ਕਿੱਸੇ ਸਿੱਖਾਂ ਦੇ
Published : Mar 21, 2018, 2:13 pm IST
Updated : Mar 21, 2018, 2:13 pm IST
SHARE ARTICLE
stories of sikhs
stories of sikhs

ਦਸ ਸਾਲ ਪਹਿਲਾਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣੇ 'ਚ 'ਲੈਂਡਮਾਰਕ' ਸੰਸਥਾ ਦੇ ਨੁਮਾਇੰਦੇ ਆਏ ਸਨ।

ਕਿੱਸੇ ਸਿੱਖਾਂ ਦੇ 

ਦਸ ਸਾਲ ਪਹਿਲਾਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣੇ 'ਚ 'ਲੈਂਡਮਾਰਕ' ਸੰਸਥਾ ਦੇ ਨੁਮਾਇੰਦੇ ਆਏ ਸਨ। ਕਾਲਜ ਵਿਚ ਪੜ੍ਹਦੇ ਸੌ ਦੇ ਨੇੜੇ ਵਿਦਿਆਰਥੀ, ਵੀਹ ਦੇ ਕਰੀਬ ਪੜ੍ਹਾਉਣ ਵਾਲੇ ਅਤੇ ਪ੍ਰਬੰਧਕ ਅਤੇ ਬਾਕੀ ਆਲੇ-ਦੁਆਲਿਉ ਹੋਰ ਵੀ ਕਾਫ਼ੀ ਸਾਰੇ ਵੀਰ ਭੈਣਾਂ ਆਏ ਹੋਏ ਸਨ। ਭਰਵਾਂ ਇਕੱਠ ਜੁੜਨ ਮਗਰੋਂ ਸੰਸਥਾ ਦੇ ਮੁਖੀ ਨੇ ਸਾਰਿਆਂ ਨੂੰ ਇਕ ਇਕ ਛੋਟੀ ਕਾਪੀ ਅਤੇ ਪੈੱਨ ਦਿਤਾ। ਨਾਲ ਹੀ ਕਿਹਾ ਗਿਆ ਕਿ 'ਬੁਲਾਰਾ ਜੋ ਬੋਲੇ ਉਸ ਦੇ ਖ਼ਾਸ ਖ਼ਾਸ ਨੁਕਤੇ ਲਿਖਦੇ ਜਾਉ। ਤੁਸੀ ਜੋ ਲਿਖਿਆ ਹੋਵੇਗਾ, ਉਸ ਤੋਂ ਅਸੀ ਤੁਹਾਨੂੰ ਸਵਾਲ ਪੁੱਛਾਂਗੇ। ਉਨ੍ਹਾਂ ਸਵਾਲਾਂ-ਜਵਾਬਾਂ ਤੋਂ ਤੁਹਾਡੇ ਮਾਨਸਿਕ ਪੱਧਰ ਦਾ ਅੰਦਾਜ਼ਾ ਲਾਵਾਂਗੇ ਅਤੇ ਫਿਰ ਤੁਹਾਨੂੰ ਅੱਗੋਂ ਸਲਾਹ ਦਿਆਂਗੇ ਕਿ ਤੁਸੀ ਜੀਵਨ ਵਿਚ ਕਾਮਯਾਬੀ ਹਾਸਲ ਕਰਨ ਵਾਸਤੇ ਕੀ ਕਰਨਾ ਹੈ।' ਉਹ ਬਦਲ ਬਦਲ ਕੇ ਭਾਸ਼ਣ ਕਰਦੇ ਰਹੇ। ਰੁਕ ਰੁਕ ਕੇ ਖ਼ਾਸ ਨੁਕਤੇ ਲਿਖਵਾਉਂਦੇ ਰਹੇ। ਬਹੁਤ ਸਾਰੇ ਸਰੋਤੇ ਲਿਖਦੇ ਰਹੇ। ਮੇਰੇ ਕੋਲ ਉਨ੍ਹਾਂ ਦੇ ਬੰਦੇ ਕਈ ਵਾਰ ਆਏ, ਇਹ ਪੁੱਛਣ ਲਈ ਕਿ ਤੁਸੀ ਕਿਉਂ ਨਹੀਂ ਕੁੱਝ ਲਿਖਦੇ? ਮੈਂ ਹਰ ਵਾਰੀ ਟਾਲਦਾ ਰਿਹਾ। ਉਹ ਜ਼ੋਰਦਾਰ ਪ੍ਰੇਰਨਾ ਕਰਦੇ ਰਹੇ ਪਰ ਮੈਂ ਇਕ ਅੱਖਰ ਵੀ ਨਾ ਲਿਖਿਆ।
ਮੇਰਾ ਕੁੱਝ ਵੀ ਨਾ ਲਿਖਣ ਦਾ ਕਾਰਨ ਸੀ ਕਿ ਉਹ ਸਾਨੂੰ ਸਾਰਿਆਂ ਨੂੰ ਅਰਧ ਚੇਤਨ ਜਿਹੀ ਅਵਸਥਾ ਵਿਚ ਲਿਜਾ ਕੇ ਅਪਣੀ ਹਰ ਗੱਲ ਮਨਵਾਉਣੀ ਚਾਹੁੰਦੇ ਸਨ। ਉਹ ਵਾਰ ਵਾਰ ਜ਼ੋਰ ਦੇ ਕੇ ਬੋਲ ਰਹੇ ਸਨ ਕਿ 'ਜੇ ਜੀਵਨ ਨੂੰ ਖ਼ੁਸ਼ੀਆਂ ਭਰਪੂਰ ਬਣਾਉਣਾ ਚਾਹੁੰਦੇ ਹੋ ਤਾਂ ਬੀਤੇ ਸਮੇਂ ਨੂੰ ਭੁੱਲ ਜਾਉ। ਤੁਸੀ ਜੋ ਚੰਗਾ ਕੀਤਾ ਚਾਹੇ ਬੁਰਾ ਕੀਤਾ ਉਸ ਨੂੰ ਭੁਲਾ ਦਿਉ। ਜਿੰਨੀ ਕਿਸੇ ਦੀ ਉਮਰ ਹੈ ਓਨੇ ਹੀ ਦੁੱਖ ਦਰਦ ਹਨ। ਸਾਰਿਆਂ ਨੂੰ ਭੁੱਲ ਜਾਉ। ਅੱਜ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰੋ। ਜਿਸ ਦੀ ਅੱਜ ਪੂਰੀ ਤਸੱਲੀ ਨਾ ਹੋਵੇ ਉਹ ਬਾਅਦ ਵਿਚ ਵੀ ਸਾਡੇ ਕੇਂਦਰ ਵਿਚ ਜਮਾਤਾਂ ਲਾਉਣ ਆ ਸਕਦਾ ਹੈ। ਅੱਜ ਤੋਂ ਮਗਰੋਂ ਸਾਡੀ ਪੰਜ ਹਜ਼ਾਰ ਰੁਪਏ ਮਹੀਨੇ ਦੀ ਫ਼ੀਸ ਹੋਵੇਗੀ, ਅਸੀ ਤੁਹਾਨੂੰ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਤਿਆਰ ਕਰਾਂਗੇ ਤਾਕਿ ਤੁਸੀ ਕਾਮਯਾਬ ਮਨੁੱਖ ਬਣ ਸਕੋ।'
