰਮ ਜਲਦੀ ਪੂਰਾ ਨਹੀਂ ਕਰਦੇ।
Sikh
ਜਿਵੇਂ ਕਿਸੇ ਡੇਰੇ ਵਿਚ ਕੰਮ ਕਰਨ ਵਾਲੇ ਜਥੇਦਾਰ ਜਾਂ ਹੋਰ ਪ੍ਰਮੁੱਖ ਸੇਵਾਦਾਰ ਜਿਨ੍ਹਾਂ ਨੇ ਸੰਗਤਾਂ ਉਤੇ ਅਪਣਾ ਕਾਫ਼ੀ ਪ੍ਰਭਾਵ ਛਡਿਆ ਹੁੰਦਾ ਹੈ, ਉਹ ਗੱਦੀ ਨਾ ਮਿਲਣ ਕਰ ਕੇ ਜਾਂ ਹੋਰ ਕਾਰਨਾਂ ਕਰ ਕੇ ਅਪਣੇ ਵਖਰੇ ਡੇਰੇ ਬਣਾ ਰਹੇ ਹਨ। ਅਜਕਲ ਪੰਜਾਬ ਵਿਚ ਕਾਰ ਸੇਵਾ ਦੇ ਨਾਮ ਤੇ ਬਹੁਤ ਡੇਰੇ ਬਣ ਕੇ ਸਥਾਪਤ ਹੋ ਚੁੱਕੇ ਹਨ ਅਤੇ ਹੋਰ ਹੁੰਦੇ ਜਾ ਰਹੇ ਹਨ, ਜੋ ਕਿਸੇ ਵੀ ਇਤਿਹਾਸਕ ਗੁਰਧਾਮਾਂ ਦੀ ਸੇਵਾ ਵੀ ਨਹੀਂ ਕਰਵਾ ਰਹੇ ਹੁੰਦੇ ਬਲਕਿ ਉਹ ਸਿੱਧੇ ਤੌਰ ਅਤੇ ਨਿਜੀ ਹਿਤਾਂ ਖ਼ਾਤਰ ਅਪਣੇ ਕਾਰੋਬਾਰ, ਵਪਾਰ ਚਲਾਉਣ ਲਈ ਚਲਾਏ ਜਾ ਰਹੇ ਹਨ। ਖੁੱਲ੍ਹਦੇ ਜਾ ਰਹੇ ਇਹ ਡੇਰੇ ਲੋਕਾਂ ਲਈ ਘਾਤਕ ਸਾਬਤ ਹੋਣਗੇ ਤੇ ਇਨ੍ਹਾਂ ਡੇਰਿਆਂ ਵਿਚ ਅਪਣੀ ਵਖਰੀ ਹੀ ਮਰਿਆਦਾ ਕਾਇਮ ਕੀਤੀ ਹੁੰਦੀ ਹੈ। ਇਨ੍ਹਾਂ ਡੇਰੇਦਾਰਾਂ ਵਲੋਂ ਧਰਮ ਦੀ ਗੱਲ ਘੱਟ ਕੀਤੀ ਜਾਂਦੀ ਹੈ, ਅਪਣੇ ਪਿੱਛੇ ਸੰਗਤਾਂ ਨੂੰ ਭਰਮਾ ਕੇ ਲਗਾਉਣ ਦੀ ਕੋਸ਼ਿਸ਼ ਜ਼ਿਆਦਾ ਹੁੰਦੀ ਹੈ। ਇਨ੍ਹਾਂ ਡੇਰੇਦਾਰਾਂ ਵਲੋਂ ਸਿਆਸੀ ਲੋਕਾਂ, ਵੱਡੇ ਅਫ਼ਸਰਾਂ ਨਾਲ ਤੇਲਮੇਲ ਬਣਾ ਕੇ ਰਖਿਆ ਜਾਂਦਾ ਹੈ ਤੇ ਰਾਜਨੀਤਕ ਪਾਰਟੀਆਂ ਵਾਲਿਆਂ ਨੂੰ ਤਾਂ ਪਹਿਲਾਂ ਹੀ ਇਹੋ ਜਹੇ ਬਾਬਿਆਂ ਦੀ ਲੋੜ ਹੁੰਦੀ ਹੈ ਤਾਕਿ ਉਨ੍ਹਾਂ ਨੂੰ ਡੇਰੇ ਵਿਚ ਆਉਣ ਵਾਲੀ ਸੰਗਤ ਦੀਆਂ ਵੋਟਾਂ ਮਿਲ ਸਕਣ।
Sikh
ਇਹ ਡੇਰੇਦਾਰ ਸਿਆਸੀ ਲੋਕਾਂ ਦੀ ਸ਼ਹਿ ਤੇ, ਨਾਜਾਇਜ਼ ਥਾਵਾਂ ਤੇ ਕਬਜ਼ੇ ਜਾਂ ਹੋਰ ਉਲਟੇ ਸਿੱਧੇ ਕੰਮ ਕਰਦੇ ਹਨ। ਇਨ੍ਹਾਂ ਸੱਭ ਡੇਰੇ ਵਾਲਿਆਂ ਨੇ ਬਹੁਤ ਅਸਲਾ ਲਾਇਸੰਸ ਬਣਾ ਕੇ ਹਥਿਆਰ ਰੱਖੇ ਹੋਏ ਹਨ। ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਗੁਰੂ ਨੂੰ ਸਮਰਪਿਤ ਹੋ ਕੇ ਸੇਵਾ ਕਰਵਾਉਂਦੇ ਹਨ, ਉਨ੍ਹਾਂ ਨੂੰ ਕਿਸ ਦਾ ਡਰ? ਜਿਹੜੇ ਉਲਟੇ ਕੰਮ ਕਰਦੇ ਹਨ, ਡਰ ਦੀ ਭਾਵਨਾ ਤਾਂ ਉਨ੍ਹਾਂ ਵਿਚ ਹੀ ਪੈਦਾ ਹੋਵੇਗੀ। ਪੁਰਾਣੀਆਂ ਕਾਰ ਸੇਵਾ ਵਾਲੀਆਂ ਜਥੇਬੰਦੀਆਂ ਵਲੋਂ ਸੰਗਤਾਂ ਕੋਲੋਂ ਹਾੜੀ ਸਾਉਣੀ ਦੀ ਉਗਰਾਹੀ ਕਰਨੀ ਤਾਂ ਠੀਕ ਹੈ ਪਰ ਜਿਹੜੇ ਬਿਨਾਂ ਗੱਲੋਂ ਡੇਰੇ ਖੁਲ੍ਹੇ ਹੋਏ ਹਨ, ਉਹ ਵੀ ਸੀਜ਼ਨ ਵਿਚ ਬੋਰੀਆਂ ਲੈ ਕੇ ਉਗਰਾਹੀ ਕਰਦੇ ਹਨ ਅਤੇ ਧੱਕੇ ਨਾਲ ਬੋਰੀਆਂ ਭਰਨ ਦੀ ਕੋਸ਼ਿਸ਼ ਕਰਦੇ ਹਨ। ਖੁੰਭਾਂ ਵਾਂਗ ਜੋ ਕਾਰ ਸੇਵਾ ਦੇ ਨਾਮ ਤੇ ਡੇਰੇ ਬਣੇ ਹਨ, ਉਨ੍ਹਾਂ ਦੇ ਡੇਰੇਦਾਰ ਵਿਦੇਸ਼ ਜਾਣ ਲਈ ਤਰਲੋ ਮੱਛੀ ਹੁੰਦੇ ਹਨ, ਜਦਕਿ ਵਿਦੇਸ਼ਾਂ ਵਿਚੋਂ ਡਾਲਰ, ਪੌਂਡ ਆਦਿ ਦੀ ਉਗਰਾਹੀ ਕਰ ਕੇ ਉਹ ਅਪਣੀ ਨਿਜੀ ਜਾਇਦਾਦ ਬਣਾ ਕੇ ਆਮਦਨ ਦੇ ਨਿਜੀ ਸਰੋਤ ਹੋਰ ਵਧਾ ਲੈਂਦੇ ਹਨ। ਸੱਭ ਲੋਕ ਭਲੀ ਭਾਂਤ ਜਾਣੂ ਹੁੰਦੇ ਹਨ ਕਿ ਸਕੂਲ, ਕਾਲਜ ਖੋਲ੍ਹਣ ਪਿਛੇ ਬਾਬਿਆਂ ਦਾ ਮਕਸਦ ਵਿਦਿਆ ਦੇਣਾ ਨਹੀਂ, ਪੈਸੇ ਇਕੱਠੇ ਕਰਨਾ ਹੁੰਦਾ ਹੈ। ਵਿਦੇਸ਼ਾਂ ਵਿਚ ਬੈਠੇ ਜਾ ਦੇਸ਼ ਵਿਚ ਰਹਿੰਦੇ ਧਨਾਢ ਲੋਕਾਂ ਵਲੋਂ ਇਨ੍ਹਾਂ ਬਾਬਿਆਂ ਦੇ ਸਕੂਲਾਂ, ਕਾਲਜਾਂ ਵਿਚ ਪੜ੍ਹਦੇ ਬੱਚਿਆਂ ਦਾ ਖ਼ਰਚਾ ਚੁਕਿਆ ਜਾਂਦਾ ਹੈ ਅਤੇ ਹੋਰ ਵੀ ਸਹੂਲਤਾਂ ਦਿਤੀਆਂ ਹਨ।
school
ਪਰ ਇਹ ਬਾਬੇ ਹੋਰਨਾਂ ਲੋਕਾਂ ਕੋਲੋਂ ਵੀ ਫਿਰ ਉਨ੍ਹਾਂ ਬੱਚਿਆਂ ਦੇ ਨਾਮ ਤੇ ਪੈਸੇ ਇਕੱਠੇ ਕਰੀ ਜਾਂਦੇ ਹਨ। ਕੀ ਇਹ ਜਾਇਜ਼ ਗੱਲ ਹੈ? ਇਥੇ ਵੀ ਗੱਲ ਕਰਨੀ ਬਣਦੀ ਹੈ ਕਿ ਜਦੋਂ ਕਿਸੇ ਸਕੂਲ, ਕਾਲਜ ਜਾਂ ਹਸਪਤਾਲ ਦੀ ਇਮਾਰਤ ਤਿਆਰ ਹੁੰਦੀ ਹੈ ਤਾਂ ਉਥੇ ਕਹੀ ਟੋਕਰੀ ਦੀ ਸੇਵਾ ਕਰਨ ਲਈ ਹੋਕਾ ਦਿਤਾ ਜਾਂਦਾ ਹੈ ਪਰ ਜਦੋਂ ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਉਥੇ ਸੇਵਾ ਕਰਨ ਵਾਲੇ ਲੋਕਾਂ ਨੂੰ ਕੋਈ ਰਿਆਇਤ ਨਹੀਂ ਦਿਤੀ ਜਾਂਦੀ ਤੇ ਫ਼ੀਸ ਵੀ ਪੂਰੀ ਲਈ ਜਾਂਦੀ ਹੈ। ਇਸੇ ਕਰ ਕੇ 21ਵੀਂ ਸਦੀ ਵਿਚ ਪੜ੍ਹੀ ਲਿਖੀ ਨੌਜੁਆਨ ਪੀੜ੍ਹੀ ਕਾਰ ਸੇਵਾ ਦੇ ਨਵੇਂ ਬਣੇ ਬਾਬਿਆਂ ਨੂੰ ਬਹੁਤਾ ਚੰਗਾ ਨਹੀਂ ਸਮਝਦੀ ਤੇ ਇਨ੍ਹਾਂ ਦੀ ਵਜ੍ਹਾ ਕਰ ਕੇ ਪੁਰਾਣੀਆਂ ਜਥੇਬੰਦੀਆਂ ਵਾਲੇ ਮਹਾਂਪੁਰਸ਼ਾਂ ਨੂੰ ਵੀ ਉਸੇ ਨਜ਼ਰ ਨਾਲ ਵੇਖਿਆ ਜਾਂਦਾ ਹੈ। ਇਹ ਸੱਭ ਗੱਲਾਂ ਨਿਜੀ ਪੂਰਤੀਆਂ ਕਰਨ ਵਾਲਿਆਂ ਬਾਬਿਆਂ ਕਰ ਕੇ ਪੁਰਾਣੀਆਂ ਜਥੇਬੰਦੀਆਂ ਦੀ ਸਾਖ ਨੂੰ ਢਾਹ ਲਗਾ ਰਹੀਆਂ ਹਨ।
