
Punjab News: ਦੁਨੀਆਂ ਦਾ ਪ੍ਰਸਿੱਧ ਵਿਦਵਾਨ ਜਾਰਜ ਕੈਲੇ ਜਿੱਤਾਂ-ਹਾਰਾਂ ਨੂੰ ਲੈ ਕੇ ਅਪਣੀ ਇਕ ਪੁਸਤਕ ’ਚ ਲਿਖਦਾ ਹੈ ਕਿ ਜਿੱਤਣ ਤੋਂ ਬਾਅਦ ਵੀ ਇਕ ਹਾਰ ਹੁੰਦੀ ਹੈ।
ਜਿੱਤਣਾ ਹਾਰਨਾ ਮਨੁੱਖ ਦੀ ਜ਼ਿੰਦਗੀ ਦੀ ਹਕੀਕਤ ਹੈ। ਖੇਡਾਂ, ਯੁੱਧਾਂ, ਘੋਲਾਂ ਚੋਣਾਂ, ਛਿੰਜਾਂ, ਜੂਏ, ਸ਼ਤਰੰਜ, ਮੁਕਦਮਿਆਂ, ਨਿਸ਼ਾਨਿਆਂ, ਪਸ਼ੂਆਂ ਦੀ ਦੌੜਾਂ ਅਤੇ ਹੋਰ ਕਈ ਖੇਤਰਾਂ ’ਚ ਜਿੱਤਾਂ ਅਤੇ ਹਾਰਾਂ ਦਾ ਸਿਲਸਿਲਾ ਚਲਦਾ ਹੀ ਰਹਿੰਦਾ ਹੈ। ਪੁਰਾਣੇ ਸਮੇਂ ’ਚ ਸ਼ਾਸਤਰਾਂ ਅਤੇ ਗ੍ਰੰਥਾਂ ਦੇ ਗਿਆਨ ਨੂੰ ਲੈ ਕੇ ਹੋਣ ਵਾਲੀ ਬਹਿਸ ’ਚ ਵੀ ਜਿੱਤ ਹਾਰ ਹੁੰਦੀ ਸੀ। ਦੁਨੀਆਂ ਦਾ ਪ੍ਰਸਿੱਧ ਵਿਦਵਾਨ ਜਾਰਜ ਕੈਲੇ ਜਿੱਤਾਂ-ਹਾਰਾਂ ਨੂੰ ਲੈ ਕੇ ਅਪਣੀ ਇਕ ਪੁਸਤਕ ’ਚ ਲਿਖਦਾ ਹੈ ਕਿ ਜਿੱਤਣ ਤੋਂ ਬਾਅਦ ਵੀ ਇਕ ਹਾਰ ਹੁੰਦੀ ਹੈ।
ਕਿਸੇ ਖੇਤਰ ’ਚ ਅਪਣੀ ਜਿੱਤ ਨੂੰ ਲੈ ਕੇ ਹੋਛੇ ਲੋਕ ਛੇਤੀ ਹੀ ਪੈਰ ਛੱਡ ਜਾਂਦੇ ਹਨ ਕਿਉਂਕਿ ਉਨ੍ਹਾਂ ਵਿਚ ਜਿੱਤ ਦੀ ਖ਼ੁਸ਼ੀ ਮਨਾਉਣ ਦਾ ਗੁਣ ਨਹੀਂ ਹੁੰਦਾ। ਉਹ ਟੀਮਾਂ, ਖਿਡਾਰੀ, ਭਲਵਾਨ, ਯੋਧੇ, ਸਿਆਸਤਦਾਨ ਅਤੇ ਮੁਕਦਮੇਬਾਜ਼ ਜਿੱਤ ਕੇ ਵੀ ਹਾਰ ਜਾਂਦੇ ਹਨ ਜੋ ਜਿੱਤ ਕੇ ਅਪਣੇ ਵਿਰੋਧੀ ਨੂੰ ਨੀਵਾਂ ਵਿਖਾਉਣ ਲਈ ਦੰਦੀਆਂ ਖਿਝਾਉਣ ਲੱਗ ਪੈਂਦੇ ਹਨ, ਉਸ ਦੇ ਸਾਹਮਣੇ ਅਪਣੇ ਪੱਟਾਂ ਉਤੇ ਥਾਪੀਆਂ ਮਾਰਨ ਲੱਗ ਪੈਂਦੇ ਹਨ, ਉਸ ਦੇ ਸਾਹਮਣੇ ਬੱਘੇ ਕੱਢਣ ਲੱਗ ਪੈਂਦੇ ਹਨ। ਉਸ ਦੇ ਘਰ ਮੂਹਰੇ ਜਾ ਕੇ ਢੋਲ ਵਜਾਉਣ ਲੱਗ ਪੈਂਦੇ ਹਨ ਅਤੇ ਉਸ ਨੂੰ ਲਲਕਾਰਨ ਲੱਗ ਪੈਂਦੇ ਹਨ। ਅਸਲ ਵਿਚ ਜਿੱਤਣ ਵਾਲੇ ਲੋਕ ਫਰਾਕ ਦਿਲ ਹੁੰਦੇ ਹਨ ਜਿਹੜੇ ਹਾਰਨ ਵਾਲੇ ਨਾਲ ਖ਼ੁਦ ਜਾ ਕੇ ਹੱਥ ਮਿਲਾ ਕੇ ਇਹ ਕਹਿੰਦੇ ਹਨ, ‘‘ਇਹ ਜਿੱਤ ਹਾਰ ਖੇਡਣ ਤਕ ਹੀ ਸੀ। ਜਿੱਤ ਹਾਰ ਤੋਂ ਬਾਅਦ ਅਸੀਂ ਇਕੋ ਜਿਹੇ ਹੀ ਹਾਂ।’’ ਭਗਵਾਨ ਰਾਮ ਨੇ ਰਾਵਣ ਦੇ ਵਿਰੁਧ ਯੁੱਧ ਜਿੱਤਣ ਤੋਂ ਬਾਅਦ ਅਪਣੇ ਭਰਾ ਲੱਛਮਣ ਨੂੰ ਇਹ ਕਹਿ ਕੇ ਭੇਜਿਆ ਸੀ ਕਿ ਰਾਵਣ ਭਾਵੇਂ ਸਾਡਾ ਵਿਰੋਧੀ ਸੀ ਪਰ ਫਿਰ ਵੀ ਉਹ ਇਕ ਵਿਦਵਾਨ ਪੁਰਸ਼ ਹੈ, ਤੂੰ ਉਸ ਦੇ ਪੈਰਾਂ ਵਲ ਖੜਾ ਹੋ ਕੇ ਉਸ ਤੋਂ ਸਿਖਿਆ ਲੈ ਕੇ ਆ। ਉਹ ਸੱਚਮੁੱਚ ਦੀ ਜਿੱਤ ਸੀ। ਇਹੋ ਜਿਹੀਆਂ ਜਿੱਤਾਂ ਸਦੀਵੀ ਹੁੰਦੀਆਂ ਹਨ।
ਕੇਵਲ ਮਨੁੱਖ ਹੀ ਨਹੀਂ ਸਗੋਂ ਪਸ਼ੂ ਵੀ ਜਿੱਤਦੇ ਹਾਰਦੇ ਹਨ। ਪਰ ਪਸ਼ੂਆਂ ਦੀ ਜਿੱਤ ਹਾਰ ਦੀ ਖ਼ੁਸ਼ੀ ਗ਼ਮੀ ਮਨੁੱਖ ਨਾਲੋਂ ਵੱਖਰੀ ਹੁੰਦੀ ਹੈ। ਪਸ਼ੂ ਜਿੱਤ ਕੇ ਬੱਘੇ ਨਹੀਂ ਕੱਢਦੇ, ਪੱਟਾਂ ਉੱਤੇ ਥਾਪੀਆਂ ਨਹੀਂ ਮਾਰਦੇ ਤੇ ਨਾ ਹੀ ਹਾਰਨ ਵਾਲੇ ਨੂੰ ਦੰਦੀਆਂ ਖਿਝਾਉਂਦੇ ਹਨ। ਜਿੱਤ, ਹਾਰ ਦਾ ਵਿਰੋਧੀ ਸ਼ਬਦ ਹੀ ਨਹੀਂ ਸਗੋਂ ਇਸ ਗੱਲ ਦਾ ਸੂਚਕ ਵੀ ਹੈ ਕਿ ਜਿੱਤ ਦੀ ਹੋਂਦ ਹਾਰ ਨਾਲ ਹੀ ਹੁੰਦੀ ਹੈ। ਜੇਕਰ ਹਾਰਨ ਵਾਲਾ ਨਾ ਹੁੰਦਾ ਤਾਂ ਜਿੱਤਣ ਵਾਲੇ ਨੇ ਕਿਸ ਕੋਲੋਂ ਜਿੱਤ ਪ੍ਰਾਪਤ ਕਰਨੀ ਸੀ। ਕਿਹਾ ਇਹ ਵੀ ਜਾਂਦਾ ਹੈ ਕਿ ਜਿੱਤਣਾ ਔਖਾ, ਹਾਰਨਾ ਸੌਖਾ ਹੈ ਪਰ ਨਾ ਜਿੱਤਣਾ ਸੌਖਾ ਹੈ ਤੇ ਨਾ ਹੀ ਹਾਰਨਾ। ਜਿੱਤਾਂ ਦੂਜਿਆਂ ਨੂੰ ਨੀਵਾਂ ਵਿਖਾਉਣ ਲਈ ਨਹੀਂ ਸਗੋਂ ਅਪਣੀ ਤਾਕਤ ਮਿਹਨਤ, ਜਜ਼ਬਾ, ਗੁਣ ਅਤੇ ਕੌਸਲ ਵਿਖਾਉਣ ਲਈ ਹੁੰਦੀਆਂ ਹਨ।
ਘਮੰਡ, ਗ਼ਰੂਰ, ਘਿ੍ਰਣਾ ਅਤੇ ਦੂਜੇ ਨੂੰ ਨੀਵਾਂ ਵਿਖਾਉਣ ਵਾਲੀਆਂ ਜਿੱਤਾਂ ਆਲੋਚਨਾ ਦੇ ਘੇਰੇ ’ਚ ਆਉਣ ਕਾਰਨ ਹਾਰਾਂ ਤੋਂ ਵੀ ਭੈੜੀਆਂ ਹੁੰਦੀਆਂ ਹਨ। ਖਿਡਾਰੀਆਂ, ਯੋਧਿਆਂ, ਸਿਆਸੀ ਆਗੁਆਂ, ਭਲਵਾਨਾਂ, ਦੌੜਾਕਾਂ ਅਤੇ ਨਿਸ਼ਾਨੇਬਾਜ਼ਾਂ ਨੂੰ ਇਹ ਗੱਲ ਸਦਾ ਚੇਤੇ ਰਹਿਣੀ ਚਾਹੀਦੀ ਹੈ ਕਿ ਹਾਰਾਂ ’ਚ ਹੀ ਜਿੱਤਾਂ ਲੁਕੀਆਂ ਹੋਈਆਂ ਹੁੰਦੀਆਂ ਹਨ। ਹਾਰਾਂ ਤੋਂ ਬਾਅਦ ਹੀ ਮਨੁੱਖ ਜਿੱਤਾਂ ਵਲ ਨੂੰ ਵੱਧਦਾ ਹੈ। ਜਿਹੜੇ ਕੇਵਲ ਜਿੱਤਣ ਲਈ ਹੀ ਜਾਂਦੇ ਹਨ, ਜਿਨ੍ਹਾਂ ਨੂੰ ਹਾਰਨਾ ਨਹੀਂ ਆਉਂਦਾ, ਉਹ ਜਿੱਤੇ ਹੋਏ ਵੀ ਹਾਰੇ ਹੋਏ ਵਰਗੇ ਹੀ ਹੁੰਦੇ ਹਨ। ਜਿੱਤਣ ਤੋਂ ਪਹਿਲਾਂ ਮਨੁੱਖ ਨੂੰ ਹਾਰਨਾ ਵੀ ਆਉਣਾ ਚਾਹੀਦਾ ਹੈ। ਜਿੱਤਾਂ ਹੀ ਨਹੀਂ ਹਾਰਾਂ ਵੀ ਹੌਂਸਲੇ ਵਧਾਉਂਦੀਆਂ ਹਨ। ਉੱਚੀਆਂ ਮੰਜ਼ਲਾਂ ਸਥਾਪਤ ਕਰਦੀਆਂ ਹਨ। ਹਾਰਾਂ ਮਨੁੱਖ ਨੂੰ ਉਸ ਅੰਦਰਲੀਆਂ ਖ਼ਾਮੀਆਂ ਤੋਂ ਵੀ ਜਾਣੂ ਕਰਵਾਉਂਦੀਆਂ ਹਨ। ਜਿੱਤਾਂ ਮਨੁੱਖ ਨੂੰ ਅਵੇਸਲਾ ਬਣਾਉਂਦੀਆਂ ਹਨ ਤੇ ਹਾਰਾਂ ਮਿਹਨਤੀ ਅਤੇ ਚੁਸਤ। ਹਾਰ ਕੇ ਖੇਡ ਦੇ ਮੈਦਾਨ ਵਿਚੋਂ ਹੱਸਦੀ ਹੋਈ ਨਿਕਲਦੀ ਟੀਮ ਸਭ ਦੇ ਮਨਾਂ ਨੂੰ ਟੁੰਬ ਲੈਂਦੀ ਹੈ ਪਰ ਖੇਡਦੀ ਹੋਈ ਹਾਰ ਨੂੰ ਲੈ ਕੇ ਲੜਾਈ ਝਗੜਾ ਕਰਨ ਵਾਲੀ ਟੀਮ ਦਰਸ਼ਕਾਂ ਲਈ ਮਜ਼ਾਕ ਦਾ ਪਾਤਰ ਬਣ ਕੇ ਰਹਿ ਜਾਂਦੀ ਹੈ।
ਪਾਕਿਸਤਾਨ ਦੀ ਕਿ੍ਰਕਟ ਟੀਮ ਦੇ ਖੇਡ ਦੇ ਮੈਦਾਨ ’ਚ ਝਗੜਾ ਕਰਨ ਵਾਲੇ ਵਤੀਰੇ ਨੂੰ ਵੇਖ ਕੇ ਦੁਨੀਆਂ ਭਰ ਦੇ ਦਰਸ਼ਕਾਂ ਦੀ ਉਨ੍ਹਾਂ ਬਾਰੇ ਇਹ ਰਾਏ ਬਣ ਚੁੱਕੀ ਹੈ ਕਿ ਜਦੋਂ ਉਸ ਟੀਮ ਨੂੰ ਅਪਣੀ ਹਾਰ ਨਜ਼ਰ ਆਉਣ ਲੱਗਦੀ ਹੈ ਤਾਂ ਉਹ ਲੜਣਾ ਸ਼ੁਰੂ ਕਰ ਦਿੰਦੇ ਹਨ। ਇਕ ਅੰਤਰ ਰਾਸ਼ਟਰੀ ਦੋੜਾਕ ਓਲੰਪਿਕ ਖੇਡਾਂ ਵਿਚ ਫ਼ਾਈਨਲ ਮੁਕਾਬਲੇ ਵਿਚ ਅਪਣੇ ਵਿਰੋਧੀ ਦੌੜਾਕ ਖਿਡਾਰੀ ਨਾਲ ਦੌੜ ਰਿਹਾ ਸੀ ਤਾਂ ਉਸ ਦੇ ਵਿਰੋਧੀ ਦੌੜਾਕ ਦੇ ਅਚਾਨਕ ਡਿੱਗਣ ਕਰ ਕੇ ਉਸ ਨੂੰ ਜੇਤੂ ਕਰਾਰ ਦੇ ਦਿਤਾ ਗਿਆ। ਜਦੋਂ ਉਸ ਨੂੰ ਜਿੱਤ ਦਾ ਗੋਲਡ ਮੈਡਲ ਦਿਤਾ ਜਾਣ ਲੱਗਾ ਤਾਂ ਉਸ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਜਦੋਂ ਉਸ ਦਾ ਵਿਰੋਧੀ ਦੌੜਾਕ ਡਿੱਗ ਹੀ ਪਿਆ ਤਾਂ ਮੈਂ ਇਹ ਜਿੱਤ ਦਾ ਗੋਲਡ ਮੈਡਲ ਕਿਵੇਂ ਲੈ ਸਕਦਾ ਹਾਂ?
