
Raksha Bandhan: ਹਰ ਕੌਮ ਦੇ ਆਪੋ ਅਪਣੇ ਤਿਉਹਾਰ ਹਨ ਅਤੇ ਅਪਣੇ ਤਿਉਹਾਰਾਂ ਨੂੰ ਮਨਾਉਣਾ ਵੀ ਚਾਹੀਦਾ ਹੈ ।
Raksha Bandhan: ਭਾਰਤ ਤਿਉਹਾਰਾਂ ਦਾ ਦੇਸ਼ ਹੈ। ਹਰ ਕੌਮ ਦੇ ਆਪੋ ਅਪਣੇ ਤਿਉਹਾਰ ਹਨ ਅਤੇ ਅਪਣੇ ਤਿਉਹਾਰਾਂ ਨੂੰ ਮਨਾਉਣਾ ਵੀ ਚਾਹੀਦਾ ਹੈ ਪਰ ਕਿਸੇ ਹੋਰ ਕੌਮ ਦੇ ਤਿਉਹਾਰ ਨੂੰ ਅਪਣਾ ਕੇ ਮਨਾਉਣਾ ਗੋਦ ਲਏ ਮਤਰਏ ਪੁੱਤਰ ਵਰਗਾ ਲਗਦਾ ਹੈ। ਮੈਂ ਪਾਠਕਾਂ ਨਾਲ ਰਖੜੀ ਦੇ ਤਿਉਹਾਰ ਬਾਰੇ ਅਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ ਜੋ ਪੰਜਾਬ ਵਿਚ ਵੀ ਸਾਰੇ ਭਾਰਤ ਵਾਂਗ ਅਗੱਸਤ ਦੇ ਮਹੀਨੇ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਪੈਸੇ ਦੀ ਖ਼ੂਬ ਬਰਬਾਦੀ ਹੁੰਦੀ ਹੈ ਕਿਉਂਕਿ ਬਾਜ਼ਾਰ ਵਿਚ ਦੁਕਾਨਾਂ ਵਾਲੇ ਇਸ ਦਿਨ ਭੈਣਾਂ ਦੀ ਰਖਿਆ ਦੇ ਨਾਂ ਤੇ ਇਕ-ਇਕ ਰੁਪਏ ਦੇ ਧਾਗੇ ਨੂੰ ਵੀ 20-25 ਰੁਪਏ ਵਿਚ ਵੇਚਦੇ ਹਨ।
ਇਥੋਂ ਤਕ ਕਿ ਅਮੀਰਾਂ ਦੇ ਚੋਜਾਂ ਨੇ ਇਸ ਰਖੜੀ ਦੀ ਕੀਮਤ ਲੱਖਾਂ ਰੁਪਏ ਤੋਂ ਵੀ ਟਪਾ ਦਿਤੀ ਜਿਸ ਨੂੰ ਵੇਖ ਕੇ ਆਮ ਵਰਗ ਵੀ ਅਪਣੀ ਲੁੱਟ ਕਰਾਉਣ ਤੋਂ ਪਿੱਛੇ ਨਹੀਂ ਰਹਿੰਦਾ ਅਤੇ ਨਾਲ ਹੀ ਇਸ ਦਿਨ ਲੱਖਾਂ ਰੁਪਏ ਦੇ ਹਿਸਾਬ ਨਾਲ ਜ਼ਹਿਰੀਲੀ ਮਠਿਆਈ ਵੀ ਬਾਜ਼ਾਰਾਂ ਵਿਚ ਵਿਕ ਜਾਂਦੀ ਹੈ। ਇਸ ਨਾਲ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੁੰਦਾ ਹੈ ਅਤੇ ਵਪਾਰੀ ਲੋਕਾਂ ਦੀ ਚਾਂਦੀ ਹੋ ਜਾਂਦੀ ਹੈ ਜਦਕਿ ਗ਼ਰੀਬ ਕਿਰਤੀ ਲੋਕ ਅਮੀਰ ਲੋਕਾਂ ਦੀ ਬਣਾਈ ਇਸ ਭੇਡਚਾਲ ਵਿਚ ਫੱਸ ਕੇ ਅਪਣਾ ਆਰਥਕ ਨੁਕਸਾਨ ਕਰਵਾਈ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਰਖੜੀ ਨਾਂ ਦੇ ਤਿਉਹਾਰ ਦਾ ਸਿੱਖ ਧਰਮ ਨਾਲ ਕੋਈ ਵੀ ਸਬੰਧ ਨਹੀਂ ਹੈ ਪਰ ਵਪਾਰੀ ਲੋਕਾਂ ਨੇ ਗੁਰੂ ਨਾਨਕ ਨੂੰ ਭੈਣ ਨਾਨਕੀ ਦੇ ਗੁੱਟ ਤੇ ਰਖੜੀ ਬਨ੍ਹਵਾਉਂਦੇ ਦੀ ਤਸਵੀਰ ਬਣਾ ਕੇ ਸਿੱਖ ਧਰਮ ਨੂੰ ਵੀ ਇਸ ਵਹਿਮੀ ਤਿਉਹਾਰ ਨਾਲ ਜੋੜ ਦਿਤਾ ਹੈ ਕਿਉਂਕਿ ਸਿੱਖ ਧਰਮ ਵਿਚ ਸਾਡੇ ਗੁਰੂਆਂ ਨੇ ਔਰਤ ਨੂੰ ਆਦਮੀ ਤੋਂ ਵੀ ਉੱਪਰ ਦਾ ਦਰਜਾ ਦਿਤਾ ਹੈ।
ਫਿਰ ਉਹ ਅਪਣੇ ਧਰਮ ਦੀਆਂ ਔਰਤਾਂ ਨੂੰ ਐਨਾ ਨਿਰਬਲ ਕਿਵੇਂ ਸਮਝਣਗੇ ਕਿ ਉਨ੍ਹਾਂ ਦੀ ਰਾਖੀ ਸਿਰਫ਼ ਉਨ੍ਹਾਂ ਦੇ ਭਰਾ ਹੀ ਕਰ ਸਕਦੇ ਹੋਣ? ਇਕ ਪਾਸੇ ਸਾਡੇ ਸਮਾਜ ਦਾ ਬੁੱਧੀਜੀਵੀ ਵਰਗ ਚੀਕ ਚੀਕ ਕੇ ਕਹਿ ਰਿਹਾ ਹੈ ਕਿ ਔਰਤ ਕਿਸੇ ਪਾਸੇ ਵੀ ਆਦਮੀ ਨਾਲੋਂ ਘੱਟ ਜਾਂ ਮਾੜੀ ਨਹੀਂ। ਫਿਰ ਇਹ ਤਿਉਹਾਰ ਤਾਂ ਔਰਤ ਨੂੰ ਅਬਲਾ ਹੀ ਦਰਸਾਉਂਦਾ ਹੈ ਕਿਉਂਕਿ ਇਸ ਤਿਉਹਾਰ ਮੁਤਾਬਕ ਉਹ ਅਪਣੀ ਸੁਰੱਖਿਆ ਆਪ ਨਹੀਂ ਕਰ ਸਕਦੀ।
ਜੇ ਕੋਈ ਕਹਿੰਦਾ ਹੈ ਕਿ ਇਹ ਤਾਂ ਭੈਣ ਅਤੇ ਭਰਾ ਦੇ ਪਿਆਰ ਦੀ ਨਿਸ਼ਾਨੀ ਹੈ ਤਾਂ ਉਹ ਇਹ ਕਿਉਂ ਨਹੀਂ ਸਮਝਦਾ ਕਿ ਇਸ ਪਿਆਰ ਦੀ ਵੈਲੀਡਿਟੀ ਇਕ ਸਾਲ ਦੀ ਹੀ ਹੈ ਜੋ ਸਾਲ ਬਾਅਦ ਰੀਚਾਰਜ ਕਰਵਾਉਣੀ ਪੈਂਦੀ ਹੈ। ਇਥੇ ਇਹ ਜ਼ਿਕਰ ਵੀ ਗ਼ਲਤ ਨਹੀਂ ਕਿ ਅਜਕਲ ਜ਼ਮੀਨਾਂ ਦੀ ਕੀਮਤ ਵਧਣ ਕਰ ਕੇ ਭੈਣਾਂ ਅਤੇ ਭਰਾਵਾਂ ਵਿਚਲੇ ਰਿਸ਼ਤੇ ਵਿਚ ਤਰੇੜਾਂ ਆਮ ਹੀ ਆ ਚੁਕੀਆਂ ਹਨ। ਹਰ ਰੋਜ਼ ਕਈ ਭੈਣਾਂ ਅਪਣੇ ਭਰਾਵਾਂ ਤੋਂ ਅਪਣੇ ਹਿੱਸੇ ਦੀ ਜ਼ਮੀਨ ਦੀ ਮੰਗ ਕਰਦੀਆਂ ਹਨ ਅਤੇ ਫਿਰ ਉਨ੍ਹਾਂ ਦੀਆਂ ਨਣਦਾਂ ਅਪਣੇ ਭਰਾਵਾਂ ਤੋਂ ਜ਼ਮੀਨ ਦੀ ਮੰਗ ਕਰਦੀਆਂ ਹਨ ਅਤੇ ਭੈਣ-ਭਰਾ ਇਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ।
ਫਿਰ ਉਥੇ ਰਖੜੀ ਉਨ੍ਹਾਂ ਦਾ ਪਿਆਰ ਕਾਇਮ ਕਿਉਂ ਨਹੀਂ ਰਖਦੀ? ਜਿਹੜੀਆਂ ਭੈਣਾਂ ਅਪਣੇ ਭਰਾਵਾਂ ਤੋਂ ਸੈਂਕੜੇ ਮੀਲ ਦੂਰ ਜਾਂ ਵਿਦੇਸ਼ਾਂ ਵਿਚ ਬੈਠੀਆਂ ਹਨ ਉਨ੍ਹਾਂ ਦੀ ਰਾਖੀ ਕੌਣ ਕਰਦਾ ਹੈ? ਪਾਠਕੋ ਜਿਸ ਪ੍ਰਮਾਤਮਾ ਨੇ ਔਰਤ ਨੂੰ ਇਸ ਸੰਸਾਰ ਵਿਚ ਭੇਜਿਆ ਹੈ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਉਸ ਦੀ ਹੀ ਹੈ। ਫਿਰ ਉਸ ਨੇ ਕਿਸੇ ਇਨਸਾਨ ਤੋਂ ਅਪਣੀ ਰਾਖੀ ਕਿਵੇਂ ਕਰਵਾਉਣੀ ਹੈ? ਅੱਜ ਦਾ ਨੌਜਵਾਨ ਨਸ਼ਿਆਂ ਨੇ ਏਨਾ ਬੇਦਰਦ ਕਰ ਦਿਤਾ ਹੈ ਕਿ ਉਸ ਨੂੰ ਕਿਸੇ ਦੀ ਇੱਜ਼ਤ ਦੀ ਕੋਈ ਪ੍ਰਵਾਹ ਨਹੀਂ ਰਹੀ।
ਇਥੇ ਹਰ ਰੋਜ਼ ਕਈ ਕਈ ਭਰਾਵਾਂ ਦੀਆਂ ਭੈਣਾਂ ਦੀਆਂ ਇਜ਼ਤਾਂ ਨਾਲ ਖੇਡਿਆ ਜਾ ਰਿਹਾ ਹੈ। ਕਈ ਕਈ ਭਰਾਵਾਂ ਦੀਆਂ ਭੈਣਾਂ ਉਪਰ ਤੇਜ਼ਾਬ ਸੁੱਟ ਕੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕੀਤੀ ਜਾ ਰਹੀ ਹੈ ਪਰ ਉਥੇ ਰਖੜੀ ਬਨ੍ਹਵਾ ਕੇ ਵੀ ਭਰਾ ਅਪਣੀਆਂ ਭੈਣਾਂ ਦੀ ਰਾਖੀ ਕਰਨ ਤੋਂ ਅਸਮਰੱਥ ਕਿਉਂ ਰਹਿ ਜਾਂਦੇ ਹਨ? ਕਿਉਂਕਿ ਮਨੁੱਖ ਦੀ ਮਾੜੀ ਸੋਚ ਤੋਂ ਰਖਿਆ ਜਾਂ ਤਾਂ ਪ੍ਰਮਾਤਮਾ ਕਰ ਸਕਦਾ ਹੈ ਜਾਂ ਔਰਤ ਖ਼ੁਦ ਕਿਉਂਕਿ ਅੱਜ ਔਰਤ ਹਰ ਖੇਤਰ ਵਿਚ ਆਦਮੀ ਦੀ ਬਰਾਬਰੀ ਕਰ ਰਹੀ ਹੈ। ਫਿਰ ਇਸ ਫੋਕੀ ਰਾਖੀ ਦੇ ਨਾਂ ਤੇ ਕਰੋੜਾਂ ਰੁਪਏ ਕਿਉਂ ਬਰਬਾਦ ਕੀਤੇ ਜਾ ਰਹੇ ਹਨ?
ਮਾਫ਼ ਕਰਨਾ ਮੈਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ। ਜਿਸ ਧਰਮ ਦਾ ਇਸ ਤਿਉਹਾਰ ਨਾਲ ਸਬੰਧ ਹੈ ਉਨ੍ਹਾਂ ਨੂੰ ਮੁਬਾਰਕ ਹੋਵੇ। ਪਰ ਸਿੱਖ ਧਰਮ ਦੀਆਂ ਬੀਬੀਆਂ ਐਨੀਆਂ ਨਿਤਾਣੀਆਂ ਨਹੀਂ ਹੋਣੀਆਂ ਚਾਹੀਦੀਆਂ ਕਿ ਉਨ੍ਹਾਂ ਨੂੰ ਕਿਸੇ ਤੋਂ ਅਪਣੀ ਰਾਖੀ ਦੀ ਉਮੀਦ ਰਖਣੀ ਪਵੇ। ਇਸ ਲਈ ਉਨ੍ਹਾਂ ਨੂੰ ਸਤਿਕਾਰਯੋਗ ਮਾਤਾ ਗੁਜਰੀ ਜੀ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਅਤੇ ਮਾਤਾ ਭਾਗੋ ਦੇ ਜੀਵਨ ਨੂੰ ਪੜਚੋਲਣਾ ਚਾਹੀਦਾ ਹੈ ਜਿਸ ਨੇ ਗੁਰੂ ਨੂੰ ਬੇਦਾਵਾ ਦੇ ਕੇ ਆਏ ਸਿੰਘਾਂ ਨੂੰ ਲਲਕਾਰ ਕੇ ਮੈਦਾਨ-ਏ-ਜੰਗ ਵਿਚ ਆਪ ਅਗਵਾਈ ਕੀਤੀ ਅਤੇ ਸਿੱਖਾਂ ਦੀਆਂ ਲੜਕੀਆਂ ਨੂੰ ਕਿਸੇ ਤੋਂ ਰਾਖੀ ਦੀ ਆਸ ਛੱਡ ਕੇ ਅਪਣੀ ਅਤੇ ਹੋਰਾਂ ਦੀ ਰਾਖੀ ਕਰਨ ਦੇ ਸਮਰੱਥ ਬਣਾਇਆ।
ਮੈਂ ਸਿੱਖ ਬੀਬੀਆਂ ਨੂੰ ਬੇਨਤੀ ਕਰਾਂਗਾ ਕਿ ਰਖੜੀ ਵਰਗੇ ਫ਼ੋਕਟ ਤਿਉਹਾਰ ਨੂੰ ਅਪਣੀ ਆਰਥਕ ਲੁੱਟ ਦਾ ਕਾਰਨ ਨਾ ਬਣਾਉ ਸਗੋਂ ਅਪਣੀ ਸੋਚ ਬਦਲੋ। ਜਦੋਂ ਤੁਸੀ ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ ਦੀ ਨਾਇਕਾ ਵਾਂਗ ਕਲਗੀਧਰ ਪਾਤਸ਼ਾਹ ਦੀਆਂ ਪੁੱਤਰੀਆਂ ਬਣ ਜਾਉਗੀਆਂ ਤਾਂ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ ਅਤੇ ਤੁਹਾਨੂੰ ਕਿਸੇ ਤੋਂ ਰਾਖੀ ਕਰਵਾਉਣ ਦੀ ਲੋੜ ਨਹੀਂ ਰਹੇਗੀ। ਸਗੋਂ ਤੁਸੀ ਨਿਤਾਣਿਆਂ ਦੀ ਰਾਖੀ ਕਰਨ ਦੇ ਸਮਰੱਥ ਹੋਵੋਗੀਆਂ। ਜੋ ਧਨ ਤੁਸੀ ਇਸ ਤਿਉਹਾਰ ਤੇ ਬਰਬਾਦ ਕਰ ਰਹੇ ਹੋ ਉਸ ਨੂੰ ਕਿਸੇ ਮਾਨਤਵਾ ਦੀ ਭਲਾਈ ਦੇ ਕੰਮ ਵਿਚ ਵਰਤੋ ਤਾਂ ਪ੍ਰਮਾਤਮਾ ਵੀ ਤੁਹਾਡੇ ਉਤੇ ਖ਼ੁਸ਼ ਹੋਵੇਗਾ ਅਤੇ ਖ਼ੁਦ ਰਾਖੀ ਕਰਨ ਦਾ ਬਲ ਵੀ ਬਖਸ਼ੇਗਾ।
ਸੰਪਰਕ : 98727-06651