
S.Joginder Singh: ਸਿੱਖ ਵਿਦਵਾਨ ਸ. ਜੋਗਿੰਦਰ ਸਿੰਘ ਵਲੋਂ ਤਰਕਾਂ ਜ਼ਰੀਏ ਕੀਤੇ ਖ਼ੁਲਾਸੇ ਦੀ ਇਕ ਖ਼ਾਸ ਇੰਟਰਵਿਊ
Akal Takht is proving to be a failure in maintaining the freedom given by Baba Nanak: ਸਿੱਖ ਕੌਮ ਅੱਗੇ ਅੱਜਕਲ ਬੜੀਆਂ ਚੁਨੌਤੀਆਂ ਸਾਹਮਣੇ ਆ ਖੜੀਆਂ ਹਨ। ਸੱਭ ਤੋਂ ਵੱਡੀ ਚੁਨੌਤੀ ਸਾਹਮਣੇ ਇਹ ਆ ਰਹੀ ਹੈ ਕਿ ਅੱਜਕਲ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਕਿਸੇ ਨੂੰ ਅਪਣੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿਤਾ ਜਾਂਦਾ ਹੈ ਤਾਂ ਉਹ ਨਾਂਹ ਕਰ ਰਹੇ ਹਨ। ਇਹ ਬਗ਼ਾਵਤ ਹੈ ਜਾਂ ਸਿੱਖ ਦਾ ਮੁਢਲਾ ਦਾ ਹੱਕ ਹੈ? ਉਨ੍ਹਾਂ ਨੇ ਜੋ ਵੀ ਮਸਲਾ ਹੱਲ ਕਰਨਾ ਹੈ, ਕੀ ਉਹ ਆਪਸ ਵਿਚ ਬੈਠ ਕੇ ਹੱਲ ਕਰ ਸਕਦੇ ਹਨ? ਉਮੀਦ ਹੈ ਇਸ ਬਾਰੇ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸਵ. ਸ. ਜੋਗਿੰਦਰ ਸਿੰਘ ਨਾਲ ਅਦਾਰੇ ਦੇ ਪ੍ਰਬੰਧਕੀ ਸੰਪਾਦਕ ਨਿਮਰਤ ਕੌਰ ਵਲੋਂ ਸਾਲ 2018 ਵਿਚ ਕੀਤੀ ਇਕ ਅਹਿਮ ਚਰਚਾ (ਸਪੋਕਸਮੈਨ ਵੈੱਬ ਟੀ.ਵੀ. ’ਤੇ ਪ੍ਰਸਾਰਤ ਹੋਈ ਸੀ) ਤੋਂ ਬਾਅਦ ਸਿੱਖੀ ਬਾਰੇ ਮੁਢਲੇ ਸਵਾਲਾਂ ’ਤੇ ਤੁਹਾਨੂੰ ਕੁੱਝ ਸਪੱਸ਼ਟੀਕਰਨ ਮਿਲੇਗਾ, ਜੋ ਅਸੀਂ ਹਰ ਐਤਵਾਰ ਲੜੀਵਾਰ ਪੇਸ਼ ਕਰ ਰਹੇ ਹਾਂ।
ਨਿਮਰਤ ਕੌਰ : ਜੋ ਅੱਜ ਇਕ ਵਿਵਾਦ ਉਠਿਆ ਹੋਇਆ ਹੈ ਕਿ ਅਕਾਲ ਤਖ਼ਤ ਸਾਹਮਣੇ ਪੇਸ਼ ਹੋਇਆ ਜਾਵੇ ਜਾਂ ਨਾ? ਪਹਿਲੀ ਦਲੀਲ ਕੀ ਰੱਖੋਗੇ ਇਹ ਸਮਝਣ ਲਈ ਕਿ ਇਹ ਬਗ਼ਾਵਤ ਹੈ ਜਾਂ ਗੁਸਤਾਖ਼ੀ ਹੈ? ਜਥੇਦਾਰ ਸਾਹਮਣੇ ਜਾਣਾ ਚਾਹੀਦਾ ਹੈ ਜਾਂ ਨਹੀਂ?
ਜੋਗਿੰਦਰ ਸਿੰਘ : ਪਹਿਲੀ ਗੱਲ ਤਾਂ ਇਹ ਕਿ ਜੇ ਇਹ ਗੁਸਤਾਖ਼ੀ ਹੈ ਜਾਂ ਬਗ਼ਾਵਤ ਹੈ ਤਾਂ ਫਿਰ ਸਿੰਘ ਸਭਾ ਮੂਵਮੈਂਟ ਦੇ ਜਿਹੜੇ ਬਾਨੀ ਸਨ, ਉਹ ਵੀ ਤਾਂ ਨਹੀਂ ਸਨ ਗਏ। ਹੁਣ ਤਕ ਉਨ੍ਹਾਂ ਨੂੰ ਤੁਸੀਂ ਪੰਥ ’ਚੋਂ ਰੱਦ ਕਿਉਂ ਨਹੀਂ ਕੀਤਾ ਹੋਇਆ? ਤੁਸੀ ਉਨ੍ਹਾਂ ਦੇ ਜਨਮ ਦਿਨ ਮਨਾਉਂਦੇ ਹੋ। ਉਨ੍ਹਾਂ ਦੇ ਨਾਂ ’ਤੇ ਸਮਾਗਮ ਕਰਦੇ ਹੋ। ਉਨ੍ਹਾਂ ਦੀ ਤਾਰੀਫ਼ ਵੀ ਕਰਦੇ ਹੋ, ਕਿਉਂ? ਕਿਉਂਕਿ ਉਨ੍ਹਾਂ ਬਗ਼ਾਵਤ ਨਹੀਂ ਸੀ ਕੀਤੀ। ਉਸ ਵੇਲੇ ਪੁਜਾਰੀਆਂ ਨੇ ਗ਼ਲਤ ਹੁਕਮ ਜਾਰੀ ਕੀਤੇ ਸੀ। ਸਿੰਘ ਸਭਾ ਮੂਵਮੈਂਟ ਦੇ ਬਾਨੀਆਂ ਨੇ ਕਿਹਾ ‘ਨਹੀਂ ਮੈਂ ਨਹੀਂ ਮੰਨਦਾ’ ਤੇ ਉਨ੍ਹਾਂ ਨੇ ਅੰਤਮ ਦਮ ਤਕ ਬੜੇ ਔਖੇ ਦਿਨ ਗੁਜ਼ਾਰੇ। ਲੋਕਾਂ ਨੇ ਵੀ ਸਾਥ ਨਹੀਂ ਦਿਤਾ ਸੀ ਉਦੋਂ, ਪਰ ਉਹ ਨਹੀਂ ਸੀ ਪੇਸ਼ ਹੋਏ। ਫਿਰ ਇਨ੍ਹਾਂ ਨੇ ਸੌ ਸਾਲ ਬਾਅਦ ਗੁਰਚਰਨ ਸਿੰਘ ਟੌਹੜਾ ਵੇਲੇ ਉਨ੍ਹਾਂ ਨੂੰ ਇਹ ਕਹਿ ਕੇ ਬਰੀ ਕਰ ਦਿਤਾ ਸੀ ਕਿ ‘ਉਹ ਇਲਜ਼ਾਮ ਗ਼ਲਤ ਸਨ।’
ਸਵਾਲ: ਪਰ ਜੋ ਸਿੰਘ ਸਭਾ ਮੂਵਮੈਂਟ ਹੈ, ਉਸ ਵਿਚੋਂ ਹੀ ਅੱਜ ਦਾ ਇਹ ਸਿਸਟਮ ਨਿਕਲ ਕੇ ਆਇਆ ਹੈ। ਸੋ ਅੱਜ ਦੇ ਜਿਹੜੇ ਸਾਡੇ ਜਥੇਦਾਰ ਨੇ, ਕੀ ਉਹ ਉਸ ਵਕਤ ਤੋਂ ਵਖਰੇ ਹਨ?
ਜਵਾਬ : ਬਿਲਕੁਲ ਨਹੀਂ, ਉਹ ਉਸੇ ਤਰ੍ਹਾਂ ਦੇ ਹਨ। ਬਲਕਿ ਹੁਣ ਸਿਸਟਮ ਹੋਰ ਜ਼ਿਆਦਾ ਖ਼ਰਾਬ ਹੋ ਗਿਆ ਹੈ ਕਿਉਂਕਿ ਉਦੋਂ ਜਥੇਦਾਰਾਂ ਨੂੰ ਅੰਗਰੇਜ਼ ਯਾਨੀ ਕਿ ਹਾਕਮ ਨਹੀਂ ਸੀ ਨਿਯੁਕਤ ਕਰਦਾ। ਹੁਣ ਤਾਂ ਹਾਕਮ ਨਿਯੁਕਤ ਕਰਦਾ ਹੈ। ਅੱਜ ਜਥੇਦਾਰ ਹਾਕਮ ਦੇ ਲਿਫ਼ਾਫ਼ੇ ’ਚੋਂ ਨਿਕਲਦੇ ਹਨ। ਇਸ ਕਾਰਨ ਹੁਣ ਤਾਂ ਹਾਲਾਤ ਬਿਲਕੁਲ ਹੀ ਵਿਗੜ ਗਏ ਹਨ। ਜਥੇਦਾਰਾਂ ਕੋਲ ਬਿਲਕੁਲ ਹੀ ਤਾਕਤ ਨਹੀਂ ਰਹਿ ਗਈ ਹੈ। ਜਿਵੇਂ ਇਕ ਚੰਗੇ ਜਥੇਦਾਰ ਸਨ ਪਰ ਜਦੋਂ ਹਾਕਮਾਂ ਨੂੰ ਮਹਿਸੂਸ ਹੋਇਆ ਕਿ ਜਥੇਦਾਰ ਨੂੰ ਹਟਾਉਣਾ ਹੈ ਤਾਂ ਜਦੋਂ ਜਥੇਦਾਰ ਇਕ ਦਿਨ ਗੁਸਲਖ਼ਾਨੇ ’ਚ ਨਹਾਉਣ ਵਾਸਤੇ ਜਾ ਰਹੇ ਸੀ, ਤੌਲੀਆ ਮੋਢੇ ’ਤੇ ਟੰਗਿਆ ਹੋਇਆ ਸੀ ਤੇ ਕਛਹਿਰਾ ਹੱਥ ਫੜਿਆ ਸੀ ਅਤੇ ਉਹ ਅੰਦਰ ਵੜ ਹੀ ਰਹੇ ਸਨ ਕਿ ਕਿਸੇ ਨੇ ਆਵਾਜ਼ ਮਾਰੀ ਕਿ ‘ਟੌਹੜਾ ਸਾਹਬ ਬੁਲਾਉਂਦੇ ਨੇ ਤੁਹਾਨੂੰ।’ ਉਹ ਕਹਿੰਦੇ, ‘ਮੈਂ ਨਹਾ ਕੇ ਆਉਂਦਾ ਹਾਂ।’
ਅੱਗੇ ਉਨ੍ਹਾਂ ਨੇ ਕਿਹਾ, ‘ਨਹੀਂ, ਤੁਸੀ ਨਹਾਉਣਾ ਬਾਅਦ ਵਿਚ, ਪਹਿਲਾਂ ਦਸਤਖ਼ਤ ਕਰ ਦਿਉ।’ ਲੈ ਕੇ ਉਨ੍ਹਾਂ ਨੂੰ ਚਲੇ ਗਏ ਸਨ।
ਸੋ ਪਹਿਲਾਂ ਇੰਨੀ ਮਾੜੀ ਹਾਲਤ ਨਹੀਂ ਸੀ। ਹੁਣ ਤਾਂ ਬਿਲਕੁਲ ਹੀ ਹਾਲਤ ਮਾੜੀ ਹੋਈ ਪਈ ਹੈ। ਹੁਣ ਤਾਂ ਪਿਛਲੇ ਕੁੱਝ 25-30 ਸਾਲਾਂ ’ਚ ਜਥੇਦਾਰਾਂ ਦਾ ਵੀ ਚਰਿੱਤਰ ਬਹੁਤ ਥੱਲੇ ਚਲਾ ਗਿਆ ਹੈ। ਪੈਸੇ ਲੈ ਕੇ ਹੁਕਮਨਾਮੇ ਜਾਰੀ ਹੁੰਦੇ ਨੇ। ਮੁੱਖ ਮੰਤਰੀ ਦੀ ਕੋਠੀ ਜਾ ਕੇ ਕਹਿੰਦੇ ਨੇ, ‘ਜੀ ਦੱਸੋ ਕੀ ਹੁਕਮ ਹੈ, ਕੀ ਕਰੀਏ?’ ਸੌਦਾ ਸਾਧ ਵਰਗਿਆਂ ਨੂੰ ਬਰੀ ਕਰਨ ਲੱਗ ਪਏ ਨੇ। ਪਰ ਜਦੋਂ ਚੰਗੀ-ਭਲੀ ਹਾਲਤ ਸੀ, ਉਦੋਂ ਵੀ ਉਨ੍ਹਾਂ ਵਿਚ ਹਿੰਮਤ ਨਹੀਂ ਸੀ ਹੁੰਦੀ ਕਿ ਸਰਕਾਰ ਦੇ ਵੇਲੇ ਦੇ ਹਾਕਮਾਂ ਵਿਰੁਧ ਚਲੇ ਜਾਣ। ਗੱਲ ਇਹ ਕਿ ਇਸ ਨੂੰ ਸਿਧਾਂਤਕ ਤੌਰ ’ਤੇ ਲਈਏ ਨਾਕਿ ਨਿਜੀ ਤੌਰ ’ਤੇ। ਇਸ ਸੰਦਰਭ ਵਿਚ ਨਾ ਲਈਏ ਕਿ ਫਲਾਣਾ ਜਥੇਦਾਰ ਚੰਗਾ ਸੀ ਤੇ ਫਲਾਣਾ ਜਥੇਦਾਰ ਮਾੜਾ ਸੀ, ਫਲਾਣਾ ਬੰਦਾ ਛੇਕਿਆ ਗਿਆ ਸੀ, ਇਸ ਲਈ ਉਹ ਮਾੜਾ ਹੈ ਤੇ ਮੈਂ ਚੰਗਾ ਹਾਂ। ਇਹ ਗੱਲਾਂ ਨਾ ਕਰੀਏ, ਸਿਧਾਂਤ ਵਲ ਆਈਏ। ਸਿਧਾਂਤ ਇਹ ਹੈ ਕਿ ਤਖ਼ਤ ਬਣਾਇਆ ਹੀ ਕਿਉਂ ਜਾਂਦਾ ਹੈ?
ਹੁਣ ਮੰਨ ਲਉ, ਜਿਵੇਂ ਤਲਾਕ ਹੁੰਦਾ ਹੈ। ਔਰਤ ਅਪਣਾ ਵਖਰਾ ਘਰ ਬਣਾ ਲੈਂਦੀ ਹੈ ਤੇ ਮਰਦ ਅਪਣਾ ਵਖਰਾ ਘਰ ਬਣਾ ਲੈਂਦਾ ਹੈ। ਜੋ ਹਰ ਵੇਲੇ ਘਰ ’ਚ ਇਕੱਠੇ ਰਹਿੰਦੇ ਸਨ, ਉਹ ਇਕ-ਦੂਜੇ ਦੇ ਘਰ ’ਚ ਦਾਖ਼ਲ ਵੀ ਨਹੀਂ ਹੋ ਸਕਦੇ। ਦੇਸ਼ਾਂ ਦੀ ਵੀ ਇਹੋ ਹਾਲਤ ਹੈ। ਕਲ ਭਾਰਤ ਅਤੇ ਪਾਕਿਸਤਾਨ ਦਾ ਇਕ ਤਖ਼ਤ ਸੀ ਦਿੱਲੀ ਵਿਚ ਤੇ ਅੱਜ ਦੋ ਹਨ। ਇਕ ਇਸਲਾਮਾਬਾਦ ’ਚ ਹੈ ਤੇ ਦੂਜਾ ਦਿੱਲੀ ’ਚ। ਦੋਹਾਂ ਦੇ ਸੰਵਿਧਾਨ ਵਖਰੇ ਨੇ। ਦੋਹਾਂ ਦੀ ਸੋਚ ਵਖਰੀ ਹੈ। ਦੋਹਾਂ ਦੇ ਕੰਮ ਕਰਨ ਦਾ ਤਰੀਕਾ ਵਖਰਾ ਹੈ। ਦੋਹਾਂ ਦੀ ਵਿਚਾਰਧਾਰਾ ਵੀ ਵਖਰੀ ਹੈ। ਇਸੇ ਤਰ੍ਹਾਂ ਹੀ ਧਰਮਾਂ ’ਚ ਹੋਇਆ। ਬਾਬੇ ਨਾਨਕ ਨੇ ਜਦੋਂ ਵਖਰੀ ਗੱਲ ਕੀਤੀ ਕਿ ‘ਮੈਂ ਪਿਛਲੇ ਸਾਰੇ ਧਰਮ ਰੱਦ ਕਰਦਾ ਹਾਂ।’ ਯਾਨੀ ਕਿ ਮੁਕੰਮਲ ਤਲਾਕ। ਉਸ ’ਚੋਂ ਤਖ਼ਤ ਨਿਕਲਦਾ ਹੈ। ਜਦੋਂ ਤੁਸੀ ਵਖਰਾ ਦੇਸ਼ ਬਣਾਉਂਦੇ ਹੋ ਤਾਂ ਤਖ਼ਤ ਬਣਦਾ ਹੈ ਅਤੇ ਜਦ ਤੁਸੀ ਪਿਛਲੀ ਫ਼ਿਲਾਸਫ਼ੀ ਨਾਲੋਂ ਅੱਡ ਹੁੰਦੇ ਹੋ ਤਾਂ ਵੀ ਤੁਹਾਡਾ ਵਖਰਾ ਤਖ਼ਤ ਦਾ ਅਧਿਕਾਰ ਬਣ ਜਾਂਦਾ ਹੈ।
ਪਰ ਬਾਬਾ ਨਾਨਕ ਤਾਂ ਲਿਖਤੀ ਤੌਰ ’ਤੇ ਗੱਲ ਕਰਦਾ ਹੈ। ਬਾਬੇ ਨਾਨਕ ਵਰਗਾ ਅੱਜ ਤਕ ਕੋਈ ਦੁਨੀਆਂ ’ਤੇ ਨਹੀਂ ਹੋਇਆ। ਮੈਂ ਬਹੁਤ ਸਾਰਿਆਂ ਨੂੰ ਪੜਿ੍ਹਆ ਹੈ, ਕੋਈ ਵੀ ਅਜਿਹਾ ਨਹੀਂ ਹੋਇਆ। ਜਿਥੋਂ ਤਕ ਮੁਢਲੇ ਹੱਕਾਂ ਦੀ ਗੱਲ ਹੈ, ਬਾਬੇ ਨਾਨਕ ਨੇ 550 ਸਾਲ ਪਹਿਲਾਂ ਹੀ ਮੁਢਲੇ ਹੱਕ ਸਿੱਖਾਂ ਨੂੰ ਦੇ ਦਿਤੇ ਸਨ। ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਨੂੰ ਦਿਤੇ ਸਨ। ਇੰਨੇ ਹੱਕ ਦੁਨੀਆਂ ਦੇ ਕਿਸੇ ਹੋਰ ਤੇ ਤੁਹਾਡੇ ਸੰਵਿਧਾਨ ਨੇ ਨਹੀਂ ਦਿਤੇ ਸਨ, ਉਸ ਵੇਲੇ।
ਕਹਿੰਦੇ ਨੇ ਕਿ ਤਖ਼ਤ ਗੁਰੂਆਂ ਨੇ ਬਣਾਏ, ਨਹੀਂ, ਗੁਰੂਆਂ ਨੇ ਨਹੀਂ ਬਲਕਿ ਸਿੱਖਾਂ ਨੇ ਬਣਾਏ। ਚੰਗਾ ਕੀਤਾ ਬਣਾਏ ਪਰ ਇਨ੍ਹਾਂ ਨੂੰ ਗੁਰੂਆਂ ਦੇ ਨਾਂਅ ਨਾਲ ਨਾ ਜੋੜੋ, ਗੁਰੂਆਂ ਨੇ ਤਖ਼ਤ ਨਹੀਂ ਬਣਾਇਆ। ਗੁਰੂਆਂ ਨੇ ਫ਼ਿਲਾਸਫ਼ੀ ਦਿਤੀ, ਉਸ ਫ਼ਿਲਾਸਫ਼ੀ ’ਚੋਂ ਤਖ਼ਤ ਨਿਕਲਦਾ ਹੈ। ਤਖ਼ਤ ਗੁਰੂਆਂ ਦੀ ਬਾਣੀ ਦੀ ਫ਼ਿਲਾਸਫ਼ੀ ’ਚੋਂ ਨਿਕਲਦਾ ਹੈ, ਇਸ ਕਰ ਕੇ ਉਥੋਂ ਉਚਿਤ ਠਹਿਰਾਉ।
ਬਾਬੇ ਨਾਨਕ ਨੇ ਐਲਾਨ ਕੀਤਾ, ‘‘ਸਾਹਿਬ ਮੇਰਾ ਏਕੋ ਹੈ’’। ਉਨ੍ਹਾਂ ਕਿਹਾ, ‘‘ਮੈਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ।’’ ਉਸ ਵੇਲੇ ਤਿੰਨ ਧਰਮ ਸਨ। ਇਕ ਦਾ ਪ੍ਰਚਾਰ ਮੁਸਲਮਾਨ ਕਾਜ਼ੀ ਕਰਦਾ ਸੀ, ਇਕ ਦਾ ਬ੍ਰਾਹਮਣ ਕਰਦਾ ਸੀ ਤੇ ਇਕ ਦਾ ਜੋਗੀ ਕਰਦਾ ਸੀ। ਇਕ ਸਮਾਂ ਅਜਿਹਾ ਵੀ ਆਇਆ ਸੀ ਕਿ ਹਿੰਦੁਸਤਾਨ ਦੀ 75 ਫ਼ੀ ਸਦੀ ਆਬਾਦੀ ਜੋਗੀਆਂ ਨੂੰ ਮੰਨਣ ਲੱਗ ਪਈ ਸੀ। ਬਾਬੇ ਨਾਨਕ ਨੇ ਖੁੱਲ੍ਹ ਕੇ ਕਿਹਾ ਸੀ ਕਿ, ‘‘ਮੈਂ ਇਨ੍ਹਾਂ ਤਿੰਨਾਂ ਨੂੰ ਰੱਦ ਕਰਦਾ ਹਾਂ। ਮੈਂ ਸਿਰਫ਼ ਅਕਾਲ ਪੁਰਖ ਨੂੰ ਮੰਨਾਂਗਾ।’’
‘‘ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ’’ ਯਾਨੀ ਕਿ ਉਸ ਵੇਲੇ ਦਾ ਸਾਰਾ ਹਿੰਦੁਸਤਾਨ ਕਦੇ ਇਕ ਦੇਵੀ ਦੀ ਜਾਂ ਕਦੇ ਦੂਜੀ ਦੇਵੀ ਦੀ ਤੇ ਇਕ ਇਕ ਦੇਵਤਾ ਦੀ ਜਾਂ ਕਦੇ ਦੂਜੇ ਦੇਵਤੇ ਦੀ ਅਰਾਧਨਾ ਕਰਦਾ ਸੀ। ਜੋ ਮੰਗਦਾ ਸੀ ਉਸ ਕੋਲੋਂ ਮੰਗਦਾ ਸੀ। ਪ੍ਰਮਾਤਮਾ ਦਾ ਨਾਂ ਰਸਮੀ ਤੌਰ ’ਤੇ ਲਿਆ ਜਾਂਦਾ ਸੀ। ਪਰ ਲੋਕ ਕਹਿੰਦੇ ਸਨ ਕਿ ਦੇਣ ਵਾਲਾ ਦੇਵੀ ਜਾਂ ਦੇਵਤਾ ਹੈ। ਤਾਂ ਬਾਬੇ ਨਾਨਕ ਨੇ ਕਿਹਾ ਇਹ ਤਾਂ ਮੇਰੇ ਰੱਬ ਕੋਲੋਂ ਆਪ ਮੰਗਦੇ ਨੇ। ‘ਮੰਗਤੇ’ ਲਫ਼ਜ਼ ਲਿਖਿਆ ਸੀ ਉਨ੍ਹਾਂ ਲਈ ਬਾਬੇ ਨਾਨਕ ਨੇ। ਉਹ ਫ਼ਿਲਾਸਫ਼ੀ ਦੇ ਕੇ ਉਨ੍ਹਾਂ ਨੇ ਫਿਰ ਕਿਹਾ, ‘‘ਦੁਬਿਧਾ ਛੋੜ ਭਏ ਨਿਰੰਕਾਰੀ’’ ਯਾਨੀ ਕਿ ਮੈਂ ਇਹ ਸਾਰੀਆਂ ਸ਼ੰਕਾਵਾਂ ਖ਼ਤਮ ਕਰ ਕੇ, ਨਿਰੰਕਾਰੀ ਬਣ ਗਿਆ ਹਾਂ। ਨਿਰੰਕਾਰੀ ਕੌਣ ਹੁੰਦਾ ਹੈ? ਜਿਸ ਨੂੰ ਅਕਾਰ ’ਤੇ ਨਿਰਭਰ ਨਾ ਹੋਣਾ ਪਵੇ।
ਜੋਗਿੰਦਰ ਸਿੰਘ ਦਾ ਅੱਜ ਆਕਾਰ ਹੈ। ਜਿਸ ਦਿਨ ਇਸ ਦਾ ਆਕਾਰ ਖ਼ਤਮ ਹੋ ਗਿਆ, ਕੋਈ ਨਹੀਂ ਕਹੇਗਾ ਕਿ ਇਥੇ ਜੋਗਿੰਦਰ ਸਿੰਘ ਹੈ, ਕੋਈ ਨਾਮ ਨਹੀਂ ਲਵੇਗਾ, ਕਿਉਂਕਿ ਮੇਰੀ ਹੋਂਦ ਮੇਰੇ ਆਕਾਰ ਨਾਲ ਹੈ। ਜਦ ਮੈਂ ਨਿਰੰਕਾਰ ਬਣ ਗਿਆ ਤਾਂ ਮੈਨੂੰ ਸਿਰਫ਼ ਨਿਰੰਕਾਰ ਅਕਾਲ ਪੁਰਖ ਹੀ ਵੇਖੇਗਾ ਬਾਕੀ ਆਕਾਰ ਵਾਲੇ ਨਹੀਂ ਵੇਖਣਗੇ। ਉਨ੍ਹਾਂ ਨੇ ਕਿਹਾ ‘ਦੁਬਿਧਾ ਛੋਡਿ ਭਏ ਨਿਰੰਕਾਰੀ॥’ ਯਾਨੀ ਕਿ ਜਿਸ ਦਾ ਆਕਾਰ ਨਹੀਂ ਜਿਹੜਾ ਆਕਾਰ ਤੋਂ ਬਿਨਾਂ ਵੀ ਸੱਭ ਕੁੱਝ ਹੈ, ਅਸੀ ਉਸ ਦੇ ਬਣ ਗਏ ਹਾਂ ਤੇ ਹੁਣ ਸਾਨੂੰ ਇਨ੍ਹਾਂ ਬਾਕੀ ਚੀਜ਼ਾਂ ਦੀ ਲੋੜ ਨਹੀਂ। ਇਹ ਫ਼ਿਲਾਸਫ਼ੀ ਸਾਡੇ ਬਾਬੇ ਨਾਨਕ ਨੇ ਸਾਨੂੰ ਦਿਤੀ ਜਿਹੜੀ ਖ਼ੁਦਮੁਖਤਿਆਰ ਹੈ ਤੇ ਕਹਿੰਦੀ ਹੈ ਕਿ ਤੁਸੀਂ ਆਜ਼ਾਦ ਹੋ, ਤੁਸੀਂ ਕਿਸੇ ਨੂੰ ਨਹੀਂ ਮੰਨਦੇ, ਸਿਰਫ਼ ਉਸ ਰੱਬ ਨੂੰ ਮੰਨਦੇ ਹੋ, ਇਹ ਸੀ ਉਹ ਪਹਿਲੀ ਗੱਲ। ਜਿਹੜਾ ਵੀ ਸਾਡਾ ਤਖ਼ਤ ਬਣੇਗਾ, ਉਸ ਦਾ ਪਹਿਲਾ ਕੰਮ ਹੈ, ਸਾਡੀ ਧਾਰਮਕ ਖ਼ੁਦ-ਮੁਖਤਿਆਰੀ ਦੀ ਰਾਖੀ ਕਰਨਾ।
ਸਵਾਲ: ਫਿਰ ਕੀ ਜਦੋਂ ਉਨ੍ਹਾਂ ਦਾ ਕੰਮ ਇਸ ਦੀ ਰਾਖੀ ਕਰਨਾ ਹੋਵੇਗਾ ਤਾਂ ਕੋਈ ਇਹ ਨਹੀਂਂ ਕਹਿ ਸਕੇਗਾ ਕਿ ਮੇਰੇ ਸਾਹਮਣੇ ਆ ਕੇ ਮੱਥੇ ਟੇਕੇ?
ਜਵਾਬ : ਨਹੀਂ ਕਹਿ ਸਕਦਾ, ਉਹ ਤਾਂ ਮੱਥੇ ਟਿਕਵਾਣਾ ਹਟਾਉਂਦਾ ਹੈ ਹਾਕਮ ਅੱਗੇ। ਉਹ ਅਪਣੇ ਕੋਲ ਮੱਥੇ ਟਿਕਵਾਉਣ ਲੱਗ ਪਿਆ ਤਾਂ ਫਿਰ ਦੂਜਿਆਂ ਦੇ ਕੀ ਬੰਦ ਕਰਵਾਏਗਾ। ਇਸ ਲਈ ਪਹਿਲੀ ਗੱਲ ਤਾਂ ਇਹ ਕਿ ਅਸੀ ਅਕਾਲ ਪੁਰਖ ਨਾਲ ਜੁੜੇ ਹੋਏ ਹਾਂ ਤੇ ਅਸੀ ਇਸ ਖ਼ੁਦ-ਮੁਖਤਿਆਰੀ ਦੀ ਰਾਖੀ ਕਰਨੀ ਹੈ। ਬਾਕੀ ਸਾਨੂੰ ਕੋਈ ਮਜਬੂਰ ਨਾ ਕਰੇ। ਪਹਿਲਾਂ ਕਰਦੇ ਸਨ। ਮੁਸਲਮਾਨ ਕਰਦੇ ਸੀ ਤੇ ਹਿੰਦੂ ਵੀ ਕਰਦੇ ਸੀ ਤੇ ਕਹਿੰਦੇ ਸੀ ਕਿ ਜਿਹੜਾ ਇਹ ਨਹੀਂ ਮੰਨਦਾ ਜਾਂ ਕਰਦਾ, ਉਹ ਨਾਸਤਿਕ ਹੈ। ਉਸ ਨੂੰ ਧਰਮ ’ਚੋਂ ਕੱਢ ਦਿਉ। ਜਦੋਂ ਤੁਸੀ ਬਾਬੇ ਨਾਨਕ ਦੇ ਨਾਲ ਜੁੜ ਗਏ ਹੋ ਤਾਂ ਫਿਰ ਤੁਹਾਨੂੰ ਕੋਈ ਦੂਜਾ ਮਜਬੂਰ ਨਹੀਂ ਕਰਦਾ, ਇਹੀ ਸੀ ਅਕਾਲ ਤਖ਼ਤ ਦਾ ਕੰਮ। ਇਹੀ ਸਾਡੇ ਤਖ਼ਤ ਦਾ ਕੰਮ ਸੀ। ਇਹ ਹੈ ਧਾਰਮਕ ਪ੍ਰਭੂਸੱਤਾ ਜਾਂ ਖ਼ੁਦ-ਮੁਖ਼ਤਿਆਰੀ।
ਨੰਬਰ ਦੋ ’ਤੇ ਆ ਜਾਂਦੀ ਹੈ ਸਿਆਸੀ ਖ਼ੁਦ-ਮੁਖ਼ਤਿਆਰੀ। ਜੇ ਤੁਸੀ ਨਿਰੀ ਧਾਰਮਕ ਆਜ਼ਾਦੀ ’ਤੇ ਜ਼ੋਰ ਦਿਉਗੇ ਪਰ ਤੁਹਾਡੇ ਕੋਲ ਸਿਆਸੀ ਖ਼ੁਦ-ਮੁਖ਼ਤਿਆਰੀ ਨਹੀਂ ਹੋਵੇਗੀ ਤਾਂ ਉਸ ਨੂੰ ਲਾਗੂ ਕਿਵੇਂ ਕਰੋਗੇ?
ਬਾਬਾ ਨਾਨਕ ਹਰ ਇਨਸਾਨ ਨੂੰ ਸਿਆਸੀ ਖ਼ੁਦ-ਮੁਖਤਿਆਰੀ ਦਿੰਦੇ ਹਨ। ਸਿਆਸੀ ਖ਼ੁਦ-ਮੁਖਤਿਆਰੀ ਦਾ ਮਤਲਬ ਹੈ ਕਿ ਮੈਂ ਰਾਜੇ ਦੀ ਆਲੋਚਨਾ ਕਰ ਸਕਦਾ ਹਾਂ। ਜਿਸ ਵੇਲੇ ਦੀ ਗੱਲ ਅਸੀਂ ਕਰ ਰਹੇ ਹਾਂ, ਉਸ ਵੇਲੇ ਰਾਜੇ ਦੀ ਆਲੋਚਨਾ ਕਰਨ ਦਾ ਮਤਲਬ ਹੁੰਦਾ ਸੀ ਮੌਤ ਜਾਂ ਜੇਲ੍ਹ। ਬਾਬੇ ਨਾਨਕ ਨੇ ਸੜਕ ’ਤੇ ਖੜੇ ਹੋ ਕੇ ਆਖਿਆ :
‘ਕਲਿ ਕਾਤੀ ਰਾਜੇ ਕਾਸਾਈ,
ਧਰਮੁ ਪੰਖ ਕਰਿ ਉਡਰਿਆ॥’
ਯਾਨੀ ਕਿ ਕਲਯੁਗ ’ਚ ਰਾਜੇ ਕਸਾਈ ਬਣੇ ਹੋਏ ਨੇ ਤੇ ਜਨਤਾ ਨੂੰ ਕੋਹ ਰਹੇ ਨੇ। ਇਹ ਗੱਲ ਉਸ ਵੇਲੇ ਦੀ ਹੈ ਜਦੋਂ ਹਿੰਦੁਸਤਾਨ 2000 ਸਾਲ ਗ਼ੁਲਾਮ ਰਿਹਾ। ਕਿਸੇ ਇਕ ਬੰਦੇ ਨੇ ਵੀ ਕਦੀ ਰਾਜੇ ਵਿਰੁਧ ਆਵਾਜ਼ ਨਹੀਂ ਸੀ ਚੁਕੀ।
(ਚਲਦਾ)