ਕੈਂਸਰ ਨੂੰ ਹਰਾਉਣਾ ਸੰਭਵ
Published : May 17, 2018, 7:04 am IST
Updated : May 17, 2018, 7:04 am IST
SHARE ARTICLE
Cancer
Cancer

ਕੈਂਸਰ ਮੌਤ ਦਾ ਦੂਜਾ ਨਾਂ ਨਹੀਂ ਸਗੋਂ ਦੁਬਾਰਾ ਮਿਲੀ ਜ਼ਿੰਦਗੀ ਹੈ। ਇਸ ਨੂੰ ਜਾਨਲੇਵਾ ਮੰਨ ਲੈਣਾ ਕਿਸੇ ਮਿਥਕ ਵਰਗਾ ਹੈ, ਜਿਸ ਨੂੰ ਹੁਣ ਕਈ ਮਸ਼ਹੂਰ ਲੋਕ ....

ਕੈਂਸਰ ਮੌਤ ਦਾ ਦੂਜਾ ਨਾਂ ਨਹੀਂ ਸਗੋਂ ਦੁਬਾਰਾ ਮਿਲੀ ਜ਼ਿੰਦਗੀ ਹੈ। ਇਸ ਨੂੰ ਜਾਨਲੇਵਾ ਮੰਨ ਲੈਣਾ ਕਿਸੇ ਮਿਥਕ ਵਰਗਾ ਹੈ, ਜਿਸ ਨੂੰ ਹੁਣ ਕਈ ਮਸ਼ਹੂਰ ਲੋਕ ਸਾਬਤ ਕਰ ਚੁੱਕੇ ਹਨ। ਕੈਂਸਰ ਨੂੰ ਹਰਾਉਣ ਵਾਲੇ ਕੁੱਝ ਅਜਿਹੇ ਲੋਕਾਂ ਦੀ ਆਪ-ਬੀਤੀ ਵੀ ਪੜ੍ਹੋ।
ਖੇਡ ਮੈਦਾਨ ਉਤੇ ਨਾਂ ਉੱਚਾ ਕਰ ਕੇ ਕਈ ਰੀਕਾਰਡ ਕਾਇਮ ਕਰਨ ਵਾਲੇ ਯੁਵਰਾਜ ਸਿੰਘ ਨੂੰ 2012 ਦੀ ਸ਼ੁਰੂਆਤ ਵਿਚ ਕੈਂਸਰ ਨੇ ਅਪਣੀ ਜਕੜ ਵਿਚ ਲੈ ਲਿਆ ਸੀ। ਫ਼ਰਵਰੀ 2012 ਨੂੰ ਜਿਉਂ ਹੀ ਇਹ ਖ਼ਬਰ ਆਮ ਹੋਈ ਕਿ ਯੁਵਰਾਜ ਸਿੰਘ ਦੇ ਫੇਫੜੇ ਵਿਚ ਟਿਊਮਰ ਹੈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਮੈਦਾਨ ਤਾਂ ਮੈਦਾਨ, ਜ਼ਿੰਦਗੀ ਦੇ ਮੈਦਾਨ ਵਿਚ ਵੀ ਬਣੇ ਰਹਿਣ ਤੇ ਖ਼ਦਸ਼ੇ ਪ੍ਰਗਟਾਉਣੇ ਸ਼ੁਰੂ ਕਰ ਦਿਤੇ ਸਨ। ਇਸ ਦਾ ਕਾਰਨ ਤੈਅ ਹੈ, ਕੈਂਸਰ ਪ੍ਰਤੀ ਪੁਰਾਣੇ ਖ਼ਿਆਲ ਅਤੇ ਇਸ ਨੂੰ ਆਮ ਬਿਮਾਰੀ ਮੰਨਣਾ, ਜਦਕਿ ਅਜਿਹਾ ਨਹੀਂ ਹੈ। ਯੁਵਰਾਜ ਸਿੰਘ ਦੇ ਫ਼ਿਜ਼ਿਉ (ਭੌਤਿਕ ਚਿਕਿਤਸਕ) ਡਾਕਟਰ ਜਤਿਨ ਚੌਧਰੀ ਨੇ ਫ਼ਰਵਰੀ 2012 ਵਿਚ ਹੀ ਯੁਵਰਾਜ ਸਿੰਘ ਬਾਰੇ ਉੱਡ ਰਹੀਆਂ ਅਫ਼ਵਾਹਾਂ ਨੂੰ ਰੋਕਦੇ ਹੋਏ ਸਪੱਸ਼ਟ ਕਰ ਦਿਤਾ ਸੀ ਕਿ ਉਨ੍ਹਾਂ ਨੂੰ ਅਸਾਧਾਰਣ ਅਤੇ ਕੈਂਸਰ ਟਿਊਮਰ ਹੈ। ਹੁਣ ਇਹ ਫ਼ੈਸਲਾ ਡਾਕਟਰਾਂ ਨੇ ਕਰਨਾ ਹੈ ਕਿ ਉਹ ਕੀਮੋਥਰੈਪੀ ਕਰਾਉਣ ਜਾਂ ਫਿਰ ਦਵਾਈਆਂ ਦੇਣ। ਟਿਊਮਰ ਦਾ ਹਿੱਸਾ ਯੁਵਰਾਜ ਦੇ ਦਿਲ ਦੀ ਧਮਣੀ ਦੇ ਉਪਰ ਸੀ ਜਿਸ ਦੇ ਫਟਣ ਦੇ ਸ਼ੱਕ ਕਰ ਕੇ ਡਾਕਟਰ ਨਾਂਹ ਨਹੀਂ ਕਰ ਰਹੇ ਸਨ। ਦੇਰ ਨਾ ਕਰਦੇ ਹੋਏ ਯੁਵਰਾਜ ਸਿੰਘ ਬੋਸਟਨ ਦੇ ਕੈਂਸਰ ਖੋਜ ਕੇਂਦਰ ਜਾ ਪਹੁੰਚੇ ਜਿਥੇ ਉਨ੍ਹਾਂ ਨੂੰ ਕੀਮੋਥਰੈਪੀ ਦਿਤੀ ਗਈ। ਬਹੁਤ ਛੇਤੀ ਯੁਵਰਾਜ ਸਿੰਘ ਠੀਕ ਹੋ ਕੇ ਭਾਰਤ ਆਏ ਅਤੇ ਕ੍ਰਿਕਟ ਦੇ ਮੈਦਾਨ ਵਿਚ ਦ੍ਰਿੜਤਾ ਵਿਖਾਉਂਦੇ ਦਿਸੇ ਤਾਂ ਕੈਂਸਰ ਤੋਂ ਡਰਨ ਵਾਲਿਆਂ ਨੂੰ ਅਨੰਦਮਈ ਹੈਰਾਨੀ ਹੋਈ ਕਿ 'ਉਏ, ਇਹ ਤਾਂ ਠੀਕ ਹੋ ਜਾਂਦਾ ਹੈ।'
ਯੁਵਰਾਜ ਸਿੰਘ ਦਾ ਕੈਂਸਰ ਨੂੰ ਹਰਾਉਣ ਵਿਚ ਇਲਾਜ ਤੋਂ ਇਲਾਵਾ ਉਨ੍ਹਾਂ ਦਾ ਆਤਮਵਿਸ਼ਵਾਸ ਅਹਿਮ ਸੀ ਜਿਸ ਦਾ ਜ਼ਿਕਰ 1999 ਵਿਚ ਬਿਹਾਰ ਕੂਚ ਟਰਾਫ਼ੀ ਦੌਰਾਨ ਮਹਿੰਦਰ ਸਿੰਘ ਧੋਨੀ ਨੇ ਕੀਤਾ ਸੀ। ਕੈਂਸਰ ਨਾਲ ਅਪਣੇ ਸੰਘਰਸ਼ ਦੀ ਕਹਾਣੀ ਬਿਆਨ ਕਰਦੀ ਕਿਤਾਬ 'ਦ ਟੈਸਟ ਆਫ਼ ਮਾਈ ਲਾਈਫ਼' ਵਿਚ ਯੁਵਰਾਜ ਨੇ ਲਿਖਿਆ ਹੈ, 'ਜਦ ਤੁਸੀ ਬਿਮਾਰ ਹੁੰਦੇ ਹੋ ਤਾਂ ਕੁੱਝ ਸਵਾਲ ਇਕ ਡਰਾਉਣੇ ਸੁਪਨੇ ਵਾਂਗ ਵਾਰ-ਵਾਰ ਤੁਹਾਨੂੰ ਦੁਖੀ ਕਰ ਸਕਦੇ ਹਨ, ਪਰ ਤੁਹਾਨੂੰ ਸੀਨਾ ਠੋਕ ਕੇ ਖੜਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਮੁਸ਼ਕਲ ਸਵਾਲਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ।'
'ਸੌਦਾਗਾਰ' ਫ਼ਿਲਮ ਨਾਲ ਫ਼ਿਲਮ ਜਗਤ ਵਿਚ ਦਾਖ਼ਲ ਹੋਈ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਵੀ ਕੈਂਸਰ ਨੂੰ ਹਸਦੇ ਹਸਦੇ ਹਰਾਇਆ ਹੈ। ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਵੀ ਕਈ ਫ਼ਿਲਮਾਂ ਵਿਚ ਧਮਾਲਾਂ ਮਚਾਉਣ ਵਾਲੀ ਮਨੀਸ਼ਾ ਦੀ ਅਦਾਕਾਰੀ ਵਿਚ ਕੋਈ ਕਮੀ ਨਜ਼ਰ ਨਹੀਂ ਆਈ। ਉਨ੍ਹਾਂ ਨੂੰ ਅੰਡਕੋਸ਼ ਕੈਂਸਰ ਸੀ। ਇਹ ਸੰਜੋਗ ਦੀ ਗੱਲ ਸੀ ਕਿ ਕੋਇਰਾਲਾ ਦੇ ਕੈਂਸਰ ਦੀ ਪਛਾਣ ਵੀ 2012 'ਚ ਹੋਈ ਸੀ। 
ਮਨੀਸ਼ਾ ਕੋਇਰਾਲਾ ਦੀ ਸਰਜਰੀ ਨਿਊਯਾਰਕ ਵਿਚ ਹੋਈ ਸੀ। ਠੀਕ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ, ''ਕੈਂਸਰ ਅੱਗੇ ਜੇਕਰ ਮੈਂ ਗੋਡੇ ਟੇਕ ਦੇਂਦੀ ਤਾਂ ਹਾਰ ਜਾਂਦੀ ਪਰ ਮੈਂ ਕੈਂਸਰ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਜਿੱਤ ਗਈ।'' ਹੁਣ ਕੈਂਸਰ ਜਾਗਰੂਕਤਾ ਮੁਹਿੰਮ ਦੀ ਬਰੈਂਡ ਅੰਬੈਸਡਰ ਬਣ ਕੇ ਜਾਗਰੂਕਤਾ ਫੈਲਾ ਰਹੀ ਮਨੀਸ਼ਾ ਆਮ ਜੀਵਨ ਬਤੀਤ ਕਰ ਰਹੀ ਹੈ। 
ਮਨੀਸ਼ਾ ਵਾਂਗ ਹੀਰੋਇਨ ਲੀਜ਼ਾ ਰੇ ਵੀ ਛਾਤੀ ਦੇ ਕੈਂਸਰ ਦੀ ਸ਼ਿਕਾਰ ਹੋਈ। ਕਈ ਸਾਲਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਨੇ ਹਾਲੀਵੁੱਡ ਵਿਚ ਅਦਾਕਾਰੀ ਦੀ ਨਵੀਂ ਪਾਰੀ ਸ਼ੁਰੂ ਕੀਤੀ ਅਤੇ ਅੱਜ ਉਥੇ ਸੱਭ ਦੀ ਪਸੰਦੀਦਾ ਅਦਾਕਾਰਾ ਬਣ ਗਈ ਹੈ। 
ਇਹ ਜ਼ਰੂਰੀ ਨਹੀਂ ਕਿ ਕੈਂਸਰ ਪ੍ਰਸਿੱਧ ਵਿਅਕਤੀਆਂ ਦਾ ਹੀ ਠੀਕ ਹੋਵੇ ਅਤੇ ਉਸ ਲਈ ਮਹਿੰਗਾ ਇਲਾਜ ਕਰਾਉਣ ਬੋਸਟਨ ਜਾਂ ਨਿਊਯਾਰਕ ਜਾਣਾ ਪਵੇ। ਇਲਾਜ ਕਿਤੇ ਵੀ ਹੋਵੇ, ਜ਼ਰੂਰੀ ਇਹ ਹੈ ਕਿ ਮਰੀਜ਼ ਹੌਸਲਾ ਅਤੇ ਹਿੰਮਤ ਬਣਾਈ ਰੱਖੇ। ਲੱਖਾਂ ਮਰੀਜ਼ਾਂ ਵਾਂਗ ਭੋਪਾਲ ਦੀ ਸ਼ੇਫ਼ਾਲੀ ਚੱਕਰਵਰਤੀ ਅਤੇ ਲਖਨਊ ਦੀ ਨੀਲਮ ਵੈਸ਼ਯ ਸਿੰਘ ਦੀਆਂ ਉਦਾਹਰਣਾਂ ਆਸਵੰਦ ਕਰਦੀਆਂ ਹਨ ਕਿ ਕੈਂਸਰ ਤੋਂ ਜਿਤਣਾ ਹੁਣ ਅਸੰਭਵ ਨਹੀਂ ਰਿਹਾ। ਸ਼ੇਫ਼ਾਲੀ ਦੇ ਪਤੀ ਅਮਿਤ ਚੱਕਰਵਰਤੀ ਭੋਪਾਲ ਸਥਿਤ ਬੀ.ਐਚ.ਆਈ.ਐਲ. ਕੰਪਨੀ ਵਿਚ ਕੰਮ ਕਰਦੇ ਹਨ। ਇਨ੍ਹਾਂ ਦੇ ਦੋ ਬੱਚੇ ਹਨ। ਪੁੱਤਰੀ 12 ਸਾਲ ਦੀ ਅਤੇ ਪੁੱਤਰ 8 ਸਾਲ ਦਾ ਹੈ। ਉਨ੍ਹਾਂ ਦੋਹਾਂ ਦੀ ਜ਼ਿੰਦਗੀ ਵਿਚ ਸੱਭ ਕੁੱਝ ਠੀਕ ਠਾਕ ਚੱਲ ਰਿਹਾ ਸੀ ਕਿ ਹੁਣ ਤੋਂ ਕੋਈ 4 ਸਾਲ ਪਹਿਲਾਂ ਪਤਾ ਲੱਗਾ ਕਿ ਸ਼ੇਫ਼ਾਲੀ ਨੂੰ ਜੀਭ ਦਾ ਕੈਂਸਰ ਹੈ। ਸ਼ੇਫ਼ਾਲੀ ਦਸਦੀ ਹੈ ਕਿ ਜਿਸ ਦਿਨ ਬਾਇਆਪਸੀ (ਸਰੀਰ ਦਾ ਕੋਈ ਟਿਸ਼ੂ ਕੱਟ ਕੇ ਉਸ ਦੀ ਜਾਂਚ ਕਰਨੀ) ਦੀ ਰੀਪੋਰਟ ਆਈ ਸੀ, ਅਮਿਤ ਨੇ ਕੈਂਸਰ ਬਾਰੇ ਨਹੀਂ ਦਸਿਆ ਸਗੋਂ ਇਹ ਕਿਹਾ ਕਿ ਸਾਨੂੰ ਇਕ ਲੜਾਈ ਲੜਨੀ ਹੈ ਅਤੇ ਕਿਸੇ ਵੀ ਹਾਲਤ ਵਿਚ ਜਿਤਣਾ ਹੈ। ਸ਼ੇਫ਼ਾਲੀ ਸਦਮੇ ਵਿਚ ਸੀ ਕਿ ਕਿਵੇਂ ਇਕ ਝਟਕੇ ਵਿਚ ਪ੍ਰਵਾਰ ਦੀਆਂ ਖ਼ੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਸੀ। ਡਾਕਟਰਾਂ ਨੂੰ ਮਿਲੀ ਤਾਂ ਪਤਾ ਲੱਗਾ ਕਿ ਜੀਭ ਦਾ ਆਪਰੇਸ਼ਨ ਹੋਵੇਗਾ ਅਤੇ ਸੰਭਵ ਹੈ ਕਿ ਇਸ ਨਾਲ ਉਨ੍ਹਾਂ ਦੀ ਆਵਾਜ਼ ਵੀ ਜਾਂਦੀ ਰਹੇ। ਮੁੰਬਈ ਦੇ ਟਾਟਾ ਮੈਮੋਰੀਅਲ ਵਿਚ ਸੇਫ਼ਾਲੀ ਦਾ ਇਲਾਜ ਅਤੇ ਆਪਰੇਸ਼ਨ ਹੋਇਆ ਅਤੇ ਸਫ਼ਲ ਵੀ ਰਿਹਾ। ਸੇਫ਼ਾਲੀ ਨੇ ਇਸ ਦੌਰਾਨ ਹਿੰਮਤ ਨਹੀਂ ਹਾਰੀ। ਪਤੀ ਅਤੇ ਦੋਸਤਾਂ ਰਿਸ਼ਤੇਦਾਰਾਂ ਨੇ ਵੀ ਪੂਰਾ ਸਹਿਯੋਗ ਦਿਤਾ ਜਿਸ ਕਾਰਨ ਉਹ ਮੰਜ਼ਿਲ ਤਕ ਆ ਸਕੀ। ਹੁਣ ਸ਼ੇਫ਼ਾਲੀ ਪੂਰੀ ਤਰ੍ਹਾਂ ਤੰਦਰੁਸਤ ਹੈ। ਕੈਂਸਰ ਤੋਂ ਜੰਗ ਜਿੱਤਣ ਦਾ ਵੱਡਾ ਕਾਰਨ ਉਸ ਦਾ ਆਤਮਵਿਸ਼ਵਾਸ ਹੈ।