ਉਸ ਨੇ ਕਿਹਾ ਕਿ ਇਸ ਜਿੱਤ ਦੀ ਰਾਸ਼ੀ ਦੋਹਾਂ ਵਿਚ ਵੰਡੀ ਜਾਣੀ ਚਾਹੀਦੀ ਹੈ। ਉਸ ਦੇ ਇਸ ਜਜ਼ਬੇ ਨੇ ਦੁਨੀਆਂ ਭਰ ਦੇ ਖਿਡਾਰੀਆਂ ਲਈ ਪ੍ਰੇਰਨਾ ਦੀਆਂ ਪੈੜਾਂ ਪਾਉਂਦਿਆਂ ਹੋਇਆਂ ਇਤਿਹਾਸ ਰਚ ਦਿਤਾ। ਅੰਤਰਰਾਸ਼ਟਰੀ ਪੱਧਰ ਉੱਤੇ ਜਦੋਂ ਹਾਰੀ ਹੋਈ ਟੀਮ ਦੇ ਖਿਡਾਰੀ ਜੇਤੂ ਟੀਮ ਦੇ ਖਿਡਾਰੀਆਂ ਦੀ ਪਿੱਠ ਥਾਪੜਦੇ ਹਨ ਤੇ ਉਨ੍ਹਾਂ ਨਾਲ ਹੱਥ ਮਿਲਾਉਂਦੇ ਹੋਏ ਵੇਖੇ ਜਾਂਦੇ ਹਨ ਤਾਂ ਉਸ ਹਾਰੀ ਹੋਈ ਟੀਮ ਦੇ ਖਿਡਾਰੀ ਜੇਤੂ ਟੀਮ ਦੇ ਖਿਡਾਰੀਆਂ ਵਰਗੇ ਹੀ ਲੱਗਣ ਲੱਗ ਪੈਂਦੇ ਹਨ। ਸਿਕੰਦਰ ਵਲੋਂ ਰਾਜਾ ਪੋਰਸ ਨੂੰ ਗਿ੍ਰਫ਼ਤਾਰ ਕੀਤੇ ਜਾਣ ਤੇ ਜਦੋਂ ਉਸ ਨੇ ਪੋਰਸ ਨੂੰ ਪੁਛਿਆ ਕਿ ਉਸ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ ਤਾਂ ਪੋਰਸ ਨੇ ਅੱਗੋਂ ਜਵਾਬ ਦਿਤਾ ਸੀ ਕਿ ਜਿਸ ਤਰ੍ਹਾਂ ਇਕ ਰਾਜੇ ਨੂੰ ਦੂਜੇ ਰਾਜੇ ਨਾਲ ਕਰਨਾ ਚਾਹੀਦਾ ਹੈ। ਸਿਕੰਦਰ ਨੇ ਰਾਜੇ ਪੋਰਸ ਦਾ ਜਵਾਬ ਸੁਣ ਕੇ ਉਸ ਨੂੰ ਰਿਹਾ ਕਰ ਦਿਤਾ। ਸਿਕੰਦਰ ਅਤੇ ਰਾਜਾ ਪੋਰਸ ਦਾ ਇਕ ਦੂਜੇ ਪ੍ਰਤੀ ਇਹ ਵਿਵਹਾਰ ਜਿੱਤ ਹਾਰ ਦਾ ਇਕ ਚੰਗਾ ਨਮੂਨਾ ਹੈ। ਸਾਡੇ ਦੇਸ਼ ਦੇ ਸਿਆਸੀ ਲੋਕਾਂ ਦੀ ਬਦਲਾਖੋਰੀ ਦੀ ਭਾਵਨਾ ਨੇ ਚੋਣਾਂ ਦੀ ਜਿੱਤ-ਹਾਰ ਦੀ ਪਰਿਭਾਸ਼ਾ ਬਦਲ ਦਿਤੀ ਹੈ।