ਲੈਂਡਮਾਰਕ ਸੰਸਥਾ ਦਾ ਮੁਖੀ ਮੇਰੇ ਕੋਲ ਆ ਕੇ ਜ਼ੋਰ ਦੇ ਕੇ ਪੁੱਛਣ ਲਗਿਆ, ''ਤੁਸੀ ਕਾਪੀ ਵਿਚ ਕੋਈ ਨੋਟ ਕਿਉਂ ਨਹੀਂ ਲਿਖਿਆ ਜਦਕਿ ਅਸੀ ਵਾਰ ਵਾਰ ਤੁਹਾਨੂੰ ਕਹਿੰਦੇ ਰਹੇ?'' ਮੈਂ ਉਸ ਨੂੰ ਕਿਹਾ ਕਿ ਅਗਰ ਇਜਾਜ਼ਤ ਹੋਵੇ ਤਾਂ ਮੈਂ ਇਸ ਸਵਾਲ ਦਾ ਜਵਾਬ ਸਟੇਜ ਤੇ ਜਾ ਕੇ ਦੇਣਾ ਚਾਹੁੰਦਾ ਹਾਂ ਤਾਕਿ ਮੇਰੀ ਕਮਜ਼ੋਰੀ ਦਾ ਦੂਜਿਆਂ ਨੂੰ ਪਤਾ ਲੱਗ ਜਾਵੇ ਕਿਉਂਕਿ ਮੈਂ ਉਸੇ ਕਾਲਜ ਵਿਚ ਪੜ੍ਹਾਉਂਦਾ ਸਾਂ। ਬਹੁਤੇ ਬੰਦੇ ਮੈਨੂੰ ਜਾਣਨ ਵਾਲੇ ਹੀ ਸਨ। ਇਜਾਜ਼ਤ ਲੈ ਕੇ ਮੈਂ ਮਾਈਕ ਅੱਗੇ ਕਰ ਕੇ ਬੋਲਣਾ ਸ਼ੁਰੂ ਕੀਤਾ, ''ਵੀਰੋ ਭੈਣੋ! ਇਸ ਸੰਸਥਾ ਦੇ ਬੁਲਾਰਿਆਂ ਨੇ ਹੁਣੇ ਸਾਨੂੰ ਜ਼ੋਰਦਾਰ ਉਪਦੇਸ਼ ਦਿਤਾ ਹੈ ਕਿ ਅੱਜ ਤੋਂ ਪਹਿਲਾਂ ਵਾਲਾ ਸਾਰਾ ਕੁੱਝ ਭੁੱਲ ਜਾਉ। ਅਪਣੇ ਦਿਮਾਗ਼ ਵਿਚੋਂ ਸਾਰੀਆਂ ਯਾਦਾਂ ਮਿਟਾ ਦਿਉ। ਅੱਜ ਤੋਂ ਨਵੇਂ ਸਿਰੇ ਤੋਂ ਜੀਵਨ ਸ਼ੁਰੂ ਕਰੋ। ਮੈਂ ਖਿਮਾ ਚਾਹੁੰਦਾ ਹਾਂ ਕਿ ਸਾਰੇ ਸਕੂਲਾਂ ਵਿਚ, ਕਾਲਜਾਂ ਵਿਚ ਸਮਾਜ ਵਿਚ, ਸੰਗਤ ਵਿਚ ਕਦੀ ਵੀ ਪਿਛਲੀ ਯਾਦ ਭੁਲਾਉਣ ਲਈ ਨਹੀਂ ਕਿਹਾ ਜਾਂਦਾ ਸਗੋਂ ਜੋ ਬੀਤੇ ਕਲ ਵਿਚ ਸਿਖਾਇਆ ਸੀ, ਉਹ ਅੱਜ ਸੁਣਾਉਣ ਲਈ ਕਿਹਾ ਜਾਂਦਾ ਹੈ। ਸਾਲ ਦੀ ਪੜ੍ਹਾਈ ਤੋਂ ਬਾਅਦ ਯਾਦਦਾਸ਼ਤ ਤੇ ਅਧਾਰਤ ਇਮਤਿਹਾਨ ਲਿਆ ਜਾਂਦਾ ਹੈ ਕਿ ਸਾਲ ਵਿਚ ਪੜ੍ਹਿਆ ਕਿੰਨਾ ਯਾਦ ਹੈ? ਡਾਕਟਰ, ਇੰਜੀਨੀਅਰ, ਵਕੀਲ, ਵਪਾਰੀ ਸਾਰਿਆਂ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ ਤਾਂ ਹੀ ਕਾਮਯਾਬ ਇਨਸਾਨ ਬਣ ਸਕਦੇ ਹਨ। ਮਨੁੱਖ ਨੇ ਜੋ ਵਿਕਾਸ ਕੀਤਾ ਹੈ, ਉਹ ਯਾਦ ਸ਼ਕਤੀ ਨਾਲ ਕੀਤਾ। ਯਾਦ ਸ਼ਕਤੀ ਗਵਾ ਲੈਣ ਵਾਲਿਆਂ ਨੂੰ ਪਾਗਲ ਆਖੀਦਾ ਹੈ। ਜੋ ਵਿਕਾਸ ਮਨੁੱਖਤਾ ਨੇ ਕੀਤਾ ਹੈ ਉਹ ਭੁੱਲ ਜਾਈਏ? ਅਪਣੇ ਰਿਸ਼ਤੇ-ਨਾਤਿਆਂ ਨੂੰ ਭੁੱਲ ਜਾਈਏ? ਆਪੋ-ਅਪਣਾ ਗਿਆਨ ਭੁਲ ਜਾਈਏ? ਜਿਨ੍ਹਾਂ ਤੋਂ ਕੁੱਝ ਲੈਣਾ ਹੈ, ਕਿਸੇ ਦਾ ਕੁੱਝ ਦੇਣਾ ਹੈ, ਸਾਰਾ ਭੁੱਲ ਜਾਈਏ? ਪੁਰਾਤਨ ਇਤਿਹਾਸ ਦੇ ਚੰਗੇ-ਮਾੜੇ ਪੱਖ ਭੁੱਲ ਜਾਈਏ? ਬਾਬਰ ਨੂੰ, ਔਰੰਗਜ਼ੇਬ ਨੂੰ, ਜ਼ਕਰੀਆ ਖ਼ਾਨ ਨੂੰ, ਇੰਦਰਾ ਗਾਂਧੀ ਨੂੰ ਭੁੱਲ ਜਾਈਏ? ਬਾਬਾ ਨਾਨਕ ਨੂੰ, ਗੁਰੂ ਅਰਜਨ ਸਾਹਿਬ ਨੂੰ, ਗੁਰੂ ਤੇਗ ਬਹਾਦਰ ਨੂੰ, ਗੁਰੂ ਗੋਬਿੰਦ ਸਿੰਘ ਨੂੰ, ਚਾਰੇ ਸਾਹਿਬਜ਼ਾਦਿਆਂ ਨੂੰ, ਬੰਦਾ ਸਿੰਘ ਬਹਾਦਰ ਨੂੰ, ਮਹਾਰਾਜਾ ਰਣਜੀਤ ਸਿੰਘ ਨੂੰ ਭੁੱਲ ਜਾਈਏ? ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਜਾਈਏ? ਚੰਗੇ ਮਾੜੇ ਦੀ ਪਛਾਣ ਕਰਨੀ ਭੁੱਲ ਜਾਈਏ? ਜੇ ਸਾਰਾ ਕੁੱਝ ਭੁੱਲ ਗਏ ਤਾਂ ਅਸੀ ਜਾਨਵਰ ਬਣ ਜਾਵਾਂਗੇ। ਮਨੁੱਖ ਵਿਚ ਅਤੇ ਪਸ਼ੂ ਵਿਚ ਯਾਦਦਾਸ਼ਤ ਜਾਂ ਅਕਲ ਦਾ ਹੀ ਫ਼ਰਕ ਹੁੰਦਾ ਹੈ। ਬਾਕੀ ਤਾਂ ਇਕੋ ਜਿਹੇ ਹੀ ਹਾਂ। ਦੱਸੋ ਤੁਹਾਡਾ ਮਕਸਦ ਕੀ ਹੈ? ਤੁਸੀ ਕੀ ਪੜ੍ਹਾਉਣਾ ਚਾਹੁੰਦੇ ਹੋ? ਤੁਸੀ ਸਾਨੂੰ ਕਾਮਯਾਬ ਮਨੁੱਖ ਨਹੀਂ ਬਣਾ ਰਹੇ ਸਗੋਂ ਜੀਵਨ ਵਿਚੋਂ ਫ਼ੇਲ੍ਹ ਕਰ ਰਹੇ ਹੋ। ਦਿਉ ਜਵਾਬ ਮੇਰੀਆਂ ਕਹੀਆਂ ਹੋਈਆਂ ਦਾ!'' ਉਨ੍ਹਾਂ ਦੇ ਮੁਖੀ ਨੇ ਏਨਾ ਕਹਿ ਕੇ ਖਹਿੜਾ ਛੁਡਾਇਆ ਕਿ ਮੈਂ ਅਪਣੀ ਸੰਸਥਾ ਦੇ ਮੁਖੀ ਨੂੰ ਬੁਲਾ ਕੇ ਲਿਆਵਾਂਗਾ, ਫਿਰ ਤੁਹਾਡੀ ਤਸੱਲੀ ਕਰਾਵਾਂਗਾ। ਦਸ ਸਾਲ ਬੀਤ ਗਏ। ਉਹ ਕਾਲਜ ਵਿਚ ਨਹੀਂ ਆਏ। ਸਾਰੇ ਸੁਣਨ ਵਾਲੇ ਆਖੀ ਜਾਣ, ''ਤੁਸੀ ਸਾਨੂੰ ਪਾਗਲ ਹੋਣ ਤੋਂ ਬਚਾ ਲਿਆ ਹੈ, ਸ਼ੁਕਰੀਆ।'' ਇਸ ਘਟਨਾ ਨੂੰ ਯਾਦ ਕਰ ਕੇ ਅੱਜ ਅਸੀ ਸਾਰੇ ਖੂਬ ਹਸਦੇ ਹਾਂ।

ਅਪਣੇ ਲੰਮੇ ਜੀਵਨ ਸਫ਼ਰ ਵਿਚ ਮੈਂ ਅਣਗਿਣਤ ਲੋਕਾਂ ਨੂੰ ਮਿਲਦਾ ਰਿਹਾ ਹਾਂ। ਛੋਟਿਆਂ ਨੂੰ ਵੱਡਿਆਂ ਨੂੰ। ਅਮੀਰਾਂ ਨੂੰ, ਗ਼ਰੀਬਾਂ ਨੂੰ, ਵਿਦਵਾਨਾਂ ਨੂੰ ਅਨਪੜ੍ਹਾਂ ਨੂੰ, ਸਿਆਣਿਆਂ ਨੂੰ, ਮੂਰਖਾਂ ਨੂੰ ਜਿਥੋਂ ਕੁੱਝ ਸਿਖਣ ਵਾਸਤੇ ਮਿਲਿਆ ਸਿਖਦਾ ਗਿਆ। ਜੋ ਗੱਲ ਮੈਨੂੰ ਗ਼ਲਤ ਮਹਿਸੂਸ ਹੋਈ ਉਸ ਦਾ ਵਿਰੋਧ ਕਰਨ ਤੋਂ ਸੰਕੋਚ ਨਹੀਂ ਕੀਤਾ। ਜੋ ਸਹੀ ਮਹਿਸੂਸ ਹੋਈ, ਉਸ ਨੂੰ ਉਭਾਰਨ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ। ਇਨ੍ਹਾਂ ਉਤਰਾਵਾਂ ਚੜ੍ਹਾਵਾਂ ਵਿਚ ਮੇਰਾ ਵਿਰੋਧ ਵੀ ਹੱਦੋਂ ਬਾਹਰਾ ਹੋਇਆ। ਨਾਲ ਹੀ ਪ੍ਰਸੰਸਾ ਕਰਨ ਵਾਲਿਆਂ ਦਾ ਵੀ ਕੋਈ ਘਾਟਾ ਨਾ ਰਿਹਾ। ਜਾਨ ਤੋਂ ਮਾਰਨ ਵਾਲੇ ਵੀ ਹਮਲੇ ਕਰਦੇ ਰਹੇ, ਬਚਾਅ ਵਿਚ ਨਿਤਰਨ ਵਾਲੇ ਵੀ ਹਿੱਕਾਂ ਡਾਹ ਕੇ ਅੜਦੇ ਰਹੇ। ਕਿਤਾਬਾਂ ਲਿਖੀਆਂ ਤਾਂ ਵਿਰੋਧ ਬਹੁਤ ਹੋਇਆ। ਸਾਧਵਾਦੀਆਂ ਨੇ ਅਕਾਲ ਤਖ਼ਤ ਦੇ ਪੁਜਾਰੀ ਜੋਗਿੰਦਰ ਸਿੰਘ ਵੇਦਾਂਤੀ ਤੋਂ ਮੇਰੇ ਵਿਰੁਧ 'ਹੁਕਮਨਾਮਾ' ਵੀ ਜਾਰੀ ਕਰਵਾਇਆ। ਮੇਰੀ ਹਮਾਇਤ ਵਿਚ ਅੜ ਕੇ ਖਲੋਣ ਵਾਲੇ ਵੀ ਮੈਦਾਨ ਵਿਚ ਕੁੱਦ ਪਏ, ਜਿਨ੍ਹਾਂ ਨੇ ਅਖੌਤੀ ਹੁਕਮਨਾਮੇ ਨੂੰ ਕੂੜੇ ਦੇ ਢੇਰ ਵਿਚ ਸੁੱਟ ਦਿਤਾ (ਕਈ ਨਰਮ ਦਿਲ ਵਾਲਿਆਂ ਨੂੰ  ਹੁਕਮਨਾਮੇ ਬਾਰੇ ਮੇਰੇ ਸ਼ਬਦ ਚੁਭ ਸਕਦੇ ਹਨ, ਸੱਚਾਈ ਇਹ ਹੈ ਕਿ ਸਿੱਖਾਂ ਲਈ ਇਲਾਹੀ 'ਹੁਕਮਨਾਮਾ' ਸਿਰਫ਼ ਗੁਰਬਾਣੀ ਹੈ)। ਜਿਥੇ ਕਿਤਾਬਾਂ ਦਾ ਵਿਰੋਧ ਹੋਇਆ, ਨਾਲ ਹੀ ਪਾਠਕਾਂ ਦਾ ਕਿਤਾਬਾਂ ਖ਼ਰੀਦਣ  ਅਤੇ ਪੜ੍ਹਨ ਦਾ ਉਤਸ਼ਾਹ ਵੀ ਠਾਠਾਂ ਮਾਰਦਾ ਪ੍ਰਗਟ ਹੋਇਆ। ਇਸ ਮਾਮਲੇ ਵਿਚ ਸਿੰਘ ਸਭਾ ਕੈਨੇਡਾ ਵਾਲਿਆਂ ਨੇ ਵਿਸ਼ੇਸ਼ ਯੋਗਦਾਨ ਪਾਇਆ।
28-10-2007 ਤੋਂ 1-11-2007 ਤਕ ਦੇਸ਼ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਗ਼ਦਰੀ ਬਾਬਿਆਂ ਦੀ ਯਾਦ ਵਿਚ ਮੇਲਾ ਸੀ, ਜੋ ਹਰ ਸਾਲ ਲਗਦਾ ਹੈ। ਇਥੇ ਕਿਤਾਬਾਂ ਦੇ ਬਹੁਤ ਸਟਾਲ ਲਗਦੇ ਹਨ। ਪ੍ਰਬੰਧਕਾਂ ਵਲੋਂ ਬਹੁਤ ਸਹਿਯੋਗ ਮਿਲਦਾ ਹੈ। ਖਾਣਾ ਅਤੇ ਰਿਹਾਇਸ਼ ਵਧੀਆ ਅਤੇ ਮੁਫ਼ਤ ਵਿਚ ਮਿਲਦੇ ਹਨ। ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਹਿਤ ਇਥੇ ਨਹੀਂ ਆਉਣ ਦਿਤਾ ਜਾਂਦਾ। 28-10-2007 ਨੂੰ ਅਪਣੀਆਂ ਕਿਤਾਬਾਂ ਦਾ ਸਟਾਲ ਲਾਉਣ ਲਈ ਪਹੁੰਚਿਆ ਅਤੇ ਟੇਬਲ ਤੇ ਕਿਤਾਬਾਂ ਸਜਾ ਕੇ ਰੱਖ ਦਿਤੀਆਂ। ਥੋੜੀ ਦੇਰ ਮਗਰੋਂ ਹੀ ਪ੍ਰਬੰਧਕਾਂ ਨੇ ਕਿਤਾਬਾਂ ਚੁੱਕ ਲੈਣ ਲਈ 'ਹੁਕਮਨਾਮਾ' ਜਾਰੀ ਕਰ ਦਿਤਾ। ਕਾਰਨ ਇਹ ਦਸਿਆ ਗਿਆ ਕਿ ਧਰਮ ਨਾਲ ਸਬੰਧਤ ਇਥੇ ਕੋਈ ਕਿਤਾਬ ਨਹੀਂ ਰੱਖਣ ਦਿਤੀ ਜਾਂਦੀ। ਜਦੋਂ ਮੈਂ ਪੁਛਿਆ ਕਿ ਧਰਮ ਏਨੀ ਬੁਰੀ ਚੀਜ਼ ਹੈ? ਤਾਂ ਕਹਿਣ ਲੱਗੇ, ''ਧਰਮ ਇਕ ਕਰਮਕਾਂਡ ਹੈ। ਅੰਧ ਵਿਸ਼ਵਾਸ ਹੈ।  ਅਗਿਆਨਤਾ ਹੈ। ਦੂਜਿਆਂ ਪ੍ਰਤੀ ਨਫ਼ਰਤ ਹੈ। ਬਹੁਤ ਸਾਰੀਆਂ ਬੰਦਸ਼ਾਂ ਹਨ।'' ਮੈਂ ਉਨ੍ਹਾਂ ਨੂੰ ਸਮਝਾਇਆ ਕਿ ਤੁਸੀ ਗੁਰਬਾਣੀ ਪੜ੍ਹੀ ਨਹੀਂ। ਜੇ ਪੜ੍ਹੀ ਹੁੰਦੀ ਤਾਂ ਇਹ ਗੱਲਾਂ ਕਦੀ ਨਾ ਕਰਦੇ। ਗੁਰਬਾਣੀ ਤੇ ਅਧਾਰਤ ਮੇਰੀਆਂ ਕਿਤਾਬਾਂ ਪੜ੍ਹ ਕੇ ਮੈਨੂੰ ਗ਼ਲਤੀ ਦੱਸੋ ਤਾਂ ਮੈਂ ਚੁੱਕ ਕੇ ਪਾਸੇ ਰੱਖ ਦਿਆਂਗਾ।
ਮੇਰੀਆਂ ਲਿਖੀਆਂ ਸਾਰੀਆਂ ਕਿਤਾਬਾਂ ਦੀ ਮੇਲੇ ਦੇ ਪ੍ਰਬੰਧਕ ਇਕ ਇਕ ਕਾਪੀ ਚੁੱਕ ਕੇ ਲੈ ਗਏ। ਆਪਸ ਵਿਚ ਕਈਆਂ ਨੇ ਵੰਡ ਲਈਆਂ। ਗ਼ਲਤੀਆਂ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ। ਸਾਰੀਆਂ ਕਿਤਾਬਾਂ ਵਿਚੋਂ ਅਜਿਹਾ ਕੋਈ ਨੁਕਤਾ ਨਾ ਲਭਿਆ ਜਿਸ ਕਾਰਨ ਸਟਾਲ ਲਾਉਣ ਤੋਂ ਰੋਕਿਆ ਜਾ ਸਕੇ। ਜੋ ਕਿਤਾਬਾਂ ਪੜਚੋਲ ਵਾਸਤੇ ਲੈ ਕੇ ਗਏ, ਸ਼ਾਮ ਨੂੰ ਵਾਪਸ ਕਰ ਦਿਤੀਆਂ। ਅੱਗੋਂ ਵਾਸਤੇ ਸਟਾਲ ਲਾਉਣ ਲਈ ਰਾਹ ਪੱਧਰਾ ਕਰ ਦਿਤਾ। ਮੈਂ ਉਨ੍ਹਾਂ ਵੀਰਾਂ ਅੱਗੇ ਗਿਲਾ ਕੀਤਾ, ''ਤੁਸੀ ਮੈਨੂੰ (ਅਤੇ ਮੇਰੀਆਂ ਕਿਤਾਬਾਂ ਨੂੰ) ਧਾਰਮਕ ਸਮਝਦੇ ਹੋ। ਸਿੱਖਾਂ ਦੇ ਜਥੇਦਾਰ ਮੈਨੂੰ ਪੰਥ ਅਤੇ ਧਰਮ ਵਿਰੋਧੀ ਦਸਦੇ ਹਨ। ਕੋਈ ਹੈ ਅਜਿਹਾ ਅਦਾਰਾ ਜੋ ਇਹ ਫ਼ੈਸਲਾ ਕਰੇ ਕਿ ਇੰਦਰ ਸਿੰਘ ਘੱਗਾ ਧਰਮੀ ਹੈ ਕਿ ਧਰਮ ਵਿਰੋਧੀ ਹੈ?'' ਇਸੇ ਕਸ਼ਮਕਸ਼ ਵਿਚ ਹਿੰਦੀ ਅਖ਼ਬਾਰ 'ਦੈਨਿਕ ਜਾਗਰਣ' ਦਾ ਪੱਤਰਕਾਰ ਆ ਕੇ ਸਟਾਲ ਦੀਆਂ ਤਸਵੀਰਾਂ ਖਿੱਚ ਕੇ ਲੈ ਗਿਆ। ਮਿਤੀ 29-10-2007  ਨੂੰ ਮੋਟੀ ਸੁਰਖੀ ਵਿਚ ਉਸ ਨੇ ਖ਼ਬਰ ਲਾਈ ਹੋਈ ਸੀ 'ਗਦਰੀ ਮੇਲੇ ਮੇਂ ਆਤੰਕਵਾਦੀਉਂ ਕਾ ਸਾਹਿਤ ਸਰੇਆਮ ਬਿਕ ਰਹਾ ਹੈ। ਲਗਤਾ ਹੈ ਪ੍ਰਬੰਧਕ ਸੋਏ ਹੂਏ ਹੈਂ।'
ਅਗਲੇ ਦਿਨ ਚੁਕਵਾਦੀਆ ਆ ਗਿਆ। ਚੈੱਕ ਕਰ ਕੇ ਸਟਾਲ ਮੁੜ ਲਗਵਾ ਦਿਤਾ ਗਿਆ। ਇਨ੍ਹਾਂ ਫ਼ਿਰਕਾਪ੍ਰਸਤਾਂ ਨੂੰ ਅਤੇ ਮੇਰੀਆਂ ਕਿਤਾਬਾਂ (ਬਿਨਾਂ ਪੜ੍ਹੇ ਹੀ) 'ਆਤੰਕਵਾਦੀਉਂ ਕਾ ਸਾਹਿਤ ਕਿਥੇ ਪਿਆ ਹੈ ? ਇਸ ਲਈ ਚੰਗੀ ਮਸਹੂਰੀ ਹੋ ਗਈ | ਕਿਤਾਬਾਂ ਬਹੁਤ ਵਿਕ ਗਈਆਂ |
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement