
ਕੋਰੋਨਾ ਵਾਇਰਸ ਬਹੁਤ ਹੀ ਖ਼ਤਰਨਾਕ ਤੇ ਭਿਅੰਕਰ ਬਿਮਾਰੀ ਹੈ। ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਂਦੇ ਹੀ ਤੰਦਰੁਸਤ ਨਰ-ਨਾਰੀ ਵਿਚ ਪ੍ਰਵੇਸ਼ ਕਰ ਜਾਂਦੀ ਹੈ।
ਕੋਰੋਨਾ ਵਾਇਰਸ ਬਹੁਤ ਹੀ ਖ਼ਤਰਨਾਕ ਤੇ ਭਿਅੰਕਰ ਬਿਮਾਰੀ ਹੈ। ਕੋਰੋਨਾ ਪੀੜਤ ਦੇ ਸੰਪਰਕ ਵਿਚ ਆਉਂਦੇ ਹੀ ਤੰਦਰੁਸਤ ਨਰ-ਨਾਰੀ ਵਿਚ ਪ੍ਰਵੇਸ਼ ਕਰ ਜਾਂਦੀ ਹੈ। ਡਾਕਟਰ ਸਪੈਸ਼ਲ ਕਿੱਟ (ਪੀਪੀਈ) ਪਹਿਨ ਕੇ ਮਰੀਜ਼ ਦਾ ਇਲਾਜ ਕਰਦੇ ਹਨ। ਪਰ ਫਿਰ ਵੀ ਡਾਕਟਰ ਕੋਰੋਨਾ ਬਿਮਾਰੀ ਨਾਲ ਮਰ ਰਹੇ ਹਨ। ਇਸ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਅਪੀਲ ਕਰ ਰਹੀ ਹੈ ਕਿ ਡਾਕਟਰਾਂ, ਪੁਲਿਸ, ਸਫ਼ਾਈ ਮਜ਼ਦੂਰਾਂ ਦਾ ਸਨਮਾਨ ਕਰੋ।
ਅਮਰੀਕਾ, ਕੈਨੇਡਾ, ਇਟਲੀ, ਜਰਮਨੀ, ਫਰਾਂਸ, ਆਸਟ੍ਰੇਲੀਆ, ਇੰਗਲੈਂਡ ਵਰਗੇ ਦੇਸ਼ਾਂ ਵਿਚ 4 ਲੱਖ ਤੋਂ ਵੱਧ ਮੌਤਾਂ ਲੇਖ ਲਿਖਣ ਤਕ ਹੋ ਚੁਕੀਆਂ ਹਨ। ਭਾਰਤ ਵਿਚ ਵੀ 8 ਹਜ਼ਾਰ ਮੌਤਾਂ ਹੋ ਚੁਕੀਆਂ ਹਨ। ਮਹਾਂਰਾਸ਼ਟਰ ਤੇ ਗੁਜਰਾਤ ਵਿਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਹਾਲਾਤ ਗੰਭੀਰ ਚੱਲ ਰਹੇ ਹਨ।
Gurudwara Bangla Sahib
ਗੁਰਦਵਾਰਾ ਬੰਗਲਾ ਸਾਹਿਬ ਨੇ ਅਤੁਟ ਗੁਰੂ ਕਾ ਲੰਗਰ ਵਰਤਾ ਕੇ ਦੇਸ਼ ਪੱਧਰ ਉਤੇ ਚੰਗਾ ਨਾਮਣਾ ਖਟਿਆ ਹੈ। ਬਾਹਰਲੇ ਮਨੁੱਖਾਂ ਵਿਚ ਵੀ ਗੁਰਦਵਾਰਿਆਂ ਨੇ 'ਗੁਰੂ ਕਾ ਲੰਗਰ' ਚਾਲੂ ਰੱਖ ਕੇ ਸਿੱਖ ਕੌਮ ਦਾ ਨਾਂ ਉੱਚਾ ਕੀਤਾ ਹੈ। ਖ਼ਾਸ ਕਰ ਕੇ ਅਮਰੀਕਾ ਦੇਸ਼ ਦੇ ਰਾਸ਼ਟਰਪਤੀ ਨੇ ਵੀ ਗੁਰੂ ਘਰਾਂ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸਿਮਰਨ ਚੈਨਲ ਰਾਹੀਂ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਣ ਕਰ ਕੇ ਬਹੁਤ ਜੱਸ ਖਟਿਆ ਹੈ।
ਲੇਖਕ ਵੀ 'ਸ਼ਬਦ ਗੁਰੂ ਸੁਰਤ ਧੁਨ ਚੇਲ' ਅਨੁਸਾਰ ਸੁਰਤ ਕਰ ਕੇ ਸ੍ਰੀ ਦਰਬਾਰ ਸਾਹਿਬ ਹਾਜ਼ਰ ਹੁੰਦਾ ਰਿਹਾ ਹੈ। ਕੈਮਰਾ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਰੰਗ ਬਿਰੰਗੇ ਪੋਜ਼ ਪੇਸ਼ ਕਰਦਾ ਹੈ ਤਾਂ ਮਨ ਤੇ ਰੂਹ ਧੰਨ-ਧੰਨ ਹੋ ਜਾਂਦੇ ਹਨ। ਇਕ ਦਿਨ ਸ੍ਰੀ ਮੰਜੀ ਸਾਹਿਬ ਤੋਂ ਕਥਾ ਵਾਚਕ ਆਖ ਰਿਹਾ ਸੀ ਕਿ ਕਈ ਗੁਰੂ ਘਰਾਂ ਵਿਚ ਬੈਠੇ ਗ਼ੈਰ-ਹਾਜ਼ਰ ਹੁੰਦੇ ਹਨ ਤੇ ਕਈ ਗ਼ੈਰ-ਹਾਜ਼ਰ ਹੁੰਦੇ ਹੋਏ ਹਾਜ਼ਰ ਹੁੰਦੇ ਹਨ। ਇੰਜ ਹੀ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੀ ਸੰਗਤ ਜਿਸ ਲਈ ਪੇਟ ਦੀ ਅੱਗ ਮਿਟਾਉਣ ਲਈ ਗੁਰੂ ਕਾ ਲੰਗਰ ਤਿਆਰ ਸੀ, ਰਿਹਾਇਸ਼ ਲਈ ਵਧੀਆ ਕਮਰੇ ਸਨ
darbar sahib
ਪਰ ਪ੍ਰਵਾਰਕ ਮੋਹ ਹੋਣ ਕਰ ਕੇ ਸੱਚਖੰਡ ਵਿਚ ਹਾਜ਼ਰ ਹੁੰਦੇ ਹੋਏ ਉਹ ਗ਼ੈਰ-ਹਾਜ਼ਰ ਸਨ। ਗੁਰਬਾਣੀ ਠੀਕ ਹੀ ਕਹਿੰਦੀ ਹੈ ਕਿ ਮੋਹ ਰੂਪੀ ਚਿੱਕੜ ਵਿਚ ਬੰਦੇ ਦਾ ਪੈਰ ਨਹੀਂ ਚੱਲ ਰਿਹਾ, ਮੈਂ ਵੇਖ ਰਿਹਾ ਹਾਂ ਮੋਹ ਰੂਪੀ ਚਿੱਕੜ 'ਚ ਬੰਦਾ ਡੁੱਬ ਰਿਹਾ ਹੈ 'ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ' ਪ੍ਰਵਾਰਕ ਮੋਹ ਜਾਲ ਦੇ ਚਿੱਕੜ ਵਿਚ ਲਿਬੜੀ ਹੋਈ ਸੰਗਤ ਹਾਜ਼ਰ ਹੁੰਦੇ ਗ਼ੈਰ-ਹਾਜ਼ਰ ਸੀ।
ਪਰ ਜਦੋਂ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਪਰਾਲਿਆਂ ਨਾਲ ਪੰਜਾਬ ਪਹੁੰਚੇ ਤਾਂ ਉਹ ਕੋਰੋਨਾ ਪੀੜਤ ਹੋ ਗਏ। ਅਪਣੀ ਸ੍ਰੀਰਕ ਪੀੜਾ ਨੂੰ ਸਹਿਨ ਕਰਦਿਆਂ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂ ਕਹਿਣ ਲੱਗੇ, ''ਇਸ ਨਾਲੋਂ ਤਾਂ ਅਸੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੀ ਚੰਗੇ ਸੀ।'' ਹੋਰ ਧਰਮਾਂ ਦੇ ਮੰਨਣ ਵਾਲੇ ਸਰਕਾਰ ਤੋਂ ਧਾਰਮਕ ਅਦਾਰੇ ਖੋਲ੍ਹਣ ਦੀ ਅਪੀਲ ਕਰ ਰਹੇ ਸਨ। ਅਖ਼ੀਰ ਸਰਕਾਰ ਨੇ 8 ਜੂਨ ਨੂੰ ਧਾਰਮਕ ਅਦਾਰੇ ਖੋਲ੍ਹਣ ਦੇ ਹੁਕਮ ਜਾਰੀ ਕਰਦਿਆਂ ਨਾਲ ਹੀ ਗਾਈਡ ਲਾਈਨ ਵੀ ਐਲਾਨ ਕਰ ਦਿਤੀ ਹੈ।
Gurbani
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਭਾਣਾ ਮੰਨਣ ਦਾ ਹੁਕਮ ਸੁਣਾਇਆ ਸੀ। ਗੁਰਬਾਣੀ ਕਹਿੰਦੀ ਹੈ, ''ਵਖਤ ਵੀਚਾਰੇ ਸੋ ਬੰਦਾ ਹੋਇ£'' ਕੋਰੋਨਾ ਬਿਮਾਰੀ ਦਾ ਸੀਜ਼ਨ ਚੱਲ ਰਿਹਾ ਹੈ ਕਿਉਂ ਨਾ ਆਪਾਂ ਘਰ ਅੰਦਰ ਬੈਠ ਕੇ ਰੱਬੀ ਬਾਣੀ ਦਾ ਸਿਮਰਨ ਚੈਨਲ ਰਾਹੀਂ ਕੀਰਤਨ ਸਰਵਨ ਕਰੀਏ। ਟੀ.ਵੀ. ਵਿਚ ਚੱਲ ਰਹੀ ਗੁਰਬਾਣੀ ਵੀ ਤਾਂ ਮਨ ਨੂੰ ਸ਼ਾਂਤੀ ਹੀ ਦਿਦੀ ਹੈ। ਬਾਬਾ ਨਾਨਕ ਜੀ ਸ੍ਰੀ ਜਪੁਜੀ ਸਾਹਿਬ ਦੀ 6ਵੀਂ ਪਾਉੜੀ ਵਿਚ ਬਿਆਨ ਕਰਦੇ ਹਨ ਕਿ “ਤੀਰਥਿ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕਿ ਨਾਇ ਕਰੀ£”
ਗਈਡ ਲਾਈਨ ਅਨੁਸਾਰ ਵੀਹ ਆਦਮੀ ਇਕ ਸਮੇਂ ਦਰਸ਼ਨ ਕਰ ਸਕਦੇ ਹਨ ਤੇ ਗੁਰੂ ਕਾ ਲੰਗਰ ਤੇ ਪ੍ਰਸ਼ਾਦ ਨਹੀਂ ਮਿਲੇਗਾ। ਹਰ ਆਦਮੀ ਮੂੰਹ ਨੱਕ ਢੱਕ ਕੇ ਧਾਰਮਕ ਅਦਾਰੇ ਵਿਚ ਪ੍ਰਵੇਸ਼ ਕਰੇਗਾ, 3 ਫੁੱਟ ਦਾ ਫ਼ਾਸਲਾ ਹੋਵੇਗਾ। ਹੁਣ ਸੋਚਣ ਵਾਲੀ ਗੱਲ ਹੈ ਕਿ ਕੀ ਇਹ ਸੱਭ ਕੁੱਝ ਅਸੀ ਕਰ ਸਕਦੇ ਹਾਂ?
ਕਿਸੇ ਸਮੇਂ ਲੇਖਕ ਨੇ ਇਕ ਗੁਰਦਵਾਰੇ ਦੀ ਸਟੇਜ ਉਤੇ ਕਿਹਾ ਸੀ-ਉਹ ਦਿਨ ਦੂਰ ਨਹੀਂ ਜਦੋਂ ਸਾਡੇ ਰਸੋਈ ਦੇ ਭਾਂਡਿਆਂ ਉਤੇ ਜਰਾਸੀਮ (ਸੂਖਮ ਜੀਵ) ਨਜ਼ਰ ਆਉਣਗੇ। ਅੱਜ ਉਹ ਸਮਾਂ ਆ ਗਿਆ ਹੈ।
Corona Virus
ਕੋਰੋਨਾ ਵਾਇਰਸ ਲੋਹੇ ਦੇ ਗੇਟ ਉਤੇ ਚਿਪਕਿਆ ਹੋਇਆ ਹੈ, ਫੱਲ, ਫ਼ਰੂਟ, ਸਬਜ਼ੀਆਂ, ਏਟੀਅਮ, ਬੈਂਕ ਉਤੇ ਹਾਜ਼ਰ ਹੈ। ਗੱਡੀਆਂ, ਟਰੇਨਾਂ, ਬਸਾਂ ਵਿਚ ਆਟੋ ਰਿਕਸ਼ੇ, ਹਵਾਈ ਜਹਾਜ਼ ਸੱਭ ਦੀ ਬਾਉਣੀ ਨਾਲ ਚਿਪਕਿਆ ਹੋਇਆ ਹੈ। ਸੰਸਾਰ ਦਾ ਚਲਦਾ ਫਿਰਦਾ ਕਾਰੋਬਾਰ ਇਕ ਦਮ ਰੁਕ ਗਿਆ। ਸੱਭ ਕੁੱਝ ਬੰਦ ਹੋ ਗਿਆ। ਕੋਰੋਨਾ ਵਾਇਰਸ ਹਵਾ ਵਿਚ ਘੁੰਮ ਰਿਹਾ ਹੈ। ਸਵੇਰੇ-ਸ਼ਾਮ ਦੀ ਸੈਰ ਪਾਰਕ ਜਾਂ ਸੜਕ ਦੀ ਬਜਾਏ ਅਪਣੇ ਘਰ ਦੀ ਛੱਤ ਉਤੇ ਕਰੋ।
ਕੋਰੋਨਾ ਵਾਇਰਸ ਬਿਮਾਰੀ ਦਾ ਇਲਾਜ ਕੇਵਲ ਪ੍ਰਹੇਜ਼ ਹੀ ਹੈ। ਦੰਦ ਸਾਫ਼ ਕਰਨ ਤੋਂ ਬਾਅਦ ਕੋਸਾ ਕੋਸਾ ਪਾਣੀ ਜ਼ਰੂਰ ਪੀਉ-ਹੱਥ ਵਾਰ-ਵਾਰ ਸਾਬਣ ਨਾਲ ਧੋਵੋ ਬੇਸ਼ਕ ਹੱਥ ਲਿਬੜੇ ਨਾ ਵੀ ਹੋਣ, ਗੇਟ ਖੋਲ੍ਹਣ ਤੋਂ ਬਾਅਦ ਹੱਥ ਸਾਬਣ ਨਾਲ ਧੋਵੋ। ਜੋ ਸਬਜ਼ੀ ਫ਼ਰੂਟ ਲੈਂਦੇ ਹੋ ਪਾਣੀ ਨਾਲ ਧੋਵੋ। ਜੱਫੀ ਪਾ ਕੇ ਇਕ ਦੂਜੇ ਨੂੰ ਨਹੀਂ ਮਿਲਣਾ, ਸਗੋਂ ਅਪਣੇ ਧਰਮ ਅਨੁਸਾਰ ਫਤਹਿ, ਨਮਸਤੇ ਕਰੋ।
Doctors
ਦੂਜੇ ਬਾਰੇ ਤੁਹਾਨੂੰ ਕੋਈ ਪਤਾ ਨਹੀਂ ਕਿ ਕੌਣ ਕੋਰੋਨਾ ਪੀੜਤ ਹੈ। ਕੋਰੋਨਾ ਪੀੜਤ ਦੇ ਪੰਦਰਾਂ ਦਿਨਾਂ ਤੋਂ ਪਹਿਲੇ ਕੋਈ ਲੱਛਣ ਨਹੀਂ ਦਿਸਦੇ। ਡਾਕਟਰਾਂ, ਨਰਸਾਂ, ਪੁਲਿਸ, ਸਫ਼ਾਈ ਮਜ਼ਦੂਰਾਂ ਦਾ ਸਨਮਾਨ ਕਰੋ, ਇਹ ਸਰਕਾਰ ਦਾ ਹੁਕਮ ਹੈ। ਕੋਰੋਨਾ ਪੀੜਤ ਤੋਂ ਨਫ਼ਰਤ ਨਾ ਕਰੋ, ਉਸ ਨੂੰ ਸਿਹਤਯਾਬ ਹੋਣ ਵਿਚ ਸਹਿਯੋਗ ਕਰੋ। ਇਕੱਠ ਤੋਂ ਬਚੋ, ਬਜ਼ੁਰਗਾਂ ਤੇ ਬੱਚਿਆਂ ਨੂੰ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ।
ਬੇਸ਼ਕ ਅਸੀ ਧਰਮੀ ਬਹੁਤ ਬਣ ਬੈਠਦੇ ਹਾਂ ਪਰ ਇਨ੍ਹਾਂ ਕਰਮ ਕਾਂਡਾਂ ਤੋਂ ਪ੍ਰਮਾਤਮਾ ਖ਼ੁਸ਼ ਨਹੀਂ ਹੁੰਦਾ। ਕੋਰੋਨਾ ਵਰਗਾ ਰੱਬੀ ਕਹਿਰ ਤਾਂ ਵਰਤ ਹੀ ਰਿਹਾ ਹੈ, ਇਸ ਦੇ ਨਾਲ ਹੀ ਨਿਸਾਰਗ ਨਾਂ ਦੇ ਤੂਫ਼ਾਨ ਨੇ ਉੜੀਸਾ ਤੇ ਬੰਗਾਲ ਵਿਚ ਤਬਾਹੀ ਮਚਾਈ। ਹੁਣ ਇਹ ਤੂਫ਼ਾਨ ਗੁਜਰਾਤ, ਮਹਾਂਰਾਸ਼ਟਰ ਵਿਚ ਪਹੁੰਚ ਗਿਆ ਹੈ। ਇਥੇ ਇਕ ਆਫ਼ਤ ਹੋਰ ਆ ਗਈ ਹੈ ਜੋ ਟਿੱਡੀ ਦਲ ਨਾਲ ਸਬੰਧਤ ਹੈ। ਇਹ ਟਿੱਡੀ ਦਲ ਪਾਕਿਸਤਾਨ ਤੇ ਭਾਰਤ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਬੇ-ਮੌਸਮੀ ਬਾਰਸ਼ ਨੇ ਪੁਤਰਾਂ ਵਾਂਗ ਪਾਲੀ ਕਣਕ ਰੋਲ ਕੇ ਰੱਖ ਦਿਤੀ ਹੈ। ਸਾਨੂੰ ਪਤਾ ਹੈ ਹਰ ਸਾਲ ਸਾਡੀ ਕਣਕ ਭਿੱਜਦੀ ਹੈ।
Corona Virus
ਮੈਨੂੰ ਇਕ ਗੱਲ ਇਥੇ ਇਹ ਸਮਝ ਨਹੀਂ ਆਉਂਦੀ ਕਿ ਆੜ੍ਹਤੀ ਜਾਂ ਸਰਕਾਰਾਂ ਮੰਡੀਆਂ ਵਿਚ ਵੱਡੇ ਸ਼ੈੱਡ ਜਾਂ ਪਲੈਂਥਰ (ਥੜੇ) ਕਿਉਂ ਨਹੀਂ ਬਣਾਉਂਦੇ? ਮੈਂ ਸਾਡੇ ਕਾਰਸੇਵਾ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਅਸੀ ਗੁਰਦਵਾਰੇ ਬਹੁਤ ਬਣਾ ਲਏ, ਹੁਣ ਕਣਕ, ਝੋਨਾ ਸਾਂਭਣ ਲਈ ਗੋਦਾਮ ਬਣਾਉ, ਹਜ਼ਾਰਾਂ ਮਣ ਕਣਕ ਖੁਲ੍ਹੇ ਅਸਮਾਨ ਹੇਠ ਪਈ ਗਲ-ਸੜ ਜਾਂਦੀ ਹੈ। ਇਹ ਵੱਡਾ ਪੁੰਨ ਹੋਵੇਗਾ। ਅਸੀ ਅੱਤ ਚੁੱਕੀ ਸੀ ਤੇ ਹਮੇਸ਼ਾਂ ਅੱਤ, ਖ਼ੁਦਾ ਦਾ ਵੈਰ ਹੁੰਦਾ ਹੈ।
ਵਿਸ਼ਵ ਸੰਸਾਰ ਸਿਹਤ ਸੰਗਠਨ (ਡਬਲਿਊ ਐਚ ਓ) ਨੇ ਪ੍ਰਦੂਸ਼ਣ ਦੀ ਗੁਣਵੱਤਾ ਨੂੰ ਵੇਖਦਿਆਂ ਕਿਹਾ ਸੀ ਆਉਣ ਵਾਲੇ ਪੰਜਾਂ ਸਾਲਾਂ ਵਿਚ ਪੰਜਾਬ ਤੇ ਦਿੱਲੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਵੇਗਾ। ਅੱਜ ਪੂਰਾ ਸੰਸਾਰ ਕੋਰੋਨਾ ਵਾਇਰਸ ਵਰਗੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਬਾਹਰਲੇ ਦੇਸ਼ ਦੇ ਮੁਲਾਜ਼ਮ ਕਹਿੰਦੇ ਹਨ ਕਿ 'ਸਾਡੀ ਇਨਕਮ ਜਾਂ ਮੁਨਾਫ਼ਾ ਭਾਵੇਂ ਘੱਟ ਕਰੋ ਪਰ ਸਾਨੂੰ ਮਰਨ ਤੋਂ ਬਚਾਅ ਲਉ, ਪਰ ਸਾਡੇ ਦੇਸ਼ ਦੇ ਨਾਗਰਿਕ ਕਹਿੰਦੇ ਹਨ ਕਿ ਸਾਡਾ ਮੁਨਾਫ਼ਾ ਵੱਧ ਜਾਵੇ ਭਾਵੇਂ ਅਸੀ ਕੱਲ ਦੀ ਬਜਾਏ ਅੱਜ ਹੀ ਕਿਉਂ ਨਾ ਮਰ ਜਾਈਏ।' ਅੱਜ ਕੋਰੋਨਾ ਬਿਮਾਰੀ ਦਾ ਵੀ ਹਰ ਵਰਗ ਲਾਭ ਉਠਾਉਣਾ ਚਾਹੁੰਦਾ ਹੈ। ਜੋ ਦਸ ਜਾਂ ਵੀਹ ਰੁਪਏ ਦੇ ਮਾਸਕ ਹੈ, ਉਹ 400 ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਭਾਰਤ ਵਾਸੀਉ ਰੱਬ ਕੋਲੋਂ ਡਰੋ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ।
ਸੰਪਰਕ : 94173-34837