Advertisement
  ਵਿਚਾਰ   ਵਿਸ਼ੇਸ਼ ਲੇਖ  20 Jan 2021  ਅਜੀਬ ਹਰਿਆਣਵੀ ਜੋ ਜੇਲ ਵਿਚ ਗੁਰਬਾਣੀ ਸੁਣ ਕੇ ਸਿੱਖ ਬਣ ਗਿਆ ਪਰ....

ਅਜੀਬ ਹਰਿਆਣਵੀ ਜੋ ਜੇਲ ਵਿਚ ਗੁਰਬਾਣੀ ਸੁਣ ਕੇ ਸਿੱਖ ਬਣ ਗਿਆ ਪਰ....

ਸਪੋਕਸਮੈਨ ਸਮਾਚਾਰ ਸੇਵਾ | Edited by : GAGANDEEP
Published Jan 20, 2021, 7:44 am IST
Updated Jan 20, 2021, 8:19 am IST
‘‘ਵਾਹ ਜੀ ਵਾਹ, ਧਨ ਭਾਗ ਜੋ ਮੈਨੂੰ ਗੁਰਸਿੱਖਾਂ ਦੇ ਦਰਸ਼ਨ ਹੋਏ ਹਨ''
Gurbani
 Gurbani

ਮੁਹਾਲੀ: 1966 ਵਿਚ ਹਰਿਆਣਾ ਬਣਿਆ। ਜਦੋਂ ਸ੍ਰੀ ਬੰਸੀ ਲਾਲ ਜੀ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਤੁਗ਼ਲਕੀ ਫ਼ੁਰਮਾਨ ਜਾਰੀ ਕਰ ਦਿਤਾ ਕਿ ਅਧਿਆਪਕ ਪੜ੍ਹਾਉਂਦੇ ਨਹੀਂ, ਇਸ ਲਈ ਉਨ੍ਹਾਂ ਨੂੰ ਘਰ ਤੋਂ ਦੂਰ ਨਿਯੁਕਤ ਕਰ ਦਿਤਾ ਜਾਏ। ਬੀ.ਏ., ਬੀ.ਐੱਡ ਨੂੰ ਜ਼ਿਲ੍ਹੇ ਤੋਂ ਬਾਹਰ ਤੇ ਜੇ.ਬੀ.ਟੀ. ਨੂੰ ਘਰੋਂ 32 ਕਿਲੋਮੀਟਰ ਦੂਰ। ਸਾਡਾ ਨੰਬਰ ਝੱਜਰ ਜ਼ਿਲ੍ਹੇ ਦੇ ਪਿੰਡ ਛਾਰਾ ਵਿਚ ਪੈ ਗਿਆ। ਅਸੀ ਤਿੰਨੇ ਖ਼ਾਲਸੇ ਉਸ ਪਿੰਡ ਵਿਚ ਨਿਯੁਕਤ ਹੋ ਗਏ। ਛਾਰਾ ਪਿੰਡ ਬਹੁਤ ਵੱਡਾ ਹੈ, ਜਿਥੇ ਦੋ ਹਾਈ ਸਕੂਲ, ਇਕ ਕੁੜੀਆਂ ਦਾ ਤੇ ਇਕ ਮੁੰਡਿਆਂ ਦਾ ਵੱਖੋ-ਵੱਖ ਹਨ ਤੇ ਨਿਜੀ ਸਕੂਲ ਵਿਚ ਅਧਿਆਪਕਾਂ ਦੀਆਂ 18 ਅਸਾਮੀਆਂ ਸਨ ਤੇ ਲਗਭਗ ਇਕ ਹਜ਼ਾਰ ਬੱਚਾ ਪੜ੍ਹਦਾ ਸੀ। ਸਾਰੇ ਪਿੰਡ ਵਿਚ ਸਿੱਖ ਪ੍ਰਵਾਰ ਕੀ ਹੋਣਾ ਸੀ, ਕੋਈ ਹਿੰਦੂ ਪੰਜਾਬੀ ਪ੍ਰਵਾਰ ਵੀ ਨਹੀਂ ਸੀ। ਉਥੋਂ ਦੀ ਬੋਲੀ ਬੜੀ ਕੁਰੱਖ਼ਤ। ਇੰਜ ਲਗਦਾ ਸੀ ਜਿਵੇਂ ਲੜਨ ਨੂੰ ਪੈਂਦੇ ਹੋਣ। ਬਾਅਦ ਵਿਚ ਪਤਾ ਲੱਗਾ ਕਿ ਇਸ ਨੂੰ ਲੱਠਮਾਰ ਭਾਸ਼ਾ ਵੀ ਕਹਿੰਦੇ ਹਨ। ਆਮ ਪਹਿਰਾਵਾ ਧੋਤੀ ਕੁੜਤਾ।

Guru Granth sahib jiGuru Granth sahib ji

ਕੁੱਝ ਦਿਨਾਂ ਬਾਅਦ ਇਕ ਬਜ਼ੁਰਗ ਸਾਨੂੰ ਮਿਲਣ ਆਇਆ। ਵੇਖਦਿਆਂ ਹੀ ਕਹਿਣ ਲੱਗਾ, ‘‘ਵਾਹ ਜੀ ਵਾਹ, ਧਨ ਭਾਗ ਜੋ ਮੈਨੂੰ ਗੁਰਸਿੱਖਾਂ ਦੇ ਦਰਸ਼ਨ ਹੋਏ ਹਨ।’’ ਉਸ ਇਲਾਕੇ ਵਿਚ ਤਾਂ ਪੰਜਾਬੀ ਬੋਲਣ ਵਾਲਾ ਨੇੜੇ-ਤੇੜੇ ਵੀ ਕੋਈ ਨਹੀਂ ਸੀ। ਅਸੀ ਸਮਝਿਆ ਕਿ ਇਹ ਟਿੱਚਰ ਕਰ ਰਿਹਾ ਸੀ ਪਰ ਇਹ ਠੇਠ ਹਰਿਆਣਵੀਂ ਪੰਜਾਬੀ ਵਿਚ ਗੱਲਾਂ ਕਰ ਰਿਹਾ ਹੈ ਤੇ ਧਾਰਮਕ ਰੰਗ ਦੀ ਬੋਲੀ ਬੋਲ ਰਿਹਾ ਸੀ। ਖ਼ੈਰ ਗੱਲ ਆਈ ਗਈ ਹੋ ਗਈ। ਅਸੀ ਵੀ ਭੁੱਲ ਭਲਾ ਗਏ ਪਰ ਕੁੱਝ ਦਿਨਾਂ ਬਾਅਦ ਫਿਰ ਉਹੀ ਬਜ਼ੁਰਗ ਮਿਲਣ ਆ ਗਿਆ। ਕਹਿਣ ਲੱਗਾ ਬੜੇ ਚਿਰਾਂ ਤੋਂ ਤਮੰਨਾ ਸੀ ਕਿ ਮੈਂ ਗੁਰਸਿੱਖਾਂ ਨੂੰ ਅਪਣੇ ਘਰ ਬੁਲਾ ਕੇ ਪ੍ਰਸ਼ਾਦਾ ਛਕਾਵਾਂ। ਨਾਲੇ ਗੁਰੂਘਰ ਦੀਆਂ, ਗੁਰਬਾਣੀ ਦੀਆਂ, ਸਿੱਖ ਧਰਮ ਦੀਆਂ, ਸੌ ਸਾਖੀ ਦੀਆਂ, ਸੂਰਜ ਪ੍ਰਕਾਸ਼ ਦੀਆਂ ਗੱਲਾਂ ਕਰੀਏ।’’ ਸਾਡੇ ਵਾਸਤੇ ਉਹ ਬਜ਼ੁਰਗ ਇਕ ਪਹੇਲੀ ਬਣਦਾ ਜਾ ਰਿਹਾ ਸੀ। ਸਾਨੂੰ ਕੁੱਝ ਸ਼ੱਕ ਵੀ ਹੋਣ ਲੱਗਾ ਕਿ ਇਹ ਬੰਦਾ ਕੁੱਝ ਸਨਕੀ ਤਾਂ ਨਹੀਂ ਜਾਂ ਦਿਮਾਗ਼ੀ ਤੌਰ ਤੇ ਪ੍ਰੇਸ਼ਾਨ ਤਾਂ ਨਹੀਂ? ਅਸੀ ਟਾਲਣ ਵਾਸਤੇ ਕਹਿ ਦਿਤਾ ਕਿ ਹਾਂ ਜੀ ਜ਼ਰੂਰ ਕਿਸੇ ਦਿਨ ਤੁਹਾਡੇ ਘਰ ਜ਼ਰੂਰ ਹਾਜ਼ਰੀ ਭਰਾਂਗੇ।  ਕੁੱਝ ਦਿਨ ਹੋਰ ਗੁਜ਼ਰੇ, ਉਹ ਹਰਿਆਣਵੀਂ ਬਜ਼ੁਰਗ ਫਿਰ ਮਿਲਣ ਆ ਗਿਆ। ਉਸ ਨੇ ਦਸਿਆ ਕਿ ਉਹ ਚੌਧਰੀ ਹਰਦੁਆਰੀ ਲਾਲ ਦਾ ਚਿਉਂ ਭਰਾ ਹੈ। ਹਰਦੁਆਰੀ ਲਾਲ ਉਸੇ ਥਾਰੇ ਪਿੰਡ ਦਾ ਜੰਮਪਲ ਸੀ ਜੋ ਬਾਅਦ ਵਿਚ ਚਾਚੇ ਦਾ ਬਣ ਗਿਆ।

Guru Granth Sahib JiGuru Granth Sahib Ji

ਪਹਿਲੇ ਉਹ ਰਿਵਾੜੀ ਵਿਚ ਜੱਜ ਲੱਗਾ ਹੋਇਆ ਸੀ ਫਿਰ ਕਾਲਜ ਦਾ ਪ੍ਰਿੰਸੀਪਲ ਬਣਿਆ। ਫਿਰ ਉਹ ਕੁਰਕਸ਼ੇਤਰ ਯੂਨੀਵਰਸਟੀ ਦਾ ਵਾਈਸ ਚਾਂਸਲਰ ਵੀ ਰਿਹਾ। ਅੰਤ ਵਿਚ ਉਹ ਹਰਿਆਣਾ ਦਾ ਸਿਖਿਆ ਮੰਤਰੀ ਵੀ ਰਿਹਾ। ਉਸ ਦਿਨ ਉਹ ਬਜ਼ੁਰਗ ਇਕ ਨਿਹੰਗ ਸਿੰਘ ਦੀ ਫ਼ੋਟੋ ਵੀ ਲੈ ਕੇ ਆ ਗਿਆ ਤੇ ਕਹਿਣ ਲੱਗਾ ਕਿ ਧਿਆਨ ਨਾਲ ਵੇਖ ਕੇ ਦੱਸੋ ਕਿ ਇਹ ਫ਼ੋਟੋ ਕਿਸ ਦੀ ਹੈ? ਅਸੀ ਕਿਹਾ ਕਿ ਇਹ ਕਿਸੇ ਨਿਹੰਗ ਦੀ ਫ਼ੋਟੋ ਹੀ ਹੈ, ਹੋਰ ਕੀ? ਪਰ ਇਹ ਤੁਸੀ ਅਪਣੇ ਕੋਲ ਕਿਉਂ ਰੱਖੀ ਹੋਈ ਹੈ? ਕਹਿਣ ਲੱਗਾ ਕਿ ਇਸ ਦੇ ਬਾਰੇ ਬਾਅਦ ਵਿਚ ਦਸਾਂਗਾ ਜਦੋਂ ਪ੍ਰਸ਼ਾਦਾ ਛਕਣ ਆਉਗੇ।  ਅਖ਼ੀਰ ਇਕ ਦਿਨ ਅਸੀ ਤਿੰਨੇ ਖ਼ਾਲਸੇ ਉਸ ਦੇ ਘਰ ਚਲੇ ਹੀ ਗਏ। ਉਸ ਦਾ ਕਮਰਾ ਵੇਖ ਕੇ ਹੈਰਾਨ ਹੋ ਗਏ। ਬੜੇ ਸਤਿਕਾਰ ਨਾਲ ਦਸਾਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਸਜਾ ਕੇ ਰਖੀਆਂ ਹੋਈਆਂ ਸਨ। ਕੁੱਝ ਗੁਟਕੇ ਵੀ ਰੁਮਾਲਿਆਂ ਵਿਚ ਲਪੇਟ ਕੇ ਰੱਖੇ ਹੋਏ ਸਨ। ਇਕ ਪੁਸਤਕ ਸੌ ਸਾਖੀ ਵੀ ਸਾਨੂੰ ਨਜ਼ਰ ਆਈ। ਪ੍ਰਸ਼ਾਦੇ ਤੇ ਸਬਜ਼ੀਆਂ ਪਹਿਲਾਂ ਹੀ ਤਿਆਰ ਰਖੀਆਂ ਹੋਈਆਂ ਸਨ। ਕਹਿਣ ਲੱਗਾ ਕਿ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸਮੁੰਦਰ ਛਕੋਗੇ? ਅਸੀ ਤਿੰਨੇ ਖ਼ਾਲਸੇ ਇਕ ਦੂਜੇ ਦੇ ਮੂੰਹ ਵਲ ਵੇਖਣ ਲੱਗੇ ਕਿ ਇਹ ਸਮੁੰਦਰ ਕੀ ਹੈ ਜੋ ਛਕਣ ਵਾਸਤੇ ਕਹਿ ਰਿਹਾ ਹੈ? ਨਿਹੰਗਾਂ ਦੀ ਇਸ ਭਾਸ਼ਾ ਦਾ ਸਾਨੂੰ ਤਿੰਨਾਂ ਨੂੰ ਵੀ ਪਤਾ ਨਹੀਂ ਸੀ। ਸਾਡੇ ਚਿਹਰੇ ਵੇਖ ਕੇ ਕਹਿਣ ਲੱਗਾ ਕੋਈ ਗੱਲ ਨਹੀਂ ਮੈਂ ਹੀ ਦਸ ਦਿੰਦਾ ਹਾਂ ਕਿ ਅਸੀ ਦੁਧ ਨੂੰ ਸਮੁੰਦਰ ਕਹਿੰਦੇ ਹਾਂ। ਕੀ ਪਹਿਲਾਂ ਦੁਧ ਪੀਉਗੇ? ਫਿਰ ਆਪੇ ਹੀ ਕਹਿਣ ਲੱਗਾ ਕਿ ਦੁਧ ਤਾਂ ਮੈਂ ਤੁਹਾਨੂੰ ਛਕਾਉਣਾ ਹੀ ਹੈ ਪਰ ਇਹ ਦਸੋ ਕਿ ਰੰਡਾ ਹੀ ਪੀਉਗੇ ਕਿ ਸੁਹਾਗਣ ਕਰਾਂ? ਅਸੀ ਫਿਰ ਇਕ ਦੂਜੇ ਦੇ ਮੂੰਹ ਵਲ ਝਾਕਣ ਲੱਗੇ।

ਕਹਿੰਦਾ ਚਲੋ ਸੁਹਾਗਣ ਕਰ ਹੀ ਦਿੰਦਾ ਹਾਂ। ਦੇਸੀ ਘਿਉ ਦਾ ਡੱਬਾ ਲੈ ਕੇ ਇਕ ਚਮਚਾ ਦੁਧ ਵਿਚ ਪਾ ਦਿਤਾ। ਅਸੀ ਸ਼ਹਿਰੀ ਖ਼ਾਲਸੇ ਉਸ ਦੀ ਸ਼ਰਧਾ ਵੇਖ ਕੇ ਹੈਰਾਨ ਵੀ ਹੋਏ ਤੇ ਅਪਣੇ ਹਾਜ਼ਮੇ ਬਾਰੇ ਵੀ ਸੋਚ ਕੇ ਫ਼ਿਕਰਮੰਦ ਹੋਏ। ਖ਼ੈਰ ਔਖਾ ਸੌਖਾ ਦੁਧ ਪੀਤਾ, ਦੋ-ਦੋ ਪ੍ਰਸ਼ਾਦੇ ਛਕੇ। ਸਬਜ਼ੀਆਂ ਤੇ ਦਾਲ ਵਿਚ ਵੀ ਦੇਸੀ ਘਿਉ ਪਾਇਆ ਹੋਇਆ ਸੀ। ਉਸ ਨੇ ਕਈ ਅਜਿਹੀਆਂ ਗੱਲਾਂ ਕੀਤੀਆਂ ਜਿਨ੍ਹਾਂ ਤੇ ਲਗਦਾ ਸੀ ਕਿ ਉਸ ਦਾ ਪਿਛੋਕੜ ਕਿਸੇ ਪੰਜਾਬ ਦੇ ਇਲਾਕੇ ਦਾ ਹੈ ਤੇ ਉਹ ਵੀ ਧਾਰਮਕ ਮਾਹੌਲ ਦਾ। ਫਿਰ ਸ਼ਾਨੂੰ ਯਾਦ ਆਈ ਉਸ ਨਿਹੰਗ ਦੀ ਫ਼ੋਟੋ ਦੀ। ਅਸੀ ਪੁਛਿਆ ਕਿ ਉਸ ਬਾਰੇ ਦੱਸੋ। ਉਹ ਤਸਵੀਰ ਕੱਢ ਲਿਆਇਆ ਤੇ ਕਹਿਣ ਲੱਗਾ ਕਿ ਇਸ ਨੂੰ ਚੰਗੀ ਤਰ੍ਹਾਂ ਵੇਖੋ ਤੇ ਪਛਾਣੋ ਕਿ ਇਹ ਫ਼ੋਟੋ ਕਿਸ ਦੀ ਹੈ ਪਰ ਸਾਨੂੰ ਕੁੱਝ ਵੀ ਅੰਦਾਜ਼ਾ ਨਾ ਲੱਗਾ। ਫਿਰ ਆਪੇ ਹੀ ਕਹਿਣ ਲੱਗਾ ਕਿ ਇਹ ਨਿਹੰਗ ਬਾਣੇ ਵਿਚ ਮੇਰੀ ਹੀ ਤਸਵੀਰ ਹੈ। ਸਾਨੂੰ ਵਿਸ਼ਵਾਸ ਹੀ ਨਾ ਹੋਵੇ ਕਿਥੇ ਉਹ ਠੇਠ ਹਰਿਆਣਵੀ ਉਹ ਵੀ ਰੋਡ ਭੋਡ। ਕਹਿਣ ਲੱਗਾ ਬਹੁਤੇ ਹੈਰਾਨ ਨਾ ਹੋਵੋ, ਮੈਂ ਸਾਰੀ ਗੱਲ ਸਮਝਾਉਂਦਾ ਹਾਂ।  ਉਸ ਨੇ ਦਸਿਆ ਕਿ ਆਜ਼ਾਦੀ ਦੀ ਲੜਾਈ ਵਿਚ ਮੈਂ ਵੀ ਇਕ ਹਰਿਆਣਵੀ ਜਥੇ ਨਾਲ ਗ੍ਰਿਫ਼ਤਾਰੀ ਦੇ ਦਿਤੀ। ਸਾਨੂੰ ਡਾਂਗਾਂ ਵੀ ਪਈਆਂ ਤੇ ਜੇਲ ਹੋ ਗਈ, ਉਧਰੋਂ ਇਕ ਹੋਰ ਜਥਾ ਸਿੱਖਾਂ ਦਾ ਵੀ ਗ੍ਰਿਫ਼ਤਾਰ ਹੋ ਗਿਆ। ਸਾਨੂੰ ਗੁਰਦਾਸਪੁਰ ਦੀ ਜੇਲ ਵਿਚ ਰਖਿਆ ਗਿਆ। ਸਾਡੀ ਬੈਰਕ ਦੇ ਨਾਲ ਹੀ ਦੂਜੀ ਬੈਰਕ ਵਿਚ ਸਿੱਖ ਕੈਦੀ ਸਨ। ਹੁੰਦਾ ਇਹ ਸੀ ਕਿ ਸਾਡੇ ਹਰਿਆਣਵੀਂ ਭਰਾ ਸਵੇਰੇ-ਸਵੇਰੇ ਉਠ ਕੇ ਭੜਥੂ ਪਾਂਦੇ, ਹੁਕੇ ਗੁੜ-ਗੁੜ ਪੀਂਦੇ, ਗਾਲੀ ਗਲੋਚ ਕਰਦੇ, ਰੌਲਾ ਪਾਂਦੇ ਅੰਗਰੇਜ਼ਾਂ ਨੂੰ ਗਾਲਾਂ ਕਢਦੇ। ਮੈਨੂੰ ਇਹ ਚੰਗਾ ਨਾ ਲਗਦਾ।

ਮੇਰਾ ਧਿਆਨ ਸਿੱਖਾਂ ਦੀ ਬੈਰਕ ਵਲ ਵੱਧ ਸੀ। ਸਿੱਖਾਂ ਦੇ ਕਮਰਿਆਂ ਵਿਚੋਂ ਸਵੇਰੇ-ਸਵੇਰੇ ਪਾਠ ਕਰਨ ਦੀ ਆਵਾਜ਼ ਆਉਂਦੀ ਤੇ ਸਾਰੇ ਕੈਦੀ ਵਾਰੀ-ਵਾਰੀ ਪਾਠ ਕਰਦੇ। ਪਾਠ ਸੁਣ ਕੇ ਮੇਰੇ ਹਿਰਦੇ ਵਿਚ ਠੰਢ ਪੈਂਦੀ। ਖ਼ਾਸ ਤੌਰ ਤੇ ਇਹ ਸ਼ਬਦ ‘ਤੂੰ ਮੇਰਾ ਪਿਤਾ ਤੂੰ ਹੈਂ ਮੇਰਾ ਮਾਤਾ, ਤੂੰ ਮੇਰਾ ਬੰਧਕ ਤੂੰ ਮੇਰਾ ਭ੍ਰਾਤਾ।’ ਪਾਠ  ਉਪਰੰਤ ਅਰਦਾਸ ਕਰਨ ਤੋਂ ਪਹਿਲਾਂ ‘ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ... ਪੜ੍ਹਦੇ। ਮੇਰਾ ਜੀਅ ਕਰਦਾ, ਮੈਂ ਵੀ ਨੇੜੇ ਹੋ ਕੇ ਬਾਣੀ ਦਾ ਅਨੰਦ ਮਾਣਾਂ। ਮੈਂ ਜੇਲਰ ਨੂੰ ਬੇਨਤੀ ਵੀ ਕੀਤੀ ਕਿ ਮੈਨੂੰ ਸਿੱਖਾਂ ਵਾਲੀ ਬੈਰਕ ਵਿਚ ਭੇਜ ਦਿਉ ਪਰ ਉਹ ਨਾ ਮੰਨੇ ਕਿ ਉਥੇ ਥਾਂ ਨਹੀਂ ਸੀ। ਖ਼ੈਰ ਇਕ ਦਿਨ ਪੇਸ਼ੀ ਵਾਲੇ ਦਿਨ ਅਸੀ ਇਕੱਠੇ ਹੋਏ। ਇਕ ਸਰਦਾਰ ਜੀ ਦੀ ਸ਼ਖ਼ਸੀਅਤ ਮੈਨੂੰ ਬਹੁਤ ਚੰਗੀ ਲੱਗੀ। ਮੈਂ ਸਤਿ ਸ੍ਰੀ ਅਕਾਲ ਬੁਲਾਈ ਤੇ ਉਨ੍ਹਾਂ ਨੇ ਬੜੇ ਅਦਬ ਨਾਲ ਜਵਾਬ ਦਿਤਾ। ਪਤਾ ਲੱਗਾ ਕਿ ਉਨ੍ਹਾਂ ਦਾ ਨਾਂ ਸਰਦਾਰ ਭਾਗ ਸਿੰਘ ਸੀ। ਮੈਂ ਦਸਿਆ ਕਿ ਮੈਨੂੰ ਤੁਹਾਡਾ ਕੀਤਾ ਹੋਇਆ ਪਾਠ ਬਹੁਤ ਚੰਗਾ ਲਗਦਾ ਹੈ, ਹਿਰਦੇ ਵਿਚ ਠੰਢ ਪਾਉਂਦਾ ਹੈ, ਆਤਮਕ ਰਸ ਦੇਂਦਾ ਹੈ। ਮੈਂ ਪਾਠ ਕਰਨਾ ਚਾਹੁੰਦਾ ਹਾਂ। ਕਹਿਣ ਲੱਗੇ ਤੁਸੀ ਜ਼ਰੂਰ ਪਾਠ ਕਰ ਸਕਦੇ ਹੋ। ਮੈਂ ਪਹਿਲੇ ਤੁਹਾਨੂੰ ਹਿੰਦੀ ਦਾ ਗੁਟਕਾ ਲਿਆ ਦਿਆਂਗਾ। ਫਿਰ ਤੁਸੀ ਪੰਜਾਬੀ ਸਿਖ ਲੈਣਾ। ਇੰਜ ਹੀ ਕੀਤਾ ਗਿਆ। ਮੈਂ ਹਿੰਦੀ ਦੇ ਗੁਟਕੇ ਤੋਂ ਪਾਠ ਕਰਨ ਲੱਗ ਪਿਆ। ਉਹ ਮੈਨੂੰ ਸ਼ੁਧ ਪਾਠ ਸਮਝਾਉਂਦੇ। ਜਿਉਂ-ਜਿਉਂ ਮੈਨੂੰ ਪਾਠ ਦਾ ਅਭਿਆਸ ਹੁੰਦਾ ਗਿਆ ਮੇਰੇ ਅੰਦਰ ਇਕ ਅਜੀਬ ਤਰ੍ਹਾਂ ਦਾ ਸਕੂਨ, ਇਕ ਅਜੀਬ ਤਰ੍ਹਾਂ ਦਾ ਆਨੰਦ ਆਉਣ ਲੱਗ ਪਿਆ। 

ਕੁੱਝ ਸਮੇਂ ਬਾਅਦ ਸਾਡੀ ਰਿਹਾਈ ਦਾ ਸਮਾਂ ਆ ਗਿਆ। ਮੈਨੂੰ ਤੌਖਲਾ ਹੋਣ ਲੱਗ ਪਿਆ ਕਿ ਮੈਨੂੰ ਮੁੜ ਕੇ ਅਪਣੇ ਪਿੰਡ ਜਾ ਕੇ ਉਹੀ ਕੁਰੱਖ਼ਤ ਭਾਸ਼ਾ ਬੋਲਣੀ ਪਵੇਗੀ, ਉਹੀ ਸ਼ਰਾਬੀਆਂ ਵਿਚ ਰਹਿਣਾ ਪਵੇਗਾ, ਹੁੱਕੇ ਦੇ ਕਲਚਰ ਵਿਚ ਦਿਨ ਗੁਜ਼ਾਰਨੇ ਪੈਣਗੇ। ਮੈਂ ਸਰਦਾਰ ਭਾਗ ਸਿੰਘ ਨਾਲ ਗੱਲ ਕੀਤੀ ਕਿ ਮੇਰਾ ਵਾਪਸ ਅਪਣੇ ਪਿੰਡ ਜਾਣ ਨੂੰ ਦਿਲ ਨਹੀਂ ਕਰਦਾ। ਮੈਂ ਗੁਰਬਾਣੀ ਤੋਂ ਦੂਰ ਹੋ ਜਾਵਾਂਗਾ। ਕੋਈ ਹੀਲਾ ਦਸੋ ਕਿ ਮੈਂ ਇਥੇ ਹੀ ਰਹਿ ਜਾਵਾਂ, ਪਾਠ ਕਰਾਂ, ਕੀਰਤਨ ਸੁਣਿਆਂ ਕਰਾਂ। ਸਰਦਾਰ ਜੀ ਨੇ ਕਿਹਾ ਕਿ ਤੂੰ ਮੇਰੇ ਪਿੰਡ ਮੇਰੇ ਨਾਲ ਹੀ ਚਲ ਪਈਂ। ਮੈਂ ਤੈਨੂੰ ਅਪਣੇ ਘਰ ਰੱਖ ਲਵਾਂਗਾ। ਤੂੰ ਇੰਜ ਕਰ ਕਿ ਸਿੰਘ ਸੱਜ ਜਾ ਤੇ ਅੰਮ੍ਰਿਤ ਛੱਕ ਲੈ। ਤੈਨੂੰ ਅਸੀ ਅਪਣੇ ਪੰਥ ਵਿਚ ਸ਼ਾਮਲ ਕਰ ਲਵਾਂਗੇ। ਤੈਨੂੰ ਪੰਜਾਬੀ ਪੜ੍ਹਾਉਂਦੇ ਰਹਾਂਗੇ। ਗੁਰਬਾਣੀ ਗੁਰ ਇਤਿਹਾਸ ਬਹੁਤ ਵਿਸ਼ਾਲ ਹੈ, ਤੂੰ ਅਧਿਐਨ ਕਰਦਾ ਰਹੀਂ। ਮੈਂ ਕਿਹਾ ਕਿ ਮੈਨੂੰ ਸੱਭ ਮਨਜ਼ੂਰ ਹੈ ਬਸ ਅਪਣੀ ਸੰਗਤ ਵਿਚ ਰੱਖ ਲਉ।  ਸਰਦਾਰ ਭਾਗ ਸਿੰਘ ਜੀ ਮੈਨੂੰ ਅਪਣੇ ਨਾਲ ਅਪਣੇ ਪਿੰਡ ਲੈ ਗਏ। ਹਦਾਇਤ ਕੀਤੀ ਕਿ ਤੂੰ ਅੱਜ ਤੋਂ ਕੇਸ ਨਹੀਂ ਕਟਵਾਏਂਗਾ। ਗੁਰਬਾਣੀ ਦਾ ਅਧਿਐਨ ਕਰਦੇ ਰਹਿਣਾ ਹੈ। ਸਰਦਾਰ ਜੀ ਨੇ ਮੈਨੂੰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿਤੀ। ਗੁਰਮੁਖੀ ਲਿਪੀ ਦਾ ਗਿਆਨ ਦਿਤਾ, ਨਿਤਨੇਮ ਦੇ ਪਾਠਾਂ ਵਿਚ ਸਰਲਤਾ ਹੋਣ ਉਪਰੰਤ ਮੈਨੂੰ ਪੰਜ ਗ੍ਰੰਥੀ ਤੇ ਫਿਰ ਦਸ ਗ੍ਰੰਥੀ ਦਾ ਅਭਿਆਸ ਕਰਵਾ ਦਿਤਾ। ਫਿਰ ਮੈਨੂੰ ਕੁੱਝ ਸਟੀਕ ਲੈ ਦਿਤੇ। ਮੈਂ ਅਰਥ ਵੀ ਸਮਝਣ ਲੱਗ ਪਿਆ। ਮੇਰਾ ਦਿਮਾਗ਼ ਰੋਸ਼ਨ ਹੁੰਦਾ ਗਿਆ ਤੇ ਆਤਮਕ ਆਨੰਦ ਆਉਣ ਲੱਗ ਪਿਆ। 

ਕੁੱਝ ਸਮੇਂ ਬਾਅਦ ਮੈਂ ਅੰਮ੍ਰਤਪਾਨ ਕਰ ਲਿਆ। ਮੈਨੂੰ ਸਿੰਘ ਸਜਾ ਲਿਆ ਗਿਆ। ਮੈਂ ਘਰ ਦੇ ਛੋਟੇ ਮੋਟੇ ਕੰਮ ਕਰ ਦਿਆ ਕਰਦਾ। ਪੱਠੇ ਲਿਆਉਣੇ, ਕੁੱਟੀ ਕਰਨੀ, ਡੰਗਰਾਂ ਦੀ ਦੇਖਭਾਲ ਕਰਨੀ। ਮੈਂ ਅਪਣੇ ਧਨ ਭਾਗ ਸਮਝਦਾ। ਅੰਮ੍ਰਿਤ ਵੇਲੇ ਉਠਣਾ, ਇਸ਼ਨਾਨ ਕਰਨਾ, ਨਿਤਨੇਮ ਦੇ ਪਾਠ ਕਰਨਾ। ਪ੍ਰਸ਼ਾਦਾ ਛੱਕ ਕੇ ਮੈਂ ਫਿਰ ਗੁਰਬਾਣੀ ਦਾ ਅਭਿਆਸ ਕਰਦਾ ਰਹਿੰਦਾ। ਸਿੱਖ ਗੁਰੂਆਂ ਦੀਆਂ ਜੀਵਨੀਆਂ ਪੜ੍ਹਦਾ ਰਹਿੰਦਾ। ਹੁਣ ਤਕ ਮੇਰੇ ਕੇਸ ਤੇ ਦਾੜ੍ਹੀ ਵੱਧ ਗਏ ਸਨ। ਮੈਂ ਜਦੋਂ ਸ਼ੀਸ਼ੇ ਵੇਖਦਾ ਤਾਂ ਇੰਜ ਲਗਦਾ ਕਿ ਮੇਰੀ ਤਾਂ ਕਾਇਆ ਹੀ ਕਲਪ ਹੋ ਗਈ ਹੈ। ਮੈਂ ਖ਼ਾਲਸਾ ਸੱਜ ਗਿਆ ਸਾਂ।  ਇਕ ਦਿਨ ਸਰਦਾਰ ਸਾਹਿਬ ਮੈਨੂੰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਲਈ ਲੈ ਗਏ। ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਤਾਂ ਮੈਨੂੰ ਇੰਜ ਲੱਗਾ ਜਿਵੇਂ ਕਿ ਮੈਂ ਇਸ ਧਰਤੀ ਤੇ ਰਹਿੰਦਾ ਹੋਇਆ ਵੀ ਸਵਰਗ ਲੋਕ ਵਿਚ ਪਹੁੰਚ ਗਿਆ ਹੋਵਾਂ। ਉਹ ਸਵਰਗੀ ਨਜ਼ਾਰਾ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਦਿਲ ਦਿਮਾਗ਼ ਸਰੂਰ ਨਾਲ ਭਰ ਜਾਂਦਾ ਹੈ। 
ਵਾਪਸ ਆ ਕੇ ਸਰਦਾਰ ਭਾਗ ਸਿੰਘ ਜੀ ਦੀ ਸੰਗਤ ਮਾਣਦਾ ਰਿਹਾ। ਕੁੱਝ ਸਮੇਂ ਬਾਅਦ ਪਿੰਡ ਦੇ ਗੁਰਦਵਾਰੇ ਵਿਚ ਗ੍ਰੰਥੀ ਦੀ ਥਾਂ ਖ਼ਾਲੀ ਹੋ ਗਈ। ਮੈਨੂੰ ਉਥੋਂ ਦੀ ਸੇਵਾ ਸੌਪ ਦਿਤੀ ਗਈ। ਸਰਦਾਰ ਜੀ ਆਪ ਵੀ ਰੋਜ਼ਾਨਾ ਗੁਰਦਵਾਰੇ ਦੀ ਹਾਜ਼ਰੀ ਭਰਦੇ, ਨਿਤਨੇਮ ਕਰਦੇ ਤੇ ਕਰਵਾਉਂਦੇ। ਹੌਲੀ-ਹੌਲੀ ਮੈਨੂੰ ਪੂਰਾ ਅਭਿਆਸ ਹੋ ਗਿਆ। ਮੈਂ ਸੇਵਾ ਕਰਦਾ ਰਿਹਾ। ਕੁੱਝ ਸਮੇਂ ਬਾਅਦ ਮੇਰੀ ਤਨਖ਼ਾਹ ਵੀ ਲਗਾ ਦਿਤੀ ਗਈ।

ਲੰਗਰ ਪਾਣੀ ਸੰਗਤਾਂ ਵਲੋਂ ਬੜੇ ਸਤਿਕਾਰ ਨਾਲ ਭੇਜ ਦਿਤਾ ਜਾਂਦਾ। ਸਮਾਂ ਪਾ ਕੇ ਮੈਂ ਗ੍ਰੰਥੀ ਸਿੰਘ ਦੀ ਪੂਰੀ ਸੇਵਾ ਨਿਭਾਉਣ ਦੇ ਕਾਬਲ ਹੋ ਗਿਆ। ਉਥੇ ਰਹਿ ਕੇ ਮੈਂ 22-23 ਸਾਲ ਸੇਵਾ ਕੀਤੀ। ਤਿੰਨ ਚਾਰ ਸਾਲ ਬਾਅਦ ਮੈਂ ਅਪਣੇ ਪਿੰਡ ਦਾ ਸਿੱਖੀ ਸਰੂਪ ਵਿਚ ਹੀ ਚੱਕਰ ਲਗਾ ਜਾਂਦਾ। ਕੁੱਝ ਲੋਕੀ ਤਾਂ ਮੈਨੂੰ ਸਤਿਕਾਰ ਨਾਲ ਵੇਖਦੇ, ਕੁੱਝ ਟਿੱਚਰਾਂ ਵੀ ਕਰਦੇ ਪਰ ਮੈਨੂੰ ਸਿੱਖੀ ਸਰੂਪ ਤੇ ਪੂਰਾ ਮਾਣ ਸੀ। ਮੇਰੀ ਹੋਂਦ ਵਿਚ ਗੁਰਬਾਣੀ ਦਾ ਸਰੂਰ ਤੇ ਪੰਜਾਬ ਦੇ ਹਵਾ ਪਾਣੀ ਦੀ ਖ਼ੁਸ਼ਬੂ ਸੀ। ਅੱਠ-ਦਸ ਦਿਨ ਮਗਰੋਂ ਫਿਰ ਵਾਪਸ ਪੰਜਾਬ ਆ ਜਾਂਦਾ।  ਹੁਣ ਮੇਰੀ ਮਾਨਤਾ ਵੀ ਹੋਣ ਲੱਗ ਪਈ ਸੀ। ਕਈ ਲੋਕੀ ਅਪਣੀਆਂ ਸਮੱਸਿਆਵਾਂ ਲੈ ਕੇ ਮੇਰੇ ਕੋਲ ਆਉਣ ਲੱਗ ਪਏ। ਮੈਂ ਗੁਰਬਾਣੀ ਦੇ ਚਾਨਣ ਵਿਚ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕਰਦਾ। ਕੁੱਝ ਚਿਰ ਬਾਅਦ ਮੈਂ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਉਣ ਲੱਗ ਪਿਆ। 
ਅਸੀ ਪੁਛਿਆ ਕਿ ਫਿਰ ਤੁਸੀ ਵਾਪਸ ਹਰਿਆਣਵੀਂ ਭੇਸ ਵਿਚ ਕਿਵੇਂ ਆ ਗਏ?  ਲਉ ਇਹ ਵੀ ਸੁਣੋ। ਬਹੁਤਾ ਰਾਜਨੀਤਕ ਚੱਕਰ ਹੈ। 1966 ਵਿਚ ਹਰਿਆਣਾ ਬਣ ਗਿਆ। ਕਹਿਣ ਲੱਗੇ ਕਿ ਹੁਣ ਖ਼ਾਲਿਸਤਾਨ ਬਣ ਗਿਆ ਹੈ ਤੇ ਬਾਹਰਲੇ ਇਥੇ ਨਹੀਂ ਰਹਿ ਸਕਣਗੇ। ਕੁੱਝ ਦੇਰ ਬਾਅਦ ਮੇਰੇ ਪਿੰਡ ਦੇ ਬਹੁਤੇ ਰਿਸ਼ਤੇਦਾਰ ਮੇਰੇ ਕੋਲ ਆ ਗਏ ਤੇ ਕਹਿਣ ਲੱਗੇ ਕਿ ਹੁਣ ਤੇਰਾ ਇਥੇ ਰਹਿਣਾ ਠੀਕ ਨਹੀਂ। ਮੈਂ ਬਹੁਤ ਸਮਝਾਇਆ ਪਰ ਉਹ ਬਜ਼ਿਦ ਰਹੇ। ਕਈ ਤਰ੍ਹਾਂ ਦੇ ਵਾਸਤੇ ਪਾਏ, ਡਰਾਵੇ ਵੀ ਦਿਤੇ। ਅਖ਼ੀਰ ਮੈਨੂੰ ਉਨ੍ਹਾਂ ਦੀ ਗੱਲ ਮੰਨਣੀ ਪਈ। ਮੈਂ ਵਾਪਸ ਅਪਣੇ ਪਿੰਡ ਆ ਗਿਆ ਪਰ ਨਾਲ ਕੁੱਝ ਧਾਰਮਕ ਕਿਤਾਬਾਂ ਤੇ ਗੁਟਕੇ ਵੀ ਲੈ ਆਇਆ। ਕੁੱਝ ਦੇਰ ਤਾਂ ਸਿੱਖੀ ਸਰੂਪ ਵਿਚ ਰਿਹਾ ਪਰ ਜੈਸਾ ਦੇਸ਼ ਤੈਸਾ ਭੇਸ। ਹੌਲੀ ਹੌਲੀ ਹਰਿਆਣਵੀਂ ਰੰਗ ਵਿਚ ਰੰਗ ਗਿਆ। ਪਰ ਅਪਣੇ ਆਪ ਨੂੰ ਹੁੱਕੇ ਤੇ ਸ਼ਰਾਬ ਤੋਂ ਬਚਾ ਕੇ ਰਖਿਆ ਹੋਇਆ ਹੈ। ਪਾਠ ਵੀ ਕਰਦਾ ਰਹਿੰਦਾ ਹਾਂ। ਤਿੰਨ ਚਾਰ ਸਾਲਾਂ ਬਾਅਦ ਜਦੋਂ ਦਿਲ ਉਦਾਸ ਹੋ ਜਾਂਦਾ ਹੈ ਤਾਂ ਸਾਲ ਛੇ ਮਹੀਨੇ ਪਹਿਲਾਂ ਕੇਸ ਰੱਖ ਲੈਂਦਾ ਹਾਂ ਤੇ ਅਪਣੇ ਪੁਰਾਣੇ ਪਿੰਡ ਦਾ ਚੱਕਰ ਲਗਾ ਆਉਂਦਾ ਹਾਂ। ਉਂਜ ਸ੍ਰੀਰ ਮੇਰਾ ਇਥੇ ਹੈ ਪਰ ਆਤਮਾ ਪੰਜਾਬ ਵਿਚ ਹੈ, ਉਸੇ ਪਿੰਡ ਵਿਚ ਹੈ। ਅਫ਼ਸੋਸ ਹੈ ਕਿ ਸਿੱਖੀ ਸਰੂਪ ਸੰਭਾਲ ਨਹੀਂ ਸਕਿਆ ਪਰ ਸਦਾ ਯਾਦ ਆਉਂਦੀ ਹੈ ਸਰਦਾਰ ਭਾਗ ਸਿੰਘ ਜੀ ਦੀ, ਜਿਨ੍ਹਾਂ ਨੇ ਮੇਰੇ ਜੀਵਨ ਦੀ ਰੂਪ ਰੇਖਾ ਹੀ ਬਦਲ ਕੇ ਰੱਖ ਦਿਤੀ।

                                                                                                                          ਪ੍ਰਿੰ. ਸੁਜਾਨ ਸਿੰਘ

Location: India, Punjab
Advertisement