
ਅੰਮ੍ਰਿਤਸਰ ਦੇ ਦੱਖਣ ਦੇ ਪਾਸੇ ਪਿੰਡ ਮੰਡਿਆਲਾ ਕੋਈ ਪੰਜ ਕੁ ਮੀਲ ਦੀ ਵਿੱਥ ਉਪਰ ਅੱਜ ਵੀ ਸਥਿਤ ਹੈ।
ਮੁਹਾਲੀ: ਅੰਮ੍ਰਿਤਸਰ ਦਾ ਪਾਵਨ ਤੀਰਥ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਚਹੁੰ ਵਰਣਾਂ ਲਈ ਸਾਂਝਾ ਹੈ, ਜਿਥੇ ਕਿਸੇ ਵੀ ਧਰਮ ਨਾਲ ਸਬੰਧ ਰੱਖਣ ਵਾਲਾ ਆਦਮੀ ਮੱਥਾ ਟੇਕ ਸਕਦਾ ਹੈ, ਜਿਥੋਂ ਹਰ ਧਰਮ ਨੂੰ ਸੁਚੱਜੀ ਸੇਧ ਰੱਖਣ ਦੀ ਪ੍ਰੇਰਣਾ ਮਿਲਦੀ ਹੈ। ਸਿੱਖ ਦੋ ਵੇਲੇ ਅਰਦਾਸ ਕਰਦਾ ਹੈ ਤੇ ਇਥੋਂ ਦੇ ਦਰਸ਼ਨ ਦੀਦਾਰੇ ਕਰਨੇ ਮੰਗਦਾ ਹੈ, ਜਿਥੋਂ ਰੂਹਾਂ ਨੂੰ ਸ਼ਾਂਤੀ ਮਿਲਦੀ ਹੈ। ਜਦੋਂ ਕੋਈ ਉਸ ਪਵਿੱਤਰ ਸਥਾਨ ਦੀ ਸ਼ਾਨ ਵਿਰੁਧ ਕੋਈ ਕੰਮ ਕਰੇਗਾ ਤਾਂ ਉਸ ਨੂੰ ਕੌਮ ਕਦੇ ਸਹਾਰ ਨਹੀਂ ਸਕੇਗੀ।
ਗੱਲ ਉਸ ਵੇਲੇ ਦੀ ਹੈ ਜਦੋਂ ਹਿੰਦੁਸਤਾਨ ਦੀ ਮੁਗ਼ਲੀਆ ਹਕੂਮਤ ਸਿੰਘਾਂ ਨੂੰ ਅਪਣੀ ਧੌਂਸ ਨਾਲ ਦਬਾਉਣ ਦੇ ਇਰਾਦੇ ਧਾਰੀ ਬੈਠੀ ਸੀ। ਲਾਹੌਰ ਸ਼ਹਿਰ ਵਿਚ ਬੈਠਾ ਹੋਇਆ ਮੁਗ਼ਲ ਹਕੂਮਤ ਦਾ ਸੂਬੇਦਾਰ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਸੀ ਜਿਹੜਾ ਆਏ ਦਿਨ ਸਿੱਖਾਂ ਨਾਲ ਆਢਾ ਲਗਾਈ ਰਖਦਾ ਸੀ। ਖ਼ਾਨ ਬਹਾਦਰ ਜ਼ਕਰੀਆ ਖ਼ਾਨ ਨੇ 1733 ਈਸਵੀ ਵਿਚ ਪੰਥ ਯਾਰਾਨਾ ਗੰਢਣ ਦੀ ਵਿਉਂਤ ਬਣਾਈ ਸੀ। ਪਰ ਜਦੋਂ ਸਿੰਘਾਂ ਨੇ ਹਕੂਮਤ ਕੋਲੋਂ ਜਗੀਰ ਮਿਲਣ ਦੇ ਬਾਵਜੂਦ ਵੀ ਅਪਣੀ ਅਣਖ ਤੇ ਆਬਰੂ ਕਾਇਮ ਰੱਖੀ ਤਾਂ ਸੂਬੇਦਾਰ ਸਿੰਘਾਂ ਨਾਲ ਖਾਰ ਰੱਖਣ ਲੱਗ ਪਿਆ।
Darbar Sahib