ਕੈਂਸਰ ਦਾ ਪਤਾ ਸ਼ੁਰੂਆਤੀ ਦੌਰ ਵਿਚ ਜਾਂਚ ਰੀਪੋਰਟ ਵਿਚ ਆਸਾਨੀ ਨਾਲ ਨਹੀਂ ਆਉਂਦਾ। ਲਖਨਊ ਦੀ ਰਹਿਣ ਵਾਲੀ ਨੀਲਮ ਵੈਸ਼ਯ ਸਿੰਘ ਬਹੁਤ ਹੀ ਫ਼ਿੱਟ ਅਤੇ ਜਾਗਰੂਕ ਔਰਤ ਹਨ। ਜਦ ਉਨ੍ਹਾਂ ਦਾ ਭਾਰ ਘਟਣਾ ਸ਼ੁਰੂ ਹੋÎਇਆ ਅਤੇ ਸਰੀਰ ਦਾ ਸੈਟੇਮੀਨਾ (ਸਰੀਰਕ ਸ਼ਕਤੀ) ਘੱਟ ਹੋਣ ਲੱਗਾ ਤਾਂ ਉਹ ਅਪਣੇ ਡਾਕਟਰ ਕੋਲ ਗਈ। ਕੁੱਝ ਸਮੇਂ ਪਹਿਲਾਂ ਉਹ ਮੈਮੋਗਰਾਫ਼ੀ ਕਰਾ ਚੁੱਕੀ ਸੀ। ਉਸ ਵਿਚ ਕੋਈ ਜਾਣਕਾਰੀ ਨਹੀਂ ਮਿਲੀ ਸੀ। ਡਾਕਟਰ ਦੀ ਸਲਾਹ ਤੇ ਦੁਬਾਰਾ ਮੈਮੋਗਰਾਫ਼ੀ ਟੈਸਟ ਕਰਵਾਇਆ। ਇਸ ਵਿਚ ਵੀ ਠੀਕ ਜਾਣਕਾਰੀ ਨਹੀਂ ਮਿਲ ਸਕੀ। ਮੈਮੋਗਰਾਫ਼ੀ ਤੋਂ ਬਾਅਦ ਅਲਟਰਾਸਾਊਂਡ ਯੂ.ਐਸ.ਜੀ. ਕਰਵਾਇਆ। ਇਸ ਵਿਚ ਕੁੱਝ ਸੰਕੇਤ ਮਿਲੇ ਜਿਸ ਦੀ ਪੁਸ਼ਟੀ ਲਈ ਦਿੱਲੀ ਜਾ ਕੇ ਐਫ਼.ਐਨ.ਸੀ. ਕਰਵਾਇਆ। ਐਫ਼.ਐਨ.ਸੀ. ਬਹੁਤ ਤਕਲੀਫ਼ਦੇਹ ਟੈਸਟ ਸੀ। ਇਸ ਟੈਸਟ ਬਾਅਦ ਹੀ ਛਾਤੀ ਕੈਂਸਰ ਦਾ ਪਤਾ ਲੱਗਾ। ਨੀਲਮ ਲਈ ਉਹ ਪਲ ਬਹੁਤ ਸੰਘਰਸ਼ ਵਾਲੇ ਸਨ। ਪ੍ਰਵਾਰ ਅਤੇ ਪੁੱਤਰੀ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਫ਼ਿਕਰਾਂ ਹੋਣ ਲਗੀਆਂ ਸਨ। ਨੀਲਮ ਲਈ ਚੰਗਾ ਇਹ ਸੀ ਕਿ ਸਾਰਾ ਪ੍ਰਵਾਰ ਉਨ੍ਹਾਂ ਨਾਲ ਹਰ ਤਰ੍ਹਾਂ ਨਾਲ ਖੜਾ ਸੀ। 
ਦਿੱਲੀ ਤੋਂ ਬਾਅਦ ਮੁੰਬਈ ਜਾ ਕੇ ਸੱਭ ਤੋਂ ਵਧੀਆ ਇਲਾਜ ਦੀ ਦਿਸ਼ਾ ਵਿਚ ਕੋਸ਼ਿਸ਼ਾਂ ਸ਼ੁਰੂ ਹੋਈਆਂ। ਕਈ ਵੱਖ ਵੱਖ ਮਾਹਰ ਡਾਕਟਰਾਂ ਦੀ ਸਲਾਹ ਤੋਂ ਬਾਅਦ ਨੀਲਮ ਵਿਚ ਆਤਮਵਿਸ਼ਵਾਸ ਵਾਪਸ ਆਉਣਾ ਸ਼ੁਰੂ ਹੋਇਆ। ਉਨ੍ਹਾਂ ਨੇ ਅਪਣੇ ਆਪ ਨੂੰ ਮਜ਼ਬੂਤ ਕੀਤਾ। ਕਿਸੇ ਵੀ ਔਰਤ ਲਈ ਸੱਭ ਤੋਂ ਕਮਜ਼ੋਰ ਪੱਖ ਉਸ ਦੇ ਸੁੰਦਰ ਵਾਲ ਹੁੰਦੇ ਹਨ। ਛਾਤੀ ਦੇ ਕੈਂਸਰ ਵਿਚ ਸੁੰਦਰਤਾ ਨੂੰ ਲੈ ਕੇ ਵੱਖ ਧਾਰਣਾਂ ਮਨ ਵਿਚ ਸੀ। ਸਰਜਰੀ ਤੋਂ ਪਹਿਲਾਂ ਡਾਕਟਰ ਨੇ ਜਦ ਇਹ ਦੱਸ ਦਿਤਾ ਕਿ ਛਾਤੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਵਾਲ ਵਾਪਸ ਆ ਜਾਣਗੇ। ਨੀਲਮ ਕਹਿੰਦੇ ਹਨ, ''ਸਰਜਰੀ ਕਰਨ ਵਾਲੇ ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਮੇਰੀਆਂ ਸਾਰੀਆਂ ਚਿੰਤਾਵਾਂ ਸ਼ਾਂਤ ਹੋ ਗਈਆਂ ਸਨ। ਸਰਜਰੀ ਤੋਂ ਪਹਿਲਾਂ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਣ ਤੋਂ ਬਾਅਦ ਆਪ੍ਰੇਸ਼ਨ ਹੋਇਆ। ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦਿਤੀ ਗਈ। ਸਰਜਰੀ ਤੋਂ ਬਾਅਦ ਕੀਮੋਥਰੈਪੀ ਸ਼ੁਰੂ ਹੋਈ। ਹਰ 21 ਦਿਨਾਂ ਬਾਅਦ 4 ਵਾਰ ਕੀਮੋਥਰੈਪੀ ਹੋਣ ਲੱਗੀ। ਪਹਿਲੀ ਥਰੈਪੀ ਤੋਂ ਬਾਅਦ ਹੀ ਮੇਰੇ ਵਾਲ ਡਿੱਗਣ ਲੱਗੇ। ਕਈ ਲੋਕਾਂ ਨੇ ਸਲਾਹ ਦਿਤੀ ਕਿ ਵਿਗ (ਨਕਲੀ ਵਾਲਾਂ ਦੀ ਟੋਪੀ) ਲਾ ਲਉ। ਮੇਰਾ ਮਨ ਵਿਗ ਲਈ ਤਿਆਰ ਨਹੀਂ ਸੀ। ਮੈਂ ਅਪਣੇ ਸਿਰ ਦੇ ਸਾਰੇ ਵਾਲ ਮੁੰਡਵਾ ਦਿਤੇ। ਇਹ ਫ਼ੈਸਲਾ ਮੇਰੇ ਲਈ ਔਖਾ ਸੀ। ਮੈਂ ਡਰ ਵਿਚ ਨਹੀਂ ਜਿਊਣਾ ਚਾਹੁੰਦੀ ਸੀ। ਬਿਨਾਂ ਵਾਲਾਂ ਤੋਂ ਹੀ ਲੋਕਾਂ ਨਾਲ ਮਿਲਣਾ, ਪਾਰਟੀ ਅਤੇ ਖ਼ਰੀਦਦਾਰੀ ਕਰਨਾ ਸ਼ੁਰੂ ਕਰ ਦਿਤਾ। ਹੁਣ ਮੇਰੇ ਵਾਲ ਵਾਪਸ ਆਉਣ ਲੱਗੇ ਹਨ। ਮੈਂ ਹਿੰਮਤ ਹਾਰ ਕੇ ਅਪਣੇ ਆਪ ਨੂੰ ਘਰ ਵਿਚ ਕੈਦ ਨਹੀਂ ਕੀਤਾ।
ਮੇਰਾ ਮੰਨਣਾ ਹੈ ਕਿ ਇਸ ਬਿਮਾਰੀ ਵਿਚ ਸੱਭ ਨਾਲੋਂ ਖ਼ੁਦ ਦੀ ਤਾਕਤ ਬਹੁਤ ਜ਼ਰੂਰੀ ਹੁੰਦੀ ਹੈ। ਕੈਂਸਰ ਦਾ ਇਲਾਜ ਬਹੁਤ ਖ਼ਰਚੀਲਾ ਹੈ। ਇਲਾਜ ਤੋਂ ਬਾਅਦ ਵੀ ਸਾਰਾ ਜੀਵਨ ਦਵਾਈਆਂ ਅਤੇ ਜਾਂਚ ਉਤੇ ਟਿਕੇ ਰਹਿਣਾ ਪੈਂਦਾ ਹੈ। ਅਜਿਹੇ ਵਿਚ ਇਲਾਜ ਦੀ ਕੀਮਤ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੁੰਦਾ ਹੈ। ਮੇਰੇ ਕੇਸ ਵਿਚ ਸਿਰਫ਼ ਡਾਕਟਰੀ ਖ਼ਰਚ, ਦਵਾਈਆਂ ਅਤੇ ਜਾਂਚ ਵਿਚ 35 ਤੋਂ 40 ਲੱਖ ਰੁਪਏ ਖ਼ਰਚ ਹੋ ਚੁੱਕੇ ਹਨ। ਇਹ ਘੱਟ ਵੱਧ ਵੀ ਹੋ ਸਕਦਾ ਹੈ।''
60-70 ਦੇ ਦਹਾਕਿਆਂ ਵਿਚ ਪ੍ਰਸਿੱਧੀ ਖੱਟਣ ਵਾਲੀ ਹੀਰੋਇਨ ਮੁਮਤਾਜ਼ ਹੁਣ 68 ਸਾਲ ਤੋਂ ਜ਼ਿਆਦਾ ਦੀ ਹੋ ਗਈ ਹੈ। ਸਾਲ 2000 ਵਿਚ ਮੁਮਤਾਜ਼ ਨੂੰ ਛਾਤੀ ਦਾ ਕੈਂਸਰ ਹੋਇਆ ਸੀ। ਉਨ੍ਹਾਂ ਦੀ ਖੱਬੀ ਛਾਤੀ ਵਿਚ ਗਿਲਟੀ ਬਣ ਗਈ। ਮੈਮੋਗਰਾਫ਼ੀ ਤੋਂ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਬਿਨਾਂ ਆਪਰੇਸ਼ਨ ਤੋਂ ਉਹ ਠੀਕ ਨਹੀਂ ਹੋ ਸਕਦੀ ਤਾਂ ਮੁਮਤਾਜ਼ ਨੇ ਸਰਜਰੀ ਕਰਾਉਣ ਦਾ ਫ਼ੈਸਲਾ ਲਿਆ ਜਦ ਕੈਂਸਰ ਦਾ ਪਤਾ ਚਲਿਆ, ਉਹ ਪੂਰੀ ਰਾਤ ਸੌਂ ਹੀ ਨਾ ਸਕੀ। ਉਹ ਫ਼ਿਲਮਾਂ ਨੂੰ ਅਲਵਿਦਾ ਕਹਿ ਚੁੱਕੀ ਸੀ। ਮੁਮਤਾਜ਼ ਸ਼ੁਰੂ ਤੋਂ ਹੀ ਹਾਰ ਨਹੀਂ ਸੀ ਮੰਨਦੀ। ਇਹੀ ਆਤਮਵਿਸ਼ਵਾਸ ਕੈਂਸਰ ਨਾਲ ਲੜ ਕੇ ਜਿੱਤਣ ਵਿਚ ਵੀ ਕੰਮ ਆਇਆ। ਆਪਰੇਸ਼ਨ ਹੋਇਆ, ਕੀਮੋਥਰੈਪੀ ਅਤੇ ਰੇਡੀਉਥਰੈਪੀ ਵੀ ਹੋਈ ਜਿਸ ਨਾਲ ਉਨ੍ਹਾਂ ਦਾ ਖਾਣਾ-ਪੀਣਾ ਬੰਦ ਹੋ ਗਿਆ ਸੀ। ਮੁਮਤਾਜ਼ ਨੇ ਹਾਰ ਨਾ ਮੰਨੀ ਅਤੇ ਇਕ ਦਿਨ ਅਜਿਹਾ ਵੀ ਆਇਆ ਜਦ ਡਾਕਟਰਾਂ ਨੇ ਉਨ੍ਹਾਂ ਨੂੰ ਕੈਂਸਰ ਮੁਕਤ ਐਲਾਨ ਕਰ ਦਿਤਾ। ਕਈ ਕਾਮਯਾਬ ਅਤੇ ਹਿੱਟ ਫ਼ਿਲਮਾਂ ਦੇ ਨਿਰਦੇਸ਼ਕ ਅਨੁਰਾਗ ਬਾਸੂ ਦੀ ਸਕਾਰਾਤਮਕਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕੈਂਸਰ ਦਾ ਨਹੀਂ ਸਗੋਂ ਕੈਂਸਰ ਨੇ ਉਨ੍ਹਾਂ ਨਾਲ ਮੁਕਾਬਲਾ ਕੀਤਾ। ਸਾਲ 2004 ਵਿਚ ਅਨੁਰਾਗ ਨੂੰ ਲਯੂਕੇਮਿਆ ਨਾਂ ਦਾ ਕੈਂਸਰ ਹੋਇਆ ਸੀ। ਤਦ ਉਹ ਫ਼ਿਲਮ 'ਤੁਮ ਸਾ ਨਹੀਂ ਦੇਖਾ' ਦਾ ਨਿਰਦੇਸ਼ਨ ਕਰ ਰਹੇ ਸਨ। ਪ੍ਰੋਯਾਇਲੋਸਾਇਟਿਕ ਲਯੂਕੇਮੀਆ ਇਕ ਤਰ੍ਹਾਂ ਦਾ ਬਲੱਡ ਕੈਂਸਰ ਹੁੰਦਾ ਹੈ ਜਿਸ ਤੋਂ ਠੀਕ ਹੋਣ ਬਾਰੇ ਡਾਕਟਰ ਕੋਈ ਗਰੰਟੀ ਨਹੀਂ ਦੇਂਦੇ। 
ਅੱਜ ਜੇਕਰ ਅਨੁਰਾਗ ਨੂੰ ਵੇਖੀਏ ਤਾਂ ਜਾਪਦਾ ਨਹੀਂ ਕਿ ਇਹ ਉਹੀ ਬੰਦਾ ਹੈ ਜਿਸ ਨੂੰ ਡਾਕਟਰਾਂ ਨੇ ਕਹਿ ਦਿਤਾ ਸੀ ਕਿ ਉਸ ਦੇ ਕੋਲ 2-3 ਮਹੀਨੇ ਦਾ ਹੀ ਸਮਾਂ ਹੈ। ਅਨੁਰਾਗ ਨੇ ਕੈਂਸਰ ਅੱਗੇ ਸਿਰ ਨਹੀਂ ਝੁਕਾਇਆ ਅਤੇ 3 ਸਾਲਾਂ ਦੇ ਲੰਮੇ ਇਲਾਜ ਤੋਂ ਬਾਅਦ ਉਹ ਜਿੱਤ ਗਏ। ਮਜ਼ਬੂਤ ਇੱਛਾਸ਼ਕਤੀ ਵਾਲੇ ਡਾਇਰੈਕਟਰ ਨੇ 17 ਦਿਨ ਵੈਂਟੀਲੇਟਰ ਤੇ ਵੀ ਬਿਤਾਏ ਸਨ। ਮੌਤ ਦੇ ਮੂੰਹ ਤੋਂ ਵਾਪਸ ਆਏ ਅਨੁਰਾਗ ਬਾਸੂ ਹੁਣ ਕੈਂਸਰ ਬਾਰੇ ਫ਼ਿਲਮ ਬਣਾਉਣ ਦੀ ਸੋਚ ਰਹੇ ਹਨ ਜਿਸ ਵਿਚ ਉਨ੍ਹਾਂ ਦੇ ਨਿਜੀ ਤਜਰਬੇ ਸੁਭਾਵਕ ਤੌਰ ਤੇ ਸ਼ਾਮਲ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement