
"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ"।।
ਗੁਰਬਾਣੀ ਦੇ ਵਿੱਚ ਔਰਤ ਨੂੰ ਰਾਜਿਆਂ ਦੀ 'ਜਨਨੀ' ਕਹਿ ਕੇ ਸਤਿਕਾਰਿਆ ਗਿਆ ਹੈ। ਔਰਤ ਰਾਜਿਆ-ਮਹਾਰਾਜਿਆ, ਸੂਰਬੀਰਾਂ ਨੂੰ ਜਨਮ ਦੇਣ ਵਾਲੀ ਹੈ ਪਰ ਸਾਡੇ ਸਮਾਜ ਦੇ ਵਿਚ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਸਮਾਜ ਵਿਚ ਔਰਤ ਦੀ ਸਥਿਤੀ ਤਰਸਯੋਗ ਰਹੀ ਹੈ। ਭਾਰਤ ਦਾ ਇਤਿਹਾਸ ਜਿਨ੍ਹਾਂ ਮਹਾਨ ਅਤੇ ਗੌਰਵਸ਼ਾਲੀ ਰਿਹਾ ਹੈ ਅੱਜ ਉਨ੍ਹਾਂ ਹੀ ਧੁੰਦਲਾ ਦਿਖਾਈ ਦਿੰਦਾ ਹੈ।
ਅੱਜ ਬੇਸ਼ੱਕ ਮਾਹੌਲ ਬਦਲ ਗਿਆ ਹੈ ,ਮਨੁੱਖ ਦਾ ਰਹਿਣ-ਸਹਿਣ ਬਦਲ ਗਿਆ, ਆਚਾਰ- ਵਿਹਾਰ ਬਦਲ ਗਿਆ ਹੈ, ਜੀਵਨ- ਸ਼ੈਲੀ ਬਦਲ ਗਈ ਹੈ ਪਰ ਮਨੁੱਖ ਦੀ ਮਾਨਸਿਕਤਾ ਨਹੀਂ ਬਦਲੀ । ਔਰਤ ਨਾਲ ਸਬੰਧਤ ਪ੍ਰਸਥਿਤੀਆਂ ਪਹਿਲਾਂ ਦੀ ਤਰ੍ਹਾਂ ਹਨ। ਔਰਤ ਨੂੰ ਅੱਜ ਵੀ ਭੋਗ ਦੀ ਵਸਤੂ ਸਮਝਿਆ ਜਾਂਦਾ ਹੈ। ਸਿਆਣੇ ਕਹਿੰਦੇ ਨੇ ਕਿ ਸਤਯੁੱਗ ਦੇ ਸਮੇਂ ਮਾਂ-ਬਾਪ ਬੱਚਿਆਂ ਨੂੰ ਘਰ ਵਿੱਚ ਹੀ ਨੈਤਿਕ ਸਿੱਖਿਆ ਦਿੰਦੇ ਸਨ ਜਿਸ ਦੇ ਫਲਸਰੂਪ ਹਰ ਘਰ ਵਿੱਚ ਸੰਤ ਪੈਦਾ ਹੁੰਦਾ ਸੀ ਪਰ ਅੱਜ ਦੇ ਸਮੇਂ ਮਾਪੇ ਵੀ ਨੈਤਿਕ ਕਦਰਾਂ -ਕੀਮਤਾਂ ਦੀ ਸਿੱਖਿਆ ਬੱਚਿਆਂ ਨੂੰ ਦੇਣੀ ਭੁੱਲ ਗਏ ਹਨ
Women
ਜਿਸ ਕਰਕੇ ਅੱਜ ਦੇ ਆਧੁਨਿਕ ਯੁੱਗ ਵਿੱਚ ਜਬਰ ਜਨਾਹ ਵਰਗੀਆਂ ਘਟਨਾਵਾਂ ਦਾ ਵਾਪਰਨਾਂ ਬਹੁਤ ਹੀ ਮੰਦਭਾਗਾ ਹੈ। ਪ੍ਰਾਚੀਨ ਕਾਲ ਦੇ ਵਿਚ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅਤੇ ਕਿਸੇ ਸਮਾਗਮ ਵਿਚ ਹਿੱਸਾ ਲੈਣ ਦੀ ਸਖ਼ਤ ਮਨਾਹੀ ਸੀ। ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਸੀ ਕਿਉਂਕਿ ਸਮਾਜ ਦੇ ਹਾਕਮਾਂ ਨੂੰ ਡਰ ਸੀ ਕਿ ਅਗਰ ਇਨ੍ਹਾਂ ਨੂੰ ਸਿੱਖਿਆ ਦਿੱਤੀ ਗਈ ਤਾਂ ਇਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਾਗਰੂਕ ਹੋ ਜਾਣਗੀਆਂ। ਇਸ ਲਈ ਇਹਨਾਂ ਨੂੰ ਭੋਗ ਦੀ ਵਸਤੂ ਤੋਂ ਇਲਾਵਾ ਹੋਰ ਕੁਝ ਨਹੀਂ ਸਮਝਿਆ ਗਿਆ।
ਸਾਡੇ ਦੇਸ਼ ਵਿੱਚ ਅਨਪੜ੍ਹਤਾ ਤੇ ਗ਼ਰੀਬੀ ਦਾ ਹੋਣਾ ਅਵਿੱਕਸਿਤ ਦੇਸ਼ ਦੀ ਉਦਾਹਰਣ ਹੈ। ਸਾਡੇ ਸੰਵਿਧਾਨ ਵਿੱਚ ਕਿਸੇ ਜਾਤ- ਪਾਤ, ਧਰਮ ਦਾ ਉਲੇਖ ਨਹੀਂ ਪਰ ਫਿਰ ਵੀ ਸਾਡਾ ਦੇਸ਼ ਧਰਮ 'ਤੇ ਅਧਾਰਿਤ ਹੈ। 21ਵੀ. ਸਦੀ ਵਿੱਚ ਪਹੁੰਚਣ 'ਤੇ ਵੀ ਲੋਕਾਂ ਦੀ ਮਾਨਸਿਕਤਾ ਨਹੀਂ ਬਦਲੀ। 33 ਕਰੋੜ ਦੇਵੀ-ਦੇਵਤਿਆਂ ਦਾ ਭਾਰਤ ਅੱਜ ਧਰਮ ,ਜਾਤ -ਪਾਤ ਵਿਚ ਉਲਝਿਆ ਪਿਆ ਹੈ ਪਰ ਵਿਕਾਸ ਕੋਈ ਨਹੀਂ। ਅੱਜ ਦੇ ਸਮੇਂ ਬੇਰੁਜ਼ਗਾਰ ਨੌਜਵਾਨ ਵਰਗ,ਸੈਨਿਕਾਂ ਅਤੇ ਔਰਤਾਂ ਤੋਂ ਬਿਨਾਂ ਸਾਰੇ ਸਰੁੱਖਿਅਤ ਹਨ।ਸਮਾਜ ਵਿਚ ਔਰਤਾਂ ਦੀ ਹਾਲਤ ਨੂੰ ਸੁਧਾਰਨ ਲਈ ਜੋਤਿਬਾ ਫੂਲੇ ਜੀ ਨੇ ਪਹਿਲ ਕੀਤੀ।
Illiteracy
ਉਹਨਾਂ ਨੇ ਆਪਣੀ ਪਤਨੀ ਸਾਵਿੱਤਰੀ ਬਾਈ ਫੂਲੇ ਜੀ ਨੂੰ ਸਿੱਖਿਆ ਪ੍ਰਦਾਨ ਕਰਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਸਾਵਿੱਤਰੀ ਬਾਈ ਜੀ ਜੋ ਕਿ ਭਾਰਤ ਦੀ ਪਹਿਲੀ ਸਿੱਖਿਅਤ ਮਹਿਲਾ ,ਸਮਾਜ-ਸੁਧਾਰਕਾ ਅਤੇ ਮਰਾਠੀ ਕਵਿੱਤਰੀ ਹੋਈ ਹੈ। ਇਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਔਰਤਾਂ ਦੇ ਅਧਿਕਾਰਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਅਤੇ ਉੱਥੇ ਹੀ ਇਨ੍ਹਾਂ ਨੂੰ ਸਮਾਜ ਦੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।
ਕਿਉਂਕਿ ਹਿੰਦੂ ਧਰਮ ਵਿੱਚ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਨਹੀਂ ਸੀ ਬਲਕਿ ਉਹਨਾਂ ਦਾ ਮਤ ਸੀ ਕਿ ਔਰਤ ਨੂੰ ਮਰਦ ਦੇ ਅਧੀਨ ਰਹਿਣਾ ਚਾਹੀਦਾ। ਡਾਕਟਰ ਬੀ.ਆਰ ਅੰਬੇਦਕਰ ਨੇ ਆਪਣੀ ਪੁਸਤਕ ਹਿੰਦੂ ਨਾਰੀ ਦੀ ਚੜ੍ਹਤ ਅਤੇ ਪਤਨ ਵਿਚ ਲਿਖਿਆ ਹੈ ਕਿ ਔਰਤਾਂ 'ਤੇ ਲੱਖਾਂ ਪਾਬੰਦੀਆਂ ਸਨ। ਉਹ ਵਿੱਦਿਆ ਅਤੇ ਗਿਆਨ ਪ੍ਰਾਪਤੀ ਦੇ ਖੇਤਰ ਤੋਂ ਕੋਹਾਂ ਦੂਰ ਸਨ।
womens right
ਬੁੱਧ ਦੀ ਦੂਰ- ਦ੍ਰਿਸ਼ਟੀ ਸਦਕਾ ਔਰਤਾਂ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਜੋਗੀਆ ਹੋਈਆ। ਔਰਤ ਲਈ ਬੁੱਧ ਧੰਮ ਵਿੱਚ ਪ੍ਰਵੇਸ਼ -ਦੁਆਰ ਖੋਲ ਕੇ ਭਗਵਾਨ ਬੁੱਧ ਨੇ ਜਿਹੜਾ ਪੈਰੋਕਾਰ ਔਰਤਾਂ 'ਤੇ ਕੀਤਾ ਉਹ ਸੰਸਾਰ ਦਾ ਹੋਰ ਕੋਈ ਮਹਾਂਪੁਰਖ ਨਹੀਂ ਕਰ ਸਕਿਆ। ਇਸ ਸੁਨਹਿਰੀ ਕਾਲ ਤੋਂ ਔਰਤ ਦੀ ਉੱਨਤੀ ਦਾ ਯੁੱਗ ਸ਼ੁਰੂ ਹੋਇਆ ਜਦੋਂ ਔਰਤ ਨੂੰ ਮਾਨ- ਸਨਮਾਨ ਮਿਲਿਆ।
ਔਰਤ ਮਹਾਨ ਹੈ ਜੋ ਬੋਧੀ-ਜੀਵਾਂ ਨੂੰ ਜਨਮ ਦਿੰਦੀ ਹੈ। ਮਹਾਨ ਸਮਰਾਟਾਂ ਨੂੰ ਆਪਣੀ ਕੁੱਖੋਂ ਪੈਦਾ ਕਰਦੀ ਹੈ। ਬੁੱਧ ਧਰਮ ਅਤੇ ਸਿੱਖ ਫਲਸਫਾਂ ਦੋਵੇਂ ਹੀ ਨਾਲ- ਨਾਲ ਚੱਲਦੇ ਹਨ। ਅੱਜ ਦੇ ਆਧੁਨਿਕ ਯੁੱਗ ਵਿੱਚ ਔਰਤਾਂ ਹਰ ਖੇਤਰ ਵਿੱਚ ਆਪਣੀ ਪਹਿਚਾਣ ਬਣਾ ਚੁੱਕੀਆਂ ਹਨ। ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਸਾਇੰਸ ਦਾ ,ਪੋਲੀਟਿਕਸ ਦਾ ਖੇਤਰ ਹੋਵੇ ਜਾਂ ਫੈਸ਼ਨ ਦੀ ਦੁਨੀਆਂ ਦਾ। ਹਰ ਖੇਤਰ ਵਿੱਚ ਆਪਣੇ ਕੰਮ ਦਾ ਲੋਹਾ ਮਨਵਾ ਚੁੱਕੀਆ ਹਨ।
Kalpana Chawla
ਇਨ੍ਹਾਂ ਵਿੱਚੋਂ ਮਦਰ ਟਰੇਸਾ, ਕਲਪਨਾ ਚਾਵਲਾ, ਇੰਦਰਾ ਨੂਈ, ਐਸ਼ਵਰਿਆ ਰਾਏ ਵਿਸ਼ਵ ਪ੍ਰਸਿੱਧ ਔਰਤਾਂ ਹਨ ਪਰ ਫਿਰ ਵੀ ਅੱਜ ਦੀਆਂ ਔਰਤਾਂ ਦੀ ਦੁਰਦਸ਼ਾ ਤਰਸਯੋਗ ਬਣਦੀ ਜਾ ਰਹੀ ਹੈ। 3 ਸਾਲ ਦੀ ਬੱੱਚੀ ਤੋਂ ਲੈ ਕੇ 35 ਸਾਲ ਦੀ ਔਰਤ ਨਾ ਆਪਣੇ ਘਰ ਵਿਚ ਸਰੁੱਖ਼ਿਅਤ ਹੈ ਅਤੇ ਨਾ ਹੀ ਘਰ ਤੋਂ ਬਾਹਰ ਕਿਸੇ ਕੰਮ ਤੇ। ਪਹਿਲਾਂ ਔਰਤਾਂ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੁੰਦੀਆਂ ਸਨ ਅਤੇ ਹੁਣ ਪਹਿਲਾਂ ਸਮੂਹਿਕ ਜਬਰ ਜਨਾਹ ਹੁੰਦਾ ਹੈ ਅਤੇ ਫਿਰ ਕਤਲ ਕਰ ਦਿੱਤਾ ਜਾਂਦਾ ਹੈ ਜਿਵੇਂ ਕਿ ਔਰਤ ਦੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਹੀਂ। ਅੰਕੜਿਆਂ ਦੇ ਅਨੁਸਾਰ ਭਾਰਤ ਵਿਚ ਹਰ 20 ਮਿੰਟ ਵਿਚ ਮਹਿਲਾ ਨਾਲ ਜਬਰ ਜਨਾਹ ਹੁੰਦਾ ਹੈ।
ਭਾਰਤ ਵਿਚ ਅਪਰਾਧ 2019 ਰਿਪੋਰਟ ਦੱਸਦੀ ਹੈ ਕਿ ਔਰਤਾਂ ਖਿਲਾਫ ਅਪਰਾਧ ਪਿਛਲੇ ਸਾਲ ਤੋਂ 7.3% ਵੱਧ ਚੁੱਕੇ ਹਨ। 2018-19 ਵਿਚ ਬੱਚਿਆਂ ਦੇ ਖਿਲਾਫ਼ ਅਪਰਾਧਾਂ ਵਿਚ 4.5%ਪ੍ਰਤੀਸ਼ਤ ਵਾਧਾ ਹੋਇਆ ਹੈ। 2019 ਵਿੱਚ ਬੱਚਿਆਂ ਖਿਲਾਫ ਅਪਰਾਧ ਦੇ ਕੁੱਲ 1.48 ਲੱਖ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿਚੋ 46.6%ਪ੍ਰਤੀਸ਼ਤ ਅਪਹਰਣ ਮਾਮਲੇ ਸੀ ਅਤੇ 35.3%ਪ੍ਰਤੀਸ਼ਤ ਮਾਮਲੇ ਯੌਨ ਅਪਰਾਧਾਂ ਨਾਲ ਸੰਬੰਧਿਤ ਹਨ। ਮੁੱਕਦੀ ਗੱਲ ਇਹ ਹੈ ਕਿ ਅਜਾਦੀ ਦੇ73 ਸਾਲ ਬਾਅਦ ਵੀ ਸਾਡੇ ਸਮਾਜ ਵਿਚ ਲੋਕਾਂ ਦੀ ਮਾਨਸਿਕ ਅਵਸਥਾ ਵਿਚ ਕੋਈ ਬਦਲਾਅ ਨਹੀਂ ਆਇਆ। ਅੱਜ ਵੀ ਮਨੁਵਾਦੀ ਸੋਚ ਅਤੇ ਜਾਤ- ਪਾਤ ਦਾ ਕੋਹੜ ਸਾਡੇ ਸਮਾਜ ਵਿਚ ਆਪਣੀਆਂ ਜੜ੍ਹਾਂ ਮਜ਼ਬੂਤ ਕਰੀ ਬੈਠਾ ਹੈ।.
