
ਲਗਭਗ ਇਕ ਸਾਲ ਪਹਿਲਾਂ 10 ਸਾਲ ਬਾਅਦ ਸੱਤਾ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਇਨ੍ਹਾਂ ਵਚੋਂ ਕੁੱਝ ਤਾਂ ਪੂਰੇ ਹੋ ਗਏ ਜਦ...
ਲਗਭਗ ਇਕ ਸਾਲ ਪਹਿਲਾਂ 10 ਸਾਲ ਬਾਅਦ ਸੱਤਾ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਇਨ੍ਹਾਂ ਵਚੋਂ ਕੁੱਝ ਤਾਂ ਪੂਰੇ ਹੋ ਗਏ ਜਦ ਕਿ ਕੁੱਝ ਅਧੂਰੇ ਪਏ ਹਨ। ਰੋਜ਼ਾਨਾ ਸਪੋਕਸਮੈਨ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ-ਸ਼ਹਰਾਂ ਵਿਚ ਜਾ ਕੇ ਆਮ ਲੋਕਾਂ ਤੋਂ ਇਹ ਜਾਣਨਾ ਚਾਹਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਹੁਣ ਉਹ ਕਿਹੋ ਜਿਹਾ ਮਹਸੂਸ ਕਰਦੇ ਹਨ? ਪੇਸ਼ ਹੈ ਕੁੱਝ ਵਿਅਕਤੀਆਂ ਨਾਲ ਕੀਤੀ ਗਈ ਗੱਲਬਾਤ।
ਕੀ ਹਨ ਪੰਜਾਬ ਸਰਕਾਰ ਦੇ ਵਾਅਦੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2018 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਅਨੇਕਾਂ ਵਾਅਦੇ ਕੀਤੇ ਸਨ, ਜਿਨ੍ਹਾਂ ਦੀ ਪੂਰਤੀ ਲਈ ਕੈਪਟਨ ਸਰਕਾਰ ਬਹੁਤ ਸਾਰੇ ਯਤਨ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚਲ ਰਹੀ ਪੰਜਾਬ ਕਾਂਗਰਸ ਸਰਕਾਰ ਨੂੰ ਇਕ ਸਾਲ ਪੂਰਾ ਹੋ ਗਿਆ ਹੈ ਅਤੇ ਪੰਜਾਬ ਕਾਂਗਰਸ ਸਰਕਾਰ ਅਪਣੇ ਬੋਲਾਂ 'ਤੇ ਖਰੀ ਉਤਰਨ ਲਈ ਘਾਲਣਾ ਘਾਲ ਰਹੀ ਹੈ। ਪੰਜਾਬ ਕਾਂਗਰਸ ਨੇ ਅਪਣੇ ਮੈਨੀਫੈਸਟੋ ਦੇ ਦੂਸਰੇ ਅੰਕ ਵਿਚ ਨਸ਼ੇ ਦੀ ਸਪਲਾਈ, ਵੰਡ ਅਤੇ ਖਪਤ ਨੂੰ ਪੂਰੀ ਤਰ੍ਹਾਂ ਰੋਕਣ ਦਾ ਵਾਅਦਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬਠਿੰਡਾ ਦੀ ਰੈਲੀ ਵਿਚ 'ਗੁਟਕਾ ਸਾਹਿਬ' ਨੂੰ ਹੱਥ ਵਿਚ ਫੜ੍ਹ ਕੇ ਸਹੁੰ ਚੁਕੀ ਸੀ ਕਿ ਚੋਣਾਂ ਵਿਚ ਜਿੱਤਣ ਤੋਂ ਬਾਅਦ ਪਹਲੇ ਚਾਰ ਹਫਤਿਆਂ ਵਿਚ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿਚ ਆਉਂਦੇ ਹੀ ਚਿੱਟੇ ਦਾ ਲੱਕ ਭੰਨਣ ਦੀ ਗੱਲ ਵੀ ਆਖੀ ਸੀ।
ਬੇਰੋਜ਼ਗਾਰੀ ਪੰਜਾਬ ਸੂਬੇ ਵਿਚ ਘਰ ਕਰ ਚੁਕੀ ਹੈ ਅਤੇ ਸਮੇਂ-ਸਮੇਂ 'ਤੇ ਬਦਲਦੀ ਸਰਕਾਰ ਅਪਣੇ ਵੱਖੋ-ਵਖਰੇ ਵਾਅਦਿਆਂ ਨਾਲ ਪੰਜਾਬ ਦੀ ਜਨਤਾ ਨੂੰ ਬੇਰੋਜ਼ਗਾਰੀ ਖ਼ਤਮ ਕਰਨ ਦਾ ਭਰੋਸਾ ਦਵਾਉਂਦੀ ਹੈ। ਪੰਜਾਬ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਅਜਿਹਾ ਹੀ ਇਕ ਵਾਅਦਾ ਕੀਤਾ ਸੀ ਤੇ ਅਪਣੇ ਵਲੋਂ ਜਾਰੀ ਕੀਤੇ ਗਏ ਮੈਨੀਫ਼ੈਸਟੋ ਦੇ ਤੀਸਰੇ ਅੰਕ ਵਿਚ 'ਘਰ-ਘਰ ਰੁਜ਼ਗਾਰ' ਦੇਣ ਦਾ ਵਾਅਦਾ ਕੀਤਾ ਸੀ ਪਰ ਕੈਪਟਨ ਸਰਕਾਰ ਇਕ ਸਾਲ ਪੂਰਾ ਹੋਣ ਤਕ ਅਪਣੇ ਵਲੋਂ ਰੁਜ਼ਗਾਰ ਦੇਣ ਦੇ ਕੀਤੇ ਗਏ ਇਸ ਵਾਅਦੇ ਦੇ ਪਹਿਲੇ ਪੜਾਅ ਨੂੰ ਵੀ ਪੂਰਾ ਨਹੀਂ ਕਰ ਪਾਈ ਜਿਸ ਕਾਰਨ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਨਰਾਸ਼ਾ ਦਾ ਸਾਹਮਣਾ ਕਰਨਾ ਪੈ ਰਹਾ ਹੈ।
ਵਾਅਦਆਿਂ ਨੂੰ ਪੂਰਾ ਕਰਨ ਲਈ ਕੀ ਹਨ ਸਰਕਾਰ ਦੇ ਕਦਮ
ਪੰਜਾਬ ਵਿਚ ਕਾਂਗਰਸ ਸਰਕਾਰ ਬਣਿਆਂ ਇਕ ਸਾਲ ਹੋ ਗਿਆ ਹੈ ਅਤੇ ਨਸ਼ੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹੋਏ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰੀ ਨੂੰ ਰੋਕਣ ਲਈ ਪੰਜਾਬ ਵਿਚ ਇਕ ਸਪੈਸ਼ਲ ਫ਼ੋਰਸ ਦਾ ਸੰਗਠਨ ਕੀਤਾ ਗਿਆ ਹੈ। ਇਸ ਸਪੈਸ਼ਲ ਫ਼ੋਰਸ ਨੇ ਪੰਜਾਬ ਦੀਆਂ ਸਰਹੱਦਾਂ 'ਤੇ ਬਾਜ਼ ਅੱਖ ਰੱਖੀ ਹੋਈ ਹੈ ਅਤੇ ਹੁਣ ਤਕ ਸਰਹੱਦ ਤੋਂ ਹੁੰਦੀ ਨਸ਼ਾ ਤਸਕਰੀ 'ਤੇ ਬਹੁਤ ਭਾਰੀ ਸੱਟ ਮਾਰੀ ਹੈ। ਪੰਜਾਬ ਵਿਚ ਕਾਂਗਰਸ ਸਰਕਾਰ ਦੇ ਇਕ ਸਾਲ ਪੂਰੇ ਹੋਣ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਟੀਵੀ ਦੀ ਟੀਮ ਵਲੋਂ ਵਿਸ਼ੇਸ਼ ਸਰਵੇ ਕੀਤਾ ਗਿਆ ਅਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜਾਣਆਿ ਗਿਆ। ਮੁੱਖ ਮੰਤਰੀ ਵਲੋਂ ਕੀਤੇ ਗਏ ਵਾਅਦੇ 'ਤੇ ਲੋਕਾਂ ਦੀ ਰਾਇ ਕਾਫ਼ੀ ਹੱਦ ਤਕ ਸਰਕਾਰ ਦੇ ਹੱਕ ਵਿਚ ਰਹੀ ਹੈ। ਆਉ ਵੇਖੀਏ, ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਨਸ਼ੇ ਬਾਰੇ ਕੀਤੇ ਗਏ ਸਰਵੇ ਦੌਰਾਨ ਲੋਕਾਂ ਦੇ ਸਰਕਾਰ ਪ੍ਰਤੀ ਕੀ ਵਿਚਾਰ ਹਨ। 