ਵਿਦੇਸ਼ ਜਾਣ ਤੋਂ ਪਹਿਲਾਂ ਕੋਈ ਵੀ ਹੱਥੀਂ ਕੰਮ ਸਿੱਖ ਕੇ ਜਾਣ ਬੱਚੇ: ਵਿਨੈ ਹੈਰੀ
Published : Jul 21, 2019, 5:16 pm IST
Updated : Jul 21, 2019, 5:16 pm IST
SHARE ARTICLE
Vinay Hari Interview on spokesman TV
Vinay Hari Interview on spokesman TV

ਸਪੋਕਸਮੈਨ ਟੀਵੀ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਵਿਨੈ ਹੈਰੀ ਦੀ ਵਿਸ਼ੇਸ਼ ਗੱਲਬਾਤ

ਜਵਾਨੀ ਦਾ ਖੂਨ ਏਨਾਂ ਗਰਮ ਹੁੰਦਾ ਹੈ ਕਿ ਜਦ ਦਿਲ ਵਿਚ ਕੋਈ ਚਾਅ ਵਸ ਜਾਵੇ ਅਤੇ ਉਸ ਚਾਅ ਨੂੰ ਪੂਰਾ ਕਰਨ ਲਈ ਕਦਮ ਨਾ ਚੁੱਕੇ ਜਾਣ ਤਾਂ ਦਿਲ ਵਿਚ ਹਮੇਸ਼ਾਂ ਤੋਂ ਸ਼ਿਕਾਇਤ ਰਹਿ ਜਾਂਦੀ ਹੈ। ਇਸ ਜਵਾਨੀ ਦੇ ਦੌਰ ਵਿਚ ਬੱਚਿਆਂ ਪ੍ਰਤੀ ਮਾਂ-ਬਾਪ ਦੇ ਦੋ ਫਰਜ਼ ਹੁੰਦੇ ਹਨ, ਇਕ ਬੱਚਿਆਂ ਨੂੰ ਉਹਨਾਂ ਦੇ ਚਾਅ ਪੂਰੇ ਕਰਨ ਵਿਚ ਕੋਈ ਰੁਕਾਵਟ ਨਾ ਪੈਦਾ ਕੀਤੀ ਜਾਵੇ ਅਤੇ ਦੂਜਾ ਜਦੋਂ ਬੱਚੇ ਉਡਾਰੀ ਮਾਰਨ ਲੱਗਣ ਤਾਂ ਉਹਨਾਂ ਦੇ ਖੰਭਾਂ ਨੂੰ ਇੰਨਾ ਮਜ਼ਬੂਤ ਬਣਾ ਦਿੱਤਾ ਜਾਵੇ ਕਿ ਉਹ ਕਦੇ ਨਾ ਡਿੱਗਣ ਜੇਕਰ ਡਿੱਗਣ ਵੀ ਤਾਂ ਉਹ ਟੁੱਟਣ ਨਾ।

ਅੱਜ ਪੰਜਾਬ ਦੇ ਨੌਜਵਾਨਾਂ ਨੇ ਮਨ ਬਣਾ ਲਿਆ ਹੈ ਕਿ ਉਹਨਾਂ ਨੇ ਵਿਦੇਸ਼ ਜਾਣਾ ਹੀ ਹੈ ਅਤੇ ਸੁਨਿਹਰੀ ਨਗਰੀ ਜਾ ਕੇ ਡਾਲਰਾਂ ਦੀ ਕਮਾਈ ਕਰਨੀ ਹੀ ਹੈ। ਜੇਕਰ ਅਸੀਂ ਉਹਨਾਂ ਨੂੰ ਬੋਲੀਏ ਕਿ ਪੰਜਾਬ ਇਥੇ ਹੈ ਅਤੇ ਪੰਜਾਬੀਅਤ ਸਾਡੀ ਲੋੜ ਹੈ ਤਾਂ ਕੀ ਉਹ ਇਹ ਕੁਰਬਾਨੀ ਖੁਸ਼ੀ-ਖੁਸ਼ੀ ਦੇ ਰਹੇ ਹਨ। ਇਸ ਮਾਮਲੇ ‘ਤੇ ਅੱਜ ਕੱਲ ਕਾਫ਼ੀ ਚਰਚਾ ਹੋ ਰਹੀ ਹੈ, ਅਸੀਂ ਬੜੇ ਇਮੀਗ੍ਰੇਸ਼ਨ ਏਜੰਟਾਂ ਨਾਲ ਗੱਲਾਂ ਕੀਤੀਆਂ, ਜਿੱਥੇ ਉਹਨਾਂ ਨੇ ਕਿਹਾ ਕਿ ਇਹ ਕਰੋ ਜਾਂ ਇਹ ਨਾਂ ਕਰੋ। ਪਰ ਜਿਨ੍ਹਾਂ ਨੌਜਵਾਨਾਂ ਨੇ ਵਿਦੇਸ਼ ਜਾਣਾ ਹੀ ਹੈ, ਉਹਨਾਂ ਦੇ ਮਾਂ-ਬਾਪ ਨੂੰ ਅਪੀਲ ਹੈ ਕਿ ਸਾਡੇ ਇਸ ਪ੍ਰੋਗਰਾਮ ਨਾਲ ਜੁੜਨ ਅਤੇ ਵਿਨੈ ਹੈਰੀ ਜੀ ਤੋਂ ਜਾਣੋ ਕਿ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਸਹੀ ਤਰੀਕਾ ਕੀ ਹੈ? ਸਭ ਤੋਂ ਪਹਿਲਾਂ ਵਿਨੈ ਹੈਰੀ ਜੀ ਤੁਹਾਡਾ ਸਪੋਕਸਮੈਨ ਟੀਵੀ ‘ਤੇ ਪਹੁੰਚਣ ਲਈ ਧੰਨਵਾਦ।

