ਇਹ ਸੱਭ ਕੁੱਝ ਕਰ ਕੇ ਆਖ਼ਰ ਮੋਦੀ ਸਰਕਾਰ ਵਿਸ਼ਵ ਦੇ ਲੋਕਾਂ ਨੂੰ ਕੀ ਦਸਣਾ ਚਾਹੁੰਦੀ ਹੈ?
ਨਵੀਂ ਦਿੱਲੀ: ਦੇਸ਼ ਦੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਹੁਣ ਤਕ ਸੈਂਕੜੇ ਕਿਸਾਨ ਇਸ ਦੀ ਭੇਂਟ ਚੜ੍ਹ ਚੁੱਕੇ ਹਨ। ਲੱਖਾਂ ਹੀ ਕਿਸਾਨਾਂ ਨੇ ਗਣਤੰਤਰ ਦਿਵਸ ਮੌਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਟਰੈਕਟਰਾਂ ਨਾਲ ਲਾ-ਮਿਸਾਲ ਰੋਸ ਮਾਰਚ ਕਰ ਕੇ ਸੰਸਾਰ ਦੇ ਲੋਕਾਂ ਨੂੰ ਦਸਿਆ ਹੈ ਕਿ ਭਾਰਤ ਦੀ ਮੋਦੀ ਸਰਕਾਰ ਜਿਸ ਨੇ ਅਪਣਾ ਖ਼ਾਸਾ ਲੋਕਤੰਤਰੀ ਛੱਡ ਕੇ ਤਾਨੇਸ਼ਾਹੀ ਵਾਲਾ ਬਣਾ ਲਿਆ ਹੈ, ਨੇ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੀ ਥਾਂ ਤੇ ਉਨਾਂ ਵਲੋਂ ਲਗਾਏ ਸਿੰਘੂ, ਟਿੱਕਰੀ ਤੇ ਗ਼ਾਜ਼ੀਪੁਰ ਸਰਹੱਦਾਂ ਤੋਂ ਦਿੱਲੀ ਨੂੰ ਜਾਣ ਵਾਲੇ ਰਸਤਿਆਂ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ ਤੇ ਕਿਵੇਂ 26 ਜਨਵਰੀ ਦੀ ਕਿਸਾਨ ਪਰੇਡ ਤੋਂ ਬਾਅਦ ਦੋ ਤਿੰਨ ਦਿਨ ਤਕ ਜਿਸ ਤਰ੍ਹਾਂ ਦਾ ਤਾਂਡਵ ਨਾਚ ਸਰਹੱਦਾਂ ਤੇ ਭਾਜਪਾ ਤੇ ਆਰ.ਐਸ.ਐਸ. ਦੇ ਆਗੂਆਂ ਨੇ ਪੁਲਿਸ ਨਾਲ ਮਿਲੀਭੁਗਤ ਕਰ ਕੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਤੇ ਟੈਂਟਾਂ ਵਿਚ ਅਰਾਮ ਕਰ ਰਹੇ ਕਿਸਾਨਾਂ ਸਮੇਤ ਔਰਤਾਂ ਦੀ ਮਾਰਕੁੱਟ ਕੀਤੀ ਹੈ।
ਦਿੱਲੀ ਪੁਲਿਸ ਤੇ ਭਾਜਪਾ ਦੇ ਲੱਠਮਾਰਾਂ ਨੇ ਜਿਸ ਤਰ੍ਹਾਂ ਅੰਦੋਲਨਕਾਰੀਆਂ ਤੇ ਅਣਮਨੁੱਖੀ ਤਸ਼ਦੱਦ ਕੀਤਾ, ਉਸ ਨੂੰ ਵੇਖ ਕੇ ਇੰਜ ਲਗਦਾ ਹੈ ਕਿ ਸਰਕਾਰ ਹੁਣ ਅਪਣੀ ਪੂਰੀ ਮਨਮਾਨੀ ਉਤੇ ਆਈ ਹੋਈ ਹੈ। ਇਥੇ ਹੀ ਬਸ ਨਹੀਂ ਸਰਕਾਰ ਵਲੋਂ ਕਿਸਾਨ ਰੋਕਣ ਲਈ ਹੁਣ ਸੜਕਾਂ ਉਤੇ 7 ਤੋਂ 15 ਪਿੱਲਰਾਂ ਤਕ ਨੂੰ ਇਕੱਠੇ ਕਰ ਕੇ ਉਨ੍ਹਾਂ ਵਿਚ ਸਰੀਏ ਦਾ ਜਾਲ ਪਾ ਕੇ ਕੰਕਰੀਟ ਦੀਆਂ ਕੰਧਾਂ ਉਸਾਰੀਆਂ ਗਈਆਂ ਹਨ ਤੇ ਸੜਕੀ ਮਾਰਗਾਂ ਤੇ ਵੱਡੇ-ਵੱਡੇ ਨੋਕਾਂ ਵਾਲੇ ਕਿੱਲ ਲਗਾਏ ਗਏ ਹਨ। ਇਹੀ ਨਹੀਂ ਬਲਕਿ ਦੇਸ਼ ਦੀਆਂ ਸਰਹੱਦਾਂ ਤੇ ਲਗਾਉਣ ਵਾਲੀ ਮਨੁੱਖ ਮਾਰੂ ਅਤਿ ਭਿਆਨਕ ਕੰਡਿਆਲੀ ਤਾਰ ਦਾ ਜਾਲ ਲਗਾ ਕੇ ਪੱਕੇ ਪ੍ਰਬੰਧ ਕੀਤੇ ਗਏ ਹਨ ਜਿਵੇਂ ਇਹ ਕਿਸਾਨ ਨਾ ਹੋ ਕੇ ਕਿਸੇ ਹੋਰ ਦੇਸ਼ ਦੀ ਫ਼ੌਜ ਹੋਣ।
ਇਹ ਵੀ ਪਤਾ ਲੱਗਾ ਹੈ ਕਿ ਦਿੱਲੀ ਆਉਣ ਵਾਲੇ ਇਨ੍ਹਾਂ ਬਾਰਡਰਾਂ ਦੇ ਨਾਲ ਵਾਲੇ ਹੋਰ ਰਸਤਿਆਂ ਦੇ ਆਲੇ ਦੁਆਲੇ ਡੁੰਘੀਆਂ ਖਾਈਆਂ ਪੁੱਟੀਆਂ ਗਈਆਂ ਹਨ ਤਾਕਿ ਇਨ੍ਹਾਂ ਰਸਤਿਆਂ ਤੋਂ ਕਿਸਾਨ ਤਾਂ ਕੀ ਦਿੱਲੀ ਕੰਮ ਕਾਜ ਉਤੇ ਜਾਣ ਵਾਲੇ ਇਸ ਇਲਾਕੇ ਦੇ ਲੋਕ ਵੀ ਪ੍ਰੇਸ਼ਾਨ ਹੋਣ। ਹੁਣ ਦਿੱਲੀ ਵਾਸੀਆਂ ਨੂੰ ਵੱਡੇ ਜੋਖਮ ਝੱਲ ਕੇ ਉਜਾੜ ਜੰਗਲੀ ਰਸਤੇ ਰਾਹੀਂ ਦਿੱਲੀ ਜਾਣਾ ਪੈ ਰਿਹਾ ਹੈ ਤਾਕਿ ਤੰਗ ਹੋ ਕੇ ਲੋਕ ਕਿਸਾਨਾਂ ਦਾ ਸਾਥ ਛੱਡ ਦੇਣ। ਸਰਕਾਰ ਇਨ੍ਹਾਂ ਹਰਕਤਾਂ ਨਾਲ ਕਿਸਾਨਾਂ ਤੇ ਆਮ ਲੋਕਾਂ ਵਿਚਕਾਰ ਨਫ਼ਰਤ ਦੇ ਬੀਜ ਪਾ ਰਹੀ ਹੈ।
ਇਹ ਸੱਭ ਕੁੱਝ ਕਰ ਕੇ ਆਖ਼ਰ ਮੋਦੀ ਸਰਕਾਰ ਵਿਸ਼ਵ ਦੇ ਲੋਕਾਂ ਨੂੰ ਕੀ ਦਸਣਾ ਚਾਹੁੰਦੀ ਹੈ? ਇਨ੍ਹਾਂ ਹੋਛੀਆਂ ਹਰਕੱਤਾਂ ਨੇ ਵਿਸ਼ਵ ਭਰ ਵਿਚ ਜਿਥੇ ਭਾਰਤ ਸਰਕਾਰ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਛਡਿਆ, ਉਥੇ ਹੁਣ ਸਾਡੇ ਸੱਭ ਤੋਂ ਵੱਡੇ ਲੋਕਤੰਤਰੀ ਦੇਸ਼ ਉਤੇ ਵੀ ਸਵਾਲ ਉਠ ਰਹੇ ਹਨ। ਉਥੋਂ ਦੇ ਲੋਕ ਆਖ ਰਹੇ ਹਨ ਕਿ ਇਹ ਕਿਵੇਂ ਦਾ ਲੋਕਤੰਤਰੀ ਦੇਸ਼ ਹੈ ਜਿਥੋਂ ਦੀ ਸਰਕਾਰ ਅਪਣੇ ਲੋਕਾਂ ਪ੍ਰਤੀ ਜ਼ਰਾ ਜਿੰਨੀ ਵੀ ਹਮਦਰਦੀ ਤੇ ਇਨਸਾਨੀਅਤ ਦੀ ਝਲਕ ਨਹੀਂ ਵਿਖਾ ਰਹੀ? ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੀ ਅਪਣੇ ਪੁਰਾਣੇ ਮਿੱਤਰ ਡੋਨਾਲਡ ਟਰੰਪ ਜਿਨ੍ਹਾਂ ਨੂੰ ਅਮਰੀਕਾ ਦੇ ਲੋਕਾਂ ਨੇ ਬੜੀ ਬੁਰੀ ਤਰ੍ਹਾਂ ਕੱੁਝ ਸਮਾਂ ਪਹਿਲਾਂ ਰਾਸ਼ਟਰਪਤੀ ਦੀ ਗੱਦੀ ਤੋਂ ਲਾਹ ਸੁਟਿਆ ਸੀ ਤੇ ਹੁਣ ਉਨ੍ਹਾਂ ਨੂੰ ਮਹਾਂਦੋਸ਼ ਵਰਗੇ ਕਈ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਿਲਕੁਲ ਉਸੇ ਰਾਹ ਉਤੇ ਚੱਲ ਰਹੀ ਹੈ।
ਸੋਚਣਾ ਬਣਦਾ ਹੈ ਕਿ ਸਾਡੀ ਸਰਕਾਰ ਕੋਲ ਆਮ ਲੋਕਾਂ ਦੀਆਂ ਸਹੂਲਤਾਂ ਲਈ ਤਾਂ ਪੈਸੇ ਨਹੀਂ ਪਰ ਅੰਦੋਲਨ ਕਰ ਰਹੇ ਕਿਸਾਨਾਂ ਦਾ ਰਾਹ ਰੋਕਣ ਲਈ ਪੈਸਾ ਪਾਣੀ ਵਾਂਗ ਵਹਾ ਰਹੀ ਹੈ। ਇਨ੍ਹਾਂ ਸਾਰੀਆਂ ਕਾਰਵਾਈਆਂ ਤੋਂ ਸਰਕਾਰ ਦੀ ਦੁਨੀਆਂ ਭਰ ਵਿਚ ਵੱਡੀ ਬਦਨਾਮੀ ਹੋ ਰਹੀ ਹੈ। ਹੁਣ ਸਰਕਾਰ ਦਾ ਅੰਤਰਰਾਸ਼ਟਰੀ ਪੱਧਰ ਤੇ ਜ਼ੋਰਦਾਰ ਭੰਡੀ ਪ੍ਰਚਾਰ ਹੋਣ ਉਪਰੰਤ ਸਰਹੱਦ ਉਤੇ ਲਗਾਈਆਂ ਕਿੱਲਾਂ ਨੂੰ ਪੁੱਟਣ ਦਾ ਕੰਮ ਮਜਬੂਰੀ ਵੱਸ ਕਰਨਾ ਪੈ ਰਿਹਾ ਹੈ। ਸਰਕਾਰ ਕੋਲ ਲੋਕਾਂ ਦੀਆਂ ਸਹੂਲਤਾਂ ਲਈ ਕਦੇ ਪੈਸਾ ਨਹੀਂ ਹੁੰਦਾ ਪਰ ਅਜਾਈਂ ਉਜਾੜਨ ਲਈ ਬਥੇਰਾ ਧੰਨ ਹੈ। ਕਦੇ ਬਿਨਾ ਸੋਚੇ ਕੰਮ ਕਰਵਾਉਣ ਤੇ ਪੈਸਾ ਬਰਬਾਦ ਕਰਦੀ ਹੈ ਫਿਰ ਬਦਨਾਮੀ ਹੋਣ ਤੇ ਉਹ ਕਰਾਏ ਗ਼ਲਤ ਕੰਮ ਨੂੰ ਹਟਾਉਣ ਲਈ ਵੀ ਪੈਸਾ ਬਰਬਾਦ ਕਰ ਰਹੀ ਹੈ। ਇਹ ਅਜਾਈਂ ਉਜੜਦਾ ਪੈਸਾ ਸਰਕਾਰ ਦਾ ਨਹੀਂ ਹੈ ਬਲਕਿ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਹੈ ਜਿਸ ਨੂੰ ਮੋਦੀ ਸਰਕਾਰ ਬਿਨ ਮਤਲਬ ਤੋਂ ਉਜਾੜਦੀ ਫਿਰ ਰਹੀ ਹੈ। ਸਰਕਾਰ ਨੂੰ ਇਹ ਕਿਉਂ ਨਹੀਂ ਸਮਝ ਆ ਰਹੀ ਕਿ ਹੁਣ ਤਕ ਦੁਨੀਆਂ, ਦੀ ਕੋਈ ਵੀ ਸਰਕਾਰ ਲੋਕਾਂ ਦੇ ਹੜ੍ਹ ਅੱਗੇ ਨਹੀਂ ਟਿੱਕ ਸਕੀ।
ਹੁਣ ਤਾਂ ਹਰਿਆਣੇ ਵਿਖੇ ਹੋਈ ਖਾਪ ਪੰਚਾਇਤ ਵਿਚ ਰਾਕੇਸ਼ ਟਿਕੈਤ ਨੇ ਇਹ ਵੀ ਐਲਾਨ ਕਰ ਦਿਤਾ ਹੈ ਕਿ ਕਿਸਾਨਾਂ ਦਾ ਅਗਲਾ ਨਿਸ਼ਾਨਾ ਦਿੱਲੀ ਜਾਣਾ ਨਹੀਂ ‘ਗੱਦੀ’ ਵਲ ਵੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਹੁਣ ਦਿੱਲੀ ਜਾਣ ਦੀ ਥਾਂ ਤੇ ਸਮੁੱਚੇ ਦੇਸ਼ ਵਿਚ ਜਾਣਗੇ। ਇਹ ਲਫ਼ਜ ਅਪਣੇ ਆਪ ਵਿਚ ਸਰਕਾਰ ਨੂੰ ਇਕ ਬਹੁਤ ਵੱੱਡਾ ਸੰਕੇਤ ਦੇ ਰਹੇ ਹਨ। ਮੋਦੀ ਸਰਕਾਰ ਹਕੀਕਤ ਵਿਚ ਇਸ ਅੰਦੋਲਨ ਤੋਂ ਪੂਰੀ ਤਰ੍ਹਾਂ ਘਬਰਾਈ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਸੰਸਦ ਮੈਂਬਰਾਂ ਵਿਚ ਵੱਡੀ ਘਬਰਾਹਟ ਪੈਣੀ ਵੀ ਸ਼ੁਰੂ ਹੋ ਗਈ ਹੈ। ਉਹ ਕਹਿ ਰਹੇ ਨੇ ਕਿ ਮੋਦੀ ਤੇ ਸ਼ਾਹ ਤਾਂ ਅਪਣੇ ਇਲਾਕਿਆਂ ਵਿਚੋਂ ਜਿੱਤ ਜਾਣਗੇ ਪਰ ਉਨ੍ਹਾਂ ਦੇ ਉੱਤਰ ਪਰਦੇਸ਼ ਵਿਚ ਲਗਭਗ 40 ਸੀਟਾਂ ਵਾਲੇ ਉਹ ਇਲਾਕੇ ਹਨ, ਜਿਨ੍ਹਾਂ ਵਿਚ ਕਿਸਾਨਾਂ ਦੀਆਂ ਵੋਟਾਂ 50% ਤੋਂ 60% ਤਕ ਹਨ, ਉਹ ਅਪਣੇ ਹਲਕੇ ਵਿਚ ਕਿਵੇਂ ਜਿੱਤਣਗੇ?
ਸਰਕਾਰ ਨੂੁੰ ਇਹ ਵੀ ਡਰ ਪੈ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਸੰਸਦ ਵਿਚ ਵੋਟਿੰਗ ਕਰਵਾਉਣ ਲਈ ਮਜਬੂਰ ਹੋਣਾ ਪਿਆ ਤਾਂ ਭਾਜਪਾ ਦੇ ਬਹੁਤ ਸਾਰੇ ਸੰਸਦ ਮੈਂਬਰਾਂ ਦੀ ਕਰਾਸ ਵੋਟਿੰਗ ਹੋ ਜਾਣੀ ਵੀ ਸੰਭਵ ਹੈ। ਇਸ ਸੂਰਤ ਵਿਚ ਭਾਜਪਾ ਸਰਕਾਰ ਤੇ ਕਿਹੜੇ ਭਾਅ ਦੀ ਬਣੇਗੀ? ਇਸੇ ਵਿਚੋਂ ਉਪਜੇ ਡਰ ਕਾਰਨ ਕਿਸਾਨਾਂ ਦੇ ਸੰਘਰਸ਼ ਨੂੰ ਸਖ਼ਤੀ ਨਾਲ ਦਬਾਉਣ ਲਈ ਬਹੁਤ ਸਾਰੇ ਪੱਤਰਕਾਰਾਂ ਤੇ ਵੱਡੀ ਗਿਣਤੀ ਵਿਚ ਨੌਜੁਆਨਾਂ ਤੇ ਪੁਲਿਸ ਵਲੋਂ ਝੂਠੇ ਮੁਕਦਮੇ ਦਰਜ ਕੀਤੇ ਗਏ ਹਨ, ਤੇ ਅੱਗੋਂ ਹੋਰ ਕੀਤੇ ਵੀ ਜਾ ਰਹੇ ਹਨ। ਸਰਕਾਰ ਵਲੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਿੰਘੂ, ਗਾਜ਼ੀਪੁਰ, ਟਿੱਕਰੀ ਸਰਹੱਦਾਂ ਤੇ ਪਾਣੀ, ਬਿਜਲੀ, ਟਾਇਲਟ ਦੀਆਂ ਸਹੂਲਤਾਂ ਤੋਂ ਬਿਨਾ ਇੰਟਰਨੈੱਟ, ਇੰਸਟਾਗ੍ਰਾਮ, ਟਵਿੱਟਰ ਤਕ ਨੂੰ ਬੰਦ ਕਰਨਾ ਇਹ ਸਾਬਤ ਕਰ ਰਿਹਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਘਬਰਾ ਕੇ ਹੋਛੀਆਂ ਹਰਕਤਾਂ ਤੇ ਉੱਤਰ ਆਈ ਹੈ ਕਿ ਉਸ ਨੇ ਲੋਕਾਂ ਨੂੰ ਦੇਣ ਵਾਲੀਆਂ ਜ਼ਰੂਰੀ ਸਹੂਲਤਾਂ ਖੋਹ ਕੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਦੇ ਨਾਲ ਸੰਵਿਧਾਨ ਦੀ ਉਲੰਘਣਾ ਵੀ ਕਰ ਰਹੀ ਹੈ।
ਇਹ ਵੀ ਚਰਚਾ ਹੈ ਕਿ ਕਿਸਾਨਾਂ ਦੇ ਤਿੰਨੋ ਬਾਰਡਰਾਂ ਦੀ ਸ਼ਾਹੀਨ ਬਾਗ਼ ਦੀ ਤਰਜ਼ ਤੇ ਘੇਰਾਬੰਦੀ ਕੀਤੀ ਜਾ ਰਹੀ ਹੈ ਤਾਕਿ ਕਿਸਾਨ ਫਿਰ ਭਾਵੇਂ ਜਿੰਨਾ ਚਿਰ ਮਰਜ਼ੀ ਉਥੇ ਬੈਠੇ ਰਹਿਣ, ਸਰਕਾਰ ਦੇ ਸਿਰ ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਨਾਲ ਸਰਕਾਰ ਦਾ ਇਹ ਮੰਤਵ ਵੀ ਪਤਾ ਲੱਗ ਰਿਹਾ ਹੈ ਕਿ ਇਸ ਘੇਰਾਬੰਦੀ ਨਾਲ ਕਿਸਾਨਾਂ ਨੂੰ ਪੂਰੀ ਤਰ੍ਹਾਂ ਜਕੜ ਲਿਆ ਜਾਵੇ। ਉਨ੍ਹਾਂ ਦੇ ਖਾਣ, ਪੀਣ ਤੇ ਲੰਗਰ ਦਾ ਸਾਰਾ ਸਮਾਨ ਆਉਣਾ ਬਾਰਡਰਾਂ ਤੇ ਮੁਕੰਮਲ ਤੌਰ ਤੇ ਰੋਕ ਦਿਤਾ ਜਾਵੇ ਤਾਕਿ ਇਸ ਅੰਦੋਲਨ ਵਿਚ ਭਾਗ ਲੈਣ ਵਾਲੇ ਕਿਸਾਨ ਭੁੱਖੇ ਪਿਆਸੇ ਤੰਗ ਹੋ ਕੇ ਹੌਲੀ-ਹੌਲੀ ਘਰਾਂ ਵਲ ਪਰਤ ਜਾਣ ਤੇ ਇਹ ਜਦੋ ਜਹਿਦ ਦਮ ਤੋੜ ਜਾਵੇਗੀ। ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਕਿਸਾਨਾਂ ਵਿਰੁਧ ‘ਕੰਗਨਾ ਰਣੌਤ’ ਤੇ ਬਾਲੀਵੁੱਡ ਦੇ ਕਈ ਸਿਤਾਰੇ ਭਾਜਪਾ ਦੇ ਇਸ਼ਾਰੇ ਤੇ ਅਬਾ ਤਬਾ ਸ਼ਬਦ ਲਾਲਚਵੱਸ ਹੋ ਕੇ ਬੋਲ ਰਹੇ ਹਨ ਕਿ ਸ਼ਾਇਦ ਭਾਜਪਾ ਵਲੋਂ ਵਿਧਾਨ ਸਭਾ, ਰਾਜ ਸਭਾ, ਲੋਕ ਸਭਾ ਦੀ ਸੀਟ ਜਾਂ ਕੋਈ ਹੋਰ ਅਹੁਦੇ ਦੇ ਟੁੱਕਰ ਹੀ ਮਿਲ ਜਾਣ। ਹੁਣ ਇਕ ਹੋਰ ਬਜ਼ੁਰਗ ਸਿੰਗਰ ਲਤਾ ਮੰਗੇਸ਼ਕਰ ਨੇ ਵੀ ਕਿਸਾਨਾਂ ਵਿਰੁਧ ਮੂੰਹ ਖੋਲ੍ਹ ਕੇ ਅਪਣੇ ਵਕਾਰ ਨੂੰ ਅੰਤਲੇ ਸਮੇਂ ਤੇ ਧੱਬਾ ਲਗਵਾ ਲਿਆ ਹੈ।
ਜਦੋਂ ਕਿ ਸਾਰੇ ਸੰਸਾਰ ਵਿਚ ਕਿਸਾਨਾਂ ਦੇ ਸੰਘਰਸ਼ ਦੀ ਬੜੀ ਹਮਾਇਤ ਕੀਤੀ ਜਾ ਰਹੀ ਹੈ ਤੇ ਭਾਰਤ ਦੀ ਭਾਜਪਾ ਸਰਕਾਰ ਦੀ ਰੱਜ ਕੇ ਨਿੰਦਾ ਵੀ ਹੋ ਰਹੀ ਹੈ। ਵਿਸ਼ਵ ਦੇ ਸੱਭ ਤੋਂ ਮਹੱਤਵ ਪੂਰਨ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੇ ਬੁਲਾਰੇ, ਅਮਰੀਕਾ ਦੇ ਸੱਭ ਤੋਂ ਵੱਡੇ ਤੇ ਲੋਕਾਂ ਦੇ ਹਰਮਨ ਪਿਆਰੇ ਚੈਨਲ ਸੀ. ਐਨ. ਐਨ.ਦੇ ਚੀਫ਼ ਐਗਜ਼ੀਕਿਉਟਿਵ ਟੈੱਡ ਟਰਨਰ, ਸਵੀਡਨ ਮੂਲ ਦੀ ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਗ੍ਰੇਟਰ ਥੈਨਬਰਗ, ਅਮਰੀਕਾ ਦੀ ਪੋਪ ਸਟਾਰ ਰਿਹਾਨਾ ਜਿਸ ਦੇ ਦੱਸ ਕਰੋੜ ਤੋਂ ਵੀ ਵੱਧ ਫਾਲੋਅਰਜ਼ ਹਨ, ਹਾਲੀਵੁਡ, ਬਾਲੀਵੁਡ ਦੇ ਕਈ ਸਿਤਾਰੇ ਤੇ ਅਮਰੀਕਾ ਦੇ ਹੀ ਕਈ ਮੁੱਖ ਮੰਤਰੀ ਅਹੁਦੇ ਦੇ ਬਰਾਬਰ ਦੇ ਰਾਜਨੀਤਕ ਆਗੂਆਂ, ਅਮਰੀਕਾ ਦੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ, ਭਾਰਤ ਦੇ ਪ੍ਰਧਾਨ ਮੰਤਰੀ ਦੇ ਸਕੇੇ ਭਰਾ ਪਹਿਰਲਾਦ ਮੋਦੀ, ਭਾਜਪਾ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਨੇ ਵੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਸਰਕਾਰ ਦੇ ਹੱਠੀ ਰਵਈਏ ਦੀ ਨਿੰਦਾ ਕੀਤੀ ਹੈ।
ਇਨ੍ਹਾਂ ਸੱਭ ਹਸਤੀਆਂ ਨੇ ਭਾਰਤ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਕਿਸਾਨਾਂ ਦੇ ਮਸਲੇ ਦਾ ਨਿਪਟਾਰਾ ਕਰਨ। ਪਰ ਸਾਡੇ ਦੇਸ਼ ਦੇ ਅੰਧ ਭਗਤਾਂ ਨੇ ਇਕੋ ਇਕ ਇਹ ਰੱਟ ਲਗਾਈ ਹੋਈ ਹੈ ਕਿ ਉਹ ਭਾਰਤ ਦੇ ਅੰਦਰੂਨੀ ਮਸਲਿਆਂ ਵਿਚ ਦਖ਼ਲਅੰਦਾਜ਼ੀ ਨਾ ਕਰਨ। ਇਨ੍ਹਾਂ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਇਹ ਲੋਕ ਉਦੋਂ ਕਿਥੇ ਗਏ ਸਨ, ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਕ ਵਿਚ ਮੋਦੀ-ਮੋਦੀ ਸਮਾਗਮ ਵਿਚ ਬੜੀ ਉੱਚੀ ਸੁਰ ਵਿਚ ਰਾਗ ਅਲਾਪ ਰਹੇ ਸਨ ਕਿ ‘ਇਸ ਵਾਰ ਟਰੰਪ ਸਰਕਾਰ’। ਇਸੇ ਤਰ੍ਹਾਂ ਆਖ ਕੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਸਿੱਧਾ ਦਖ਼ਲ ਦੇ ਰਹੇ ਸਨ? ਇਨ੍ਹਾਂ ਸਾਰੀਆਂ ਘਟਨਾਵਾਂ ਨਾਲ ਦੇਸ਼ ਦੀ ਭਾਜਪਾ ਸਰਕਾਰ ਦਾ ਵਕਾਰ ਬਹੁਤ ਬੁਰੀ ਤਰ੍ਹਾਂ ਡਿੱਗ ਰਿਹਾ ਹੈ। ਇਸ ਦੇ ਬਾਵਜੂਦ ਜੇਕਰ ਸਰਕਾਰ ਕਿਸਾਨਾਂ ਦੇ ਮਸਲੇ ਦਾ ਨਿਪਟਾਰਾ ਨਾ ਕਰੇ ਤਾਂ ਕੀ ਇਹ ਅਪਣੀ ਹੂੜ੍ਹਮਤੀ ਦਾ ਪ੍ਰਗਟਾਵਾ ਹੀ ਨਹੀਂ ਕਰ ਰਹੀ? ਸਰਕਾਰ ਦੀ ਭਲਾਈ ਇਸੇ ਵਿਚ ਹੀ ਹੈ ਕਿ ਉਹ ਅਪਣੀ ਹੱਠ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤੇ ਕਾਲੇ ਕਾਨੂੰਨ ਰੱਦ ਕਰੇ।
ਜੰਗ ਸਿੰਘ,ਸੰਪਰਕ : +1-415-450-5161