ਦਿਨੋ ਦਿਨ ਸਿੰਘਾਂ ਦੀ ਵਧਦੀ ਤਾਕਤ ਨੇ ਹਕੂਮ ਦੇ ਨੱਕ ਵਿਚ ਦਮ ਕਰ ਦਿਤਾ ਕਿਉਂਕਿ ਹੁਣ ਸਿੰਘ ਲਾਹੌਰ ਦੀਆਂ ਕੰਧਾਂ ਤਕ ਅਪਣੀ ਪੈਂਤੜੇਬਾਜ਼ੀ ਕਰਨ ਲੱਗ ਪਏ ਸਨ। ਜਦੋਂ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਨੂੰ ਅਪਣਾ ਰਾਜ ਸਿੰਘਾਸਨ ਡੋਲਦਾ ਜਾਪਿਆ ਤਾਂ ਉਸ ਨੇ ਕੋਲ ਸੱਦ ਕੇ ਅਪਣੇ ਖ਼ੈਰ-ਖੁਆਹ ਰਾਹੀਂ ਉਨ੍ਹਾਂ ਨਾਲ ਮੀਟਿੰਗ ਕੀਤੀ ਅਤੇ ਸਿੰਘਾਂ ਦੀ ਨਿੱਤ ਵਧਦੀ ਤਾਕਤ ਨੂੰ ਰੋਕਣ ਦਾ ਹੱਲ ਲਭਣਾ ਚਾਹਿਆ। ਸਾਰੇ ਵਜ਼ੀਰਾਂ ਅਤੇ ਜਰਨੈਲਾਂ ਨੇ ਅਪਣੀ-ਅਪਣੀ ਸਲਾਹ ਦਿਤੀ। ਕਿਸੇ ਨੇ ਕੁੱਝ ਆਖਿਆ ਅਤੇ ਕਿਸੇ ਨੇ ਕੁੱਝ। ਕਈ ਸਲਾਹਾਂ ਬਣ-ਬਣ ਕੇ ਢਹਿੰਦੀਆਂ ਰਹੀਆਂ। ਉਨ੍ਹਾਂ ਵਿਚੋਂ ਹੀ ਕਿਸੇ ਨੇ ਸਲਾਹ ਦਿਤੀ ਕਿ ਸਿੱਖ ਹਰਿਮੰਦਰ ਸਾਹਿਬ ਦੇ ਸਰੋਵਰ ਵਿਚੋਂ ਇਸ਼ਨਾਨ ਕਰ ਕੇ ਪੈਦਾ ਹੁੰਦੇ ਹਨ ਤੇ ਇਥੇ ਹੀ ਬੈਠ ਕੇ ਅਪਣੇ ਗੁਰਮਤੇ ਕਰਦੇ ਹਨ। ਆਏ ਦਿਨ ਇਥੇ ਆ ਇਕੱਠੇ ਹੁੰਦੇ ਹਨ। ਇਥੋਂ ਹੀ ਸਾਰੇ ਇਕੱਠੇ ਹੋ ਕੇ ਹਕੂਮਤ ਵਿਰੁਧ ਮਨਸੂਬੇ ਘੜਦੇ ਹਨ। ਇਸ ਕਰ ਕੇ ਸਿੱਖਾਂ ਦੇ ਇਸ ਪਾਵਨ ਅਸਥਾਨ ਹਰਿਮੰਦਰ ਸਾਹਿਬ ਅੰਦਰ ਹਕੂਮਤ ਵਲੋਂ ਫ਼ੌਜੀ ਛਾਉਣੀ ਬਿਠਾ ਦਿਤੀ ਜਾਵੇ ਅਤੇ ਸਿੰਘਾਂ ਦੇ ਅੰਮ੍ਰਿਤਸਰ ਆਉਣ ਉਤੇ ਕਰੜੀ ਨਜ਼ਰ ਰੱਖੀ ਜਾਵੇ ਤੇ ਪੂਰੀ ਸ਼ਖਤੀ ਵਰਤ ਕੇ ਸਰਕਾਰ ਸਿੰਘਾਂ ਦਾ ਹਰਿਮੰਦਰ ਅੰਦਰ ਦਾਖ਼ਲ ਹੋਣਾ ਬੰਦ ਕਰ ਦੇਵੇ। ਅਜੇ ਇਹ ਸਾਰੀ ਯੋਜਨਾ ਬਣ ਹੀ ਰਹੀ ਸੀ ਤੇ ਸੂਬੇਦਾਰ ਲਾਹੌਰ ਇਹ ਸੋਚ ਰਿਹਾ ਸੀ ਕਿ ਕਿਸ ਧੜੱਲੇਦਾਰ ਆਦਮੀ ਨੂੰ ਕਮਾਂਡ ਦੇਵੇ ਜਿਹੜਾ ਅਪਣੀ ਤਾਕਤ ਨਾਲ ਸਿੰਘਾਂ ਨੂੰ ਹਰਿਮੰਦਰ ਸਾਹਿਬ ਅੰਦਰ ਵੜਨੋਂ ਰੋਕ ਸਕੇ ਤਾਂ ਅਚਾਨਕ ਇਕ ਦਿਨ ਮੱਸਾ ਰੰਗੜ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਕੋਲ ਆ ਪਹੁੰਚਾ।
Darbar Sahib
ਅੰਮ੍ਰਿਤਸਰ ਦੇ ਦੱਖਣ ਦੇ ਪਾਸੇ ਪਿੰਡ ਮੰਡਿਆਲਾ ਕੋਈ ਪੰਜ ਕੁ ਮੀਲ ਦੀ ਵਿੱਥ ਉਪਰ ਅੱਜ ਵੀ ਸਥਿਤ ਹੈ। ਮੱਸਾ ਇਸੇ ਪਿੰਡ ਦਾ ਨੰਬਰਦਾਰ ਸੀ। ਚੜ੍ਹਦੀ ਉਮਰ, ਛੈਲ-ਛਬੀਲਾ ਜਵਾਨ, ਉਹ ਪਿੰਡ ਉਪਰ ਚੌਧਰ ਕਰਦਾ ਸੀ। ਸੂਬੇਦਾਰ ਲਾਹੌਰ ਦੀ ਨਿਗਾਹ ਮੱਸੇ ਦੀ ਚੜ੍ਹਦੀ ਜਵਾਨੀ ਅਤੇ ਸੁਡੌਲ ਸ੍ਰੀਰਕ ਉਪਰ ਪਈ ਤਾਂ ਸਹਿਜ ਸੁਭਾਅ ਹੀ ਸੂਬੇਦਾਰ ਨੇ ਅਪਣੇ ਦਿਲ ਅੰਦਰ ਮੱਸੇ ਨੂੰ ਅੰਮ੍ਰਿਤਸਰ ਦਾ ਚੌਧਰੀ ਬਣਾਉਣ ਦਾ ਫ਼ੈਸਲਾ ਕਰ ਲਿਆ। ਅਗਲਾ ਦਿਨ ਚੜਿ੍ਹਆ ਤਾਂ ਜਦੋਂ ਮੱਸਾ ਫਿਰ ਸੂਬੇਦਾਰ ਕੋਲ ਗਿਆ ਤਾਂ ਸੂਬੇਦਾਰ ਖ਼ਾਨ ਬਹਾਦਰ ਨੇ ਉਸ ਨੂੰ ਅਪਣੀ ਦਿਲ ਅੰਦਰਲੀ ਗੱਲ ਦੱਸੀ ਤੇ ਸੂਬੇਦਾਰ ਨੇ ਮੱਸੇ ਨੂੰ ਉਸ ਉਪਰ ਪੈਣ ਵਾਲੀ ਜ਼ਿੰਮੇਵਾਰੀ ਦੀਆਂ ਸੱਭ ਗੱਲਾਂ ਦੱਸੀਆਂ ਤਾਂ ਚੜ੍ਹਦੀ ਉਮਰ ਦਾ ਗੱਭਰੂ ਖ਼ੁਸ਼ੀ ਨਾਲ ਝੂਮ ਉਠਿਆ ਕਿਉਂਕਿ ਅੱਜ ਤਕ ਤਾਂ ਉਹ ਸਿਰਫ਼ ਪਿੰਡ ਵਿਚ ਨੰਬਰਦਾਰ ਸੀ ਤੇ ਅੱਜ ਉਸ ਨੂੰ ਇਲਾਕੇ ਦੀ ਚੌਧਰ ਮਿਲ ਰਹੀ ਸੀ, ਉਹ ਵੀ ਬਿਨਾਂ ਮੰਗਿਆ ਹੀ। ਗਭਰੂ ਮੱਸੇ ਨੂੰ ਇੰਜ ਜਾਪਿਆ ਜਿਵੇਂ ਅੱਜ ਲਾਹੌਰ ਦਾ ਸੂਬੇਦਾਰ ਉਸ ਉਤੇ ਬਹੁਤ ਹੀ ਦਿਆਲ ਹੋ ਗਿਆ ਹੋਵੇ। ਸੂਬੇਦਾਰ ਖ਼ਾਨ ਬਹਾਦਰ ਤੋਂ ਹਰਿਮੰਦਰ ਸਾਹਿਬ ਦੀ ਚੌਧਰ ਦੀ ਸਨਦ ਲੈ ਕੇ ਮੱਸਾ ਅਪਣੇ ਪਿੰਡ ਮੰਡਿਆਲੇ ਆ ਪਹੁੰਚਿਆ ਸੀ। ਇਤਿਹਾਸਕਾਰਾਂ ਮੁਤਾਬਕ ਉਸ ਦਾ ਅਜੇ ਨਵਾਂ-ਨਵਾਂ ਵਿਆਹ ਹੋਇਆ ਸੀ ਅਤੇ ਜਦੋਂ ਉਹ ਲਾਹੌਰ ਤੋਂ ਚੌਧਰੀ ਦਾ ਰੁਤਬਾ ਪਾ ਕੇ ਘਰ ਪੁੱਜਾ ਤਾਂ ਪੂਰੀਆਂ ਖ਼ੁਸ਼ੀਆਂ ਮਨਾਈਆਂ ਗਈਆਂ ਤੇ ਦਰਗਾਹੀਂ ਚੂਰਮੇ ਚੜ੍ਹਾਏ ਗਏ।
ਘਰ ਵਿਚ ਖ਼ੁਸ਼ੀਆਂ ਮਨਾਉਣ ਤੋਂ ਬਾਅਦ ਮੱਸੇ ਨੇ ਅਪਣੀ ਮਿਲੀ ਹੋਈ ਡਿਊਟੀ ਮੁਤਾਬਕ ਅੰਮ੍ਰਿਤਸਰ ਵਲ ਰੁਖ਼ ਕੀਤਾ ਸੀ ਅਤੇ ਉਸ ਨੇ ਅੰਮ੍ਰਿਤਸਰ ਵਿਚ ਹਕੂਮਤੀ ਪਹਿਰਾ ਸਖ਼ਤ ਕਰ ਕੇ ਆਪ ਹਰਿਮੰਦਰ ਸਾਹਿਬ ਅੰਦਰ ਪ੍ਰਕਰਮਾ ਵਿਚ ਛਾਉਣੀ ਪਾ ਕੇ ਬੈਠ ਗਿਆ ਅਤੇ ਕਈ ਤਰ੍ਹਾਂ ਦੇ ਕੁਕਰਮ ਕਰਨ ਲੱਗ ਪਿਆ। ਇਤਿਹਾਸਕਾਰ ਲਿਖਦੇ ਹਨ ਕਿ ਉਹ ਦਰਬਾਰ ਸਾਹਿਬ ਦੇ ਅੰਦਰ ਪਲੰਘ ਡਾਹ ਕੇ ਆਪ ਉਸ ਉਪਰ ਬੈਠਦਾ, ਸ਼ਰਾਬ ਪੀਂਦਾ ਅਤੇ ਦਰਬਾਰ ਦੇ ਅੰਦਰ ਹੀ ਅਪਣੇ ਮੰਨੋਰੰਜਨ ਵਾਸਤੇ ਮੁਜਰਾ ਕਰਵਾਉਂਦਾ। ਜਦ ਉਸ ਨੇ ਉਪੱਦਰਾਂ ਦਾ ਤਾਣਾ ਪੂਰੀ ਤਰ੍ਹਾਂ ਤਾਣ ਲਿਆ ਤਾਂ ਮੌਤ ਰਾਣੀ ਲਾੜੀ ਬਣ ਕੇ ਉਸ ਨਾਲ ਲਾਵਾਂ ਲੈਣ ਲਈ ਉਤਾਵਲੀ ਹੋ ਬੈਠੀ। ਅੰਮ੍ਰਿਤਸਰ ਵਿਚ ਰਹਿੰਦੇ ਇਕ ਗੁਰੂ ਦੇ ਸਿੱਖ ਨੇ ਸਾਰੀ ਦੁਖ ਭਰੀ ਕਹਾਣੀ ਜਾ ਕੇ ਬੀਕਾਨੇਰ ਸਿੰਘਾਂ ਦੇ ਜਥੇ ਨੂੰ ਦੱਸੀ ਕਿਉਂਕਿ ਸਿੰਘ ਉਸੇ ਵੇਲੇ ਹਕੂਮਤ ਦੇ ਕਹਿਰ ਤੋਂ ਬਚਣ ਵਾਸਤੇ ਦੂਰ ਦੁਰਾਡੇ ਇਲਾਕੇ ਵਲ ਗਏ ਹੋਏ ਸਨ। ਤਦ ਹੀ ਕਿਸੇ ਸ਼ਾਇਰ ਨੇ ਸੱਚ ਲਿਖਿਆ ਹੈ :
ਜਦ ਚੜ੍ਹ ਪਿਆ ਸੰਨ ਸੀ ਈਸਵੀ, ਸਤਾਰਾਂ ਸੌ ਅਠੱਤੀ,
ਜਦ ਮੁਗ਼ਲਾਂ ਦੀ ਸਰਕਾਰ ਸੀ, ਹੋ ਗਈ ਕੁਪੱਤੀ,
ਫੜ ਪੂਣੀ ਵਾਂਗ ਹਾਕਮਾਂ, ਜਦ ਬਰਜਾ ਕੱਤੀ,
ਉਦੋਂ ਸ਼ਰਮ ਹਯਾ ਸਰਕਾਰ ਵਿਚ, ਨਾ ਰਹਿ ਗਿਆ ਰੱਤੀ।
ਉਦੋਂ ਰਿਹਾ ਨਾ ਧੱਕੇ ਸ਼ਾਹੀ ਦਾ, ਕੋਈ ਓੜਕ ਬੰਨਾ,
ਦਸ ਦਸ ਕੇ ਸਿੰਘ ਫੜਵਾਂਵਦੇ, ਖ਼ੁਸ਼ ਕਰਨ ਤਮੰਨਾ,
ਕਈ ਮਾਰੇ ਚਰਖੜੀ ਚਾੜੇ੍ਹ, ਦੁਖ ਵੰਨ ਸੁਵੰਨਾ,
ਸਿੰਘ ਲੁਕ ਛਿਪ ਕੇ ਦਿਨ ਕਟਦੇ, ਪਾ ਕੱਚ ਘਟਨਾ,
ਨਾ ਲੱਭੇ ਮੰਜਾ ਬਿਸਤਰਾ, ਨਾ ਖ਼ਾਲੀ ਛੰਨਾ,
ਉਥੇ ਖਾਣ ਲਈ ਗਾਜਰ ਮੂਲੀਆਂ, ਚੂਪਣ ਲਈ ਗੰਨਾ,
ਸੱਚ ਲਿਖਦੇ ਹਨ ਇਤਿਹਾਸਕਾਰ, ਮੈਂ ਕਿਵੇਂ ਨਾ ਮੰਨਾਂ,
ਨਹੀਂ ਰੀਸਾਂ ਜੱਗ ਤੇ ਤੇਰੀਆਂ, ਪੰਜਾਬੀ ਜੰਨਾਂ।
ਅੰਮ੍ਰਿਤਸਰ ਤੋਂ ਗਏ ਸਿੱਖਾਂ ਨੇ ਇਹ ਸਾਰੀ ਦੁਖਾਂ ਭਰੀ ਕਹਾਣੀ ਸ਼ਾਮ ਸਿੰਘ ਨਾਰਲੇ ਵਾਲੇ ਦੇ ਜਥੇ ਨੂੰ ਜਾ ਕੇ ਸੁਣਾਈ ਸੀ। ਇਹ ਸਿੰਘਾਂ ਦਾ ਜਥਾ ਉਸ ਵੇਲੇ ਬੀਕਾਨੇਰ ਦੇ ਇਲਾਕੇ ਵਿਚ ਡੇਰੇ ਲਗਾਈ ਬੈਠਾ ਸੀ। ਜਥੇਦਾਰ ਦਾ ਹੁਕਮ ਪਾ ਕੇ ਦੋ ਸਿੰਘ ਸਰਦਾਰ ਮਹਿਤਾਬ ਸਿੰਘ ਜਿਸ ਦਾ ਪਿੰਡ ਮੀਰਾਂਕੋਟ ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ ਅਤੇ ਦੂਜਾ ਸਰਦਾਰ ਸੁੱਖਾ ਸਿੰਘ, ਪਿੰਡ ਮਾੜੀ ਕੰਬੋਕੇ ਦਾ ਰਹਿਣ ਵਾਲਾ ਸੀ, ਉਸੇ ਵੇਲੇ ਅਰਦਾਸਾ ਸੋਧ ਕੇ ਮੱਸੇ ਰੰਗੜ ਨੂੰ ਸੋਧਣ ਵਾਸਤੇ ਤੁਰ ਪਏ। ਮੰਜ਼ਲਾਂ ਮਾਰਦੇ ਸੂਰਮੇ ਅੰਮ੍ਰਿਤਸਰ ਆ ਪਹੁੰਚੇ ਸਨ। ਰਸਤੇ ਵਿਚੋਂ ਹੀ ਉਨ੍ਹਾਂ ਨੇ ਅਪਣੀ ਹਰਿਮੰਦਰ ਸਾਹਿਬ ਅੰਦਰ ਦਾਖ਼ਲ ਹੋਣ ਦੀ ਵਿਉਂਤ ਮੁਤਾਬਕ ਕਿਸੇ ਖੂਹ ਦੇ ਢੇਰ ਉਪਰੋਂ ਠੀਕਰਾਂ ਗੋਲ ਕਰ ਕੇ ਕਿਸੇ ਥੈਲੇ ਵਿਚ ਭਰ ਲਈਆਂ ਸਨ। ਬਣਾਈ ਹੋਈ ਯੋਜਨਾ ਅਨੁਸਾਰ ਉਨ੍ਹਾਂ ਨੇ ਇਹ ਠੀਕਰਾਂ ਗੋਲ ਕਰ ਕੇ ਥੈਲੇ ਵਿਚ ਭਰੀਆਂ ਸਨ ਤਾਕਿ ਪਹਿਰੇ ਉਪਰ ਖੜੇ ਹੋਏ ਸੰਤਰੀਆਂ ਨੂੰ ਭੁਲੇਖਾ ਪੈ ਸਕੇ ਕਿ ਕੋਈ ਨੰਬਰਦਾਰ ਅਪਣੇ ਪਿੰਡਾਂ ਵਿਚੋਂ ਮਾਮਲੇ ਦੀ ਇਕੱਠੀ ਕੀਤੀ ਰਕਮ ਚੌਧਰੀ ਮੱਸੇ ਨੂੰ ਪੁਜਦੀ ਕਰਨ ਵਾਸਤੇ ਆਏ ਹਨ ਤੇ ਇਸ ਤਰ੍ਹਾਂ ਹੀ ਉਹ ਦੋਵੇਂ ਸੂਰਮੇ ਅਪਣੇ ਮਿਥੇ ਹੋਏ ਮਨਸੂਬੇ ਮੁਤਾਬਕ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿਚ ਪਹੁੰਚ ਗਏ ਸਨ ਤੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਉਸ ਬੇਰੀ ਦੇ ਰੁੱਖ ਨਾਲ ਅਪਣੇ ਘੋੜੇ ਬੰਨ੍ਹ ਦਿਤੇ ਜਿਹੜਾ ਬੇਰੀ ਦਾ ਰੁੱਖ ਅੱਜ ਵੀ ਮੌਜੂਦ ਹੈ। ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੋਵੇਂ ਨੰਬਰਦਾਰਾਂ ਦੇ ਭੇਸ ਵਿਚ ਹੋਣ ਕਰ ਕੇ ਕਿਸੇ ਵੀ ਪਹਿਰੇਦਾਰ ਨੇ ਉਨ੍ਹਾਂ ਨੂੰ ਨਾ ਰੋਕਿਆ ਅਤੇ ਉਹ ਠੀਕਰੀਆਂ ਭਰੀ ਥੈਲੀ ਲੈ ਕੇ ਹਥਿਆਰ ਬੰਦ ਹੋਏ ਦਰਬਾਰ ਸਾਹਿਬ ਦੇ ਅੰਦਰ ਤਕ ਪਹੁੰਚ ਗਏ। ਅੰਦਰ ਦੀ ਹਾਲਤ ਵੇਖ ਕੇ ਸਿੰਘਾਂ ਦੇ ਹਿਰਦੇ ਵਲੂੰਧਰੇ ਗਏ। ਅੰਦਰ ਵੇਸਵਾ ਨੱਚ ਰਹੀ ਸੀ ਤੇ ਮੱਸਾ ਚੌਧਰੀ ਸ਼ਰਾਬੀ ਹਾਲਤ ਵਿਚ ਮੰਜੇ ਤੇ ਬੈਠਾ ਨਾਚ ਵੇਖ ਰਿਹਾ ਸੀ।
ਅੱਖ ਦੇ ਇਸ਼ਾਰੇ ਵਿਚ ਹੀ ਦੋਹਾਂ ਸਿੰਘਾਂ ਨੇ ਆਪਸ ਵਿਚ ਕੋਈ ਦਿਲ ਦੀ ਤਰਕੀਬ ਸਾਂਝੀ ਕੀਤੀ ਤੇ ਚੌਧਰੀ ਨੂੰ ਆਖਿਆ ਅਸੀ ਪੱਟੀ ਸ਼ਹਿਰ ਤੋਂ ਪਿੰਡ ਵਿਚੋਂ ਇਕੱਠਾ ਹੋਇਆ ਮਾਲੀਆ ਤਾਰਨ ਆਏ ਹਾਂ। ਸਿੰਘਾਂ ਨੇ ਅਪਣੇ ਨਾਲ ਲਿਆਂਦੀ ਬੋਰੀ ਵਲ ਇਸ਼ਾਰਾ ਕਰ ਕੇ ਚੌਧਰੀ ਨੂੰ ਆਖਿਆ ਦਸ ਇਹ ਪੈਸੇ ਕਿਥੇ ਰਖੀਏ। ਜਦੋਂ ਚੌਧਰੀ ਮੱਸੇ ਨੇ ਥੋੜਾ ਪਾਸਾ ਪਲਟ ਕੇ ਮੰਜੇ ਦੇ ਹੇਠਲੇ ਪਾਸੇ ਵਲ ਅਪਣੀ ਧੌਣ ਝੁਕਾਈ ਤਾਂ ਸੂਰਮਿਆਂ ਨੇ ਹਥਲੀ ਤਲਵਾਰ ਨਾਲ ਮੱਸੇ ਦਾ ਸਿਰ ਲਾਹ ਲਿਆ। ਕਈ ਨਾਲ ਲਗਦੇ ਹੋਰ ਝਟਕ ਦਿਤੇ। ਜਦੋਂ ਸਿੰਘ ਬਰਛੇ ਉਤੇ ਚੌਧਰੀ ਮੱਸੇ ਦਾ ਸਿਰ ਟੰਗ ਕੇ ਪ੍ਰਕਰਮਾ ਵਿਚ ਆਏ ਤਾਂ ਪਹਿਰੇਦਾਰ ਅਪਣੇ ਹਾਕਮ ਦੇ ਸਿਰ ਦੀ ਝੰਡ ਉਡਦੀ ਵੇਖ ਕੇ ਸੁੰਨ ਹੋ ਗਏ ਤੇ ਕਿਸੇ ਨੇ ਵੀ ਕੁਸਕਣ ਦੀ ਜੁਰਅਤ ਨਾ ਕੀਤੀ। ਕਈ ਇਤਿਹਾਸਕਾਰ ਕਹਿੰਦੇ ਹਨ ਕਿ ਸਿਪਾਹੀਆਂ ਨੇ ਸਿੰਘਾਂ ਦੇ ਘੋੜੇ ਆਪ ਰੁੱਖ ਨਾਲੋਂ ਖੋਲ੍ਹ ਕੇ ਸਿੰਘਾਂ ਨੂੰ ਫੜਾਏ ਸਨ। ਇੰਜ ਹੀ ਦੋਵੇਂ ਸੂਰਮੇ ਮੱਸੇ ਦਾ ਸਿਰ ਲੈ ਕੇ ਅੰਮ੍ਰਿਤਸਰ ਤੋਂ ਬਾਹਰ ਨਿਕਲ ਗਏ। ਆਖਦੇ ਹਨ ਕਿ ਮੱਸੇ ਦੀ ਘਰਵਾਲੀ ਅਪਣੀ ਦਾਸੀ ਨੂੰ ਨਾਲ ਲੈ ਕੇ ਅਪਣੇ ਪਤੀ ਲਈ ਦੁਪਹਿਰ ਦੀ ਰੋਟੀ ਲੈ ਕੇ ਅਪਣੇ ਪਿੰਡ ਮਡਿਆਲੇ ਤੋਂ ਅੰਮ੍ਰਿਤਸਰ ਵਲ ਤੁਰੀ ਆਉਂਦੀ ਸੀ। ਜਦੋਂ ਉਸ ਨੂੰ ਅਪਣੇ ਪਤੀ ਦੇ ਕਤਲ ਹੋਣ ਦਾ ਪਤਾ ਲੱਗਾ ਤਾਂ ਉਸ ਨੇ ਸਿਰ ਤੇ ਚੁਕਿਆ ਹੋਇਆ ਰੋਟੀਆਂ ਵਾਲਾ ਥਾਲ ਵਗਾਹ ਮਾਰਿਆ ਅਤੇ ਦੁਹੱਥੜ ਪਿਟਦੀ ਹੋਈ, ਉਥੇ ਪਹੁੰਚ ਗਈ ਜਿਥੇ ਮੱਸੇ ਦੀ ਲਾਸ਼ ਸਿਰੋਂ ਸਖਣੀ ਪਈ ਹੋਈ ਸੀ। ਉਸ ਨੇ ਰੋ ਪਿੱਟ ਕੇ ਹਾਰੀ ਨੇ ਅਪਣੇ ਪਤੀ ਦੀ ਲਾਸ਼ ਗੱਡੇ ਤੇ ਰਖਾਈ ਤੇ ਅਪਣੇ ਦਿਉਰ ਜ਼ੈਫ਼ ਤੇ ਸ਼ਰੀਕੇ ਨੂੰ ਨਾਲ ਲੈ ਕੇ ਖ਼ਾਨ ਬਹਾਦਰ ਜ਼ਕਰੀਆ ਖ਼ਾਨ ਦੇ ਦਰਬਾਰ ਲਾਹੌਰ ਪਹੁੰਚ ਗਈ, ਉਥੇ ਉਸ ਨੇ ਵੈਣ ਪਾਏ ਜੋ ਕਵੀ ਨੇ ਇੰਜ ਅੰਕਤ ਕੀਤੇ ਹਨ:
ਜਾ ਕੇ ਵਿਚ ਲਾਹੌਰ ਦੇ, ਸੂਬੇ ਸਾਹਮਣੇ ਪਿਟਦੀ ਮੱਸੇ ਦੀ ਨਾਰ,
ਲਾਹ ਕੇ ਸੁੱਟਤੀ ਨੱਕ ਸੁਹਾਗ ਦੀ, ਤੇ ਚੂੜਾ ਭੰਨਿਆ ਦੁਹੱਥੜਾ ਮਾਰ,
ਸਿਰੋਂ ਸ਼ਗਣਾਂ ਦਾ ਸਾਲੂ ਪਾੜਿਆ, ਖੋਲ੍ਹ ਮੀਢੀਆਂ ਲਏ ਵਾਲ ਖਿਲਾਰ,
ਕਹਿੰਦੀ, ਕਾਹਦੀ ਚੌਧਰ ਤੇਰੀ ਕੁਤਿਆ, ਵੇ ਮੇਰਾ ਲੁਟਿਆ ਗਿਆ ਘਰ ਬਾਰ,
ਅੱਗ ਲੱਗ ਗਈ ਵਸਦੇ ਧੌਲਰੀਂ, ਮੇਰਾ ਉਜੜ ਗਿਆ ਸੰਸਾਰ,
ਪਤੀ ਦਿਨ ਦੀਵੀਂ ਗਿਆ ਮਾਰਿਆ, ਤੇਰੀ ਭੱਠ ਪੈ ਗਈ ਸਰਕਾਰ,
ਮੇਰੇ ਦਿਲ ਵਿਚ ਲੱਗੀ ਤਾਂ ਬੁਝੇ, ਲਵਾਂ ਜੇ ਵੈਰ ਉਤਾਰ,
ਮੈਨੂੰ ਬਦਲਾ ਲੈ ਦੇ ਹਾਕਮਾਂ, ਮੇਰਾ ਤਪਦਾ ਸੀਨਾ ਠਾਰ,
ਨਹੀਂ ਤਾਂ ਭਰੀ ਕਚਹਿਰੀ ਵਿਚ ਮੈਂ, ਅੱਜ ਮਰੂੰ ਕਟਾਰੀ ਮਾਰ।
ਇਸ ਤਰ੍ਹਾਂ ਚੌਧਰੀ ਮੱਸੇ ਦੀ ਘਰਵਾਲੀ ਨੇ ਸੂਬੇਦਾਰ ਲਾਹੌਰ ਦੀ ਹਾਜ਼ਰੀ ਵਿਚ ਵਿਰਲਾਪ ਕਰ ਕੇ ਅਪਣੇ ਪਤੀ ਦੀ ਮੌਤ ਦਾ ਬਦਲਾ ਲੈਣ ਲਈ ਸੂਬੇਦਾਰ ਅੱਗੇ ਲਿਲਕੜੀਆਂ ਕਢੀਆਂ। ਨਵੇਕਲੀ ਗੱਲ ਹੈ ਕਿ ਇਕ ਸਿਰ ਤੋਂ ਸਖਣਾ ਧੜ ਲਾਹੌਰ ਸ਼ਾਹੀ ਕਿਲ੍ਹੇ ਵਿਚ ਰੁਲ ਰਿਹਾ ਸੀ ਅਤੇ ਸਿੰਘਾਂ ਤੋਂ ਅਪਣੇ ਨਾਲ ਬੀਤੀ ਦਾ ਬਦਲਾ ਲੈਣ ਲਈ ਅਰਜ਼ੋਈ ਕਰ ਰਿਹਾ ਸੀ ਤੇ ਦੂਜੇ ਪਾਸੇ ਧੜ ਦਾ ਸਿਰ ਬੀਕਾਨੇਰ ਦੀ ਛੰਭ ਵਿਚ ਕੀਤੇ ਗੁਨਾਹ ਦੀ ਸਜ਼ਾ ਭੁਗਤ ਰਿਹਾ ਸੀ। ਸਿੰਘ ਉਸ ਦੇ ਸਿਰ ਨੂੰ ਖਿੱਦੋ ਬਣਾ ਕੇ ਖੇਡ ਰਹੇ ਸਨ। ਸੁੱਖਾ ਸਿੰਘ ਦਾ ਜਨਮ ਨਗਰ ਮੇਰੇ ਇਲਾਕੇ ਵਿਚ ਹੀ ਹੋਇਆ ਸੀ ਜਿਥੇ ਸ਼ਾਨਦਾਰ ਗੁਰਦਵਾਰਾ ਬਣਿਆ ਹੋਇਆ ਹੈ ਅਤੇ ਸਤੰਬਰ ਮਹੀਨੇ ਹਰ ਸਾਲ ਉਸ ਦਿਨ ਦੀ ਯਾਦ ਵਿਚ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਦਿਨ ਇਹ ਬਹਾਦਰੀ ਭਰਿਆ ਕਾਰਨਾਮਾ ਕੀਤਾ ਗਿਆ।
ਸਵਰਨ ਸਿੰਘ , ਸੰਪਰਕ : 94654-93938