
ਇਸ ਮਹਾਂਮਾਰੀ ਵਿਚ ਵੀ ਬਹੁਤਿਆਂ ਨੇ ਮਾਇਆ ਨੂੰ ਹੀ ਮੁੱਖ ਰਖਿਆ ਤੇ ਇਨਸਾਨੀਅਤ ਨੂੰ ਤਿਆਗਿਆ।
ਬਿਮਾਰੀਆਂ ਤਾਂ ਦੁਨੀਆਂ ਤੇ ਬਹੁਤ ਹਨ ਪਰ ਭੁੱਖ ਤੋਂ ਵੱਡੀ ਕੋਈ ਬਿਮਾਰੀ ਨਹੀਂ। ਕੋਈ ਇਨਸਾਨ ਕੰਮ ਕਰੇ ਜਾਂ ਨਾ ਕਰੇ, ਭੁੱਖ ਤਾਂ ਸੱਭ ਨੂੰ ਲਗਦੀ ਹੀ ਹੈ। ਕੋਰੋਨਾ ਕਾਲ ਵਿਚ ਜਦੋਂ ਸਰਕਾਰ ਨੇ ਕਰਫ਼ਿਊ ਲਾ ਦਿਤਾ ਸੀ ਤਾਂ ਦਿਹਾੜੀਦਾਰ-ਮਜ਼ਦੂਰਾਂ ਲਈ ਸੱਭ ਤੋਂ ਵੱਡਾ ਸੰਕਟ ਰੋਟੀ ਦਾ ਸੀ। ਜਿਨ੍ਹਾਂ ਕੋਲ ਪੈਸੇ ਸਨ, ਉਨ੍ਹਾਂ ਨੇ ਤਾਂ ਇਕੱਠਾ ਰਾਸ਼ਨ ਲੈ ਲਿਆ ਪਰ ਜਿਹੜੇ ਰੋਜ਼ ਕਮਾ ਕੇ ਖ਼ਾਂਦੇ ਸੀ, ਉਨ੍ਹਾਂ ਲਈ ਬਹੁਤ ਮੁਸ਼ਕਲ ਪੈਦਾ ਹੋ ਗਈ। ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਹੋ ਜਿਹੇ ਸਮੇਂ ਵਿਚ ਵੀ ਬਹੁਤੇ ਦੁਕਾਨਦਾਰਾਂ ਨੇ ਚੋਰੀ ਛੁਪੇ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਮਹਿੰਗੇ ਭਾਅ ਰਾਸ਼ਨ ਵੇਚਿਆ। ਆਰਥਕ ਤੌਰ ’ਤੇ ਝੰਬੇ ਹੋਏ ਲੋਕਾਂ ਨੂੰ ਮਨਮਰਜ਼ੀ ਦਾ ਭਾਅ ਲਗਾ ਕੇ ਉਨ੍ਹਾਂ ਦੀ ਚੰਗੀ ਛਿਲ ਲਾਹੀ। ਇਸ ਮਹਾਂਮਾਰੀ ਵਿਚ ਵੀ ਬਹੁਤਿਆਂ ਨੇ ਮਾਇਆ ਨੂੰ ਹੀ ਮੁੱਖ ਰਖਿਆ ਤੇ ਇਨਸਾਨੀਅਤ ਨੂੰ ਤਿਆਗਿਆ।
Corona Virus
ਕਈ ਲਾਲਚੀ ਕਿਸਮ ਦੇ ਲੋਕਾਂ ਨੇ ਲੋੜ ਤੋਂ ਵੱਧ ਰਾਸ਼ਨ ਇਕੱਠਾ ਕਰ ਲਿਆ ਅਤੇ ਕਈ ਇਕ ਸਮੇਂ ਦੀ ਰੋਟੀ ਲਈ ਵੀ ਤਰਲੇ ਲੈਂਦੇ ਰਹੇ। ਸਰਕਾਰ ਵਲੋਂ ਭੇਜਿਆ ਰਾਸ਼ਨ ਵੀ ਜਿਨ੍ਹਾਂ ਦੇ ਹੱਥਾਂ ਵਿਚ ਆਇਆ ਉਨ੍ਹਾਂ ਨੇ ਅਪਣੇ ਚਹੇਤਿਆਂ ਨੂੰ ਹੀ ਵੰਡਿਆ ਤੇ ਬਾਕੀ ਰਾਸ਼ਨ ਇਧਰ ਉਧਰ ਖੁਰਦ ਬੁਰਦ ਕਰ ਦਿਤਾ। ਇਥੇ ਵੀ ਇਹੋ ਜਿਹੇ ਲੋਕ ਭ੍ਰਿਸ਼ਟਾਚਾਰ ਕਰਨੋਂ ਨਾ ਟਲੇ। ਦੂਜੇ ਪਾਸੇ ਉਹ ਉਮੀਦ ਦੇ ਬੰਦੇ ਵੀ ਸਨ ਜਿਹੜੇ ਅਪਣੀ ਪਰਵਾਹ ਨਾ ਕਰਦੇ ਹੋਏ, ਦਿਨ ਰਾਤ ਵੀ ਨਾ ਵੇਖਿਆ। ਉਨ੍ਹਾਂ ਨੇ ਅਪਣੇ ਸਾਥੀਆਂ ਦੇ ਸਹਿਯੋਗ ਨਾਲ ਅਪਣੇ ਕੋਲੋਂ ਪੈਸੇ ਖਰਚ ਕਰ ਕੇ ਉਨ੍ਹਾਂ ਅਤਿ ਦੇ ਲੋੜਵੰਦ ਪ੍ਰਵਾਰਾਂ ਤਕ ਦਵਾਈਆਂ ਅਤੇ ਰਾਸ਼ਨ ਪਹੁੰਚਾਇਆ ਤੇ ਮਨੁੱਖਤਾ ਦਾ ਧਰਮ ਨਿਭਾਇਆ ਅਤੇ ਇਨਸਾਨੀਅਤ ਨੂੰ ਜੀਵਤ ਰਖਿਆ।
Lockdown
ਇਕ ਬਜ਼ੁਰਗ ਜੋੜਾ, ਛੋਟੇ ਜਿਹੇ ਘਰ ਵਿਚ ਰਹਿ ਕੇ ਅਪਣੇ ਜੀਵਨ ਦਾ ਨਿਰਬਾਹ ਕਰ ਰਿਹਾ ਸੀ। ਲੱਕੜ ਦਾ ਕੰਮ ਕਰਨ ਵਾਲਾ ਉਹ ਬਜ਼ੁਰਗ ਆਪ ਲੱਕੜ ਵਰਗਾ ਹੋਇਆ ਪਿਆ ਸੀ। ਉਮਰ ਦੇ ਅਖ਼ੀਰਲੇ ਪੜਾਅ ਵਿਚ ਉਹ ਆਪ ਇਸ ਲਈ ਕੰਮ ਕਰਦ ਸੀ ਕਿਉਂਕਿ ਉਸ ਦੇ ਜਵਾਨ ਪੁੱਤਰ ਦੀ ਮੌਤ ਹੋ ਗਈ ਸੀ। ਉਸ ਦੀ ਵਿਆਹੀ ਹੋਈ ਧੀ ਅਪਣੇ ਬਜ਼ੁਰਗ ਮਾਪਿਆਂ ਦਾ ਸਾਥ ਦੇਂਦੀ ਸੀ ਪਰ ਕਰਫ਼ਿਊ ਅਤੇ ਤਾਲਾਬੰਦੀ ਨੇ ਸਾਰਿਆਂ ਨੂੰ ਇਕੋ ਜਿਹਾ ਕਰ ਦਿਤਾ ਸੀ। ਇਸ ਕਰ ਕੇ ਉਹ ਵੀ ਉਨ੍ਹਾਂ ਦੀ ਇਸ ਔਖੀ ਖੜੀ ਵਿਚ ਮਦਦ ਕਰਨ ਤੋਂ ਬੇਵਸ ਸੀ। ਜਦੋਂ ਮੈਨੂੰ ਇਨ੍ਹਾਂ ਬਾਰੇ ਪਤਾ ਲੱਗਾ ਤਾਂ ਗੁਰੂ ਦੀ ਗੋਲਕ ਵਿਚੋਂ ਦਸਵੰਧ ਭੇਟਾ ਨਾਲ ਹੱਟੀ ਤੋਂ ਰਾਸ਼ਨ ਖ਼ਰੀਦ ਕੇ ਅਪਣੇ ਰਿਕਸ਼ੇ ’ਤੇ ਰੱਖ ਕੇ ਇਸ ਲੋੜਵੰਦ ਬਜ਼ੁਰਗ ਜੋੜੇ ਦੇ ਘਰ ਪਹੁੰਚਾ ਕੇ ਆਇਆ।
Lockdown
ਮੇਰੇ ਇਕ ਜਾਣਕਾਰ ਕਿਰਤੀ ਦਾ 12-13 ਸਾਲ ਦਾ ਮੁੰਡਾ, ਜਿਸ ਦੀ ਬਾਂਹ ਟੁੱਟ ਗਈ ਸੀ, ਕੰਮ-ਕਾਜ ਬੰਦ ਹੋਣ ਕਰ ਕੇ ਸੱਭ ਵਿਹਲੇ ਹੋਏ ਪਏ ਸਨ। ਉਨ੍ਹਾਂ ਲਈ ਰੋਟੀ ਖਾਣੀ ਬੜੀ ਔਖੀ ਹੋਈ ਪਈ ਸੀ, ਇਲਾਜ ਕਰਵਾਉਣਾ ਤਾਂ ਬੜੀ ਦੂਰ ਦੀ ਗੱਲ ਸੀ। ਉਹ ਅਪਣੇ ਮੁੰਡੇ ਨੂੰ ਨਾਲ ਲੈ ਕੇ ਮੇਰੇ ਘਰ ਆਇਆ ਤੇ ਅਪਣਾ ਦੁੱਖ ਦਸਿਆ। ਉਸ ਦੇ ਮੁੰਡੇ ਦੀ ਬਾਂਹ ’ਤੇ ਪੱਟੀਆਂ ਕਰਵਾਈਆਂ ਅਤੇ ਉਸ ਨੂੰ ਖਾਣ ਪੀੜ ਨੂੰ ਦਿੰਦੇ ਰਹੇ। ਆਪ ਜੀਆਂ ਦੇ ਸਹਿਯੋਗ ਨਾਲ ਉਸ ਬੱਚੇ ਦੀ ਬਾਂਹ ਪੂਰੀ ਤਰ੍ਹਾਂ ਠੀਕ ਹੋਣ ਤਕ ਉਸ ਦਾ ਇਲਾਜ ਕਰਵਾਇਆ ਤੇ ਉਨ੍ਹਾਂ ਦਾ ਸਾਥ ਦਿਤਾ। ਇਕ ਪਿੰਡ ਵਿਚੋਂ ਕਿਸੇ ਲੋੜਵੰਦ ਦਾ ਫੋਨ ਆਇਆ। ਜਦੋਂ ਮੈਂ ਉਨ੍ਹਾਂ ਦੇ ਘਰ ਗਿਆ ਤਾਂ ਅੱਗੇ ਇਕ ਬਜ਼ੁਰਗ ਸਿੱਖ ਮੰਜੇ ’ਤੇ ਬੈਠਾ ਸੀ, ਜਿਸ ਨੂੰ ਅਧਰੰਗ ਹੋਇਆ ਸੀ। ਬਜ਼ੁਰਗ ਬੀਬੀ ਵੀ ਉਸ ਦੇ ਨਾਲ ਹੀ ਬੈਠੀ ਸੀ। ਉਹ ਮੈਨੂੰ ਕਹਿਣ ਲੱਗੀ, ‘‘ਪੁੱਤਰ, ਅਸੀ ਅਪਣੇ ਧੀਆਂ-ਪੁੱਤਰ ਵਿਆਹ ਦਿਤੇ ਨੇ ਜੋ ਆਪੋ ਅਪਣੇ ਘਰ ਨੇ। ਮੁੰਡੇ ਵੀ ਦਿਹਾੜੀ ਟੱਪਾ ਕਰਦੇ ਨੇ।
Migrants Workers
ਕਿਸੇ ਵੇਲੇ ਸਾਨੂੰ ਵੀ ਥੋੜਾ ਬਹੁਤਾ ਦੇ ਦਿੰਦੇ ਸੀ ਪਰ ਹੁਣ ਤਾਂ ਕੋਰੋਨਾ ਕਰ ਕੇ ਉਨ੍ਹਾਂ ਦਾ ਅਪਣਾ ਗੁਜ਼ਾਰਾ ਹੀ ਔਖਾ ਹੋਇਆ ਪਿਆ ਹੈ, ਸਾਨੂੰ ਕਿਥੋਂ ਦੇਣ? ਪੈਸਿਆਂ ਖੁਣੋ ਤੇਰੇ ਬਾਪੂ ਦੀਆਂ ਦਵਾਈਆਂ ਵੀ ਨਹੀਂ ਲਿਆਂਦੀਆਂ ਜਾ ਸਕੀਆਂ।’’ ਉਸ ਬਜ਼ੁਰਗ ਵਲ ਵੇਖਿਆ ਤਾਂ ਉਸ ਦੀ ਹਾਲਤ ਕਾਫ਼ੀ ਖ਼ਰਾਬ ਸੀ ਤੇ ਉਸ ਕੋਲੋਂ ਚੰਗੀ ਤਰ੍ਹਾਂ ਬੋਲਿਆ ਵੀ ਨਹੀਂ ਸੀ ਜਾ ਰਿਹਾ। ਅਧਰੰਗ ਹੋਣ ਦੇ ਨਾਲ ਨਾਲ ਉਸ ਨੂੰ ਸਾਹ ਦਾ ਰੋਗ ਵੀ ਸੀ। ਬਾਬਾ ਨਾਨਕ ਜੀ ਦੀ ਬਖ਼ਸ਼ਿਸ ਸਦਕਾ, ਜਿਥੇ ਉਨ੍ਹਾਂ ਨੂੰ ਖੁਲ੍ਹਾ ਰਾਸ਼ਨ ਲੈ ਕੇ ਦਿਤਾ ਉਥੇ ਨਾਲ ਹੀ ਦਵਾਈਆਂ ਦੀ ਸਵੇਾ ਵੀ ਕਰਦੇ ਰਹੇ। ਇਕ ਕਿਰਾਏ ਦਾ ਆਟੋ ਚਲਾਉਣ ਵਾਲਾ ਕਿਰਤੀ ਅਪਣੇ ਦੋ ਬੱਚਿਆਂ ਨੂੰ ਨਾਲ ਲੈ ਕੇ ਸਾਡੇ ਘਰ ਆਇਆ। ਹੱਥ ਜੋੜ ਕੇ ਤੇ ਤਰਲਾ ਜਿਹਾ ਲੈ ਕੇ ਕਹਿੰਦਾ, ‘‘ਭਾਅ ਜੀ, ਲਾਕਡਾਊਨ ਨੇ ਤਾਂ ਗ਼ਰੀਬਾਂ ਦਾ ਲੱਕ ਹੀ ਤੋੜ ਸੁਟਿਐ।’’ ਅਪਣੇ ਬੱਚਿਆਂ ਵਲ ਇਸ਼ਾਰਾ ਕਰਦਿਆਂ ਕਹਿਣ ਲੱਗਾ, ‘‘ਇਨ੍ਹਾਂ ਬੱਚਿਆਂ ਦੀ ਮਾਂ ਵੀ ਸਾਨੂੰ ਵਿਛੋੜਾ ਦੇ ਗਈ ਹੈ। ਹੋਰ ਵੀ ਬੜੇ ਦੁੱਖ ਨੇ ਪਰ ਇਸ ਵੇਲੇ ਸੱਭ ਤੋਂ ਵੱਡਾ ਦੁੱਖ ਭੁੱਖ ਦਾ ਹੈ। ਆਪ ਤਾਂ ਭੁੱਖ ਸਹਿ ਲੈਂਦੇ ਹਾਂ ਪਰ ਇਨ੍ਹਾਂ ਭੁੱਖੇ ਬੱਚਿਆਂ ਵਲ ਵੇਖ ਕੇ ਰਿਹਾ ਨਹੀਂ ਜਾਂਦਾ। ਤੁਸੀ ਮਨੋਗੇ, ਤਿੰਨ ਦਿਨ ਹੋ ਗਏ ਅਸੀ ਚਾਹ ਤਕ ਵੀ ਨਹੀਂ ਪੀਤੀ। ਘਰ ਵਿਚ ਖਾਣ ਨੂੰ ਇਕ ਦਾਣਾ ਤਕ ਨਹੀਂ ਹੈ। ਮਿਹਰਬਾਨੀ ਕਰ ਕੇ ਸਾਨੂੰ ਰਾਸ਼ਨ ਲੈ ਦਿਉ।’’
ਉਸ ਮਜਬੂਰ ਇਨਸਾਨ ਤੇ ਉਸ ਦੇ ਬੱਚਿਆਂ ਦੀ ਹਾਲਤ ਵੇਖ ਕੇ ਉਨ੍ਹਾਂ ਨੂੰ ਨਾਲ ਖੜ੍ਹ ਕੇ ਹੱਟੀ ਤੋਂ ਰਾਸ਼ਨ ਲੈ ਕੇ ਦਿਤਾ ਤੇ ਖ਼ੁਸ਼ੀ ਖ਼ੁਸ਼ੀ ਉਹ ਅਪਣੇ ਬੱਚਿਆਂ ਨੂੰ ਨਾਲ ਲੈ ਕੇ ਅਪਣੇ ਘਰ ਨੂੰ ਮੁੜ ਗਿਆ।
ਮੁਸਕਰਾਹਟ ਲੇ ਆਉ ਕਿਸੀ ਕੇ ਚਿਹਰੇ ਪਰ
ਫਿਰ ਖ਼ੁਦਾ ਕੀ ਇਬਾਦਤ ਭੀ ਰਹਿ ਜਾਏ ਤੋ ਕਿਆ ਗ਼ਮ।
ਰਾਤ ਦੇ ਅੱਠ ਸਾਢੇ ਅੱਠ ਦਾ ਟਾਈਮ ਸੀ। ਇਕ ਇਸਾਈ ਵੀਰ ਦਾ ਫ਼ੋਨ ਆਇਆ। ਉਹ ਆਖਣ ਲੱਗਾ, ‘‘ਭਾਅ ਜੀ, ਤੁਹਾਡਾ ਫ਼ੋਨ ਨੰਬਰ ਕਿਸੇ ਨੇ ਦਿਤਾ ਸੀ। ਤੁਸੀ ਗ਼ਰੀਬਾਂ ਤੇ ਜ਼ਰੂਰਤਮੰਦਾਂ ਦੀ ਇਸ ਔਖੀ ਘੜੀ ਵਿਚ ਬੜੀ ਮਦਦ ਕਰ ਰਹੇ ਹੋ, ਕ੍ਰਿਪਾ ਕਰ ਕੇ ਸਾਡੀ ਵੀ ਮਦਦ ਕਰੋ।’’
ਉਸ ਬਾਰੇ ਪੁੱਛਣ ਤੇ ਉਹ ਕਹਿਣ ਲੱਗਾ, ‘‘ਮੈਂ ਮਜੀਠਾ ਰੋਡ ’ਤੇ ਰਹਿੰਦਾ ਹਾਂ। ਮੇਰੀਆਂ ਦੋ ਬੇਟੀਆਂ ਨੇ ਤੇ ਇਕ ਮੁੰਡਾ ਹੈ। ਕੁੱਝ ਚਿਰ ਪਹਿਲਾਂ ਮੇਰੇ ਪਿਤਾ ਜੀ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ। ਹਸਪਤਾਲਾਂ ਤੇ ਦਵਾਈਆਂ ਨੇ ਸਾਡਾ ਘਰ ਧੋ ਦਿਤਾ ਹੈ। ਪੈਸਾ ਵੀ ਗਿਆ ਤੇ ਪਿਉ ਵੀ ਨਾ ਬਚਿਆ। ਅਪਣੇ ਘਰ ਤੋਂ ਕਿਰਾਏ ਦੇ ਮਕਾਨ ਵਿਚ ਆ ਗਏ ਹਾਂ। ਉਤੋਂ ਕੋਰੋਨਾ ਨੇ ਕੁੱਝ ਨਹੀਂ ਛਡਿਆ। ਇਸ ਵਕਤ ਸਾਡੇ ਘਰ ਵਿਚ ਮਾਸਾ ਵੀ ਰਾਸ਼ਨ ਨਹੀਂ ਹੈ। ਮਜਬੂਰੀ ਵਸ ਅੱਜ ਮੈਂ ਦੋਹਾਂ ਬੇਟੀਆਂ ਨੂੰ ਅਪਣੇ ਰਿਸ਼ਤੇਦਾਰਾਂ ਦੇ ਘਰ ਭੇਜਿਆ ਹੈ ਰੋਟੀ ਖਾਣ ਲਈ।’’ ਇੰਨਾ ਕਹਿੰਦਿਆਂ ਉਸ ਦਾ ਗਲਾ ਭਰ ਆਇਆ। ਫਿਰ ਕੁੱਝ ਚਿਰ ਰੁਕ ਕੇ ਉਹ ਕਹਿਣ ਲੱਗਾ, ‘‘ਭਾਅ ਜੀ, ਤੁਸੀ ਪਹਿਲਾਂ ਸਾਡੇ ਘਰ ਆ ਕੇ ਵੇਖ ਲਉ। ਰਾਸ਼ਨ ਦਾ ਇਕ ਵੀ ਦਾਣਾ ਨਹੀਂ। ਸਾਰੇ ਡੱਬੇ ਖਾਲੀ ਪਏ ਨੇ।’’
ਉਸ ਦਾ ਪਤਾ ਨੋਟ ਕਰ ਕੇ ਹੱਟੀ ਤੋਂ ਰਾਸ਼ਨ ਲਿਆ ਅਤੇ ਚੱਲ ਪਿਆ ਮਜੀਠਾ ਰੋਡ ਨੂੰ। ਮੇਰੇ ਘਰ ਦੇ ਮੈਨੂੰ ਕਹਿਣ ਲੱਗੇ, ‘‘ਰਾਤ ਦਾ ਵੇਲਾ ਹੈ, ਇੰਨੀ ਦੂਰ ਜਾਉਗੇ? ਸੌਦਾ ਸਵੇਰੇ ਦੇ ਆਇਉ।’’ ਮੈਂ ਅਪਣੇ ਘਰਦਿਆਂ ਨੂੰ ਕਿਹਾ, ‘‘ਕਿਸੇ ਮਜਬੂਰ ਭੁੱਖੇ ਲੋੜਵੰਦ ਨੇ ਮੇਰੇ ਤੋਂ ਬੜੀ ਉਮੀਦ ਲਾਈ ਹੈ ਤੇ ਮੈਂ ਉਸ ਦੀ ਉਮੀਦ ਟੁੱਟਣ ਨਹੀਂ ਦਿਆਂਗਾ।’’ ਜਦੋਂ ਉਸ ਲੋੜਵੰਦ ਦੇ ਘਰ ਪਹੁੰਚਿਆ ਤਾਂ ਕੀ ਵੇਖਿਆ ਕਿ ਉਨ੍ਹਾਂ ਦੀ ਰਸੋਈ ਬਿਲਕੁਲ ਖਾਲੀ ਹੋਈ ਪਈ ਸੀ। ਘਰ ਵਿਚ ਖੁਲ੍ਹਾ ਰਾਸ਼ਨ ਆਇਆ ਵੇਖ ਕੇ ਉਸ ਦੇ ਚਿਰੇ ’ਤੇ ਇੰਜ ਖ਼ੁਸ਼ੀ ਆਈ ਜਿਵੇਂ ਤਿੱਖੜ ਦੁਪਹਿਰੇ ਤੁਰੇ ਜਾ ਰਹੇ ਕਿਸੇ ਪਿਆਸੇ ਰਾਹੀ ਨੂੰ ਪਾਣੀ ਮਿਲ ਗਿਆ ਹੋਵੇ। ਜਦੋਂ ਉਨ੍ਹਾਂ ਸਾਰਾ ਰਾਸ਼ਨ ਖੋਲ੍ਹ ਕੇ ਮੰਜੇ ’ਤੇ ਰਖਿਆ ਤਾਂ ਉਸ ਦੀ ਬਜ਼ੁਰਗ ਮਾਂ ਮੈਨੂੰ ਅਸੀਸਾਂ ਦੇਂਦੀ ਹੋਈ ਆਖਣ ਲੱਗੀ, ‘‘ਪ੍ਰਮੇਸ਼ਵਰ ਤੁਹਾਨੂੰ ਤੰਦਰੁਸਤੀ ਬਖ਼ਸ਼ੇ, ਤੁਸੀ ਇੰਨੀ ਦੂਰੋਂ ਮੇਰੇ ਬੱਚਿਆਂ ਲਈ ਖਾਣਾ ਲਿਆਏ ਹੋ। ਗਾਡ ਬਲੈਸ ਯੂ ਬੇਟਾ ਗਾਡ ਬਲੈਸ ਯੂ।’’ ਇਕ ਵਿਧਵਾ ਔਰਤ ਜਿਹੜੀ ਅਪਣੀ ਜਵਾਨ ਧੀ ਅਤੇ ਛੋਟੇ ਬੇਟੇ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ ਤੇ ਆਪ ਉਹ ਬਿਮਾਰ ਹੀ ਰਹਿੰਦੀ ਸੀ, ਉਸ ਦੀ ਲੜਕੀ ਇਕ ਦੋ ਘਰਾਂ ਦਾ ਕੰਮ ਕਰ ਕੇ ਘਰ ਦਾ ਕਿਰਾਇਆ ਦੇ ਦਿੰਦੀ ਸੀ ਤੇ ਕੁੱਝ ਰਾਸ਼ਨ ਲੈ ਆਉਂਦੀ ਸੀ। ਪਰ ਉਹ ਅਪਣੀ ਮਾਂ ਦਾ ਇਲਾਜ ਕਰਵਾਉਣ ਤੋਂ ਬੇਵਸ ਸੀ ਕਿਉਂਕਿ ਪਿਤਾ ਦਾ ਹੱਥ ਸਿਰ ’ਤੇ ਨਹੀਂ ਸੀ ਅਤੇ ਭਰਾ ਛੋਟਾ ਸੀ।
ਉਹ ਵਿਧਵਾ ਬੀਬੀ ਜ਼ਿਆਦਾ ਬਿਮਾਰ ਹੋ ਗਈ ਤਾਂ ਅਸੀ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਤੇ ਦਸਵੰਧ ਦੀ ਮਾਇਆ ਨਾਲ ਉਸ ਲੋੜਵੰਦ ਬੀਬੀ ਦਾ ਇਲਾਜ ਕਰਵਾਇਆ। ਜਦੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਸ ਨੂੰ ਅਪਣੇ ਰਿਕਸ਼ੇ ’ਤੇ ਬਿਠਾ ਕੇ ਉਨ੍ਹਾਂ ਦੇ ਘਰ ਛੱਡ ਕੇ ਆਇਆ। ਅਗਲੇ ਦਿਨ ਸ਼ਾਮ ਨੂੰ ਜਦੋਂ ਉਸ ਦੇ ਘਰ ਉਸ ਦਾ ਪਤਾ ਲੈਣ ਗਿਆ ਤਾਂ ਉਹ ਬੀਬੀ ਮੈਨੂੰ ਆਖਣ ਲੱਗੀ, ‘‘ਭਾਅ ਜੀ ਮੇਰੇ ਰਿਸ਼ਤੇਦਾਰ ਮੇਰੇ ਲਾਗੇ ਨਹੀਂ ਲੱਗੇ। ਤੁਸੀ ਮੇਰਾ ਗ਼ਰੀਬਣੀ ਦਾ ਇਲਾਜ ਕਰਵਾਇਆ ਤੇ ਕਿੰਨਾ ਸਾਥ ਦੇ ਰਹੇ ਹੋ। ਇਕ ਮੇਰੀ ਹੋਰ ਬੇਨਤੀ ਹੈ ਕਿ ਜਿਥੇ ਤੁਸੀ ਮੇਰੀ ਇੰਨੀ ਮਦਦ ਕੀਤੀ ਉਥੇ ਇਕ ਭਲਾ ਹੋਰ ਕਰ ਦਿਉ।’’
ਮੈਂ ਕਿਹਾ ਕਿ ਦੱਸੋ ਭੈਣ ਜੀ? ਉਹ ਆਖਣ ਲਗੀ, ‘‘ਮੇਰਾ ਕੋਈ ਪਤਾ ਨਹੀਂ ਕਿ ਮੈਂ ਕਿੰਨਾ ਚਿਰ ਜੀਵਾਂ। ਮੇਰੀ ਇਸ ਜਵਾਨ ਧੀ ਦੀ ਮੰਗਣੀ ਹੋਈ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਅਪਣੇ ਜਿਉਂਦੇ ਜੀਅ ਇਸ ਦਾ ਵਿਆਹ ਕਰ ਦਿਆਂ। ਗੁਰਦਵਾਰੇ ਵਿਚ ਫੇਰੇ ਦੇ ਕੇ ਇਸ ਨੂੰ ਅਪਣੇ ਘਰ ਭੇਜ ਦੇਣਾ ਹੈ। ਮੇਰਾ ਵੀਰ ਬਣ ਕੇ ਇਹ ਪਰਉਪਕਾਰ ਮੇਰੇ ’ਤੇ ਜ਼ਰੂਰ ਕਰ ਦਿਉ।’’ ਉਸ ਦੁਖਿਆਰੀ ਦੀ ਸਾਰੀ ਗੱਲ ਸੁਣ ਕੇ, ਉਸ ਦੀ ਭਾਵਨਾ ਸਮਝ ਕੇ ਮੈਂ ਉਸ ਨੂੰ ਕਿਹਾ, ‘‘ਤੂੰ ਫ਼ਿਕਰ ਨਾ ਕਰ ਭੈਣ, ਮੇਰਾ ਫ਼ੋਨ ਨੰਬਰ ਤੁਹਾਡੇ ਕੋਲ ਹੈ। ਜਦੋਂ ਅਪਣੀ ਧੀ ਦਾ ਵਿਆਹ ਰੱਖੋਗੇ, ਮੈਨੂੰ ਇਕ ਹਫ਼ਤਾ ਪਹਿਲਾਂ ਦਸ ਦੇਣਾ।’’
ਉਸ ਬੀਬੀ ਦੀ ਬਿਮਾਰੀ ਗੰਭੀਰ ਸੀ ਤੇ ਸ਼ਾਇਦ ਇਸ ਗੱਲ ਦਾ ਉਸ ਨੂੰ ਇਲਮ ਸੀ। ਇਸ ਲਈ ਉਹ ਅਪਣੇ ਜਿਉਂਦੇ ਜੀਅ ਅਪਣੀ ਧੀ ਨੂੰ ਵਿਆਹ ਕੇ ਵਿਦਾ ਕਰਨਾ ਚਾਹੁੰਦੀ ਸੀ। ਮਹੀਨੇ ਕੁ ਬਾਅਦ ਉਸ ਦਾ ਮੈਨੂੰ ਫ਼ੋਨ ਆਇਆ ਤੇ ਕਿਹਾ, ‘‘ਭਾਅ ਜੀ, ਅਪਣੀ ਪ੍ਰੀਤੀ ਦਾ ਵਿਆਹ ਰੱਖ ਦਿਤਾ ਹੈ। ਅਗਲੇ ਹਫ਼ਤੇ ਉਸ ਦਾ ਵਿਆਹ ਹੈ। ਤੁਸੀ ਮੈਨੂੰ ਪਹਿਲਾਂ ਦਸਣ ਲਈ ਕਿਹਾ ਸੀ, ਹੁਣ ਮੇਰੀ ਮਦਦ ਜ਼ਰੂਰ ਕਰੋ।’’ ਮੈਂ ਉਸ ਨੂੰ ਕਿਹਾ, ‘‘ਤੁਸੀ ਅਪਣੀ ਬੇਟੀ ਨੂੰ ਲੈ ਕੇ ਸਾਡੇ ਘਰ ਆ ਜਾਉ।’’ ਅਗਲੇ ਦਿਨ ਉਹ ਦੋਵੇਂ ਮਾਵਾਂ ਧੀਆਂ ਸਾਡੇ ਘਰ ਆ ਗਈਆਂ। ਉਨ੍ਹਾਂ ਦੋਹਾਂ ਨੂੰ ਕਪੜੇ ਵਾਲੀ ਦੁਕਾਨ ਤੇ ਲੈ ਗਿਆ। ਉਸ ਲੋੜਵੰਦ ਧੀ ਨੂੰ ਉਸ ਦੀ ਪਸੰਦ ਦੇ ਵਿਆਹ ਵਾਲੇ ਸੂਟ ਲੈ ਕੇ ਦਿਤੇ ਤੇ ਨਾਲ ਹੀ ਉਸ ਦੀ ਮਾਂ ਨੂੰ ਵੀ ਕਪੜੇ ਲੈ ਦਿਤੇ। ਵਿਆਹ ਭਾਵੇਂ ਉਨ੍ਹਾਂ ਸਾਦਾ ਈ ਕੀਤਾ ਸੀ ਪਰ ਜਿਹੜੇ ਚਾਰ ਜੀਅ ਕੁੜੀ ਅਤੇ ਮੁੰਡੇ ਦੇ ਪ੍ਰਵਾਰ ਵਲੋਂ ਇਕੱਠੇ ਹੋਏ ਸੀ, ਉਨ੍ਹਾਂ ਲਈ ਚਾਹ-ਪਾਣੀ ਦਾ ਪ੍ਰਬੰਧ ਵੀ ਕਰ ਦਿਤਾ। ਉਹ ਬੀਬੀ ਅਪਣੀ ਧੀ ਦੀ ਡੋਲੀ ਤੋਰ ਕੇ ਬਹੁਤ ਖ਼ੁਸ਼ ਹੋਈ ਤੇ ਅਸੀਸਾਂ ਨਾਲ ਸਾਡੀ ਝੋਲੀ ਪਰ ਦਿਤੀ। ਫਿਰ ਕੁੱਝ ਦਿਨਾਂ ਬਾਅਦ ਉਹ ਭਾਣਾ ਵਰਤ ਗਿਆ, ਜਿਸ ਦਾ ਉਸ ਨੇ ਆਪ ਜ਼ਿਕਰ ਕੀਤਾ ਸੀ ਮੇਰੇ ਨਾਲ। ਉਹ ਬੀਬੀ ਸਦਾ ਲਈ ਇਸ ਦੁਨੀਆਂ ਤੋਂ ਕੂਚ ਕਰ ਗਈ। ਅਪਣੀ ਵਿਆਹ ਹੋਈ ਧੀ ਨੂੰ ਤੇ ਅਪਣੇ ਛੋਟੇ ਬੇਟੇ ਨੂੰ ਸਦਾ ਲਈ ਛੱਡ ਕੇ ਉਥੇ ਚਲੀ ਗਈ ਜਿਥੇ ਗਿਆ ਕੋਈ ਵਾਪਸ ਨਹੀਂ ਮੁੜਦਾ। ਮਾਲਕ ਦਾ ਭਾਣਾ ਵੇਖੋ, ਉਸ ਨੇ ਉਸ ਬੀਬੀ ਦੇ ਅੰਤਮ ਸਸਕਾਰ ਦੀ ਸੇਵਾ ਵੀ ਸਾਡੇ ਕੋਲੋਂ ਹੀ ਲਈ। ਇਹ ਮੇਰੇ ਜੀਵਨ ਵਿਚ ਬੜੀ ਅਜੀਬ ਤਰ੍ਹਾਂ ਦੀ ਕਹਾਣੀ ਬਣ ਕੇ ਆਈ ਤੇ ਚਲੀ ਗਈ। ਅੱਜ ਜਦੋਂ ਮੈਂ ਸ਼ਹਿਰ ਦੀ ਟੈ੍ਰਫ਼ਿਕ ਤੋਂ ਦੂਰ ਇਕ ਪਾਰਕ ਦੇ ਕੋਲ ਰੁੱਖਾਂ ਹੇਠ ਅਪਣਾ ਰਿਕਸ਼ਾ ਲਾ ਕੇ ਇਹ ਲੇਖ ਲਿਖ ਰਿਹਾ ਸੀ ਤਾਂ ਉਨ੍ਹਾਂ ਬਾਰੇ ਲਿਖਦਿਆਂ ਮੇਰੀਆਂ ਅੱਖਾਂ ਭਰ ਆਈਆਂ ਤੇ ਹੰਝੂਆਂ ਦੀ ਸਿਆਹੀ ਨਾਲ ਇਹ ਅੱਖਰ ਲਿਖੇ :
ਦੇਖ ਕਰ ਦਰਦ ਕਿਸੀ ਔਰ ਕਾ,
ਜੋ ਦਿਲ ਸੇ ਆਹ ਨਿਕਲ ਜਾਤੀ ਹੈ
ਬਸ! ਇਤਨੀ ਸੀ ਬਾਤ ਹੈ,
ਜੋ ਆਦਮੀ ਕੋ ਇਨਸਾਨ ਬਨਾਤੀ ਹੈ।
ਰਾਜਬੀਰ ਸਿੰਘ ਰਿਕਸ਼ੇ ਵਾਲਾ - ਛੇਹਰਟਾ, ਅੰਮ੍ਰਿਤਸਰ
ਸੰਪਰਕ : 98141-65624