'ਘਰ-ਘਰ ਰੁਜ਼ਗਾਰ' ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੈਪਟਨ ਸਰਕਾਰ ਨੇ ਰੁਜ਼ਗਾਰ ਮੇਲੇ ਵੀ ਲਗਾਏ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਕਹਣਾ ਹੈ ਕਿ ਹੁਣ ਤਕ ਪੰਜਾਬ ਸਰਕਾਰ ਡੇਢ ਲੱਖ ਤੋਂ ਜ਼ਿਆਦਾ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਪੱਤਰ ਵੰਡ ਚੁਕੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਰੁਜ਼ਗਾਰ ਦੇਣ ਦੀਆਂ ਇਹ ਯੋਜਨਾਵਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਅਤੇ ਆਉਣ ਵਾਲੇ ਸਮੇਂ ਵਿਚ ਉਹ ਸੂਬੇ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਪ੍ਰਦਾਨ ਕਰਵਾਉਂਦੇ ਰਹਿਣਗੇ। ਇਸ ਤੋਂ ਇਲਾਵਾ ਕੈਪਟਨ ਸਰਕਾਰ ਦਾ ਕਹਿਣਾ ਹੈ ਕਿ ਉਹ ਨੌਜਵਾਨਾਂ ਨੂੰ ਬਹੁਤ ਜਲਦੀ ਸਮਾਰਟਫ਼ੋਨ ਵੰਡ ਕੇ ਅਪਣਾ ਇਕ ਹੋਰ ਵਾਅਦਾ ਪੂਰਾ ਕਰੇਗੀ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਮਾਰਟਫ਼ੋਨ ਵੰਡਣ ਦੀ ਪ੍ਰਕਿਰਿਆ ਵੀ ਵੱਖ-ਵੱਖ ਪੜਾਵਾਂ ਵਿਚ ਕੀਤੀ ਜਾਵੇਗੀ।
ਰੁਜ਼ਗਾਰ ਬਾਰੇ ਕੀ ਕਹਿਣੈ ਲੋਕਾਂ ਦਾ
ਜੋਬ ਫੇਅਰ ਲੱਗ ਰਹੇ ਹਨ। ਪੰਜਾਬ ਸਰਕਾਰ ਬਹੁਤ ਵੱਡਾ ਕੰਮ ਕਰ ਰਹੀ ਹੈ, ਇਸ ਤੋਂ ਲੱਗਦਾ ਹੈ ਕਿ ਉਮੀਦਾਂ ਪੂਰੀਆਂ ਹੋਣਗੀਆਂ।
ਹਰ ਘਰ ਨੌਕਰੀ ਦਾ ਵਾਅਦਾ ਝੂਠਾ ਨਿਕਲਿਆ । ਵੋਟਾਂ ਪਵਾਉਣ ਲਈ ਇਕ ਲਾਰਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਲਾਂ ਫਾਰਮ ਭਰਵਾਏ ਸੀ। ਕਾਰਡ ਦਿਤੇ ਸਨ ਕਿ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਵਾਂਗੇ, ਪਰ ਅਜੇ ਤਕ ਕੁੱਝ ਵੀ ਨਹੀਂ ਮਲਿਆਿ।
ਨੌਕਰੀਆਂ ਕੇਂਦਰ ਸਰਕਾਰ ਕੋਲ ਨਹੀਂ ਹਨ ਤਾਂ ਸੂਬਾ ਸਰਕਾਰ ਕਿਥੋਂ ਨੌਕਰੀਆਂ ਦੇਵੇ?
ਪੰਜਾਬ ਦੇ ਮੁੰਡਿਆਂ ਨੂੰ ਨੌਕਰੀ ਮਿਲਦੀ ਨਹੀਂ। ਸੜਕਾਂ 'ਤੇ ਡੰਗਰਾਂ ਵਾਂਗ ਵਿਹਲੇ ਤੁਰੇ ਫਿਰਦੇ ਨੇ।
ਸਰਕਾਰ ਠੇਕੇ 'ਤੇ ਰੱਖੇ ਹੋਏ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਕੱਢ ਰਹੀ ਹੈ। ਜੋ ਸਰਕਾਰ ਪੁਰਾਣੇ ਰੁਜ਼ਗਾਰ ਖੋਹ ਰਹੀ ਹੈ, ਉਹ ਨਵੇਂ ਰੋਜ਼ਗਾਰ ਕਿਥੋਂ ਦੇਵੇਗੀ?
ਉੱਚ ਸਿਖਿਆ ਹਾਸਲ ਕਰਨ ਵਾਲੇ ਚਪੜਾਸੀ ਦੀ ਨੌਕਰੀ ਲੱਭ ਰਹੇ ਹਨ ਅਤੇ ਉਹ ਵੀ ਨਹੀਂ ਮਿਲ ਰਹੀ।
ਇਕ ਸਾਲ ਤਕ ਜਿਨ੍ਹਾਂ ਕਰ ਸਕਦੀ ਸੀ ਸਰਕਾਰ ਕਰ ਰਹੀ ਹੈ। ਜਦੋਂ ਫੰਡ ਵਧੇਗਾ ਉਦੋਂ ਨੌਕਰੀਆਂ ਵੀ ਵਧਣਗੀਆਂ।
ਪਹਿਲਾਂ ਵੀ ਜੋਬ ਫੇਅਰ ਹੋਇਆ ਸੀ ਉਸ ਦੇ ਫੀਡਬੈਕ ਤੋਂ ਪਤਾ ਲਗਆਿ ਕਿ ਮੂਰਖ ਹੀ ਬਣਾ ਰਹੇ ਹਨ।
ਜੋ ਡਿਜ਼ਰਵ ਕਰਦਾ ਹੈ ਉਹ ਤਾਂ ਬੇਰੁਜ਼ਗਾਰ ਫਿਰਦਾ ਹੈ ਅਤੇ 40-45 ਫ਼ੀਸਦੀ ਅੰਕ ਲੈਣ ਵਾਲੇ ਨੂੰ ਨੌਕਰੀਆਂ ਦਿਤੀਆਂ ਜਾ ਰਹੀਆਂ ਨੇ। ਉਤੋਂ ਕਿਹਾ ਜਾ ਰਿਹਾ ਕਿ ਸਿਸਟਮ ਅਪਡੇਟ ਹੋਵੇਗਾ।
ਨਸ਼ੇ ਬਾਰੇ ਕੀ ਕਿਹਾ ਲੋਕਾਂ ਨੇ
ਹਰ ਇਕ ਸਰਕਾਰ ਦਾ ਇਕ ਸਮਾਂ ਹੁੰਦਾ ਹੈ ਜਿਸ ਕਰ ਕੇ ਪਹਿਲਾਂ ਕੁੱਝ ਮਹੀਨੇ ਤਾਂ ਏਦਾਂ ਹੀ ਨਿਕਲ ਜਾਂਦੇ ਹਨ। ਜਿਥੋਂ ਤਕ ਨਸ਼ੇ ਦੀ ਗੱਲ ਹੈ ਤਾਂ ਨਸ਼ੇ ਪ੍ਰਤੀ ਸਰਕਾਰ ਕਾਫ਼ੀ ਕੰਮ ਕਰ ਰਹੀ ਹੈ।
ਨਸ਼ਿਆਂ 'ਤੇ ਪਹਿਲਾਂ ਨਾਲੋਂ ਜ਼ਿਆਦਾ ਰੋਕ ਲੱਗੀ ਹੈ, ਪਿਛਲੇ ਸਮੇਂ ਵਿਚ ਨਸ਼ਾ ਆਮ ਵਿਕਦਾ ਸੀ, ਜਗ੍ਹਾ-ਜਗ੍ਹਾ 'ਤੇ ਨਾਜਾਇਜ਼ ਦਾਰੂ ਮਿਲਦੀ ਸੀ |
ਸਰਕਾਰ ਮੈਨੀਫ਼ੈਸਟੋ 'ਚ ਜੋ ਕਿਹਾ ਸੀ ਉਹ ਪੂਰਾ ਨਹੀਂ ਹੋਇਆ, ਜੇ ਗੱਲ ਕਰੋ ਨਸ਼ੇ ਦੀ ਤਾਂ ਨਸ਼ਾ ਘਟਿਆ ਨਹੀਂ ਪਰ ਮਹਿੰਗਾ ਜ਼ਰੂਰ ਹੋ ਗਿਆ ਹੈ |
ਕੋਈ ਘੱਟ ਨਹੀਂ ਹੋਇਆ, ਸ਼ਰਾਬ ਪਹਿਲਾਂ ਨਾਲੋਂ ਸਸਤੀ ਹੋ ਗਈ |
ਹਰ ਥਾਂ 'ਤੇ ਨਸ਼ੇ ਦੇ ਵਪਾਰੀ ਨੇ, ਜਗ੍ਹਾ-ਜਗ੍ਹਾ ਨਸ਼ਾ ਵਿਕ ਰਿਹਾ ਹੈ | ਕੁਝ ਵੀ ਫਰਕ ਨਹੀਂ ਪਿਆ |
ਹਾਂ, ਪਹਿਲਾਂ ਪਹਿਲ ਜਦੋਂ ਸਰਕਾਰ ਆਈ ਤਾਂ ਕਾਫ਼ੀ ਰੋਕ ਲਗੀ ਪਰ ਹੁਣ ਸਖ਼ਤੀ ਘੱਟ ਗਈ ਹੈ।
ਪਿੰਡਾਂ ਵਿਚ ਸਭ ਕੁਝ ਵਿਕ ਰਿਹਾ ਹੈ | ਅਫੀਮ, ਸਮੈਕ, ਭੁਕੀ ਸਭ ਕੁਝ ਸ਼ਰੇਆਮ ਵਿਕ ਰਿਹਾ ਹੈ |
ਜਦੋਂ ਦੀ ਕੈਪਟਨ ਸਰਕਾਰ ਬਣੀ ਹੈ, ਨਸ਼ਿਆਂ 'ਤੇ ਕਾਫੀ ਠੱਲ੍ਹ ਹੈ।
ਚੰਗੇ ਕੰਮ ਹੋ ਰਹੇ ਹਨ,ਥੋੜ੍ਹਾ ਜਿਹਾ ਸਮਾਂ ਲਗੇਗਾ। ਚਾਰ-ਪੰਜ ਸਾਲਾਂ ਬਾਅਦ ਚੰਗਾ ਸਮਾਂ ਵਾਪਸ ਆ ਜਾਵੇਗਾ। ਇਕ ਸਾਲ ਪੂਰਾ ਹੋਣ ਤਕ ਕੈਪਟਨ ਦੀ ਸਰਕਾਰ ਅਪਣੇ ਵਲੋਂ ਨਸ਼ੇ ਸਬੰਧੀ ਕੀਤੇ ਗਏ ਵਾਅਦੇ 'ਤੇ ਖਰਾ ਉਤਰਨ ਦੀ ਨਿਰੰਤਰ ਕੋਸ਼ਸ਼ਿ ਕਰ ਰਹੀ ਹੈ |
ਨਸ਼ਾ ਤਾਂ ਪਹਿਲਾਂ ਵੀ ਸੀ ਤੇ ਹੁਣ ਵੀ ਹੈ। ਸਭ ਕੁਝ ਪਹਿਲਾਂ ਵਾਂਗ ਹੀ ਹੈ।
ਕਹਿੰਦੇ ਹਨ ਕਿ ਪਹਿਲਾ ਨਾਲੋਂ ਘੱਟ ਹੋਇਆ ਹੈ ਪਰ ਫਿਰ ਵੀ ਚਲਦਾ ਤਾਂ ਹੈ | ਨਸ਼ਾ ਵਿਕਦਾ ਤਾਂ ਹੈ |
ਕਸਾਨੀ ਕਰਜ਼ੇ ਬਾਰੇ ਕੀ ਕਿਹਾ ਲੋਕਾਂ ਨੇ
ਕੁੱਝ ਵੀ ਮੁਆਫ਼ ਨਹੀਂ ਹੋਇਆ, ਸਰਕਾਰਾਂ ਸਿਰਫ ਕਹਿ ਕੇ ਸਾਰ ਦਿੰਦੀਆਂ ਹਨ। ਵੋਟਾਂ ਸਮੇਂ ਜ਼ਰੂਰ ਕਿਹਾ ਸੀ ਕਿ ਕਰਜ਼ਾ ਮੁਆਫ਼ ਕਰਾਂਗਾ ਪਰ ਹੋਇਆ ਕੁੱਝ ਵੀ ਨਹੀਂ।
ਕਿਸਾਨਾਂ ਨੂੰ ਹੌਂਸਲਾ ਹੋ ਗਿਆ ਹੈ ਅਤੇ ਹੁਣ ਕਸਾਨ ਵੀਰ ਕਰਜ਼ੇ ਦੀ ਚਿੰਤਾ ਨਹੀਂ ਕਰਦੇ। ਕਿਸਾਨਾਂ ਨੂੰ ਸਰਕਾਰ 'ਤੇ ਪੂਰੀ ਉਮੀਦ ਹੈ ਕਿ ਕੈਪਟਨ ਦੀ ਸਰਕਾਰ ਉਨ੍ਹਾਂ ਦਾ ਸਾਰਾ ਕਰਜ਼ਾ ਮੁਆਫ਼ ਕਰੇਗੀ।
ਸਰਕਾਰ ਨੇ ਸੁਸਾਇਟੀਆਂ ਵਾਲਾ ਕਰਜ਼ਾ ਮੁਆਫ਼ ਕੀਤਾ ਹੈ। ਮਾੜਾ-ਮੋਟਾ ਹੀ ਕਰਜ਼ਾ ਮੁਆਫ਼ ਕੀਤਾ ਹੈ। ਕਿਸੇ ਗ਼ਰੀਬ ਕਿਸਾਨ ਦਾ ਨਹੀਂ ਸਗੋਂ ਅਮੀਰ ਕਿਸਾਨ ਦਾ ਹੀ ਕੀਤਾ ਹੈ।
ਕਿਸਾਨੀ ਕਰਜ਼ਾ ਹੁਣ ਕੀ ਪਤਾ ਕਿਸੇ ਨੇ ਕਿਉਂ ਲਿਆ ਹੈ, ਸਰਕਾਰ ਉਸ ਦਾ ਕੀ ਕਰੇ। ਸਟੈਪ ਦਰ ਸਟੈਪ ਕੰਮ ਹੋ ਰਹਾ ਹੈ।
ਕਹਿ ਤਾਂ ਰਹੇ ਐ ਕਿ ਸਰਕਾਰ ਕਰਜ਼ਾ ਮੁਆਫ਼ ਕਰ ਰਹੀ ਹੈ, ਪਰ ਅਜੇ ਸਾਡੇ ਪਿੰਡ ਤਾਂ ਨੀ ਹੋਇਆ ਕਿਸੇ ਦਾ। ਹਾਂ, ਪਰ ਆਸੇ-ਪਾਸੇ ਦੇ ਪਿੰਡਾਂ ਦੀਆਂ ਲਿਸਟਾਂ ਤਾਂ ਆਈਆਂ।
ਕਿਸਾਨੀ ਕਰਜਾ ਕਹਿੰਦੇ ਸੀ ਮੁਆਫ ਕਰਾਂਗੇ, ਪਰ ਅਜੇ ਕੁਝ ਕੀਤਾ ਨਹੀਂ। ਜੇ ਕਿਸੇ ਦਾ ਕੀਤਾ ਹੈ ਤਾਂ ਬਹੁਤ ਘੱਟ ਕੀਤਾ ਹੈ।
ਬਹੁਤ ਵਧੀਆ ਇਨਸਾਨ ਹੈ ਜੀ ਕੈਪਟਨ ਸਾਹਿਬ । ਪਿਛਲੀ ਸਰਕਾਰ ਨੇ ਜੋ ਕੀਤਾ ਉਸ ਨੂੰ ਠੀਕ ਕਰਨ 'ਚ ਸਮਾਂ ਤਾਂ ਲਗੂ। ਕਿਸਾਨਾਂ ਨੂੰ ਲਾਭ ਮਿਲ ਰਿਹਾ, ਸਰਕਾਰ ਕੰਮ ਕਰ ਰਹੀ ਹੈ, ਅੱਗੇ ਵੀ ਕਰੂ।
ਹਰ ਬੰਦੇ ਨੂੰ ਇਹ ਸੀ ਕਿ ਜੇ ਕਰਜ਼ਾ ਨਾ ਭਰਾਂਗੇ ਤਾਂ ਮੁਆਫ਼ ਹੋ ਜਾਊਗਾ, ਪਰ ਸਰਕਾਰ ਨੇ ਕਰਜ਼ਾ ਮੁਆਫ਼ ਨਹੀਂ ਕੀਤਾ ਅਤੇ ਕਿਸਾਨਾਂ ਨੇ ਵੀ ਨਹੀਂ ਭਰਿਆ।
ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਕੋਈ ਕਰਜਾ ਨਹੀਂ ਮੁਆਫ ਕੀਤਾ, ਨਾ ਮੋਦੀ ਨੇ ਕੀਤਾ ਨਾ ਕਾਂਗਰਸ ਨੇ। ਅਸੀਂ ਤਾਂ ਮਾਰੇ ਗਏ।
ਗੁੰਡਾਗਰਦੀ ਬਾਰੇ ਕੀ ਕਹਿਣੈ ਲੋਕਾਂ ਦਾ
ਗੁੰਡਾਗਰਦੀ ਘਟੀ ਹੈ, ਅਮਨ-ਚੈਨ ਬਣ ਰਿਹਾ ਹੈ। ਪੁਲਿਸ ਪ੍ਰਸ਼ਾਸਨ ਕੰਮ ਕਰ ਰਹਾ ਹੈ। ਆਮ ਜਨਤਾ ਦੀ ਸੁਣਵਾਈ ਹੁੰਦੀ ਹੈ। ਕਾਂਗਰਸ ਸਰਕਾਰ ਨਾਲ ਫਰਕ ਪੈ ਰਹਾ ਹੈ। ਕੈਪਟਨ ਬਹੁਤ ਚੰਗਾ ਬੰਦਾ ਹੈ।
ਥਾਂ-ਥਾਂ 'ਤੇ ਪੁਲਸਿ ਖੜੀ ਹੈ, ਕੋਈ ਫਰਕ ਨਹੀਂ ਪੈਂਦਾ। ਸ਼ਰੇਆਮ ਕੋਈ ਕਿਸੇ ਦਾ ਪਰਸ ਖੋਹ ਕੇ ਲੈ ਜਾਂਦਾ ਹੈ, ਕੋਈ ਕਿਸੇ ਨੂੰ ਚਾਕੂ ਮਾਰ ਦਿੰਦਾ ਹੈ।
ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ ਇਹ ਲੁੱਟਾਂ-ਖੋਹਾਂ ਜੋ ਹੁੰਦੀਆਂ ਹਨ। ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ, ਸਗੋਂ ਗੁੰਡਾਗਰਦੀ ਵੱਧ ਗਈ ਹੈ।
ਗੁੰਡਾਗਰਦੀ ਘੱਟ ਰਹੀ ਹੈ। ਤੁਸੀਂ ਆਪ ਦੇਖੋ, ਗੌਂਡਰ ਨੂੰ ਮਾਰ ਦਿਤਾ ਹੋਰ ਬਹੁਤ ਸਾਰੇ ਗੈਂਗਸਟਰ ਆਤਮਸਮਰਪਣ ਕਰ ਰਹੇ ਆ, ਫਰਕ ਪੈ ਰਿਹਾ ਜੀ।
ਥੋੜੀ ਦੇਰ ਪਹਿਲਾਂ ਜਦੋਂ ਸਿਰਸਾ ਮਾਮਲਾ ਕਰ ਕੇ ਪੰਜਾਬ ਦਾ ਮਹੌਲ ਖਰਾਬ ਹੋਇਆ ਸੀ ਤਾਂ ਪੰਜਾਬ ਸਰਕਾਰ ਦੇ ਸਖ਼ਤ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਨੇ ਚੰਗੀ ਕਾਰਵਾਈ ਕੀਤੀ।
ਲੋਕਾਂ ਦੀ ਸੁਵਿਧਾ ਲਈ ਦਿਤੇ ਟੋਲ ਫ੍ਰੀ ਨੰਬਰ ਚਲਦੇ ਹੀ ਨਹੀਂ ਅਤੇ ਨਾ ਕੋਈ ਚੁੱਕਦਾ ਹੈ। ਘੱਟੋ-ਘੱਟ ਲੋਕਾਂ ਦੀ ਸ਼ਿਕਾਇਤ ਤਾਂ ਦਰਜ ਕਰਨ।
ਕਾਨੂੰਨ ਵਿਵਸਥਾ ਦੀ ਹਾਲਤ ਚੰਗੀ ਨਹੀਂ, ਲੋਕ ਸ਼ਰੇਆਮ ਲਾਲ ਬੱਤੀਆਂ ਕਰਾਸ ਕਰ ਰਹੇ ਹਨ। ਪੁਲਿਸ ਵਲੋਂ ਕੋਈ ਖਾਸ ਵਿਵਸਥਾ ਨਹੀਂ ਹੈ।
ਪੁਲਿਸ ਨੇ ਸਖ਼ਤਾਈ ਕੀਤੀ ਹੈ, ਹੁਣ ਪਹਿਲਾਂ ਵਾਂਗੂ ਮੁੰਡੇ ਸ਼ਰੇਆਮ ਮੋੜਾਂ 'ਤੇ ਨਹੀਂ ਖੜ੍ਹਦੇ।