
ਪੰਦਰਾਂ ਸਾਲਾਂ ਦੀ ਨੌਕਰੀ ਅਤੇ ਉਸ ਤੋਂ ਪਹਿਲਾਂ ਅੱਠ ਕੁ ਸਾਲ ਦੀ ਵਕਾਲਤ ਦੌਰਾਨ ਜਹਾਜ਼ ਉਤੇ ਸਫ਼ਰ ਕਰਨ ਦਾ ਤਾਂ ਸਿਰਫ਼ ਸੁਪਨਾ ਹੀ ਰਿਹਾ। ਪਰ ਦਿੱਲੀ ਵਾਲੀ ਨੌਕਰੀ ਜੁਆਇਨ...
ਪੰਦਰਾਂ ਸਾਲਾਂ ਦੀ ਨੌਕਰੀ ਅਤੇ ਉਸ ਤੋਂ ਪਹਿਲਾਂ ਅੱਠ ਕੁ ਸਾਲ ਦੀ ਵਕਾਲਤ ਦੌਰਾਨ ਜਹਾਜ਼ ਉਤੇ ਸਫ਼ਰ ਕਰਨ ਦਾ ਤਾਂ ਸਿਰਫ਼ ਸੁਪਨਾ ਹੀ ਰਿਹਾ। ਪਰ ਦਿੱਲੀ ਵਾਲੀ ਨੌਕਰੀ ਜੁਆਇਨ ਕਰਦਿਆਂ ਹੀ ਤੀਜੇ ਦਿਨ ਅੰਮ੍ਰਿਤਸਰ ਤੋਂ ਦਿੱਲੀ ਜਹਾਜ਼ ਵਿਚ ਜਾਣ ਦਾ ਮੌਕਾ ਮਿਲ ਗਿਆ। ਉਸ ਤੋਂ ਦੋ ਦਿਨ ਬਾਅਦ ਮੁੰਬਈ ਫਿਰ ਕੁੱਝ ਦਿਨਾਂ ਬਾਅਦ ਅਹਿਮਦਨਗਰ ਅਤੇ ਫਿਰ ਪਤਾ ਨਹੀਂ ਕਿੱਥੇ ਕਿੱਥੇ।
ਹੁਣ ਤਾਂ ਜਹਾਜ਼ ਵਿਚ ਵਿਦੇਸ਼ ਯਾਤਰਾ ਵੀ ਕਰ ਲਈ। ਪਰ ਜਿਸ ਦਿਨ ਪਹਿਲੀ ਵਾਰ ਜਹਾਜ਼ ਵਿਚ ਬੈਠਿਆ ਤਾਂ ਉਹ ਦਿਨ ਯਾਦ ਕਰ ਕੇ ਅੱਜ ਵੀ ਯਕੀਨ ਨਹੀਂ ਹੁੰਦਾ ਕਿ ਮੈਂ ਉਹੀ ਹਾਂ ਜੋ ਇਕ ਸਾਈਕਲ ਲਈ ਤਰਸਦਾ ਰਿਹਾ ਅਤੇ ਜਦ ਸਾਈਕਲ ਮਿਲਿਆ ਵੀ ਤਾਂ ਉਹ ਵੀ ਕੁੱਝ ਕੁ ਮਹੀਨੇ ਚਲਾਉਣਾ ਹੀ ਨਸੀਬ ਹੋਇਆ।
ਪ੍ਰਾਇਮਰੀ ਸਕੂਲ ਸਾਡੇ ਘਰ ਦੇ ਬਿਲਕੁਲ ਸਾਹਮਣੇ ਸੀ ਇਸ ਕਰ ਕੇ ਕੋਈ ਮੁਸ਼ਕਲ ਨਹੀਂ ਸੀ ਪਰ ਪੰਜਵੀਂ ਤੋਂ ਬਾਅਦ ਹਾਇਰ ਸੈਕੰਡਰੀ ਸਕੂਲ ਚਲਾ ਗਿਆ ਜੋ ਘਰ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੂਰ ਸੀ।
ਸ਼ਾਮ ਨੂੰ ਸਕੂਲੋਂ ਘਰ ਮੁੜਨਾ, ਲੱਤਾਂ ਥੱਕ ਕੇ ਚੂਰ ਹੋ ਜਾਂਦੀਆਂ। ਗਰਮੀਆਂ ਵਿਚ ਤਾਂ ਹੋਰ ਵੀ ਬੁਰਾ ਹਾਲ ਹੋ ਜਾਂਦਾ। ਘਰਦਿਆਂ ਦੇ ਤਰਲੇ ਕਢਦਾ ਕਿ ਮੈਨੂੰ ਸਾਈਕਲ ਲੈ ਕੇ ਦਿਉ, ਦੂਰ ਜਾਣਾ ਬਹੁਤ ਔਖਾ ਲਗਦਾ ਹੈ, ਪਰ ਮੇਰੇ ਤਰਲਿਆਂ ਵਲ ਕੋਈ ਧਿਆਨ ਨਾ ਦਿੰਦਾ। ਮੇਰੇ ਨਾਲ ਦੇ ਕਈ ਮੁੰਡੇ ਸਾਈਕਲਾਂ ਤੇ ਸਕੂਲ ਆਉਂਦੇ ਸਨ ਅਤੇ ਅਸੀ ਉਨ੍ਹਾਂ ਨੂੰ ਬੜੀਆਂ ਤਰਸ ਭਰੀਆਂ ਨਜ਼ਰਾਂ ਨਾਲ ਵੇਖਦੇ ਸੀ।
ਬਸ ਇੰਜ ਤਰਸਦੇ-ਤਰਸਦੇ ਹੀ ਦਸਵੀਂ ਪਾਸ ਕਰ ਲਈ। ਉਦੋਂ ਮੈਂ ਸਾਡੇ ਘਰ ਦਾ ਪਹਿਲਾ ਦਸਵੀਂ ਪਾਸ ਬੱਚਾ ਬਣ ਗਿਆ ਸਾਂ। ਸਾਡੇ ਰਿਸ਼ਤੇਦਾਰ, ਮੁਹੱਲੇ ਵਾਲੇ ਸੱਭ ਵਧਾਈਆਂ ਦੇ ਰਹੇ ਸਨ ਅਤੇ ਮੇਰੇ ਮਾਪੇ ਖੀਵੇ ਹੋ ਰਹੇ ਸਨ। ਹੁਣ ਕੁੱਝ ਉਮੀਦ ਬੱਝੀ ਸੀ ਕਿ ਸ਼ਾਇਦ ਮੇਰੀਆਂ ਮਿੰਨਤਾਂ ਨੂੰ ਬੂਰ ਪਵੇ, ਸ਼ਾਇਦ ਮਾਪੇ ਇਸ ਗੱਲੋਂ ਹੀ ਖ਼ੁਸ਼ ਹੋ ਕੇ ਸਾਈਕਲ ਲੈ ਦੇਣ ਕਿ ਮੁੰਡੇ ਨੇ ਸਾਡਾ ਮਾਣ ਵਧਾਇਆ ਹੈ, ਪਰ ਨਾ ਜੀ, ਕਿਸੇ ਨੂੰ ਵੀ ਮੇਰੀ ਮਜਬੂਰੀ ਨਜ਼ਰ ਨਹੀਂ ਸੀ ਆਉਂਦੀ।
ਇੰਜ ਹੀ ਇਕ ਸਾਲ ਹੋਰ ਨਿਕਲ ਗਿਆ ਅਤੇ ਹੁਣ ਦਸਵੀਂ ਤੋਂ ਬਾਅਦ ਉਸੇ ਸਕੂਲ ਵਿਚੋਂ ਹਾਇਰ ਸੈਕੰਡਰੀ ਵੀ ਪਾਸ ਕਰ ਲਈ ਸੀ ਤੇ ਕਾਲਜ ਵਿਚ ਦਾਖ਼ਲਾ ਲੈ ਲਿਆ। ਕਾਲਜ ਘਰ ਦੇ ਨਜ਼ਦੀਕ ਹੀ ਸੀ ਪਰ ਫਿਰ ਵੀ ਪਤਾ ਨਹੀਂ ਬਾਪੂ ਨੂੰ ਕਿਸੇ ਨੇ ਸਮਝਾਇਆ ਕਿ ਹੁਣ ਮੁੰਡਾ ਤੁਰ ਕੇ ਕਾਲਜ ਜਾਂਦਾ ਚੰਗਾ ਨਹੀਂ ਲਗਦਾ ਇਸ ਨੂੰ ਸਾਈਕਲ ਲੈ ਦੇ। ਭਾਵੇਂ ਹੁਣ ਸਾਈਕਲ ਲਈ ਮੇਰੀ ਇੱਛਾ ਮਰ ਚੁੱਕੀ ਸੀ ਪਰ ਇਕ ਦਿਨ ਆਥਣੇ ਜਹੇ ਬਾਪੂ ਕਹਿੰਦਾ ਕਿ 'ਚੱਲ ਬਾਜ਼ਾਰ ਚਲੀਏ ਤੈਨੂੰ ਨਵਾਂ ਸਾਈਕਲ ਲੈ ਕੇ ਦੇਣੈ।' ਤਾਂ ਉਨ੍ਹਾਂ ਦੀ ਗੱਲ ਉਤੇ ਯਕੀਨ ਨਹੀਂ ਸੀ ਹੋ ਰਿਹਾ। ਪਤਾ ਨਹੀਂ ਮਰੀ ਹੋਈ ਇੱਛਾ ਫਿਰ ਕਿਵੇਂ ਜਿਊਂਦੀ ਹੋ ਗਈ।
Mother
ਚਾਈਂ-ਚਾਈਂ ਸਾਈਕਲਾਂ ਵਾਲੀ ਦੁਕਾਨ ਤੇ ਪਹੁੰਚੇ। ਨਵੇਂ ਸਾਈਕਲ ਦਾ ਰੇਟ ਉਦੋਂ ਸਾਢੇ ਕੁ ਤਿੰਨ ਸੌ ਰੁਪਏ ਹੁੰਦਾ ਸੀ ਪਰ ਸਾਡੇ ਘਰ ਤਾਂ ਧੇਲਾ ਵੀ ਨਹੀਂ ਸੀ। ਦੁਕਾਨਦਾਰ ਦੀਆਂ ਮਿੰਨਤਾਂ ਕੀਤੀਆਂ ਤਾਂ ਉਸ ਨੇ ਪੰਜਾਹ ਰੁਪਏ ਅਡਵਾਂਸ ਲੈ ਕੇ ਕਿਸਤਾਂ ਤੇ ਸਾਈਕਲ ਦੇ ਦਿਤਾ। ਮਨ ਬੜਾ ਖ਼ੁਸ਼ ਹੋਇਆ। ਇਹ ਮੇਰੀ ਸੱਭ ਤੋਂ ਵੱਡੀ ਪ੍ਰਾਪਤੀ ਸੀ। ਨਵਾਂ ਸਾਈਕਲ ਲੈ ਕੇ ਮੂੰਹ ਹਨੇਰੇ ਜਹੇ ਘਰ ਪਹੁੰਚੇ। ਮੇਰਾ ਸਾਈਕਲ ਤੋਂ ਪਰੇ ਹੋਣ ਨੂੰ ਦਿਲ ਨਹੀਂ ਸੀ ਕਰ ਰਿਹਾ। ਰਾਤ ਦੀ ਰੋਟੀ ਵੀ ਸਾਈਕਲ ਦੀ ਕਾਠੀ ਉਤੇ ਰੱਖ ਕੇ ਖਾਧੀ।
ਦੂਜੇ ਦਿਨ ਸਵੇਰੇ ਚਿੜੀਆਂ ਦੀ ਪਹਿਲੀ ਆਵਾਜ਼ ਨਾਲ ਹੀ ਉਠ ਖੜੋਤਾ। ਨਾ ਮੂੰਹ ਧੋਤਾ ਨਾ ਚਾਹ ਪੀਤੀ, ਸਾਈਕਲ ਰੇੜ੍ਹਿਆ ਅਤੇ ਬਾਹਰ ਸੜਕ ਤੇ ਆ ਗਿਆ। ਉਸ ਦਿਨ ਮੈਨੂੰ ਕਾਲਜ ਜਾਣਾ ਵੀ ਭੁੱਲ ਗਿਆ ਸੀ। ਦੋ ਤਿੰਨ ਘੰਟੇ ਰੱਜ ਕੇ ਅਪਣੀ ਰੀਝ ਪੂਰੀ ਕੀਤੀ। ਮੇਰੀ ਏਨੇ ਸਾਲਾਂ ਦੀ ਸਾਈਕਲ ਚਲਾਉਣ ਦੀ ਭੁੱਖ ਮਿਟ ਹੀ ਨਹੀਂ ਸੀ ਰਹੀ।
ਹੁਣ ਹਰ ਰੋਜ਼ ਕਾਲਜ ਵੀ ਸਾਈਕਲ ਤੇ ਹੀ ਜਾਣ ਲਗਿਆ। ਇੰਜ ਤਿੰਨ ਕੁ ਮਹੀਨੇ ਲੰਘ ਗਏ। ਇਕ ਦਿਨ ਕਿਸੇ ਕੰਮ ਲਈ ਲੁਧਿਆਣੇ ਜਾਣਾ ਸੀ। ਘਰੋਂ ਬੱਸ ਸਟੈਂਡ ਤਕ ਸਾਈਕਲ ਤੇ ਆ ਗਿਆ। ਸਾਈਕਲ ਬਜਾਏ ਸਾਈਕਲ ਸਟੈਂਡ ਵਿਚ ਖੜਾ ਕਰਨ ਦੇ, ਐਂਵੇ ਪੰਜਾਹ ਪੈਸੇ ਬਚਾਉਣ ਲਈ ਨਗਰ ਕੌਂਸਲ ਦੀ ਚੁੰਗੀ ਉਤੇ ਖੜਾ ਕਰ ਦਿਤਾ। ਮੈਨੂੰ ਲੁਧਿਆਣਿਉਂ ਮੁੜਦਿਆਂ ਕਾਫ਼ੀ ਹਨੇਰਾ ਹੋ ਗਿਆ।
ਬੱਸ ਤੋਂ ਉਤਰ ਕੇ ਜਦ ਚੁੰਗੀ ਉਤੇ ਪਹੁੰਚਿਆ ਤਾਂ ਉਥੇ ਮੇਰਾ ਸਾਈਕਲ ਨਹੀਂ ਸੀ। ਚੁੰਗੀ ਮੁਹਰਰ ਦੀ ਡਿਉੂਟੀ ਵੀ ਬਦਲ ਗਈ ਸੀ, ਨਵੇਂ ਮੁਹਰਰ ਨੂੰ ਪੁਛਿਆ ਤਾਂ ਉਸ ਨੇ ਸਾਈਕਲ ਪ੍ਰਤੀ ਅਨਜਾਣਤਾ ਜ਼ਾਹਰ ਕੀਤੀ। ਮੈਂ ਭੌਂਤਰਿਆਂ ਹੋਇਆ ਸਾਈਕਲ ਏਧਰ-ਉਧਰ ਲਭਦਾ ਰਿਹਾ ਪਰ ਉਹ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ। ਬੜੇ ਦੁਖੀ ਮਨ ਨਾਲ ਘਰਦਿਆਂ ਦੀਆਂ ਝਿੜਕਾਂ ਤੋਂ ਡਰਦਾ-ਡਰਦਾ ਪੈਦਲ ਹੀ ਘਰ ਪਹੁੰਚਿਆ।
ਦਹਿਲੀਜ਼ ਟਪਦਿਆਂ ਹੀ ਮਾਂ ਦੇ ਗੱਲ ਲੱਗ ਉੱਚੀ-ਉੱਚੀ ਰੋਣ ਲੱਗਾ। ਉਹ ਚੁੱਪ ਕਰਾਵੇ ਕਿ ਗੱਲ ਤਾਂ ਦੱਸ ਪਰ ਮੇਰਾ ਰੋਣਾ ਬੰਦ ਨਹੀਂ ਸੀ ਹੋ ਰਿਹਾ। ਰੋਂਦੇ-ਰੋਂਦੇ ਮਾਂ ਨੂੰ ਦਸਿਆ ਕਿ ਮੇਰਾ ਸਾਈਕਲ ਚੋਰੀ ਹੋ ਗਿਐ। ਮਾਂ ਨੇ ਬੜੇ ਹੌਸਲੇ ਨਾਲ ਕਿਹਾ, “ਬਸ ਏਨੀ ਕੁ ਗੱਲ ਲਈ ਰੋਈ ਜਾਣੈ, ਕਮਲਿਆ ਤੂੰ ਤਾਂ ਜਹਾਜ਼ਾਂ ਉਤੇ ਘੁੰਮਣੈ, ਸਾਈਕਲ ਕੀ ਆ ਤੇਰੇ ਲਈ?” ਮਾਂ ਦੀ ਇਹ ਗੱਲ ਬੱਤੀ ਤੇਤੀ ਸਾਲਾਂ ਬਾਅਦ ਜਾ ਕੇ ਪੂਰੀ ਹੋਈ। ਸੱਚੀ ਮਾਂ ਰੱਬ ਦਾ ਦੂਜਾ ਰੂਪ ਹੀ ਹੁੰਦੀ ਹੈ। ਮਾਂ ਤੈਨੂੰ ਸਲਾਮ।