ਇਸੇ ਤਰ੍ਹਾਂ ਸਾਡੇ ਪਿੰਡ ਦੇ ਕੁੱਝ ਨੌਜੁਆਨਾਂ ਵਲੋਂ ਕਮੇਟੀ ਦਾ ਗਠਨ ਕਰ ਕੇ ਨਿਵੇਕਲਾ ਉਪਰਾਲਾ ਸਾਰੇ ਪਿੰਡ ਵਾਸੀਆਂ ਦੀ ਰਾਏ ਨਾਲ ਸ਼ੁਰੂ ਕਰਨ ਦੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਕਿ ਸਾਰੀਆਂ ਜਥੇਬੰਦੀਆਂ ਨੂੰ ਹਾੜੀ, ਸਾਉਣੀ ਉਗਰਾਹੀ ਦੇਣੀ ਬੰਦ ਕਰ ਕੇ ਅਪਣੇ ਪਿੰਡ ਦੀ ਬਣਨ ਵਾਲੀ ਕਮੇਟੀ ਕੋਲ ਦਸਵੰਧ ਰੂਪੀ ਮਾਇਆ ਜਮ੍ਹਾਂ ਕਰਵਾ ਦੇਣ ਜਾਂ ਕਮੇਟੀ ਨੂੰ ਕਣਕ ਝੋਨਾ ਅਪਣੀ ਮਰਜ਼ੀ ਅਨੁਸਾਰ ਦੇਣ ਤਾਕਿ ਇਹ ਵੇਚ ਕੇ ਹੋਣ ਵਾਲੀ ਆਮਦਨ ਨਾਲ ਪਿੰਡ ਵਿਚ ਕਿਸੇ ਲੋੜਵੰਦ ਨੂੰ ਮਕਾਨ ਬਣਾਉਣ, ਲੜਕੀਆਂ ਦੀ ਸ਼ਾਦੀ ਕਰਨ, ਪੜ੍ਹਨ ਵਾਲੇ ਵਿਦਿਆਰਥੀਆਂ ਦੀਆਂ ਫ਼ੀਸਾਂ ਭਰਨ, ਇਲਾਜ ਕਰਵਾਉਣ ਆਦਿ ਵਰਗੇ ਕੰਮ ਕਰਵਾਉਣੇ ਸ਼ੁਰੂ ਕਰਨ ਦਾ ਵਿਚਾਰ ਹੈ। ਇਸ ਨਾਲ ਦਾਨ ਦੀ ਦਿਸ਼ਾ ਵੀ ਬਦਲੇਗੀ ਅਤੇ ਦਾਨ ਸਹੀ ਜਗ੍ਹਾ ਲਗੇਗਾ। ਜੇਕਰ ਲੋਕਾਂ ਨੇ ਇਸ ਉਪਰਾਲੇ ਭਰਵਾਂ ਸਾਥ ਦਿਤਾ ਤਾਂ ਇਸ ਦੇ ਸਾਰਥਕ ਸਿੱਟੇ ਨਿਕਲਣਗੇ ਤੇ ਨਵੀਂ ਪਿਰਤ ਕਾਇਮ ਹੋਵੇਗੀ।
ਗਿ. ਗੁਰਵਿੰਦਰ ਸਿੰਘ ਖ਼ਾਲਸਾ,ਸੰਪਰਕ : 98154-80801