ਸਵਾਲ ਅਸੀਂ ਹਾਲ ਹੀ ਵਿਚ ਤੁਹਾਡੇ ਨਾਲ ਬਹੁਤ ਗੱਲਾਂ ਕੀਤੀਆਂ ਅਤੇ ਤੁਸੀਂ ਬੱਚਿਆਂ ਨੂੰ ਦੱਸਦੇ ਹੋ ਕਿ ਵਿਦੇਸ਼ ਜਾਣ ਦਾ ਰਸਤਾ ਔਖਾ ਹੈ ਸੌਖਾ ਨਹੀਂ ਪਰ ਕਹਿੰਦੇ ਨੇ ਜਦੋਂ ਇਸ਼ਕ ਹੁੰਦਾ ਹੈ ਤਾਂ ਇਸ਼ਕ ਕਰ ਕੇ ਹੀ ਪਤਾ ਚੱਲਦਾ ਹੈ ਕਿ ਰਾਹ ਕਿੰਨੇ ਕ ਪੱਧਰੇ ਨੇ ਤੇ ਜੇਕਰ ਬੱਚਿਆਂ ਨੇ ਇਸ ਰਾਹ ਤੇ ਜਾਣਾ ਹੀ ਐ ਤਾਂ ਕੀ ਇਹ ਜਰੂਰੀ ਨਹੀਂ ਕਿ ਅਸੀਂ ਉਹਨਾਂ ਨੂੰ ਸਹੀ ਰਾਹ ਲੈ ਕੇ ਜਾਈਏ ?
ਜਵਾਬ
 ਅੱਜ ਜ਼ਮਾਨਾ ਬਦਲ ਰਿਹਾ ਹੈ, ਤੁਸੀਂ ਕਿਸੇ ਤੋਂ ਵੀ ਪੁੱਛੋ ਕਿ ਮਰਨ ਤੋਂ ਬਾਅਦ ਕਿੱਥੇ ਜਾਣਾ ਹੈ ਤਾਂ ਹਰ ਕੋਈ ਇਹੀ ਜਵਾਬ ਦਿੰਦਾ ਹੈ ਕਿ ਮਰਨ ਤੋਂ ਬਾਅਦ ਉਹ ਸਵਰਗ ਜਾਣਾ ਚਾਹੁੰਦਾ ਹੈ। ਲੋਕਾਂ ਵਿਚ ਇਕ ਵਿਚਾਰਧਾਰਾ ਬਣੀ ਹੈ ਕਿ ਇਕ ਸਵਰਗ ਹੁੰਦਾ ਹੈ ਤੇ ਇਕ ਨਰਕ। ਨਰਕ ਵਿਚ ਕੋਈ ਨਹੀਂ ਜਾਣਾ ਚਾਹੁੰਦਾ। ਪਰ ਅੱਜ ਪੰਜਾਬੀ ਲੋਕ ਕੈਨੇਡਾ ਨੂੰ ਸਵਰਗ ਮੰਨਦੇ ਹਨ ਤੇ ਚਾਹੁੰਦੇ ਹਨ ਕਿ ਅਸੀਂ ਕੈਨੇਡਾ ਪਹੁੰਚ ਜਾਈਏ ਅਤੇ ਨਵਾਂ ਪੰਜਾਬ ਦੇਖ ਲਈਏ। ਪਹਿਲਾਂ ਚੀਜ਼ਾਂ ਬਹੁਤ ਔਖੀਆਂ ਹੁੰਦੀਆਂ ਸੀ, ਪੈਸਾ ਬਹੁਤ ਲੱਗਦਾ ਸੀ, ਸਰਕਾਰ ਦੀਆਂ ਪੋਲੀਸੀਆਂ ਨਹੀਂ ਹੁੰਦੀਆਂ ਸੀ ਅਤੇ ਖੱਜਲ ਖਰਾਬੀ ਬਹੁਤ ਹੁੰਦੀ ਸੀ। ਅੱਜ ਚੀਜ਼ਾਂ ਵਿਕਸਿਤ ਹੋ ਰਹੀਆਂ ਹਨ, ਵਿਕਸਿਤ ਦੇਸ਼ਾਂ ਨੇ ਬਾਹਰ ਜਾਣਾ ਬਹੁਤ ਸੌਖਾ ਕਰ ਦਿੱਤਾ ਹੈ। ਅੱਜ ਮਾਂ-ਬਾਪ ਵੀ ਚਾਹੁੰਦੇ ਹਨ ਕਿ ਉਹਨਾਂ ਦਾ ਬੱਚਾ ਸਵਰਗ ਵਿਚ ਚਲਾ ਜਾਵੇ ਅਤੇ ਬੱਚਾ ਵੀ ਚਾਹੁੰਦਾ ਹੈ ਕਿ ਮੈਂ ਨਵਾਂ ਪੰਜਾਬ ਦੇਖ ਲਵਾਂ। ਇਕ ਨਵਾਂ ਪੰਜਾਬ ਜੋ ਨਸ਼ਿਆਂ ਤੋਂ ਮੁਕਤ ਹੈ, ਜਿਸ ਵਿਚ ਕਾਰੋਬਾਰ ਬਹੁਤ ਹੈ ਅਤੇ ਲੋਕਾਂ ਵਿਚ ਭਾਈਚਾਰਕ ਸਾਂਝ ਹੈ। ਕੋਈ ਲੜਾਈ ਝਗੜਾ ਨਹੀਂ। ਇਸ ਨਵੇਂ ਪੰਜਾਬ ਨੂੰ ਦੇਖਣ ਲਈ ਪੰਜਾਬੀਆਂ ਵਿਚ ਬੜੀ ਤਾਂਘ ਹੈ। ਦਸਵੀਂ ਜਮਾਤ ਵਿਚ ਪੜ੍ਹਦੇ ਬੱਚੇ ਨੂੰ ਵੀ ਲੱਗਦਾ ਹੈ ਕਿ ਕੈਨੇਡਾ ਜਾਣਾ ਬਹੁਤ ਸੌਖਾ ਹੈ। ਅੱਜ ਲੋਕ ਕੈਨੇਡਾ ਜਾਣ ਲਈ ਸਭ ਕੁੱਝ ਵੇਚਣ ਲਈ ਤਿਆਰ ਹੋ ਗਏ ਹਨ।

ਸਵਾਲ ਹਾਲ ਹੀ ਦੀ ਇਕ ਖ਼ਬਰ ਵਿਚ ਦੇਖੋ ਤਾਂ 52 ਲੱਖ ਰੁਪਏ ਲੈ ਕੇ ਗਲਤ ਤਰੀਕੇ ਨਾਲ ਬਾਹਰ ਭੇਜਣ ਵਾਲੇ ਇਮੀਗ੍ਰੇਸ਼ਨ ਵਾਲੇ ਫੜੇ ਗਏ। ਜੇਕਰ ਬੱਚਿਆਂ ਨੇ ਬਾਹਰ ਜਾਣਾ ਹੀ ਹੈ ਕੀ ਸਾਡਾ, ਮਾਪਿਆਂ ਦਾ ਅਤੇ ਇਮੀਗ੍ਰੇਸ਼ਨ ਵਾਲਿਆਂ ਦਾ ਇਹ ਫ਼ਰਜ਼ ਨਹੀਂ ਬਣਦਾ ਕਿ ਉਹਨਾਂ ਨੂੰ ਸਹੀ ਅਤੇ ਸੁਰੱਖਿਅਤ ਰਾਹ ਰਾਹੀਂ ਭੇਜਣ।
ਜਵਾਬ
ਸੁਰੱਖਿਅਤ ਰਾਹ ਭੇਜੀਏ ਤੇ ਉਹਨਾਂ ਨੂੰ ਗਾਈਡ ਕਰੀਏ। ਅੱਜ ਲੋਕਾਂ ਨੇ ਬਾਹਰ ਜਾਣ ਲਈ ਪੜ੍ਹਾਈ ਕਰਨ ਦੇ ਰਸਤੇ ਨੂੰ ਰੁਜ਼ਗਾਰ ਦਾ ਰਾਸਤਾ ਬਣਾ ਲਿਆ ਹੈ। ਜੇਕਰ ਬੱਚਾ ਸਾਲ ਜਾਂ ਛੇ ਮਹੀਨੇ ਚੰਗੀ ਤਰ੍ਹਾਂ ਤਿਆਰੀ ਕਰ ਕੇ ਬਾਹਰ ਜਾਵੇ ਤਾਂ ਉਹ ਕਾਮਯਾਬ ਹੋ ਜਾਂਦਾ ਹੈ। ਜੇਕਰ ਬੱਚਾ ਪਹਿਲਾਂ ਤੋਂ ਹੀ ਦਿਮਾਗ ਵਿਚ ਬਿਠਾ ਲਵੇ ਕਿ ਉਸ ਨੇ ਬਾਹਰ ਜਾ ਕੇ ਦਿਹਾੜੀ ਹੀ ਕਰਨੀ ਹੈ ਅਤੇ ਮਜ਼ਦੂਰੀ ਕਰਨੀ ਹੈ ਤਾਂ ਉਹ ਬਾਹਰ ਜਾ ਕੇ ਮੁਸ਼ਕਿਲ ਵਿਚ ਆ ਜਾਂਦਾ ਹੈ।

Vinay HariVinay Hari

ਸਵਾਲ ਇਕ ਤਾਂ ਬੱਚੇ ਕੰਮ ਲਈ ਜਾਂਦੇ ਨੇ ਅਤੇ ਦੂਜਾ ਬੱਚੇ ਪੜ੍ਹਨ ਲਈ ਜਾ ਰਹੇ ਨੇ, ਉਹ ਵੀ ਹੁਣ ਧੰਦਾ ਬਣ ਗਿਆ ਹੈ। ਇਕ ਸਟੱਡੀ ਅਨੁਸਾਰ ਕੈਨੇਡਾ ਵਿਚ ਇਕ-ਇਕ ਕਮਰੇ ਦੀਆਂ ਯੂਨੀਵਰਸਿਟੀਆਂ ਖੁੱਲੀਆਂ ਹੋਈਆਂ ਹਨ। ਪਹਿਲਾਂ ਬੱਚੇ ਪੰਜਾਬ ਵਿਚ ਪੈਸੇ ਦੇ ਕੇ ਸਰਟੀਫਿਕੇਟ ਲੈਂਦੇ ਨੇ ਤੇ ਫਿਰ ਵਿਦੇਸ਼ਾਂ ਵਿਚ ਵੀ ਪੈਸੇ ਦੇ ਕੇ ਡਿਗਰੀਆਂ ਲੈਂਦੇ ਹਨ। ਜਿੱਥੇ ਹਫ਼ਤੇ ਦੇ ਕਈ ਘੰਟੇ ਕੰਮ ਕਰਨਾ ਹੁੰਦਾ ਹੈ ਤਾਂ ਉਹ 12-12 ਘੰਟੇ ਰੋਜ਼ ਕੰਮ ਕਰ ਰਹੇ ਹਨ। ਇਹ ਪਹਿਲਾ ਕਦਮ ਹੈ ਜੋ ਅਸੀਂ ਚੁੱਕ ਰਹੇ ਹਾਂ ਕਿ ਅਸੀਂ ਬੱਚੇ ਨੂੰ ਕੰਮ ਕਰਨ ਲਈ ਬਾਹਰ ਭੇਜ ਰਹੇ ਹਾਂ ਜਾਂ ਪੜ੍ਹਨ ਲਈ।
ਜਵਾਬ
ਪਹਿਲਾ ਕਦਮ ਹੀ ਗਲਤ ਚੁੱਕਿਆ ਜਾ ਰਿਹਾ ਹੈ। ਮਾਂ-ਬਾਪ ਵਿਦੇਸ਼ ‘ਚ ਪੜ੍ਹਾਈ ਨੂੰ ਰੁਜ਼ਗਾਰ ਸਮਝ ਕੇ ਬੈਠੇ ਹਨ। ਜਦੋਂ ਤੱਕ ਇਹ ਵਿਚਾਰਧਾਰਾ ਦਿਮਾਗ ਵਿਚੋਂ ਨਹੀਂ ਨਿਕਲਦੀ ਤਾਂ ਬੱਚਿਆਂ ਨੇ ਬਾਹਰ ਰੁਲ ਜਾਣਾ। ਅੱਜ ਘੱਟ ਪੈਸਿਆਂ ਵਿਚ ਬਾਹਰ ਜਾਇਆ ਜਾ ਸਕਦਾ ਹੈ। ਲੋਕ ਇਹ ਦੇਖਦੇ ਹਨ ਕਿ ਪੀਆਰ ਕਿੱਥੇ ਮਿਲਦੀ ਹੈ। ਪੜ੍ਹਨ ਨੂੰ ਤਾਂ ਲੋਕ ਜਾ ਹੀ ਨਹੀਂ ਰਹੇ। ਸਾਨੂੰ ਮਾਪਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਅਪਣੇ ਬੱਚਿਆਂ ਨੂੰ ਪੜ੍ਹਨ ਲਈ ਬਾਹਰ ਭੇਜੋ। ਜੇਕਰ ਤੁਹਾਡੇ ਕੋਲ ਬੱਚਿਆਂ ਨੂੰ ਬਾਹਰ ਭੇਜਣ ਲਈ 15 ਲੱਖ ਨਹੀਂ ਹਨ ਤਾਂ ਤੁਸੀਂ ਅਪਣੇ ਬੱਚੇ ਨੂੰ ਅਜਿਹੇ ਮੁਲਕ ਭੇਜੋ ਜਿੱਥੇ ਘੱਟ ਪੈਸਾ ਲੱਗਦਾ ਹੈ। ਬੱਚਿਆਂ ਨੂੰ ਬਾਹਰ ਕੰਮ ਕਰਨ ਲਈ ਭੇਜ ਕੇ ਮਾਂ-ਬਾਪ ਉਹਨਾਂ ਦੇ ਗੁਨਾਹਗਾਰ ਬਣ ਰਹੇ ਹਨ।

ਅੱਜ ਸਟੱਡੀ ਅਬਰੋਡ ਦਾ ਨਾਂਅ ਸੈਟਲ ਅਬਰੋਡ ਹੋ ਚੁੱਕਾ ਹੈ। ਅੱਜ ਦੇ ਦੌਰ ਵਿਚ ਪੜ੍ਹਾਈ ਕਰਨ ਵਾਲਾ ਬੱਚਾ ਇੱਥੇ ਵੀ ਨਹੀਂ ਪੜ੍ਹਦਾ, ਅੱਜ ਪੰਜਾਬ ਦੇ ਜ਼ਿਆਦਾਤਰ ਇੰਜੀਨੀਅਰਿੰਗ ਕਾਲਜ ਬੰਦ ਹੋਣ ਦੀ ਕਗਾਰ ‘ਤੇ ਨੇ, ਬੀਐਡ ਕਾਲਜਾਂ ਵਿਚ ਕੋਈ ਦਾਖਲਾ ਨਹੀਂ ਲੈਂਦਾ ਤੇ ਨਰਸਿੰਗ ਕਾਲਜ ਖਾਲੀ ਪਏ ਨੇ। ਯੂਨੀਵਰਸਿਟੀਆਂ ਤੱਕ ਵਿਕ ਗਈਆਂ ਹਨ। ਬੱਚਿਆਂ ਦੀ ਮੁੱਢਲੀ ਸਿੱਖਿਆ ਅਤੇ ਉਹਨਾਂ ਲਈ ਮੁੱਢਲਾ ਸੁਨੇਹਾ ਗਲਤ ਹੈ। ਅਸੀਂ ਕੁੰਡੀ ਪਾ ਕੇ ਪੱਕੇ ਤੌਰ ‘ਤੇ ਜਾਣਾ ਚਾਹੁੰਦੇ ਹਾਂ।

ਸਵਾਲ ਤੁਸੀਂ ਕਹਿੰਦੇ ਹੋ ਕਿ ਪਹਿਲੀ ਗਲਤੀ ਮਾਂ-ਬਾਪ ਦੀ ਹੈ।
ਜਵਾਬ
ਇਕ ਦਵਾਈ ਬਣਦੀ ਹੈ ਹਰ ਕਿਸੇ ਦਾ ਦਰਦ ਠੀਕ ਕਰਨ ਵਾਸਤੇ। ਅੱਜ ਜ਼ਿਆਦਾਤਰ ਮੈਡੀਕਲ ਸਟੋਰ ਦਰਦ ਦੀਆਂ ਦਵਾਈਆਂ ਘੱਟ ਵੇਚਦੇ ਅਤੇ ਨਸ਼ੇ ਦੀਆਂ ਦਵਾਈਆਂ ਜ਼ਿਆਦਾ ਵੇਚਦੇ ਹਨ। ਕਿਸੇ ਵੱਲੋਂ ਖਾਂਸੀ ਲਈ ਬਣਾਈ ਗਈ ਇਕ ਦਵਾਈ ਅੱਜ ਖਾਂਸੀ ਕਰਕੇ ਨਹੀਂ ਵਿਕਦੀ ਬਲਕਿ ਉਸ ਵਿਚ ਨਸ਼ਾ ਹੈ ਇਸ ਲਈ ਵਿਕਦੀ ਹੈ। ਅੱਜ ਪੰਜਾਬ ਵਿਚੋਂ ਬੱਚਾ ਸਟੂਡੇਂਟ ਵੀਜ਼ਾ ਲੈ ਕੇ ਜਾ ਰਿਹਾ ਹੈ ਪਰ ਪੜ੍ਹਨ ਨਹੀਂ ਜਾ ਰਿਹਾ। ਜਿਸ ਦੇ ਆਈਲੈਟਸ ‘ਚੋਂ 7 ਬੈਂਡ ਨੇ ਉਸ ਦਾ ਮਕਸਦ ਵੀ ਉੱਥੇ ਪਹੁੰਚਣਾ ਹੈ, ਜਿਸ ਦੇ 90 ਫੀਸਦੀ ਨੰਬਰ ਨੇ ਉਸ ਦਾ ਮਕਸਦ ਵੀ ਉੱਥੇ ਪਹੁੰਚਣਾ ਹੈ। ਇਹ ਇਸ ਤਰ੍ਹਾਂ ਦੀ ਬਿਮਾਰੀ ਹੈ, ਜਿਸ ਵਿਚੋਂ ਬੱਚਾ ਨਹੀਂ ਨਿਕਲ ਸਕਦਾ। ਇਸ ਵਿਚ ਬੱਚਾ ਖਤਮ ਹੋ ਜਾਂਦਾ ਹੈ।

ਸਵਾਲ ਜਿਹੜੇ ਮਾਂ-ਬਾਪ ਇਹ ਇੰਟਰਵਿਊ ਦੇਖ ਰਹੇ ਹਨ ਜਾਂ ਪੜ੍ਹ ਰਹੇ ਹਨ, ਪਹਿਲਾਂ ਇਹ ਸਾਫ਼ ਕਰੋ ਕਿ ਤੁਸੀਂ ਬੱਚਾ ਅਪਣੇ ਬਾਹਰ ਭੇਜ ਰਹੇ ਹੋ ਜਾਂ ਉਸ ਨੂੰ ਅੱਗੇ ਵਧਣ ਲਈ ਭੇਜ ਰਹੇ ਹੋ। ਮੰਨ ਲਓ ਕਿ ਮੇਰਾ ਬੱਚਾ ਬਾਹਰ ਜਾ ਰਿਹਾ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ ਤਾਂ ਉਸ ਨੂੰ ਬਾਹਰ ਭੇਜਣ ਲਈ ਮੈ ਪਹਿਲਾ ਸਵਾਲ ਅਪਣੇ ਆਪ ਤੋਂ ਕੀ ਪੁੱਛਾਂਗੀ।
ਜਵਾਬ
ਬੰਦਾ ਅੱਖਾਂ ਬੰਦ ਕਰ ਲੈਂਦਾ ਹੈ ਕਿ ਮੈਂ ਅਪਣੇ ਬੱਚੇ ਨੂੰ ਸੈੱਟ ਕਰਨ ਲਈ ਬਾਹਰ ਭੇਜ ਰਿਹਾ ਹਾਂ। ਪਰ ਮਾਂ-ਬਾਪ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਮੈਂ ਅਪਣੇ ਬੱਚੇ ਨੂੰ ਬਾਹਰ ਪੜ੍ਹਨ ਲਈ ਭੇਜ ਰਿਹਾ ਹਾਂ ਤਾਂ ਉਸ ਪੜ੍ਹਾਈ ਦੀ ਕੀ ਕੀਮਤ ਹੈ। ਕੀ ਮੇਰਾ ਬੱਚਾ ਬਾਹਰੀ ਪੜ੍ਹਾਈ ਪੜ੍ਹ ਕੇ ਕਾਮਯਾਬ ਹੋ ਸਕਦਾ ਹੈ?  ਜ਼ਿਆਦਾਤਰ ਬਾਹਰ ਜਾਣ ਵਾਲੇ ਲੋਕਾਂ ਨੂੰ ਪੁੱਛੋ ਤੂੰ ਪੜ੍ਹਨ ਕੀ ਜਾਣਾ ਹੈ। ਕਿਸੇ ਨੂੰ ਵੀ ਇਸ ਬਾਰੇ ਸਮਝ ਨਹੀਂ ਹੈ। ਲੋਕ ਸਾਡੇ ਕੋਲ ਵੀ ਆਉਂਦੇ ਹਨ ਕਿ ਕਿਹੜੇ ਕੋਰਸ ਵਿਚ ਅਸੀਂ ਬੱਚਾ ਭੇਜਦੇ ਹਾਂ, ਹੋਟਲ ਮੈਨੇਜਮੈਂਟ, ਬਿਜ਼ਨਸ ਮੈਨੇਜਮੈਂਟ, ਆਈਟੀ। ਇਸ ਤਿੰਨ ਕੋਰਸ ਨੇ ਕੋਈ ਆਰਟੀਫੀਸ਼ਨ ਇੰਟੈਲੀਜੈਂਸ ਦਾ ਨਾਂਅ ਨਹੀਂ ਲੈਂਦਾ, ਕੋਈ ਐਰੋਨੋਟੀਕਲ ਸਇੰਸ ਦਾ ਨਾਂਅ ਨਹੀਂ ਲੈਂਦਾ, ਜਦਕਿ ਕੰਪਿਊਟਰ ਵਿਚ ਹੀ 200 ਤਰ੍ਹਾਂ ਦੇ ਕੋਰਸ ਹੁੰਦੇ ਹਨ। ਸਾਡੇ ਲੋਕ ਢੰਗ ਲੱਭਦੇ ਹਨ ਕਿ ਕਿਹੜੇ ਢੰਗ ਨਾਲ ਉਥੇ ਪਹੁੰਚ ਜਾਈਏ। ਸਾਡਾ ਪੰਜਾਬ ਖ਼ਤਮ ਹੋ ਜਾਣਾ।

Vinay Hari Interview on spokesman TVVinay Hari Interview on spokesman TV

ਸਵਾਲ ਇਹਨਾਂ ਕੋਰਸਾਂ ਨੂੰ ਕਰਨ ਲਈ ਅੰਗਰੇਜ਼ੀ ਦੀ ਬੜੀ ਜ਼ਰੂਰਤ ਹੈ। ਲੋਕ ਅੰਗਰੇਜ਼ੀ ਦਾ ਨਕਲੀ ਸਰਟੀਫਿਕੇਟ ਲੈ ਲੈਂਦੇ ਹਨ ਸ਼ਾਇਦ ਮੈਂ ਸੁਣਿਆ 15 ਹਜ਼ਾਰ ਦਾ ਨਕਲੀ ਸਰਟੀਫਿਕੇਟ ਮਿਲਦਾ ਹੈ।
ਜਵਾਬ
  ਦੁਨੀਆ ਵਿਚ ਅੰਗਰੇਜ਼ੀ ਕੈਂਬਰਿਜ ਯੂਨੀਵਰਸਿਟੀ ਨੇ ਬਣਾਈ ਹੈ। ਇੰਗਲੈਂਡ ਤੋਂ ਕੈਂਬਰਿਜ ਯੂਨੀਵਰਸਿਟੀ ਨੇ ਅੰਗਰੇਜ਼ੀ ਪੜ੍ਹਾਉਣੀ ਸ਼ੁਰੂ ਕੀਤੀ। ਆਈਲੇਟਸ ਉੱਥੋਂ ਹੀ ਕਰਵਾਈ ਜਾਂਦੀ ਹੈ ਅਤੇ ਆਈਲੇਟਸ ਦੀ ਸਰਟੀਫਿਕੇਸ਼ਨ ਵੀ ਉੱਥੋਂ ਹੀ ਹੁੰਦੀ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਵਿਚ ਸਭ ਤੋਂ ਜ਼ਿਆਦਾ ਅੰਗਰੇਜ਼ੀ ਭਾਰਤ ਵਿਚ ਬੋਲੀ ਜਾਂਦੀ ਹੈ। ਦੁਨੀਆ ਵਿਚ ਸਭ ਤੋਂ ਜ਼ਿਆਦਾ ਅੰਗਰੇਜ਼ੀ ਪੜਾਉਣ ਵਾਲੇ ਟੀਚਰ ਅਤੇ ਸੈਂਟਰ ਵੀ ਇੱਥੇ ਹੀ ਨੇ। ਪੰਜਾਬੀ ਜਦੋਂ ਵੀ ਕਿਸੇ ਚੀਜ਼ ਨੂੰ ਫੜ੍ਹ ਲੈਂਦੇ ਹਨ ਤਾਂ ਉਹ ਹਰ ਚੀਜ਼ ਨੂੰ ਸਿਰੇ ਲਾ ਕੇ ਛੱਡਦੇ ਹਨ। ਛੋਟੇ ਛੋਟੇ ਕਸਬਿਆਂ ਵਿਚ ਵੀ ਡਾਕਟਰਾਂ ਦੀਆਂ ਦੁਕਾਨਾਂ ਤੋਂ ਕਿਤੇ ਜ਼ਿਆਦਾ ਆਇਲੈਟਸ ਸੈਂਟਰ ਬਣ ਗਏ ਹਨ। ਹੁਣ ਲੋਕ ਪੈਸੇ ਦੇ ਕੇ ਜਾਅਲੀ ਸਰਟੀਫਿਕੇਟ ਨਹੀਂ ਖਰੀਦਦੇ, ਲੋਕ ਦੋ ਸਾਲ ਕੋਰਸ ਕਰਦੇ ਹਨ।

ਪਿੰਡ ਵਿਚ ਰਹਿਣ ਵਾਲਾ ਬੱਚਾ 6 ਬੈਂਡ ਲੈਣ ਲਈ ਲਗਭਗ ਦੋ ਸਾਲ ਲਗਾਉਂਦਾ ਹੈ। ਜੇਕਰ ਅਸੀਂ ਕਹੀਏ ਕਿ ਆਈਲੇਟਸ ਦਾ ਸਰਟੀਫਿਕੇਟ ਨਕਲੀ ਐ ਤਾਂ ਉਹ ਨਹੀਂ ਹੈ। ਪੰਜਾਬੀਆਂ ਦੇ ਬਾਹਰ ਜਾਣ ਲਈ ਆਈਲੇਟਸ ਰੁਕਾਵਟ ਬਣ ਰਹੀ ਸੀ। ਜੇਕਰ ਤੁਸੀਂ 100 ਦਿਨ ਵੀ ਇਕ ਜਾਨਵਰ ਨੂੰ ਇਕ ਰਸਤੇ ‘ਤੇ ਚਲਾ ਦਿਓ ਤਾਂ ਉਹ ਵੀ  101ਵੇਂ ਦਿਨ ਇਕੱਲਾ ਪਹੁੰਚ ਸਕਦਾ ਹੈ। ਪੰਜਾਬ ਵਿਚ ਆਈਲੇਟਸ ਸਿਖਾਉਣ ਦਾ ਮੈਟੀਰੀਅਲ ਇੰਨਾ ਜ਼ਿਆਦਾ ਤਿਆਰ ਹੋ ਚੁੱਕਾ ਹੈ ਕਿ ਦੁਨੀਆ ਵਿਚ ਇੰਗਲਿਸ਼ ਸਿੱਖਣ ਲਈ ਸਭ ਤੋਂ ਜ਼ਿਆਦਾ ਵਧੀਆਂ ਥਾਂ ਪੰਜਾਬ ਹੈ। ਕਿਸੇ ਹੋਰ ਤਾਂ ਅੰਗਰੇਜ਼ੀ ਸਿੱਖਣੀ ਹੋਵੇ ਤਾਂ ਇਕ ਇਕ ਲੱਖ ਰੁਪਏ ਫੀਸ ਹੁੰਦੀ ਹੈ ਪਰ ਪੰਜਾਬ ‘ਚ 5 ਹਜ਼ਾਰ ਵਿਚ ਹੀ ਅੰਗਰੇਜ਼ੀ ਸਿਖਾਈ ਜਾਂਦੀ ਹੈ। ਬੱਚਿਆਂ ਲਈ ਅੰਗਰੇਜ਼ੀ ਕੋਈ ਮੁਸ਼ਕਿਲ ਨਹੀਂ ਹੈ ਬੱਚਿਆਂ ਲਈ ਮੁਸ਼ਕਿਲ ਹੈ ਉਹਨਾਂ ਦਾ ਏਮਲੈੱਸ ਹੋਣਾ। ਇਹ ਮੁਸ਼ਕਿਲ ਹੱਲ ਕਰਨ ਲਈ ਸਾਨੂੰ ਬਹੁਤ ਕੁੱਝ ਕਰਨਾ ਪੈਣਾ ਹੈ ਅਤੇ ਅਪਣੇ ਆਪ ਨੂੰ ਬਦਲਣਾ ਪੈਣਾ ਹੈ।

ਬਾਹਰ ਕੰਮ ਕਰਨ ਵਾਲੀ ਵਿਚਾਰਧਾਰਾ ਸਾਨੂੰ ਮਨ ਵਿਚੋਂ ਕੱਢਣੀ ਪੈਣੀ ਹੈ। ਅਸੀਂ ਬੱਚਾ ਬਾਹਰ ਚੰਗੀ ਯੂਨੀਵਰਸਿਟੀ ਵਿਚ ਪੜ੍ਹਨ ਲਈ ਭੇਜ ਦਿੰਦੇ ਹਾਂ, ਉੱਥੇ ਉਸ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਸਾਰੇ ਕੰਮ ਕਰਦੇ ਹਨ, ਉਸ ਤੋਂ ਪੜ੍ਹ ਨਹੀਂ ਹੋ ਰਿਹਾ। ਉਸ ਨੂੰ ਇਹੀ ਸਿਖਾਇਆ ਗਿਆ ਹੈ ਕਿ ਬਾਹਰ ਪੜ੍ਹਨ ਜਾਣਾ ਮਤਲਬ ਬਾਹਰ ਮਜ਼ਦੂਰੀ ਕਰਨਾ ਹੈ। ਤੁਸੀਂ ਕਿਸੇ ਵੀ ਮਿਡਲ ਕਲਾਸ ਮਾਂ-ਬਾਪ ਨੂੰ ਪੁੱਛ ਲਓ ਕਿ 12ਵੀਂ ਤੋਂ ਬਾਅਦ ਬੱਚੇ ਨੂੰ ਕੀ ਕਰਾਉਣਾ ਹੈ ਤਾਂ ਉਹ ਇਹੀ ਕਹਿੰਦੇ ਕਿ ਬਾਹਰ ਹੀ ਭੇਜਣਾ। ਇੱਥੇ ਉਹਨਾਂ ਦੀ ਇੰਨੀ ਆਮਦਨ ਨਹੀਂ ਹੁੰਦੀ, ਜਿੰਨੇ ਲਾ ਕੇ ਉਹ ਬੱਚੇ ਨੂੰ ਬਾਹਰ ਭੇਜਦੇ ਨੇ। ਫਿਰ ਬੱਚੇ ਮਜਬੂਰੀ ਲਈ ਵਿਦੇਸ਼ਾਂ ‘ਚ ਮਜ਼ਦੂਰੀ ਕਰਨ ਲੱਗ ਜਾਂਦੇ ਨੇ। ਮਜਬੂਰੀ ਵਿਚ ਮਜ਼ਦੂਰੀ ਕਰਦੇ ਨੇ ਤੇ ਮਜਦੂਰੀ ਵਿਚ ਨਸ਼ੇ ਕਰਦੇ ਨੇ ਅਤੇ ਖਤਮ ਹੋ ਜਾਂਦੇ ਨੇ।

Nimrat Kaur (Managing Editor Spokesman TV) Nimrat Kaur (Managing Editor Spokesman TV)

ਸਵਾਲ ਜੋ ਬੱਚੇ ਮਜਬੂਰੀ ਚ ਮਜ਼ਦੂਰੀ ਕਰਦੇ ਨੇ, ਉਹ ਵੀ ਬੜੀ ਸਸਤੀ ਮਜ਼ਦੂਰੀ ਕਰਦੇ ਨੇ। ਇਸ ਦੇ ਲਈ ਕਾਨੂੰਨ ਵੀ ਬਣ ਸਕਦਾ ਹੈ ਕਿ ਬੱਚੇ ਉੱਥੋਂ ਦਾ ਕੰਮ ਖਿੱਚ ਰਹੇ ਨੇ ਉਹ ਵੀ ਗਲਤ ਤਰੀਕੇ ਨਾਲ।
ਜਵਾਬ
ਜਿਹੜੇ ਪੰਜਾਬੀ ਵੀਰ ਵਿਦੇਸ਼ਾਂ ਵਿਚ ਰਹਿੰਦੇ ਹਨ, ਉਹਨਾਂ ਲਈ ਡੋਮੈਸਟਿਕ ਹੈਲਪ ਬਹੁਤ ਵੱਡਾ ਮੁੱਦਾ ਹੈ। ਵਿਦੇਸ਼ਾਂ ਵਿਚ 250 ਡਾਲਰ ਵਿਚ ਲੋਕਾਂ ਦੇ ਘਰ ਸਾਫ਼ ਕੀਤੇ ਜਾਂਦੇ ਹਨ ਪਰ ਪੰਜਾਬੀ 80 ਡਾਲਰ ਵਿਚ ਹੀ ਘਰਾਂ ਦੀ ਸਫਾਈ ਕਰਦੇ ਹਨ। ਚੰਗੇ-ਚੰਗੇ ਡਾਕਟਰਾਂ ਅਤੇ ਪਰਵਾਰਾਂ ਦੇ ਬੱਚੇ ਉੱਥੇ ਜਾ ਕੇ ਲੋਕਾਂ ਦੇ ਘਰ ਸਾਫ਼ ਕਰਦੇ ਹਨ।

ਸਵਾਲ ਵਿਨੈ ਹੈਰੀ ਜੀ ਸਾਡੇ ਕੋਲ ਇਕ ਮੰਤਰੀ ਹੈ ਸਮ੍ਰਿਤੀ ਇਰਾਨੀ, ਇਕ ਸਮਾਂ ਸੀ ਜਦ ਉਹਨਾਂ ਨੇ ਮੈਕਡੋਨਾਲਡ ਵਿਚ ਪੋਚੇ ਮਾਰੇ ਸਨ। ਜੇਕਰ ਸਾਡੇ ਬੱਚੇ ਇਹ ਕੰਮ ਕਰਦੇ ਨੇ ਤਾਂ ਇਸ ਵਿਚ ਕੀ ਹਾਨੀ ਹੈ।
ਜਵਾਬ
ਹਾਨੀ ਇਹ ਹੈ ਕਿ ਮਾਪਿਆਂ ਨੇ ਬੱਚਾ ਇੱਥੋਂ ਭੇਜਿਆ ਹੈ ਪੜ੍ਹਨ ਲਈ, ਉਹ ਪੜ੍ਹਨ ਲਈ ਗਿਆ ਹੈ ਅਤੇ ਪੜ੍ਹਨ ਲਈ ਹੀ ਉਸ ਨੇ ਪੈਸੇ ਲਾਏ ਹਨ। ਰੋਟੀ ਖਾਣ ਲਈ ਉਸ ਕੋਲ ਪੈਸੇ ਨਹੀਂ ਅਤੇ ਇਸੇ ਚੱਕਰ ‘ਚ ਉਹ ਪੋਚੇ ਮਾਰਨ ਲੱਗ ਜਾਂਦਾ ਹੈ। ਕੰਮ ਕਰਨ ਦੇ ਚੱਕਰ ‘ਚ ਉਹ ਪੜ੍ਹਨ ਲਈ ਜਾ ਨਹੀਂ ਰਿਹਾ ਤੇ ਉਸ ਦਾ ਪ੍ਰਾਇਮਰੀ ਟੀਚਾ ਖਤਮ ਹੋ ਗਿਆ। ਜਿਸ ਪੜ੍ਹਾਈ ਲਈ ਫੀਸ ਧਾਰੀ ਹੈ ਉਸ ਵਿਚੋਂ ਉਹ ਫੇਲ ਹੋ ਜਾਵੇਗਾ ਅਤੇ ਫਿਰ ਡਿਪਰੈਸ਼ਨ ਦਾ ਸ਼ਿਕਾਰ ਅਤੇ ਡਿਪਰੈਸ਼ਨ ਤੋਂ ਬਾਅਦ ਬੱਚਾ ਗਲਤ ਕੰਮ ਕਰੇਗਾ। ਮਾਪਿਆਂ  ਨੂੰ ਚਾਹੀਦਾ ਹੈ ਕਿ ਉਹ ਜਦੋਂ ਵੀ ਬੱਚੇ ਨੂੰ ਬਾਹਰ ਭੇਜਣ ਤਾਂ ਪੈਸਿਆਂ ਦਾ ਪ੍ਰਬੰਧ ਕਰ ਕੇ ਭੇਜੇ। ਕੈਨੇਡਾ ਬੱਚੇ ਦੇ ਵਿਚ ਰਹਿਣ ਲਈ ਉਹਨਾਂ ਨੂੰ ਸਾਲ ਦਾ 5 ਲੱਖ ਰੁਪਇਆ ਭੇਜਣਾ ਚਾਹੀਦਾ ਹੈ, ਪਰ ਮਾਪਿਆਂ ਕੋਲ ਪੰਜਾਬ ਵਿਚ ਇੰਨੀ ਆਮਦਨ ਨਹੀਂ ਹੁੰਦੀ। ਲੋਕ ਕਹਿੰਦੇ ਹਨ ਕਿ ਅਸੀਂ ਕੈਨੇਡਾ ਚੱਲੇ ਹਾਂ ਅਤੇ ਸਾਨੂੰ ਵਰਕ ਪਰਮਿਟ ਵੀ ਮਿਲੇਗਾ ਪਰ ਅਜਿਹਾ ਕਿਸੇ ਵੀ ਦਸਤਾਵੇਜ਼ ‘ਤੇ ਨਹੀਂ ਲਿਖਿਆ ਹੁੰਦਾ। ਬਹੁਤ ਜ਼ਿਆਦਾ ਲੋਕ ਏਮਲੈੱਸ ਬਾਹਰ ਜਾ ਰਹੇ ਹਨ।

ਸਵਾਲ ਜਿਵੇਂ ਪੰਜਾਬ ਵਿਚ ਆਇਲੇਟਸ ਸੈਂਟਰ ਖੁੱਲ੍ਹੇ ਨੇ ਉਸੇ ਤਰ੍ਹਾਂ ਪੰਜਾਬ ਦੇ ਚੱਪੇ-ਚੱਪੇ ‘ਤੇ ਇੰਮੀਗ੍ਰੇਸ਼ਨ ਵਾਲੇ ਵੀ ਬੈਠੇ ਨੇ। ਜੇਕਰ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਸੈਂਟਰ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਕੀ ਚੀਜ਼ ਚੈੱਕ ਕਰਨੀ ਪਵੇਗੀ ਕਿ ਇਹ ਬੱਚਿਆਂ ਨੂੰ ਸਹੀ ਰਾਸਤੇ ਭੇਜ ਰਹੇ ਨੇ।
ਜਵਾਬ
ਦੇਖੋ ਇਮੀਗ੍ਰੇਸ਼ਨ ਸੈਂਟਰ ਦਾ ਕੰਮ ਤੁਹਾਨੂੰ ਬਾਹਰ ਭੇਜਣਾ ਹੈ। ਜੇਕਰ ਤੁਸੀਂ ਅਪਣੇ ਬੱਚੇ ਨੂੰ ਕਾਮਯਾਬ ਬਣਾਉਣਾ ਹੈ ਤਾਂ ਉਸ ਨੂੰ ਪੜ੍ਹਨ ਲਈ ਭੇਜੋ। ਬੱਚੇ ਦੇ ਮਾਂ-ਬਾਪ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਜਿਸ ਏਜੰਟ ਰਾਹੀਂ ਬੱਚੇ ਨੂੰ ਭੇਜ ਰਹੇ ਨੇ, ਕੀ ਉਹ ਉਹਨਾਂ ਨੂੰ ਸੱਚ ਦੱਸ ਰਿਹਾ ਹੈ। ਕਿਤੇ ਉਹਨਾਂ ਨੂੰ ਬੇਫਕੂਫ ਤਾਂ ਨਹੀਂ ਬਣਾ ਰਿਹਾ ਕਿ ਉਹਨਾਂ ਦਾ ਬੱਚਾ ਕੰਮ ‘ਤੇ ਵੀ ਲੱਗ ਜਾਏਗਾ। ਇਕ 12ਵੀਂ ਪਾਸ 18 ਸਾਲ ਦਾ ਬੱਚਾ ਕੀ ਕੰਮ ਕਰੇਗਾ। ਬੱਚੇ ਦੇ ਜਵਾਨ ਹੋਣ ‘ਤੇ ਹਾਲੇ ਮਾਪਿਆਂ ਦਾ ਚਾਅ ਵੀ ਪੂਰਾ ਨਹੀਂ ਹੁੰਦਾ ਕਿ ਉਹ ਬਾਹਰ ਚਲ ਜਾਂਦੇ ਨੇ। ਬੱਚੇ ਰੋਂਦੇ ਨੇ ਉੱਥੇ ਜਾ ਕੇ ਰੋਟੀ ਲਈ ਕੰਮ ਕਰਦੇ ਨੇ।

Vinay HariVinay Hari

ਸਵਾਲ ਸਾਡਾ ਦੇਸ਼ ਗਰੀਬ ਦੇਸ਼ ਹੈ, ਇੱਥੇ ਸਰਕਾਰ ਰੁਜ਼ਗਾਰ ਨਹੀਂ ਦੇ ਪਾ ਰਹੀ, ਅੱਗੇ ਵਧਣ ਲਈ ਸਾਡੇ ਕੋਲ ਬਾਹਰ ਜਾਣ ਦਾ ਮੌਕਾ ਹੈ। ਕੀ ਇਹ ਮੌਕਾ ਸਿਰਫ਼ ਅਮੀਰਾਂ ਲਈ ਹੈ, ਗਰੀਬ ਲਈ ਕੋਈ ਮੌਕਾ ਨਹੀਂ।
ਜਵਾਬ
ਮੌਕੇ ਹੈ ਗਰੀਬ ਗਰੀਬ ਮੁਲਕ ‘ਚ ਜਾਵੇ। ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਵਿਚ ਪੈਸੇ ਘੱਟ ਐ। ਅੱਜ ਯੂਰਪ ਵਿਚ 20 ਤੋਂ ਵੱਧ ਦੇਸ਼ ਅਜਿਹੇ ਹਨ, ਜਿੱਥੇ ਸਾਲ ਦੀ ਪੜ੍ਹਾਈ ਦਾ ਖਰਚਾ ਸਿਰਫ਼ ਤਿੰਨ ਲੱਖ ਰੁਪਏ ਹੈ। ਅਸੀਂ ਕੈਨੇਡਾ ਵਿਚ ਅਜਿਹੇ ਕੋਰਸ ਕਰਨ ਜਾ ਰਹੇ ਹਾਂ, ਜਿਨ੍ਹਾਂ ਦੀ ਪੰਜਾਬ ‘ਚ ਕੀਮਤ ਸਿਰਫ਼ 20 ਹਜ਼ਾਰ ਹੈ ਅਤੇ ਇਹੀ ਕੋਰਸ ਕੈਨੇਡਾ ਵਿਚ 12 ਲੱਖ ਰੁਪਏ ‘ਚ ਹੁੰਦੇ ਨੇ। ਵਾਪਸ ਪੰਜਾਬ ਆ ਕੇ ਇਸ ਕੋਰਸ ਤੋਂ ਬਾਅਦ ਸਾਨੂੰ ਸਿਰਫ਼ 20-25 ਹਜ਼ਾਰ ਦੀ ਹੀ ਨੌਕਰੀ ਮਿਲੇਗੀ।

ਸਵਾਲ ਤੁਸੀਂ ਕਹਿ ਰਹੇ ਹੋ ਕਿ ਬੱਚਾ ਬਾਅਦ ਵਿਚ ਪੱਕਾ ਹੋ ਜਾਵੇਗਾ, ਕੀ ਇਹ ਵੀ ਪੜ੍ਹਾਈ ਦਾ ਹਿੱਸਾ ਹੈ ਕਿ ਬੱਚੇ ਨੇ 2 ਸਾਲ ਮਿਹਤਨ ਕੀਤੀ ‘ਤੇ ਬਾਅਦ ਵਿਚ ਪੱਕਾ ਹੋ ਜਾਵੇਗਾ ।
ਜਵਾਬ
ਵਿਦੇਸ਼ ਵਿਚ ਇਕ ਇਨਸਾਨ ਤੋਂ ਛੋਟੀ ਜਿਹੀ ਗਲਤੀ ਹੋ ਗਈ, ਤੁਸੀਂ ਗੱਡੀ ਚਲਾ ਰਹੇ ਹੋ ਜੇਕਰ ਤੁਹਾਡੇ ਵਿਚ ਕਿਸੇ ਨੇ ਗੱਡੀ ਮਾਰੀ ਅਤੇ ਉਹ ਪੱਕਾ ਵਸਨੀਕ ਹੈ ਤੇ ਤੁਸੀਂ ਪੱਕੇ ਵਸਨੀਕ ਨਹੀਂ ਹੋ ਤਾਂ ਤੁਹਾਨੂੰ ਮੁਲਕ ਛੱਡ ਕੇ ਵਾਪਸ ਅਪਣੇ ਮੁਲਕ ਜਾਣਾ ਪਵੇਗਾ। ਪੱਕੇ ਵਸਨੀਕ ਨੂੰ ਕਿਸੇ ਨੇ ਕੁੱਝ ਨਹੀਂ ਕਹਿਣਾ। ਅਸੀਂ ਮਾਇਗ੍ਰੇਂਟਸ ਹਾਂ, ਸੈਕਿੰਡ ਸੀਟੀਜ਼ਨ ਹਾਂ ਉੱਥੇ ਜਾ ਕੇ ਅਸੀਂ ਫਸਟ ਸੀਟੀਜ਼ਨ ਨਹੀਂ ਬਣਦੇ। ਪੱਕੇ ਹੋਣ ਦੇ ਬਾਵਜੂਦ ਵੀ ਲਾਈਨ ਵਿਚ ਗੋਰੇ ਸਾਥੋਂ ਅੱਗੇ ਹੀ ਹੁੰਦੇ ਹਨ।

ਸਵਾਲ ਇਹ ਹਰ ਕਿਸੇ ਦੀ ਅਪਣੀ ਪਸੰਦ ਹੈ ਕਿ ਜੋ ਉਸ ਨੂੰ ਸਹੂਲਤਾਂ ਮਿਲਦੀਆਂ ਹਨ, ਜਿਨ੍ਹਾਂ ਦਾ ਦਿਲ ਕਰਦਾ ਹੈ, ਉਹਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਭੇਜਿਆ ਜਾਵੇ।
ਜਵਾਬ
ਜਿਸ ਨੌਜਵਾਨ ਨੇ ਬਾਹਰ ਜਾਣਾ ਹੀ ਹੈ, ਉਹ ਕੰਮ ਸਿੱਖ ਕੇ ਜਾਵੇ। ਤੁਸੀਂ ਮੋਬਾਈਲ ਠੀਕ ਕਰਨਾ ਹੀ ਸਿੱਖ ਲਓ, ਟਾਇਲਾਂ ਲਗਾਉਣੀਆਂ, ਕੰਪਿਊਟਰ ਠੀਕ ਕਰਨਾ, ਕਾਰਪੇਂਟਰ, ਪਲੰਬਰ ਕੋਈ ਵੀ ਕੰਮ ਸਿੱਖ ਲਓ। ਘੱਟੋ ਘੱਟ ਰੋਜੀ ਜੋਘੇ ਤਾਂ ਹੋ ਜਾਵੋਗੇ ਅਤੇ ਪੋਚੇ ਮਾਰਨ ਤੋਂ ਨਿਜਾਤ ਮਿਲ ਜਾਵੇਗੀ। ਵਿਦੇਸ਼ਾਂ ਵਿਚ ਭਾਰਤੀ ਰੈਸਟੋਰੇਂਟ ਟਾਪ ‘ਤੇ ਹਨ, ਉਹਨਾਂ ਵਿਚ ਵੀ ਕੰਮ ਸਿਖਿਆ ਜਾ ਸਕਦਾ ਹੈ। ਢਾਬਿਆਂ ‘ਤੇ ਵੀ ਕੰਮ ਕੀਤਾ ਜਾ ਸਕਦਾ ਹੈ।

ਸਵਾਲ ਜੇਕਰ ਤੁਸੀਂ ਕੋਈ ਕੰਮ ਸਿੱਖ ਲਿਆ ਜਾਂ ਕੋਈ ਕੋਰਸ ਕਰ ਲਿਆ। ਕੀ ਉਸ ਤੋਂ ਬਾਅਦ ਬਾਹਰ ਜਾਣ ਲਈ ਜਾਇਦਾਦ ਹੋਣੀ ਜ਼ਰੂਰੀ ਹੈ
ਜਵਾਬ
ਜੇਕਰ ਬੱਚਾ ਬਾਹਰ ਪੜ੍ਹਨ ਲਈ ਜਾ ਰਿਹਾ ਹੈ ਤਾਂ ਰੋਟੀ ਕਮਾਉਣ ਲਈ ਵੀ ਉਸ ਨੂੰ ਕੰਮ ਸਿਖਾ ਕੇ ਭੇਜੋ। ਜੇਕਰ ਪਰਿਵਾਰ ਗਰੀਬ ਹੈ ਅਤੇ ਬੱਚਾ ਬਾਹਰ ਪੜ੍ਹਨ ਜਾ ਰਿਹਾ ਹੈ ਤਾਂ ਵੀ ਉਸ ਨੂੰ ਕੰਮ ਸਿਖਾ ਕੇ ਭੇਜੋ ਤਾਂ ਜੋ ਰੋਟੀ ਲਈ ਉਸ ਨੂੰ ਪੋਚੇ ਨਾ ਲਗਾਉਣੇ ਪੈਣ। ਭਾਰਤੀ ਲੋਕ ਵਿਦੇਸ਼ਾਂ ਵਿਚ ਵਾਲ ਨਹੀਂ ਕਟਾਉਂਦੇ ਕਿਉਂਕਿ ਉੱਥੇ ਵਾਲ ਕਟਾਉਣ ਦੇ ਕਈ ਡਾਲਰ ਲੱਗਦੇ ਨੇ। ਉਹ ਪੱਕੀਆਂ ਮਸ਼ੀਨਾਂ ਨਾਲ ਗੰਜ ਕਢਾ ਲੈਂਦੇ ਹਨ ਕਿਉਂਕਿ ਵਿਦੇਸ਼ਾਂ ਵਿਚ ਨਾਈ ਦਾ ਕੰਮ ਇਕ ਪ੍ਰਮੁੱਖ ਕਾਰੋਬਾਰ ਹੈ। ਇਕ ਨਾਈ ਸ਼ਾਮ ਨੂੰ 100-150 ਡਾਲਰ ਘਰ ਲੈ ਕੇ ਜਾਂਦਾ ਹੈ। ਸਾਰਾ ਦਿਨ ਕੰਮ ਕਰਕੇ ਵੀ 50-60 ਡਾਲਰ ਬਣਦੇ ਹਨ। ਅਜਿਹਾ ਕੋਈ ਵੀ ਕੰਮ ਜੇਕਰ ਪੰਜਾਬੀ ਸਿੱਖ ਕੇ ਜਾਣ ਤਾਂ ਉਹ ਕਾਮਯਾਬ ਹੋ ਜਾਣਗੇ। ਨਹੀਂ ਤਾਂ ਵਿਦਿਆਰਥੀ ਜੀਵਨ ਵਿਚ ਸੰਘਰਸ਼ ਹੀ ਹੈ।

ਅੱਜ ਦਾ ਸਿੱਟਾ ਅਸੀਂ ਇਹੋ ਕੱਢ ਸਕਦੇ ਹਾਂ ਕਿ ਜੇਕਰ ਬੱਚੇ ਨੇ ਬਾਹਰ ਜਾਣਾ ਹੈ ਅਤੇ ਪਰਿਵਾਰ ਕੋਲ ਪੈਸੇ ਨਹੀਂ ਹਨ ਤਾਂ ਅਜਿਹਾ ਹੁਨਰ ਪੈਦਾ ਕਰ ਕੇ ਜਾਣ। 90 ਫੀਸਦੀ ਜੋ ਵੀ ਬੱਚਾ ਕੈਨੇਡਾ ਜਾ ਰਿਹਾ ਹੈ ਉਸ ਨੂੰ ਇਹ ਹਦਾਇਤ ਹੈ ਕਿ 2 ਮਹੀਨੇ ਲਾ ਕੇ ਕੋਈ ਵੀ ਕੰਮ ਸਿੱਖ ਲਵੇ। ਜਿਸ ਨਾਲ ਤੁਸੀਂ ਰੋਟੀ ਜੋਘੇ ਹੋ ਜਾਓਗੇ, ਤੁਹਾਨੂੰ ਖੱਜਲ ਨਾ ਹੋਣਾ ਪਵੇ। ਇਸ ਦੇ ਨਾਲ ਹੀ ਬੱਚਿਆਂ ਨੂੰ ਵੀ ਅਪਣੀ ਸੋਚ ਬਦਲਣੀ ਪਵੇਗੀ ਇਸ ਦੇ ਨਾਲ ਹੀ ਸਹੀ ਏਜੰਟ ਦੀ ਪਛਾਣ ਕਰਨਾ ਵੀ ਬਹੁਤ ਜ਼ਰੂਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement