
ਨਿੱਕੇ ਹੁੰਦਿਆਂ ਬਹੁਤ ਅਵੱਲੇ ਸ਼ੌਕ ਸਨ। ਕਈ ਵਾਰ ਉਨ੍ਹਾਂ ਬਾਰੇ ਸੋਚਦਿਆਂ ਮਨ ਹੀ ਮਨ ਹੱਸ ਪਈਦਾ
ਨਿੱਕੇ ਹੁੰਦਿਆਂ ਬਹੁਤ ਅਵੱਲੇ ਸ਼ੌਕ ਸਨ। ਕਈ ਵਾਰ ਉਨ੍ਹਾਂ ਬਾਰੇ ਸੋਚਦਿਆਂ ਮਨ ਹੀ ਮਨ ਹੱਸ ਪਈਦਾ ਹੈ। ਪ੍ਰੰਤੂ ਇਥੇ ਮੈਂ ਅਪਣੀ ਗੱਲ ਸਿਰਫ਼ ਖੇਡਾਂ ਤਕ ਹੀ ਸੀਮਤ ਰਖਾਂਗਾ। ਕੁਸ਼ਤੀ ਨਾਲ ਮੇਰਾ ਕੁੱਝ ਜ਼ਿਆਦਾ ਹੀ ਮੋਹ ਸੀ। ਜਿਥੇ ਕਿਤੇ ਤੇ ਕਿਧਰੇ ਵੀ ਕੁਸ਼ਤੀਆਂ ਹੁੰਦੀਆਂ ਤਾਂ ਮੈਂ ਇਕੱਲਾ ਜਾਂ ਅਪਣੇ ਕਿਸੇ ਸਾਥੀ ਨਾਲ ਉਥੇ ਵੇਖਣ ਜ਼ਰੂਰ ਪਹੁੰਚ ਜਾਂਦਾ।
ਸ਼ਾਇਦ ਇਹੀ ਕਾਰਨ ਰਿਹਾ ਹੋਵੇਗਾ ਕਿ ਭਲਵਾਨਾਂ ਦੀਆਂ ਕੁਸ਼ਤੀਆਂ ਵੇਖ-ਵੇਖ ਕੇ ਮੈਨੂੰ ਭਲਵਾਨ ਬਣਨ ਦਾ ਚਾਅ ਹਮੇਸ਼ਾ ਚੜ੍ਹਿਆ ਰਹਿੰਦਾ ਸੀ। ਪੜ੍ਹਾਈ ਲਿਖਾਈ ਵਲ ਰੁਚੀ ਘੱਟ ਹੀ ਸੀ ਤੇ ਸ਼ਰਾਰਤੀ ਮਨ ਇਧਰ ਉਧਰ ਭਟਕਦਾ ਰਹਿੰਦਾ ਸੀ। ਖ਼ੁਰਾਕ ਦਾ ਚੰਗਾ ਖ਼ਿਆਲ ਰਖੀਦਾ ਸੀ। ਦੁਧ, ਦਹੀਂ, ਮਖਣੀ ਤੇ ਲੱਸੀ ਦਾ ਵਖਰਾ ਹੀ ਆਨੰਦ ਸੀ। ਸਰਦੀਆਂ ਵਿਚ ਪੱਟਾਂ, ਡੌਲਿਆਂ ਤੇ ਪੂਰੇ ਸ੍ਰੀਰ ਨੂੰ ਕੋਸੇ-ਕੋਸੇ ਸਰ੍ਹੋਂ ਦਾ ਤੇਲ ਲਗਾ ਕੇ ਧੁੱਪੇ ਬੈਠੀਦਾ ਸੀ। ਅਪਣੇ ਪੱਟਾਂ ਤੇ ਡੌਲਿਆਂ ਨੂੰ ਲਿਸ਼ਕਾ ਚਮਕਾ ਕੇ ਆਪੇ ਹੀ ਖ਼ੁਸ਼ ਹੋ ਲਈਦਾ ਸੀ। ਚੰਗਾ ਨਹਾ ਧੋ ਕੇ ਸ੍ਰੀਰ ਨੂੰ ਸੁੰਦਰ ਬਣਾਉਣ ਦਾ ਚਾਅ ਹਮੇਸ਼ਾ ਚੜ੍ਹਿਆ ਰਹਿੰਦਾ ਸੀ।
ਦਰਅਸਲ ਮੈਂ ਕੁਸ਼ਤੀ ਲਈ ਹਰ ਕਹਿੰਦੇ ਕਹਾਉਂਦੇ ਮੁੰਡੇ ਨੂੰ ਚੈਲੇਂਜ ਕਰਦਾ ਹੁੰਦਾ ਸਾਂ। ਅਪਣੇ ਤੋਂ ਵੱਡੇ ਤੇ ਤਕੜੇ ਮੁੰਡੇ ਨੂੰ ਵੀ‚ਕਹਿ ਛਡਦਾ ਸੀ ਕਿ 'ਆਉ ਵਈ ਜੀਹਨੇ ਆਵਦੀ ਮਾਂ ਦਾ ਦੁਧ ਪੀਤੈ ਸੁੱਖੀ ਥੋਨੂੰ ਲਲਕਾਰਦੈ।' ਕੁਸ਼ਤੀ ਲੜਦਿਆਂ ਜ਼ਰੂਰੀ ਨਹੀਂ ਸੀ ਕਿ ਹਰ ਵਾਰ ਮੇਰੀ ਹੀ ਜਿੱਤ ਹੁੰਦੀ ਸੀ, ਮੈਂ ਹਾਰ ਵੀ ਜਾਂਦਾ ਸਾਂ। ਇਕ ਵਾਰ ਜਦੋਂ ਮੈਂ ਅਪਣੇ ਨਾਨਕੇ ਪਿੰਡ ਪਹਾੜਪੁਰ (ਨਾਭਾ) ਛੁਟੀਆਂ ਕੱਟਣ ਗਿਆ ਤਾਂ ਮੈਂ ਦੋ ਮੁੰਡਿਆਂ ਨੂੰ ਚਿੱਤ ਕਰ ਦਿਤਾ। ਹੈਂਕੜ ਵਿਚ ਆਏ ਨੇ ਮੈਂ ਜਦੋਂ ਅਪਣੇ ਟੱਬਰ ਵਿਚੋਂ ਲਗਦੇ ਭਰਾ ਨੂੰ ਲਲਕਾਰਿਆ ਤਾਂ ਉਸ ਨੇ ਪਤਾ ਨਹੀਂ ਕਿਹੜਾ ਦਾਅ ਵਰਤਿਆ ਕਿ ਮੈਂ ਮਿੰਟਾਂ ਵਿਚ ਹੀ ਚਿੱਤ ਹੋ ਗਿਆ।
ਉਸ ਸਾਰਾ ਦਿਨ ਮੈਂ ਨਮੋਸ਼ੀ ਦੀ ਅੱਗ ਵਿਚ ਸੜਦਾ ਰਿਹਾ ਤੇ ਰਾਤੀ ਵੀ ਅੱਖਾਂ ਵਿਚ ਨੀਂਦਰ ਨਾ ਪਵੇ, ਥੋੜੀ-ਥੋੜੀ ਦੇਰ ਬਾਅਦ ਅੱਖਾਂ ਭਰ ਆਇਆ ਕਰਨ। ਨਾਨੀ ਵਲੋਂ ਕੁੱਟੀ ਚੂਰੀ ਵੀ ਖਾਧੀ ਨਹੀਂ ਸੀ ਗਈ, ਰਾਤ ਨੂੰ ਸੌਣ ਲੱਗੇ ਦੁਧ ਵੀ ਨਾ ਪੀਤਾ ਗਿਆ। ਵਾਰ-ਵਾਰ ਮੈਨੂੰ ਮੇਰਾ ਉਹੀ ਸ਼ਰੀਕੇ ਵਿਚੋਂ ਲਗਦਾ ਭਰਾ ਜਿਵੇਂ ਮੈਨੂੰ ਲਲਕਾਰ-ਲਲਕਾਰ ਕੇ ਆਖ ਰਿਹਾ ਹੋਵੇ,‚ਵੱਡਾ ਭਲਵਾਨ ਬਣਿਆ ਫਿਰਦਾ ਸੀ, ਮਾਂਜ ਕੇ ਰੱਖ ਦਿਤਾ।
ਉਸ ਦਿਨ ਤੋਂ ਬਾਅਦ ਮੈਂ ਕੁਸ਼ਤੀ ਨੂੰ ਇਕ ਵਾਧੂ ਜਿਹਾ ਸ਼ੁਗਲ ਨਾ ਸਮਝ ਕੇ ਇਸ ਨੂੰ ਸੰਜੀਦਗੀ ਨਾਲ ਲੈਣਾ ਸ਼ੁਰੂ ਕਰ ਦਿਤਾ। ਉਸ ਘਟਨਾ ਤੋਂ ਕੁੱਝ ਦਿਨ ਬਾਅਦ, ਨਾਨਕਿਆਂ ਵਿਚੋਂ ਛੁੱਟੀਆਂ ਕੱਟ ਕੇ ਅਪਣੇ ਸ਼ਹਿਰ ਨਾਭੇ ਫਿਰ ਮੈਨੂੰ ਇਕ ਕੁਸ਼ਤੀ ਲੜਨ ਦਾ ਮੌਕਾ ਮਿਲਿਆ। ਮੇਰਾ ਘੋਲ ਸਾਡੇ ਘਰ ਦੇ ਨੇੜੇ ਹੀ ਪੈਂਦੀ ਇਕ ਬਗ਼ੀਚੀ ਵਿਚ ਇਕ ਬਾਜ਼ੀਗਰਾਂ ਦੇ ਮੁੰਡੇ ਨਾਲ ਪੈ ਗਿਆ। ਬਾਜ਼ੀਗਰਾਂ ਦਾ ਮੁੰਡਾ ਚੰਗਾ ਘੋਲ ਕਰ ਲੈਂਦਾ ਸੀ ਤੇ ਉਸ ਨੇ ਕਈ ਮੁੰਡਿਆਂ ਨੂੰ ਚਿੱਤ ਕਰ ਕੇ ਅਪਣੀ ਝੰਡੀ ਰਖੀ ਹੋਈ ਸੀ। ਉਸ ਦਾ ਚੈਲੇਂਜ ਕਬੂਲਦਿਆਂ ਜਦੋਂ ਮੈਂ ਉਸ ਨਾਲ ਕੁਸ਼ਤੀ ਲਈ ਰਾਜ਼ੀ ਹੋ ਗਿਆ ਤਾਂ ਉਹ ਤਮਾਸ਼ਬੀਨਾਂ ਵੰਨੀ ਸਰਸਰੀ ਨਿਗਾਹ ਮਾਰ ਕੇ ਹਸਦਿਆਂ ਬੋਲਣ ਲੱਗਾ,‚''ਜਾਹ ਉਏ ਸੁਖੀਆ! ਕਿਤੇ ਐਵੇਂ ਨਾ ਲਤਾੜਿਆ ਜਾਈਂ, ਮੈਨੂੰ ਤੇਰੇ ‚ਤੇ ਤਰਸ ਆਉਂਦੈ- ਜਾਹ ਚੁੱਪ ਕਰ ਕੇ ਅਪਣੇ ਘਰ ਨੂੰ ਜਾਹ, ਕਿਉਂ ਬੇਇਜ਼ਤੀ ਕਰਵਾਉਣ ਲਗਿਐਂ।''‚
ਅੰਦਰੋਂ ਤਾਂ ਮੈਂ ਵੀ ਡਰ ਗਿਆ ਸਾਂ ਪਰ ਹਿੰਮਤ ਕਰ ਕੇ ਅਪਣੇ ਕਪੜੇ ਲਾਹ ਕੇ ਔਹ ਪਰਾਂ ਮਾਰੇ ਤੇ ਲੱਗਾ ਉਸ ਨਾਲ ਘੁਲਣ-। ਉਸ ਵਕਤ ਸਾਰੇ ਜਣੇ ਹੈਰਾਨ ਰਹਿ ਗਏ ਜਦੋਂ ਸਾਰਿਆਂ ਤਕਿਆ ਕਿ ਮੈਂ ਉਸ ਮੁੰਡੇ ਨੂੰ ਕੁੱਝ ਹੀ ਮਿੰਟਾਂ ਵਿਚ ਪਟਕਾ ਕੇ ਜ਼ਮੀਨ ਉਤੇ ਮਾਰਿਆ ਤੇ ਉਸ ਦੀ ਪਿੱਠ ਲਗਵਾ ਦਿਤੀ ਤੇ ਉਸ ਨੂੰ ਉਠਣਯੋਗ ਨਾ ਛਡਿਆ। ਪਰ ਇਸ ਤੋਂ ਪਹਿਲਾਂ ਕਿ ਮੈਂ ਅਪਣੀ ਖ਼ੁਸ਼ੀ ਉਥੇ ਖੜੇ ਅਪਣੇ ਮਿੱਤਰਾਂ ਨਾਲ ਸਾਂਝੀ ਕਰਦਾ, ਉਦੋਂ ਤਕ ਮੇਰੇ ਪਿਤਾ ਜੀ ਨੇ ਮੈਨੂੰ ਘਰ ਲਿਜਾ ਕੇ ਮੰਜੇ ਉਤੇ ਵਗਾਹ ਮਾਰਿਆ ਤੇ ਪੜ੍ਹਾਈ ਵਲ ਜ਼ੋਰ ਦੇਣ ਲਈ ਕਿਹਾ।
ਪਤਾ ਨਹੀਂ ਹਾਲੇ ਮੇਰੀ ਹੋਰ ਕਿੰਨੀ ਛਿੱਤਰ ਪਰੇਡ ਹੋਣੀ ਸੀ। ਏਨੇ ਵਿਚ ਹੀ ਗੁਆਂਢ ਵਿਚ ਰਹਿੰਦੇ ਮੇਰੇ ਸਕੂਲ ਦੇ ਮਾਸਟਰ ਜੀ ਰੱਬ ਵਾਂਗ ਸਾਡੇ ਘਰ ਬਹੁੜੇ ਤੇ ਕਹਿਣ ਲੱਗੇ, ''ਰਹਿਣ ਦੇ ਗੁਰਦੇਵ ਸਿਹਾਂ, ਕਿਉਂ ਮੁੰਡੇ ਨੂੰ ਕੁੱਟਣ ਲਗਿਐਂ?'' ਇਹ ਸੁਣ ਪਿਤਾ ਜੀ ਨੇ ਮੈਨੂੰ ਛੱਡ ਦਿਤਾ। ਪਰ ਜਾਂਦਿਆਂ-ਜਾਂਦਿਆਂ ਮਾਸਟਰ ਜੀ ਮੈਨੂੰ ਇਕ ਨਸੀਹਤ ਦੇ ਗਏ,‚''ਸੁੱਖੀ! ਖੇਡਾਂ ਵੀ ਜ਼ਿੰਦਗੀ ਵਿਚ ਜ਼ਰੂਰੀ ਨੇ ਪਰ ਤੂੰ ਪੜ੍ਹਨ ਵਲ ਵਧੇਰੇ ਧਿਆਨ ਦਿਆ ਕਰ ਕਿਉਂਕਿ ਮੈਨੂੰ ਲਗਦੈ ਕਿ ਤੂੰ ਪੜ੍ਹ ਲਿਖ ਕੇ ਵੱਡਾ ਅਫ਼ਸਰ ਬਣੇਂਗਾ।''‚ ਬਸ ਉਸ ਦਿਨ ਤੋਂ ਬਾਅਦ ਮੈਂ ਭਲਵਾਨੀ ਛੱਡ ਦੇ ਪੜ੍ਹਾਈ ਵਾਲੇ ਪਾਸੇ ਹੋ ਗਿਆ। ਸੰਪਰਕ : 98145-07693