
ਭਾਰਤ ਵਿਚ ਕੰਨਿਆ ਦਾਨ ਦੀ ਰਸਮ ਪੁਰਾਣੇ ਸਮਿਆਂ ਤੋਂ ਚਲਦੀ ਆ ਰਹੀ ਹੈ.............
ਭਾਰਤ ਵਿਚ ਕੰਨਿਆ ਦਾਨ ਦੀ ਰਸਮ ਪੁਰਾਣੇ ਸਮਿਆਂ ਤੋਂ ਚਲਦੀ ਆ ਰਹੀ ਹੈ। ਕੰਨਿਆ ਨੂੰ ਦਾਨ ਦੀ ਵਸਤ ਸਮਝਿਆ ਜਾਂਦਾ ਹੈ। ਆਮ ਕਹਾਵਤ ਹੈ ਕਿ ਜਿਸ ਨੇ ਕੰਨਿਆਦਾਨ ਕਰ ਦਿਤਾ, ਉਸ ਨੇ ਮਗਰ ਕੀ ਰਖਿਆ? ਪਰ ਕੰਨਿਆਦਾਨ ਦੇ ਨਾਲ-ਨਾਲ ਦਾਜ ਦਾਨ ਵੀ ਚਲਦਾ ਆ ਰਿਹੈ। ਇਕ ਸਦੀ ਪਹਿਲਾਂ ਦਾਜ ਵਿਚ ਪਲੰਘ, ਪੀੜ੍ਹਾ, ਸੰਦੂਕ ਦਿਤਾ ਜਾਂਦਾ ਸੀ ਜਿਸ ਪਿਛੇ ਇਹ ਸੋਚ ਕੰਮ ਕਰਦੀ ਸੀ ਕਿ ਪੀੜ੍ਹਾ ਸਹੁਰੇ ਘਰ ਜਾ ਕੇ ਕੰਮ ਕਰਨ ਦਾ ਸੰਕੇਤ ਹੈ ਅਤੇ ਪਲੰਘ ਤੋਂ ਭਾਵ ਕੰਮ ਕਾਰ ਦੀ ਥਕਾਵਟ ਤੋਂ ਬਾਅਦ ਆਰਾਮ ਕਰਨਾ ਹੈ। ਸੰਦੂਕ ਵਿਚ ਕੁੜੀ ਦਾ ਵਰਤਣ ਵਾਲਾ ਸਮਾਨ ਅਤੇ ਲੀੜੇ ਕਪੜਾ ਘਰ ਦੀ ਸ਼ਾਨ ਹੈ। ਹੌਲੀ-ਹੌਲੀ ਦਾਜ ਵਿਚ ਮੇਜ਼,
ਕੁਰਸੀਆਂ, ਸਾਈਕਲ, ਰੇਡੀਉ ਆਦਿ ਦਿਤੇ ਜਾਣ ਲੱਗ ਪਏ। ਨਾਲ ਹੀ ਬਿਸਤਰੇ ਅਤੇ ਸੂਟ ਆਦਿ ਸਮੇਤ ਪੇਟੀਆਂ ਦਾ ਰਿਵਾਜ ਵੀ ਚਲਦਾ ਰਿਹਾ। ਅਜਕਲ ਟੀ.ਵੀ. ਸੋਫ਼ਾ ਸੈੱਟ, ਬਾਕਸ ਬੈੱਡ, ਮੋਟਰਸਾਈਕਲ ਅਤੇ ਕਾਰਾਂ ਦਾ ਰੂਪ ਲੈ ਚੁਕਾ ਹੈ। ਕਈ ਵਾਰ ਤਾਂ ਸਸਤੀ ਕਾਰ ਨੂੰ ਦਾਜ ਦੇ ਰੂਪ ਵਿਚ ਸਵੀਕਾਰ ਨਹੀਂ ਕੀਤਾ ਜਾਂਦਾ ਅਤੇ ਮਹਿੰਗੀ ਕਾਰ ਤੇ ਅੜੀ ਪੈ ਜਾਂਦੀ ਹੈ। ਇਥੇ ਹੀ ਬਸ ਨਹੀਂ, ਕੁੱਝ ਇਲਾਕਿਆਂ ਵਿਚ ਨਕਦ ਦਾਜ ਵੀ ਵਿਆਹ ਤੋਂ ਪਹਿਲਾਂ ਹੀ ਤੈਅ ਕਰ ਲਿਆ ਜਾਂਦਾ ਹੈ। ਕੁੱਝ ਇਲਾਕਿਆਂ ਸ਼ਹਿਰਾਂ ਵਿਚ ਜਿਵੇਂ ਸ੍ਰੀ ਮੁਕਤਸਰ ਸਾਹਿਬ ਦੇ ਆਲੇ ਦੁਆਲੇ ਵੱਡੇ ਧਨਾਢ ਸਰਦਾਰ ਪਿੰਡਾਂ ਅਤੇ ਢਾਣੀਆਂ ਵਿਚ 80 ਤੋਂ 100 ਕਿੱਲਿਆਂ ਵਾਲੇ ਸਰਦਾਰ
ਹਨ। ਉਹ ਨਕਦੀ, ਦਾਜ ਵੀ ਵਿਆਹ ਤੋਂ ਪਹਿਲਾਂ ਹੀ ਦੋ ਕਾਰਾਂ ਦੀ ਗੱਲ ਕਰ ਲੈਂਦੇ ਹਨ। ਇਕ ਮੁੰਡੇ ਦੀ ਰੋਕੇ ਵੇਲੇ ਦੂਜੀ ਵਿਆਹ ਵਾਲੇ ਦਿਨ ਹੋਰ ਸਮਾਨ ਦੀ ਗੱਲ ਛੱਡੋ, ਨੂੰਹ ਦੇ ਮੁੰਡਾ ਹੋ ਜਾਂਦਾ ਹੈ। 15 ਤੋਂ 20 ਲੱਖ ਦੀ ਮੰਗ ਕਰ ਲੈਂਦੇ ਹਨ। ਨੂੰਹ ਦੇ ਕੁੜੀ ਹੋ ਜਾਵੇ ਤਾਂ ਸੱਸ, ਸਹੁਰਾ ਮੁੰਡਾ ਮੰਗਦੇ ਹਨ। ਕੁੜੀ ਦਾ ਵਿਆਹ ਨਾਨਕਾ ਪ੍ਰਵਾਰ ਕਰੇ, ਕਈ ਵਾਰ ਕੁੜੀ ਦੇ ਮਾਪੇ ਸਹੁਰਿਆਂ ਦੀ ਮੰਗ ਪੂਰੀ ਨਹੀਂ ਕਰਦੇ ਤਾਂ ਕੁੜੀ ਦੇ ਪਿਤਾ ਨੇ ਅਪਣੇ ਖੇਤ ਵਿਚ ਨਰਮੇ ਦੀਆਂ ਛਟੀਆਂ ਦੇ ਕੁਨੂੰ ਦੇ ਢੇਰ ਤੇ ਚੜ੍ਹ ਕੇ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਕਰ ਲਈ। ਇਹ ਗੱਲ 1987-1989 ਦੇ ਸਾਰੇ ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਲਗਿਆ ਸੀ। ਉਨ੍ਹਾਂ ਦਸਿਆ ਕਿ ਧਨਾਢ,
ਜਗੀਰਦਾਰਾਂ ਦੀ ਸੂਚੀ ਲਿਖਣ ਲਗਿਆਂ ਤਾਂ ਬਹੁਤ ਲੰਮੀ ਹੋ ਜਾਵੇਗੀ ਕਿ ਕਿਉਂਕਿ ਮੇਰੀ ਕਲਮ ਲਿਖਣ ਤੋਂ ਮਜਬੂਰ ਹੈ। ਨਕਦੀ ਦਾਜ ਲੜਕੇ ਦੀ ਨੌਕਰੀ ਜਾਂ ਘਰੇਲੂ ਹੈਸੀਅਤ ਮੁਤਾਬਕ ਜਿਵੇਂ ਏ.ਐਸ.ਪੀ, ਐਸ.ਐਸ.ਪੀ., ਐਸ.ਡੀ.ਐਮ ਤੇ ਡਾਕਟਰ ਆਦਿ 45 ਤੋਂ 50 ਲੱਖ ਜਾਂ 70 ਤੋਂ 80 ਲੱਖ ਦੀ ਕੀਮਤ ਵਾਲੀਆਂ ਮਹਿੰਗੀਆਂ ਕਾਰਾਂ ਦੀ ਮੰਗ ਕਰਦੇ ਹਨ। ਕਈ ਵਾਰ ਧੀਆਂ ਵਾਲਿਆਂ ਨੂੰ ਦਾਜ ਦੀ ਪੂਰਤੀ ਲਈ ਘਰ ਤੇ ਜ਼ਮੀਨ ਜਾਇਦਾਦ ਆਦਿ ਵੇਚਣੀ ਪੈਂਦੀ ਹੈ। ਹੁਣ ਸ਼ੁਰੂ ਹੋਇਆ ਧੀਆਂ ਦੀ ਵਿਆਹੁਤਾ ਜ਼ਿੰਦਗੀ ਦਾ ਸਫ਼ਰ। ਵਿਆਹੁਤਾ ਧੀਆਂ ਨੂੰ ਸਹੁਰੇ ਘਰ ਕੀ-ਕੀ ਮੁਸ਼ਕਲਾਂ ਆਉਂਦੀਆਂ ਹਨ, ਇਹ ਭਲੀ ਭਾਂਤ ਜਾਣਦੇ ਹਾਂ ਜਾਂ ਅਖ਼ਬਾਰਾਂ ਦੀਆਂ ਸੁਰਖੀਆਂ
ਤੋਂ ਪਤਾ ਚਲਦਾ ਹੈ। ਸਾਡੇ ਪ੍ਰਧਾਨ ਮੰਤਰੀ ਜੀ ਨੇ ਬੇਟੀ ਪੜ੍ਹਾਉ, ਬੇਟੀ ਬਚਾਉ ਦਾ ਨਾਹਰਾ ਦਿਤਾ ਹੋਇਆ ਹੈ। ਸਕੂਲ ਦੇ ਛੋਟੇ-ਛੋਟੇ ਬੱਚੇ ਵੀ ਹੱਥਾਂ ਵਿਚ ਝੰਡੀਆਂ ਲੈ ਕੇ ਰੋਡ ਸ਼ੋਅ ਕਰਦੇ ਹਨ। ਬੇਟੀ ਪੜ੍ਹਾ ਤਾਂ ਤੁਸੀਂ ਲਵੋਗੇ ਪਰ ਉਸ ਉਪਰ ਹੋ ਰਹੇ ਜ਼ੁਲਮਾਂ ਨੂੰ ਕੌਣ ਰੋਕੇਗਾ? ਕਿਤੇ ਤੇਜ਼ਾਬ ਸੁਟਿਆ ਜਾਂਦਾ ਹੈ, ਕਿਤੇ ਘੱਟ ਦਾਜ ਕਾਰਨ ਘਰੋਂ ਕਢਿਆ ਜਾਂਦਾ ਹੈ। ਕੁੱਝ ਬਦਨਸੀਬ ਖ਼ੁਦਕੁਸ਼ੀ ਕਰ ਜਾਂਦੀਆਂ ਹਨ।
ਲਾਡਾਂ, ਪਿਆਰਾਂ ਨਾਲ ਪਾਲੀ ਹੋਈ ਧੀ ਮਾਪਿਆਂ ਨੂੰ ਸਦਾ ਲਈ ਡੂੰਘਾ ਦਰਦ ਦੇ ਜਾਂਦੀ ਹੈ। ਐਫ.ਆਈ.ਆਰ ਦਰਜ ਕਰਵਾਉਣ ਲਈ ਵੀ ਸੜਕਾਂ ਉਤੇ ਜਾਮ ਲਗਾਉਣੇ ਪੈਂਦੇ ਹਨ। ਇਨਸਾਫ਼ ਦੀ ਉਡੀਕ ਕਰਦਿਆਂ ਕਈ ਸਾਲ ਬੀਤ ਜਾਂਦੇ ਹਨ। ਲਗਦਾ ਹੈ ਕਿ ਕੰਨਿਆਦਾਨ ਦਾ ਅਜਕਲ ਕੋਈ ਮਹੱਤਵ ਨਹੀਂ ਰਿਹਾ। ਦਾਜ ਦਾ ਦੈਂਤ ਨੇ ਕੰਨਿਆਦਾਨ ਦੇ ਅਰਥ ਹੀ ਬਦਲ ਦਿਤੇ ਹਨ।
ਸੰਪਰਕ : 94639-23516