PM Modi
ਲੋਕਾਂ ਦੀ ਮਾਨਸਿਕਤਾ ਦਾ ਇਨ੍ਹਾਂ ਕਮਜ਼ੋਰ ਹੋਣਾ ਬੜੇ ਵੱਡੇ ਸਵਾਲ ਖੜ੍ਹੇ ਕਰਦਾ ਹੈ? ਭਾਰਤ ਵਿਚ 2019 ਦੇ ਵਿੱਚ ਹਰ ਦਿਨ ਔਸਤਨ 87 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਅਤੇ ਸਾਲ ਦੌਰਾਨ ਔਰਤਾਂ ਖਿਲਾਫ ਅਪਰਾਧਾਂ ਦੇ 4,05,861 ਮਾਮਲੇ ਦਰਜ ਕੀਤੇ ਗਏ ਅਤੇ 2018 ਤੋਂ 7% ਪ੍ਰਤੀਸ਼ਤ ਬੜੌਤਰੀ ਹੋਈ ਹੈ- ਇਹ ਰਾਸਟਰੀ ਅਪਰਾਧ ਰਿਕਾਰਡ ਬਿਊਰੋ ਦੁਆਰਾ ਜਾਰੀ ਨਵੀਨਤਮ ਅੰਕੜਿਆਂ ਤੋਂ ਪਤਾ ਚੱਲਦਾ ਹੈ। ਮੋਦੀ ਦੇ ਸਾਮਰਾਜ ਵਿਚ ਇੱਦਾਂ ਦੀਆਂ ਘਟਨਾਵਾਂ ਦਾ ਲਗਾਤਾਰ ਵੱਧਣਾ ਅਤੇ ਪ੍ਰਸਾਸ਼ਨ ਵੱਲੋਂ ਕੋਈ ਕਾਰਵਾਈ ਨਾ ਕਰਕੇ ਇਨਸਾਫ਼ ਨਾ ਦਿਲਵਾਣਾਂ ਇਹ ਲੋਕਤੰਤਰ ਦਾ ਨਹੀਂ ਬਲਕਿ ਤਾਨਾਸ਼ਾਹੀ ਸਰਕਾਰ ਦਾ ਪ੍ਰਤੱਖ ਪ੍ਰਮਾਣ ਹੈ।
ਭਾਰਤੀ ਪਾਰਲੀਮੈਂਟ ਦੇ ਅੰਦਰ ਔਰਤਾਂ ਕਿਸੇ ਰੇਪ ਪੀੜ੍ਹਤ ਲੜਕੀ ਦੇ ਲਈ ਆਵਾਜ਼ ਨਹੀਂ ਉਠਾ ਸਕਦੀਆਂ। ਕੀ ਔਰਤਾਂ ਦਾ ਉੱਥੇ ਹੋਣਾ ਬੇਕਾਰ ਨਹੀਂ ਫਿਰ? ਕਾਂਗਰਸ ਅਤੇ ਬੀਜੇਪੀ ਸਰਕਾਰ ਨੇ ਕਦੇ ਵੀ ਔਰਤਾਂ ਅਤੇ ਬੱਚਿਆਂ ਲਈ ਕੋਈ ਵੀ ਬਿੱਲ ਪਾਰਲੀਮੈਂਟ ਵਿੱਚ ਪਾਸ ਨਹੀਂ ਕੀਤਾ। ਹੋਰ ਕਿਸਾਨ ਵਿਰੋਧੀ ਬਿੱਲ ਇਨ੍ਹਾਂ ਨੂੰ ਵਾਧੂ ਪਾਸ ਕਰਨੇ ਆਉਂਦੇ ਨੇ।. ਸਾਡੇ ਪੰਜਾਬ ਵਿੱਚ ਵੀ ਔਰਤਾਂ ਦੀ ਸੁਰੱਖ਼ਿਆ ਨੂੰ ਲੈ ਕੇ ਕੋਈ ਸਖ਼ਤ ਕਾਨੂੰਨ ਨਹੀ ਬਣਾਇਆ ਗਿਆ। ਔਰਤਾਂ ਦੀ ਅਜਿਹੀ ਤਣਾਓ ਭਰੀ ਮਾਨਸਿਕ ਅਵਸਥਾ ਨੂੰ ਦੇਖਦੇ ਹੋਏ ਸਮਾਜ ਨੂੰ ਉਸਾਰੂ ਨਹੀਂ ਕਿਹਾ ਜਾ ਸਕਦਾ। ਭਾਰਤ ਦੀ ਅੱਧੀ ਅਬਾਦੀ ਔਰਤਾਂ ਦੀ ਹੈ ਅਗਰ ਇਹ ਦੋ ਨੰਬਰ ਬਣੀਆਂ ਰਹਿਣਗੀਆਂ ਤਾਂ ਭਾਰਤ ਕਦੇ ਵੀ ਤਰੱਕੀ ਨਹੀਂ ਕਰ ਸਕਦਾ ।
Khandker Anwarul Islam
ਅਜਿਹੀ ਇਸਤਰੀ ਮਾਨਸਿਕ ਤੇ ਸਰੀਰਕ ਰੂਪ ਵਿੱਚ ਸਿਹਤਮੰਦ ਨਹੀਂ ਰਹਿ ਸਕਦੀ।. ਉਸਦੀ ਅਜਿਹੀ ਤਣਾਓ ਵਾਲੀ ਸਥਿਤੀ ਵਾਲਾ ਵਾਤਾਵਰਨ ਆਧੁਨਿਕ ਯੁੱਗ ਦੇ ਸੱਭਿਅਤ ਹੋਣ ਦੀ ਗਵਾਹੀ ਨਹੀਂ ਦਿੰਦਾ। ਹਾਲ ਹੀ ਵਿਚ ਖ਼ਬਰ ਸੁਣਨ ਨੂੰ ਮਿਲੀ ਹੈ ਕਿ ਬੰਗਲਾਦੇਸ਼ ਦੇ ਵਿੱਚ ਬਲਾਤਕਾਰੀਆਂ ਨੂੰ ਸਜ਼ਾ ਦੇਣ ਦਾ ਲੰਮੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ ਸੋ ਬੀਤੇ ਦਿਨੀਂ ਸਰਕਾਰ ਨੇ ਲੋਕਾਂ ਦੀ ਮੰਗ ਅੱਗੇ ਝੁਕਦੇ ਹੋਏ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਦੇ ਬੁਲਾਰੇ ਖਾਡਕਰ ਅਨਵਾਰੂਲ ਇਸਲਾਮ ਨੇ ਦੱਸਿਆ ਕਿ ਰਾਸ਼ਟਰਪਤੀ ਅਬਦੁਲ ਹਾਮਿਦ ਮਹਿਲਾ ਤੇ ਬਾਲ ਸ਼ੈਸਨ ਐਕਟ 'ਚ ਸੋਧ ਸੰਬੰਧੀ ਆਰਡੀਨੈਂਸ ਜਾਰੀ ਕਰ ਸਕਦੇ ਹਨ।
ਸੋ ਭਾਰਤ ਵਿਚ ਵੀ ਸਖ਼ਤ ਕਾਨੂੰਨ ਬਣਾਉਣ ਦੇ ਲਈ ਪੜ੍ਹੇ- ਲਿਖੇ ਸੂਝਵਾਨ ਨੌਜਵਾਨਾਂ ਨੂੰ, ਬੁੱਧੀਜੀਵੀ ਚਿੰਤਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਔਰਤਾਂ ਨੂੰ ਵੀ ਅੱਗੇ ਆ ਕੇ ਆਪਣੀ ਲੜਾਈ ਆਪ ਲੜਨੀ ਚਾਹੀਦੀ ਹੈ। ਕਿਉਂਕਿ ਅੱਜ ਦੀ ਸਰਕਾਰ ਅਪਾਹਜ ਬਣ ਚੁੱਕੀ ਹੈ ਜਿਸ ਨੂੰ ਦੇਖਣਾ -ਸੁਣਨਾਂ ਬੰਦ ਹੋ ਗਿਆ ਹੈ। ਹੁਣ ਸਮਾਂ ਆ ਗਿਆ ਹੈ ਜਦੋਂ ਅਸੀਂ ਆਪਣੇ ਹੱਥਾਂ 'ਤੇ ਮਹਿੰਦੀ ਨਹੀਂ ਸਜਾਉਣੀ।
Phoolan Devi
ਇਨ੍ਹਾਂ ਦੇ ਗਰਮ ਖੂਨ ਨੂੰ ਠੰਡਾ ਕਰਨ ਲਈ ਸਾਨੂੰ ਆਪਣੇ ਹੱਥਾਂ ਦੇ ਵਿੱਚ ਸਾਸ਼ਤਰ ਸਜਾਉਣੇ ਪੈਣੇ ਆ। ਸਾਨੂੰ ਸੀਤਾ ਸਤੀ ਦਰੋਪਦੀ ਨਹੀ ਫੂਲਨ ਦੇਵੀ ਬਣਨਾ ਪੈਣਾ ਕਿਉਂਕਿ ਅਸੀਂ ਵਹਿਸ਼ੀਆ ਵਿੱਚ ਆਪਣੀ ਹੋਂਦ ਨੂੰ ਜਿੰਦਾਂ ਰੱਖਣਾ ਹੈ ਕਿਉਂਕਿ ਅਸੀਂ ਮਾਤਾ ਸਾਹਿਬ ਕੌਰ ਤੇ ਮਾਈ ਭਾਗੋ ਦੀਆਂ ਵਾਰਸਾਂ ਹਾਂ।ਇਸ ਲਈ ਔਰਤ ਨੂੰ ਆਪਣੀ ਹੋਂਦ ਦੇ ਲਈ ਲੜਨਾ ਹੀ ਪਵੇਗਾ।
ਸੋ ਅੰਤ ਵਿੱਚ ਇਹੀ ਕਹਾਂਗੀ ਕਿ ਔਰਤਾਂ ਅਤੇ ਬੱਚਿਆਂ ਦੀ ਸੁਰੱਖ਼ਿਆ ਨੂੰ ਯਕੀਨੀ ਬਣਾਉਣ ਦੇ ਲਈ ਅਕਲ ਦੇ ਹਥਿਆਰ ਦੀ ਵਰਤੋਂ ਕਰਨੀ ਪੈਣੀ ਆ। ਸਾਨੂੰ ਸਾਰਿਆਂ ਨੂੰ ਰਲ਼- ਮਿਲ ਕੇ ਔਰਤਾਂ ਦੇ ਹੱਕਾਂ ਲਈ ਅਵਾਜ ਬੁਲੰਦ ਕਰਨੀ ਚਾਹੀਦੀ ਹੈ ਫਿਰ ਹੀ ਅਸੀਂ ਆਪਣੀ ਮੰਜਿਲ ਨੂੰ ਸਰ ਕਰ ਸਕਦੇ ਹਾਂ ਕਿਉਂਕਿ ਸਾਡਾ ਭਾਰਤ ਲੰਕਾਂ ਦਮਨ ਸੰਸਕ੍ਰਿਤੀ ਨਾਲ ਸਬੰਧਤ ਹੈ ਨਾ ਕਿ ਕੈਂਡਲ ਮਾਰਚ ਨਾਲ ਸਬੰਧਤ ਹੈ। ਸੋ ਜਿੱਤ ਹਮੇਸ਼ਾ ਸੰਘਰਸ਼ ਕਰਦੇ ਲੋਕਾਂ ਦੀ ਹੀ ਹੁੰਦੀ ਹੈ।
ਕੁੱਝ ਕੁੱਖਾਂ ਦੇ ਵਿੱਚ ਮਰਦੀਆਂ ਧੀਆਂ..
ਕੁੱਝ ਦਾਜ ਦੀ ਬਲੀ ਚੜਦੀਆਂ ਧੀਆਂ..
ਜਦ ਜਿਸਮਾਨੀ ਕੁੱਤੇ ਆ ਨੋਚਣ ਇਹਨਾਂ ਨੂੰ,,
ਆਪਣੇ ਹੱਕਾਂ ਲਈ ਫਿਰ ਲੜਦੀਆਂ ਧੀਆਂ..
ਹਾਕਮ ਜਮਾਤ ਨਾ ਸੁਣੇ ਕਿਉ ਪੁਕਾਰ ਇਹਨਾਂ ਦੀ,,
ਹਰ ਰੋਜ਼ ਅੱਗ ਵਿੱਚ ਸੜਦੀਆਂ ਧੀਆਂ..
ਨਾ ਸਮਝੋ ਇਹਨਾਂ ਨੂੰ ਜੁੱਤੀ ਪੈਰਾਂ ਦੀ,,
ਵੈਰੀਆਂ ਅੱਗੇ ਹਿੱਕ ਤਾਣ ਖੜਦੀਆਂ ਧੀਆਂ..
"ਪ੍ਰੀਤ" ਰਹਿਣ ਸਲਾਮਤ ਸਦਾ ਹੀ,,
ਰਹਿਣ ਤਰੱਕੀ ਕਰਦੀਆਂ ਧੀਆਂ...... ਧੰਨਵਾਦ।
(ਹਰਪ੍ਰੀਤ ਕੌਰ ਦੁੱਗਰੀ), ਪਿੰਡ ਦੁੱਗਰੀ ਜ਼ਿਲ੍ਹਾ ਸੰਗਰੂਰ। ਸੰਪਰਕ 9478238443